Sunday, 17 May 2015

ਬਿੱਜੜਾ


ਬਿੱਜੜਾ 

The baya weaver (Ploceus philippinus) male


ਬਿੱਜੜਾ ਇਕ ਕਮਾਲ ਦਾ ਕਾਰੀਗਰ ਪੰਛੀ ਹੈ। ਕੋਈ ਵੇਲਾ ਸੀ ਪਿੰਡਾਂ ਦੇ ਬਾਹਰਵਾਰ ਕਿੱਕਰਾਂ ਆਦਿ ਤੇ ਬੇਸ਼ੁਮਾਰ ਬਿੱਜੜੇ ਦੇਖੇ ਜਾ ਸਕਦੇ ਸਨ। ਦੁਨੀਆਂ ਭਰ ਵਿਚ ਬਿੱਜੜਾ ਪੰਛੀ ਦੀਆਂ ਸੈਂਕੜੇ ਪ੍ਰਜਾਤੀਆਂ ਹਨ। ਬਿੱਜੜੇ ਆਪਣੇ ਗੁਲਾਈਦਾਰ ਬੋਤਲ ਜਿਹੇ ਆਲ੍ਹਣਿਆਂ ਕਰਕੇ ਇਹਨਾਂ ਦੀ ਪੰਛੀ ਜਗਤ 'ਚ ਆਪਣੀ ਅੱਡਰੀ ਹੀ ਪਹਿਚਾਣ ਹੈ ....
ਦਰੱਖ਼ਤਾਂ ‘ਤੇ ਅਜਿਹੇ ਆਲ੍ਹਣਿਆਂ ਦੇ ਝੁੰਡਾਂ ਦੇ ਝੁੰਡ ਦਿਖਾਈ ਦਿੰਦੇ ਹਨ। ਕੁਝ ਬਿੱਜੜੇ ਤਾਂ ਲੱਖਾਂ ਦੀ ਗਿਣਤੀ ਵਿਚ ਮੀਲਾਂ ਤੱਕ ਬਸਤੀਆਂ ਬਣਾ ਕੇ ਰਹਿੰਦੇ ਹਨ। ਇਸ ਸੂਰਤ ਵਿਚ ਇਹ ਖੇਤੀ ਦਾ ਖੂਬ ਨਾਸ ਕਰਦੇ ਹਨ।
ਬਿੱਜੜੇ ਵਧੇਰੇ ਤੌਰ ‘ਤੇ ਕੀੜੇ-ਮਕੌੜੇ ਤੇ ਬੀਜ ਖਾਂਦੇ ਹਨ। ਇਹ ਆਮ ਤੌਰ ‘ਤੇ ਗਰਮ ਖੁਸ਼ਕ ਦੇਸ਼ਾਂ ਵਿਚ ਮਿਲਦੇ ਹਨ। ਇਹ ਕੰਡਿਆਲੇ ਦਰੱਖਤਾਂ ਅਤੇ ਪਾਣੀ ਦੇ ਕਿਨਾਰਿਆਂ ‘ਤੇ ਉਗੇ ਤਾੜ ਜਿਹੇ ਦਰਖਤਾਂ ‘ਤੇ ਆਪਣੇ ਆਲ੍ਹਣੇ ਬਣਾਉਣੇ ਪਸੰਦ ਕਰਦੇ ਹਨ। ਕੰਡਿਆਲੇ ਅਤੇ ਪਾਣੀ ਵਿਚ ਉਗੇ ਦਰਖਤਾਂ ‘ਤੇ ਬਣਾਏ ਆਲ੍ਹਣਿਆਂ ਤੱਕ ਸ਼ਿਕਾਰੀ ਪੰਛੀ, ਸੱਪ, ਕਿਰਲੀ ਆਦਿ ਛੇਤੀ ਕੀਤੇ ਪਹੁੰਚ ਨਹੀਂ ਸਕਦੇ ਇਸ ਲਈ ਇਨ੍ਹਾਂ ਦੇ ਆਂਡੇ ਅਤੇ ਚੂਚੇ ਮਹਿਫੂਜ਼ ਰਹਿੰਦੇ ਹਨ। 
ਆਲ੍ਹਣਾ ਬਣਾਉਣ ਦਾ ਕੰਮ ਨਰ ਬਿੱਜੜਾ ਹੀ ਕਰਦਾ ਹੈ। ਇਹ ਲੰਬੂਤਰਾ ਬੀਨ ਵਰਗਾ ਆਲ੍ਹਣਾ ਦਰਖਤ ਆਦਿ ਦੀ ਟਾਹਣੀ ਨਾਲ ਉਲਟਾ ਟੰਗਿਆ ਹੁੰਦਾ ਹੈ। ਹੇਠਲੇ ਪਾਸੇ ਪ੍ਰਵੇਸ਼-ਦੁਆਰ ਹੁੰਦਾ ਹੈ ਜੋ ਬਹੁਤ ਹੀ ਭੀੜਾ ਰੱਖਿਆ ਹੁੰਦਾ ਹੈ। ਅੰਦਰ ਘੁੰਮਣਘੇਰੀਆਂ ਹੁੰਦੀਆਂ ਹਨ। ਇਸ ਤਰ੍ਹਾਂ ਕਿਸੇ ਸ਼ਿਕਾਰੀ ਦਾ ਧੁਰ ਅੰਦਰ ਪਹੁੰਚਣਾ ਬਹੁਤ ਕਠਨ ਹੁੰਦਾ ਹੈ। ਕੋਈ ਹੌਸਲਾ ਕਰ ਹੀ ਲਵੇ ਤਾਂ ਅੰਦਰ ਵੜਦੇ ਵੜਦੇ ਹੀ ਦਮ ਘੁੱਟ ਕੇ ਮਰ ਜਾਂਦਾ ਹੈ। ਹਾਂ, ਕੁਝ ਕਿਸਮ ਦੇ ਬਿੱਜੜਿਆਂ ਦੇ ਆਲ੍ਹਣਿਆਂ ਦੇ ਪ੍ਰਵੇਸ਼ ਦੋ-ਦੋ ਫੁੱਟ ਵੀ ਹੁੰਦੇ ਹਨ ਤੇ ਕੁਝ ਦੋ ਪਾਸਿਆਂ ਤੋਂ ਵੀ ਖੁਲ੍ਹਦੇ ਹਨ।
ਨਰ ਬਿੱਜੜਾ ਆਪਣੇ ਆਲ੍ਹਣੇ ਨੂੰ ਮੁਕੰਮਲ ਕਰ ਲੈਣ ਪਿਛੋਂ ਆਪਣੇ ਖੰਭ ਫੜਫੜਾ ਕੇ ਮਦੀਨ ਬਿੱਜੜੇ ਦਾ ਧਿਆਨ ਖਿੱਚਦਾ ਹੈ। ਮਦੀਨ ਬਿੱਜੜਾ ਅੰਦਰ ਜਾ ਕੇ ਆਲ੍ਹਣੇ ਦੀ ਘੋਖ ਕਰਦੀ ਹੈ, ਖਾਸ ਤੌਰ ‘ਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ। ਜੇ ਪਸੰਦ ਆਵੇ ਤਾਂ ਠੀਕ, ਨਹੀਂ ਤਾਂ ਸਿਰ ਫੇਰ ਦਿੰਦੀ ਹੈ।