Sunday, 22 October 2017

ਸਰਦਾਰ ਜਗਮੀਤ ਸਿੰਘ ਕਨੇਡਾ



ਸ੍ਰ. ਜਗਮੀਤ ਸਿੰਘ ਬਾਰੇ ਟਾਈਮਜ਼ ਆਫ ਇੰਡੀਆ (Times Of India ) ਵਿੱਚ ਛਪੀ ਇੱਕ ਖ਼ਬਰ ਦੇ ਕੁਝ ਰੀਵਿਊ ਪੜ੍ਹਦਿਆਂ ਨਜ਼ਰ ਇੱਕ ਦਿਲਚਸਪ ਟਿੱਪਣੀ 'ਤੇ ਆ ਕੇ ਰੁਕ ਗਈ।
ਟਿੱਪਣੀ ਕੁਝ ਇੱਦਾਂ ਸੀ ਕਿ "ਇਸ ਖਾਲਿਸਤਾਨੀ ਅੱਤਵਾਦੀ ਨੂੰ ਬਣ ਲੈਣ ਦਿਓ ਕਨੇਡਾ ਦਾ ਪ੍ਰਧਾਨ ਮੰਤਰੀ..
ਇਸਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹੀ ਵਾਪਿਸ ਮੋੜਾਂਗੇ।"
ਪਰ ਇਸ ਗੁਰੂ ਦੇ ਸਿੰਘ ਅੰਦਰ ਹਰੇਕ ਧੱਕੇਸ਼ਾਹੀ ਖਿਲਾਫ਼ ਕੁਝ ਕਰ ਗੁਜ਼ਰਨ ਦੀ ਭਾਵਨਾ ਵਾਲਾ ਦਸਮ ਪਿਤਾ ਦਾ ਸਿਧਾਂਤ ਹੋਰ ਪਰਪੱਕ ਹੁੰਦਾ ਗਿਆ।
ਪਰ ਗੁਰੂ ਦਾ ਇਹ ਸਿਦਕੀ ਸਿੰਘ ਟੀਨ ਏਜ ਵਿਚ ਹੁੰਦਿਆਂ ਹੋਇਆਂ ਵੀ ਨੌਕਰੀ ਕਰਨ ਵਾਸਤੇ ਮੈਦਾਨ ਵਿਚ ਆ ਡਟਿਆ।
ਛੋਟੇ ਵੀਰ ਅਤੇ ਸਾਰੇ ਟੱਬਰ ਦੀਆਂ ਰੋਟੀਆਂ ਤੱਕ ਪਕਾਈਆਂ ਅਤੇ ਸਾਰੇ ਘਰ ਦੀ ਜੁੰਮੇਵਾਰੀ ਖੁਦ ਦੇ ਮੋਢਿਆਂ ਤੇ ਚੁੱਕੀ।
ਪਰ ਹਮੇਸ਼ਾਂ ਹੀ ਹਰ ਔਖੀ ਘੜੀ ਵਿਚ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਗੁਰੂ ਦੇ ਸਿਧਾਂਤ ਦਾ ਪੱਲਾ ਫੜੀ ਰਖਿਆ।
ਸਮਝ ਤੋਂ ਪਰੇ ਹੈ ਕਿ ਕਿਸੇ ਵੇਲੇ ਕਸ਼ਮੀਰੀ ਪੰਡਤਾਂ ਦੀ ਰਾਖੀ ਵਾਸਤੇ ਪਿਤਾ ਨੂੰ ਹਸਦਿਆਂ ਹਸਦਿਆਂ ਸ਼ਹੀਦ ਕਰਵਾਉਣ ਵਾਲੇ ਦਸਮ ਪਿਤਾ ਦੁਆਰਾ ਬਖਸ਼ੇ ਹੋਏ ਇਸ ਸਰੂਪ ਵਿਚ ਵਿਚਰਦਾ ਹਰ ਇਨਸਾਨ ਇਸ ਢਾਂਚੇ ਵੱਲੋਂ ਅੱਤਵਾਦੀ ਅਤੇ ਦਹਿਸ਼ਤਗਰਦ ਕਿਓਂ ਗਰਦਾਨ ਦਿੱਤਾ ਜਾਂਦਾ ਹੈ ?

ਦੂਜੀ ਟਿੱਪਣੀ ਸੀ, "ਕੀ ਹੋ ਗਿਆ ਗੋਰਿਆਂ ਨੂੰ ? ਉਹਨਾਂ ਨੂੰ ਕੋਈ ਹੋਰ ਨਹੀਂ ਲੱਭਿਆ ਇਸ ਮਹੱਤਵਪੂਰਨ ਅਹੁਦੇ ਤੇ ਪੁਜੀਸ਼ਨ ਲਈ ?"
ਕੁਝ ਚਿਰ ਸੋਚ ਵਿਚਾਰ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਕਿਉਂ ਨਾ ਇਸ ਖਤਰਨਾਕ 'ਅੱਤਵਾਦੀ' ਦੀਆਂ ਦਹਿਸ਼ਤਪਸੰਦ ਕਾਰਵਾਈਆਂ 'ਤੇ ਥੋੜੀ ਬਹੁਤ ਖੋਜ ਕੀਤੀ ਜਾਵੇ।
ਸੰਤਾਲੀ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਖਿਲਾਫ਼ ਲੜਨ ਵਾਲੇ ਮਹਾਨ ਆਜ਼ਾਦੀ ਘੁਲਾਟੀਏ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੇ ਵਿਹੜੇ ਵਿੱਚ 1979 ਨੂੰ ਜੰਮਿਆ ਪੜਪੋਤਰਾ ਜਗਮੀਤ ਸਿੰਘ ਦੱਸਦਾ ਹੈ ਕਿ ਨਿੱਕੇ ਹੁੰਦਿਆਂ ਕਨੇਡਾ ਦੇ ਸਕੂਲ ਵਿਚ ਵੱਖਰੀ ਦਿੱਖ, ਪਹਿਰਾਵੇ ਅਤੇ ਰੰਗ ਰੂਪ ਕਾਰਨ ਹੁੰਦੀਆਂ ਨਸਲੀ ਟਿੱਪਣੀਆਂ ਪਿੱਛੋਂ ਹੁੰਦੀ ਬਹਿਸ ਅਕਸਰ ਹੀ ਹੱਥੋ-ਪਾਈ ਤੱਕ ਜਾ ਅੱਪੜਦੀ।
ਫੇਰ ਅਕਸਰ ਹੀ ਵੱਡੇ ਗਰੁੱਪਾਂ ਵੱਲੋਂ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਤੇ ਜ਼ਲੀਲ ਕੀਤਾ ਜਾਂਦਾ ਸੀ।
ਫਿਰ ਸਵੈ-ਰਖਿਆ ਲਈ ਮਾਰਸ਼ਲ ਆਰਟ ਦੀ ਸਖ਼ਤ ਟਰੇਨਿੰਗ ਲਈ ਤੇ ਪ੍ਰੋਫੈਸ਼ਨਲ ਕੁਸ਼ਤੀ ਸਿੱਖ ਕੇ ਉਨਟਾਰੀਓ ਸੂਬੇ ਦੀ ਇੱਕ ਬਹੁਤ ਹੀ ਮਹੱਤਵਪੂਰਨ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ।
ਦੱਸਦੇ ਹਨ ਕਿ ਇੱਕ ਵਾਰ ਬਾਪ ਬਹੁਤ ਬਿਮਾਰ ਪੈ ਗਿਆ ਅਤੇ ਕੰਮ ਕਰਨ ਤੋਂ ਅਸਮਰਥ ਹੋ ਕੇ ਘਰੇ ਬੈਠ ਗਿਆ। ਘਰ ਦੀਆਂ ਬਿੱਲ ਤੇ ਹੋਰ ਖਰਚੇ ਤੱਕ ਨਾ ਦੇ ਸਕਣ ਤੱਕ ਦੀ ਨੌਬਤ ਆ ਪਹੁੰਚੀ ਅਤੇ ਘਰ ਵਿਚ ਖਾਣ ਪੀਣ ਤੱਕ ਦੇ ਵੀ ਲਾਲੇ ਪੈ ਗਏ।
ਬਾਇਓਲੋਜਿਕ ਸਾਇੰਸ ਦੀ ਡਿਗਰੀ ਅਤੇ ਫੇਰ ਟਰਾਂਟੋ ਦੀ ਯਾਰਕ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਲੈ ਕੇ ਸਥਾਪਿਤ ਹੋਇਆ ਇਹ ਪੇਸ਼ੇਵਰ ਅਤੇ ਕਾਮਯਾਬ ਵਕੀਲ ਜਗਮੀਤ ਸਿੰਘ ਪੰਜਾਬੀ ਅੰਗਰੇਜ਼ੀ ਅਤੇ ਫ਼ਰੈਂਚ ਭਾਸ਼ਾ ਨੂੰ ਪਾਣੀ ਵਾਂਙ ਬੋਲਣ ਦੀ ਸਮਰੱਥਾ ਰੱਖਦਾ ਹੈ।
ਗੁਰੂ ਦੇ ਲਾਲ ਨੇ ਆਪਣੇ ਨਾਮ ਨਾਲੋਂ ਧਾਲੀਵਾਲ ਗੋਤ ਹਟਾਅ ਕੇ ਸਿਰਫ਼ ਸਿੰਘ ਇਸ ਲਈ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਕਿ ਦਸਮ ਪਾਤਸ਼ਾਹ ਦੇ ਬਰਾਬਰੀ, ਇਕਸਾਰਤਾ ਅਤੇ ਸਾਂਝੀਵਾਲਤਾ ਵਾਲੇ ਸਿਧਾਂਤ ਨੂੰ ਕੋਈ ਠੇਸ ਨਾ ਪਹੁੰਚੇ।
ਨੌਮੀਨੇਸ਼ਨ ਦੌਰਾਨ ਇੱਕ ਗੋਰੀ ਵੱਲੋਂ ਮੁਸਲਿਮ ਦਾ ਲੇਬਲ ਲਾ ਕੇ ਸ਼ਰੀਅਤ ਬਾਰੇ ਜਾਣ ਬੁਝ ਕੇ ਪੁੱਛੇ ਗਏ ਸੁਆਲ ਨੂੰ ਜਿਸ ਖੂਬੀ ਨਾਲ ਹੈਂਡਲ ਕੀਤਾ, ਉਸ ਕਲਾ ਨੇ ਇਸ ਨੂੰ ਕੈਨੇਡੀਅਨ ਸਮਾਜ ਦਾ ਨਾਇਕ ਬਣਾ ਦਿੱਤਾ।
ਸੰਨ ਚੌਰਾਸੀ ਵਿਚ ਦਿੱਲੀ ਵਿਚ ਹੋਈ ਸਮੂਹਕ ਨਸਲਕੁਸ਼ੀ ਦੇ ਦੋਸ਼ੀ ਕੇਂਦਰੀ ਮੰਤਰੀ ਕਮਲ ਨਾਥ ਦੀ ਕੈਨੇਡਾ ਫੇਰੀ ਦੌਰਾਨ ਉਸ ਦਾ ਡਟ ਕੇ ਵਿਰੋਧ ਕੀਤਾ ਅਤੇ ਕੌਮ ਨਾਲ ਵਾਪਰੀ ਚੌਰਾਸੀ ਵੇਲੇ ਦੀ ਲਹੂ ਭਿੱਜੀ ਕਹਾਣੀ ਲੋਕਲ ਤੇ ਨੈਸ਼ਨਲ ਮੀਡੀਆ ਵਿਚ ਚੰਗੀ ਤਰ੍ਹਾਂ ਉਜਾਗਰ ਕੀਤੀ। ਸ਼ਾਇਦ ਇਸ ਵਰਤਾਰੇ ਕਰਕੇ ਹੀ ਉਸਨੂੰ ਭਾਰਤੀ ਖੁਫ਼ੀਆ ਏਜੰਸੀਆਂ ਹੱਥੋਂ ਬਲੈਕ ਲਿਸਟ ਵੀ ਹੋਣਾ ਪਿਆ।
ਮਗਰੋਂ ਆਪਣੇ ਪੁਰਖਿਆਂ ਦੀ ਧਰਤੀ (ਭਾਰਤ) 'ਤੇ ਜਾਣ ਲਈ ਦਿੱਤੀ ਗਈ ਵੀਜ਼ੇ ਦੀ ਅਰਜ਼ੀ ਖਤਰਨਾਕ ਅੱਤਵਾਦੀ ਗਰਦਾਨ ਕੇ ਰੱਦ ਕਰ ਦਿੱਤੀ ਗਈ।
ਜੇ ਚੌਰਾਸੀ ਦੀ ਨਸਲਕੁਸ਼ੀ ਦੇ ਇਨਸਾਫ਼ ਬਾਰੇ ਗੱਲ ਕਰਨੀ ਅਤੇ ਇਸ ਕਤਲ-ਏ-ਆਮ ਦੇ ਖੁੱਲ੍ਹੇਆਮ ਫਿਰਦੇ ਦੋਸ਼ੀਆਂ ਨੂੰ ਨੰਗਾ ਕਰਨਾ ਅੱਤਵਾਦ ਅਤੇ ਦੇਸ਼ ਵਿਰੋਧੀ ਹੋ ਸਕਦਾ ਹੈ ਤਾਂ ਫੇਰ ਇਸ ਹਿਸਾਬ ਨਾਲ ਹਰੇਕ ਉਹ ਇਨਸਾਨ ਜਿਹੜਾ ਆਪਣੇ ਦਿਲ ਵਿਚ ਚੌਰਾਸੀ ਦਾ ਦਰਦ ਰੱਖਦਾ ਹੋਇਆ ਇਨਸਾਫ਼ ਦੀ ਮੰਗ ਕਰਦਾ ਹੈ, ਇਸ ਢਾਂਚੇ ਦੀ ਨਜ਼ਰੇ ਅੱਤਵਾਦੀ ਹੈ।

Monday, 16 October 2017

ਖ਼ਾਲਿਸਤਾਨੀ ਸੰਘਰਸ਼ ਦਾ ਇਕ ਲੇਖਾ ਇਹ ਵੀ




ਖ਼ਾਲਿਸਤਾਨੀ ਸੰਘਰਸ਼ ਦਾ ਇਕ ਲੇਖਾ ਇਹ ਵੀ



ਬਠਿੰਡੇ ਜ਼ਿਲੇ ਦੇ ਇਕ ਪਿੰਡ (ਮਹਿਮੇ) ਵਿਚ ਅਸੀਂ ਸ਼ਹੀਦ ਪਰਿਵਾਰ ਦੀ ਮਦਦ ਲਈ ਗਏ। ਵਾਢੀਆਂ ਦੇ ਦਿਨ ਸਨ। ਪਿੰਡ (ਓਥੇ ਨੇੜੇ-ਨੇੜੇ ਮਹਿਮਾ ਨਾਂ ਦੇ ਪੰਜ ਪਿੰਡ ਹਨ) ਲਭਦੇ ਲਭਦੇ ਅਸੀਂ ਢਲੀ ਦੁਪਹਿਰ ਮਜ਼ਦੂਰ ਬਸਤੀ ਵਿਚ ਉਹਨਾਂ ਦੇ ਘਰ ਪਹੁੰਚੇ। ਘਰ ਦੀ ਮਾਲਕਣ ਦਿਹਾੜੀ ਤੇ ਕਣਕ ਵੱਢਣ ਗਈ ਹੋਈ ਸੀ। ਘਰ ਇਕ ਮੁਟਿਆਰ ਕੁੜੀ ਤੇ ਦੋ ਬੱਚੇ ਸਨ। ਆਂਢ-ਗੁਆਂਢ ਓਪਰੇ ਬੰਦੇ ਵੇਖ ਕੇ ਡਰ ਅਤੇ ਹੈਰਾਨੀ ਨਾਲ ਭਰ ਗਿਆ। ਘਰ ਦੀ ਮਾਲਕਣ ਦੇ ਆਉਣ ਤੱਕ ਕੋਈ ਬਾਹਰ ਨਹੀਂ ਆਇਆ। 
ਜਦੋਂ ਅਸੀਂ ਉਸ ਬੀਬੀ ਨਾਲ ਰਸਮੀ ਬੋਲਾਂ ਮਗਰੋਂ ਆਪਣੇ ਆਉਣ ਦਾ ਮਕਸਦ ਦਸਦਿਆਂ ਕਿਹਾ ਕਿ ਅਸੀਂ ਸ਼ਹੀਦ ਸਿੰਘਾਂ ਦਾ ਵੇਰਵਾ ਇਕੱਠਾ ਕਰ ਰਹੇ ਹਾਂ ਤਾਂ ਉਸ ਨੇ ਕੁਰਖਤ ਲਹਿਜੇ ਵਿਚ ਆਪਣੇ ਘਰ ਵਾਲੇ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ”ਮਰ ਗਿਆ ਆਵਦੇ ਮਾੜੇ ਕਰਮੀਂ, ਵੱਡਾ ਗੁਰੂ ਗਬਿੰਦ ਸਿਉਂ ਬਣਦਾ ਸੀ। ਇਹ ਜੁਆਕ ਕਾਸ ਨੂੰ ਜੰਮੇ ਸੀ ਜੇ ਅਹੇ ਜੇ ਕੰਮ ਕਰਨੇ ਸੀ, ਆਵਦੇ ਜੁਆਕ ਮੇਰੀ ਜਾਨ ਖਾਣ ਨੂੰ ਕਿਉਂ ਛੱਡ ਗਿਆ”। 10-15 ਮਿੰਟ ਉਸ ਨੇ ਜੀਅ ਭਰ ਕੇ ਆਪਣੇ ਘਰ ਵਾਲੇ ਨੂੰ, ਸਕੇ ਸੰਬਧੀਆਂ ਨੂੰ, ਸਾਨੂੰ ਤੇ ਲਹਿਰ ਵਾਲਿਆਂ ਨੂੰ ਵੀ ਬੁਰਾ ਭਲਾ ਕਿਹਾ। ਮੇਰੇ ਨਾਲ ਗਏ ਵਿਦਿਆਰਥੀ ਸੁੰਨ ਹੋ ਗਏ। ਉਹ ਚੰਗੇ ਭਲੇ ਘਰਾਂ ਤੋਂ ਸਨ, ਬਿਨਾਂ ਕਿਸੇ ਇਹੋ ਜਿਹੀ ਵਿਰਾਸਤ ਦੇ ਅਤੇ ਉਹਨਾਂ ਨੂੰ ਨਵਾਂ ਨਵਾਂ ਪੰਥ ਵਾਲਾ ਪਾਹ ਲੱਗਿਆ ਸੀ। ਆਂਢ ਗੁਆਂਢ ਨੇ ਜਾਣਨ-ਵੇਖਣ ਲਈ ਕੰਧਾਂ-ਕੋਠਿਆਂ ਤੋਂ ਵੇਖਣ ਕੁ ਜੋਗਰੇ ਸਿਰ ਕੱਢੇ ਹੋਏ ਸਨ। ਅਸੀਂ ਉਸ ਨਾਲ ਬਹੁਤ ਅਰਾਮ ਨਾਲ ਹੌਲੀ ਹੌਲੀ ਸਾਰੀਆਂ ਗੱਲਾਂ ਕੀਤੀਆਂ, ਹੌਸਲਾ ਦਿੱਤਾ, ਜੋ ਹੋਰਾਂ ਨਾਲ ਹੋਇਆ ਬੀਤਿਆ, ਉਸ ਦਾ ਵੀ ਹਾਲ ਸੁਣਾਇਆ। ਆਪਣੇ ਨਾਲ ਆਏ ਨੌਜਵਾਨਾਂ ਦੀ ਪੜ੍ਹਾਈ ਅਤੇ ਥਾਂ ਟਿਕਾਣਿਆਂ ਬਾਰੇ ਦੱਸਿਆ। ਆਪਣੇ ਆਉਣ ਦਾ ਮਕਸਦ (ਦੁਹਰਾਇਆ ਕਿ) ਸ਼ਹੀਦਾਂ ਬਾਰੇ ਜਾਣਕਾਰੀ ਕੱਠੀ ਕਰਨੀ ਐ, ਤਾਂ ਕਿ ਅਗਲੀਆਂ ਨਸਲਾਂ ਉਹਨਾਂ ਨੂੰ ਜਾਣ ਸਕਣ, ਯਾਦ ਕਰ ਸਕਣ। 
ਕੁਝ ਸਮੇਂ ਬਾਅਦ ਗੱਲਾਂ ਸੁਣਦਿਆਂ ਉਸ ਦਾ ਗੱਚ ਭਰ ਆਇਆ, ਅੱਖਾਂ ਵਿਚੋਂ ਹੰਝੂ ਧਾਰਾਂ ਬਣ ਕੇ ਵਹਿ ਤੁਰੇ। ਉਸ ਨੇ ਉਹਨਾਂ ਨੂੰ ਪੂੰਝਣ ਦੀ ਕੋਸ਼ਿਸ਼ ਨਹੀਂ ਕੀਤੀ। ਹੱਥਾਂ ਵਿਚ ਚੁੰਨੀ ਲੈ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ”ਤੁਸੀਂ ਧਰਤੀ ਤੇ ਪਹਿਲੇ ਬੰਦੇ ਓਂ। ਪਹਿਲੀ ਵਾਰ ਕਿਸੇ ਨੇ ਏਨੇ ਸਾਲਾਂ ਵਿਚ ਉਹਨੂੰ ਸਹੀ ਕ੍ਹਿਐ। ਅਗਲਿਆਂ ਨੇ ਮੇਰੀ ਧੀ ਛੱਡਤੀ ਅਖੇ ਅਤਿਵਾਦੀ ਦੀ ਕੁੜੀ ਐ। ਕਿਸੇ ਨੇ ਧਰਤੀ ਦੀ ਕੰਡ ਤੇ ਇਕ ਵਾਰੀ ਵੀ ਉਹਨੂੰ ਸਹੀ ਨ੍ਹੀ ਕ੍ਹਿਆ। (ਢਿੱਡ ਨੂੰ ਹੱਥ ਲਾ ਕੇ) ਅੰਦਰ ਗੁੰਮਾ ਬਣਿਆ ਪਿਐ, ਕਾਲਜਾ ਪਾਟਦੈ ਵੀਰਾ। ਜਿਹੜੇ ਕੰਮ ਨੂੰ ਬੰਦਾ ਮਰਜੇ ਉਹਦੇ ਖਾਤੇ ਚ ਉਹਦਾ ਨਾਂ ਤਾਂ ਪੈਣਾ ਚਾਹੀਦੈ”।
ਉਸ ਦੇ ਦਰਦ ਭਿੱਜੇ ਬੋਲਾਂ ਨੇ ਸਾਡੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਤੇ ਸਾਡੇ ਉੱਤੇ ਮਣਾਂ ਮੂੰਹੀ ਬੋਝ ਲੱਦ ਦਿੱਤਾ ਕਿ ਆਖਰ ਓਹਦੇ ਦੁੱਖਾਂ ਦਾ ਪਾਰਾਵਾਰ ਕੀ ਸੀ : ਦਲਿਤ ਹੋਣਾ, ਗਰੀਬੀ, ਰੰਡੇਪਾ ਜਾਂ ਜੁਆਨ ਜਹਾਨ ਧੀ ਦਾ ਰਿਸ਼ਤਾ ਛੁੱਟਣਾ? ਇਹਨਾਂ ਦੁੱਖਾਂ ਨਾਲੋਂ ਇਹ ਹੋਰ ਵੱਡਾ ਦੁੱਖ ਸੀ : ਨਾਂ ਦਾ ਲਕਬਹੀਣ ਹੋਣਾ, ਪ੍ਰਵਾਨਗੀ ਦਾ ਵਿਗੋਚਾ ਕਿ ਜਿਹੜੇ ਕੰਮ ਲਈ ਬੰਦਾ ਮਰਜੇ ਉਹ ਖਾਤੇ ਵਿਚ ਨਾਂ ਤਾਂ ਪੈਣਾ ਚਾਹੀਦੈ’।
ਇਸੇ ਦਰਦ ਦਾ ਗੁੰਮਾ ਉਹਦੇ ਅੰਦਰ ਬਣਿਆ ਸੀ। ਅੱਧਾ-ਪੌਣਾ ਘੰਟਾ ਪਹਿਲਾਂ ਅਸੀਂ ਉਹਨਾਂ ਲਈ ਪੁਲਸ ਨਾਲੋਂ ਵੀ ਭਿਆਨਕ ਹੋਣੀ ਦੇ ਦੂਤ, ਦੁੱਖ ਦੇਣੀ ਦੁਨੀਆ ਦਾ ਹਿੱਸਾ ਸਾਂ। ਅਸੀਂ ਕੌਣ ਸਾਂ, ਕਿਥਂ ਆਏ ਸੀ, ਕਿਉਂ ਆਏ ਸੀ, ਕੁਝ ਲਫਜ਼ਾਂ ਦੀ ਸਾਂਝ ਮਗਰੋਂ ਸਿਰਫ ਸਾਡੀਆਂ ਗੱਲਾਂ ਉਪਰ ਯਕੀਨ ਕਰਕੇ, ਸਾਡੇ ਅੱਗੇ ਉਸ ਨੇ ਆਪਣੇ ਮਨ ਦਾ ਵਰ੍ਹਿਆਂ ਦਾ ਭਾਰ ਹੌਲਾ ਕੀਤਾ ਅਤੇ ਆਪਣਾ ਦਿਲ ਖੋਹਲ ਦਿੱਤਾ। ਮੁੜਨ ਵੇਲੇ ਉਹਦੇ ਚਿਹਰੇ, ਹੱਥਾਂ ਦੇ ਜੁੜਨ ਦੇ ਤਰੀਕੇ ਅਤੇ ਬੋਲਾਂ ਵਿਚ ਏਨੀ ਨਿਮਰਤਾ, ਖਿਮਾ-ਜਾਚਨਾ ਤੇ ਮੋਹ ਸੀ ਕਿ ਲਫ਼ਜ਼ਾਂ ਵਿਚ ਬਿਆਨ ਕਰਨਾ ਮੁਸ਼ਕਲ ਏ। ਉਸ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ, ”ਵੀਰਾ ਅਸੀਂ ਅਣਪੜ੍ਹ, ਗਰੀਬ, ਭੁੱਲ ਹੋ ਗਈ ਥੋਨੂੰ ਰੁਖਾ ਬੋਲਿਆ ਗਿਆ, ਤੁਸੀਂ ਤਾਂ ਸਾਡਾ ਭਲਾ ਕਰਨ ਆਏ ਸੀ”।
ਸਾਡੇ ਸਮਾਜ ਵਿਚ ਦਲਿਤ ਗਰੀਬ ਔਰਤ ਦਾ ਭਰ ਜੁਆਨੀ ਵਿਚ ਵਿਧਵਾ ਹੋ ਕੇ ਬੱਚੇ ਪਾਲਣਾ ਕਿੰਨਾ ਔਖਾ ਹੈ, ਇਹ ਬਿਆਨ ਕਰਨਾ ਵੀ ਮੁਹਾਲ ਏ। ਇਸ ਤੋਂ ਉਪਰ ਉਹ ਘਾਟ ਕਿੰਨਾ ਔਖਾ ਕਰਦੀ ਹੈ ਕਿ ਜਿਸ ਮੌਤੇ ਸਿਰ ਦਾ ਸਾਈਂ ਮਰ ਗਿਆ ਏ ਉਹਨੂੰ ਉਹ ਨਾਂ ਵੀ ਨਾ ਮਿਲੇ ਸਗੋਂ ਉਲਟਾ ਮਿਹਣਾ ਮਿਲੇ। ਆਖਰ ਕੋਈ ਤਾਂ ਆ ਕੇ ਉਸ ਦੀ ਮਾਨਤਾ ਦਾ ਐਲਾਨ ਕਰੇ, ਚਾਹੇ ਉਹ ਕੋਈ ਅਣਜਾਣ ਪਰੇਦਸੀ ਕਿਉਂ ਨਾ ਹੋਵੇ। ਇਹ ਵਰਤਾਰਾ ਅਸਲ ਵਿਚ ਇਸ ਗੱਲ ਦੀ ਗਵਾਹੀ ਹੈ ਕਿ ਪੰਜਾਬ ਵਿਚ ਅਜੇ ਵੀ ਖਾੜਕੂ ਲਹਿਰ ਦੀ ਮਾਨਤਾ ਦਾ ਕਿੰਨਾ ਵੱਡਾ ਵਿਗੋਚਾ ਹੈ। ਕੁਝ ਸਮੇਂ ਬਾਅਦ ਜਦ ਅਸੀਂ ਉਹਨਾਂ ਦੀ ਧੀ ਦੇ ਵਿਆਹ ਤੇ ਗਏ ਤਾਂ ਸਾਰੇ ਕੋੜਮੇ ਕਬੀਲੇ ਅਤੇ ਰਿਸ਼ਤੇਦਾਰਾਂ ਨੇ ਏਨਾ ਸਤਿਕਾਰ ਦਿੱਤਾ ਕਿ ਉਹਨਾਂ ਦੀ ਸ਼ਰਧਾ ਭਾਵਨਾ ਸਾਹਮਣੇ ਸਾਨੂੰ ਆਪਣਾ ਆਪ ਹੌਲਾ ਜਾਪਣ ਲੱਗ ਪਿਆ।
- ਸੇਵਕ ਸਿੰਘ


No automatic alt text available.