ਸਰੋਮਣੀ ਅਕਾਲੀ ਦਲ ਦੀ ਉੱਚ ਲੀਡਕਸ਼ਿੱਪ ਵੱਲੋਂ ਹਮੇਸਾਂ ਹੀ ਸਿੱਖ ਸਮੱਸਿਆਵਾਂ ਨੂੰ ਆਪਣੇ ਮਨੋਰਥ ਲਈ ਵਰਤਣ ਤੋਂ ਵਾਅਦ ਨਜ਼ਰਅੰਦਾਜ਼ ਕਰਨ ਦਾ ਇਤਿਹਾਸ ਰਿਹਾ ਹੈ।ਅਕਾਲੀਆਂ ਨੇ ਪਹਿਲਾਂ ਆਪਣੇ ਨਿੱਜੀ ਮੁਫਾਦਾਂ ਲਈ ਸਿੱਖਾਂ ਦੇ ਕੌਮੀਂ ਹਿਤਾਂ ਦੀ ਵਲੀ ਦੇ ਕੇ ਅਜਾਦੀ ਵੇਲੇ ਪੰਜਾਬ ਦੀ ਹਿੱਕ ਤੇ ਆਰਾ ਚਲਵਾਇਆ ਜਦੋਂ ਕਿ ਦੂਸਰੀ ਵਾਰ ਅਜਾਦੀ ਤੋਂ ਵਾਅਦ 1966 ਵਿੱਚ ਪੰਜਾਬ ਦੇ ਟੁਕੜੇ ਟੁਕੜੇ ਕਰਕੇ ਆਪਣੀ ਨਿੱਜੀ ਰਾਜਸੀ ਲੋਭ ਲਾਲਸਾ ਪੂਰੀ ਕੀਤੀ। ਏਥੇ ਹੀ ਵਸ ਨਹੀ ਉਹਨਾਂ ਨੇ ਰਾਜ ਭਾਗ ਦੀ ਪਰਾਪਤੀ ਲਈ ਸਿੱਖ ਹੱਕਾਂ ਦਾ ਢਂੰਡੋਰਾ ਪਿੱਟ ਕੇ ਸਿੱਖਾਂ ਨੂੰ ਗੁਮਰਾਹ ਕਰਕੇ ਕੁਰਸੀ ਦੀ ਪਰਾਪਤ ਕਰਨ ਤੋਂ ਵਾਅਦ ਸਿੱਖ ਮੰਗਾਂ ਨੂੰ ਠੰਡੇ ਵਸਤੇ ਵਿੱਚ ਪਾਉਂਣ ਦਾ ਗੁਨਾਹ ਵਾਰ ਵਾਰ ਕੀਤਾ। ਸ੍ਰੀ ਅਨੰਦਪੁਰ ਸਹਿਬ ਦੇ ਮਤੇ ਸਮੇਤ ਸਮੁੱਚੀਆਂ ਮੰਗਾਂ ਲਈ ਲਾਇਆ ਧਰਮ ਯੁੱਧ ਮੋਰਚਾ ਅਕਾਲੀਆਂ ਦੀ ਇਸ ਬਦਨੀਤੀ ਦਾ ਸ਼ਿਖਰ ਹੀ ਸਮਝਿਆ ਜਾਵੇਗਾ ਜਦੋਂ ਬਾਬਾ ਏ ਕੌਂਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਉਸ ਧਰਮਯੁੱਧ ਮੋਰਚੇ ਦੌਰਾਂਨ ਹੀ ਸ੍ਰੀ ਅਕਾਲ ਤਖਤ ਸਹਿਬ ਵਿਖੇ ਦਿੱਤੇ ਆਪਣੇ ਭਾਸਨ ਵਿੱਚ ਅਕਾਲੀਆਂ ਨੂੰ ਉਹਨਾਂ ਦੀ ਬਦਨੀਤੀ ਤੋਂ ਸੁਚੇਤ ਕਰਦਿਆਂ ਕਿਹਾ ਸੀ ਕਿ ਜਾਂ ਤਾਂ ਹੁਣ ਕੇਂਦਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ ਜਾਂ ਫਿਰ ਸ਼ਹੀਦੀਆਂ ਹੋਣਗੀਆਂ ਵਿੱਚ ਵਿਚਾਲੇ ਇਸ ਵਾਰ ਕੁੱਝ ਨਹੀ ਹੋ ਸਕੇਗਾ। ਸੋ ਉਸ ਕਹਿਣੀ ਤੇ ਕਰਨੀ ਦੇ ਪੂਰੇ ਨੇ ਤਾਂ ਆਪਣੇ ਬੋਲ ਆਪਣੀਆਂ ਸ਼ਹਾਦਤਾਂ ਦੇ ਕੇ ਪੁਗਾਅ ਦਿੱਤੇ ਪਰੰਤੂ ਅਕਾਲੀਆਂ ਨੇ ਜੋ ਕੀਤਾ ਉਹਨੂੰ ਵਾਰ ਵਾਰ ਦੁਹਰਾਉਂਣ ਦੀ ਇਥੇ ਜਰੂਰਤ ਨਹੀ।
1984 ਦੇ ਖੂਨੀ ਸਾਕੇ ਤੋਂ ਵਾਅਦ ਉੱਠੀ ਸਿੱਖ ਨੌਜਵਾਨਾਂ ਦੀ ਹਥਿਆਰਵੰਦ ਲਹਿਰ ਵੀ ਕਿਸੇ ਹੱਦ ਤੱਕ ਅਕਾਲੀਆਂ ਦੀ ਹੀ ਉਪਜ ਕਿਹਾ ਜਾ ਸਕਦਾ ਹੈ ਜਿੰਨਾਂ ਨੇ ਸਿੱਖ ਕੌਂਮ ਦਾ ਪਹਿਲਾਂ ਹੀ ਆਪਣੇ ਹੱਥੀਂ ਐਨਾ ਘਾਣ ਕਰਵਾ ਕੇ ਵੀ ਸਬਕ ਨਹੀ ਸਿਖਿਆ ਬਲਕਿ ਇੱਕ ਵਾਰ ਫਿਰ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰਕੇ ਬਲਦੀ ਦੇ ਬੁੱਥੇ ਦੇ ਦਿੱਤਾ। ਪੰਜਾਬ ਦੇ ਪਿੰਡ, ਪਿੰਡ ਘਰ, ਘਰ ਬਲਦੇ ਸਿਵਿਆਂ ਨੂੰ ਉਨਾਂ ਚਿਰ ਠੰਡਾ ਨਹੀ ਹੋਣ ਦਿੱਤਾ ਜਿੰਨੀ ਦੇਰ ਰਾਜ ਭਾਗ ਦੀ ਪਰਾਪਤੀ ਦੀ ਪੱਕੀ ਗਰੰਟੀ ਨਾ ਹੋ ਗਈ। ਰਾਜ ਭਾਗ ਦਾ ਇਸਾਰਾ ਹੁੰਦਿਆਂ ਹੀ ਹਥਿਆਰਵੰਦ ਸਿੱਖ ਲਹਿਰ ਨੂੰ ਬੁਰੀ ਤਰਾਂ ਕੁਚਲ ਦੇਣ ਵਿੱਚ ਵੀ ਅਕਾਲੀਆਂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਉਸ ਤੋਂ ਵਾਅਦ ਸਰੋਮਣੀ ਅਕਾਲੀ ਦਲ ਦੀ ਲਡਰਸ਼ਿੱਪ ਨੇ ਜੋ ਰਾਸਤਾ ਪੰਜਾਬ ਵਿੱਚ ਸਤਾ ਤੇ ਕਾਬਜ ਰਹਿਣ ਲਈ ਅਖਤਿਆਰ ਕੀਤਾ ਉਸ ਨੇ ਪੰਜਾਬ ਦਾ ਬੇੜਾ ਹੀ ਗਰਕ ਕਰਕੇ ਰੱਖ ਦਿੱਤਾ। ਪੰਜਾਬ ਨੂੰ ਨਸਿਆਂ ਦੀ ਮੰਡੀ ਵਜੋਂ ਵਿਸ਼ਵ ਪੱਧਰ ਤੇ ਬਦਨਾਮੀ ਦਿਵਾਉਣ ਤੋਂ ਇਲਾਵਾ ਸਰੋਮਣੀ ਅਕਾਲੀ ਦਲ ਦੇ ਤਤਕਾਲੀ ਪਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਾਰਾ ਜੋਰ ਸਿੱਖਾਂ ਦੀਆਂ ਸਮੁੱਚੀਆਂ ਧਾਰਮਿਕ,ਸਮਾਜਿਕ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਫੈਡਰੇਸਨਾਂ ਟਕਸਾਲਾਂ ਅਤੇ ਨਿਹੰਗ ਜਥੇਵੰਦੀਆਂ ਸਭ ਨੂੰ ਹੀ ਆਪਣੇ ਮੁਫਾਦਾਂ ਦੀ ਪੂਰਤੀ ਲਈ ਦੁਫਾੜ ਕਰ ਦਿੱਤਾ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਸਿੱਧਾ ਨਿਯੰਤਰਣ ਬਣਾ ਲਿਆ। ਅਕਾਲੀ ਦਲ ਲਈ ਸਾਰੀ ਜਿੰਦਗੀ ਸਾਥ ਨਿਭਾਉਣ ਵਾਲੇ ਟਕਸ਼ਾਲੀ ਅਕਾਲੀਆਂ ਦਾ ਇੱਕ ਇੱਕ ਕਰਕੇ ਸਿਆਸੀ ਕਤਲ ਕਰ ਦਿੱਤਾ, ਤਾਂ ਕਿ ਆਪਣੇ ਪਰਿਵਾਰ ਅਤੇ ਰਿਸਤੇਦਾਰਾਂ ਦੀ ਰਾਜ ਭਾਗ ਤੇ ਪਕੜ ਨੂੰ ਮਜਬੂਤ ਕੀਤਾ ਜਾ ਸਕੇ। ਉਸ ਦੌਰ ਤੋਂ ਵਾਅਦ ਤਾਂ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਵੱਲੋਂ ਪੰਜਾਬ ਦੀਆਂ ਮੰਗਾਂ ਦਾ ਲੱਗਭੱਗ ਭੋਗ ਹੀ ਪਾ ਦਿੱਤਾ ਗਿਆ। ਮੁੜ ਕਦੇ ਵੀ ਅਨੰਦਪੁਰ ਦੇ ਮਤੇ ਦੀ ਗੱਲ ਨਹੀ ਕੀਤੀ ਗਈ, ਗੱਲ ਕਰੇ ਵੀ ਕੌਣ ? ਅਨੰਦਪੁਰ ਦੇ ਮਤੇ ਦੀ ਗੱਲ ਕਰਨ ਵਾਲੇ ਤਾਂ ਸਿਆਸੀ ਤੌਰ ਤੇ ਖਤਮ ਹੀ ਕਰ ਦਿੱਤੇ ਗਏ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵਾਰਸ ਕਹਾਉਣ ਵਾਲੀਆਂ ਸਾਰੀਆਂ ਹੀ ਧਿਰਾਂ ਨੂੰ ਖੱਖੜੀ ਕਰੇਲੇ ਕਰਕੇ ਜਾਂ ਤਾਂ ਆਪਣੇ ਨਾਲ ਰਲਾ ਲਿਆ ਸੀ ਜਾਂ ਫਿਰ ਕੱਖੋਂ ਹੌਲੇ ਕਰਕੇ ਨਿਤਾਣੇ ਬਣਾ ਦਿੱਤਾ। ਪੰਜਾਬ ਦੀ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋਵੇਗੀ।
ਪੰਜਾਬ ਵਿੱਚ ਨਸ਼ਿਆਂ ਨੇ ੮੦ ਫੀਸਦੀ ਜੁਆਨੀ ਨੂੰ ਆਪਣੀ ਲਪੇਟ ਵਿੱਚ ਲੈ ਕੇ ਪੰਜਾਬ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਬਾੜ ਖੇਤ ਨੂੰ ਬੁਰੀ ਤਰਾਂ ਖਾ ਰਹੀ ਹੈ । ਲੱਗਦਾ ਹੈ ਕਰਮਾਂ ਮਾਰੇ ਪੰਜਾਬ ਦਾ ਕੋਈ ਬਾਲੀ ਵਾਰਸ ਹੀ ਨਹੀ ਰਿਹਾ ਜਿਹੜਾ ਇਥੋਂ ਦੇ ਜਾਇਆਂ ਦੀ ਅਣਖ ਨੂੰ ਹਲੂਣਾ ਦੇਣ ਦੇ ਸਮਰੱਥ ਹੋਵੇ। ਇੱਕ ਉਹ ਸੰਤ ਬਾਬਾ ਸੀ ਜਿਸ ਨੇ ਆਪਣੇ ਸਿਰਫ ਦੋ ਸਾਥੀਆਂ ਦੀ ਗਿਰਫਤਾਰੀ ਦੇ ਰੋਸ਼ ਵਜੋਂ ਲੱਖਾਂ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ ਮੋਰਚਾ ਲਾ ਦਿੱਤਾ ਸੀ ਤੇ ਜਿੰਨਾਂ ਦੇ ਪਰਚਾਰ ਨੇ ਨਾਸਤਿਕ ਲੋਕਾਂ ਨੂੰ ਵੀ ਸਿੱਖੀ ਸਿਧਾਤਾਂ ਦੀ ਰਾਖੀ ਲਈ ਕੁਰਬਾਨ ਹੋਣ ਦੇ ਸਮਰਥ ਬਣਾ ਦਿੱਤਾ ਸੀ ਅਤੇ ਇੱਕ ਇਹ ਅੱਜ ਦੇ ਸੰਤ ਬਾਬੇ ਹਨ, ਜਿੰਨਾਂ ਦੇ ਪਰਚਾਰ ਨੇ ਸਿੱਖਾਂ ਦੀ ਅਣਖ ਗੈਰਤ ਨੂੰ ਅਸਲੋਂ ਹੀ ਖਤਮ ਕਰਕੇ ਆਪੋ ਆਪਣੇ ਡੇਰਿਆਂ ਦੇ ਗੁਲਾਮ ਬਣਾ ਲਿਆ ਹੈ। ਹੁਣ ਇੱਥੇ ਇੱਕ ਸਵਾਲ ਹੋਰ ਉੱਠਦਾ ਹੈ ਕਿ ਜਦੋਂ ਸਿੱਖੀ ਦਾ ਜਨਮ ਹੀ ਹਰ ਤਰਾਂ ਦੇ ਜਬਰ ਜੁਲਮ ਵਿਰੁੱਧ ਲੜਨ ਲਈ ਹੋਇਆ ਹੈ ਫਿਰ ਅੱਜ ਸਿੱਖੀ ਦੇ ਭੇਸ ਵਿੱਚ ਬੈਠੇ ਵੱਡੇ ਵੱਡੇ ਡੇਰਿਆਂ ਵਾਲੇ ਸੰਤ ਮਹਾਂਪੁਰਖ ਬਾਬੇ ਆਪਣੇ ਸਿੱਖਾਂ ਨੂੰ ਕਿਹੜੀ ਸਿਖਿਆ ਦੇ ਰਹੇ ਹਨ? ਸਿੱਖਾਂ ਦੀਆਂ ਵੱਡੀਆਂ ਵੱਡੀਆਂ ਭੀੜਾਂ ਆਪਣੇ ਪਿੱਛੇ ਲਾਕੇ ਕਿਹੜੇ ਸਿਧਾਤਾਂ ਦੀ ਰਾਖੀ ਕਰਨ ਲਈ ਤਿਆਰ ਕਰ ਰਹੇ ਹਨ ? ਜਦੋਂ ਸਿੱਖੀ ਨੂੰ ਖਤਮ ਕਰਨ ਲਈ ਭਾਰਤੀ ਅਜੰਸੀਆਂ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ, ਸਿੱਖਾਂ ਦੀ ਨੁਮਾਇਂਦਾ ਪਾਰਟੀ ਸਰੋਮਣੀ ਅਕਾਲੀ ਦਲ ਅਤੇ ਸਿੱਖ ਕੌਂਮ ਦੀ ਸਿਰਮੌਰ ਸੰਸਥਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਤੇ ਕਾਬਜ ਲੋਕਾਂ ਨੂੰ ਮੁਕੰਮਲ ਰੂਪ ਵਿੱਚ ਖਰੀਦ ਚੁੱਕੀਆਂ ਹਨ ਫਿਰ ਇਸ ਭਿਆਨਕ ਸਚਾਈ ਤੋਂ ਪਾਸਾ ਵੱਟ ਕੇ ਅੱਜ ਦੇ ਸੰਤ ਮਹਾਂ ਪੁਰਸਾਂ ਦਾ ਮਹਿਜ ਨਾਮ ਸਿਮਰਨ ਤੱਕ ਸੀਮਤ ਰਹਿਣਾ ਅਤੇ ਆਪਣੇ ਐਸ਼ੋ ਇਸ਼ਰਤ ਵਾਲੇ ਸ਼ਾਹੀ ਰਹਿਣ ਸਹਿਣ ਦੀ ਲਾਲਸਾ ਤਹਿਤ ਸਿੱਖਾਂ ਦੀ ਅਣਖ ਗੈਰਤ ਨੂੰ ਲੂਲ੍ਹਾ ਲੰਗੜਾ ਕਰਨ ਵਿੱਚ ਨਿਭਾਇਆ ਜਾ ਰਿਹਾ ਮੁੱਖ ਰੋਲ ਕਿਹੜੀ ਸਿੱਖੀ ਦੀ ਬਾਤ ਪਾਉਂਦਾ ਹੈ ? ਇਹ ਸੁਆਲ ਹਰ ਸਿੱਖ ਦੇ ਧਿਆਨ ਦੀ ਮੰਗ ਕਰਦਾ ਹੈ।
ਅੱਜ ਵੱਡੇ ਵੱਡੇ ਨਿੱਜੀ ਗੁਰਦੁਆਰੇ ਉਸਾਰੇ ਕੇ ਲੱਖਾਂ ਲੋਕਾਂ ਨੂੰ ਮਗਰ ਲਾ ਕੇ ਸਿੱਖੀ ਸਿਧਾਤਾਂ ਤੋ ਦੂਰ ਕਰਕੇ ਆਪਣੇ ਆਪ ਨੂੰ ਵੱਡੇ ਮਹਾਂਪੁਰਖ ਸਿੱਧ ਕਰਨ ਵਾਲੇ ਇਹ ਬਾਬੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਲਈ ਪੰਜਵੇਂ ਪਾਤਸਾਹ ਦੀ ਸ਼ਹਾਦਤ ਦੀਆਂ ਗੱਲਾਂ ਕਰਦੇ ਹਨ, ਚਾਂਦਨੀ ਚੌਂਕ ਵਿੱਚ ਸੀਸ ਕਟਾਉਣ ਵਾਲੇ ਗੁਰੂ ਤੇਗ ਬਹਾਦਰ ਨਾਲ ਤੂੰਬਾ ਤੂੰਬਾ ਕਰਕੇ ਉਡਾਏ ਗਏ ਸਿੱਖ ਸ਼ਹੀਦਾਂ ਦੀਆਂ ਗੱਲਾਂ ਕਰਦੇ ਹਨ, ਪੰਜ ਤੇ ਸੱਤ ਸਾਲ ਦੇ ਨਿੱਕੇ ਨਿੱਕੇ ਬਾਲਾਂ ਦੇ ਨੀਹਾਂ ਵਿੱਚ ਚਿਣੇ ਜਾਣ ਦਾ ਬੈਰਾਗ ਵਿੱਚ ਵਰਨਣ ਕਰਦੇ ਹਨ, ਦਸ ਲੱਖ ਫੌਜਾਂ ਨਾਲ ਮਹਿਜ ਚਾਲੀ ਸਿੰਘਾਂ ਦੀ ਚਮਕੌਰ ਦੀ ਕੱਚੀ ਗੜ੍ਹੀ ਦੀ ਜੇਤੂ ਲੜਾਈ ਦੀਆਂ ਗੱਲਾਂ ਵੀ ਬੜੇ ਮਾਣ ਨਾਲ ਕਰਦੇ ਹਨ, ਵੀਹਵੀਂ ਸਦੀ ਵਿੱਚ ਸਿੱਖੀ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਖਿਲਾਫ ਗੁਰੂ ਸਿਧਾਂਤਾਂ ਅਨੁਸਾਰ ਹਥਿਆਰਵੰਦ ਲੜਾਈ ਲੜਕੇ ਚਮਕੌਰ ਦੀ ਕੱਚੀ ਗੜੀ ਦੀ ਯਾਦ ਤਾਜਾ ਕਰਵਾਉਂਣ ਵਾਲੇ ਸੰਤ ਭਿੰਡਰਾਂ ਵਾਲਿਆਂ ਦੀਆਂ ਗੱਲਾਂ ਵੀ ਕੱਝ ਸੰਤ ਬਾਬੇ ਬੜੇ ਜੋਸ਼ ਨਾਲ ਕਰਦੇ ਹਨ, ਪਰ ਉਹਨਾਂ ਵਾਲੇ ਅਮਲਾਂ ਤੋਂ ਸੈਂਕੜੇ ਕੋਹਾਂ ਦੂਰ ਰਹਿੰਦੇ ਹੋਏ ਆਪੋ ਆਪਣੇ ਡੇਰਿਆਂ ਨੂੰ ਬਪਾਰ ਦੇ ਕੇਂਦਰ ਵਜੋਂ ਵਿਕਸਤ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਜਿਆਦਾਤਰ ਬਾਬਿਆਂ ਨੇ ਤਾਂ ਸਿੱਖ ਹਿਤਾਂ ਦੀ ਲੜਾਈ ਜਾਂ ਸਿੱਖੀ ਸਿਧਾਤਾਂ ਤੋਂ ਮੁਕੰਮਲ ਦੂਰੀ ਬਣਾਈ ਰੱਖਣ ਵਿੱਚ ਹੀ ਆਪਣੀ ਸ਼ਾਨ ਸਮਝੀ ਹੋਈ ਹੈ। ਅਜਿਹੇ ਭਿਆਨਕ ਦੌਰ ਵਿੱਚ ਸਿੱਖੀ ਦੇ ਭੇਖ ਵਿੱਚ ਆਪਣੇ ਡੇਰਿਆਂ ਨੂੰ ਇੱਕ ਦੂਸਰੇ ਤੋਂ ਵੱਡੇ ਅਤੇ ਧਰਮ ਦੇ ਅਸਲੀ ਠੇਕੇਦਾਰ ਦਰਸਾਉਂਣ ਵਿੱਚ ਮਸ਼ਰੂਫ ਇਹ ਸੰਤ ਬਾਬਿਆਂ ਨੂੰ ਨਿੱਜੀ ਐਸ਼ੋ ਅਰਾਮ ਅਤੇ ਸਿੱਖੀ ਦੇ ਨਾਮ ਤੇ ਕੀਤੀ ਜਾ ਰਹੀ ਸ਼ਰਧਵਾਨ ਲੋਕਾਂ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਲੁੱਟ ਨੂੰ ਬੰਦ ਕਰਕੇ ਨਾਨਕ ਦੀ ਸਿੱਖੀ ਨੂੰ ਅਮਲੀ ਰੂਪ ਵਿੱਚ ਅਪਨਾਉਣ ਦੀ ਜਰੂਰਤ ਹੈ, ਸਿੱਖੀ ਸਿਧਾਤਾਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਲਾਗੂ ਕਰਕੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣਕੇ ਸਿੱਖੀ ਨੂੰ ਬਚਾਉਣ ਦੇ ਰਾਹ ਪੈਣ ਦੀ ਲੋੜ ਹੈ। ਅੱਜ ਦੇ ਸਿੱਖ ਬਾਬਿਆਂ ਨੂੰ ਓਸ ਵੀਹਵੀਂ ਸਦੀ ਦੇ ਯੁੱਗਪੁਰਸ ਦੇ ਜੀਵਨ ਤੋਂ ਸੇਧ ਲੈ ਕੇ ਆਪਾ ਪੜਚੋਲ ਕਰਨ ਦੀ ਵੀ ਜਰੂਰਤ ਹੈ। ਉਧਰ ਪੰਥ ਦਾ ਦਰਦ ਰੱਖਣ ਵਾਲੀਆਂ ਸਾਰੀਆਂ ਹੀ ਪੰਥਕ ਧਿਰਾਂ ਬੁਰੀ ਤਰਾਂ ਵੰਡੀਆਂ ਹੋਈਆਂ ਹਨ ਜਿਹੜੀਆਂ ਨਾ ਆਪਣੀ ਹਾਉਮੈ ਤਿਆਗਦੀਆਂ ਹਨ ਤੇ ਨਾ ਹੀ ਉਹਨਾਂ ਚੋਂ ਰੱਸੀ ਦੇ ਮੱਚ ਜਾਣ ਵਾਂਗੂੰ ਵੱਟ ਹੀ ਜਾਂਦੇ ਹਨ ।ਕੌਂਮ ਪ੍ਰਤੀ ਸਮੱਰਪਿਤ ਹੋਣ ਦੇ ਬਾਵਜੂਦ ਵੀ ਆਪਸੀ ਪਾਟੋ ਧਾੜ ਕਰਕੇ ਨੁਕਸਾਨ ਕਰਵਾ ਰਹੀਆਂ ਹਨ। ਇਹ ਭਲੀਭਾਂਤ ਜਾਣਦੀਆਂ ਹੋਈਆਂ ਵੀ ਕਿ ਉਹਨਾਂ ਦੀ ਪਾਟੋਧਾੜ ਦਾ ਫਾਇਦਾ ਪੰਜਾਬ ਤੇ ਪੰਥ ਵਿਰੋਧੀ ਅਕਾਲੀ ਦਲ ਬਾਦਲ, ਕਾਂਗਰਸ ਜਾਂ ਕੋਈ ਤੀਜੀ ਧਿਰ ਵੀ ਉਠਾ ਸਕਦੀ ਹੈ, ਫਿਰ ਵੀ ਇੱਕ ਕੇਸਰੀ ਨਿਸਾਂਨ ਥੱਲੇ ਇਕੱਤਰ ਹੋਣ ਨੂੰ ਤਿਆਰ ਨਹੀ ਹਨ।
ਹੈਰਾਨੀ ਦੀ ਗੱਲ ਇਹ ਵੀ ਹੈ ਇੱਕਾ ਦੁੱਕਾ ਦਲਾਂ ਨੂੰ ਛੱਡਕੇ ਤਕਰੀਬਨ ਸਾਰੀਆਂ ਹੀ ਪੰਥਕ ਧਿਰਾਂ ਦਾ ਨਿਸਾਨਾ ਵੀ ਇੱਕੋ ਕੌਮੀ ਘਰ ਖਾਲਿਸਤਾਨ ਹੀ ਹੈ ਜਿਸ ਦੀ ਪਰਾਪਤੀ ਦੇ ਸੰਘਰਸ਼ ਦੀ ਦੁਹਾਈ ਵੀ ਦਿੰਦੀਆਂ ਹਨ ਪਰ ਡਫਲੀ ਆਪੋ ਆਪਣੀ ਹੀ ਵਜਾ ਰਹੀਆਂ ਹਨ, ਇੰਝ ਜਾਪਦਾ ਹੈ ਕਿ ਉਹਨਾਂ ਵਿੱਚ ਨਿਸਾਨੇ ਦੀ ਪੂਰਤੀ ਲਈ ਉਤਸ਼ਾਹ ਨਹੀ ਰਿਹਾ ਮਜਬੂਰੀ ਵਸ ਜੋਤ ਮਘਦੀ ਰੱਖਣ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਹੁਣ ਜਦੋਂ ਅੱਜ ਸਿੱਖ ਕੌਂਮ ਦੇ ਓਸ ਮਹਾਂਨ ਜਰਨੈਲ ਅਤੇ ਸ੍ਰੀ ਅਕਾਲ ਤਖਤ ਸਹਿਬ ਤੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਦਾ ਰੁਤਬਾ ਪਾਉਣ ਵਾਲੇ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਸਰੋਮਣੀ ਅਕਾਲੀ ਦਲ (ਅ) ਵੱਲੋਂ ਸ੍ਰੀ ਫਤਿਹਗੜ੍ਹ ਸਹਿਬ ਵਿਖੇ ਮਨਾਇਆ ਜਾ ਰਿਹਾ ਹੈ ਤਾਂ ਅਸੀਂ ਇਹ ਵਾਰ ਵਾਰ ਲਿਖਦੇ ਆ ਰਹੇ ਹਾਂ ਕਿ ਸਿੱਖ ਕੌਂਮ ਇੱਕ ਵਾਰੀ ਫਿਰ ਪੰਜਾਬ ਪੰਜਾਬੀਅਤ ਅਤੇ ਪੰਥ ਦਾ ਦਰਦ ਰੱਖਣ ਵਾਲੀਆਂ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਹੋਇਆ ਦੇਖਣ ਦੀ ਆਸ਼ਾ ਰਖਦੀ ਹੈ ਤਾਂ ਕਿ ਕੌਂਮ ਦੇ ਵਡੇਰੇ ਹਿਤਾਂ ਨੂੰ ਮੁੱਖ ਰਖਦੇ ਹੋਏ ਆਪਸੀ ਗਿਲੇ ਸਿਕਵੇ ਭੁੱਲ ਕੇ ਉਸ ਮਹਾ ਨਾਇਕ ਨੂੰ ਯਾਦ ਕਰਨ , ਅਤੇ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਣ ਦਾ ਪ੍ਰਣ ਵੀ ਕਰਨ ਤਾਂ ਗੁਰਦੁਆਰਾ ਪ੍ਰਬੰਧ ਨੂੰ ਬਾਦਲਕਿਆਂ ਤੋਂ ਅਜਾਦ ਕਰਵਾਉਣ ਲਈ ਹੁਣ ਤੋਂ ਹੀ ਤਿਆਰੀ ਵਿੱਢੀ ਜਾ ਸ , ਇਸ ਕੌਮੀ ਕਾਰਜ ਦੀ ਪੂਰਤੀ ਲਈ ਕੌਮੀ ਏਕਤਾ ਦਾ ਹੋਣਾ ਵੀ ਬੇਹੱਦ ਜਰੂਰੀ ਹੈ ਸੋ ਜੇਕਰ ਸੁਹਿਰਦਤਾ ਨਾਲ ਵਿਚਾਰਿਆ ਜਾਵੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਵਰਗੇ ਅਜਿਹੇ ਮੌਕੇ ਏਕਤਾ ਦਾ ਸਬੱਬ ਬਣ ਸਕਦੇ ਹਨ।
ਬਘੇਲ ਸਿੰਘ ਧਾਲੀਵਾਲ
99142-58142