Thursday, 22 February 2018

ਅਜ਼ਾਦੀ/Azadi


ਵਿਡੰਬਨਾ



ਸਾਡੇ ਰੋਪੜ ਤੋਂ ਪੈਂਦਾ 60 ਮੀਲ ਕੁ ਅੰਬਾਲਾ।
ਤਾਂ ਵੀ ਵਿਰਸੇ, ਰਵਾਇਤਾਂ ਵਿੱਚ ਫਰਕ ਹੈ ਮੱਲ੍ਹਾ ਬਾਹਲਾ।
ਓਥੇ ਛੋਕਰਾ ਹੋ ਜਾਵੇ, ਸਾਡੇ ਸ਼ਹਿਰ ਵਾਲਾ ਮੁੰਡਾ। 
ਓਥੇ ਸੁਣੀਂਦਾ ਏ ਲੱਠ, ਜਿਹੜਾ ਸਾਡੇ ਹੁੰਦਾ ਖੂੰਡਾ।
ਸਾਡੀ ਰੋਟੀ ਓਥੇ ਖਾਣਾ, ਬਣੇ ਚਾਦਰੇ ਦੀ ਧੋਤੀ।
ਐਥੇ ਮੱਝ ਓਥੇ ਮ੍ਹੈਸ, ਗਧੀ ਬਣ ਜਾਂਦੀ ਖੋਤੀ।
ਸਾਡੇ ਕਿੱਕਲੀ ਤੇ ਗਿੱਧੇ, ਓਥੇ ਝਾਮਣ ਜਾਂ ਝੋਲ।
ਐਥੇ ਕੀਮਤਾਂ ਤੇ ਮੁੱਲ, ਓਥੇ ਦਾਮ ਤੇ ਜਾਂ ਮੋਲ।
ਸਾਡੇ ਨਿਕਲਦੀ ਜਾਗੋ, ਓਥੇ ਹੋਵੇ ਘੁੜਚੜ੍ਹੀ।
ਐਥੇ ਵੱਡਾ-ਨਿੱਕਾ-ਵੱਡੀ, ਓਥੇ ਬੜਾ-ਛੋਟਾ-ਬੜੀ।
ਅਸੀਂ ਸਾਂਢ ਤੇ ਜਾਂ ਸਾਨ੍ਹ, ਤੇ ਉਹ ਕਹਿਣ ਸਾਰੇ ਸੰਢਾ।
ਸਾਡੀ ਨਾਨਕਿਆਂ ਦੀ ਛੱਕ, ਉਹ ਬੰਨਦੇ ਨੇ ਮੰਢ੍ਹਾ।
ਸਾਡੇ ਪਿੰਡਾਂ ਵਿੱਚ ਟੋਭੇ, ਉਹ ਆਖਦੇ ਨੇ ਜੋਹੜ।
ਜਿਹੜੇ ਉਹਨਾਂ ਲਈ ਬਰੋਟੇ, ਸਾਡੀ ਸੱਥਾਂ ਦੇ ਨੇ ਬੋਹੜ।
ਸਾਡੀ ਪੈਲੀ 'ਚ ਕਮਾਦ, ਓਥੇ ਖੇਤਾਂ ਵਿੱਚ ਈਖ।
ਸਾਨੂੰ ਸਿਖਿਆ-ਅਕਲ, ਓਥੇ ਮਿਲਦੀ ਹੈ ਸੀਖ।
ਪਰ ਕੰਮ ਲਈ ਕਦੇ ਵੀ, ਓਥੇ ਜਾਣਾ ਅਸੀਂ ਚਾਹੀਏ।
ਲਾ ਕੇ 100 ਕੁ ਰੁਪਈਏ, ਸੌਖਿਆਂ ਈ ਪਹੁੰਚ ਜਾਈਏ।
ਹੁਣ ਅੱਗੇ ਗੱਲ ਮੇਰੀ, ਪੜ੍ਹੋ ਨਾਲ ਜ਼ਰਾ ਗੌਰ।
ਸਾਡੇ ਰੋਪੜੋਂ ਈ ਪੈਂਦਾ, 200 ਮੀਲ ਕੁ ਲਾਹੌਰ।
ਖਾਣ-ਪੀਣ, ਪਹਿਰਾਵਾ, ਬੋਲੀ, ਭੰਗੜੇ ਤੇ ਗੀਤ।
ਸਾਝੇਂ ਰਸਮਾਂ-ਰਿਵਾਜ, ਚੱਲੇ ਇੱਕੋ ਜਿਹੀ ਰੀਤ।
ਹੋਵੇ ਜਾਣ ਦਾ ਜੇ ਮਨ, ਤਾਂ ਅਧੂਰੀਆਂ ਨੇ ਰੀਝਾਂ।
ਪੱਕੀ ਲੱਗੀ ਕੰਡਾ-ਤਾਰ, ਸੌਖਾ ਮਿਲਦਾ ਨਾ ਵੀਜ਼ਾ।
ਚੰਦ ਬੰਦਿਆਂ ਦੀ ਮੈਂ ਮੈਂ, ਐਸੀ ਕਰ ਦਿੱਤੀ ਵੰਡ।
ਸਾਂਝੇ ਪਿਆਰ-ਭਾਈਚਾਰੇ, ਦਿੱਤੇ ਪਲਾਂ ਵਿੱਚ ਛੰਡ।
ਵੰਡੇ ਮਿਰਜ਼ੇ ਤੇ ਰਾਂਝੇ, ਜੱਗੇ-ਦੁੱਲੇ, ਸਹਿਬਾਂ-ਹੀਰ।
ਰਹਿ ਗਏ ਦੂਰ ਨਨਕਾਣੇ, ਛੁੱਟੇ ਓਹਨਾਂ ਦੇ ਵੀ ਪੀਰ।
ਭੈੜੀ ਸਿਆਸਤਾਂ ਦੀ ਭੇਟਾ, ਚੜ੍ਹੇ ਜਨਤਾ-ਆਵਾਮ।
ਟੁੱਟੇ ਫ਼ਤਿਹ-ਨਮਸਕਾਰ, ਖਿੰਡ-ਪੁੰਡ ਗਈ ਸਲਾਮ।
ਰੋਮੀ ਸੋਚਦਾ ਸੁਭਾ-ਸਵੇਰੇ, ਸਾਥੋਂ ਚੰਗੇ ਨੇ ਜਨੌਰ।
ਘੁੰਮ ਆਉਂਦੇ ਨੇ ਬੇਖੌਫ, ਜੋ ਕਰਾਚੀ ਤੇ ਲਾਹੌਰ।
✍️ 'ਰੋਮੀ' ਘੜਾਮੇਂ ਵਾਲਾ'।