Tuesday, 31 May 2016

ਹਵੇਲੀ ਸੁਜਾਨ ਸਿੰਘ ਰਾਵਲਪਿੰਡੀ ਪੰਜਾਬ ਪਾਕਿਸਤਾਨ

ਹਵੇਲੀ ਸੁਜਾਨ ਸਿੰਘ ਰਾਵਲਪਿੰਡੀ ਪੰਜਾਬ ਪਾਕਿਸਤਾਨ



ਹਵੇਲੀ ਸੁਜਾਨ ਸਿੰਘ ਇੱਕ ਵੱਡ ਅਕਾਰੀ ਹਵੇਲੀ ਹੈ ਜੋ ਲਹਿੰਦੇ ਪੰਜਾਬ ਦੇ ਰਾਵਲਪਿੰਡੀ ਸ਼ਹਿਰ ਦੇ ਭੀੜੇ ਭਾਬਰਾ ਬਜਾਰ ਵਿਚ ਸਥਿਤ ਹੈ ।
ਇਹ ਰਾਵਲਪਿੰਡੀ ਦੇ ਅਮੀਰ ਕਾਰੋਬਾਰੀ ਰਾਇ ਬਹਾਦੁਰ ਸੁਜਾਨ ਸਿੰਘ ਨੇ ਬਨਵਾਈ ਸੀ ਜੋ ਕਿ ਮਹਿਲਨੁਮਾ ਦਿਖ ਵਾਲੀ ਹੈ । ਇਸ ਵਿਚ ਸੁਨਿਹਰੀ ਤਖ਼ਤ, ਸ਼ਾਹੀ ਫਰਨੀਚਰ ਰਖਿਆ ਹੋਇਆ ਸੀ। ਇਸ ਵਿਚ ਮੋਰ ਰੱਖੇ ਹੋਏ ਸਨ ਜੋ ਸ਼ਾਮ ਨੂੰ ਪੈਲ ਪਾਉਦੇ ਸਨ ਅਤੇ ਇੱਕ ਚੀਤੇ ਦਾ ਬੱਚਾ ਵੀ ਰਖਿਆ ਹੋਇਆ ਸੀ ਜੋ ਵਰਾਂਡੇ ਵਿਚ ਘੁਮਦਾ ਰਹਿੰਦਾ ਸੀ। ਹਵੇਲੀ ਵਿਚ ਸਾਜਿੰਦੇ ਵੀ ਰਖੇ ਹੋਏ ਸਨ ਜੋ ਸ਼ਾਮ ਨੂੰ ਸੰਗੀਤ ਵਾਦਨ ਕਰਦੇ ਸਨ । ਇਹ ਹਵੇਲੀ ਰਾਇ ਬਹਾਦਰ ਸੁਜਾਨ ਸਿੰਘ ਦੇ ਪਰਿਵਾਰ ਦੇ ਅਜਾਇਬ ਘਰ ਵਜੋਂ ਰੱਖੀ ਹੋਈ ਸੀ ਜਿਸ ਵਿਚ ਉਸਦੇ ਖਾਨਦਾਨ ਦੀਆਂ ਤਸਵੀਰਾਂ ਅਤੇ ਨਿਸ਼ਾਨੀਆਂ ਸਾਂਭੀਆਂ ਹੋਈਆਂ ਸਨ।


ਹਵੇਲੀ ਸੁਜਾਨ ਸਿੰਘ 

ਇਤਿਹਾਸ ਦੀਆਂ ਪੈੜਾਂ-39
ਦੇਸ਼ ਦੀ ਵੰਡ ਤੋਂ ਪਹਿਲਾਂ ਸ਼ਾਹੀ ਸਿੱਖ ਹਵੇਲੀਆਂ ਦੇ ਸ਼ਹਿਰ ਨਾਂਅ ਨਾਲ ਜਾਣਿਆ ਜਾਂਦਾ ਰਾਵਲਪਿੰਡੀ ਸ਼ਹਿਰ ਅੱਜ ਆਪਣੀ ਉਸ ਪਹਿਚਾਣ ਤੋਂ ਵਾਂਝਾ ਹੋ ਚੁੱਕਾ ਹੈ। ਰਾਵਲਪਿੰਡੀ ਦੀਆਂ ਉਹ ਸਭ ਸ਼ਾਹੀ ਹਵੇਲੀਆਂ ਇਕ-ਇਕ ਕਰਕੇ ਪਲਾਜ਼ਿਆਂ ਵਿਚ ਤਬਦੀਲ ਹੋ ਚੁੱਕੀਆਂ ਹਨ ਅਤੇ ਹੁਣ ਉਨ੍ਹਾਂ ਦਾ ਨਾਂਅ ਅਤੇ ਪਹਿਚਾਣ ਵੀ ਧੁੰਦਲੀ ਪੈ ਚੁੱਕੀ ਹੈ।

ਰਾਵਲਪਿੰਡੀ ਦੇ ਨਮਕ ਮੰਡੀ ਵਿਚਲੀ ਰਾਜਾ ਪੂੰਛ ਦੀ ਹਵੇਲੀ ਨੂੰ ਤਾਂ ਅਜੇ ਕੁਝ ਵਰ੍ਹੇ ਪਹਿਲਾਂ ਹੀ ਢਾਹ ਕੇ ਪਲਾਜ਼ੇ ਵਿਚ ਤਬਦੀਲ ਕੀਤਾ ਗਿਆ ਹੈ। ਇਸ ਸ਼ਹਿਰ ਵਿਚਲਾ ਨਿਰੰਕਾਰੀ ਸੰਪ੍ਰਦਾਇ ਦਾ ਖੂਬਸੂਰਤ ਦਰਬਾਰ ਵੀ 10 ਵਰ੍ਹੇ ਪਹਿਲਾਂ ਤੱਕ ਚੰਗੀ ਹਾਲਤ ਵਿਚ ਸੀ ਪਰ ਫਿਰ ਇਸ ਦੀ ਉਪਰਲੀ ਛੱਤ ਢਹਿ ਜਾਣ ਤੋਂ ਬਾਅਦ ਇਸ ਦੀ ਮੁਰੰਮਤ ਨਾ ਕਰਵਾਏ ਜਾਣ ਕਰਕੇ, ਹੁਣ ਇਹ ਅਸਥਾਨ ਇਕ ਖੰਡਰ ਦਾ ਰੂਪ ਲੈ ਚੁੱਕਾ ਹੈ। ਸੰਭਵ ਹੈ ਜਲਦੀ ਹੀ ਇਸ ਨੂੰ ਪੂਰੀ ਤਰ੍ਹਾਂ ਨਾਲ ਜ਼ਮੀਨਦੋਜ਼ ਕਰਕੇ ਇਥੇ ਕੋਈ ਪਲਾਜ਼ਾ ਜਾਂ ਮਾਲ ਉਸਾਰਿਆ ਜਾਵੇ। ਦੱਸਿਆ ਜਾਂਦਾ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਅਸਥਾਨ 'ਤੇ ਕਥਾ-ਕੀਰਤਨ ਤੇ ਲੰਗਰ ਆਦਿ ਦਾ ਉੱਤਮ ਪ੍ਰਬੰਧ ਹੁੰਦਾ ਸੀ। ਬਾਅਦ ਵਿਚ ਇਸ ਦੇ ਅੰਦਰ ਲੜਕਿਆਂ ਦਾ ਸਰਕਾਰੀ ਸਕੂਲ ਸ਼ੁਰੂ ਕੀਤਾ ਗਿਆ, ਜੋ ਪਿਛਲੇ ਕਈ ਵਰ੍ਹਿਆਂ ਤੋਂ ਬੰਦ ਹੈ।

ਇਸੇ ਸ਼ਹਿਰ ਦੇ ਬਾਬਰਾ ਬਾਜ਼ਾਰ ਦੀਆਂ ਤੰਗ ਗਲੀਆਂ ਵਿਚੋਂ ਨਿਕਲ ਕੇ ਖੁੱਲ੍ਹੀ ਸੜਕ 'ਤੇ ਪਹੁੰਚਣ 'ਤੇ ਇਕ ਖੂਬਸੂਰਤ ਸਿੱਖ ਹਵੇਲੀ ਆਉਂਦੇ-ਜਾਂਦੇ ਰਾਹਗੀਰਾਂ ਨੂੰ 'ਜੀਅ ਆਇਆਂ' ਕਹਿੰਦੀ ਪ੍ਰਤੀਤ ਹੁੰਦੀ ਹੈ। ਲਾਲ ਹਵੇਲੀ ਦੇ ਨਾਂਅ ਨਾਲ ਪ੍ਰਸਿੱਧ ਇਸ ਹਵੇਲੀ ਨੂੰ ਸਹਿਗਲਾਂ ਦੀ ਹਵੇਲੀ ਵੀ ਕਿਹਾ ਜਾਂਦਾ ਹੈ। ਮੌਜੂਦਾ ਸਮੇਂ ਇਸ ਵਿਚ ਸੀ. ਆਈ. ਏ. ਸਟਾਫ਼ ਦਾ ਦਫ਼ਤਰ ਹੈ। ਇਸ ਨੂੰ ਖਾਲੀ ਕਰਾਉਣ ਲਈ ਮਹਿਕਮਾ ਆਸਰੇ ਕਦੀਮਾ (ਵਕਫ਼ ਬੋਰਡ) ਕਈ ਵਰ੍ਹਿਆਂ ਤੋਂ ਉਪਰਾਲੇ ਕਰ ਰਿਹਾ ਹੈ। ਸੰਨ 1883 ਵਿਚ ਕ੍ਰਿਪਾਲ ਸਿੰਘ ਨਾਂਅ ਦਾ ਸਿੱਖ ਵਪਾਰੀ ਬਾਬਰਾ ਬਾਜ਼ਾਰ ਦੇ ਇਸ ਇਲਾਕੇ ਵਿਚ ਆ ਕੇ ਵਸ ਗਿਆ ਅਤੇ ਇਥੇ ਇਕ ਆਲੀਸ਼ਾਨ ਹਵੇਲੀ ਬਣਵਾਈ। ਉਸ ਦੇ ਦਿਹਾਂਤ ਤੋਂ ਬਾਅਦ ਹਵੇਲੀ ਉਸ ਦੇ ਵੱਡੇ ਪੋਤਰੇ ਮੋਹਨ ਸਿੰਘ ਦੇ ਹਿੱਸੇ ਆ ਗਈ। ਉਸ ਨੇ ਹਵੇਲੀ ਦੇ ਕੁਝ ਹਿੱਸੇ ਦਾ ਸੰਨ 1893 ਵਿਚ ਸ਼ਹਾਣਾ ਢੰਗ ਨਾਲ ਨਵ-ਨਿਰਮਾਣ ਕਰਵਾਇਆ, ਜਦੋਂਕਿ ਹਵੇਲੀ ਦਾ ਬਾਕੀ ਹਿੱਸਾ ਆਪਣੇ ਛੋਟੇ ਭਰਾ ਰਾਇ ਬਹਾਦਰ ਸੁਜਾਨ ਸਿੰਘ ਨੂੰ ਦੇ ਦਿੱਤਾ। ਉਸ ਨੇ ਹਵੇਲੀ ਦੇ ਉਸ ਹਿੱਸੇ ਵਿਚ ਆਪਣੇ ਲਈ ਕਿਲ੍ਹੇ ਨੁਮਾ ਹਵੇਲੀ ਤਿਆਰ ਕਰਵਾਈ, ਜਿਸ ਨੂੰ ਲੋਕ ਸੁਜਾਨ ਸਿੰਘ ਦਾ ਮਹਿਲ ਕਹਿ ਕੇ ਸੰਬੋਧਿਤ ਕਰਦੇ ਸਨ।

ਰਾਇ ਬਹਾਦਰ ਸੁਜਾਨ ਸਿੰਘ ਦੇ ਇਸ ਮਹਿਲ ਵਿਚ ਸਾਰੀ ਲੱਕੜੀ ਦਿਆਰ ਅਤੇ ਸਾਗਵਾਨ ਦੀ ਲਗਾਈ ਗਈ ਹੈ। ਹਵੇਲੀ ਦੀ ਛੱਤ ਹੇਠਾਂ ਲੱਗੇ ਲੋਹੇ ਦੇ ਗਾਡਰਾਂ 'ਤੇ 'ਗਲੈਕਸੇ ਕੰਪਨੀ ਇੰਗਲੈਂਡ' ਲਿਖਿਆ ਅੱਜ ਵੀ ਸਾਫ਼ ਪੜ੍ਹਿਆ ਜਾ ਸਕਦਾ ਹੈ। ਸੰਨ 1947 ਤੋਂ ਪਹਿਲਾਂ ਇਸ ਹਵੇਲੀ ਵਿਚ 'ਸੁਜਾਨ ਸਿੰਘ ਅਜਾਇਬਘਰ' ਅਤੇ ਲਾਇਬ੍ਰੇਰੀ ਕਾਇਮ ਕੀਤੀ ਗਈ, ਜਿਸ ਵਿਚ ਸੁਜਾਨ ਸਿੰਘ ਨਾਲ ਸਬੰਧਤ ਉਸ ਦੀਆਂ ਵਸਤੂਆਂ ਨੂੰ ਨੁਮਾਇਸ਼ ਲਈ ਰੱਖਿਆ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਇਹ ਅਜਾਇਬ ਘਰ ਸਰਕਾਰੀ ਦਫ਼ਤਰ ਵਿਚ ਤਬਦੀਲ ਹੋ ਗਿਆ ਅਤੇ ਹਵੇਲੀ ਦੇ ਬਾਕੀ ਹਿੱਸੇ ਵਿਚ ਕਸ਼ਮੀਰੀ ਸ਼ਰਨਾਰਥੀ ਪਰਿਵਾਰ ਆ ਕੇ ਵਸ ਗਏ, ਜੋ ਹਵੇਲੀ ਦਾ ਕਰੀਬ-ਕਰੀਬ ਸਾਰਾ ਕੀਮਤੀ ਸਾਮਾਨ ਵੇਚ ਚੁੱਕੇ ਹਨ।

ਸੰਨ 2006 ਵਿਚ ਰਾਇ ਬਹਾਦਰ ਸੁਜਾਨ ਸਿੰਘ ਦੀ ਹਵੇਲੀ ਵਿਚ ਹੀ ਫ਼ਾਤਿਮਾ ਜਿਨ੍ਹਾਂ ਯੂਨੀਵਰਸਿਟੀ ਕੈਂਪਸ ਫ਼ਾਰ ਵੂਮੈਨ ਸ਼ੁਰੂ ਕੀਤਾ ਗਿਆ, ਜਿਸ ਦੇ ਨਵ-ਨਿਰਮਾਣ ਲਈ ਪਾਕਿਸਤਾਨ ਸਰਕਾਰ ਵੱਲੋਂ ਕਰੀਬ ਢਾਈ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਦੋਂਕਿ ਹਕੀਕਤ ਇਹ ਹੈ ਕਿ ਇਥੇ ਇਕ ਇੱਟ ਤੱਕ ਵੀ ਨਹੀਂ ਲਗਾਈ ਗਈ ਹੈ।

ਇਸੇ ਬਾਜ਼ਾਰ ਵਿਚ ਪਹਿਲਾਂ ਭਾਈ ਬੂਟਾ ਸਿੰਘ ਹਕੀਮ ਦੀ ਧਰਮਸ਼ਾਲਾ ਵੀ ਹੁੰਦੀ ਸੀ, ਜੋ ਕਿ ਹੁਣ ਅਲੋਪ ਹੋ ਚੁੱਕੀ ਹੈ। 'ਮਹਾਨ ਕੋਸ਼' ਦੇ ਸਫ਼ਾ 967 ਦੇ ਅਨੁਸਾਰ ਇਸ ਧਰਮਸ਼ਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਣੀ ਬੀੜ ਮੌਜੂਦ ਸੀ, ਜਿਸ ਵਿਚ 35 ਪੌੜੀਆਂ ਦੀ ਮਾਲਕੌਸ ਦੀ ਵਾਰ ਸੀ। ਉਪਰੋਕਤ ਦੇ ਇਲਾਵਾ ਰਾਵਲਪਿੰਡੀ ਦੇ ਪੁਰਾਣਾ ਕਿਲ੍ਹਾ, ਲਾਲ ਕੁੜਤੀ ਬਾਜ਼ਾਰ, ਬੰਨੀ ਅਤੇ ਅੰਦਰੂਨ ਸਦਰ ਵਿਚ ਬਹੁਤ ਸਾਰੀਆਂ ਸਿੱਖ ਭਵਨ ਕਲਾ ਦੇ ਦਿਲਕਸ਼ ਨਮੂਨੇ ਦੇ ਰੂਪ ਵਿਚ ਹਿੰਦੂ-ਸਿੱਖਾਂ ਦੀਆਂ ਹਵੇਲੀਆਂ ਮੌਜੂਦ ਸਨ, ਜੋ ਹੁਣ ਪਲਾਜ਼ਿਆਂ ਵਿਚ ਤਬਦੀਲ ਹੋ ਚੁੱਕੀਆਂ ਹਨ।

ਸੁਰਿੰਦਰ ਕੋਛੜ

ਇਤਿਹਾਸ 'ਚੋਂ ਆਪਣਾ ਵਜੂਦ ਭਾਲ ਰਿਹੈ ਗੁਰਦੁਆਰਾ

ਇਤਿਹਾਸ 'ਚੋਂ ਆਪਣਾ ਵਜੂਦ ਭਾਲ ਰਿਹੈ ਗੁਰਦੁਆਰਾ ਇਤਿਹਾਸ ਦੀਆਂ ਪੈੜਾਂ-32


ਗੁਰਦੁਆਰਾ ਲਾਇਲਪੁਰ (ਫੈਸਲਾਬਾਦ)


ਸੰਨ 1947, ਧਰਤੀ 'ਤੇ ਖਿੱਚੀ ਗਈ ਵੰਡ ਦੀ ਕਦੇ ਨਾ ਮਿਟਣ ਵਾਲੀ ਲਕੀਰ ਨੇ ਲੱਖਾਂ-ਕਰੋੜਾਂ ਲੋਕਾਂ ਨੂੰ ਬੇਵਕਤ ਆਪਣੇ ਘਰਾਂ ਤੋਂ ਅਨਜਾਣ ਠਿਕਾਣਿਆਂ ਵੱਲ ਪਲਾਇਨ ਕਰਨ ਲਈ ਮਜਬੂਰ ਕਰ ਦਿੱਤਾ। ਦੇਸ਼ ਦੀ ਵੰਡ ਦਾ ਇਹ ਸੰਤਾਪ ਨਿਰਦੋਸ਼ ਲੋਕਾਂ ਦੇ ਨਾਲ-ਨਾਲ ਉਨ੍ਹਾਂ ਧਾਰਮਿਕ ਅਸਥਾਨਾਂ ਨੂੰ ਵੀ ਝੇਲਣਾ ਪਿਆ, ਜਿਨ੍ਹਾਂ ਦੇ ਭਾਰਤੀ ਸ਼ਰਧਾਲੂਆਂ ਲਈ ਦਰਸ਼ਨ ਜਾਂ ਦੇਖ-ਭਾਲ ਕਰਨਾ ਤਾਂ ਦੂਰ, ਉਨ੍ਹਾਂ ਦੀ ਖ਼ਬਰ-ਸਾਰ ਲੈਣਾ ਵੀ ਐਨਾ ਆਸਾਨ ਨਾ ਰਿਹਾ।
ਲਾਹੌਰ ਤੋਂ 128 ਕਿਲੋਮੀਟਰ ਦੂਰ ਫ਼ੈਸਲਾਬਾਦ (ਸੰਨ 1896 ਵਿਚ ਚਨਾਬ ਕਾਲੋਨੀ ਨੂੰ ਪੰਜਾਬ ਦੇ ਗਵਰਨਰ ਲੈਫ਼ਟੀਨੈਂਟ ਜਨਰਲ ਸਰ ਜੇਮਜ਼ ਬੀ. ਲਾਇਲ ਦੇ ਨਾਂਅ 'ਤੇ ਲਾਇਲਪੁਰ ਦਾ ਨਾਂਅ ਦਿੱਤਾ ਗਿਆ ਅਤੇ 1 ਸਤੰਬਰ 1977 ਨੂੰ ਪਾਕਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ ਨੇ ਲਾਇਲਪੁਰ ਦਾ ਨਾਂਅ ਬਦਲ ਕੇ ਸਾਊਦੀ ਅਰਬ ਦੇ ਰਾਜਾ ਸ਼ਾਹ ਫ਼ੈਸਲ ਬੀਨ ਅਬਦੁਲ ਅਜ਼ੀਜ਼ ਦੇ ਨਾਂਅ 'ਤੇ ਫ਼ੈਸਲਾਬਾਦ ਰੱਖ ਦਿੱਤਾ) ਦੇ ਇਲਾਕੇ ਕਚਹਿਰੀ ਬਾਜ਼ਾਰ ਵਿਚ ਸਥਿਤ ਇਕ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਲੰਬੇ ਸਮੇਂ ਤੋਂ ਇਹ ਸੰਤਾਪ ਭੋਗਣਾ ਪੈ ਰਿਹਾ ਹੈ। ਇਸ ਗੁਰਦੁਆਰੇ ਦੇ ਇਤਿਹਾਸ ਸਬੰਧੀ ਲਾਇਲਪੁਰ ਦੇ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਰਿਕਾਰਡ ਜਾਂ ਦਸਤਾਵੇਜ਼ ਵਿਚੋਂ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਨਾ ਹੀ ਲਾਇਲਪੁਰ ਦੇ ਕਿਸੇ ਡਿਸਟ੍ਰਿਕਟ ਗਜ਼ੇਟੀਅਰ ਵਿਚ ਇਸ ਦੇ ਨਾਂਅ ਸਬੰਧੀ ਹੀ ਕੋਈ ਹਵਾਲਾ ਦਿੱਤਾ ਗਿਆ ਹੈ।
ਫ਼ੈਸਲਾਬਾਦ ਦੇ ਅੱਧ-ਵਿਚਕਾਰ ਬਣਾਏ ਗਏ ਘੰਟਾ-ਘਰ ਚੌਕ 'ਚੋਂ ਅਲੱਗ-ਅਲੱਗ 8 ਪ੍ਰਮੁੱਖ ਬਾਜ਼ਾਰਾਂ ਰੇਲ ਬਾਜ਼ਾਰ, ਕਚਹਿਰੀ ਬਾਜ਼ਾਰ, ਕਾਰਖਾਨਾ ਬਾਜ਼ਾਰ, ਚਨਿਊਟ ਬਾਜ਼ਾਰ, ਆਮੇਨਪੁਰ ਬਾਜ਼ਾਰ, ਭਵਾਨਾ ਬਾਜ਼ਾਰ, ਝੰਗ ਬਾਜ਼ਾਰ ਅਤੇ ਮਿੰਟਗੁਮਰੀ ਬਾਜ਼ਾਰ ਨੂੰ ਅਲੱਗ-ਅਲੱਗ ਰਸਤੇ ਨਿਕਲਦੇ ਹਨ। ਘੰਟਾਘਰ ਚੌਰਾਹੇ ਵਿਚੋਂ ਜਿਹੜੀ ਸਿੱਧੀ ਸੜਕ ਕਚਹਿਰੀ ਬਾਜ਼ਾਰ ਵੱਲ ਨੂੰ ਘੁੰਮਦੀ ਹੈ, ਉਸ ਦੇ ਦੂਸਰੇ ਚੌਕ ਤੋਂ ਥੋੜ੍ਹੀ ਪਹਿਲਾਂ ਖੱਬੇ ਹੱਥ ਇਕ ਬਹੁਤ ਵਿਸ਼ਾਲ ਅਤੇ ਆਲੀਸ਼ਾਨ ਗੁਰਦੁਆਰੇ ਦੀ ਇਮਾਰਤ ਮੌਜੂਦ ਹੈ, ਜਿਸ ਨੂੰ ਕਦੇ ਵੱਡਾ ਗੁਰਦੁਆਰਾ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ।
ਇਸ ਤਿੰਨ ਮੰਜ਼ਿਲਾ ਗੁਰਦੁਆਰੇ ਉਪਰ ਬਣਾਇਆ ਗਿਆ ਦੋ ਮੰਜ਼ਿਲਾ ਉੱਚਾ ਬੁਰਜ ਬਾਜ਼ਾਰ ਵਿਚ ਕਾਫੀ ਦੂਰੋਂ ਹੀ ਵਿਖਾਈ ਦੇ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਸਿਰਫ਼ ਪ੍ਰਕਾਸ਼ ਹੀ ਨਹੀਂ ਹੁੰਦਾ ਪਰ ਬਾਕੀ ਗੁਰਦੁਆਰੇ ਦੀਆਂ ਸਭ ਨਿਸ਼ਾਨੀਆਂ ਜਿਉਂ ਦੀਆਂ ਤਿਉਂ ਮੌਜੂਦ ਹਨ। ਇਸ ਵਿਚ ਪ੍ਰਕਾਸ਼ ਅਸਥਾਨ ਵਾਲੇ ਭਵਨ ਅਤੇ ਲੰਗਰ ਹਾਲ ਨੂੰ ਛੱਡ ਕੇ 100 ਤੋਂ ਵਧੇਰੇ ਹੋਰ ਕਮਰੇ ਮੌਜੂਦ ਹਨ। ਗੁਰਦੁਆਰਾ ਸਟਰੀਟ ਨੰ: 2 ਵਿਚ ਰਹਿਣ ਵਾਲੇ ਹਾਜੀ ਅਹਿਮਦ ਹੁਸੈਨ (ਉਮਰ 85 ਸਾਲ) ਦੱਸਦੇ ਹਨ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਗੁਰਦੁਆਰੇ ਵਿਚ ਇਕ ਫ੍ਰੀ ਸਿੱਖ ਸਕੂਲ ਹੋਇਆ ਕਰਦਾ ਸੀ ਅਤੇ ਉਸ ਦੇ ਨਾਲ ਹੀ ਗੁਰਦੁਆਰੇ ਦੇ ਕੁਝ ਕਮਰਿਆਂ ਵਿਚ ਸਿੱਖ ਬੀਬੀਆਂ ਨੂੰ ਸਿਲਾਈ-ਕਢਾਈ ਦਾ ਕੰਮ ਸਿਖਾਇਆ ਜਾਂਦਾ ਸੀ।
ਮੌਜੂਦਾ ਸਮੇਂ ਗੁਰਦੁਆਰੇ ਦੀ ਇਮਾਰਤ ਵਿਚ ਗੌਰਮਿੰਟ ਪਾਕਿਸਤਾਨ ਮਾਡਲ ਹਾਈ ਸਕੂਲ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਪਰ ਆਸ-ਪਾਸ ਵਾਲੇ ਅਤੇ ਹੋਰ ਲੋਕ ਇਸ ਸਕੂਲ ਨੂੰ ਇਸ ਦੇ ਆਪਣੇ ਮੌਜੂਦਾ ਨਾਂਅ ਨਾਲ ਨਹੀਂ, ਸਗੋਂ 'ਗੁਰਦੁਆਰੇ ਵਾਲੇ ਸਕੂਲ' ਦੇ ਨਾਂਅ ਨਾਲ ਸੰਬੋਧਿਤ ਕਰਦੇ ਹਨ। ਗੁਰਦੁਆਰੇ ਦੇ ਪ੍ਰਕਾਸ਼ ਅਸਥਾਨ ਦੇ ਬਾਹਰ ਖੱਬੇ ਹੱਥ ਲਗਾਏ ਗਏ ਨਿਸ਼ਾਨ ਸਾਹਿਬ ਨੂੰ ਜ਼ੰਗ ਲੱਗ ਜਾਣ ਕਰਕੇ ਉਸ ਦਾ ਓਪਰੀ ਹਿੱਸਾ ਟੁੱਟ ਚੁੱਕਾ ਹੈ ਅਤੇ ਬਾਕੀ ਬਚੇ ਹਿੱਸੇ ਨੂੰ ਸਕੂਲ ਵਾਲਿਆਂ ਨੇ ਮੋੜ ਕੇ ਖੁਦ ਹੀ ਦੋਹਰਾ ਕਰ ਦਿੱਤਾ ਪ੍ਰਤੀਤ ਹੁੰਦਾ ਹੈ। ਨਿਸ਼ਾਨ ਸਾਹਿਬ ਦੇ ਹੇਠਾਂ ਪੱਥਰ ਦੇ ਥੜ੍ਹੇ ਉੱਪਰ ਲਿਖਿਆ ਇਹ ਸਾਫ਼ ਪੜ੍ਹਿਆ ਜਾ ਸਕਦਾ ਹੈ-'ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਮਿਤੀ ਮਾਘ 2 ਸੰਮਤ ਖ਼ਾਲਸਾ 240 ਨੂੰ ਭਾਈ ਰਤਨ ਸਿੰਘ ਮੇਹਰ ਸਿੰਘ ਜੀ ਬਜਾਜ ਲਾਇਲਪੁਰ ਨੇ ਕਰਵਾਈ। ਦਾਸ ਸਕੱਤਰ ਸ੍ਰੀ ਗੁਰੂ ਸਿੰਘ ਸਭਾ ਲਾਇਲਪੁਰ-15.1.1939।' ਇਸੇ ਪ੍ਰਕਾਰ ਲੰਗਰ ਭਵਨ ਦੇ ਬਾਹਰ ਲੱਗੀ ਇਕ ਸਿੱਲ੍ਹ 'ਤੇ ਸ਼ਾਹਮੁਖੀ ਲਿਪੀ ਵਿਚ ਇਸ ਪ੍ਰਕਾਰ ਲਿਖਿਆ ਗਿਆ ਹੈ-'ਇਸ ਬਰਾਂਦੇ ਕੀ ਚਿਪਸ ਕੀ ਸੇਵਾ ਯਕਮ ਸਾਵਨ ਮੁਬਲਗ਼ 3100/-, ਸੰਮਤ 2001, ਭਾਈ ਜੁਨੇਦ ਸਿੰਘ ਹਕੀਮ ਲਾਇਲਪੁਰ ਨਿਵਾਸੀ ਨੇ ਕਰਾਈ।'
- ਸੁਰਿੰਦਰ ਕੋਛੜ