ਕਮਾਦੀ ਕੁੱਕੜ
Greater Coucal Or Crow Pheasant (Centropus Sinensis)ਕਮਾਦੀ ਕੁੱਕੜ ਇੱਕ ਡਰਪੋਕ ਅਤੇ ਸ਼ਰਮਾਕਲ ਪੰਛੀ ਹੈ। ਇਸ ਪੰਛੀ ਨੂੰ ‘ਕਮਾਦੀ ਕੁੱਕੜ’ਇਸ ਦੀ ਤੁਰਦੇ-ਤੁਰਦੇ ਛੇਤੀ ਨਾਲ ਸੰਘਣੀਆਂ ਝਾੜੀਆਂ ਜਾਂ ਕਮਾਦ ਦੇ ਖੇਤਾਂ ਵਿੱਚ ਆਪਣੇ ਸ਼ਿਕਾਰ ਦੇ ਪਿੱਛੇ-ਪਿੱਛੇ ਵੜ ਜਾਣ ਦੀ ਆਦਤ ਕਰ ਕੇ ਕਹਿੰਦੇ ਹਨ। ਇਸ ਦੇ ਨਾਲ ਇਸ ਦੀ ਉੱਚੀ-ਉੱਚੀ ਹੱਸਣ ਵਰਗੀ ਆਵਾਜ਼ ਕੱਢਣ ਕਰ ਕੇ ਇਸ ਨੂੰ ‘ਕੂਕਾ’ ਅਤੇ ‘ਮਾਹੋਕਾ’ ਵਰਗੇ ਨਾਵਾਂ ਨਾਲ ਵੀ ਸੱਦਿਆ ਜਾਂਦਾ ਹੈ। ਇਸ ਪੰਛੀ ਦਾ ਤਕਨੀਕੀ ਨਾਂ ‘ਸੈਂਟਰੋਪੱਸ ਸਾਈਨੈਨਸਿਸ’ ਹੈ। ਅੰਗਰੇਜ਼ੀ ਵਿੱਚ ਇਸ ਦੀ ਭਾਰੀ ਭਰਕਮ ਆਵਾਜ਼ ਕਰਕੇ ਇਸ ਨੂੰ ‘ਗ੍ਰੇਟ ਕਾਉਕਲ’ ਅਤੇ ਇਸ ਦੀ ਲੰਮੀ ਪੂਛ ਅਤੇ ਕਾਲੇ ਰੰਗ ਕਰ ਕੇ ਇਸ ਨੂੰ ‘ਕ੍ਰੋ-ਫੀਜੈਂਟ’ ਕਹਿੰਦੇ ਹਨ। ਇਹ ਨਾ ਕਾਂ ਹੈ ਅਤੇ ਨਾ ਹੀ ‘ਤਿੱਤਰ’। ਇਹ ਤਾਂ ‘ਕੋਇਲਾਂ’ ਅਤੇ ‘ਪਪੀਹਿਆਂ’ ਦਾ ਰਿਸ਼ਤੇਦਾਰ ਹੈ ਅਤੇ ਇਨ੍ਹਾਂ ਦੇ ਸਾਂਝੇ ਪਰਿਵਾਰ ਨੂੰ ‘ਕੁੱਕੁਲੀਡੇਈ’ ਕਹਿੰਦੇ ਹਨ। ਇਹ ਭਾਵੇਂ ‘ਕੋਇਲਾਂ’ ਅਤੇ ‘ਪਪੀਹਿਆਂ’ ਦੇ ਪਰਿਵਾਰ ਵਿੱਚ ਆਉਂਦੇ ਹਨ ਪਰ ਇਹ ਉਨ੍ਹਾਂ ਵਾਂਗ ਕਾਂਵਾਂ ਜਾਂ ਦੂਜੇ ਪੰਛੀਆਂ ਦੇ ਆਲ੍ਹਣਿਆਂ ਵਿੱਚ ਆਪਣੇ ਅੰਡੇ ਦੇ ਕੇ ਆਪਣੀ ਮਾਂ-ਬਾਪ ਹੋਣ ਦੀ ਜ਼ਿੰਮੇਵਾਰੀ ਤੋਂ ਹੱਥ ਨਹੀਂ ਧੋਂਦੇ, ਸਗੋਂ ਇਹ ਆਪਣਾ ਆਲ੍ਹਣਾ ਆਪ ਬਣਾਉਂਦੇ ਹਨ ਅਤੇ ਬੱਚੇ ਪਾਲਦੇ ਹਨ।
ਇਹ ‘ਕਮਾਦੀ ਕੁੱਕੜ’ ਸਾਰੇ ਏਸ਼ਿਆਈ ਦੇਸ਼ਾਂ ਵਿੱਚ ਮਿਲ ਜਾਂਦੇ ਹਨ। ਇਨ੍ਹਾਂ ਨੂੰ ਘਾਹ ਦੇ ਮੈਦਾਨਾਂ, ਬਾਗ਼ਾਂ, ਕਮਾਦ ਅਤੇ ਕਪਾਹ ਦੇ ਖੇਤਾਂ, ਸੜਕਾਂ ਦੁਆਲੇ ਦੀਆਂ ਝਾੜੀਆਂ ਕੋਲ ਜ਼ਮੀਨ ਉੱਤੇ ਆਪਣੀ ਲੰਮੀ ਪੂਛ ਘੜੀਸਦਿਆਂ ਅਤੇ ਤੁਰਦੇ-ਫਿਰਦਿਆਂ ਦੇਖਿਆ ਜਾ ਸਕਦਾ ਹੈ। ਬਸ ਇਨ੍ਹਾਂ ਦੇ ਰਹਿਣ ਵਾਲੇ ਇਲਾਕੇ ਦੇ ਕੋਲ ਪਾਣੀ ਦਾ ਕੋਈ ਸੋਮਾ ਜ਼ਰੂਰ ਹੋਣਾ ਚਾਹੀਦਾ ਹੈ। ਇਹ ‘ਕਮਾਦੀ ਕੁੱਕੜ’ ਆਪਣੇ ਵੱਲੋਂ ਪੂਰੇ ਧਿਆਨ ਨਾਲ ਤੁਰਨ ਲਈ ਆਪਣੇ ਪੈਰ ਬਹੁਤ ਉੱਚੇ ਚੁੱਕ-ਚੁੱਕ ਕੇ ਜ਼ਮੀਨ ਉੱਤੇ ਰੱਖਦੇ ਹਨ ਪਰ ਫੇਰ ਵੀ ਹਿਚਕੋਲੇ ਖਾਂਦੇ ਹਨ। ਇਸ ਦੇ ਬਾਵਜੂਦ ਇਹ ਭੱਜ ਕਾਫ਼ੀ ਤੇਜ਼ ਲੈਂਦੇ ਹਨ ਅਤੇ ਇਨ੍ਹਾਂ ਨੂੰ ‘ਟਿੱਡਿਆਂ’ ਜਾਂ ‘ਡੱਡੂਆਂ’ ਦੇ ਮਗਰ ਭੱਜ-ਭੱਜ ਕੇ ਉਨ੍ਹਾਂ ਨੂੰ ਫੜਦਿਆਂ ਅਕਸਰ ਦੇਖਿਆ ਜਾਂਦਾ ਹੈ। ‘ਟਿੱਡੇ’ ਅਤੇ ‘ਡੱਡੂਆਂ’ ਦੇ ਨਾਲ ਇਹ ਸ਼ਿਕਾਰੀ ਪੰਛੀ ਹੋਰ ਕੀੜੇ-ਮਕੌੜੇ, ਚਿੜੀਆਂ ਦੇ ਅੰਡੇ, ਚਿੜੀਆਂ ਦੇ ਛੋਟੇ ਬੱਚੇ, ਕਿਰਲੀਆਂ ਅਤੇ ਸੱਪਾਂ ਦਾ ਸ਼ਿਕਾਰ ਵੀ ਕਰਦੇ ਹਨ। ਸ਼ਿਕਾਰ ਕੀਤੇ ਹੋਏ ਜੀਵ ਨੂੰ ਇਹ ਭੁੱਖੜਾਂ ਵਾਂਗ ਫਟਾਫਟ ਫੜਦੇ ਸਾਰ ਅੰਦਰ ਲੰਘਾਉਣ ਦੀ ਕਰਦੇ ਹਨ। ਕਈ ਵਾਰ ਇਹ ਫਲਾਂ ਦੇ ਦਰੱਖਤਾਂ ਤੋਂ ਡਿੱਗੇ ਹੋਏ ਫਲ ਵੀ ਖਾ ਲੈਂਦੇ ਹਨ।
ਇਹ ਪੰਛੀ ਦੂਰੋਂ ਦੇਖਣ ਨੂੰ ਕਿਸੇ ਮੋਟੇ ਅਤੇ ਵੱਡੇ ਸਾਰੇ ਜੰਗਲੀ ਕਾਂ ਵਰਗਾ ਲੱਗਦਾ ਹੈ, ਜਿਸ ਦੀ ਪੂਛ ਬਹੁਤ ਲੰਮੀ ਹੁੰਦੀ ਹੈ ਅਤੇ ਤੁਰਨ ਵੇਲੇ ਪੰਛੀ ਦੇ ਪਿੱਛੇ-ਪਿੱਛੇ ਜ਼ਮੀਨ ਉੱਤੇ ਘਿਸੜਦੀ ਜਾਂਦੀ ਹੈ। ਇਨ੍ਹਾਂ ਦਾ ਕੱਦ ਕੋਈ 48 ਸੈਂਟੀਮੀਟਰ ਹੁੰਦਾ ਹੈ। ਸਰੀਰ ਦਾ ਰੰਗ ਚਮਕਦਾਰ ਜਾਮਣੀ ਭਾਹ ਵਾਲਾ ਕਾਲਾ ਹੁੰਦਾ ਹੈ ਪਰ ਖੰਭ ਚਮਕਦਾਰ ਅਖਰੋਟੀ-ਸੰਤਰੀ ਅਤੇ ਲੰਮੀ ਸਾਰੀ ਕਾਲੇ ਰੰਗ ਦੀ ਪੂਛ ਹੁੰਦੀ ਹੈ। ਇਨ੍ਹਾਂ ਦੀ ਮੋਟੀ ਸਾਰੀ ਚੁੰਝ ਅਤੇ ਪੈਰ ਵੀ ਕਾਲੇ ਹੁੰਦੇ ਹਨ। ਇਨ੍ਹਾਂ ਦੀਆਂ ਅੱਖਾਂ ਟਮਾਟਰ ਵਰਗੀਆਂ ਲਾਲ ਹੁੰਦੀਆਂ ਹਨ। ਸਰੀਰ ਦੇ ਹਿਸਾਬ ਨਾਲ ਇਨ੍ਹਾਂ ਦੇ ਖੰਭ ਛੋਟੇ ਹੁੰਦੇ ਹਨ। ਇਸ ਲਈ ਇਹ ਚੰਗੀ ਤਰ੍ਹਾਂ ਉੱਡ ਨਹੀਂ ਸਕਦੇ ਅਤੇ ਛੋਟੀਆਂ-ਛੋਟੀਆਂ ਉਡਾਰੀਆਂ ਹੀ ਮਾਰਦੇ ਹਨ। ਇਹ ਤੁਰ-ਫਿਰ ਕੇ ਜਾਂ ਦੌੜ ਕੇ ਆਪਣਾ ਗੁਜ਼ਾਰਾ ਕਰਦੇ ਹਨ। ਇਹ ਸੰਘਣੀਆਂ ਝਾੜੀਆਂ ਦੇ ਅੰਦਰ ਤਕ ਧੁੱਸ ਦਿੰਦੇ ਵੜ ਜਾਂਦੇ ਹਨ ਅਤੇ ਆਪਣੇ ਪੰਜਿਆਂ ਨੂੰ ਵਰਤ ਕੇ ਦਰੱਖਤਾਂ ਉੱਤੇ ਕਾਫ਼ੀ ਤੇਜ਼ੀ ਨਾਲ ਚੜ੍ਹ ਜਾਂਦੇ ਹਨ। ਨਰ ਅਤੇ ਮਾਦਾ ਵਿੱਚ ਦੇਖਣ ਨੂੰ ਕੋਈ ਫ਼ਰਕ ਨਹੀਂ ਦਿਸਦਾ।
ਇਸ ‘ਕਮਾਦੀ ਕੁੱਕੜ’ ਨੂੰ ਸਵੇਰ ਵੇਲੇ ਆਪਣੇ ਖੰਭ ਖੋਲ੍ਹ ਕੇ ਧੁੱਪ ਸੇਕਣ ਦੀ ਵੀ ਆਦਤ ਹੈ। ਇਹ ਬਹੁਤ ਗੂੰਜਵੀਆਂ ‘ਕੋਪ-ਕੋਪ-ਕੋਪ’, ‘ਹੋਪ-ਹੋਪ-ਹੋਪ’, ‘ਟੋਕ-ਟੋਕ-ਟੋਕ’ ਜਾਂ ‘ਲੋਟੋਕ-ਲੋਟੋਕ-ਲੋਟੋਕ’ ਵਰਗੀਆਂ ਕਈ ਕਿਸਮ ਦੀਆਂ ਖਰ੍ਹਵੀਆਂ ਆਵਾਜ਼ਾਂ ਕੱਢ ਲੈਂਦੇ ਹਨ। ਕਈ ਵਾਰ ਜਦੋਂ ਇੱਕ ਪੰਛੀ ਆਵਾਜ਼ ਕੱਢਦਾ ਹੈ ਤਾਂ ਦੂਜਾ ਵੀ ਉਸ ਦੇ ਮਗਰ ਜਵਾਬੀ ਆਵਾਜ਼ ਕੱਢਦਾ ਹੈ। ਇਨ੍ਹਾਂ ਨੂੰ ਦੁਪਹਿਰ ਵੇਲੇ ਤੁਰਦੇ-ਫਿਰਦੇ ਇਹ ਆਵਾਜ਼ਾਂ ਕੱਢਣ ਦੀ ਆਦਤ ਹੁੰਦੀ ਹੈ, ਜਿੰਨਾਂ ਨੂੰ ਅਚਾਨਕ ਸੁਣ ਕੇ ਇਕੱਲਾ ਬੰਦਾ ਤਾਂ ਡਰ ਹੀ ਜਾਂਦਾ ਹੈ।
ਇਹ ਸ਼ਰਮਾਕਲ ‘ਕਮਾਦੀ ਕੁੱਕੜ’ ਆਮ ਤੌਰ ਉੱਤੇ ਇਕੱਲੇ-ਇਕੱਲੇ ਜਾਂ ਜੋੜੀਆਂ ਵਿੱਚ ਹੀ ਆਪਣਾ ਸ਼ਿਕਾਰ ਲੱਭਦੇ ਹਨ ਅਤੇ ਇਨਸਾਨਾਂ ਨੂੰ ਦੇਖ ਕੇ ਖਿਸਕਣ ਦੀ ਕਰਦੇ ਹਨ। ਬਹਾਰ ਦੇ ਮੌਸਮ (ਬਰਸਾਤਾਂ ਵਿੱਚ) ਨਰ, ਮਾਦਾ ਨੂੰ ਲੁਭਾਉਣ ਲਈ ਉਸ ਨੂੰ ਆਪਣਾ ਕੀਤਾ ਹੋਇਆ ਸ਼ਿਕਾਰ ਸੌਗਾਤ ਦੇ ਰੂਪ ਵਿੱਚ ਦਿੰਦਾ ਹੈ ਅਤੇ ਉਸ ਦੇ ਅੱਗੇ ਟਹਿਲ-ਟਹਿਲ ਕੇ ਨਾਚ ਜਿਹਾ ਵੀ ਨੱਚਦਾ ਹੈ। ਨਰ ਇਕੱਲਾ ਕਿਸੇ ਸੰਘਣੀ ਝਾੜੀ ਜਾਂ ਸੰਘਣੇ ਪੱਤਿਆਂ ਵਾਲੇ ਦਰਮਿਆਨੇ ਕੱਦ ਦੇ ਦਰੱਖਤ ਵਿੱਚ ਕੋਈ ਇੱਕ ਫੁੱਟ ਗੋਲਾਈ ਦਾ ਸੋਟੀਆਂ, ਪੱਤਿਆਂ ਅਤੇ ਘਾਹ ਨਾਲ ਗੇਂਦ ਵਰਗਾ ਆਲ੍ਹਣਾ ਬਣਾਉਂਦਾ ਹੈ। ਇਨ੍ਹਾਂ ਦੇ ਆਲ੍ਹਣਿਆਂ ਵਿੱਚ ਅੰਦਰ ਵੜਨ ਦਾ ਰਸਤਾ ਇੱਕ ਪਾਸੇ ਉੱਤੇ ਹੁੰਦਾ ਹੈ। ਮਾਦਾ ਆਲ੍ਹਣੇ ਵਿੱਚ 3 ਤੋਂ 5 ਅੰਡੇ ਦਿੰਦੀ ਹੈ। ਤਾਜ਼ੇ ਅੰਡੇ ਪੀਲੀ ਭਾਹ ਮਾਰਦੇ ਹਨ ਪਰ ਛੇਤੀ ਹੀ ਹਵਾ ਲੱਗਣ ਨਾਲ ਉਹ ਚਾਕ ਵਰਗੇ ਚਿੱਟੇ ਰੰਗ ਦੇ ਹੋ ਜਾਂਦੇ ਹਨ। ਅੰਡਿਆਂ ਵਿੱਚੋਂ 15 ਤੋਂ 16 ਦਿਨਾਂ ਵਿੱਚ ਬੱਚੇ ਨਿਕਲ ਆਉਂਦੇ ਹਨ। ਬੱਚੇ 18 ਤੋਂ 22 ਦਿਨਾਂ ਬਾਅਦ ਆਪਣਾ ਆਲ੍ਹਣਾ ਛੱਡ ਦਿੰਦੇ ਹਨ। ਛੋਟੇ ਬੱਚਿਆਂ ਦੇ ਸਰੀਰ ਉੱਤੇ ਛੋਟੇ-ਛੋਟੇ ਅਤੇ ਵਿਰਲੇ ਕਾਲੇ ਰੰਗ ਦੇ ਖੰਭ ਹੁੰਦੇ ਹਨ।
ਇਸ ਪੰਛੀ ਦੀ ਉੱਚੀ, ਗੂੰਜਵੀਂ, ਡਰਾਉਣੀ ਅਤੇ ਦੂਰ ਤੱਕ ਸੁਣਨ ਵਾਲੀ ਆਵਾਜ਼ ਕਰ ਕੇ ਇਸ ਨੂੰ ਬਦਸ਼ਗਨੀ, ਭੂਤਾਂ ਅਤੇ ਵਹਿਮਾਂ ਨਾਲ ਜੋੜਿਆ ਜਾਂਦਾ ਹੈ ਪਰ ਦੂਜੇ ਪਾਸੇ ਕਈ ਲੋਕ ਇਸ ਦੇ ਮਾਸ ਨੂੰ ਤਪਦਿਕ ਅਤੇ ਸਾਹ ਦੀਆਂ ਬੀਮਾਰੀਆਂ ਦਾ ਇਲਾਜ ਵੀ ਮੰਨਦੇ ਹਨ। ਉਂਜ ਕਹਿੰਦੇ ਹਨ ਕਿ ਇਸ ਦਾ ਮਾਸ ਕਾਫ਼ੀ ਬੇਸੁਆਦਾ ਹੁੰਦਾ ਹੈ। ਅਸਲ ਵਿੱਚ ਇਹ ਪੰਛੀ ਕੀੜੇ-ਮਕੌੜੇ ਖਾਣ ਕਰਕੇ ਕਿਸਾਨਾਂ ਦਾ ਮਿੱਤਰ ਜ਼ਰੂਰ ਹੈ। ਇਨ੍ਹਾਂ ਚਮਕਦਾਰ ਪੰਛੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਪੰਜਾਬ ਵਿੱਚੋਂ ਘਟ ਰਹੀ ਹੈ।