Wednesday, 28 March 2018

ਫਿਲਮ "ਨਾਨਕ ਸ਼ਾਹ ਫ਼ਕੀਰ"

ਫਿਲਮ "ਨਾਨਕ ਸ਼ਾਹ ਫ਼ਕੀਰ" ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਹ ਫਿਲਮ ਦੇਖ ਕੇ ਪਾਸ ਕਾਰਨ ਲਈ ਸਾਡੀ ਸਬ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਮੇਰੇ ਤੋਂ ਇਲਾਵਾ ਸ੍ਰ. ਰਘੂਜੀਤ ਸਿੰਘ "ਵਿਰਕ",  ਸ੍ਰ. ਰਾਜਿੰਦਰ ਸਿੰਘ "ਮਹਿਤਾ", ਡਾ. ਰੂਪ ਸਿੰਘ ਵੀ ਸ਼ਾਮਿਲ ਸਨ | 

ਸਾਨੂੰ ਇਹ ਫਿਲਮ, ਇਸ ਫਿਲਮ ਦੇ ਪ੍ਰੋਡਿਊਸਰ ਸ੍ਰੀ ਸਿੱਕਾ ਜੀ ਦੇ ਘਰ ਦਿੱਲੀ ਵਿੱਚ ਬਣੇ ਥੀਏਟਰ ਵਿੱਚ ਵਿਖਾਈ ਗਈ ਸੀ। ਸਾਨੂੰ ਫਿਲਮ ਦਿਖਾਉਣ ਤੋਂ ਪਹਿਲਾਂ ਇਹ ਦੱਸਿਆ ਗਿਆ ਕਿ ਇਸ ਫਿਲਮ ਨੂੰ ਸਾਡੇ ਤੋਂ ਪਹਿਲਾਂ 
ਸ੍ਰ.ਪ੍ਰਕਾਸ਼ ਸਿੰਘ "ਬਾਦਲ", 
ਸੁਖਵੀਰ ਸਿੰਘ "ਬਾਦਲ", 
ਹਰਸਿਮਰਤ ਕੌਰ "ਬਾਦਲ", 
ਗਿਆਨੀ ਗੁਰਬਚਨ ਸਿੰਘ ਜਥੇ: ਸ੍ਰੀ ਅਕਾਲ ਤਖ਼ਤ ਸਾਹਿਬ 
ਅਤੇ ਦੋ ਹੋਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ 
ਬਾਬਾ ਹਰਨਾਮ ਸਿੰਘ "ਧੁੱਮਾਂ", 
ਭਾਈ ਜਸਵੀਰ ਸਿੰਘ "ਰੋਡੇ"
ਅਤੇ ਸ੍ਰ .ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਭੀ ਵੇਖੀ ਹੈ। 
ਉਨ੍ਹਾਂ ਸਾਰਿਆਂ ਨੇ ਹੀ ਇਸ ਦੀ ਭਰਪੂਰ ਪ੍ਰਸੰਸਾ ਵੀ ਕੀਤੀ ਹੈ। ਇਹ ਭੀ ਦੱਸਿਆ ਗਿਆ ਕਿ ਬਾਦਲ ਪਰਿਵਾਰ ਨੇ PTC ਚੈਨਲ ਤੇ ਇਸ ਫਿਲਮ ਦੀ ਫਰੀ ਮਸ਼ਹੂਰੀ ਕਰਨ ਦਾ ਭੀ ਭਰੋਸਾ ਦਿੱਤਾ ਹੈ। 
#StopNanakShahFakirFilm
ਸੁਖਦੇਵ ਸਿੰਘ "ਭੌਰ"

ਪਰੰਤੂ ਜਦੋਂ ਅਸੀਂ ਇਹ ਫਿਲਮ ਦੇਖੀ ਸਾਨੂੰ ਇਸ ਵਿੱਚ ਬਹੁਤ ਕੁੱਝ ਇਤਰਾਜ਼ਯੋਗ ਲੱਗਾ ਜਿਵੇਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਕਿਰਦਾਰ ਆਉਂਦਾ ਹੈ, ਸਿੱਕਾ ਇਸ ਨੂੰ ਐਨੀਮੇਸ਼ਨ ਦੱਸ ਰਹੇ ਹਨ ਪਰ ਕਮੇਟੀ ਨੇ ਮਹਿਸੂਸ ਕੀਤਾ ਸੀ ਕਿ ਇਹ ਕਿਰਦਾਰ ਐਨੀਮੇਸ਼ਨ ਨਹੀਂ ਹੈ ਬਲਕਿ ਕਿਸੇ ਕਲਾਕਾਰ ਵਲੋਂ ਨਿਭਾਇਆ ਗਿਆ ਹੈ। 
ਇਸੇ ਤਰਾਂ ਮਾਤਾ ਤ੍ਰਿਪਤਾ ਜੀ ਦਾ ਰੋਲ, ਬੇਬੇ ਨਾਨਕੀ ਜੀ ਦਾ ਰੋਲ ਅਤੇ ਭਾਈ ਮਰਦਾਨਾਂ ਜੀ ਦਾ ਰੋਲ ਭੀ ਫ਼ਿਲਮੀ ਕਲਾਕਾਰਾਂ ਵਲੋਂ ਹੀ ਨਿਭਾਇਆ ਗਿਆ ਹੈ। ਹੋਰ ਭੀ ਬਹੁਤ ਸਾਰੇ ਇਤਰਾਜ਼ ਸਨ ਜਿਸ ਕਰਕੇ ਅਸੀਂ ਇਸ ਫਿਲਮ ਨੂੰ ਕਲੀਨ ਚਿੱਟ ਨਹੀਂ ਸੀ ਦਿੱਤੀ। 
ਜਦੋਂ ਅਸੀਂ ਵਾਪਿਸ ਆਉਣ ਲੱਗੇ ਤਾਂ ਸਾਨੂੰ "ਸਿੱਕਾ" ਵਲੋਂ ਦੱਸਿਆ ਗਿਆ ਕਿ ਜਥੇ: ਗਿਆਨੀ ਗੁਰਬਚਨ ਸਿੰਘ ਨੇ ਇਸ ਫਿਲਮ ਨੂੰ ਪਾਸ ਹੀ ਨਹੀਂ ਕੀਤਾ ਸਗੋਂ ਇੱਕ ਪ੍ਰਸੰਸਾ ਪੱਤਰ ਭੀ ਜਾਰੀ ਕੀਤਾ ਹੈ। ਸਾਨੂੰ ਉਹ ਪ੍ਰਸੰਸਾ ਪੱਤਰ ਭੀ ਦਿਖਾਇਆ ਗਿਆ। ਮੈਂ ਉਸੇ ਵਕ਼ਤ ਗਿ: ਗੁਰਬਚਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਅਤੇ ਪੁੱਛਿਆ ਕਿ ਜਦੋਂ ਤੁਸੀਂ ਇਸ ਫਿਲਮ ਨੂੰ ਸਹੀ ਮੰਨ ਕੇ ਪ੍ਰਸੰਸਾ ਪੱਤਰ ਭੀ ਜਾਰੀ ਕਰ ਚੁੱਕੇ ਹੋ ਫਿਰ ਅਸੀਂ ਕਾਹਦੀ ਰਿਪੋਰਟ ਕਰੀਏ? ਉਹ ਕਹਿਣ ਲੱਗੇ ਕਿ ਮੈਂ ਤਾਂ ਇਨ੍ਹਾਂ ਦੇ ਕੰਮ ਦੀ ਹੀ ਪ੍ਰਸੰਸਾ ਕੀਤੀ ਹੈ, ਫਿਲਮ ਦੀ ਨਹੀਂ। ਮੈਂ ਫਿਰ ਪੁੱਛਿਆ ਕਿ ਫਿਲਮ ਤੋਂ ਇਲਾਵਾ ਤਾਂ ਇਨ੍ਹਾਂ ਹੋਰ ਕੋਈ ਪੰਥਕ ਕੰਮ ਕੀਤਾ ਹੀ ਨਹੀਂ ਤਾਂ ਉਹ ਕੁੱਝ ਨਾਂ ਬੋਲੇ। 
ਕੁੱਝ ਸਮੇ ਬਾਅਦ, ਸ੍ਰੀ ਅੰਮ੍ਰਿਤਸਰ ਸਾਹਿਬ, ਮੱਕੜ ਸਾਹਿਬ ਕਹਿਣ ਲੱਗੇ ਕਿ ਉਹ ਫਿਲਮ ਦੁਬਾਰਾ ਦੇਖ ਕੇ ਆਉਣੀ ਹੈ ਅਤੇ ਪਾਸ ਭੀ ਕਰਨੀ ਹੈ। ਮੈਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਹੀ ਪਾਸ ਕਰ ਚੁੱਕਾ ਹੈ ਫਿਰ ਹੋਰ ਕਿਸੇ ਨੂੰ ਭੇਜਣ ਦੀ ਕੀ ਲੋੜ ਹੈ?
ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਕਿਰਦਾਰ ਨਿਭਾਉਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਾਈ ਪਾਬੰਦੀ ਦੇ ਵਾਵਜੂਦ ਅਜਿਹੀਆਂ ਫ਼ਿਲਮਾਂ ਦਾ ਚਲਣ ਗੰਭੀਰ ਪੰਥਕ ਮਸਲਾ ਹੈ। ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ। 
ਗੁਰੂ ਪੰਥ ਦਾ ਦਾਸ 
ਸੁਖਦੇਵ ਸਿੰਘ "ਭੌਰ"

Tuesday, 27 March 2018

ਸਟੀਫਨ ਹਾਕਿੰਗ ਅਤੇ ਅਸੀਂ

ਸਟੀਫਨ ਹਾਕਿੰਗ ਅਤੇ ਅਸੀਂ

ਜਦੋਂ ਵੀ ਕੋਈ ਮਹਾਨ ਆਦਮੀ ਸਵਰਗਵਾਸ ਹੁੰਦਾ ਹੈ ਤਾਂ ਅਸੀਂ ਉਸਨੂੰ ਸ਼ਰਧਾਂਜਲੀ ਦੇ ਰੂਪ ' ਚ ਫ਼ੇਸਬੁੱਕ ਤੇ ਤਸਵੀਰਾਂ ਪੋਸਟ ਕਰਦੇ ਹਾਂ ਅਤੇ ਕੁੱਝ ਸ਼ਬਦ ਲਿਖਦੇ ਹਾਂ।
ਸੋਚਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਵਿੱਚ ਕਦੀ ਕੋਈ ਸਟੀਫਨ ਹਾਕਿੰਗ ਪੈਦਾ ਹੋਵੇਗਾ? ਸਟੀਫਨ ਹਾਕਿੰਗ ਮਹਿਜ਼ 21 ਸਾਲ 'ਚ ਉਹ ਐਮੀਓਟਰੋਫ਼ਿਕ ਲੇਟਰਲ ਸਕਲੀਸਿਸ (amyotrophic lateral sclerosis) ਬਿਮਾਰੀ ਨਾਲ ਪੀੜਤ ਹੋ ਗਏ ਸਨ ਅਗਰ ਉਹ ਸਾਡੇ ਸਮਾਜ ਵਿੱਚ ਹੁੰਦੇ ਤਾਂ ਕੀ ਉਹ ਇੱਥੇ ਤੱਕ ਪਹੁੰਚ ਸਕਦਾ ਸੀ? ਸਾਡਾ ਸਮਾਜ ਅੱਜਕਲ੍ਹ ਸਾਧ, ਸੰਤ, ਨਸ਼ੇੜੀ,ਬੇਈਮਾਨ ਲੀਡਰ ਅਤੇ ਅਪਰਾਧੀ ਬਿਰਤੀ ਦੇ ਲੋਕਾਂ ਨੂੰ ਜ਼ਿਆਦਾ ਪੈਦਾ ਕਰ ਰਿਹਾ ਹੈ। ਸਟੀਫਨ ਹਾਕਿੰਗ ਨੇ ਬਲੈਕ ਹੋਲ ਤੇ ਬਿਗ ਬੈਂਗ ਦੇ ਸਿਧਾਂਤ ਨੂੰ ਦੁਨੀਆ ਨੂੰ ਸਮਝਾਉਣ 'ਚ ਅਹਿਮ ਯੋਗਦਾਨ ਦਿੱਤਾ ਅਤੇ ਸਾਡਾ ਸਮਾਜ ਜੋਤਸ਼ੀਆਂ, ਪਾਖੰਡੀਆਂ ਦੇ ਚੱਕਰਾਂ ਵਿੱਚ ਪੈ ਕੇ ਅਨਪੜ੍ਹਤਾ ਦੇ ਬਲੈਕ ਹੋਲ ਵਿੱਚ ਗਰਕਦਾ ਜਾ ਰਿਹਾ ਹੈ। ਜ਼ਰਾ ਸੋਚੋ ਉਸ ਦੇਸ਼ ਦਾ ਸਮਾਜ ਕਿੰਨਾ ਆਸ਼ਾਵਾਦੀ ਹੋਵੇਗਾ ਜਿਸ ਦੇਸ਼ ਦੇ ਡਾਕਟਰਾਂ ਨੇ ਉਸਦੀ ਉਮਰ ਸਿਰਫ ਦੋ ਸਾਲ ਹੋਰ ਦੱਸੀ ਸੀ ਪਰ ਉਹ ਆਤਮਵਿਸ਼ਵਾਸ਼ ਨਾਲ ਡਾਕਟਰਾਂ ਦੀ ਭਵਿੱਖਬਾਣੀ ਨੂੰ ਝੂਠਲਾ ਕੇ 55 ਸਾਲ ਤੱਕ ਹੋਰ ਜਿੰਦਾ ਰਿਹਾ। ਸਾਡਾ ਸਮਾਜ ਏਨਾਂ ਨਿਰਾਸ਼ਾਵਾਦੀ ਹੈ ਕਿ ਅਗਰ ਸਟੀਫਨ ਹਾਕਿੰਗ ਇੱਥੇ ਹੁੰਦਾ ਤਾਂ ਲੋਕਾਂ ਨੇ ਉਸਨੂੰ ਦੋ ਸਾਲ ਤੋਂ ਵੀ ਪਹਿਲਾਂ ਮਾਰ ਦੇਣਾ ਸੀ ਕਿਉਂਕਿ ਸਾਨੂੰ ਮਰੀਜ਼ ਨੂੰ ਮਿਲਣਾ ਹੀ ਨਹੀਂ ਆਉਂਦਾ। ਕਿਸੇ ਨੇ ਕਹਿਣਾ ਸੀ ਉਂਗਲੀ ' ਚ ਫਲਾਣਾ ਨਗ ਪਾ ਲਉ, ਕਿਸੇ ਨੇ ਧਾਰਮਿਕ ਥਾਂ 'ਤੇ ਜਾ ਕੇ ਚੌਂਕੀ ਭਰਨ ਜਾਂ ਮੱਥਾ ਟੇਕਣ ਨੂੰ ਕਹਿਣਾ ਸੀ, ਕਿਸੇ ਨੇ ਕਹਿਣਾ ਸੀ ਦੇਸੀ ਦਵਾਈ ਖਾ ਲਓ, ਕਿਸੇ ਨੇ ਕਹਿਣਾ ਸੀ ਹੋਮਿਉਪੈਥੀ ਅਜ਼ਮਾ ਲਉ, ਕਿਸੇ ਨੇ ਭਾਈ ਇਹ ਤਾਂ ਕਰਮਾਂ ਦਾ ਫਲ ਹੈ ਵਗੈਰਾ ਵਗੈਰਾ। 
ਸਾਡੇ ਸਮਾਜ ਵਿੱਚ ਸਟੀਫਨ ਹਾਕਿੰਗ ਕਿਵੇਂ ਪੈਦਾ ਹੋ ਸਕਦਾ ਹੈ? ਸਾਡਾ ਤਾ ਮੱਸਿਆ, ਪੁੰਨਿਆ, ਸੰਗਰਾਦ, ਅਤੇ ਹੋਰ ਦਿਨ ਦਿਹਾੜੇ ਹੀ ਖਹਿੜਾ ਨਹੀਂ ਛੱਡਦੇ। ਸਾਡੇ ਟਰੈਕਟਰ ਟਰਾਲੀਆਂ ਖੇਤਾਂ ਵਿੱਚ ਘੱਟ ਅਤੇ ਧਾਰਮਿਕ ਯਾਤਰਾਵਾਂ ਲਈ ਸੜਕਾਂ ਉੱਪਰ ਵੱਧ ਚੱਲਦੇ ਹਨ। ਪੰਜਾਬ ਦੇ ਹਰ ਦਫ਼ਤਰ ਅਤੇ ਹੋਰ ਇਮਾਰਤਾਂ ਵਿੱਚ, ਘਰਾਂ ਅਤੇ ਹੋਰ ਸਥਾਨਾਂ ਤੇ Disable ਵਿਅਕਤੀਆਂ ਦੀ ਵ੍ਹੀਲ ਚੇਅਰ ਲਈ ਕੋਈ ਖ਼ਾਸ Access ਵੇਖਣ ਨੂੰ ਨਹੀਂ ਮਿਲਦਾ। 
ਅਗਰ ਸਟੀਫਨ ਹਾਕਿੰਗ ਇੱਥੇ ਪੈਦਾ ਹੁੰਦਾ ਉਸਨੂੰ ਘੰਟਿਆਂ ਬੱਧੀ ਆਪਣੀ ਵ੍ਹੀਲ ਚੇਅਰ ਨੂੰ ਸੰਭਾਲਣ ਵਿੱਚ ਹੀ ਲਗਾਉਣੇ ਪਿਆ ਕਰਨੇ ਸਨ, ਖੌਜ ਕਰਨੀ ਤਾਂ ਬਾਅਦ ਦੀ ਗੱਲ ਹੈ। ਸਾਡੇ ਸਮਾਜ ਦੀ ਟੇਢ੍ਹੀ ਸੋਚ ਨੇ ਉਸਨੂੰ ਅਪੰਗਤਾ ਦਾ ਅਹਿਸਾਸ ਕਰਾ ਕੇ ਪਹਿਲਾਂ ਹੀ ਮੌਤ ਦੇ ਬਲੈਕ ਹੋਲ ਵਿੱਚ ਸੁੱਟ ਦੇਣਾ ਸੀ। 
ਸਾਡੀਆਂ ਦਵਾਈਆਂ ਦੀਆਂ ਦੁਕਾਨਾਂ ਤੇ ਵਿਕਦੀਆਂ ਨਕਲੀ ਦਵਾਈਆਂ ਵੀ ਆਪਣਾ ਰੰਗ ਵਿਖਾ ਸਕਦੀਆਂ ਸਨ। 
ਸਾਡੇ ਵਿਦਿਅਕ ਢਾਂਚੇ ਦੇ ਰਾਖਵੇਕਰਨ ਨੇ ਵੀ ਸਟੀਫਨ ਹਾਕਿੰਗ ਦੇ ਮਨੋਬਲ ਨੂੰ ਵਾਹਵਾ ਖੋਰਾ ਲਗਾਉਣਾ ਸੀ। 
ਸਾਡੇ ਸਮਾਜ ਵਿੱਚ ਜੇ ਸਟੀਫਨ ਹਾਕਿੰਗ ਨੂੰ ਇਕ ਸਰਕਾਰ ਖੋਜ ਲਈ ਫੰਡ ਦੇ ਦਿੰਦੀ ਤਾਂ ਨਵੀਂ ਬਣੀ ਸਰਕਾਰ ਨੇ ਉਸਨੂੰ ਖਾਰਜ ਕਰ ਦੇਣਾ ਸੀ। ਅਜਿਹੇ ਹੋਰ ਬੜੇ ਕਾਰਨ ਹਨ ਜਿਸਦੇ ਕਾਰਨ ਸਾਡੇ ਸਮਾਜ ਵਿੱਚ ਪੈਦਾ ਹੋਏ ਸਟੀਫਨ ਹਾਕਿੰਗ ਹਮੇਸ਼ਾ ਲਈ ਬਲੈਕ ਹੋਲ ਵਿੱਚ ਗੁਆਚ ਜਾਂਦੇ ਹਨ। ਸਾਡੇ ਵਿਗਿਆਨੀ ਅਜੇ ਤੱਕ ਇਕ ਜੰਤਰੀ ਕੈਲੰਡਰ ਨਹੀਂ ਬਣਾ ਸਕੇ ਇਨ੍ਹਾਂ ਨੇ ਭੌਤਿਕ ਵਿਗਿਆਨ ਦੀ ਕੀ ਖੋਜ ਕਰਨੀ ਹੈ।
ਮੈਂ ਪ੍ਰਣਾਮ ਕਰਦਾ ਹਾਂ ਉਸ ਧਰਤੀ ਨੂੰ, ਉਸ ਸਿਸਟਮ ਨੂੰ, ਉਸ ਸਮਾਜ ਨੂੰ, ਉਸ ਸਰਕਾਰ ਨੂੰ ਉਸ ਮੁਲਕ ਦੀ ਆਬੋ ਹਵਾ ਨੂੰ ਜਿਸਨੇ ਸਟੀਫਨ ਹਾਕਿੰਗ ਨਾਲ ਵਫ਼ਾ ਕੀਤੀ ਅਤੇ ਸਟੀਫਨ ਹਾਕਿੰਗ ਦੇ ਆਤਮਵਿਸ਼ਵਾਸ਼ ਨੂੰ ਜਿਸਨੇ ਇਸ ਧਰਤੀ ਦੇ ਮਨੁੱਖ ਦੀ ਜਾਣਕਾਰੀ ਵਿੱਚ ਅਥਾਹ ਵਾਧਾ ਕੀਤਾ ਅਤੇ ਆਪਣੀਆਂ ਖੋਜਾਂ ਸਦਕਾਂ ਇਸ ਦੁਨੀਆਂ ਨੂੰ ਕੁਦਰਤ ਦੇ ਲੁਕੇ ਹੋਏ ਭੇਤਾਂ ਤੋਂ ਜਾਣੂੰ ਕਰਵਾਇਆ।
ਅਲਵਿਦਾ - ਸਟੀਫਨ ਹਾਕਿੰਗ
- ਜਸਵਿੰਦਰ ਸਿੱਧੂ


ਹਰ ਸਾਲ 3 ਦਸੰਬਰ ਕੌਮਾਂਤਰੀ ਅਪੰਗਤਾ ਦਿਵਸ' ਮੌਕੇ 'ਤੇ ਅਪਾਹਜ (ਵਿਕਲਾਂਗਾਂ) ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਹੈ। 
ਭਾਰਤੀ ਸੰਵਿਧਾਨ ਮੁਤਾਬਕ ਹਰੇਕ ਨਾਗਰਿਕ ਨੂੰ ਦਿੱਤੇ ਬਰਾਬਰਤਾ ਦੇ ਅਧਿਕਾਰ ਤਹਿਤ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸਰਕਾਰ ਵੱਲੋਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। 
ਸਹੂਲਤਾਂ ਦੀ ਘਾਟ ਕਾਰਨ ਅਪੰਗ ਬੱਚਿਆਂ ਦੀ ਬੇਵਸੀ ਅਤੇ ਤਰਸਯੋਗ ਹਾਲਤ ਨਾ ਸਿਰਫ਼ ਖ਼ੁਦ ਇਨ੍ਹਾਂ ਬੱਚਿਆਂ ਲਈ ਸਰਾਪ ਬਣੀ ਹੋਈ ਹੈ, ਸਗੋਂ ਇਨ੍ਹਾਂ ਬੱਚਿਆਂ ਦੇ ਮਾਪੇ ਵੀ ਵੱਡਾ ਸੰਤਾਪ ਹੰਢਾ ਰਹੇ ਹਨ। ਸਾਡੇ ਦੇਸ਼ ਦਾ ਸਾਰਾ ਸਿਸਟਮ ਕਸੂਰਵਾਰ ਹੈ ਜਿਹੜਾ ਸਰੀਰਕ ਅਪੰਗਤਾ ਦਾ ਬੋਝ ਸਿਰਫ ਮਾਪਿਆਂ ਤੱਕ ਸੀਮਤ ਰੱਖਦਾ ਹੈ। ਜੇ ਪੀੜਤ ਬੱਚਿਆਂ ਨੂੰ ਸਹੀ ਸੇਵਾਵਾਂ ਅਤੇ ਸਹੂਲਤਾਂ ਮਿਲ ਜਾਣ ਤਾਂ ਹੀ ਸਾਰਾ ਕੁਝ ਸੰਭਵ ਹੋ ਸਕਦਾ। 

ਚੈਰੀਟੀ ਦਾ ਪੈਸਾ


“ਦੁਖੁ ਦਾਰੂ ਸੁਖੁ ਰੋਗੁ ਭਇਆ”

“ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ”

ਤਾਮਿ= ਤਾ + ਆਮਯ।
ਆਮਯ ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਅਰਥ ਹੈ ਰੋਗ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਸਾਹਿਬ ਨੇ ਸਾਰੀ ਲਾਈਨ ਦਾ ਅਰਥ ਇਸ ਤਰਾਂ ਕੀਤਾ ਹੈ' ਜਿਹੜਾ ਇਨਸਾਨ ਕਿਸੇ ਦੇ ਦੁੱਖ ਵਿਚ ਕੰਮ ਆਉਂਦਾ ਹੈ (ਭਾਵ ਸ਼ੋਸ਼ਲ ਵਰਕਰ ਹੈ) ਉਸਨੂੰ ਦੁੱਖ ਦਾਰੂ ਬਣਕੇ ਲਗਦਾ ਹੈ ਅਤੇ ਜਿਹੜਾ ਆਪਣੇ ਹੀ ਸੁੱਖ ਵਿਚ ਮਸਤ ਹੈ, ਜਿਸਨੂੰ ਕਿਸੇ ਦੇ ਦੁੱਖ ਦਰਦ ਦੀ ਕੋਈ ਪਰਵਾਹ ਨਹੀਂ ਉਸ ਲਈ ਸੁਖ ਰੋਗ ਬਣ ਜਾਂਦਾ ਹੈ।
ਸੰਸਾਰ ਸਿਹਤ ਸੰਸਥਾ ਨੇ ਵੀ ਇਸੇ ਤਰਾਂ ਕਿਹਾ ਹੈ ਕਿ ਸਿਰਫ ਹਟੇ ਕੱਟੇ ਸਰੀਰ ਵਾਲਾ ਆਦਮੀ ਹੀ ਤੰਦਰੁਸਤ ਨਹੀਂ, ਤੰਦਰੁਸਤ ਉਹ ਹੈ ਜਿਸਦਾ ਮਨ ਵੀ ਤੰਦਰੁਸਤ ਹੈ ਅਤੇ ਜੋ ਦੂਸਰਿਆਂ ਦੇ ਦੁੱਖ ਵੰਡਾਉਂਦਾ ਹੈ।

ਚੈਰੀਟੀ ਦਾ ਪੈਸਾ
ਹਰ ਸੋਸਾਈਟੀ ਵਿਚ ਚੰਗੇ ਤੇ ਮਾੜੇ ਲੋਕ ਹੁੰਦੇ ਹਨ ਇਨਾ੍ਹਂ ਦੀ ਗਿਨਤੀ ਵੱਧ ਘਟ ਹੋ ਸਕਦੀ ਹੈ, ਤੇ ਕਈ ਵਾਰੀ ਅਸੀਂ ਇਕ ਤਰਫ਼ਾ ਗੱਲ ਕਰਦੇ ਹੋਏ ਪੂਰੀ ਦੀ ਪੂਰੀ ਸੋਸਾਈਟੀ ਨੂੰ ਹੀ ਭੰਡਣ ਲੰਗ ਜਾਂਦੇ ਹਾਂ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਸਾਰੀ ਸੋਸਾਈਟੀ ਹੀ ਖਰਾਬ ਹੋਵੇ।
ਹਰ ਸੋਸਾਈਟੀ ਵਿਚ ਭਲੇ ਲੋਕ ਵੀ ਹੁੰਦੇ ਹਨ ਜਿਹੜੇ ਦੂਸਰਿਆਂ ਦੇ ਦੁੱਖ ਦਰਦ ਸਮਝਦੇ ਹੋਏ ਉਨਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਸਤੇ ਚੈਰੀਟੀ ਦਾ ਕੰਮ ਕਰਦੇ ਹਨ ਤੇ ਚੈਰੀਟੀ ਦਾ ਪੈਸਾ ਇਕਠਾ ਕਰਦੇ ਹਨ।
ਸਾਰੀ ਦੁਨਿਆਂ ਵਿਚ ਚੈਰੀਟੀ ਵਾਸਤੇ ਪੈਸਾ ਇਕਠਾ ਕਰਨ ਦਾ ਕੰਮ ਚੱਲ ਰਿਹਾ ਹੈ ਲੋਕ ਚੈਰੀਟੀ ਦੇ ਨਾਂਅ ਤੇ ਧੜਾ ਧੜ ਪੈਸਾ ਦਿੰਦੇ ਹਨ ਇਹ ਵਖਰੀ ਗੱਲ ਹੈ ਕਿ ਚੈਰੀਟੀ ਦੇ ਨਾਂਅ ਤੇ ਇਕਠਾ ਕੀਤਾ ਹੋਇਆ ਪੈਸਾ ਸਹੀ ਜਗ੍ਹਾ ਤੇ ਲਗਦਾ ਹੈ ਜਾਂ ਨਹੀਂ। ਬਹੁਤ ਸਾਰੇ ਲੋਕ, ਲੋਕਾਂ ਦਾ ਦੁਖ ਦਰਦ ਦੂਰ ਕਰਨ ਵਾਸਤੇ ਸਮਾਜ ਸੇਵਾ ਵਿਚ ਲੱਗੇ ਹੋਏ ਹਨ । ਇਕ ਇੰਗਲਿਸ਼ ਦੀ ਕਹਾਵਤ ਹੈ ਚੈਰੀਟੀ ਬਿਗਿਨਜ਼ ਐਟ ਹੋਮ। ਕੁਝ ਲੋਕ ਏਸ ਕਹਾਵਤ ਦੇ ਅਨੁਸਾਰ ਚਲਦੇ ਹੋਏ ਸਮਾਜ ਸੇਵਾ ਕਰ ਰਹੇ ਹਨ, ਉਹ ਸਮਾਜ ਸੇਵੀ ਹਨ। 

ਜਗਰਾਵਾਂ ਦੀ ਰੌਸ਼ਨੀ

ਜਗਰਾਵਾਂ ਦੀ ਰੌਸ਼ਨੀ


ਆਰੀ, ਆਰੀ, ਆਰੀ,
ਵਿਚ ਜਗਰਾਵਾਂ ਦੇ ਬਈ ਲੱਗਦੀ ਰੌਸ਼ਨੀ ਭਾਰੀ।
ਦੂਰ ਦੂਰ ਤੋਂ ਗੱਭਰੂ ਆਉਂਦੇ, ਘੋੜੇ ਊਠ ਸ਼ਿੰਗਾਰੀ।
ਲੰਮੇ ਚਾਦਰੇ ਕੁੰਢੀਆਂ ਮੁੱਛਾਂ, ਮੋਢੇ ਡਾਂਗ ਉਲਾਰੀ।
ਹੱਸਦੇ ਹੱਸਦੇ ਇਹ ਲੜ ਪੈਂਦੇ, ਚਲਦੀ ਖ਼ੂਬ ਕਟਾਰੀ।
ਜ਼ੋਰ ਜਵਾਨੀ ਦੇ, ਕਰਦੇ ਬੜੇ ਖ਼ਵਾਰੀ।

ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਕ ਸੱਧਰਾਂ, ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਵਾਹਮਈ ਇੱਕਸੁਰਤਾ ਹਨ। ਜੀਵਨ ਦੀਆਂ ਖੁਸ਼ੀਆਂ, ਪੂਰਤੀਆਂ ਤੇ ਮਨੌਤਾਂ ਪ੍ਰਤੀ ਮੇਲੇ ਸਾਂਝਾ ਹੁੰਗਾਰਾ ਹਨ। ਪੰਜਾਬ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸ਼ਖ਼ਸੀਅਤ, ਰੰਗ ਤੇ ਚਰਿੱਤਰ ਹੈ। ਮੇਲੇ ਕਈ ਵੰਨਾਂ ਦੇ ਹਨ ਤੇ ਇਨ੍ਹਾਂ ਦਾ ਸਜੀਲਾ ਕਾਫ਼ਲਾ ਸਦਾ ਤੁਰਦਾ ਰਹਿੰਦਾ ਹੈ, ਕਈ ਮੌਸਮੀ ਮੇਲੇ ਹਨ, ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇੱਕਸੁਰਤਾ ਦੇ ਪ੍ਰਤੀਕ ਹਨ, ਜਿਹੜੇ ਰੁੱਤਾਂ ਦੇ ਬਦਲਦੇ ਗੇੜ ਵਿਚੋਂ ਜਨਮ ਲੈਂਦੇ ਹਨ। ਕਈ ਮੇਲੇ ਇਤਿਹਾਸਕ, ਧਾਰਮਿਕ ਅਤੇ ਵੱਖ-ਵੱਖ ਵਿਸ਼ਵਾਸ਼ਾਂ ਅਧੀਨ ਮਨਾਏ ਜਾਂਦੇ ਹਨ।

'ਜਗਰਾਵਾਂ ਦੀ ਰੌਸ਼ਨੀ' ਦੇ ਮੇਲੇ ਦਾ ਪਿਛੋਕੜ ਕਾਫੀ ਪੁਰਾਣਾ ਹੈ। ਭਾਵੇਂ ਇਹ ਮੇਲਾ ਮੁਸਲਮਾਨੀ ਮੁੱਢ ਦਾ ਹੈ, ਪਰ ਇਲਾਕੇ ਦੇ ਹਿੰਦੂ, ਸਿੱਖ, ਇਸਾਈ ਆਦਿ ਰਲ ਕੇ ਇਸ ਵਿਚ ਸ਼ਾਮਿਲ ਹੁੰਦੇ ਹਨ। ਜਗਰਾਉਂ ਸ਼ਹਿਰ ਦਾ ਇਤਹਾਸ ਕਈ ਸਦੀਆਂ ਪੁਰਾਣਾ ਹੈ। ਕਈ ਸਦੀਆਂ ਪਹਿਲਾਂ ਜਗਰਾਉਂ ਸ਼ਹਿਰ ਨੂੰ ਕਿਲ੍ਹੇ ਵਾਂਗ ਉਸਾਰ ਕੇ ਅਤੇ ਚਾਰੇ ਪਾਸਿਆਂ ਤੋਂ ਦਰਵਾਜ਼ੇ ਲਗਾ ਕੇ ਉਸਾਰਿਆ ਗਿਆ ਸੀ। ਇਸਦੇ ਇਹ ਦਰਵਾਜ਼ੇ ਅਤੇ ਲੰਬੀਆਂ-ਉੱਚੀਆਂ ਦੀਵਾਰਾਂ (ਫਸੀਲ) ਦੇ ਨਿਸ਼ਾਨ ਅੱਜ ਵੀ ਥੋੜ੍ਹੇ ਬਹੁਤ ਕਾਇਮ ਹਨ। ਕਹਿੰਦੇ ਹਨ ਕਿ ਪੀਰਾਂ-ਪੁਰ-ਮੁਲਤਾਨ (ਪਾਕਿਸਤਾਨ) ਤੋਂ ਬਾਅਦ ਪੀਰਾਂ ਦੀ ਹਾਜ਼ਰੀ ਵਿਚ ਜਗਰਾਵਾਂ ਦਾ ਦੂਸਰਾ ਸਥਾਨ ਹੈ। ਇਸੇ ਕਰਕੇ ਪੁਰਾਣੇ ਬਜ਼ਰਗ ਇਸਨੂੰ 'ਜਗਰਾਵਾਂ ਸ਼ਰੀਫ਼' ਕਹਿ ਕੇ ਵੀ ਯਾਦ ਕਰਦੇ ਹਨ। ਜਗਰਾਵਾਂ ਨੂੰ ਪੰਜ-ਪੀਰੀ ਗੱਦੀ ਹੋਣ ਦਾ ਮਾਣ ਵੀ ਹਾਸਿਲ ਹੈ। ਕਿਉਂਕਿ ਇੱਥੇ ਪੰਜ ਪੀਰਾਂ ਦੀਆਂ ਦਰਗਾਹਾਂ ਮੌਜੂਦ ਹਨ।

'ਜਗਰਾਵਾਂ ਦੀ ਰੌਸ਼ਨੀ' ਦਾ ਮੇਲਾ ਹਰ ਸਾਲ ਫੱਗਣ ਮਹੀਨੇ ਦੀ 13 - 14 - 15 ਤਾਰੀਖ ਨੂੰ (ਫਰਵਰੀ ਮਹੀਨੇ ਦੇ ਅੰਤ ਵਿੱਚ) ਹਜ਼ਰਤ ਮੋਹਕਮਦੀਨ ਜੀ ਦੀ ਯਾਦ ਵਿਚ ਲੱਗਦਾ ਹੈ। ਹਜ਼ਰਤ ਮੋਹਕਮਦੀਨ ਜੀ ਦੀ ਦਰਗਾਹ ਸ਼ਹਿਰ ਦੇ ਵਿਚਕਾਰ ਖ਼ਾਨਗਾਹ ਚੌਕ ਦੇ ਨਾਲ ਹੈ। ਦਰਗਾਹ ਅੰਦਰ ਇਕ ਬਹੁਤ ਪੁਰਾਨੀ ਪਲੇਟ ਉਪਰ ਲਿਖਿਆ ਹੋਇਆ ਹੈ ਕਿ ਸਾਈਂ ਜੀ 27 ਰਜਬ 1273 ਹਿਜਰੀ (ਸੰਨ 1853) ਨੂੰ ਇਸ ਫ਼ਾਨੀ ਦੁਨੀਆਂ ਤੋਂ ਪਰਦਾ ਕਰ ਗਏ। ਦਰਅਸਲ ਹਜ਼ਰਤ ਮੋਹਕਮਦੀਨ ਜੀ ਦਾ ਜਨਮ ਇਕ ਹਿੰਦੂ ਪ੍ਰੀਵਾਰ ਵਿਚ ਹੋਇਆ। ਸਾਈਂ ਜੀ ਦੇ ਪਿਤਾ ਦਾ ਨਾਮ ਕ੍ਰਿਸ਼ਨ ਲਾਲ ਅਤੇ ਮਾਤਾ ਦਾ ਨਾਮ ਰਜਨੀ ਦੇਵੀ ਸੀ। ਆਪ ਪਿੰਡ ਮਣਕਾਣਾ, ਤਹਿਸੀਲ ਲੋਹੀਆਂ, ਜ਼ਿਲ੍ਹਾ ਵਲਟੋਹਾ (ਪਾਕਿਸਤਾਨ) ਵਿਚ ਪੈਦਾ ਹੋਏ। ਜਿੱਥੇ ਖ਼ਵਾਜ਼ਾ ਇਮਾਮ ਮੁਹੰਮਦ (ਖ਼ਵਾਜ਼ਾ ਮੁਹੰਮਦ ਆਮੀਨ ਸਰਹੰਦੀ) ਸਾਹਿਬ ਦੇ ਦੀਦਾਰ ਕਰਕੇ, ਉਨ੍ਹਾਂ ਦੇ ਹੀ ਹੋ ਗਏ। ਆਪ ਜੀ ਦਾ ਨਾਮ ਮੋਹਕਮ ਲਾਲ ਸੀ ਪਰ ਦੀਨ ਕਬੂਰ ਕਰਕੇ ਮੋਹਕਮ ਲਾਲ ਤੋਂ ਮੋਹਕਦੀਨ ਹੋ ਗਏ।

ਦੀਨ ਕਬੂਲ ਕਰਨ ਤੋਂ ਬਾਅਦ ਹਜ਼ਰਤ ਮੋਹਕਮਦੀਨ ਆਪਣੇ ਮੁਰਸ਼ਦ ਦੇ ਹੁਕਮ ਅਨੁਸਾਰ ਪਿੰਡ ਰੱਤੀ ਰੋੜੀ, ਡਾਕਖਾਨਾ ਕੰਮੇਆਣਾ (ਫ਼ਰੀਦਕੋਟ) ਪਹੁੰਚੇ, ਜਿੱਥੇ ਬਾਰਾਂ ਸਾਲ ਮੌਨ ਧਾਰ ਕੇ ਆਪ ਬੰਦਗੀ ਵਿਚ ਲੀਨ ਹੋ ਗਏ, ਬੰਦਗੀ ਦੇ ਵਕਤ ਤੋਂ ਬਾਅਦ ਸਾਈਂ ਜੀ ਫੇਰ ਸਰਹੰਦ ਪਹੁੰਚੇ। ਇਲਾਹੀ ਰੰਗ ਵਿਚ ਰੰਗੇ ਆਪਣੇ ਮੁਰੀਦ ਨੂੰ ਵੇਖਕੇ, ਮੁਰਸ਼ਦ ਨੇ ਸਾਈਂ ਜੀ ਨੂੰ ਵਲੀ-ਅੱਲ੍ਹਾ ਦਾ ਰੁਤਬਾ ਬਖ਼ਸ਼ਿਆ ਅਤੇ ਜਗਰਾਵੀਂ ਜਾ ਕੇ ਲੋਕਾਂ ਦੀ ਖਿਦਮਤ ਕਰਨ ਨੂੰ ਕਿਹਾ। ਖੋਜਕਾਰ ਇਹ ਵਕਤ ਸੰਨ 1783 - 84 ਦੇ ਕਰੀਬ ਦੱਸਦੇ ਹਨ। ਮੁਰਸ਼ਦ ਦੇ ਹੁਕਮ ਅਨੁਸਾਰ ਸਾਈਂ ਜੀ ਜਗਰਾਵਾਂ ਦੇ ਅਗਵਾੜ ਗੁੱਜਰਾਂ ਦੇ ਇਕ ਛੋਟੇ ਜਿਹੇ ਮੁਹੱਲੇ (ਹੁਣ ਦਾ ਨਾਮ ਕੁੱਕੜ ਚੌਂਕ ਦੇ ਕੋਲ) ਵਿਚ ਆ ਕੇ ਰਹਿਣ ਲੱਗ ਪਏ। ਇਹ ਘਰ ਅੱਜ ਵੀ ਸਹੀ ਸਲਾਮਤ ਮੌਜੂਦ ਹੈ। ਇਸ ਘਰ ਵਿਚ ਉਹ ਭੋਰਾ (ਕਹਾਰ) ਵੀ ਮੌਜੂਦ ਹੈ ਜਿੱਥੇ ਬੈਠ ਕੇ ਸਾਈਂ ਜੀ ਬੰਦਗੀ ਕਰਦੇ ਸਨ।
NOTE - ਇਸ ਜਾਣਕਾਰੀ ਦਾ ਇਤਿਹਾਸਕ ਪੱਖ ਮਸ਼ਹੂਰ ਲੇਖਕ ਅਜੀਤ ਪਿਆਸਾ ਜੀ ਦੇ ਸਹਿਯੋਗ ਨਾਲ ਹਾਸਿਲ ਕੀਤਾ ਗਿਆ ਹੈ ।

ਦੰਦ ਕਥਾ - ਕਹਿੰਦੇ ਨੇ ਹਜ਼ਰਤ ਅਹਿਮਦ ਸ਼ਾਹ ਆਪਣੇ ਮੁਰਸ਼ਦ ਮੋਹਕਮਦੀਨ ਦੇ ਹੁਕਮ ਅਨੁਸਾਰ ਆਗਰੇ (ਯੂ . ਪੀ) ਚਲੇ ਗਏ। ਉਥੇ ਇਕ ਦਿੱਲੀ ਦਾ ਸੇਠ, ਪੁੱਤਰ ਦੀ ਦਾਤ ਮੰਗਣ ਲਈ ਫਰਿਆਦੀ ਬਣ ਕੇ ਆਇਆ, ਤਾਂ ਅਹਿਮਦ ਸ਼ਾਹ ਜੀ ਨੇ ਸੇਠ ਨੂੰ ਕਿਹਾ ਕਿ ਦਾਤ ਲੈਣ ਵਾਸਤੇ ਤੁਹਾਨੂੰ ਸਾਡੇ ਮੁਰਸ਼ਦ ਕੋਲ ਜੇ ਕੇ ਫਰਿਆਦ ਕਰਨੀ ਪਵੇਗੀ ਜੋ ਜਗਰਾਵਾਂ ਵਿਚ ਹਨ। ਸੇਠ ਪੁੱਛ  ਪੁਛਾਅ ਕੇ ਜਗਰਾਵੀਂ ਅੱਪੜਿਆ ਅਤੇ ਹਜ਼ਰਤ ਮੋਹਕਮਦੀਨ ਅੱਗੇ ਆਪਣੀ ਪੀੜ ਜ਼ਾਹਿਰ ਕਰਕੇ ਫਰਿਆਦ ਕੀਤੀ। ਅਗਲੇ ਸਾਲ ਸੇਠ ਘਰ ਬੱਚਾ ਪੈਦਾ ਹੋਇਆ ਅਤੇ ਸੇਠ ਖੁਸ਼ੀ ਵਿਚ ਖੀਵਾ ਹੋਇਆ ਮੱਥਾ ਟੇਕਣ ਜਗਰਾਵੀਂ ਆਇਆ, ਉਸਨੇ ਨਿਆਜ਼ਾਂ ਚੜ੍ਹਾਈਆਂ, ਖ਼ੈਰਾਤਾਂ ਵੰਡੀਆਂ ਅਤੇ ਰਾਤ ਨੂੰ ਦੀਵੇ ਜਗਾ ਕੇ ਦੀਪਮਾਲਾ ਕੀਤੀ। ਦੀਵਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਭਲੇ ਵੇਲੇ ਸਨ, ਇਸ ਰੌਸ਼ਨੀ ਨਾਲ ਇਹ ਸੁੰਨਸਾਨ ਇਲਾਕਾ ਜਗਮਗਾ ਉਠਿਆ, ਏਨੀ ਰੌਸ਼ਨੀ ਲੋਕਾਂ ਨੇ ਵੇਖੀ ਨਹੀਂ ਸੀ ਇਸ ਲਈ ਲੋਕ ਕਹਿਣ ਲੱਗ ਪਏ ਕਿ ਅੱਜ ਤਾਂ ਰੌਸ਼ਨੀ ਦਾ ਮੇਲਾ ਹੀ ਲੱਗ ਗਿਆ .....
ਕਹਿੰਦੇ ਨੇ ਸੇਠ ਹਰ ਸਾਲ ਆਉਂਦਾ, ਨਿਆਜ਼ ਚੜ੍ਹਾਉਂਦਾ, ਖ਼ੈਰਾਤਾਂ ਵੰਡਦਾ ਅਤੇ ਦੀਪਮਾਲਾ ਕਰਦਾ। ਖ਼ੈਰਾਤ ਵਿਚ ਉਹ ਹਰ ਇਕ ਨੂੰ ਮੁੱਠੀ ਭਰ ਛੋਲੇ, ਗੁੜ ਅਤੇ ਇਕ ਟੱਕਾ (ਪੁਰਾਣੇ ਪੈਸੇ) ਦਿੰਦਾ ............. ਇਸਨੂੰ ਲੈਣ ਲਈ ਇੱਥੇ ਭਾਰੀ ਇਕੱਠ ਹੋ ਜਾਂਦਾ ....... ਅੱਗੇ ਚੱਲਕੇ ਹੌਲੀ  ਹੌਲੀ ਲੋਕ ਇਸਨੂੰ ਰੌਸ਼ਨੀ ਦਾ ਮੇਲਾ ਕਹਿਣ ਲੱਗ ਪਏ।
ਹਜ਼ਰਤ ਮੋਹਕਦੀਨ ਜੀ ਦੇ ਨਾਲ ਉਨ੍ਹਾਂ ਦੀ ਸੇਵਾਦਾਰਨੀ ਮਾਈ ਜੀਨਾ ਦਾ ਨਾਮ ਵੀ ਵਾਬਸਤਾ ਹੈ, ਮਾਈ ਜੀਨਾ ਨੇ ਆਪਣੀ ਸਾਰੀ ਜ਼ਿੰਦਗੀ ਹਜ਼ਰਤ ਮੋਹਕਦੀਨ ਜੀ ਦੀ ਸੇਵਾ ਵਿਚ ਗੁਜ਼ਾਰੀ। ਮਾਈ ਜੀਨਾ ਦੀ ਦਰਗਾਹ ਵੀ ਜਗਰਾਵਾਂ ਸ਼ਹਿਰ ਵਿਚ ਮੌਜੂਦ ਹੈ। ਹਜ਼ਰਤ ਸਾਹਿਬ ਅਜੇ ਜਿਉਂਦੇ ਸਨ ਜਦੋਂ ਮਾਈ ਜੀਨਾ ਇਸ ਫ਼ਾਨੀ ਦੁਨੀਆਂ ਤੋਂ ਚਲੀ ਗਈ। ਹਜ਼ਰਤ ਨੇ ਆਪਣੇ ਹੱਥੀਂ ਮਾਈ ਜੀਨਾ ਦਾ ਰੋਜ਼ਾ ਤਿਆਰ ਕਰਵਾਇਆ ਅਤੇ ਬਚਨ ਕੀਤੇ, "ਮੇਰੀ ਦਰਗਾਹ ਤੇ ਸਜਦਾ ਤਾਂ ਹੀ ਕਬੂਲ ਹੋਵੇਗਾ ਜੋ ਪਹਿਲਾਂ ਤੈਨੂੰ ਸਿਜਦਾ ਕਰਕੇ ਆਵੇਗਾ"। ਇਸੇ ਕਰਕੇ ਸ਼ਰਧਾਲੂ ਪਹਿਲਾਂ ਮਾਈ ਜੀਨਾਂ ਦੀ ਦਰਗਾਹ ਤੇ ਸਿਜਦਾ ਕਰਨ ਜਾਂਦੇ ਹਨ।

ਹੌਲੀ ਹੌਲੀ ਵਕਤ ਅਨੁਸਾਰ ਜਗਰਾਵਾਂ ਦੀ ਰੌਸ਼ਨੀ ਦੇ ਮੇਲੇ ਵਿਚ ਬਾਜ਼ਾਰੀਕਰਨ ਦਾ ਪ੍ਰਭਾਵ ਵੱਧਦਾ ਗਿਆ। ਪੰਜਾਬ ਦੇ ਬਾਕੀ ਸਭ ਮੇਲਿਆਂ ਵਾਂਗ ਹੁਣ ਇਹ ਮਨੋਰੰਜਨ ਦਾ ਸਾਧਨ ਬਣਿਆ ਨਜ਼ਰ ਆਉਂਦਾ ਹੈ। ਸਰਕਸ, ਡਾਂਸ, ਕਾਲਾ ਜਾਦੂ, ਮੌਤ ਦਾ ਖੂਹ ਰੇਸ, ਚੰਡੋਲਾਂ ਤੇ ਝੂਟੇ, ਵੱਖ ਵੱਖ ਕਿਸਮ ਦੇ ਝੂਲੇ, ਖਾਣ ਪੀਣ ਦੀਆਂ ਦੁਕਾਨਾਂ, ਕੁਸ਼ਤੀਆਂ ਦੇ ਦੰਗਲ ਆਦਿ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਅੱਜਕਲ੍ਹ ਰਾਤ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਗਰੁੱਪਾਂ ਅਤੇ ਸੰਸਥਾਵਾਂ ਵੱਲੋਂ ਸਟੇਜ ਨਾਟਕ ਆਦਿ ਵੀ ਪੇਸ਼ ਕੀਤੇ ਜਾਂਦੇ ਹਨ।
ਜਗਰਾਵਾਂ ਵਿੱਚ ਮਸ਼ਹੂਰ ਰਹੀ ਲਾਲਾ ਦੇਵੀ ਚੰਦ ਦੀ ਸਰਾਂ ਵਿੱਚ ਕਿਸੇ ਵਕਤ ਮੁਸਾਫ਼ਿਰ ਦੂਰੋਂ ਦੂਰੋਂ ਆ ਕੇ ਰਹਿੰਦੇ ਸਨ। ਇਸ ਸਰਾਂ ਵਿੱਚ ਰੌਸ਼ਨੀ ਦੇ ਮੇਲੇ ਦੌਰਾਂਨ ਪੰਜਾਬ ਦੇ ਮਸ਼ਹੂਰ ਕਵੀਸ਼ਰ ਦੂਰੋਂ ਦੂਰੋਂ ਆ ਕੇ ਅੱਜ ਵੀ ਰੰਗ ਬੰਨ੍ਹਦੇ ਹਨ। ਸੁਨਣ ਵਾਲੇ ਖੁੱਲ੍ਹਾ ਗੋਲ ਚੱਕਰ ਬਨਾ ਕੇ ਬੈਠ ਜਾਂਦੇ ਹਨ ਅਤੇ ਨਾਲ ਦੀ ਨਾਲ ਖਾਂਦੇ ਪੀਂਦੇ ਰਹਿੰਦੇ ਹਨ ਅਤੇ ਕਵੀਸ਼ਰ ਗੋਲ ਚੱਕਰ ਦਰਮਿਆਨ ਹੌਲੀ ਹੌਲੀ ਘੁੰਮ ਕੇ ਆਪਣੇ ਅੰਦਾਜ਼ ਵਿੱਚ ਪੰਜਾਬ ਦੀਆਂ ਲੋਕ ਗਾਥਾਵਾਂ ਅਤੇ ਹੋਰ ਰੰਗ ਪੇਸ਼ ਕਰਦੇ ਹਨ ਅਤੇ ਦਰਸ਼ਕ ਲੋਰ ਵਿੱਚ ਆਏ ਇਨ੍ਹਾਂ ਨੂੰ ਇਨਾਮ ਦਿੰਦੇ ਰਹਿੰਦੇ ਹਨ। ਇਨ੍ਹਾਂ ਕਵੀਸ਼ਰਾਂ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਇਕ ਵਾਰ ਵਿੱਚ ਇਹ ਦਸ ਰੂਪੈ ਤੋਂ ਜ਼ਿਆਦਾ ਇਨਾਮ ਪ੍ਰਵਾਨ ਨਹੀਂ ਕਰਦੇ। ਇਸ ਰੁੱਤੇ ਵਿਦੇਸ਼ਾਂ ਵਿੱਚ ਵੱਸਦੇ ਕਾਫੀ ਪਰਵਾਸੀ ਪਰਿਵਾਰ ਪੰਜਾਬ ਆਏ ਹੁੰਦੇ ਹਨ ਜਿਸ ਕਰਕੇ ਇਸ ਮੇਲੇ ਵਿੱਚ ਅਤੇ ਸਾਰੇ ਜਗਰਾਵਾਂ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਹੈ। ਸ਼ਾਲਾ ਅਜਿਹੇ ਇਕੱਠ ਪੰਜਾਬ ਦੀ ਧਰਤੀ ' ਤੇ ਇੰਝ ਹੀ ਲੱਗਦੇ ਰਹਿਣ।
NOTE - ਇਸ ਜਾਣਕਾਰੀ ਦਾ ਇਤਿਹਾਸਕ ਪੱਖ ਮਸ਼ਹੂਰ ਲੇਖਕ ਅਜੀਤ ਪਿਆਸਾ ਜੀ ਦੇ ਸਹਿਯੋਗ ਨਾਲ ਹਾਸਿਲ ਕੀਤਾ ਗਿਆ ਹੈ ।
- ਜਸਵਿੰਦਰ ਸਿੱਧੂ , ਰੇਡੀਉ ਅਤੇ ਟੀ.ਵੀ. ਹੋਸਟ