Sunday, 21 April 2019

ਪੂਰੇ ਸੁਪਨਿਆਂ ਵਾਲਾ ਅਧੂਰਾ ਇਨਸਾਨ


Image may contain: 1 person, tree, outdoor and close-up

ਪੂਰੇ ਸੁਪਨਿਆਂ ਵਾਲਾ ਅਧੂਰਾ ਇਨਸਾਨ 

ਸੁਖਨੈਬ ਸਿੰਘ ਸਿੱਧੂ
43-44 ਸਾਲ ਪਹਿਲਾਂ ਰਾਜਸਥਾਨ ਦੇ ਜਿ਼ਲ੍ਹਾ ਝੂਨਝਨੂ ‘ਚ ਇੱਕ ਹਿੰਦੂ ਜਿਮੀਦਾਰ ਪਰਿਵਾਰ ਦੇ ਘਰੇ ਔਲਾਦ ਹੋਈ। ਬਾਪੂ ਦੀ ਪੱਗ ਦਾ ਰੰਗ ਹੋਰ ਰੰਗੀਨ ਹੋ ਗਿਆ ਚਿਹਰੇ ‘ਤੇ ਲਾਲੀਆਂ ਆ ਗਈਆਂ, ਮਾਂ ਦੀ ਲਹਿਰੀਏ ਵਾਲੀ ਚੁੰਨਰੀ ‘ਚ ਖੁਸ਼ੀ ਦੀ ਲਹਿਰ ਆਉਣ- ਜਾਣ ਲੱਗੀ, ਕਿਲਕਾਰੀਆਂ ਗੂੰਜੀਆਂ ‘ਛੋਹਰਾ ਹੂਆ’ ਥਾ। ਲਾਗੀ-ਤੱਥੇ ਪਹੁੰਚੇ, ਵਾਜੇ ਗਾਜੇ ਵੱਜੇ। ਪਰ ਮਾਰੂਥਲ ‘ਚ ਮਸਾਂ ਉੱਗੀ ਖੁਸ਼ੀਆਂ ਦੀ ਫਸਲ ਨੂੰ ਫਿਕਰਾਂ ਦੀ ਹਨੇਰੀ ਨੇ ਦੱਬ ਲਿਆ। ਚਾਅ ਮੱਠੇ ਪੈ ਗਏ, ਦੁੱਖ ਘੇਰਾ ਪਾਉਣ ਲੱਗੇ। ਇਹ ਛੋਹਰਾ ਬਾਕੀ ਬੱਚਿਆਂ ਵਰਗਾ ਨਹੀਂ ਸੀ। ਜੋ ਗੱਲ ਮਾਪੇ ਸੋਚਦੇ ਸੀ ਕਿ ਸਮੇਂ ਨਾਲ ਇਹਦੇ ਗੁਪਤ ਅੰਗ ਦਾ ਵਿਕਾਸ਼ ਹੋ ਜਾਣਾ ਉਹ ਗੱਲ ਨਾ ਬਣੀ, ਉਲਟਾ ਚੱਕਰ ਚੱਲਿਆ ਇਹ ‘ਮੁੰਡਾ’ ਕੁੜੀਆਂ ਦੇ ਕੱਪੜੇ ਪਸੰਦ ਕਰਨ ਲੱਗਾ, ਖੇਡਾਂ ਅਤੇ ਸੌਂਕ ਮਰਦਾਵੇ ਹੋਣ ਦੀ ਥਾਂ ਜਨਾਨੇ ਹੋਣ ਲੱਗੇ। ਸੀ ਤਾਂ ਜਿ਼ਗਰ ਦਾ ਟੁਕੜਾ ਪਰ ਲੋਕ ਲੱਜੋ ਖੁਸਰਾ ਡੇਰੇ ਵਾਲਿਆਂ ਨੂੰ ਦੇ ਦਿੱਤਾ। 

ਲੁਧਿਆਣੇ ਦੇ ਡੇਰੇ ‘ਚ ਪੈਰਾਂ ਨੂੰ ਘੰਗਰੂ ਅਤੇ 13 ਕੁ ਸਾਲ ਦੇ ਛੋਹਰੇ ਨੂੰ ਨਾਂਅ ਮਿਲਿਆ ‘ਮੋਹਨੀ ਮਹੰਤ’। ਹੁਣ ਡੇਰਾ ਹੀ ਉਹਦਾ ਸਭ ਕੁਝ ਸੀ। ਢੋਲਕੀ ਦੀ ਥਾਪ, ਪੈਰਾਂ ਦੀ ਤਾਲ ਅਤੇ ਕੁਝ ਗੀਤ ਬਾਕੀ ਮਹੰਤਾਂ ਵਾਂਗੂੰ ਉਹਦਾ ਮੁਕੱਦਰ ਬਣੇ। ਕਿਸੇ ਦੇ ਵਿਆਹ ਹੋਵੇ, ਕਿਸੇ ਦੇ ਮੁੰਡਾ ਜੰਮੇ ਜਾਂ ਕੋਈ ਤਿੱਥ ਤਿਉਹਾਰ ਹੁੰਦਾ ਇਹ ਜਾਂਦੇ–ਵਧਾਈਆਂ ਮੰਗਦੇ–ਖੁਸ਼ੀਆਂ ਵੰਡਦੇ, ਪਰ ਖੁਦ ਉਦਾਸ ਰਹਿੰਦੇ। ਉੱਚੀਆਂ ਕੰਧਾਂ ਤੋਂ ਪਾਰ ਝਾਕਦੀ ‘ਮੋਹਨੀ’ ਸੁਪਨੇ ਤਾਂ ਬਹੁਤ ਵੱਡੇ ਦੇਖਦੀ, ਡੇਰੇ ਦੀ ਕੰਧ ‘ਤੇ ਲੱਗਾ ਸਖਤ ਅਨੁਸ਼ਾਸਨ ਦਾ ਕੱਚ ਸੁਪਨਿਆਂ ਦੀ ਰੂਹ ‘ਚ ਖੂੰਭ ਜਾਂਦਾ, ਲਹੂ-ਲੁਹਾਣ ਸੁਪਨੇ ਸਸਕੀਆਂ ਭਰਦੇ, ਜਿਉਣ ਜੋਗੇ ਜਵਾਨੀ ਤੋਂ ਪਹਿਲਾਂ ਮਰਦੇ। ਗੁਰੂ-ਚੇਲਾ ਪਰੰਪਰਾ ਨੇ ਕਿੰਨਰਾਂ ਦਾ ਜੀਣਾ ਹੋਰ ਵੀ ਦੁੱਭਰ ਕੀਤਾ। ਉਹ ਦੱਸਦੀ ਹੈ, ‘ਡੇਰੇ ਦਾ ਮੁਖੀ ਗੁਰੁ ਹੀ ਸਭ ਕੁਝ ਹੁੰਦਾ, ਜੇ ਉਹ ਜਾਗਦਾ ਤਾਂ ਚੇਲਾ ਸੌਂ ਨਹੀਂ ਸਕਦਾ, ਰੋਟੀ ਵੀ ਗੁਰੂ ਤੋਂ ਬਾਅਦ ਖਾਣੀ, ਜਾਗਣਾ ਗੁਰੂ ਤੋਂ 2 ਘੰਟੇ ਪਹਿਲਾਂ-ਸੌਣਾ ਦੋ ਘੰਟੇ ਬਾਅਦ। ਇੱਕ ਨਰਕ ਮਾਪਿਆਂ ਦਾ ਘਰ ਹੁੰਦਾ, ਦੂਜਾ ਡੇਰੇਦਾਰਾਂ ਦੇ ਵੱਸ ਪੈ ਕੇ।

ਆਖਿਰ, ਸੁਪਨਿਆਂ ਨੇ ਰਾਹ ਫੜ ਲਿਆ। ਆਨੇ-ਬਹਾਨੇ ਮੋਹਨੀ ਰਾਜਸਥਾਨ ਜਾਂਦੀ, ਗੁਰੂ ਤੋਂ ਚੋਰੀਓ ਉਹ ਪੜ੍ਹਦੀ ਰਹੀ। ਛੇਵੀਂ-ਸੱਤਵੀ ਚੋਂ ਹਟਾ ਕੇ ਤਾਂ ਡੇਰੇ ਭੇਜਿਆ ਸੀ। ਪੱਤਰ-ਵਿਵਹਾਰ ਨਾਲ ਰਾਜਸਥਾਨ ਵਿੱਚੋ ਪਹਿਲਾਂ ਦਸਵੀ ਫਿਰ ਬਾਰਵੀਂ, ਬੀਏ ਤੋਂ ਬਾਅਦ ਉਹਨੇ ਮਾਸਟਰ ਆਫ ਸੋਸ਼ਲ ਵਰਕ ਦੀ ਡਿਗਰੀ ਕੀਤੀ।

ਹੁਣ ਮਨੁੱਖੀ ਅਧਿਕਾਰਾਂ ਉਪਰ ਪੀਐਚਡੀ ਕਰਦੀ ਮੋਹਨੀ ਮਹੰਤ ਲੁਧਿਆਣਾ ਦੀ ਲੋਕ ਅਦਾਲਤ ‘ਚ ਦੇਸ਼ ਦੀ ਪਹਿਲੀ ਥਰਡ ਜੈਂਡਰ ਮੈਂਬਰ ਹੈ ਜੋ ਜੱਜਾਂ ਦੇ ਬਰਾਬਰ ਬੈਠ ਕੇ ਸੁਣਵਾਈ ਕਰਦੀ ਹੈ। ਉਹਦੀ ਦਾਦੀ ਗੁਰੂ ਕਹਿੰਦੀ ਸੀ ਤੇਰਾ ਕੰਮ ਤਾਂ ਨੱਚਣਾ ,ਗਾਉਣਾ ਤੇ ਮੰਗਣਾ ਤੂੰ ਕੀ ਜੱਜ ਬਣ ਜਾਣਾ ਪੜ੍ਹਕੇ? ਹੁਣ,  --------- ਮੋਹਣੀ ਜੇ ਜੱਜ ਨਹੀਂ ਵੀ ਬਣੀ ਤਾਂ ਜੱਜਾਂ ਬਰਾਬਰ ਕੁਰਸੀ ਡਹਿਣ ਲੱਗੀ ਹੈ ਉਹਦੀ।
6-7 ਮਹੀਨੇ ਪਹਿਲਾਂ ਉਸਨੇ ਸੁਪਰੀਮ ਕੋਰਟ ਦੇ ਹੁਕਮ ਵਾਲੀ ਖ਼ਬਰ ਸਮਝੀ ਕਿ ਭੀਖ ਮੰਗਣਾ ਜੁਰਮ ਹੈ। ਉਸਤੋਂ ਮਗਰੋਂ ਉਸਨੇ ਪੰਜੇਬਾਂ ਵਗਾਹ ਕੇ ਮਾਰੀਆਂ, ਮੰਗਣਾ ਛੱਡ ਕੇ ਜਿਊਣਾ ਸੁਰੂ ਕਰ ਦਿੱਤਾ।
ਕਮਿਊਨਿਟੀ ਅਧਾਰਿਤ ਸੰਸਥਾ ‘ਮਨਸ਼ਾ’ ਬਣਾ ਕੇ ਤੀਸਰੇ ਲਿੰਗ ਵਾਲੇ ਲੋਕਾਂ ਨੂੰ ਉਹਨਾ ਦੇ ਅਧਿਕਾਰਾਂ ਤੋਂ ਜਾਗਰਕ ਕਰਵਾਉਣ ਅਤੇ ਸਵੈਮਾਨ ਨਾਲ ਜਿਉਣਾ ਸਿਖਾਉਣ ਲਈ ਯਤਨਸ਼ੀਲ ਹੈ।

ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਹੁਣ ਉਸਦੀ ਡਿਊਟੀ ਲੁਧਿਆਣਾ ਵਿੱਚ ਕਿੰਨਰਾਂ (ਖੁਸਰਿਆਂ) ਦੀਆਂ ਵੋਟਾਂ ਬਣਾਉਣ ਲਈ ਲਗਾਈ ਹੈ ਅਤੇ ਉਹ ਚੋਣ ਅਮਲੇ ਨਾਲ ਝੁੱਗੀਆਂ ਝੌਂਪੜੀਆਂ ਅਤੇ ਅੱਡ-ਅੱਡ ਥਾਵਾਂ ‘ਤੇ ਰਹਿੰਦੇ ਖੁਸਰਿਆਂ ਦੀਆਂ ਨਵੀਂਆਂ ਵੋਟਾਂ ਬਣਾ ਰਹੀ ਹੈ। ਮੋਹਨੀ ਨੇ ਦੱਸਿਆ , ‘ 20 ਅਪਰੈਲ ਤੱਕ 900 ਦੇ ਕਰੀਬ ਕਿੰਨਰਾਂ ਦੀਆਂ ਵੋਟਾਂ ਕੱਲੇ ਲੁਧਿਆਣਾ ਸ਼ਹਿਰ ‘ਚੋਂ ਦਰਜ ਹੋ ਚੁੱਕੀਆਂ ਹਨ।, ਇਹ ਸ਼ਹਿਰ ਦੇ ਕਿੰਨਰਾਂ ਦੀ ਗਿਣਤੀ 3000 ਤੋਂ ਵੱਧ ਹੈ। ਪਹਿਲਾਂ ਜੀਹਦੀ ਵੀ ਵੋਟ ਬਣੀ ਸੀ ਉਹ ਮਰਦ ਜਾਂ ਔਰਤ ਵਾਲੇ ਖਾਨੇ ‘ਚ ਦਰਜ ਸੀ ਹੁਣ ਉਹਨਾਂ ਨੂੰ ਦਰੁਸਤ ਕਰਾ ਕੇ ਤੀਜੇ ਲਿੰਗ ਵਜੋਂ ਰਜਿਸਟਰਡ ਕਰਾ ਰਹੇ ਹਾਂ।
ਐਨੀ ਵੱਡੀ ਸੰਖਿਆ ‘ਚ ਹੋਣ ਦੇ ਬਾਵਜੂਦ ਇੱਕਜੁੱਟ ਨਾ ਹੋਣ ਕਾਰਨ, ਘੱਟ ਪੜ੍ਹੇ ਜਾਂ ਅਨਪੜ੍ਹ ਹੋਣ ਕਾਰਨ ਇਹ ਲੋਕ ਆਪਣੇ ਹੱਕਾਂ ਬਾਰੇ ਜਾਗਰਕ ਨਹੀਂ। ਜੇ ਲਾਮਬੰਦ ਹੋਣ ਤਾਂ ਐਨੀਆਂ ਵੋਟਾਂ ਹਾਸਲ ਕਰਨ ਲਈ ਇਹਨਾਂ ਦੀਆਂ ਸਮੱਸਿਆਵਾਂ ਵੀ ਇਹ ਸਿਆਸੀ ਪਾਰਟੀਆਂ ਦੇ ਏਜੰਡੇ ‘ਤੇ ਹੋਣ। ਇਹ ਸਾਰੀ ਲਾਮਬੰਦੀ ਲਈ ਮੋਹਨੀ ਸਰਗਰਮ ਹੈ।
400 ਰੁਪਏ ਪ੍ਰਤੀ ਦਿਨ ਉਸਨੂੰ ਬਲਾਤਕਾਰ ਜਾਂ ਤੇਜਾਬ ਹਮਲੇ ਦਾ ਸਿ਼ਕਾਰ ਔਰਤਾਂ ਅਤੇ ਕੁੜੀਆਂ ਦੀ ਕਾਊਸਲਿੰਗ ਕਰਨ ਦੇ ਮਿਲਦੇ ਹਨ।
ਕੁਝ ਸਰਕਾਰੀ ਅਤੇ ਐਨਜੀਓ ਦੇ ਪ੍ਰਾਜੈਕਟ ਵੀ ਉਹ ਕਰਦੀ ਹੈ ਜਿਸ ਨਾਲ ਲੁਕਵੀ ਆਬਾਦੀ ‘ਚ ਫੈਲੀਆਂ ਗੰਭੀਰ ਬਿਮਾਰੀਆਂ ਦੇ ਟੈਸਟ ਕਰਾਉਦੀ ਹੈ। ਖੁਸਰੇ/ਟਰਾਂਸਜੈਂਡਰ/ਐਲਜੀਬੀਟੀ ਕਮਿਊਨਿਟੀ ਵਾਲੇ ਲੋਕ ਏਡਸ਼, ਸਿਫਲਿਸ ਅਤੇ ਗੁਪਤ ਅੰਗਾਂ ਕਈ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹਨ ਪਰ ਇਹ ਉਹਨਾਂ ਨੂੰ ਬਚਾਉਣ ਲਈ ਯਤਨਸ਼ੀਲ ਹੈ।

ਟੀਵੀ ਇੰਟਰਵਿਊ ਦੌਰਾਨ ਮੈਂ ਪੁੱਛਿਆ ਕੀ ਹੋਵੇ ਤੁਹਾਡੇ ਲਈ?
ਸਾਡਾ ਤਾਂ ਬੁਰਾ ਹਾਲ ਨਾ ਘਰਦੇ ਪੁੱਛਦੇ ਨਾ ਸਰਕਾਰ, ਕੁਝ ਲੋਕ ਡੇਰੇਦਾਰਾਂ ਤੋਂ ਤੰਗ ਹੋ ਨਿਕਲੇ ਜਾਂ ਡੇਰਿਆਂ ਤੋਂ ਕੱਢੇ ਹੋਏ ਚੌਂਕ ਚੌਰਾਹਿਆਂ ‘ਚ ਮੰਗਦੇ ਹਨ, ਇਹਨਾ ਦੇ ਰਹਿਣ ਲਈ ਥਾਂ ਨਹੀਂ ਝੁੱਗੀਆਂ ਝੌਪੜੀਆਂ ‘ਚ ਰੀਂਗ-ਰੀਂਗ ਮਰ ਜਾਂਦੇ ਹਨ। ਕੋਈ ਬਾਤ ਨਹੀਂ ਪੁੱਛਦਾ। ਪਰ ਮੈਂ ਇਹਨਾ ਦੀ ਆਵਾਜ਼ ਚੁੱਕ ਰਹੀ ਹਾਂ।
ਰੱਬ ‘ਤੇ ਕਿੰਨ੍ਹਾ ਕੁ ਗੁੱਸਾ ਆਉਂਦਾ?
ਉਹਦੀ ਰਜ਼ਾ ਹੈ। ਹੁਣ ਮੈਂ ਖੁਸ਼ ਹਾਂ। ਅੱਜ ਮੇਰੀ ਇੱਜ਼ਤ ਵੀ ਹੈ ਅਤੇ ਆਪਣੇ ਲੋਕਾਂ ਦੀ ਆਵਾਜ਼ ਵੀ ਚੁੱਕ ਰਹੀ ਹਾਂ। ਜੋ ਮੁਕਾਮ ਮੈਂ ਹਾਸਲ ਕਰ ਲਿਆ ਹੋ ਸਕਦਾ ਔਰਤ ਜਾਂ ਮਰਦ ਬਣ ਕੇ ਨਾ ਹਾਸਲ ਕਰ ਸਕਦੀ।
ਲੋਕਾਂ ਦਾ ਰਵੱਈਆ ਕਿਹੋ ਜਿਹਾ?
ਸਾਰੇ ਲੋਕ ਤਾਂ ਇੱਕੋ ਜਿਹੇ ਨਹੀਂ ਹੁੰਦੇ। ਬੁਰੇ ਵੀ ਬਹੁਤ ਮਿਲਦੇ। ਪਰ ਪੰਜਾਬ ‘ਚ ਲੋਕ ਸਾਡਾ ਸਤਿਕਾਰ ਵੀ ਕਰਦੇ ਕੁਝ ਤਾਂ ਇੱਜ਼ਤ ਨਾਲ ਪੈਂਰੀ ਹੱਥ ਵੀ ਲਾਉਂਦੇ ਨੇ।
ਗੁਰਦਾਸ ਕੈਮਰਾ ਚਲਾ ਰਿਹਾ ਸੀ, ਸਵਾਲ ਹੋ ਰਹੇ ਸੀ, ਮੋਹਨੀ ਦੇ ਜਵਾਬ ਰੂਹ ਨੂੰ ਮੋਹਦੇ, ਆਸੇ ਪਾਸੇ ਖੜੇ ਲੋਕ ਜੋ ਸਾਡੀ ਗੱਲ ਸੁਣਦੇ ਸੀ ਉਹਨਾਂ ‘ਚੋਂ ਇੱਕ ਨੇ ਕਿਹਾ, ‘ਕਿੰਨੇ ਉੱਚੇ ਵਿਚਾਰ ਨੇ, ਆਪਾਂ ਕਦੇ ਇਹਨਾ ਦੀ ਪੀੜ ਨਹੀਂ ਸਮਝੀ।’

ਕਿੰਨੀ ਪੀੜ ਚੁੱਕੀ ਫਿਰਦਾ ਇਹ ਅਧੂਰਾ ਇਨਸਾਨ ਕਿਵੇ ਸਮਰੱਥ ਹੋਇਆ ਆਪਣੇ ਸੁਪਨੇ ਪੂਰੇ ਕਰਨ ਦੇ, ਗੱਲ ਤਾਂ ਬਹੁਤ ਵੱਡੀ ਹੈ। ਪਰ ਇਸ ਪਾਸੇ ਨੂੰ ਇਹਨੇ ਕੁਝ ਹੀ ਕਦਮ ਪੁੱਟੇ ਹਨ ਸਫ਼ਰ ਵੀ ਬਹੁਤ ਵੱਡਾ। ਕੱਲਿਆਂ ਦਾ ਕਾਫਲਾ ਜਦੋਂ ਤੁਰਦਾ ਫਿਰ ਬਹੁਤ ਸਾਥੀ ਮਿਲ ਜਾਂਦੇ ਹਨ। 
ਅਸੀਂ -ਤੁਸੀ ਤਾਂ ਉਸ ਨੂੰ ਹੱਲਾਸ਼ੇਰੀ ਹੀ ਸਕਦੇ ਹਾਂ। ਸਾਡੀ ਹੱਲਾਸ਼ੇਰੀ ਨੇ ਉਸਨੂੰ ਥੱਕਣ ਅੱਕਣ ਨਹੀਂ ਦੇਣਾ, ਮੰਜਿ਼ਲ ਤਾਂ ਹਿੰਮਤ ਨਾਲ ਸਰ ਹੋਣੀ ਪਰ ਹੁਣ ਮੋਹਨੀ ਉਹ ਟੀਸੀ ‘ਤੇ ਨੇੜੇ ਪਹੁੰਚੀ ਪ੍ਰਤੀਤ ਹੁੰਦੀ। ਆਓ ਹੱਲਾਸ਼ੇਰੀ ਦੇ ਦੋ ਸ਼ਬਦ ਇਹ ਯੋਧੇ ਲਈ ਬੋਲੀਏ ਕਿ ਲੜਾਈਆਂ ਹਥਿਆਰਾਂ ਨਾਲ ਨਈਂ ਜਜਬਿਆਂ ਨਾਲ ਵੀ ਜਿੱਤੀਆਂ ਜਾਂਦੀਆਂ ਹਨ।

Sunday, 17 March 2019

ਮੈਂ ਧਰਤੀ ਦੇਸ ਪੰਜਾਬ ਦੀ, ਮੈਂ ਵੱਸਦੀ ਉੱਜੜ ਗਈ


ਕੁਝ ਲੋਕ ਗ਼ਲਤ ਥਾਂ ਤੇ ਜੰਮ ਪੈਂਦੇ ਨੇ ਤੇ ਫਿਰ ਏਸ ਗੱਲ ਦਾ ਹਾਵਾ ਉਹ ਸਾਰੀ ਉਮਰ ਭੋਗਦੇ ਨੇ ਇਨ੍ਹਾਂ ਵਿਚੋਂ ਇਕ ਬੰਦਾ ਗ਼ਫ਼ੂਰ ਖੈਹਿਰਾ ਵੀ ਏ। ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਦਾ ਪੂਰਾ ਜੱਟ ਏ। ਇਹਦੇ ਵਡਕੇ ਚੜ੍ਹਦੇ ਪੰਜਾਬ ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਹੱਸਨ ਭੱਟੀ ਦੇ ਰੱਜੇ ਪੁੱਜੇ ਜਿਮੀਂਦਾਰ ਸਨ। ਮੱਝਾਂ, ਗਾਂਵਾਂ, ਨੌਕਰ, ਚਾਕਰ, ਮੁਜ਼ਾਰੇ ਤੇ ਘਰ ਵਿਚ ਜਿਨਸਾਂ ਦੇ ਢਿੱਗ ਲੱਗੇ ਹੋਏ, ਕਿਸੇ ਚੀਜ਼ ਦੀ ਥੋੜ੍ਹ ਨਹੀਂ ਸੀ, ਖ਼ੁਸ਼ਹਾਲੀ ਪੱਕਾ ਡੇਰਾ ਲਾ ਕੇ ਬੈਠੀ ਸੀ। ਫ਼ਿਰ 47 ਵਾਲਾ ਹਨੇਰ ਆ ਗਿਆ ਤੇ ਖੈਹਿਰਾ ਦੇ ਟੱਬਰ ਨੂੰ ਉਜੜਨਾ ਪੇ ਗਿਆ ਤੇ ਇਹ ਟੱਬਰ ਰੁਲਦਾ ਰੁਲਾਉਂਦਾ ਪਾਕਿਸਤਾਨ ਅੱਪੜ ਗਿਆ। ਨਵਾਂ ਦੇਸ ਏਸ ਟੱਬਰ ਨੂੰ ਇੰਜ ਗੱਲ ਲਾਇਆ ਕਿ ਕੱਲ੍ਹ ਦੇ ਨਵਾਬ ਇਥੇ ਆ ਕੇ ਕੱਖੋਂ ਹੌਲੇ ਹੋ ਗਏ। ਏਸ ਦੇਸ ਵਿਚ ਇਨਸਾਫ਼ ਦਾ ਇੰਜ ਮੁੱਢ ਬਝਿਆ ਕਿ ਯੂ.ਪੀ. ਦੇ ਫ਼ਕੀਰ ਇਥੇ ਆ ਕੇ ਨਵਾਬ ਬਣ ਗਏ ਤੇ ਪੰਜਾਬੀ ਮਹਾਜਰ ਨਵਾਬੋਂ ਫ਼ਕੀਰ ਹੋ ਗਏ।
ਖੈਹਿਰੇ ਦੇ ਟੱਬਰ ਦੇ ਘਰ ਦਿਨ ਰਾਤ ਪਿੱਛੇ ਛੱਡ ਆਏ ਰੱਜ ਦੇ ਦਿਨਾਂ ਦੇ ਕਸੀਦਿਆਂ ਤੇ ਨਵੇਂ ਦੇਸ ਦੀਆਂ ਮਿਹਰਬਾਨੀਆਂ ਦੇ ਕੀਰਨਿਆਂ ਪੱਕੇ ਡੇਰੇ ਲਾ ਲਏ। ਇਨ੍ਹਾਂ ਕੀਰਨਿਆਂ ਵਿਚ ਪੰਜਾਬ ਦੀ ਵੰਡ ਕਰਨ ਵਾਲਿਆਂ ਨੂੰ ਨੰਗੀਆਂ ਗਾਹਲਾਂ ਤੇ ਬਦ ਦੁਆਵਾਂ ਦੀ ਤਾਂਨ ਹਮੇਸ਼ ਉੱਚੀ ਹੁੰਦੀ ਸੀ। ਗ਼ਫ਼ੂਰ ਖੈਹਿਰਾ ਇਸੇ ਕੁੜੱਤਣ ਦੀ ਗੁੜਤੀ ਲੈ ਕੇ ਜੰਮਿਆ ਤੇ ਇਹ ਕੁੜੱਤਣ ਉਹਨੂੰ ਇਕ ਚੁੜੇਲ ਵਾਂਗੂੰ ਚਿੰਬੜ ਗਈ। ਕਦੇ ਕਦੇ ਏਸ ਚੁੜੇਲ ਤੋਂ ਜਾਂਨ ਛੜਾਉਣ ਲਈ ਖੈਹਿਰਾ ਖ਼ਿਆਲਾਂ ਵਿਚ ਉਡਾਰੀ ਮਾਰ ਕੇ ਆਪਣੇ ਦਾਦੇ ਪੜਦਾਦੇ ਦੇ ਪਿੰਡ ਪਹੁੰਚ ਜਾਂਦਾ ਏ। ਇਹ ਉਡਾਰੀ ਉਹਦੇ ਲਈ ਇੰਜ ਈ ਹੁੰਦੀ ਏ ਜਿਵੇਂ ਕਿਸੇ ਪੀੜ ਨਾਲ਼ ਤੜਫਦੇ ਬੰਦੇ ਦੇ ਫੱਟਾਂ ਤੇ ਕਿਸੇ ਪੀੜ ਖਿੱਚ ਦਵਾਈ ਦਾ ਫੰਬਾ ਰੱਖਿਆ ਜਾਵੇ। ਖੈਹਿਰੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਫ਼ਨਾ ਆਪਣੇ ਦਾਦੇ ਪੜਦਾਦੇ ਦੇ ਪਿੰਡ ਜਾਣ ਦਾ ਏ। ਇਸੇ ਸੁਫ਼ਨੇ ਦੇ ਗਿਰਦ ਉਹਦੀ ਜ਼ਿੰਦਗੀ ਘੁੰਮਦੀ ਰਹਿੰਦੀ ਏ। ਜਦ ਕਦੇ ਉਹ ਓਥੇ ਜਾਣ ਦਾ ਸੋਚਦਾ ਏ ਤੇ ਉਹਨੂੰ ਹਨੇਰਾ ਦਿਸਦਾ ਏ।
ਵਾਹਗੇ ਦਾ ਬਾਡਰ ਪਾਰ ਕਰਨ ਦੀਆਂ ਦੋ ਈ ਸੂਰਤਾਂ ਨੇ ਇਕ ਤੇ ਉਹ ਕਿਸੇ ਪੀਰ ਫ਼ਕੀਰ ਦੀ ਕਬਰ ਤੇ ਮੱਥਾ ਘਸਾਉਣ ਲਈ ਜਾਵੇ, ਪਰ ਏਸ ਸੂਰਤ ਵਿਚ ਉਹ ਸਿਰਫ਼ ਉਸੇ ਮਜ਼ਾਰ ਤੱਕ ਮਹਿਦੂਦ ਹੋ ਕੇ ਰਹਿ ਜਾਵੇਗਾ ਤੇ ਆਪਣੇ ਪਿੰਡ ਨਹੀਂ ਜਾ ਸਕੇਗਾ, ਪਰ ਖੈਹਿਰੇ ਤੇ ਆਪਣੇ ਪਿਓ ਦਾਦੇ ਦੀ ਜੰਮਣ ਥਾਂ ਨੂੰ ਸਜਦਾ ਕਰਨ ਜਾਣਾ ਏ, ਉਹਨੇ ਪੀਰਾਂ ਫ਼ਕੀਰਾਂ ਦੇ ਮਜ਼ਾਰਾਂ ਨੂੰ ਢਾਊਣਾ ਏ। ਦੂਜੀ ਸੂਰਤ ਕਿਸੇ ਕਲਚਰਲ ਜਾਂ ਸਿਆਸੀ ਜੱਥੇ ਨਾਲ਼ ਜਾਣ ਦੀ ਏ। ਇਹ ਉਹਦੇ ਵੱਸ ਦੀ ਗੱਲ ਨਹੀਂ ਏ। ਉਹ ਨਾ ਤੇ ਕਿਸੇ ਸਿਆਸੀ ਪਾਰਟੀ ਦਾ ਚਹੇਤਾ ਲੀਡਰ ਏ ਤੇ ਨਾ ਈ ਕੋਈ ਸ਼ਾਇਰ ਅਦੀਬ ਤੇ ਕਲਾਕਾਰ ਏ। ਉਹ ਸਿੱਧਾ ਸਾਧਾ ਇਕ ਜੱਟ ਏ। ਇਹ ਸੋਚ ਕੇ ਉਹਦੀ ਕੁੜੱਤਣ ਵਿਚ ਹੋਰ ਵਾਧਾ ਹੋ ਜਾਂਦਾ ਏ ਕਿ ਉਹ ਇਕ ਆਮ ਸਾਧਾਰਣ ਬੰਦਾ ਏ। ਸਿਆਸੀ ਬੰਦਿਆਂ ਤੇ ਕਲਾਕਾਰਾਂ ਨੂੰ ਕਿਹੜੇ ਫੁੰਮਣ ਲੱਗੇ ਹੋਏ ਨੇ ਕਿ ਉਹ ਵਾਹਗਾ ਪਾਰ ਕਰ ਸਕਦੇ ਨੇ ਤੇ ਇਕ ਆਮ ਬੰਦਾ ਨਹੀਂ। ਇਕ ਸਿਆਸੀ ਬੰਦਾ ਤੇ ਕਲਾਕਾਰ ਵੀ ਤੇ ਬੰਦਾ ਏ। ਉਹਨੂੰ ਵਾਹਗਾ ਪਾਰ ਕਰਨ ਦਾ ਪਰਮਿਟ ਮਿਲ ਜਾਂਦਾ ਏ ਤੇ ਖੈਹਿਰੇ ਨੂੰ ਨਹੀਂ। ਕਿਉਂ? ਕੀ ਉਹਦੀ ਕੋਈ ਹੋਰ ਜੂਨ ਏ?
ਖਹਿਰੇ ਆਪਣੇ ਏਸ ਜੰਨੂਨ ਦਾ ਇਕ ਇਲਾਜ ਲੱਭਿਆ ਏ, ਉਹ ਕਦੇ ਕਦੇ ਸਾਹੀਵਾਲੋਂ ਤੁਰਦਾ ਏ ਤੇ ਵਾਹਗੇ ਬਾਡਰ ਅੱਪੜ ਜਾਂਦਾ ਏ। ਓਥੇ ਆ ਕੇ ਉਹ ਵਿਰਾਗੀਆਂ ਤੇ ਤਰਸੀਆਂ ਅੱਖਾਂ ਨਾਲ਼ ਦੂਜੇ ਪਾਸੇ ਦਿਸਦੇ ਹਿੰਦੂਆਂ ਸਿੱਖਾਂ ਨੂੰ ਉੰਨਾਂ ਚਿਰ ਦੇਖਦਾ ਰਹਿੰਦਾ ਏ, ਜਦ ਤੱਕ ਕੇ ਛੀਕੜੀ ਬੰਦਾ ਉਹਦੀਆਂ ਅੱਖਾਂ ਤੋਂ ਉਹਲੇ ਨਹੀਂ ਹੋ ਜਾਂਦਾ। ਮੈਂ ਗੁਲਸ਼ਨ ਦਿਆਲ ਨੂੰ ਬਾਬੇ ਬੁਲ੍ਹੇ ਸ਼ਾਹ ਦੇ ਦਰਬਾਰ ਤੇ ਲੈ ਜਾਣ ਲਈ ਕਸੂਰ ਚਲਿਆ ਤੇ ਖੈਹਿਰਾ ਮੇਰੇ ਖਿਹੜੇ ਪੈ ਗਿਆ, ਕਹਿਣ ਲੱਗਾ: ”ਸੱਰ ਮੈਂ ਤੁਹਾਡੇ ਨਾਲ਼ ਜਾਣਾ ਏ। ਗੱਡੀ ਮੈਂ ਚਲਾਵਾਂਗਾ”। ਕਸੂਰ ਦੇ ਨੇੜੇ ਅੱਪੜੇ ਤੇ ਖੈਹਰੇ ਕਿਹਾ: ”ਸਰ ਅਸੀਂ ਕਸੂਰ ਤੇ ਅੱਪੜ ਗਏ ਹਾਂ। ਬਾਬੇ ਬੁਲ੍ਹੇ ਸ਼ਾਹ ਦੇ ਦਰਬਾਰ ਤੇ ਤਾਂ ਅਸੀਂ ਕਿਸੇ ਵੇਲੇ ਵੀ ਜਾ ਸਕਦੇ ਹਾਂ ਪਰ ਏਸ ਵੇਲੇ ਗੰਡਾ ਸਿੰਘ ਵਾਲਾ ਬਾਡਰ ਤੇ ਪਰੇਡ ਦਾ ਵੇਲ਼ਾ ਏ। ਚਲੋ ਗੁਲਸ਼ਨ ਜੀ ਨੂੰ ਪਹਿਲੇ ਉਹ ਦਿਖਾ ਲਿਆਈਏ “। ਮੈਂ ਏਸ ਪਰੇਡ ਦੀਆਂ ਨਫ਼ਰਤ ਪਾਲ਼ ਤਸਵੀਰਾਂ ਇੰਟਰਨੈੱਟ ਤੇ ਦੇਖੀਆਂ ਹੋਈਆਂ ਸਨ ਤੇ ਸਵੀਡਨ ਦੇ ਮਾਡਰਨ ਸਮਾਜ ਵਿਚ ਬੈਠ ਕੇ ਮੈਂ ਪੱਥਰ ਦੇ ਜ਼ਮਾਨੇ ਦੇ ਏਸ ਥੇਟਰ ਤੇ ਹੱਸਦਾ ਹੁੰਦਾ ਸਾਂ। ਕਾਰ ਹਾਲੇ ਪਰੇਡ ਦੀ ਥਾਂ ਤੋਂ ਕਾਫ਼ੀ ਦੂਰ ਸੀ ਜੇ ਬੰਦਿਆਂ ਦਾ ਰੌਲ਼ਾ ਸੁਣਨ ਲੱਗ ਪਿਆ। ਇਹ ਰੌਲ਼ਾ ਮੱਸਲਸਲ ਸੀ। ਮੈਂ ਹੈਰਾਨ ਹੋ ਕੇ ਖੈਹਰੇ ਕੋਲੋਂ ਪੁੱਛਿਆ: ”ਇਹ ਰੌਲ਼ਾ ਕਾਹਦਾ ਏ”? ”ਪਰੇਡ ਦੇਖਣ ਵਾਲੇ ਰੌਲ਼ਾ ਪਾ ਰਹੇ ਨੇ” ਖੈਹਰੇ ਜਵਾਬ ਦਿੱਤਾ। ਜੱਜ ਹੋਣ ਦੇ ਨਾਤੇ ਮੈਨੂੰ ਪ੍ਰੋਟੋਕੋਲ ਦਿੱਤਾ ਗਿਆ ਤੇ ਮੈਨੂੰ ਪਰੇਡ ਦੇਖਣ ਆਏ ਵੀ. ਆਈ. ਪੀ. ਲਈ ਡਾਹੀਆਂ ਕੁਰਸੀਆਂ ਉੱਤੇ ਅੱਗੇ ਬੈਠਾ ਦਿੱਤਾ ਗਿਆ। ਇਹ ਦੋ ਹਿੱਸਿਆਂ ਤੇ ਦੋ ਨਾਂਵਾਂ ਵਿਚ ਵੰਡਿਆ ਹੋਇਆ ਸੀ, ਹਿੰਦੁਸਤਾਨ ਵਿਚ ਇਹਦਾ ਨਾਂ ਹੁਸੈਨੀਵਾਲਾ ਤੇ ਪਾਕਿਸਤਾਨ ਵਿਚ ਇਹਦਾ ਨਾਂ ਗੰਡਾ ਸਿੰਘ ਵਾਲਾ ਸੀ ਇਹ ਬੜੀ ਹੈਰਾਨੀ ਦੀ ਗੱਲ ਸੀ ਪਾਕਿਸਤਾਨ ਜਿਥੇ ਹਰ ਹਿੰਦੂ ਸਿੱਖ ਦੇ ਨਾਂ ਤੇ ਰੱਖੇ ਕਿਸੇ ਗਲੀ, ਮੁਹੱਲੇ, ਸਕੂਲ, ਕਾਲਜ,ਹਸਪਤਾਲ, ਰੇਲਵੇ ਸਟੇਸ਼ਨ, ਪਿੰਡ, ਥਾਂ ਦਾ ਨਾਂ ਬਦਲ ਕੇ ਕਿਸੇ ਅਰਬੀ ਮੁਸਲਮਾਨ “ਹੀਰੋ” ਜਾਂ ਯੂ.ਪੀ. ਦੀ ਕਿਸੇ ਮੁਸਲਮਾਨ ਸ਼ਖ਼ਸੀਅਤ ਦੇ ਨਾਂ ਤੇ ਰੱਖ ਦਿੱਤਾ ਗਿਆ ਏ ਓਥੇ ਏਸ ਬਾਡਰ ਦਾ ਨਾਂ ਹਾਲੇ ਵੀ ਇਕ ਸਿੱਖ ਗੰਡਾ ਸਿੰਘ ਦੇ ਨਾਂ ਤੇ ਸੀ। ਪਰੇਡ ਦੀ ਇਹ ਥਾਂ ਇਕ ਚਿੱਟੀ ਲਕੀਰ ਰਾਹੀਂ ਦੋ ਦੇਸਾਂ ਵਿਚ ਵੰਡ ਦਿੱਤੀ ਗਈ ਸੀ। ਏਸ ਲਕੀਰ ਦੇ ਦੋਨਾਂ ਪਾਸੇ ਬੈਠੇ ਬੰਦੇ ਏਨੇ ਨੇੜੇ ਸਨ ਜੇ ਵਿਚੋਂ ਇਹ ਲਕੀਰ ਕੱਢ ਦਿੱਤੀ ਜਾਵੇ ਤੇ ਇਹ ਬੰਦੇ ਇਕੱਠੇ ਬੈਠੇ ਲੱਗਣਗੇ । ਏਸ ਲਕੀਰ ਨੇ ਇਕ ਦੂਜੇ ਤੋਂ ਮਸਾਂ ਦੋ ਫੁੱਟ ਦੀ ਵਿੱਥ ਤੇ ਬੈਠੇ ਬੰਦਿਆਂ ਨੂੰ ਹਿੰਦੁਸਤਾਨੀ ਤੇ ਪਾਕਿਸਤਾਨੀ ਬਣਾ ਦਿੱਤਾ ਸੀ। ਜਦ ਕੇ ਜੇ ਵਿਚੋਂ ਢਾਈ ਟੋਟਰੂ ਪੱਗਾਂ ਵਾਲਿਆਂ ਸਿੱਖਾਂ ਨੂੰ ਕੱਢ ਦਿੱਤਾ ਜਾਂਦਾ ਤੇ ਇਨ੍ਹਾਂ ਹਿੰਦੋਸਤਾਨੀਆਂ ਤੇ ਪਾਕਿਸਤਾਨੀਆਂ ਦੀ ਥਾਂ ਬਦਲ ਦਿੱਤੀ ਜਾਂਦੀ ਤਾਂ ਭੋਰਾ ਵੀ ਫ਼ਰਕ ਨਹੀਂ ਸੀ ਲੱਗਣਾ। ਕਿਉਂ ਜੇ ਇਕੋ ਰੰਗ, ਮੁਹਾਂਦਰਾ, ਬੋਲੀ ਤੇ ਉੱਠਣ ਬੈਠਣ। ਇਹ ਕੋਈ ਅੰਚਭੇ ਵਾਲੀ ਗੱਲ ਨਹੀਂ ਏ। ਦੋਹਵਾਂ ਪਾਸੇ ਪੰਜਾਬੀ ਸਨ। ਇਕੋ ਮੁੱਢ, ਇਕੋ ਪਿਓ ਦਾਦਾ, ਇਕੋ ਖ਼ੂਨ ਪਰ ਏਸ ਲੀਕ ਦੇ ਦੋਹਾਂ ਪਾਸੇ ਇਨ੍ਹਾਂ ਪੰਜਾਬੀਆਂ ਕੋਲੋਂ ਉਨ੍ਹਾਂ ਦਾ ਮੁੱਢ ਤੇ ਪਹਿਚਾਣ ਖੋਹ ਕੇ ਉਨ੍ਹਾਂ ਨੂੰ ਭਾਰਤੀ ਤੇ ਪਾਕਿਸਤਾਨੀ ਬਣਾ ਦਿੱਤਾ ਗਿਆ ਸੀ।
ਥੇਟਰ ਚਾਲੂ ਸੀ। ਵਾਰੀ ਵਾਰੀ ਭਾਰਤੀ ਤੇ ਪਾਕਿਸਤਾਨੀ ਫ਼ੌਜਾਂ ਦੇ ਸਿਪਾਹੀ ਪਰੇਡ ਕਰ ਰਹੇ ਸਨ। ਪਾਕਿਸਤਾਨੀ ਪਾਸੇ ਦੀ ਫ਼ੌਜੀਆਂ ਮਲੈਸ਼ੀਏ ਦੀ ਸ਼ਲਵਾਰ ਕਮੀਜ਼ ਨਾਲ਼ ਉੱਚਾ ਜਿਹਾ ਕੁੱਲਾ ਪਾਯਾ ਹੋਇਆ ਸੀ। ਇਹ ਬੰਦੇ ਚੁਣ ਕੇ ਲਿਆਂਦੇ ਗਏ ਸਨ। ਸਭ ਦੇ ਕੱਦ ਘੱਟੋ ਘੱਟ ਸੱਤ ਫੁੱਟ ਤੇ ਜੁੱਸੇ ਦੇ ਮੋਟੇ ਡਾਢੇ। ਮੂੰਹ ਤੇ ਨਿੱਕੀਆਂ ਨਿੱਕੀਆਂ ਦਾੜ੍ਹੀਆਂ ਤੇ ਤਾਅ ਦਿੱਤੀਆਂ ਮੁੱਛਾਂ। ਪਰੇਡ ਕਰਦੇ ਇਹ ਸਿਪਾਹੀ ਬੰਦਿਆਂ ਦੀ ਥਾਂ ਪਸ਼ੂ ਬਹੁਤੇ ਲਗਦੇ ਸਨ ਇਨ੍ਹਾਂ ਆਪਣੇ ਬੂਟਾਂ ਥੱਲੇ ਘੋੜਿਆਂ ਦੀਆਂ ਖਰੀਆਂ ਵਰਗੀਆਂ ਖਰੀਆਂ ਲੁਆਈਆਂ ਹੋਈਆਂ ਸਨ ਪਈ ਜਦ ਕਿਸੇ ਪਾਸੇ ਦਾ ਕੋਈ ਸਿਪਾਹੀ ਇਹ ਘੋੜੇ ਵਾਂਗੂੰ ਜ਼ਮੀਨ ਤੇ ਪੌੜ ਮਾਰੇ ਤੇ ਜ਼ੋਰ ਦਾ ਖੜਾਕ ਹੋਵੇ। ਜਿਹੜਾ ਸਿਪਾਹੀ ਵੀ ਜਿੰਨਾ ਵੱਧ ਖੜਾਕ ਕਰਦਾ ਸੀ ਉਹਦੇ ਪਾਸੇ ਬੈਠੇ ਤਮਾਸ਼ਬੀਨ ਉੰਨੇ ਈ ਜ਼ੋਰ ਨਾਲ਼ ਤਾੜੀਆਂ ਮਾਰਦੇ ਤੇ ਰੌਲ਼ਾ ਪਾਉਂਦੇ। ਕਦੇ ਇਹ ਸਿਪਾਹੀ ਲੜਾਈ ਵਾਲੇ ਕੁੱਤਿਆਂ ਵਾਂਗੂੰ ਲਗਦੇ ਸਨ- ਜਿਵੇਂ ਹਰ ਮਾਲਿਕ ਆਪਣੇ ਕੁੱਤੇ ਨੂੰ ਲੜਾਉਣ ਤੋਂ ਪਹਿਲਾਂ ਉਹਨੂੰ ਗਰਮ ਕਰਦਾ ਏ, ਉਹ ਉਹਨੂੰ ਥਾਪੀਆਂ ਦਿੰਦਿਆਂ ਹੋਇਆਂ ਹੱਲਾ ਸ਼ੇਰੀ ਦਿੰਦਾ ਤੇ ਅੱਗੋਂ ਕੁੱਤਾ ਘੁਰਦਾ ਤੇ ਭੌਂਕਦਾ ਏ ਤੇ ਫਿਰ ਮਾਲਿਕ ਕੋਲੋਂ ਛੁੱਟ ਕੇ ਅਗਲੇ ਕੁੱਤੇ ਦੇ ਗਲ ਪੈਣ ਲਈ ਜ਼ੋਰ ਮਾਰਦਾ। ਜਦ ਉਹਦੀ ਸੰਗਲੀ ਖੁੱਲ ਜਾਂਦੀ ਏ, ਤੇ ਉਹ ਬਿਜਲੀ ਵਾਂਗੂੰ ਭੱਜ ਕੇ ਵਿਰੋਧੀ ਕੁੱਤੇ ਦੇ ਜਾ ਕੇ ਇੰਜ ਗੱਲ ਪੈਂਦਾ ਏ ਜਿਵੇਂ ਉਹਨੇ ਉਹਨੂੰ ਕੱਚਿਆਂ ਖਾ ਜਾਣਾ ਹੋਵੇ, ਇਹੋ ਹਾਲ ਇਨ੍ਹਾਂ ਫ਼ੌਜੀਆਂ ਦਾ ਸੀ। ਇਹ ਪਰੇਡ ਕਰਦੇ ਲੀਕ ਦੇ ਨੇੜੇ ਜਾਣ ਤੋਂ ਪਹਿਲਾਂ ਆਕੜ ਕੇ ਖਲੋਂਦੇ, ਅੱਖਾਂ ਵਿਚ ਨਫ਼ਰਤ ਤੇ ਗ਼ੁੱਸੇ ਦੀ ਅੱਗ ਭਰਦੇ, ਕਚੀਚੀ ਵੱਟਦੇ ਸਿਰ ਨੂੰ ਹਿਲਾਉਂਦੇ, ਆਕੜੀਆਂ ਮੁੱਛਾਂ ਨੂੰ ਤਾਅ ਦਿੰਦੇ, ਉਸ ਵੇਲੇ ਇਨ੍ਹਾਂ ਦੀਆਂ ਇਹ ਮੁੱਛਾਂ ਗ਼ੁੱਸੇ ਵਿਚ ਆਏ ਕੁੱਤੇ ਦੀ ਵੱਟਦਾਰ ਪੂਛ ਵਾਂਗੂੰ ਲਗਦੀਆਂ। ਫ਼ਿਰ ਇਹ ਲੋਹੇ ਦੀਆਂ ਖੁਰੀਆਂ ਲੱਗੇ ਬੂਟਾਂ ਨੂੰ ਜ਼ੋਰ ਜ਼ੋਰ ਨਾਲ਼ ਪੱਕੀ ਸੜਕ ਤੇ ਮਾਰਦੇ ਹੋਏ ਲੀਕ ਵੱਲ ਜਾਂਦੇ। ਲੀਕ ਕੋਲ਼ ਜਾ ਕੇ ਇਨ੍ਹਾਂ ਦਾ ਸਾਰਾ ਸਰੀਰ ਨਫ਼ਰਤ ਬਣ ਜਾਂਦਾ, ਜਿਹੜੇ ਹਰ ਅੰਗ ਚੋਂ ਨਫ਼ਰਤ ਦੇ ਫ਼ਵਾਰੇ ਫੁੱਟਦੇ। ਇਨ੍ਹਾਂ ਦੀ ਛਾਤੀ, ਛਾਤੀ ਨਹੀਂ ਸੀ ਰਹਿੰਦੀ ਸਗੋਂ ਨਫ਼ਰਤ ਦਾ ਤੰਦੂਰ ਬਣ ਜਾਂਦਾ। ਨਾਸਾਂ ਵਿਚੋਂ ਅੱਗ ਨਿਕਲਦੀ ਮਹਿਸੂਸ ਹੁੰਦੀ, ਹੋਂਠ ਤੇ ਗੱਲ੍ਹਾਂ ਦੇ ਪੱਠੇ ਫੜਕਦੇ। ਫਿਰ ਇਹ ਜਾ ਕੇ ਲੀਕ ਤੇ ਇਕ ਦੂਜੇ ਸਾਮ੍ਹਣੇ ਖਲੋ ਜਾਂਦੇ ਤੇ ਕੁੱਝ ਦੇਰ ਇਕ ਦੂਜੇ ਨੂੰ ਇੰਜ ਘੂਰਦੇ, ਜਿਵੇਂ ਇਨ੍ਹਾਂ ਹੁਣੇ ਇਕ ਦੂਜੇ ਨੂੰ ਕੱਚਿਆਂ ਖਾ ਜਾਣਾ ਹੋਵੇ ਪਰ ਵਿੱਚ ਲੀਕ ਆ ਜਾਂਦੀ। ਜਦ ਇਕ ਪਾਸੇ ਦਾ ਸਿਪਾਹੀ ਨਫ਼ਰਤ ਦਾ ਇਹ ਡਰਾਮਾ ਖੇਡ ਰਿਹਾ ਹੁੰਦਾ ਸੀ ਤੇ ਉਹਦੇ ਪਾਸੇ ਬੈਠੇ ਤਮਾਸ਼ਬੀਨ ਉਹਨੂੰ ਹੱਲਾ ਸ਼ੇਰੀ ਦੇਣ ਲਈ ਜ਼ੋਰ ਜ਼ੋਰ ਦੀ ਤਾੜੀਆਂ ਮਾਰਦੇ ਤੇ ਰੱਜ ਕੇ ਰੌਲ਼ਾ ਪਾਉਂਦੇ ਤੇ ਦੂਜੇ ਪਾਸੇ ਬੈਠੇ ਤਮਾਸ਼ਬੀਨ ਹੂਟਿੰਗ ਕਰਦੇ ਤੇ ਹੱਥ ਦੇ ਅੰਗੂਠੇ ਨਾਲ਼ ਜ਼ਮੀਨ ਵੱਲ ਇਸ਼ਾਰਾ ਕਰਦੇ ਅਤੇ ਦੂਜੇ ਪਾਸੇ ਤੋਂ ਵੀ ਵੱਧ ਕੇ ਰੌਲ਼ਾ ਪਾਉਂਦੇ ਕਦੇ ਰਲ਼ ਕੇ ਨਾ ਬਹਿਣ ਦਿਓ। ਚਲੋ ਇਹ ਗੱਲ ਤੇ ਸਮਝ ਲੱਗ ਗਈ ਪਰ ਇਹ ਤਮਾਸ਼ਬੀਂਨ ਕੌਣ ਨੇ ਤੇ ਏਸ ਅਖਾੜੇ ਨੂੰ ਰੋਜ਼ ਭਖਾਉਣ ਲਈ ਕਿਉਂ ਆਉਂਦੇ ਨੇ?
ਅਸਲ ਵਿਚ ਤੇ ਨਫ਼ਰਤ ਦੇ ਏਸ ਅਖਾੜੇ ਦਾ ਪ੍ਰਬੰਧ ਕਰਨ ਵਾਲੀਆਂ ਦੋਨਾਂ ਦੇਸਾਂ ਦੀਆਂ ਸਰਕਾਰਾਂ ਨਹੀਂ ਹਨ ਸਗੋਂ ਇਹੋ ਤਮਾਸ਼ਬੀਨ ਨੇ। ਇਹ ਪੰਜਾਬੀ ਨੇ ਜੋ ਏਸ ਨਫ਼ਰਤ ਰਾਹੀਂ ਅੱਜ ਤੱਕ ਇਕ ਦੂਜੇ ਦੇ ਲੱਖਾਂ ਬੰਦੇ ਮਾਰ ਚੁੱਕੇ ਨੇ, ਇਹ ਲੱਖਾਂ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਚੁੱਕੇ ਨੇ, ਇਨ੍ਹਾਂ ਕਈ ਵਾਰ ਇਕ ਦੂਜੇ ਦੇ ਘਰਾਂ ਨੂੰ ਅੱਗਾਂ ਲਾਈਆਂ। ਇਨ੍ਹਾਂ ਦੁੱਧ ਪੀਂਦੇ ਬਾਲਾਂ ਦੀ ਲੱਤ ਤੇ ਲੱਤ ਰੱਖ ਕੇ ਉਨ੍ਹਾਂ ਨੂੰ ਜੀਂਦਿਆਂ ਚੀਰ ਦਿੱਤਾ। ਇਨ੍ਹਾਂ ਦੇ ਮਾਜ਼ੀ ਨੂੰ ਦੇਖ ਕੇ ਇਨਸਾਨ ਤੇ ਇਨਸਾਨ, ਪਸ਼ੂ ਵੀ ਸ਼ਰਮ ਖਾਂਦੇ ਨੇ। ਮੈਂ ਵੰਡ ਵਿਚ ਹੋਇਆਂ ਖ਼ੂਨ ਖ਼ਰਾਬਿਆਂ ਬਾਰੇ ਅਕਸਰ ਸੋਚਦਾ ਹੁੰਦਾ ਸਾਂ ਕਿ ਇਕ ਪੰਜਾਬੀ ਨੇ ਆਪਣੇ ਗੁਆਂਢੀ ਤੇ ਪੱਗਵੱਟ ਭਰਾ ਨੂੰ ਕਿਵੇਂ ਬਰਛਾ ਮਾਰਿਆ ਹੋਵੇਗਾ। ਅੱਜ ਇਹ ਸੀਨ ਦੇਖ ਕੇ ਮੈਨੂੰ ਲੱਗਾ ਕਿ ਕੱਲ੍ਹ ਦੀ ਗੱਲ ਤੇ ਦੁਰ ਰਹਿ ਗਈ, ਪੰਜਾਬੀ ਤੇ ਅੱਜ ਵੀ ਆਪਣੇ ਪੱਗਵੱਟ ਭਰਾ ਨੂੰ ਬਰਛਾ ਮਾਰ ਸਕਦਾ ਏ। ਅੱਜ ਵੀ ਧੀਆਂ ਭੈਂਣਾਂ ਦੀ ਇੱਜ਼ਤ ਲੁੱਟ ਸਕਦਾ ਏ। ਇਹ ਆਪਣੀ ਧਰਤੀ ਮਾਂ ਪੰਜਾਬ ਦੇ ਕਿੰਨੇ ਟੋਟੇ ਕਰਾ ਚੁੱਕੇ ਨੇ ਤੇ ਹਾਲੇ ਖ਼ੋਰੇ ਕਿੰਨੇ ਟੋਟੇ ਹੋਰ ਕਰਾਉਣੇਗੇ। ਇਹ ਆਪਣੀ ਪਛਾਣ ਗੰਵਾ ਚੁੱਕੇ ਨੇ ਪਰ ਇਨ੍ਹਾਂ ਤੋਂ ਵੱਡਾ ਆਪਣੇ ਆਪ ਦਾ ਤੇ ਆਪਣੀ ਕੌਮ ਦਾ ਦੁਸ਼ਮਣ ਸ਼ਾਇਦ ਈ ਕੋਈ ਹੋਵੇ।
ਗੁਲਸ਼ਨ ਦਿਆਲ ਮੇਰੇ ਨਾਲ਼ ਦੀ ਕੁਰਸੀ ਤੇ ਚੁੱਪ ਤੇ ਉਦਾਸ ਬੈਠੀ ਸੀ ਉਹ ਜਦੋਂ ਦੀ ਲਹਿੰਦੇ ਪੰਜਾਬ ਆਈ ਸੀ ਲੋਕਾਂ ਉਹਨੂੰ ਸਿੱਖ ਹੋਣ ਦੇ ਨਾਤੇ ਕਮਲਿਆਂ ਵਾਂਗ ਪਿਆਰ ਕੀਤਾ ਸੀ। ਭਾਂਵੇਂ ਉਹ ਸਿੱਖ ਸੀ ਪਰ ਅੱਜ ਉਹ ਏਸ ਪਾਸੇ ਬੈਠੀ ਸੀ ਤੇ ਏਸ ਪਾਰੋਂ ਲੀਕ ਦੇ ਦੂਜੇ ਪਾਸੇ ਬੈਠੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਨਫ਼ਰਤ ਦਾ ਨਿਸ਼ਾਨਾ ਉਹ ਵੀ ਸੀ। ਕਿੰਨੀ ਅਜੀਬ ਗੱਲ ਹੋਵੇ ਜੇ ਇਹੋ ਗੁਲਸ਼ਨ ਦਿਆਲ ਕੱਲ੍ਹ ਦੂਜੇ ਪਾਸੇ ਬੈਠ ਕੇ ਏਸ ਪਾਸੇ ਨਫ਼ਰਤ ਦੇ ਝੱਖੜ ਦੇ ਬੁੱਲੇ ਘੱਲੇ ਪਰ ਇਹ ਅਜੀਬ ਗੱਲ ਰੋਜ਼ ਹੁੰਦੀ ਏ। ਗੁਲਸ਼ਨ ਦਿਆਲ ਕੋਈ ਇਕੱਲੀ ਸਿੱਖ ਨਹੀਂ ਏ, ਜੋ ਏਸ ਪਾਸਿਓਂ ਪਿਆਰ ਦਾ ਖ਼ਜ਼ਾਨਾ ਲੈ ਕੇ ਪਰਤੀ ਇਹੋ ਜਿਹੇ ਹੋਰ ਵੀ ਲੱਖਾਂ ਸਿਖ ਤੇ ਹਿੰਦੂ ਨੇ। ਸਿਰਫ਼ ਸਿੱਖ ਈ ਨਹੀਂ ਸਗੋਂ ਲੈਂਹਦੇ ਪੰਜਾਬ ਵਿਚ ਵੀ ਅਜਿਹੇ ਹਜ਼ਾਰਾਂ ਮੁਸਲਮਾਨ ਪੰਜਾਬੀ ਹੋਣਗੇ ਜੋ ਚੜ੍ਹਦੇ ਪੰਜਾਬ ਚੋਂ ਪਿਆਰ ਦੀ ਸੌਗ਼ਾਤ ਲੈ ਕੇ ਮੁੜੇ। ਨਫ਼ਰਤ ਦੇ ਏਸ ਥੇਟਰ ਦੇ ਦੋਨਾਂ ਪਾਸੇ ਅੱਜ ਅਜਿਹੇ ਸਿੱਖ ਹਿੰਦੂ ਤੇ ਮੁਸਲਮਾਨ ਵੀ ਬੈਠੇ ਹੋਣਗੇ ਜੋ ਸਭ ਕੁਝ ਭੁਲ ਕੇ ਨਫ਼ਰਤ ਦੇ ਪੁਜਾਰੀ ਬਣ ਗਏ ਨੇ। ਇਨ੍ਹਾਂ ਨੂੰ ਸ਼ਰਮ ਨਾਲ਼ ਛੂਣੀ (lid) ਵਿਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਏ। ਇਹ ਗਲ ਸੋਚ ਕੇ ਮੈਨੂੰ ਕੁਲਦੀਪ ਨਈਅਰ ਤੇ ਉਹਦੇ ਉਹ ਸਾਥੀ ਯਾਦ ਆਏ ਜੋ ਸਾਲ ਵਿਚ ਇਕ ਵਾਰ ਵਾਹਗੇ ਬਾਡਰ ਤੇ ਬੱਤੀਆਂ ਬਾਲਣ ਆਉਂਦੇ ਨੇ ਤੇ ਹਿੰਦੁਸਤਾਨੀ ਮੀਡੀਆ ਉਨ੍ਹਾਂ ਦੀ ਇਹ ਖ਼ਬਰ ਚਮਕਾ ਕੇ ਲਾਉਂਦਾ ਏ ਫ਼ਿਰ ਪੂਰਾ ਸਾਲ ਚੁੱਪ ਦਾ ਰਾਜ ਹੁੰਦਾ ਏ, ਪਰ ਇਥੇ ਪਿਆਰ ਦੇ ਇਹ ਦੀਵੇ ਬੁਝਾ ਕੇ ਨਫ਼ਰਤ ਦਾ ਹਨੇਰਾ ਸਾਲ ਦੇ ਤਿੰਨ ਸੌ ਪੈਂਠ ਦਿਨ ਖਿਲਾਰਿਆ ਜਾਂਦਾ ਏ। ਕੀ ਕੁਲਦੀਪ ਨਈਅਰ ਤੇ ਉਹਦੇ ਸਾਥੀਆਂ ਨੂੰ ਇਹ ਸਭ ਕੁਝ ਨਜ਼ਰ ਨਹੀਂ ਆਉਂਦਾ? ਕਿੱਥੇ ਗਏ ਨੇ ਉਹ ਰਮੇਸ਼ ਯਾਦਿਓ, ਸੰਧੂ ਤੇ ਉਹਦੇ ਸਾਥੀ ਜੋ ਰਾਜਾ ਪੋਰਸ ਮੇਲ਼ਾ ਲਾਉਂਦੇ ਨੇ? ਕਿੱਥੇ ਗਿਆ ਏ ਜੱਸੋਵਾਲ ਜੋ ਪਿਆਰ ਦੇ ਮੇਲੇ ਲਵਾਉਂਦਾ ਏ? ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਡਰ ਹੋਰ ਦੇਸਾਂ ਨਾਲ਼ ਵੀ ਲਗਦੇ ਨੇ ਪਰ ਕਦੇ ਵੀ ਪਾਕਿਸਤਾਨ ਤੇ ਚੀਨ ਦੇ ਬਾਡਰ, ਪਾਕਿਸਤਾਨ ਤੇ ਈਰਾਨ ਦੇ ਬਾਡਰ ਅਤੇ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਬਾਡਰ ਤੇ ਨਫ਼ਰਤ ਦਾ ਇਹ ਥੇਟਰ ਨਹੀਂ ਲਾਇਆ ਜਾਂਦਾ। ਇਹੋ ਹਾਲ ਹਿੰਦੁਸਤਾਨ ਦਾ ਏ ਭਾਰਤ ਤੇ ਬੰਗਲਾ ਦੇਸ਼ ਦੇ ਬਾਡਰ, ਭਾਰਤ ਤੇ ਨੇਪਾਲ ਦੇ ਬਾਡਰ, ਭਾਰਤ ਤੇ ਬਰਮਾ ਦੇ ਬਾਡਰ ਤੇ ਇਹ ਥੇਟਰ ਨਹੀਂ ਲਗਦਾ। ਭਾਰਤ ਤੇ ਚੀਨ ਭਾਂਵੇਂ ਦੁਸ਼ਮਣ ਦੇਸ ਨੇ ਪਰ ਓਥੇ ਵੀ ਇਹ ਥੇਟਰ ਨਹੀਂ ਲਗਦਾ। ਹੋਰ ਤੇ ਹੋਰ ਪਾਕਿਸਤਾਨ ਤੇ ਭਾਰਤ ਦੇ (ਸਿੰਧ ਤੇ ਰਾਜਸਤਾਨ ਵਾਲੇ) ਬਾਡਰ ਤੇ ਕੋਈ ਸਿੰਧੀ ਤੇ ਰਾਜਸਥਾਨੀ ਨਫ਼ਰਤ ਦੇ ਏਸ ਥੇਟਰ ਦਾ ਤਮਾਸ਼ਬੀਨ ਬਣ ਕੇ ਨਹੀਂ ਆਉਂਦਾ।
ਮੈਂ ਸਾਰੀ ਜ਼ਿੰਦਗੀ ਇੰਟਰਨੈਸ਼ਨਲ ਪੱਖੀ ਵਾਸ ਰਿਹਾ ਆਂ। ਬਾਡਰਾਂ ਤੇ ਝੰਡੇ ਚੜ੍ਹਦੇ ਵੀ ਨੇ ਤੇ ਲੈਂਦੇ ਵੀ ਦੇਖੇ ਨੇ ਪਰ ਮੈਂ ਕਿਸੇ ਹੋਰ ਦੇਸ ਵਿਚ ਇਹ ਥੇਟਰ ਨਹੀਂ ਦੇਖਿਆ, ਹੋਰ ਤੇ ਹੋਰ ਕੋਰੀਆ ਜੋ ਪੰਜਾਬ ਤਰਾਂ ਵੰਡਿਆ ਹੋਇਆ ਏ ਤੇ ਦੱਖਣੀ ਤੇ ਉੱਤਰੀ ਕੋਰੀਆ ਇਕ ਦੂਜੇ ਦੇ ਦੁਸ਼ਮਣ ਵੀ ਨੇ, ਪਰ ਉਨ੍ਹਾਂ ਦੇ ਬਾਡਰ ਤੇ ਇਹੋ ਜਿਹਾ ਕੋਈ ਥੇਟਰ ਨਹੀਂ ਲਗਦਾ। ਕਬਰਸ ਨੂੰ ਇਸਲਾਮ ਤੇ ਈਸਾਈ ਵੰਡ ਰਾਹੀਂ ਵੰਡ ਦਿੱਤਾ ਗਿਆ ਏ ਓਥੇ ਵੀ ਇਹ ਨਹੀਂ ਹੁੰਦਾ। ਜਰਮਨੀ ਨੂੰ ਬਰਲਿਨ ਕੰਧ ਰਾਹੀਂ ਵੰਡ ਦਿੱਤਾ ਗਿਆ ਸੀ ਪਰ ਕੰਧ ਦੇ ਦੋਨਾਂ ਪਾਸੇ ਵਸਦੇ ਜਰਮਨ ਇਕ ਦੂਜੇ ਵੱਲ ਨਫ਼ਰਤ ਨਾਲ਼ ਨਹੀਂ ਸਨ ਦੇਖਦੇ ਸਗੋਂ, ਉਨ੍ਹਾਂ ਦੀਆਂ ਅੱਖਾਂ ਵਿਚ ਵੈਰਾਗ ਤੇ ਤਾਂਘ ਦੇ ਦੀਵੇ ਬਲ ਰਹੇ ਹੁੰਦੇ ਸਨ, ਉਨ੍ਹਾਂ ਦੇ ਇਸੇ ਵੈਰਾਗ ਦੀ ਤਾਕਤ ਨੇ ਬਰਲਿਨ ਦੀ ਕੰਧ ਢਾਅ ਦਿੱਤੀ, ਪਰ ਅਸੀਂ ਪੰਜਾਬੀ ਨਫ਼ਰਤ ਦੇ ਹਨੇਰੀਆਂ ਰਾਹੀਂ ਵਾਹਗੇ ਦੀ ਕੰਧ ਨੂੰ ਰੋਜ਼ ਉੱਚਾ ਤੇ ਪੱਕਾ ਕਰਦੇ ਆਂ। ਪਰੇਡ ਮੁੱਕੀ ਤੇ ਗੁਲਸ਼ਨ ਮੇਰੀ ਮਿੰਨਤ ਕੀਤੀ ਕਿ ਮੈਂ ਏਸ ਪਾਸੇ ਸਭ ਤੋਂ ਵੱਧ ਨਫ਼ਰਤ ਦੀ ਐਕਟਿੰਗ ਕਰਨ ਵਾਲੇ ਸਿਪਾਹੀ ਤੋਂ ਪੁੱਛਾਂ ਕਿ ਇਹ ਸਭ ਕੁਝ ਐਕਟਿੰਗ ਸੀ ਜਾਂ ਹਕੀਕਤ?। ਮੈਂ ਉਹਦੇ ਤੋਂ ਇਹ ਸਵਾਲ ਪੁੱਛਿਆ ਤੇ ਉਹਨੇ ਜਵਾਬ ਦਿੱਤਾ :” ਇਹ ਐਕਟਿੰਗ ਨਹੀਂ ਸਗੋਂ ਈਮਾਨੀ ਕੁੱਵਤ (ਸ਼ਕਤੀ) ਸੀ “। ”ਕੀ ਦੂਜੇ ਪਾਸੇ ਬੈਠੇ ਸਭ ਲੋਕ ਕਾਫ਼ਿਰ ਨੇ?” ਮੈਂ ਦੂਜਾ ਸਵਾਲ ਪੁੱਛਿਆ। ਉਹਨੇ ਹਾਂ ਵਿਚ ਜਵਾਬ ਦਿੱਤਾ ਤੇ ਮੈਂ ਤੀਜਾ ਸਵਾਲ ਕੀਤਾ: ” ਹਿੰਦੁਸਤਾਨ ਵਿਚ ਹਰ ਚੌਥਾ ਬੰਦਾ ਮੁਸਲਮਾਨ ਏ। ਕੀ ਇਨ੍ਹਾਂ ਵਿਚ ਕੋਈ ਵੀ ਮੁਸਲਮਾਨ ਨਹੀਂ?“ “ਨਹੀਂ”, ਉਹਨੇ ਜਵਾਬ ਦਿੱਤਾ। “ਕੀ ਇਹ ਲੋਕ ਇਨਸਾਨ ਨਹੀਂ ਹਨ”? ਮੇਰਾ ਅਗਲਾ ਸਵਾਲ ਸੀ।
ਮੇਰਾ ਇਹ ਸਵਾਲ ਸੁਣ ਕੇ ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚਣ ਲੱਗ ਪਿਆ ਕਿ ਜੇ ਹਿੰਦੁਸਤਾਨ ਦੇ ਅੰਦਰ ਵਸਦਾ ਮੁਸਲਮਾਨ, ਮੁਸਲਮਾਨ ਨਹੀਂ ਏ ਤੇ ਫਿਰ ਕੌਣ ਮੁਸਲਮਾਨ ਏ? ਕੀ ਪਾਕਿਸਤਾਨ ਵਿਚ ਵਸਦੇ ਨਾਮ ਨਿਹਾਦ ਸਾਰੇ ਮੁਸਲਮਾਨ ਨੇ? ਮੈਨੂੰ ਏਸ ਦਾ ਜਵਾਬ ਨਫ਼ੀ ਵਿਚ ਮਿਲਿਆ। ਪਾਕਿਸਤਾਨ ਵਿਚ ਮੁਸਲਮਾਨਾਂ ਦੇ ਬੱਹਤਰ ਫ਼ਿਰਕੇ ਨੇ, ਹਰ ਫ਼ਿਰਕੇ ਲਈ ਬਾਕੀ ਇੱਕਹੱਤਰ ਫ਼ਿਰਕੇ ਮੁਸ਼ਰਿਕ ਤੇ ਕਾਫ਼ਰ ਨੇ ਤੇ ਇਸੇ ਵਜ੍ਹਾ ਤੋਂ ਹਰ ਤੀਜੇ ਦਿਨ ਇਨ੍ਹਾਂ ਵਿਚਕਾਰ ਫ਼ਸਾਦ ਹੁੰਦਾ ਏ ਤੇ ਮੁਸਲਮਾਨਾਂ ਇਕ ਦੂਜੇ ਦਾ ਖ਼ੂਨ ਵਗਾਉਂਦੇ ਨੇ। ਪਾਕਿਸਤਾਨ ਬਣਨ ਮਗਰੋਂ ਅੱਜ ਤੱਕ ਹਿੰਦੁਸਤਾਨ ਵਿਚ ਇਤਨੇ ਫ਼ਸਾਦ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਨਹੀਂ ਹੋਏ, ਜਿਤਨੇ ਪਾਕਿਸਤਾਨ ਵਿਚ ਮੁਸਲਮਾਨਾਂ ਦੇ ਫ਼ਿਰਕਿਆਂ ਵਿਚਕਾਰ ਹੋਏ ਨੇ। ਫਿਰ ਮੁਸਲਮਾਨ ਕੌਣ ਏ?
ਗੱਲ ਸਿਰਫ਼ ਏਸ ਪਾਸੇ ਦੀ ਈ ਨਹੀਂ
ਗ਼ਫ਼ੂਰ ਖੈਹਿਰਾ ਦੀਆਂ ਅੱਖਾਂ ਵਿਚ ਗਲੇਡੂ ਸਨ ਤੇ ਉਹ ਹਸਰਤ ਭਰੀਆਂ ਨਜ਼ਰਾਂ ਨਾਲ਼ ਦੂਜੇ ਪਾਸੇ ਤੱਕਦਾ ਹੋਇਆ ਮਣ ਮਣ ਦੇ ਕਦਮ ਚੁੱਕਦਾ ਹੋਇਆ ਵਾਪਸ ਮੁੜ ਪਿਆ। ਮੈਂ ਬਾਡਰ ਦੀ ਚਿੱਟੀ ਲਕੀਰ ਵੱਲ ਦੇਖਿਆ, ਜੋ ਮੈਨੂੰ ਅੱਗ ਤੇ ਲੋਹੇ ਦੀ ਕੰਧ ਦਿਸੀ, ਜਿਹਨੇ ਇਨਸਾਨਾਂ ਨੂੰ ਇਨਸਾਨਾਂ ਦੀ ਜੂਨ ਚੋਂ ਕੱਢ ਦਿੱਤਾ ਸੀ। ਵਾਪਸੀ ਤੇ ਸਾਰਾ ਰਾਹ ਗ਼ਫ਼ੂਰ ਖੈਹਿਰਾ ਬਾਰ ਬਾਰ ਇਕੋ ਗੱਲ ਕਹਿੰਦਾ ਆਇਆ। ਉਹ ਮੇਰੇ ਨਾਲ਼ ਗੱਲ ਕਰਨਾ ਚਾਹੁੰਦਾ ਸੀ ਪਰ ਉਸ ਫ਼ੌਜੀ ਮੈਨੂੰ ਗੱਲ ਨਾ ਕਰਨ ਦਿੱਤੀ। ਮੈਂ ਗ਼ਫ਼ੂਰ ਨੂੰ ਕਿਵੇਂ ਕਹਿੰਦਾ: ”ਝੱਲਿਆ ! ਤੇਰੀ ਇਥੇ ਗੱਲ ਨਹੀਂ ਸੀ ਹੋਣੀ ਨਫ਼ਰਤ ਦੇ ਏਸ ਥੇਟਰ ਦੀ ਰੀਤ ਰਾਹੀਂ ਇਥੇ ਪਿਆਰ ਦੀ ਬੋਲੀ ਬੋਲਣ ਦੀ ਮਨਾਹੀ ਸੀ ਤੇ ਸਾਰਾ ਚੜ੍ਹਦਾ ਪੰਜਾਬ ਗੂੰਗਾ ਹੋ ਚੁੱਕਿਆ ਸੀ।
ਸੀ ਉਸ ਪਾਸੇ ਵੀ ਪਰੇਡ ਕਰਦਾ ਕੋਈ ਸਿਪਾਹੀ ਨਫ਼ਰਤ ਤੇ ਗ਼ੁੱਸੇ ਨਾਲ਼ ਖੌਲਦਾ ਤੇ ਘੁਰਦਾ, ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਮਲੇਛ ਸਮਝ ਕੇ ਕੱਚਿਆਂ ਖਾ ਜਾਣ ਨੂੰ ਤਿਆਰ ਸੀ। ਇਹ ਗਾਂਧੀ ਦੇ ”ਸ਼ਾਂਤੀ ਤੇ ਪਿਆਰ” ਵਾਲੇ ਦੇਸ ਦਾ ਬੰਦਾ ਏ। ਕੀ ਇਹ ” ਸ਼ਾਂਤੀ ਤੇ ਪਿਆਰ” ਬਾਡਰ ਤੇ ਆ ਕੇ ਆਪਣਾ ਨਾਂ ਬਦਲ ਲੈਂਦੇ ਨੇ? ਏਸ ਦੇਸ ਦਾ ਹਰ ਬੰਦਾ ਸਾਰੀ ਦੁਨੀਆ ਵਿਚ ਲੋਕ ਰਾਜ ਦਾ ਝੰਡਾ ਚੁੱਕੀ ਫਿਰਦਾ ਏ। ਕੀ ਇਹ ਨਫ਼ਰਤ ਦਾ ਲੋਕ ਰਾਜ ਏ? ਕੀ ਭਾਰਤ ਵਿਚ ਵਸਦਾ ਹਿੰਦੂ ਦੂਜੇ ਹਿੰਦੂ ਦਾ ਖ਼ੂਨ ਨਹੀਂ ਕਰਦਾ? ਕੀ ਸਿੱਖ ਧਰਮ ਦੇ ਨਾਂ ਦੂਜੇ ਸਿੱਖ ਦਾ ਗਾਟਾ ਨਹੀਂ ਲਾਹੁੰਦਾ। ਸਵਾਲ ਹੁਣ ਇਹ ਪੈਦਾ ਹੁੰਦਾ ਏ ਕਿ ਪਾਕਿਸਤਾਨ ਤੇ ਭਾਰਤ ਦੇ ਦੂਜੇ ਬਾਡਰਾਂ ਤੇ ਨਫ਼ਰਤ ਦਾ ਇਹ ਥੇਟਰ ਨਹੀਂ ਲਾਇਆ ਜਾਂਦਾ ਤੇ ਫਿਰ ਪੰਜਾਬ ਵਿਚ ਇਹ ਥੇਟਰ ਕਿਉਂ ਲਾਇਆ ਜਾਂਦਾ ਏ? ਇਹਦੀ ਵੱਡੀ ਵਜ੍ਹਾ ”ਪੰਜਾਬੀਆਂ ਨੂੰ ਵੰਡੋ ਤੇ ਦੁਸ਼ਮਣ ਬਣਾ ਕੇ ਇਕ ਦੂਜੇ ਤੋਂ ਦੂਰ ਰੱਖ ਕੇ” ਪੰਜਾਬ ਦੀ ਵੰਡ ਨੂੰ ਪੱਕੀ ਤੇ ਕਾਇਮ ਰੱਖਣਾ ਏ ਤੇ ਏਸ ਲਈ ਪੰਜਾਬੀਆਂ ਵਿਚ ਨਫ਼ਰਤ ਦਾ ਭਾਂਬੜ ਬਲਦੇ ਰਹਿਣਾ ਚਾਹੀਦਾ ਏ। ਉਹ ਆਪਸ ਵਿਚ ਲੜ ਲੜ ਕੇ ਕੇ ਮੁੱਕ ਜਾਵੇ। ਪਰੇਡ ਮੁੱਕੀ ਤੇ ਏਸ ਪਾਸਿਓਂ ਕੁੱਝ ਬੰਦਿਆਂ ਢਿੱਲੇ ਜਿਹੇ ”ਜੀਵੇ ਪਾਕਿਸਤਾਨ” ਤੇ ਦੂਜੇ ਪਾਸਿਓਂ ”ਜੇ ਹਿੰਦ” ਦੇ ਨਾਅਰੇ ਲਾਏ। ਗੁਲਸ਼ਨ ਉੱਠ ਕੇ ਦੂਜੇ ਪਾਸੇ ਦੇ ਲੋਕਾਂ ਲਈ ਹੱਥ ਹਿਲਾਇਆ ਜਿਹਦੇ ਜਵਾਬ ਵਿਚ ਇਕ ਦੋ ਬੰਦਿਆਂ ਹੱਥ ਹਿਲਾਇਆ। ਗ਼ਫ਼ੂਰ ਖੈਹਿਰਾ ਹੌਲੀ ਹੌਲੀ ਖਿਸਕਦਾ ਹੋਇਆ ਲੀਕ ਦੇ ਨੇੜੇ ਜਾ ਪੁੱਜਿਆ ਤੇ ਦੂਜੇ ਪਾਸੇ ਇਕ ਬੰਦੇ ਵੱਲ ਟਿਕਟਿਕੀ ਲਾ ਕੇ ਦੇਖਣ ਲੱਗ ਪਿਆ, ਜਦ ਉਹਦੀਆਂ ਏਸ ਬੰਦੇ ਨਾਲ਼ ਨਜ਼ਰਾਂ ਮਿਲੀਆਂ ਤੇ ਉਹਨੇ ਉਸ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਾਕਿਸਤਾਨੀ ਪਾਸਿਓਂ ਇਕ ਫ਼ੌਜੀ ਆਣ ਕੇ ਉਹਨੂੰ ਰੋਕ ਦਿੱਤਾ। ਮੈਂ ਏਸ ਫ਼ੌਜੀ ਤੋਂ ਪੁੱਛਿਆ: ”ਤੂੰ ਏਸ ਨੂੰ ਗੱਲ ਕਿਉਂ ਨਹੀਂ ਕਰਨ ਦਿੱਤੀ?” “ਉਹ ਏਸ ਗੱਲ ਦਾ ਬੁਰਾ ਮਨਾਉਣਗੇ”। ਉਹਨੇ ਜਵਾਬ ਦਿੱਤਾ। “ਤੈਨੂੰ ਕਿਵੇਂ ਪਤਾ ਏ? ਕੀ ਉਹ ਇਨਸਾਨ ਨਹੀਂ ਹਨ?”। ਮੈਂ ਅਗਲਾ ਸਵਾਲ ਕੀਤਾ। ਮੇਰਾ ਸਵਾਲ ਸੁਣ ਕੇ ਉਹ ਆਸੇ ਪਾਸੇ ਦੇਖਣ ਲੱਗ ਪਿਆ, ਪਰ ਉਹਨੇ ਗ਼ਫ਼ੂਰ ਖੈਹਿਰੇ ਨੂੰ ਫਿਰ ਵੀ ਗੱਲ ਨਾ ਕਰਨ ਦਿੱਤੀ।
ਨੋਟ: ਗੰਡਾ ਸਿੰਘ ਵਾਲਾ ਬਾਡਰ ਤੇ ਗ਼ਫ਼ੂਰ ਖੈਹਿਰਾ ਦੀ ਲੀਕ ਦੇ ਦੂਜੇ ਪਾਸੇ ਪੰਜਾਬੀਆਂ ਨਾਲ਼ ਨਾ ਗੱਲ ਕਰ ਸਕਣ।
ਜਸਟਿਸ Asif Shahkar Syed
#WARAGAINSTWAR

Wednesday, 6 March 2019

Princess Sophia Alexandrovna Daleep Singh suffragette



Princess Sophia Alexandrovna Daleep Singh (8 August 1876 – 22 August 1948) was a prominent suffragette in the United Kingdom.
Sophia Alexandra Duleep Singh was born on 8 August 1876 at Belgravia and lived in Suffolk.

She was the third daughter of Maharaja Duleep Singh (the last Maharaja of the Sikh Empire) and his first wife, Bamba Müller. 
Bamba was the daughter of Ludwig Müller, a German merchant banker of Todd Müller and Company, and Sofia, his mistress, who was of Abyssinian descent. The Maharaja and Bamba had ten children, of whom six survived.


ਬਿ੍ਟੇਨ ਦੇ ਇਤਿਹਾਸ ਵਿੱਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੇ ਸੰਘਰਸ਼ ਨੂੰ ਜਦੋਂ ਯਾਦ ਕੀਤਾ ਜਾਵੇ ਤਾਂ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਪ੍ਰਿੰਸਿਸ ਸੋਫੀਆ ਦਲੀਪ ਸਿੰਘ ਦਾ ਨਾਂ ਮੂਹਰੀ ਕਤਾਰ ਵਿੱਚ ਆਉਂਦਾ ਹੈ। ਸੋਫੀਆ ਦਲੀਪ ਸਿੰਘ ਨੇ 1911 ਦੀ ਮਰਦਮਸ਼ੁਮਾਰੀ ਵਿੱਚ ਆਪਣੇ ਆਪ ਨੂੰ ਦਰਜ ਕਰਾਉਣ ਵਿੱਚ ਇਸ ਕਰਕੇ ਨਾਂਹ ਕਰ ਦਿੱਤੀ ਸੀ ਕਿ ਉਸ ਨੂੰ ਔਰਤ ਹੋਣ ਕਰਕੇ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ।

ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠੇ ਕਰਨ ਵਾਲੇ ਅਮਨਦੀਪ ਸਿੰਘ ਮਾਦਰਾ ਵੱਲੋਂ ਅਜਿਹਾ ਹੀ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਪ੍ਰਿੰਸਿਸ ਸੋਫੀਆ ਦਲੀਪ ਸਿੰਘ ਨੇ ਸਾਫ ਲਿਖਿਆ ਕਿ ‘ਨੋ ਵੋਟ ਨੋ ਸੈਕਸ’ ਇੱਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਗਿਣਿਆ ਨਹੀਂ ਜਾਂਦਾ, ਉਨ੍ਹਾਂ ਨੂੰ ਗਿਣਨ ਤੋਂ ਮਨ੍ਹਾ ਕਰ ਰਹੇ ਹਨ। ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਇਸ ਫਾਰਮ ਨੂੰ ਭਰਾਂ। ਇਹ ਫਾਰਮ 1911 ਵਿੱਚ ਬ੍ਰਿਟੇਨ ਦੀ ਮਰਦਮਸ਼ੁਮਾਰੀ ਮੌਕੇ ਜਾਰੀ ਕੀਤਾ ਗਿਆ ਸੀ। ਇਸ ਉਪਰ ਇਹ ਸ਼ਬਦ ਲਿਖ ਕੇ ਪ੍ਰਿੰਸਿਸ ਸੋਫੀਆ ਦਲੀਪ ਸਿੰਘ ਨੇ ਦਸਤਖਤ ਕੀਤੇ ਹਨ।

ਵਰਨਣਯੋਗ ਹੈ ਕਿ ਔਰਤਾਂ ਦੇ ਵੋਟ ਦਾ ਅਧਿਕਾਰ ਹਾਸਲ ਕਰਨ ਲਈ ਬ੍ਰਿਟੇਨ ਵਿੱਚ ਲੰਮਾ ਸੰਘਰਸ਼ ਚੱਲਿਆ ਸੀ। Emmeline Pankhurst (1858 - 1928) ਸਾਲ 1918 ਵਿੱਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ। ਇਸ ਅਨੁਸਾਰ ਔਰਤ ਦੀ ਘੱਟੋ-ਘੱਟ ਉਮਰ 30 ਸਾਲ ਮਿਥੀ ਗਈ ਸੀ, ਪਰ 1928 ਵਿੱਚ ਕਾਨੂੰਨ ਵਿੱਚ ਸੋਧ ਕਰਦਿਆਂ ਮਰਦਾਂ ਦੇ ਬਰਾਬਰ 21 ਸਾਲ ਦੀ ਉਮਰ ਵਾਲੀ ਹਰ ਔਰਤ ਨੂੰ ਵੋਟ ਬਣਾਉਣ ਦਾ ਅਧਿਕਾਰ ਦਿੱਤਾ ਗਿਆ।ਸੋਫੀਆ ਦਲੀਪ ਸਿੰਘ ਦਾ ਜਨਮ ਅੱਠ ਅਗਸਤ 1876 ਨੂੰ ਐਲਵੀਡਨ ਹਾਲ ਸਫਲਕ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਪਹਿਲੀ ਪਤਨੀ ਬੰਬਾ ਮੁਲਰ ਦੀ ਕੁੱਖੋਂ ਹੋਇਆ ਤੇ ਦੇਹਾਂਤ 22 ਅਗਸਤ, 1948 ਨੂੰ 72 ਸਾਲ ਦੀ ਉਮਰ ਵਿੱਚ ਟੇਲਰਸ ਗਰੀਨ, ਬਕਿੰਘਮਸ਼ਾਇਰ ਇੰਗਲੈਂਡ ਵਿੱਚ ਹੋਇਆ। ਉਨ੍ਹਾਂ ਦਾ ਪੂਰਾ ਨਾਮ ਸੋਫੀਆ ਅਲੈਗਜ਼ੈਂਡਰ ਦਲੀਪ ਸਿੰਘ ਸੀ।

ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਪਹਿਲੀ ਔਰਤ ਐਮ.ਪੀ. ਕਨਸਟੈਂਸ ਮਾਰਕਇਵਕਜ਼ (Constance Markievicz)1918 ਦੀਆਂ ਆਮ ਚੋਣਾਂ ਮੌਕੇ ਚੁਣੀ ਗਈ ਸੀ ਪਰ ਉਸ ਦੇ ਸਹੁੰ ਨਾ ਚੁੱਕਣ ਕਰਕੇ ਆਪਣੀ ਸੀਟ ਹਾਸਲ ਨਹੀਂ ਕਰ ਸਕੀ। ਇਸ ਤੋਂ ਬਾਅਦ ਨੈਨਸੀ ਐਸਟਰ ਦਸੰਬਰ 1919 ਵਿੱਚ ਪੌਲੀਮਾਊਥ ਸੁਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਚੁਣੀ ਗਈ। ਇਸ ਨੂੰ ਅਧਿਕਾਰਤ ਤੌਰ ‘ਤੇ ਬ੍ਰਿਟਿਸ਼ ਪਾਰਲੀਮੈਂਟ ਦੀ ਪਹਿਲੀ ਔਰਤ ਮੈਂਬਰ ਵਜੋਂ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਨਿਰਪੱਖ ਤੇ ਹਰ ਸ਼ਹਿਰੀ ਨੂੰ ਬਰਾਬਰਤਾ ਵਾਲਾ ਨਿਆਂ ਦੇਣ ਵਾਲੇ ਮਹਾਰਾਜੇ ਵਜੋਂ ਜਾਣਿਆ ਜਾਂਦਾ ਹੈ।














Monday, 10 September 2018

ਕਰਤਾਰ ਸਿੰਘ ਝੱਬਰ


ਕਰਤਾਰ ਸਿੰਘ ਝੱਬਰ


ਬ੍ਰਿਟਿਸ਼ ਸ਼ਾਸਨ ਦੌਰਾਨ ਕਰਤਾਰ ਸਿੰਘ ਝੱਬਰ (ਆਗੂ ਸ਼੍ਰੋਮਣੀ ਅਕਾਲੀ ਦਲ) ਨੂੰ ਖਬਰ ਮਿਲੀ ਕਿ ਲਹਿੰਦੇ ਪੰਜਾਬ ਦੇ ਪਿੰਡ ਵਿੱਚ ਇੱਕ ਘਰ ਸਿੱਖ ਦਾ ਸੀ ਬਾਕੀ ਸਾਰੇ ਮੁਸਲਮਾਨ। ਸਿੱਖ ਦੇ ਘਰ ਮਹਿਮਾਨ ਆਏ, ਉਸ ਨੇ ਮੁਰਗਾ ਚਾੜ੍ਹ ਲਿਆ, ਮੁਸਲਮਾਨ ਇਕੱਠੇ ਹੋਏ, ਘੇਰਾ ਪਾ ਲਿਆ- ਮੁਸਲਮਾਨਾਂ ਦੇ ਪਿੰਡ ਵਿੱਚ ਝਟਕਾ ਕਰਨ ਦੀ ਹਿੰਮਤ ਕਿਵੇਂ ਹੋਈ? ਪਤੀਲਾ ਮੂਧਾ ਮਾਰਿਆ, ਸਾਰਾ ਸਿੱਖ ਪਰਿਵਾਰ ਮਹਿਮਾਨਾਂ ਸਣੇ ਕੁੱਟਿਆ।
ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਿਆ। ਉਸ ਨੇ ਅਖਬਾਰਾਂ ਵਿੱਚ ਬਿਆਨ ਦਿੱਤਾ- ਆਉਂਦੇ ਦੋ ਹਫਤਿਆਂ ਬਾਅਦ ਨਿਸ਼ਚਿਤ ਦਿਨ ਉਸੇ ਪਿੰਡ ਵਿੱਚ ਚਾਲੀ ਬੱਕਰੇ ਝਟਕਾਏ ਜਾਣਗੇ, ਛਕੇ ਜਾਣਗੇ, ਰੋਕਣ ਵਾਲੇ ਹਿੰਮਤ ਕਰਨ ਤੇ ਰੋਕਣ।
ਵਾਇਸਰਾਏ ਤੱਕ ਤਾਰਾਂ ਖੜਕੀਆਂ। ਡੀਸੀ ਨੇ ਝੱਬਰ ਨੂੰ ਕਿਹਾ- ਸਰਕਾਰ ਤੁਹਾਨੂੰ ਅਜਿਹਾ ਨਹੀਂ ਕਰਨ ਦਏਗੀ। ਝੱਬਰ ਨੇ ਕਿਹਾ- ਅਸੀਂ ਸਰਕਾਰ ਦੇ ਖੈਰਖਵਾਹ ਹਾਂ। ਸਰਕਾਰ ਨਾਲ ਕੋਈ ਟੱਕਰ ਨਹੀਂ। ਮੁਸਲਮਾਨ ਕੀ ਖਾਂਦੇ ਹਨ, ਕਿਵੇਂ ਬਣਾਉਂਦੇ ਹਨ, ਅਸੀਂ ਕਦੀ ਵਿਘਨ ਨਹੀਂ ਪਾਇਆ। ਮੁਸਲਮਾਨ, ਸਿੱਖ ਦੇ ਖਾਣ ਪੀਣ ਕਾਰਨ ਹਮਲਾਵਰ ਹੋਣਗੇ ਤੇ ਸਰਕਾਰ ਮੁਸਲਮਾਨਾਂ ਨੂੰ ਰੋਕਣ ਦੀ ਬਜਾਇ ਸਿੱਖਾਂ ਨੂੰ ਰੋਕੇਗੀ ਫਿਰ ਖਾਲਸਾ ਪੰਥ ਦੀ ਟੱਕਰ ਸਰਕਾਰ ਨਾਲ ਵੀ ਹੋਏਗੀ ਜਿਸਦੀ ਜ਼ਿੰਮੇਵਾਰ ਸਰਕਾਰ ਅੰਗਰੇਜ਼ੀ ਹੋਏਗੀ।
ਫ਼ੌਜ ਨੇ ਪਿੰਡ ਘੇਰਦਿਆਂ ਮੁਸਲਮਾਨ ਵੱਸੋਂ ਨੂੰ ਚਿਤਾਵਨੀ ਦਿੱਤੀ- ਜਿਸ ਕਿਸੇ ਨੇ ਸਿੱਖਾਂ ਦੇ ਖਾਣ ਪੀਣ ਵਿੱਚ ਵਿਘਨ ਪਾਉਣਾ ਚਾਹਿਆ, ਗੋਲੀ ਨਾਲ ਫੁੰਡਿਆ ਜਾਏਗਾ। ਪਿੰਡਾਂ ਦੇ ਪਿੰਡ ਆ ਉਤਰੇ, ਝਟਕੇ ਦੀਆਂ ਦੇਗਾਂ ਚੜ੍ਹੀਆਂ ਤੇ ਛਕੀਆਂ। ਸਭ ਮੁਸਲਮਾਨ ਸੁੱਸਰੀ ਵਾਂਗ ਸੌਂ ਗਏ।
ਡਾ. ਹਰਪਾਲ ਸਿੰਘ ਪੰਨੂ

Sunday, 9 September 2018

ਪੰਜਾਬ ਦਾ ਇਤਿਹਾਸ ਬਦਲਣ ਵਾਲਾ ਦੱਰਾ ਖ਼ੈਬਰ


ਖ਼ੈਬਰ ਦੱਰਾ

ਇੱਕ ਇਤਿਹਾਸਕ ਪਹਾੜੀ ਦੱਰਾ ਹੈ ਜੋ 1,070 ਮੀਟਰ (3,510 ਫੁੱਟ) ਦੀ ਉੱਚਾਈ ਉੱਤੇ ਸਫ਼ੈਦ ਕੋਹ ਲੜੀ ਵਿੱਚ ਇੱਕ ਕੁਦਰਤੀ ਵਾਢ ਹੈ। ਇਹ ਦੱਰਾ ਦੱਖਣੀ ਏਸ਼ੀਆ ਅਤੇ ਮਧ ਏਸ਼ੀਆ ਦੇ ਵਿੱਚਕਾਰ ਮਹੱਤਵਪੂਰਨ ਵਪਾਰਕ ਰੂਟ ਰਿਹਾ ਹੈ ਅਤੇ ਇਸਨੇ ਦੋਨਾਂ ਖੇਤਰਾਂ ਦੇ ਇਤਹਾਸ ਉੱਤੇ ਡੂੰਘੀ ਛਾਪ ਛੱਡੀ ਹੈ। 
ਵਰਤਮਾਨ ਰਾਜਨੀਤਕ ਪਰਿਸਥਿਤੀ ਵਿੱਚ ਇਹ ਦੱਰਾ ਪਾਕਿਸਤਾਨਨੂੰ ਅਫਗਾਨਿਸਤਾਨ ਨਾਲ ਜੋੜਦਾ ਹੈ। ਖੈਬਰ ਦੱਰੇ ਦਾ ਸਭ ਤੋਂ ਉੱਚਾ ਸਥਾਨ (5 ਕਿਲੋਮੀਟਰ ਜਾਂ 3.1 ਮੀਲ ਲੰਬਾ) ਪਾਕਿਸਤਾਨ ਦੇ ਕੇਂਦਰੀ-ਸ਼ਾਸਿਤ ਕਬਾਇਲੀ ਖੇਤਰ ਦੀ ਲੰਡੀ ਕੋਤਲ  ਨਾਮਕ ਬਸਤੀ ਦੇ ਕੋਲ ਪੈਂਦਾ ਹੈ।

Image may contain: sky, bridge and outdoor

ਬਲਰਾਜ ਸਿੰਘ ਸਿੱਧੂ ਐੱਸ.ਪੀ.

ਦੁਨੀਆਂ ਦੇ ਕਿਸੇ ਖਿੱਤੇ ਦੇ ਇਤਿਹਾਸ ’ਤੇ ਇੱਕ ਭੂਗੋਲਿਕ ਵਿਸ਼ੇਸ਼ਤਾ ਨੇ ਇੰਨਾ ਪ੍ਰਭਾਵ ਨਹੀਂ ਪਾਇਆ ਹੋਵੇਗਾ ਜਿੰਨਾ ਪੰਜਾਬ ਦੇ ਇਤਿਹਾਸ ’ਤੇ ਦੱਰਾ ਖ਼ੈਬਰ ਨੇ ਪਾਇਆ ਹੈ। ਇਹ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬ ਦਾ ਇਤਿਹਾਸ ਲਿਖਿਆ ਹੀ ਦੱਰਾ ਖ਼ੈਬਰ ਨੇ ਹੈ। ਇਸ ਕਾਰਨ ਕਈ ਸਲਤਨਤਾਂ ਬਣੀਆਂ ਤੇ ਕਈ ਤਬਾਹ ਹੋਈਆਂ। ਦੱਰਾ ਖ਼ੈਬਰ ਰਾਹੀਂ ਭਾਰਤ ’ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਵਿਦੇਸ਼ੀ ਆਰੀਅਨ ਕਬੀਲੇ ਸਨ। ਉਨ੍ਹਾਂ ਨੇ 3300 ਸਾਲ ਪਹਿਲਾਂ 1500 ਈਸਾ ਪੂਰਵ ਖ਼ੈਬਰ ਦੱਰੇ ਨੂੰ ਪਾਰ ਕੀਤਾ। ਉਨ੍ਹਾਂ ਨੇ ਅਤਿ ਆਧੁਨਿਕ ਸਿੰਧੂ ਘਾਟੀ ਦੀ ਸੱਭਿਅਤਾ ਨੂੰ ਤਬਾਹ ਕਰ ਕੇ ਸਾਰੇ ਉੱਤਰੀ ਅਤੇ ਮੱਧ ਭਾਰਤ ’ਤੇ ਕਬਜ਼ਾ ਜਮਾ ਲਿਆ ਅਤੇ ਭਾਰਤ ਵਿੱਚ ਹਿੰਦੂ ਧਰਮ ਦੀ ਨੀਂਹ ਰੱਖੀ। ਆਰੀਅਨਾਂ ਤੋਂ ਬਾਅਦ ਇਰਾਨ ਦੇ ਬਾਦਸ਼ਾਹ ਡੇਰੀਅਸ ਪਹਿਲੇ ਨੇ 516 ਈਸਾ ਪੂਰਵ ਅਤੇ ਯੂਨਾਨ ਦੇ ਸਮਰਾਟ ਸਿਕੰਦਰ ਮਹਾਨ ਨੇ 326 ਈਸਾ ਪੂਰਵ (ਅੱਜ ਤੋਂ 2126 ਸਾਲ ਪਹਿਲਾਂ) ਦੱਰਾ ਖ਼ੈਬਰ ਪਾਰ ਕੀਤਾ। ਡੇਰੀਅਸ ਨੇ ਤਾਂ ਸਿੰਧ ਅਤੇ ਪੰਜਾਬ ’ਤੇ ਕਬਜ਼ਾ ਕਰ ਲਿਆ, ਪਰ ਸਿਕੰਦਰ ਬਹੁਤਾ ਅੱਗੇ ਨਾ ਵਧ ਸਕਿਆ। ਉਹ ਪੋਰਸ ਸਮੇਤ ਪੰਜਾਬ ਦੇ ਕੁਝ ਛੋਟੇ ਮੋਟੇ ਰਾਜਿਆਂ ਨੂੰ ਹਰਾ ਕੇ 19 ਮਹੀਨਿਆਂ ਬਾਅਦ ਵਾਪਸ ਚਲਾ ਗਿਆ।
ਜਦੋਂ ਵੀ ਪੰਜਾਬ ਅਤੇ ਭਾਰਤ ਵਿੱਚ ਕਮਜ਼ੋਰ ਅਤੇ ਅੱਯਾਸ਼ ਰਾਜੇ ਤਖ਼ਤ ’ਤੇ ਬੈਠਦੇ ਤਾਂ ਵਿਦੇਸ਼ੀ ਹਮਲਾਵਰ ਆ ਧਮਕਦੇ ਸਨ। ਸਿਕੰਦਰ ਤੋਂ ਬਾਅਦ ਕੁਸ਼ਾਣ, ਸ਼ੱਕ, ਪਾਰਥੀਅਨ, ਮਹਿਮੂਦ ਗਜ਼ਨਵੀ (1050 ਤੋਂ 1070), ਮੁਹੰਮਦ ਗੌਰੀ (1191), ਮੰਗੋਲ (1309 ਤੋਂ 1315), ਤੈਮੂਰ ਲੰਗ (1398), ਬਾਬਰ (1525), ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਅਬਦਾਲੀ (1748 ਤੋਂ 1767) ਸਭ ਖ਼ੈਬਰ ਦੇ ਰਸਤੇ ਹੀ ਆਏ। ਹਰ ਹਮਲੇ ਵਿੱਚ ਸਭ ਤੋਂ ਵੱਧ ਜਾਨੀ ਮਾਲੀ ਨੁਕਸਾਨ ਪੰਜਾਬ ਦਾ ਹੁੰਦਾ ਸੀ ਕਿਉਂਕਿ ਦਿੱਲੀ ਦੇ ਰਸਤੇ ਵਿੱਚ ਸਭ ਤੋਂ ਰੱਜਿਆ ਪੁੱਜਿਆ ਇਲਾਕਾ ਇਹੋ ਸੀ। ਹਮਲਾਵਰ ਦਿੱਲੀ ਵੱਲ ਚੜ੍ਹਾਈ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਬੈਠ ਕੇ ਜੰਗੀ ਤਿਆਰੀ ਕਰਦੇ ਸਨ। ਅਖੀਰ ਸਿੱਖ ਮਿਸਲਾਂ ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਵਰਤਾਰਾ ਹਮੇਸ਼ਾਂ ਲਈ ਬੰਦ ਕਰ ਦਿੱਤਾ। ਪਿਸ਼ਾਵਰ ਅਤੇ ਜਮਰੌਦ ਦੇ ਕਿਲਿਆਂ ’ਤੇ ਕਬਜ਼ੇ ਜਮਾ ਕੇ ਵਿਦੇਸ਼ੀ ਹਮਲਾਵਰਾਂ ਦੇ ਸਿਰ ’ਤੇ ਖਾਲਸਾ ਫ਼ੌਜ ਬਿਠਾ ਦਿੱਤੀ ਗਈ। ਖਾਲਸਾ ਫ਼ੌਜ ਨੇ 1834 ਵਿੱਚ ਖ਼ੈਬਰ ’ਤੇ ਕਬਜ਼ਾ ਕਰ ਲਿਆ। ਹਰੀ ਸਿੰਘ ਨਲਵਾ ਇੱਥੋਂ ਦਾ ਸਭ ਤੋਂ ਪ੍ਰਸਿੱਧ ਗਵਰਨਰ ਮੰਨਿਆ ਜਾਂਦਾ ਹੈ।

ਖ਼ੈਬਰ ਇੱਕ ਯਹੂਦੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਕਿਲਾ। ਇਹ ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਸਫ਼ੈਦ ਕੋਹ ਪਰਬਤਾਂ ਵਿੱਚ 3,510 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇਸ ਦੀ ਕੁੱਲ ਚੌੜਾਈ ਪੰਜ ਕਿਲੋਮੀਟਰ ਹੈ। ਇੱਥੇ ਸਾਰਾ ਸਾਲ ਮੌਸਮ ਠੰਢਾ ਰਹਿੰਦਾ ਹੈ ਤੇ ਕਾਫ਼ੀ ਬਰਸਾਤ ਹੁੰਦੀ ਹੈ। ਇਸ ਦੇ ਇੱਕ ਪਾਸੇ ਪਾਕਿਸਤਾਨ ਤੇ ਦੂਜੇ ਪਾਸੇ ਅਫ਼ਗਾਨਿਸਤਾਨ ਹੈ। ਇਹ ਪੁਰਾਣੇ ਰੇਸ਼ਮੀ ਰਾਹ (ਸਿਲਕ ਰੂਟ) ਦਾ ਇੱਕ ਪ੍ਰਮੁੱਖ ਲਾਂਘਾ ਸੀ ਤੇ ਦੁਨੀਆਂ ਦੇ ਪ੍ਰਾਚੀਨਤਮ ਦੱਰਿਆਂ ਵਿੱਚ ਸ਼ੁਮਾਰ ਹੈ। ਇਸ ਨੇ ਪੰਜਾਬ ’ਤੇ ਜ਼ਬਰਦਸਤ ਇਤਿਹਾਸਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਪ੍ਰਭਾਵ ਪਾਇਆ ਹੈ। ਹੁਣ ਤਕ ਇਹ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਮਹੱਤਵਪੂਰਨ ਵਪਾਰਕ ਅਤੇ ਫ਼ੌਜੀ ਰਸਤਾ ਰਿਹਾ ਹੈ। ਹੁਣ ਇਹ ਪਾਕਿਸਤਾਨ ਦੇ ਅਰਧ-ਖ਼ੁਦਮੁਖਤਾਰ ਪਸ਼ਤੂਨ ਕਬਾਇਲੀ ਖੇਤਰ ਫਾਟਾ (ਫੈਡਰਲੀ ਐਡਮਿਨਿਸਟਰਡ ਟਰਾਈਬਲ ਏਰੀਆ) ਇਲਾਕੇ ਦਾ ਹਿੱਸਾ ਹੈ। ਗ਼ੌਰਤਲਬ ਹੈ ਕਿ ਫਾਟਾ ਨੂੰ ਵੀ ਇਸੇ ਵਰ੍ਹੇ ਖ਼ੈਬਰ ਪਖ਼ਤੂਨਖਵਾ ਸੂਬੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਉੱਤਰ ਵੱਲ ਮਲਾਗੋਰੀ ਅਤੇ ਦੱਖਣ ਵੱਲ ਅਫ਼ਰੀਦੀ ਕਬੀਲੇ ਦਾ ਕਬਜ਼ਾ ਹੈ। ਅਫ਼ਰੀਦੀ ਇਸ ਦੱਰੇ ਨੂੰ ਆਪਣੀ ਮਾਲਕੀ ਸਮਝਦੇ ਸਨ ਤੇ ਇੱਥੋਂ ਗੁਜ਼ਰਨ ਵਾਲੇ ਵਪਾਰੀਆਂ ਤੋਂ ਟੈਕਸ ਵਸੂਲਦੇ ਸਨ। ਇਸ ਦੇ ਰਣਨੀਤਕ ਮਹੱਤਵ ਨੂੰ ਸਮਝਦਿਆਂ ਅੰਗਰੇਜ਼ਾਂ ਨੇ 1925 ਵਿੱਚ ਜਮਰੌਦ ਤੋਂ ਲੈ ਕੇ ਲੰਡੀ ਕੋਤਲ ਤਕ ਰੇਲਵੇ ਲਾਈਨ ਵਿਛਾ ਦਿੱਤੀ। ਇਹ ਲਾਈਨ ਇੰਜਨੀਅਰਿੰਗ ਦਾ ਬਿਹਤਰੀਨ ਨਮੂਨਾ ਸਮਝੀ ਜਾਂਦੀ ਹੈ। ਅਫ਼ਗਾਨ ਸੰਕਟ ਵੇਲੇ ਇਸ ਦੱਰੇ ਦਾ ਨਾਮ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ। ਜਦੋਂ ਰੂਸ ਨੇ ਅਫ਼ਗਾਨਿਸਤਾਨ ’ਤੇ 1979 ਵਿੱਚ ਹਮਲਾ ਕੀਤਾ ਤਾਂ ਅਮਰੀਕਾ ਦੁਆਰਾ ਇਸ ਰਸਤੇ ਰਾਹੀਂ ਗੋਲੀ ਸਿੱਕਾ ਮੁਜਾਹਿਦੀਨ ਕੋਲ ਪਹੁੰਚਾਇਆ ਜਾਂਦਾ ਸੀ। ਜਦੋਂ ਅਮਰੀਕਾ ਨੇ 2001 ਵਿੱਚ ਤਾਲਿਬਾਨ ਅਤੇ ਅਲ-ਕਾਇਦਾ ’ਤੇ ਹਮਲਾ ਕੀਤਾ ਤਾਂ ਨਾਟੋ ਫ਼ੌਜਾਂ ਨੂੰ ਵੀ ਸਾਰੀ ਰਸਦ ਅਤੇ ਤੇਲ ਇਸੇ ਰਸਤੇ ਪਹੁੰਚਦਾ ਸੀ। ਪਾਕਿਸਤਾਨ ਇਸ ਸਹੂਲਤ ਬਦਲੇ ਹਰ ਸਾਲ ਅਮਰੀਕਾ ਤੋਂ ਕਰੋੜਾਂ ਡਾਲਰ ਸਹਾਇਤਾ ਪ੍ਰਾਪਤ ਕਰਦਾ ਸੀ। ਤਾਲਿਬਾਨ ਨੇ ਇਨ੍ਹਾਂ ਕਾਫ਼ਲਿਆਂ ’ਤੇ ਹਮਲੇ ਕਰਕੇ ਅਨੇਕਾਂ ਵਾਰ ਸੈਂਕੜੇ ਟਰੱਕ ਸਾੜੇ ਸਨ। ਹੁਣ ਇਹ ਇਲਾਕਾ ਸੁਰੱਖਿਅਤ ਹੈ ਕਿਉਂਕਿ ਪਾਕਿਸਤਾਨੀ ਸਰਕਾਰ ਇਸ ਦੀ ਰਾਖੀ ਲਈ ਅਫ਼ਰੀਦੀ ਕਬੀਲੇ ਨੂੰ ਹਰ ਸਾਲ ਮੋਟਾ ਮੁਆਵਜ਼ਾ ਦਿੰਦੀ ਹੈ।
ਇਸ ਵੇਲੇ ਦੱਰਾ ਖ਼ੈਬਰ ਨਕਲੀ ਹਥਿਆਰ ਬਣਾਉਣ ਦੀਆਂ ਸੈਂਕੜੇ ਫੈਕਟਰੀਆਂ ਲਈ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਦੁਨੀਆਂ ਦੇ ਕਿਸੇ ਵੀ ਹਥਿਆਰ ਜਿਵੇਂ ਏ.ਕੇ. 47, ਊਜ਼ੀ ਮਸ਼ੀਨਗੰਨ, ਐੱਮ 16, ਕਿਸੇ ਵੀ ਮਾਅਰਕੇ ਦਾ ਪਿਸਤੌਲ-ਰਿਵਾਲਵਰ ਆਦਿ ਦੀ ਬੇਹੱਦ ਸਟੀਕ, ਕਾਰਗਰ, ਹੂ-ਬ-ਹੂ ਨਕਲ ਇੱਥੇ ਕੁਝ ਹੀ ਘੰਟਿਆਂ ਵਿੱਚ ਤਿਆਰ ਕਰ ਕੇ ਦੇ ਦਿੱਤੀ ਜਾਂਦੀ ਹੈ। ਇਹ ਘਰੇਲੂ ਉਦਯੋਗ ਬਿਲਕੁਲ ਕਾਨੂੰਨੀ ਹੈ ਕਿਉਂਕਿ ਫਾਟਾ ਵਿੱਚ ਹੋਣ ਕਾਰਨ ਇੱਥੇ ਵਿਸ਼ੇਸ਼ ਕਾਨੂੰਨ ਲਾਗੂ ਹੁੰਦੇ ਹਨ ਤੇ ਟੈਕਸ ਵੀ ਬਹੁਤ ਘੱਟ ਹਨ। ਹਰੇਕ ਮਾਅਰਕੇ ਅਤੇ ਬੋਰ ਦੀਆਂ ਰਾਈਫਲਾਂ, ਬੰਦੂਕਾਂ, ਗੋਲੀਆਂ ਅਤੇ ਕਾਰਤੂਸਾਂ ਨਾਲ ਦੁਕਾਨਾਂ ਭਰੀਆਂ ਪਈਆਂ ਹਨ।
ਇਹ ਘਰੇਲੂ ਉਦਯੋਗ 19ਵੀਂ ਸਦੀ ਦੌਰਾਨ ਹੋਂਦ ਵਿੱਚ ਆਇਆ ਸੀ ਜਦੋਂ ਬ੍ਰਿਟਿਸ਼ ਫ਼ੌਜਾਂ ਨੇ ਅਫ਼ਗਾਨਿਸਤਾਨ ਵਿੱਚ ਫ਼ੌਜੀ ਕਾਰਵਾਈਆਂ ਕੀਤੀਆਂ। ਅਫ਼ਗਾਨਾਂ ਨੂੰ ਉਸ ਵੇਲੇ ਹਥਿਆਰਾਂ ਦੀ ਸਖ਼ਤ ਜ਼ਰੂਰਤ ਸੀ। ਉਨ੍ਹਾਂ ਦੀ ਜ਼ਰੂਰਤ ਪੂਰੀ ਕਰਨ ਲਈ ਦੱਰਾ ਖ਼ੈਬਰ ਵਿੱਚ ਕੁਝ ਵਰਕਸ਼ਾਪਾਂ ਖੁੱਲ੍ਹ ਗਈਆਂ। ਉਸ ਵੇਲੇ ਬ੍ਰਿਟਿਸ਼ ਫ਼ੌਜ ਦੇ ਹਥਿਆਰਾਂ ਦੀ ਨਕਲ ਤਿਆਰ ਕੀਤੀ ਜਾਂਦੀ ਸੀ। ਅੰਗਰੇਜ਼ਾਂ ਨੇ ਵੀ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਉਤਸ਼ਾਹਿਤ ਹੀ ਕੀਤਾ। ਪਹਿਲੀ ਆਲਮੀ ਜੰਗ ਸਮੇਂ ਸੂਬਾ ਸਰਹੱਦ ਤੋਂ ਭਰਤੀ ਕੀਤੇ ਫ਼ੌਜੀਆਂ ਨੂੰ ਦੱਰੇ ਦੇ ਬਣੇ ਹਥਿਆਰ ਹੀ ਦਿੱਤੇ ਗਏ ਸਨ ਕਿਉਂਕਿ ਬ੍ਰਿਟਿਸ਼ਾਂ ਨੂੰ ਡਰ ਸੀ ਕਿ ਇਹ ਅੱਖੜ ਕਿਸਮ ਦੇ ਫ਼ੌਜੀ ਸਰਕਾਰੀ ਰਾਈਫਲਾਂ ਲੈ ਕੇ ਭੱਜ ਜਾਣਗੇ। ਅਫ਼ਗਾਨਿਸਤਾਨ ਸਦੀਆਂ ਤਕ ਰੂਸ ਅਤੇ ਬ੍ਰਿਟੇਨ ਦਰਮਿਆਨ ਝਗੜੇ ਦਾ ਕਾਰਨ ਰਿਹਾ ਹੈ। ਇਸ ਲਈ ਇਨ੍ਹਾਂ ਕਾਰੀਗਰਾਂ ਨੂੰ ਦੋਵਾਂ ਮੁਲਕਾਂ ਦੇ ਹਥਿਆਰਾਂ ਦੀਆਂ ਨਕਲਾਂ ਬਣਾਉਣ ਦੀ ਮੁਹਾਰਤ ਹਾਸਲ ਹੋ ਗਈ। ਇਸ ਤੋਂ ਬਾਅਦ ਰੂਸੀ ਹਮਲੇ ਦੌਰਾਨ ਮੁਜਾਹਿਦੀਨ ਲਈ ਇੱਥੋਂ ਲੱਖਾਂ ਅਸਲਾਟਾਂ ਬਣ ਕੇ ਗਈਆਂ। ਇਸ ਤੋਂ ਬਾਅਦ ਅਮਰੀਕਾ ਨੇ ਤਾਲਿਬਾਨ ’ਤੇ ਹਮਲਾ ਕੀਤਾ ਤਾਂ ਇਹ ਤਾਲਿਬਾਨ ਨੂੰ ਹਥਿਆਰ ਸਪਲਾਈ ਕਰਨ ਦਾ ਮੁੱਖ ਜ਼ਰੀਆ ਬਣ ਗਿਆ।
ਪਾਕਿਸਤਾਨ ਵਿੱਚ ਹਥਿਆਰਾਂ ਦਾ ਲਾਇਸੈਂਸ ਬਹੁਤ ਆਸਾਨੀ ਨਾਲ ਬਣ ਜਾਂਦਾ ਹੈ। ਇੱਕ ਬੰਦਾ ਜਿੰਨੇ ਚਾਹੇ ਹਥਿਆਰ ਅਤੇ ਗੋਲੀਆਂ ਰੱਖ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਆਟੋਮੈਟਿਕ ਅਤੇ ਸੂਬਿਆਂ ਦੇ ਗ੍ਰਹਿ ਮੰਤਰਾਲੇ ਸੈਮੀ-ਆਟੋਮੈਟਿਕ ਹਥਿਆਰਾਂ ਲਈ ਲਾਇਸੈਂਸ ਜਾਰੀ ਕਰਦੇ ਹਨ। ਏ.ਕੇ. 47 ਵੀ ਕਾਨੂੰਨਨ ਖ਼ਰੀਦੀ ਜਾ ਸਕਦੀ ਹੈ। ਹਥਿਆਰਾਂ ਦੀ ਇਸ ਭਾਰੀ ਮੰਗ ਨੂੰ ਸਿਰਫ਼ ਦੱਰਾ ਖ਼ੈਬਰ ਹੀ ਪੂਰੀ ਕਰ ਸਕਦਾ ਹੈ। ਦੱਰਾ ਖ਼ੈਬਰ ਵਿੱਚ ਅਸਲੇ ਦੀ ਦੁਕਾਨ ਜਾਂ ਫੈਕਟਰੀ ਖੋਲ੍ਹਣੀ ਬਹੁਤ ਹੀ ਆਸਾਨ ਹੈ। ਆਰਾਮ ਨਾਲ ਪਰਮਿਟ ਮਿਲ ਜਾਂਦਾ ਹੈ ਤੇ ਟੈਕਸ ਵੀ ਨਾਂ-ਮਾਤਰ ਹਨ। ਸਰਕਾਰ ਦਾ ਵੀ ਕੋਈ ਬਹੁਤਾ ਕੰਟਰੋਲ ਨਹੀਂ ਹੈ। ਦੱਰਾ ਖ਼ੈਬਰ ਦੇ ਵਪਾਰੀਆਂ ਦੁਆਰਾ ਲਾਇਸੈਂਸ ਧਾਰਕਾਂ, ਤਾਲਿਬਾਨ, ਕਬੀਲਿਆਂ ਅਤੇ ਗੁੰਡਾ ਗਰੋਹਾਂ ਨੂੰ ਹਥਿਆਰਾਂ ਦੀ ਖੁੱਲ੍ਹੀ ਵਿਕਰੀ ਹੁੰਦੀ ਹੈ। ਹਥਿਆਰ ਬਣਾਉਣ ਲਈ ਸਥਾਨਕ ਕੱਚੇ ਮਾਲ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ’ਤੇ ਕੰਡਮ ਗੱਡੀਆਂ ਦੇ ਸਖ਼ਤ ਹਿੱਸੇ ਜਿਵੇਂ ਧੁਰਾ, ਕਮਾਨੀਆਂ ਅਤੇ ਕਰੈਂਕ ਸ਼ਾਫਟ ਆਦਿ ਵਰਤੇ ਜਾਂਦੇ ਹਨ; ਪਰ ਰੇਲਵੇ ਲਾਈਨਾਂ ਦੇ ਟੁਕੜੇ ਅਤੇ ਰੇਲਵੇ ਇੰਜਣਾਂ ਦੇ ਹਿੱਸੇ ਬੇਹੱਦ ਮਜ਼ਬੂਤ ਹੋਣ ਕਾਰਨ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਗੋਲੀਆਂ ਦੇ ਜ਼ਿਆਦਾਤਰ ਖੋਲ ਸਟੀਲ ਦੇ ਹੁੰਦੇ ਹਨ ਜਿਨ੍ਹਾਂ ਨੂੰ ਤਾਂਬੇ ਦੀ ਪਾਲਿਸ਼ ਕਰ ਦਿੱਤੀ ਜਾਂਦੀ ਹੈ। ਬਹੁਤੀਆਂ ਗੋਲੀਆਂ ਨਾਟੋ ਅਤੇ ਪਾਕਿਸਤਾਨੀ ਫ਼ੌਜ ਦੇ ਚੱਲੇ ਹੋਏ ਕਾਰਤੂਸਾਂ ਨੂੰ ਦੁਬਾਰਾ ਭਰ ਕੇ ਬਣਾਈਆਂ ਜਾਂਦੀਆਂ ਹਨ। ਹਥਿਆਰ ਗਾਹਕ ਦੀ ਪਸੰਦ ਮੁਤਾਬਿਕ ਬੇਹੱਦ ਮਜ਼ਬੂਤ ਅਤੇ ਕਾਰਗਰ ਜਾਂ ਚਾਲੂ ਕਿਸਮ ਦੇ ਬਣਾਏ ਜਾਂਦੇ ਹਨ।
ਅੱਜਕੱਲ੍ਹ ਜ਼ਿਆਦਾਤਰ ਅਮਰੀਕੀ, ਇੰਗਲਿਸ਼, ਰੂਸੀ, ਜਰਮਨ, ਇਤਾਲਵੀ, ਇਜ਼ਰਾਈਲੀ ਅਤੇ ਚੀਨੀ ਹਥਿਆਰਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਕਾਰੀਗਰ ਖ਼ਾਸ ਤੌਰ ’ਤੇ ਏ.ਕੇ. 47 ਅਤੇ ਰਿਵਾਲਵਰ-ਪਿਸਤੌਲ ਬਣਾਉਣ ਦੇ ਪੂਰੇ ਮਾਹਰ ਹਨ। ਹਥਿਆਰ ’ਤੇ ਮਾਅਰਕਾ ਲਾਉਣ ਲੱਗਿਆਂ ਜਾਣਬੁੱਝ ਕੇ ਥੋੜ੍ਹਾ ਬਹੁਤ ਫ਼ਰਕ ਪਾ ਦਿੱਤਾ ਜਾਂਦਾ ਹੈ ਤਾਂ ਜੋ ਪਤਾ ਲੱਗ ਜਾਵੇ ਕਿ ਇਹ ਦੱਰਾ ਖ਼ੈਬਰ ਦਾ ਬਣਿਆ ਹੋਇਆ ਹੈ। ਇੱਥੇ ਬਣਨ ਵਾਲੇ ਹਥਿਆਰਾਂ ਦੇ ਆਪਣੇ ਵੀ ਬਰਾਂਡ ਨਾਮ ਹਨ ਜਿਵੇਂ ਬੁਫੈਲੋ, ਡਾਇਮੰਡ, ਡਬਲ ਡਰੈਗਨ, ਡਬਲ ਸਟਾਰ, ਗੁੱਡਲੱਕ, ਗੋਰੀਲਾ ਅਤੇ ਟਾਈਗਰ ਆਦਿ। ਸਾਕਿਬ ਇੱਥੋਂ ਦਾ ਇੱਕ ਪ੍ਰਸਿੱਧ ਬਰਾਂਡ ਹੈ। ਪੰਜਾਬ ਵਿੱਚ ਅਤਿਵਾਦ ਦੌਰਾਨ ਬਹੁਤੇ ਹਥਿਆਰ ਦੱਰੇ ਦੇ ਹੀ ਆਉਂਦੇ ਸਨ। ਪਾਕਿਸਤਾਨ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਜਦ ਤਕ ਅਫ਼ਗਾਨਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਵਿੱਚ ਸ਼ਾਂਤੀ ਨਹੀਂ ਹੁੰਦੀ, ਇਹ ਕਾਰੋਬਾਰ ਵਧਦਾ ਫੁੱਲਦਾ ਹੀ ਰਹੇਗਾ।

ਏ ਪੰਜਾਬ ਆ ਸੱਜਣ ਜੀ

ਏ ਪੰਜਾਬ ਆ ਸੱਜਣ ਜੀ

ਹੱਸ ਕੇ ਮਿਲੇਗਾ ਤਾਂ ਸਿਰ ਤੇ ਚੱਕਣਗੇ
ਜੇ ਘੂਰ ਵੱਟੇਗਾ ਤਾਂ ਗੋਡਿਆਂ ਥੱਲੇ ਰੱਖਣਗੇ
ਏ ਪੰਜਾਬ ਏ ਸੱਜਣ ਜੀ ਏ ਅੱਜ ਕਲ ਚ ਨੀ ਵੱਸਿਆ ਏ ਤਾਂ ਲੱਖਾਂ ਕਰੋੜਾਂ ਸਦੀਆਂ ਤੋ ਵਸਦਾ ਉਜੜਦਾ ਆ ਰਿਆ ਏ
3300-1300 BCE: ਸਿੰਧੂ ਘਾਟੀ ਸਭਿਅਤਾ ਏਥੇ ਵਸੀ
2600–1900 BCE: ਹੜੱਪਾ ਸੱਭਿਆਚਾਰ ਨੇ ਪੈਰ ਪਸਾਰੇ
1500–1000 BCE: ਵੈਦਿਕ ਸਭਿਅਤਾ ਪ੍ਰਫੁੱਲਤ ਹੋਈ
599 BCE: ਜੈਨ ਪ੍ਰਚਲਿਤ ਹੋਇਆ
567–487 ਤੇ400 BCE:
550–600 BCE: ਬੁੱਧ ਧਰਮ ਨੇ ਪੈਰ ਪਸਾਰੇ
550–515 BCE: ਸਿੰਧ ਨਦੀ ਦੇ ਪੱਛਮ ਵੱਲ ਫ਼ਾਰਸੀ ਹਮਲੇ ਸ਼ੁਰੂ ਹੋਏ
326 BCE: ਸਿਕੰਦਰ ਦੇ ਹਮਲੇ ਕੀਤੇ ਪਰ ਅੱਗੋਂ ਪੋਰਸ ਨੇ ਮੂੰਹ ਤੋੜਵੇ ਜਵਾਬ ਦਿੱਤੇ
322–185 BCE: ਚਾਣਕਿਆ ਦੁਆਰਾ ਧੋਖੇ ਨਾਲ ਪਾਰਸ ਨੂੰ ਮਾਰ ਕੇ ਮੌਰਿਆ ਸਾਮਰਾਜ ਵਸਾਉਣ ਚ ਮਦਦ ਕੀਤੀ
45–180 CE: ਕੁਸ਼ਾਨ ਸਾਮਰਾਜ ਵਸਿਆ
200–400 CE: ਭਾਰਤ-ਸਿਥੀਅਨ ਆਬਾਦ ਹੋਇਆ
320–550: ਗੁਪਤਾ ਸਾਮਰਾਜ ਨੇ ਪੈਰ ਪਸਾਰੇ
500: ਵ੍ਹਾਈਟ ਹੁਨ ਨੇ ਰਾਜ ਕੀਤਾ
510–650: ਹਰਸ਼ਾ ਵਰਧਨ ਦਾ ਯੁੱਗ ਹੋਇਆ
770-810: ਪਾਲਾ ਸਾਮਰਾਜ ਦੀਆਂ ਜੜਾਂ ਲੱਗੀਆਂ
647–1192: ਰਾਜਪੂਤ ਸਮਰਾਜ ਫੈਲਿਆ
711–713: ਮੁਹੰਮਦ ਬਿਨ ਕਾਸਿਮ, ਅਰਬ ਦੇ ਜਨਰਲ, ਉਮੱਯਦ ਸ਼ਾਸਨ ਦੇ ਲਈ ਸਿੰਧ ਦਰਿਆ ਦੇ ਨਾਲ-ਨਾਲ ਸਿੰਧ ਅਤੇ ਮੁਲਤਾਨ ਖੇਤਰ ਨੂੰ ਜਿੱਤ ਗਏ
713-1300 : ਦਿੱਲੀ ਸਲਤਨਤ (ਤੁਰਕੀ ਸਾਮਰਾਜ) ਦਾ ਆਗਾਜ਼ ਹੋਇਆ
1206-1290 : ਮੁਹੰਮਦ ਗੌਰੀ ਵਲੋਂ ਮਮਲਕ ਖ਼ਾਨਦਾਨ ਦੀ ਸਥਾਪਨਾ ਹੋਈ
1290-1320 : ਜਲਾਲ ਦੀਨ ਉਦ ਫਿਰੁਜ਼ ਖਿਲਜੀ ਵਲੋਂ ਖਿਲਜੀ ਖ਼ਾਨਦਾਨ ਦੀ ਸਥਾਪਨਾ ਕੀਤੀ ਗਈ
1320-1413 : ਗਿਆਸੂਦੀਨ ਤੁਗਲਕ ਦੁਆਰਾ ਸਥਾਪਿਤ ਤੁਗਲਕ ਖ਼ਾਨਦਾਨ ਵੱਸਿਆ
1414-1451 : ਖ਼ਿਜ਼ਰ ਖਾਨ ਦੁਆਰਾ ਸਥਾਪਿਤ ਸੱਯਦ ਘਰਾਣੇ ਕੀਤੇ ਗਏ
1451-1526 : ਬਹਲੂਲ ਖਾਨ ਲੋਧੀ ਦੁਆਰਾ ਸਥਾਪਿਤ ਲੋਧੀ ਖ਼ਾਨਦਾਨ ਵੱਸਿਆ
1526-1707 : ਮੁਗਲ ਦੇ ਰਾਜ ਕਾਨੂੰਨ ਸ਼ੁਰੂ ਹੋਏ
1526-1530 : ਜ਼ਾਹੀਰੁੱਦੀਨ ਮੁਹੰਮਦ ਬਾਬਰ ਦੇ ਹਮਲੇ ਸ਼ੁਰੂ ਹੋਏ
1530-1540 : ਨਾਸਿਰੁੱਦੀਨ ਮੁਹੰਮਦ ਹੁਮਾਯੂੰ ਨੇ ਪੰਜਾਬ ਚ ਪੈਰ ਪਸਾਰੇ
1540-1545 : ਸ਼ੇਰ ਸ਼ਾਹ ਸੂਰੀ ਨੇ ਰਾਜ ਕੀਤਾ
1545-1554 : ਇਸਲਾਮ ਸ਼ਾਹ ਸੂਰੀ ਨੇ ਧਾਕ ਜਮਾਈ
1555-1555 : ਨਾਸਿਰੁੱਦੀਨ ਮੁਹੰਮਦ ਹੁਮਾਯੂੰ ਨੇ ਫੇਰ ਰਾਜ ਕੀਤਾ
1556-1556 : ਹੇਮ ਚੰਦਰ ਵਿਕਰਮਾਦਿਤਿਆ ਦਾ ਰਾਜ ਰਿਆ
1556-1605 : ਜਲਾਲੂਦੀਨ ਮੁਹੰਮਦ ਅਕਬਰ ਦੀ ਚੜ੍ਹਤ ਰਹੀ
1605-1627 : ਨੂਰੁੱਦੀਨ ਮੁਹੰਮਦ ਜਹਾਂਗੀਰ ਨੇ ਰਾਜ ਕੀਤਾ
1627-1658 : ਸ਼ਾਹਾਬੁੱਦੀਨ ਮੁਹੰਮਦ ਸ਼ਾਹ ਜਹਾਨ ਨੇ ਸਿੱਕਾ ਜਮਾਇਆ
1658-1707 : ਮੋਹੀਊਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ ਨੇ ਰਾਜ ਕੀਤਾ
1707 : ਮੁਗਲ ਸਾਮਰਾਜ ਦੇ ਰਾਜ ਨੂੰ ਖਾਲਸੇ ਨੇ ਕਮਜ਼ੋਰ ਕੀਤਾ
1469-1539 : ਸਿੱਖ ਧਰਮ ਆਗਾਜ਼ ਹੋਇਆ, ਜਗਤ ਗੁਰ ਬਾਬੇ ਗੁਰੂ ਨਾਨਕ ਦਾ ਜਨਮ ਹੋਇਆ
1539-1675 : 8 ਸਿੱਖ ਗੁਰੂ ਸਾਹਿਬਾਨ ਦਾ ਸਮਾਂ ਚੱਲਿਆ ਗੁਰੂ ਅੰਗਦ ਦੇਵ ਨੂੰ ਗੁਰੂ ਤੇਗ ਬਹਾਦਰ ਤਕ
1675-1708 : ਗੁਰੂ ਗੋਬਿੰਦ ਸਿੰਘ ਪੰਜਾਬ ਨੂੰ ਖਾਲਸਾ ਰਾਜ ਬਣਾ ਦਿੱਤਾ
1708-1715 : ਬੰਦਾ ਸਿੰਘ ਬਹਾਦਰ ਨੇ ਪੰਜਾਬ ਨੂੰ ਜਿੱਤਿਆ
1716-1759 : ਮੁਗਲ ਗਵਰਨਰ ਦੇ ਵਿਰੁੱਧ ਸਿੱਖ
1739 : ਮੁਗਲ ਦੇ ਨਾਦਰ ਸ਼ਾਹ ਦੇ ਹਮਲੇ ਸ਼ੁਰੂ ਹੋਏ
1748-1769 : ਅਹਮਦ ਸ਼ਾਹ ਦੁੱਰਾਨੀ ਦੇ ਸਿੱਖ ਅਤੇ ਖੇਤਰ ਦੇ ਕੰਟਰੋਲ ਹਾਸਲ ਕਰਨ ਲਈ ਨੇੜੇ ਦੇ ਮੁਕਾਬਲੇ ਵਿਚ ਦੁੱਰਾਨੀ ਸਾਮਰਾਜ ਦੌਰਾਨ
1757 ਗੋਹਲਵੜ ਦੀ ਲੜਾਈ
1761 : ਪਾਣੀਪਤ ਦੀ ਲੜਾਈ
1761 : ਸਿਆਲਕੋਟ ਦੀ ਲੜਾਈ
1761 : ਗੁਜਰਾਂਵਾਲਾ ਦੀ ਲੜਾਈ
1763 ; ਸਿਆਲਕੋਟ ਦੀ ਲੜਾਈ
ਲੜਾਈਆਂ ਲੜੀਆਂ
1762 : 2 ਸਿੱਖ ਘੱਲੂਘਾਰੇ
ਅਹਿਮਦ ਸ਼ਾਹ ਦੇ 6 ਹਮਲੇ ਤੱਕ ਹੋਏ
1764-1799 : ਅਫਗਾਨ ਅਤੇ ਸਿੱਖ ਮਿਸਲ ਵਿਚਕਾਰ ਪੰਜਾਬ ਲਈ ਲੜਾਈ ਹੋਈ
1799-1839 : ਪੰਜਾਬ 'ਤੇ ਨਿਯਮ ਸਿੱਖ ਬਹੁਗਿਣਤੀ ਭਾਈਚਾਰੇ, ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ
ਮਹਾਰਾਜਾ ਰਣਜੀਤ ਸਿੰਘ (1780 ਦਾ ਜਨਮ, ਤਾਜ 12 ਅਪ੍ਰੈਲ 1801, 1839 ਦੀ ਮੌਤ ਹੋ ਗਈ)
ਖੜਕ ਸਿੰਘ (1801-1840)
ਰਣਜੀਤ ਸਿੰਘ ਦੇ ਵੱਡੇ ਪੁੱਤਰ. ਨੌ ਨਿਹਾਲ ਸਿੰਘ (1821-1840)
ਰਣਜੀਤ ਸਿੰਘ ਦੇ ਪੋਤੇ .ਸ਼ੇਰ ਸਿੰਘ (1807-1843)
ਰਣਜੀਤ ਸਿੰਘ ਦੇ ਪੁੱਤਰ ਨੂੰ .ਦਲੀਪ ਸਿੰਘ (1838 ਦਾ ਜਨਮ, 1843 ਤਾਜ, 1893 ਦੀ ਮੌਤ ਹੋ ਗਈ)
1849 : ਪੰਜਾਬ ਦੇ ਕਬਜ਼ੇ-ਬ੍ਰਿਟਿਸ਼ ਸਾਮਰਾਜ ਵਿਚ ਪੰਜਾਬ ਮਿਲਾਇਆ
1845-49 ; ਅਤੇ ਦੂਜਾ ਅੰਗਰੇਜ਼-ਸਿੱਖ ਯੁੱਧ ਬਾਅਦ
1849-1947 ਪੰਜਾਬ ਤੇ ਰਾਜ ਬਰਤਾਨਵੀ ਭਾਰਤ ਦੀ ਸਥਾਪਨਾ
1911 ਕਲਕੱਤਾ ਭਾਰਤੀ ਸਾਮਰਾਜ ਅਤੇ ਦਿੱਲੀ ਦੀ ਰਾਜਧਾਨੀ ਪੰਜਾਬ ਨੂੰ ਹਟਾ ਕੇ ਨਵੀ ਰਾਜਧਾਨੀ ਦੇ ਇਲਾਕੇ ਬਣੇ
1947 : ਦੀ ਵੰਡ ਬਰਤਾਨਵੀ ਭਾਰਤ ਇਸ ਲਈ ਇਸ ਦੇ 2 ਹਿੱਸੇ ਕਰ ਦਿੱਤੇ
1984 ਨੂੰ ਇਹ ਫੇਰ ਲਹੂ ਲੁਹਾਨ ਹੋਇਆ
ਤੇ ਅੱਜ ਵੀ ਖੂਨ ਖਰਾਬਾ ਜਾਰੀ ਐ

ਇਹ ਕਦੇ ਮੂਧੇ ਮੂੰਹ ਡਿੱਗਿਆ
ਕਦੇ ਗੋਡਿਆਂ ਭਾਰ ਹੋਇਆ
ਪਰ ਫੇਰ ਵੀ ਗੁਰਾਂ ਦੀ ਕਿਰਪਾ ਸਦਕਾ ਧੌਣ ਉੱਚੀ ਕਰਕੇ ਜੀਵਿਆ
ਸਦੀਆਂ ਤੋਂ ਇਹਨੂੰ ਮਿਟਾਉਣ ਦੀਆਂ ਦੁਸ਼ਮਣ ਚਾਲਾਂ ਚਲਦਾ ਰਿਹਾ ਤੇ ਅੱਜ ਵੀ ਚੱਲ ਰਿਹਾ,
ਪਰ ਇਹ ਪੰਜਾਬ ਏ ਸੱਜਣਾ
ਇਹ ਕਿਰਪਾਨ ਨਾਲ ਭੋਗ ਲਾ ਕੇ ਭੁੱਖਿਆ ਨੂੰ ਵੰਡਣਾ ਵੀ ਜਾਣਦਾ
ਤੇ ਸਿਰ ਚੜ੍ਹ ਕੇ ਆਏ ਨੂੰ ਓਸੇ ਕ੍ਰਿਪਾਨ ਨਾਲ ਵੈਰੀ ਦਾ ਸਿਰ ਝੱਟਕਾਉਣਾ ਵੀ ਜਾਣਦਾ
ਜਦੋ ਆਉਣਾ ਹੋਇਆ ਹੱਸ ਕੇ ਆਈਂ
ਇਹ ਬਾਹਾਂ ਖਿਲਾਰ ਕੇ ਹਿੱਕ ਨਾਲ ਲਾ ਲਉਗਾ
ਭੁੱਲ ਕੇ ਵੀ ਕੌੜੀ ਅੱਖ ਨਾਲ ਤੱਕ ਨਾ ਲਵੀਂ
ਨਹੀਂ ਤਾਂ ਆਵਦੀ ਪਹਿਚਾਣ ਵੀ ਗਵਾ ਬੈਠੇਂਗਾ
ਅਵਤਾਰ ਸਿੰਘ ਔਲਖ

ਦਿੱਲੀ ਦੀ ਇਤਿਹਾਸਕ ਗਾਥਾ


ਅਨੇਕਾਂ ਸਲਤਨਤਾਂ ਦਾ ਉਭਾਰ ਤੇ ਪਤਨ ਦੇਖਿਆ ਹੈ ਇਸ ਸ਼ਹਿਰ ਨੇ

ਗੁਰਭਿੰਦਰ ਗੁਰੀ 

ਭਾਰਤ ਦੀ ਰਾਜਧਾਨੀ ਦਿੱਲੀ ਸੱਤ ਵਾਰ ਉੱਜੜੀ ਤੇ ਫਿਰ ਤੋਂ ਆਬਾਦ ਹੋਈ। ਦਿੱਲੀ ਦਾ ਇਤਿਹਾਸ ਮਹਾਂਭਾਰਤ ਤੋਂ ਸ਼ੁਰੂ ਹੁੰਦਾ ਹੈ। ਪੁਰਾਣੇ ਕਿਲ੍ਹੇ ਕੋਲ ਇੰਦਰਪਤ ਪਿੰਡ ਸੀ। ਇਹ ਪਿੰਡ ਪਾਂਡਵਾਂ ਦੀ ਰਾਜਧਾਨੀ ਇੰਦਰਪ੍ਰਸਥ ਸੀ।
ਇੰਦਰਪ੍ਰਸਥ ਦੀ ਨੀਂਹ 'ਤੇ ਮੁਗ਼ਲ ਸ਼ਾਸਕ ਹਮਾਂਯੂੰ ਨੇ ਪੁਰਾਣਾ ਕਿਲ੍ਹਾ ਬਣਾਇਆ। ਇੱਥੇ ਇੰਦਰਪ੍ਰਸਥ ਨਾਲ ਜੁੜੇ ਸਬੂਤ ਅੱਜ ਵੀ ਮੌਜੂਦ ਹਨ।
ਇਤਿਹਾਸਕ ਦਸਤਾਵੇਜ਼ਾਂ ਦੀ ਜੇ ਗੱਲ ਕਰੀਏ ਤਾਂ ਇਨ੍ਹਾਂ ਦਾ ਜ਼ਿਕਰ 737 ਈ: ਵਿਚ ਮਿਲਦਾ ਹੈ। ਉਦੋਂ ਤੋਂ ਲੈ ਕੇ ਅੰਗਰੇਜ਼ ਰਾਜ ਤੱਕ ਦਿੱਲੀ ਸੱਤ ਵਾਰ ਉੱਜੜੀ ਤੇ ਵਸੀ। ਵੱਖ-ਵੱਖ ਸ਼ਾਸਤਰਾਂ ਅਨੁਸਾਰ ਇੱਥੇ ਸੱਤ ਸ਼ਹਿਰ ਵਸਾਏ। ਵਿਦੇਸ਼ੀ ਹਮਲਾਵਰਾਂ ਨਾਦਰਸ਼ਾਹ, ਤੈਮੂਰ ਲੰਗ ਅਤੇ ਅੰਗਰੇਜ਼ਾਂ ਨੇ ਇੱਥੇ ਬਹੁਤ ਭਾਰੀ ਕਤਲੇਆਮ ਕਰਕੇ ਤਬਾਹੀ ਮਚਾਈ।
ਰਾਜਾ ਅਨੰਗਪਾਲ ਨੇ ਤੋਮਰ ਵਸਾਇਆ। ਇੱਥੇ ਦਿੱਲੀ ਨਾਂਅ ਦਾ ਪਿੰਡ ਸੀ। ਕੁਝ ਸਾਲਾਂ ਮਗਰੋਂ ਉਸ 'ਤੇ ਰਾਜਾ ਨੇ ਲਾਲਕੋਟ ਨਗਰੀ ਵਸਾਈ। ਪਰ ਇੱਥੇ ਦਿੱਲੀ ਪਿੰਡ ਦਾ ਨਾਂਅ ਹੀ ਚਲਦਾ ਰਿਹਾ। ਇਤਿਹਾਸਕ ਦਸਤਾਵੇਜ਼ ਖੋਜਣ 'ਤੇ ਪਤਾ ਚਲਦਾ ਹੈ ਕਿ ਹਮਾਂਯੂੰ ਨੇ ਬਾਅਦ ਵਿਚ ਇਸ ਨੀਂਹ 'ਤੇ ਪੁਰਾਣਾ ਕਿਲ੍ਹਾ ਵਸਾਇਆ। 1180 ਵਿਚ ਚੌਹਾਨ ਰਾਜਾ ਪ੍ਰਿਥਵੀ ਰਾਜ ਤੀਜੇ ਨੇ ਕਿਲ੍ਹਾ ਰਾਏ ਪਥੋਰਾ ਬਣਾਇਆ। ਇਸ ਕਿਲ੍ਹੇ ਅੰਦਰ ਹੀ ਇਕ ਕਸਬਾ ਵਸਦਾ ਸੀ। ਇਸ ਕਿਲ੍ਹੇ ਦੀਆਂ ਦੀਵਾਰਾਂ 18 ਮੀਟਰ ਤੱਕ ਉੱਚੀਆਂ, 6 ਮੀਟਰ ਤੱਕ ਚੌੜੀਆਂ ਸਨ। ਪਰ ਮੁਹੰਮਦ ਗੌਰੀ ਨੇ ਉਸ ਨੂੰ ਹਰਾ ਦਿੱਤਾ ਅਤੇ ਭਾਰਤ ਵਿਚ ਤੁਰਕਾਂ ਦਾ ਦਾਖਲਾ ਹੋ ਗਿਆ।
ਦੂਸਰਾ ਸ਼ਹਿਰ ਮਹਿਰੋਲੀ, ਜਿਸ ਨੂੰ ਕੁਤਬਦੀਨ ਨੇ ਵਸਾਇਆ। ਮੁਹੰਮਦ ਗੌਰੀ ਦੇ ਲੜਕੇ ਸਾਬੂਦੀਨ ਨੇ ਰਾਜ ਗੱਦੀ ਸਾਂਭਣ ਮਗਰੋਂ ਆਪਣੇ ਵਿਸ਼ਵਾਸਪਾਤਰ ਸੈਨਾਪਤੀ ਕੁਤਬਦੀਨ ਨੂੰ ਕਮਾਨ ਸੌਂਪ ਦਿੱਤੀ। ਕੁਤਬਦੀਨ ਨੇ 1206 ਵਿਚ ਦਿੱਲੀ ਤੋਂ ਆਪਣੇ ਤਖ਼ਤ ਦੀ ਸ਼ੁਰੂਆਤ ਕੀਤੀ ਅਤੇ ਉਸ ਨੇ ਕੁਤਬ ਮਹਰੋਲੀ ਵਸਾਈ। ਇਹ ਦਿੱਲੀ ਦਾ ਦੂਜਾ ਸ਼ਹਿਰ ਸੀ। ਚਾਰ ਸਾਲਾਂ ਦੇ ਰਾਜ ਮਗਰੋਂ ਕੁਤਬਦੀਨ ਮਹਰੋਲੀ ਦੀ ਘੋੜੇ ਤੋਂ ਡਿੱਗ ਕੇ ਮੌਤ ਹੋ ਗਈ ਤੇ ਇਸ ਦਾ ਜਵਾਈ ਇਲਤੂਮਿਸ ਦਿੱਲੀ ਦਾ ਸੁਲਤਾਨ ਬਣ ਗਿਆ। ਬਾਅਦ ਵਿਚ ਉਸ ਦੀ ਲੜਕੀ ਰਜ਼ੀਆ ਸੁਲਤਾਨ ਦਿੱਲੀ ਦੀ ਸ਼ਾਸਕ ਬਣੀ।
ਤੀਜਾ ਸ਼ਹਿਰ ਸਿਰੀ, ਜਿਸ ਨੂੰ ਅਲਾਉਦੀਨ ਖਿਲਜੀ ਨੇ ਵਸਾਇਆ। ਰਜ਼ੀਆ ਸੁਲਤਾਨ ਮਗਰੋਂ ਕੁਤਬ ਦੀ ਸਲਤਨਤ ਖ਼ਤਮ ਹੋ ਗਈ। 1296 ਵਿਚ ਅਲਾਉਦੀਨ ਖਿਲਜੀ ਗੱਦੀ 'ਤੇ ਬੈਠਿਆ। ਉਸ ਨੇ ਸੋਨਾ ਲੁਟਾਉਂਦੇ ਹੋਏ ਦਿੱਲੀ ਵਿਚ ਪ੍ਰਵੇਸ਼ ਕੀਤਾ। ਮੰਗੋਲ ਸ਼ਾਸਕਾਂ ਨੇ ਜਦੋਂ ਹਮਲਾ ਕੀਤਾ, ਉਦੋਂ ਖਿਲਜੀ ਨੇ ਉਨ੍ਹਾਂ ਦੇ ਸੈਨਿਕਾਂ ਦੇ ਸਿਰ ਕਲਮ ਕਰਕੇ ਕੰਧਾਂ ਵਿਚ ਚਿਣਵਾ ਦਿੱਤੇ ਸਨ। ਇਸ ਵਜ੍ਹਾ ਨਾਲ ਉਸ ਦੇ ਕਿਲ੍ਹੇ ਦਾ ਨਾਂਅ ਸਿਰੀ ਕਿਲ੍ਹਾ ਪਿਆ। ਖਿਲਜੀ ਨੇ ਰੈਵੇਨਿਊ ਸਿਸਟਮ ਬਣਾਇਆ। ਫੌਜ ਅਤੇ ਬਾਜ਼ਾਰਾਂ 'ਤੇ ਉਸ ਦਾ ਧਿਆਨ ਸੀ। ਹਸਪਤਾਲ ਵੀ ਬਣਾਏ। ਇਨ੍ਹਾਂ ਕੰਮਾਂ ਵਿਚ ਲੱਗੇ ਲੋਕ ਸਿਰੀ ਕਿਲ੍ਹੇ ਦੇ ਅੰਦਰ ਹੀ ਰਹਿੰਦੇ ਸਨ। ਕਿਲ੍ਹੇ ਦੇ ਅੰਦਰ ਹੀ ਪੂਰੇ ਸ਼ਹਿਰ ਲਈ ਇੰਤਜ਼ਾਮ ਸਨ। ਇਹ ਦਿੱਲੀ ਦਾ ਤੀਜਾ ਸ਼ਹਿਰ ਸੀ।
ਚੌਥੀ ਵਾਰੀ ਦਿੱਲੀ ਸ਼ਹਿਰ ਤੁਗਲਕਬਾਦ, ਜਿਸ ਨੂੰ ਗਿਆਸੂਦੀਨ ਤੁਗਲਕ ਨੇ ਵਸਾਇਆ। ਖਿਲਜੀ ਕਮਜ਼ੋਰ ਹੋਏ ਤਾਂ 1320 ਈ: ਵਿਚ ਤੁਗਲਕ ਦਿੱਲੀ ਵਿਚ ਆ ਵਸੇ। ਗਿਆਸੂਦੀਨ ਤੁਗਲਕ ਨੇ ਤੁਗਲਕਬਾਦ ਕਿਲ੍ਹੇ ਅਤੇ ਗਿਆਸਪੁਰ ਦੇ ਆਸ-ਪਾਸ ਸ਼ਹਿਰ ਵਸਾਇਆ। ਇਹ ਚੌਥਾ ਸ਼ਹਿਰ ਸੀ। ਇਹ ਦੌਰ ਤੁਗਲਕ ਤੋਂ ਵੱਧ ਮਸ਼ਹੂਰ ਸੂਫੀ ਨਿਜ਼ਾਮੂਦੀਨ ਔਲੀਆ ਅਤੇ ਉਨ੍ਹਾਂ ਦੇ ਸ਼ਾਗਿਰਦ ਅਮੀਰ ਖੁਸਰੋ ਦੀ ਵਜ੍ਹਾ ਨਾਲ ਜਾਣਿਆ ਗਿਆ। ਔਲੀਆ ਤਾਂ ਮਹਿਬੂਬ-ਏ-ਇਲਾਹੀ ਕਹਾਏ। ਉਥੇ, ਖੁਸਰੋ ਬ੍ਰਿਜਭਾਸ਼ਾ ਨੂੰ ਅਰਬੀ-ਫ਼ਾਰਸੀ ਵਿਚ ਪਰੋ ਕੇ ਹਿੰਦੀ ਜ਼ਬਾਨ ਨੂੰ ਰੰਗਦੇ ਰਹੇ। ਉਨ੍ਹਾਂ ਰਾਗ ਲਿਖੇ। ਸਿਤਾਰ ਅਤੇ ਤਬਲੇ ਵਰਗੇ ਸਾਜ਼ ਬਣਾਏ। ਦਿਲਚਸਪ ਪਹੇਲੀਆਂ ਵਾਲੇ ਸੁਖਨ ਲਿਖੇ। ਔਲੀਆ ਨੇ ਤੁਗਲਕ ਵੰਸ਼ ਦੇ ਸੱਤ ਅਤੇ ਖੁਸਰੋ ਨੇ ਪੰਜ ਸੁਲਤਾਨਾਂ ਨੂੰ ਦੇਖਿਆ।
ਪੰਜਵਾਂ ਸ਼ਹਿਰ ਫਿਰੋਜ਼ਸ਼ਾਹ ਕੋਟਲਾ, ਜਿਸ ਨੂੰ ਫਿਰੋਜ਼ਸ਼ਾਹ ਤੁਗਲਕ ਨੇ ਵਸਾਇਆ। ਗਿਆਸੂਦੀਨ ਤੁਗਲਕ ਮਗਰੋਂ ਮੁਹੰਮਦ ਬਿਨ ਤੁਗਲਕ ਸੁਲਤਾਨ ਬਣਿਆ। ਉਹ ਰਾਜਧਾਨੀ ਨੂੰ ਕੁਝ ਦਿਨ ਦੌਲਤਾਬਾਦ ਲੈ ਜਾਣ ਮਗਰੋਂ ਮੁੜ ਦਿੱਲੀ ਆਇਆ। ਉਸ ਮਗਰੋਂ ਉਸ ਦੇ ਚਾਚਾ ਸੁਲਤਾਨ ਫਿਰੋਜ਼ਸ਼ਾਹ ਤੁਗਲਕ ਗੱਦੀ 'ਤੇ ਬੈਠਿਆ।

ਫਿਰੋਜ਼ਸ਼ਾਹ ਨੇ ਯਮੁਨਾ ਦੇ ਕਿਨਾਰੇ ਕੋਟਲਾ ਸ਼ਹਿਰ ਵਸਾਇਆ। ਇੱਥੇ 18 ਪਿੰਡ ਸਨ। ਉਸ ਨੇ 30 ਮਹਿਲ ਬਣਾਏ। ਕੁਤਬ ਮੀਨਾਰ ਨੂੰ ਦਰੁਸਤ ਕਰਵਾਇਆ। ਪੰਜ ਨਹਿਰਾਂ ਬਣਾਈਆਂ। 1388 ਵਿਚ ਉਸ ਦਾ ਦਿਹਾਂਤ ਹੋ ਗਿਆ।
ਤੈਮੂਰ ਨੇ ਦਿੱਲੀ ਨੂੰ ਤਿੰਨ ਦਿਨ, ਤਿੰਨ ਰਾਤਾਂ ਤੱਕ ਲੁੱਟਿਆ। ਤੈਮੂਰ ਲੰਗ ਨੇ 1398 ਵਿਚ ਦਿੱਲੀ 'ਤੇ ਹਮਲਾ ਕੀਤਾ। ਤਿੰਨ ਦਿਨ, ਤਿੰਨ ਰਾਤ ਤੱਕ ਲੁੱਟ-ਖੋਹ ਹੋਈ। ਫਿਰੋਜ਼ਸ਼ਾਹ ਦੇ ਸ਼ਾਨਦਾਰ ਸ਼ਹਿਰ ਨੂੰ ਖੰਡਰ ਬਣਾ ਦਿੱਤਾ। ਹਜ਼ਾਰਾਂ ਲੋਕਾਂ ਦੇ ਸਿਰ ਕਲਮ ਕਰ ਦਿੱਤੇ ਗਏ। ਪਰ ਤੈਮੂਰ ਜ਼ਿਆਦਾ ਵਕਤ ਨਹੀਂ ਟਿਕ ਸਕਿਆ। ਲੋਧੀਆਂ ਨੇ ਉਸ ਨੂੰ ਉਖੇੜ ਦਿੱਤਾ। ਬਹਿਲੋਲ ਅਤੇ ਸਿਕੰਦਰ ਮਗਰੋਂ ਇਬਰਾਹਿਮ ਲੋਧੀ ਨੇ ਦਿੱਲੀ ਨੂੰ ਵਸਾਇਆ ਅਤੇ ਖੂਬਸੂਰਤ ਬਣਾਇਆ। ਪਰ ਸ਼ਹਿਰ ਫਿਰੋਜ਼ਬਾਦ ਦੇ ਆਸ-ਪਾਸ ਦਾ ਹੀ ਰਿਹਾ।
ਛੇਵਾਂ ਸ਼ਹਿਰ ਦੀਨ ਪਨਾਹ, ਜਿਸ ਨੂੰ ਹਮਾਂਯੂੰ ਨੇ ਵਸਾਇਆ। ਇਬਰਾਹਿਮ ਲੋਧੀ ਨੂੰ ਮੁਗ਼ਲਾਂ ਦੇ ਸੰਸਥਾਪਕ ਬਾਬਰ ਨੇ ਹਰਾ ਦਿੱਤਾ। ਲੋਧੀ ਜੰਗ ਵਿਚ ਮਾਰਿਆ ਗਿਆ। ਬਾਬਰ ਅੱਗੇ ਵਧ ਗਿਆ ਪਰ ਮੁਗ਼ਲਾਂ ਦੇ ਲੋਕ ਉਥੇ ਜੰਮੇ ਰਹੇ। ਬਾਬਰ ਨੇ ਆਗਰਾ ਨੂੰ ਰਾਜਧਾਨੀ ਬਣਾਇਆ ਪਰ ਉਸ ਦੀ ਮੌਤ ਮਗਰੋਂ ਹਮਾਂਯੂੰ ਦਿੱਲੀ ਆ ਗਿਆ। ਪੁਰਾਣੇ ਕਿਲ੍ਹੇ ਦੇ ਆਸ-ਪਾਸ ਦੇ ਸ਼ਹਿਰ ਨੂੰ ਹਮਾਂਯੂੰ ਨੇ ਦੀਨ ਪਨਾਹ ਨਾਂਅ ਦਿੱਤਾ। 1539 ਵਿਚ ਸ਼ੇਰ ਸ਼ਾਹ ਸੂਰੀ ਨੇ ਹਮਾਂਯੂੰ ਨੂੰ ਜੰਗ ਵਿਚ ਹਰਾ ਕੇ ਇਸ ਨੂੰ ਸ਼ੇਰਗੜ੍ਹ ਦਾ ਨਾਂਅ ਦੇ ਦਿੱਤਾ। ਬੰਗਾਲ ਤੋਂ ਪੇਸ਼ਾਵਰ ਤੱਕ ਸੜਕ ਉਸ ਨੇ ਬਣਾਈ ਸੀ। ਜਿਹੜੀ ਬਾਅਦ ਵਿਚ ਗ੍ਰੈਂਡ ਟਰੰਕ ਰੋਡ ਸੱਦੀ ਗਈ। ਰੁਪਇਆ ਵੀ ਸੂਰੀ ਨੇ ਹੀ ਚਲਾਇਆ ਸੀ।
ਸ਼ੇਰ ਸ਼ਾਹ ਸੂਰੀ ਦੀ 1545 ਵਿਚ ਮੌਤ ਹੋ ਗਈ। 1555 ਵਿਚ ਹਮਾਂਯੂੰ ਫਿਰ ਦਿੱਲੀ ਆਇਆ। ਸ਼ੇਰਗੜ੍ਹ ਨੂੰ ਫਿਰ ਦੀਨ ਪਨਾਹ ਬਣਾ ਦਿੱਤਾ। ਸੱਤ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਹਮਾਂਯੂੰ ਦੇ ਲੜਕੇ ਅਕਬਰ ਨੇ ਆਪਣੀ ਰਾਜਧਾਨੀ ਆਗਰਾ ਬਣਾਈ। ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮੇਂ ਵੀ ਆਗਰਾ ਹੀ ਮੁਗ਼ਲਾਂ ਦੀ ਰਾਜਧਾਨੀ ਰਹੀ। ਪਰ ਸ਼ਾਹਜਹਾਂ ਨੇ ਬਾਅਦ ਵਿਚ ਦਿੱਲੀ ਦਾ ਰੁਖ਼ ਕੀਤਾ ਅਤੇ ਯਮੁਨਾ ਕਿਨਾਰੇ ਸ਼ਾਹਜਹਾਨਬਾਦ ਦੀ ਨੀਂਹ ਰੱਖੀ। ਇਹ ਦਿੱਲੀ ਦਾ ਸੱਤਵਾਂ ਸ਼ਹਿਰ ਸੀ। ਉਸ ਨੇ 1683 ਵਿਚ ਲਾਲ ਕਿਲ੍ਹਾ ਬਣਾਇਆ। 46 ਲੱਖ ਰੁਪਏ ਵਿਚ ਆਪਣਾ ਤਖ਼ਤ-ਏ-ਤਾਊਸ ਬਣਾਇਆ। ਜਾਮਾ ਮਸਜਿਦ ਤੇ ਤਾਜ ਮਹੱਲ ਵਰਗੀਆਂ ਯਾਦਗਾਰੀ ਇਮਾਰਤਾਂ ਬਣਾਈਆਂ। ਚਾਂਦਨੀ ਚੌਕ ਵਸਿਆ। ਮੀਨਾ ਬਾਜ਼ਾਰ ਬਣਿਆ।
1739 ਦਾ ਕਤਲੇਆਮ
ਮੁਗ਼ਲ ਸ਼ਾਸਕ ਮੁਹੰਮਦ ਸ਼ਾਹ ਦੇ ਰਾਜ ਦੌਰਾਨ ਨਾਦਰ ਸ਼ਾਹ ਨੇ ਈਰਾਨ ਤੋਂ ਆ ਕੇ ਦਿੱਲੀ 'ਤੇ ਹਮਲਾ ਬੋਲ ਦਿੱਤਾ। ਉਦੋਂ ਮਚੀ ਹਾਹਾਕਾਰ ਦੌਰਾਨ 32,000 ਦੇ ਕਰੀਬ ਲੋਕ ਮਾਰੇ ਗਏ ਤੇ ਉਹ ਤਖ਼ਤ-ਏ-ਤਾਊਸ ਵੀ ਲੁੱਟ ਕੇ ਆਪਣੇ ਨਾਲ ਲੈ ਗਿਆ। ਇਸ ਤੋਂ ਛੇਤੀ ਬਾਅਦ ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸ਼ੁਰੂਆਤ ਹੋ ਗਈ। ਈਸਟ ਇੰਡੀਆ ਕੰਪਨੀ ਨੇ ਦਿੱਲੀ ਡੇਰੇ ਲਾ ਲਏ। ਅੰਗਰੇਜ਼ਾਂ ਨੇ ਟੇਢੇ ਢੰਗ ਰਾਹੀਂ ਵਪਾਰ ਕਰਨ ਦੇ ਬਹਾਨੇ ਸਾਡੇ ਦੇਸ਼ ਵਿਚ ਆ ਕੇ ਰਾਜ-ਭਾਗ ਨੂੰ ਜੱਫਾ ਮਾਰ ਲਿਆ। ਈਸਟ ਇੰਡੀਆ ਕੰਪਨੀ ਰਾਹੀਂ ਦਿੱਲੀ ਪਹੁੰਚੇ। ਅੰਗਰੇਜ਼ ਦਿਨੋ-ਦਿਨ ਮਜ਼ਬੂਤ ਹੁੰਦੇ ਗਏ ਅਤੇ ਦਿੱਲੀ ਦੇ ਸ਼ਾਸਕ ਸਿਮਟਦੇ ਗਏ। 1803 ਵਿਚ ਦਿੱਲੀ ਵੀ ਅੰਗਰੇਜ਼ਾਂ ਦੇ ਅਧੀਨ ਆ ਗਈ। 1857 ਦੀ ਕ੍ਰਾਂਤੀ ਵਿਚ ਆਖਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਾਫਰ ਨੂੰ ਨੇਤਾ ਐਲਾਨ ਦਿੱਤਾ ਗਿਆ। ਉਨ੍ਹਾਂ ਲਿਖਿਆ 'ਗਾਜੀਆਂ ਮੇਂ ਬੂ ਰਹੇਗੀ ਜਦੋ ਤਲਕ ਈਮਾਨ ਕੀ, ਤਖ਼ਤੇ ਲੰਡਨ ਤੱਕ ਚੱਲੇਗੀ ਤੇਗ ਹਿੰਦੁਸਤਾਨ ਕੀ', ਪਰ ਜ਼ਫਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਦੋ ਨੌਜਵਾਨ ਲੜਕਿਆਂ ਦਾ ਕਤਲ ਕਰ ਦਿੱਤਾ ਗਿਆ। ਨਾਦਰਸ਼ਾਹ ਦੀ ਤਰ੍ਹਾਂ ਅੰਗਰੇਜ਼ਾਂ ਨੇ ਦਿੱਲੀ ਵਿਚ ਖੂਬ ਕਤਲੇਆਮ ਕੀਤਾ। ਜ਼ਫਰ ਨੂੰ ਗ੍ਰਿਫ਼ਤਾਰ ਕਰਕੇ ਅੰਗਰੇਜ਼ ਰੰਗੂਨ ਲੈ ਗਏ ਤੇ ਉਨ੍ਹਾਂ ਦੀ ਮੌਤ ਮਗਰੋਂ ਉਨ੍ਹਾਂ ਨੂੰ ਉੱਥੇ ਹੀ ਦਫ਼ਨਾ ਦਿੱਤਾ ਗਿਆ।
1911 ਵਿਚ ਦਿੱਲੀ ਦੇ ਵਸਣ ਦਾ ਮੁੜ ਦੌਰ ਸ਼ੁਰੂ ਹੋਇਆ, ਜਿਸ ਨੂੰ ਨਵੀਂ ਦਿੱਲੀ ਦਾ ਨਾਂਅ ਦਿੱਤਾ ਗਿਆ। ਦਿੱਲੀ ਦਰਬਾਰ ਬਰਾੜੀ ਵਿਚ ਸਜਾਇਆ ਗਿਆ। ਥੋੜ੍ਹੇ ਦਿਨਾਂ ਦੇ ਇੰਤਜਾਮ ਦੌਰਾਨ ਹਜ਼ਾਰਾਂ ਲੋਕਾਂ ਦੇ ਰੁਕਣ, ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਰਾਜਿਆਂ ਨੂੰ ਸੱਦਾ ਦਿੱਤਾ ਗਿਆ ਅਤੇ ਬਰਾੜੀ ਵਿਚ ਅਸਥਾਈ ਸ਼ਹਿਰ ਵਸ ਗਿਆ। ਇਸ ਦਿਨ ਪੂਰੀ ਦਿੱਲੀ ਵਿਚ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਭਾਵ ਦਿੱਲੀ ਰੌਸ਼ਨੀ ਨਾਲ ਜਗਮਗਾ ਉੱਠੀ। ਜਾਰਜ ਪੰਚਮ ਅਤੇ ਕੁਈਨ ਮੈਰੀ ਦੀ ਸਵਾਰੀ ਚਾਂਦਨੀ ਚੌਕ ਤੋਂ ਲੰਘੀ। ਦਿੱਲੀ ਦਰਬਾਰ ਵਿਚ ਪਹੁੰਚਦਿਆਂ ਹੀ ਜਾਰਜ ਪੰਚਮ ਨੇ 1911 ਵਿਚ ਕਲਕੱਤਾ ਦੀ ਜਗ੍ਹਾ ਨਵੀਂ ਦਿੱਲੀ ਰਾਜਧਾਨੀ ਬਣਾਉਣ ਦਾ ਐਲਾਨ ਕਰਕੇ ਸਾਰੇ ਦੇਸੀ ਰਾਜਿਆਂ ਤੇ ਸ਼ਾਸਕਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ। ਐਡਵਿਨ ਲੋਟੀਆਂਸ ਨੇ ਰਾਸ਼ਟਰਪਤੀ ਭਵਨ, ਇੰਡੀਆ ਗੇਟ, ਇਸ ਨੂੰ 29,000 ਮਜ਼ਦੂਰਾਂ ਨੇ ਬਣਾਇਆ ਤੇ ਇਨ੍ਹਾਂ ਸ਼ਾਹੀ ਇਮਾਰਤਾਂ ਨੂੰ ਬਣਾਉਣ ਲਈ ਆਗਰਾ, ਭਰਤਪੁਰ, ਧੌਲਪੁਰ ਤੋਂ ਸਪੈਸ਼ਲ ਪੱਥਰ ਮੰਗਵਾਇਆ ਗਿਆ। ਪੱਥਰ ਦੀ ਢੋਆ-ਢੁਆਈ ਲਈ ਵੱਖਰੀਆਂ ਰੇਲ ਲਾਈਨਾਂ ਵਿਛਾਈਆਂ ਗਈਆਂ। ਹਰਬਟ ਬੇਕਰ ਨੇ ਦਿੱਲੀ ਵਿਚ ਸੰਸਦ ਭਵਨ ਬਣਾਇਆ। ਇਸ ਸਮੇਂ ਤੋਂ ਲੈ ਕੇ ਅੱਜ ਤੱਕ ਦਿੱਲੀ ਦੇਸ਼ ਦੀ ਰਾਜਧਾਨੀ ਵਜੋਂ ਜਾਣੀ ਜਾਂਦੀ ਹੈ।