ਜਗਰਾਵਾਂ ਦੀ ਰੌਸ਼ਨੀ
ਆਰੀ, ਆਰੀ, ਆਰੀ,
ਵਿਚ ਜਗਰਾਵਾਂ ਦੇ ਬਈ ਲੱਗਦੀ ਰੌਸ਼ਨੀ ਭਾਰੀ।
ਦੂਰ ਦੂਰ ਤੋਂ ਗੱਭਰੂ ਆਉਂਦੇ, ਘੋੜੇ ਊਠ ਸ਼ਿੰਗਾਰੀ।
ਲੰਮੇ ਚਾਦਰੇ ਕੁੰਢੀਆਂ ਮੁੱਛਾਂ, ਮੋਢੇ ਡਾਂਗ ਉਲਾਰੀ।
ਹੱਸਦੇ ਹੱਸਦੇ ਇਹ ਲੜ ਪੈਂਦੇ, ਚਲਦੀ ਖ਼ੂਬ ਕਟਾਰੀ।
ਜ਼ੋਰ ਜਵਾਨੀ ਦੇ, ਕਰਦੇ ਬੜੇ ਖ਼ਵਾਰੀ।
ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਕ ਸੱਧਰਾਂ, ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਵਾਹਮਈ ਇੱਕਸੁਰਤਾ ਹਨ। ਜੀਵਨ ਦੀਆਂ ਖੁਸ਼ੀਆਂ, ਪੂਰਤੀਆਂ ਤੇ ਮਨੌਤਾਂ ਪ੍ਰਤੀ ਮੇਲੇ ਸਾਂਝਾ ਹੁੰਗਾਰਾ ਹਨ। ਪੰਜਾਬ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸ਼ਖ਼ਸੀਅਤ, ਰੰਗ ਤੇ ਚਰਿੱਤਰ ਹੈ। ਮੇਲੇ ਕਈ ਵੰਨਾਂ ਦੇ ਹਨ ਤੇ ਇਨ੍ਹਾਂ ਦਾ ਸਜੀਲਾ ਕਾਫ਼ਲਾ ਸਦਾ ਤੁਰਦਾ ਰਹਿੰਦਾ ਹੈ, ਕਈ ਮੌਸਮੀ ਮੇਲੇ ਹਨ, ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇੱਕਸੁਰਤਾ ਦੇ ਪ੍ਰਤੀਕ ਹਨ, ਜਿਹੜੇ ਰੁੱਤਾਂ ਦੇ ਬਦਲਦੇ ਗੇੜ ਵਿਚੋਂ ਜਨਮ ਲੈਂਦੇ ਹਨ। ਕਈ ਮੇਲੇ ਇਤਿਹਾਸਕ, ਧਾਰਮਿਕ ਅਤੇ ਵੱਖ-ਵੱਖ ਵਿਸ਼ਵਾਸ਼ਾਂ ਅਧੀਨ ਮਨਾਏ ਜਾਂਦੇ ਹਨ।
'ਜਗਰਾਵਾਂ ਦੀ ਰੌਸ਼ਨੀ' ਦੇ ਮੇਲੇ ਦਾ ਪਿਛੋਕੜ ਕਾਫੀ ਪੁਰਾਣਾ ਹੈ। ਭਾਵੇਂ ਇਹ ਮੇਲਾ ਮੁਸਲਮਾਨੀ ਮੁੱਢ ਦਾ ਹੈ, ਪਰ ਇਲਾਕੇ ਦੇ ਹਿੰਦੂ, ਸਿੱਖ, ਇਸਾਈ ਆਦਿ ਰਲ ਕੇ ਇਸ ਵਿਚ ਸ਼ਾਮਿਲ ਹੁੰਦੇ ਹਨ। ਜਗਰਾਉਂ ਸ਼ਹਿਰ ਦਾ ਇਤਹਾਸ ਕਈ ਸਦੀਆਂ ਪੁਰਾਣਾ ਹੈ। ਕਈ ਸਦੀਆਂ ਪਹਿਲਾਂ ਜਗਰਾਉਂ ਸ਼ਹਿਰ ਨੂੰ ਕਿਲ੍ਹੇ ਵਾਂਗ ਉਸਾਰ ਕੇ ਅਤੇ ਚਾਰੇ ਪਾਸਿਆਂ ਤੋਂ ਦਰਵਾਜ਼ੇ ਲਗਾ ਕੇ ਉਸਾਰਿਆ ਗਿਆ ਸੀ। ਇਸਦੇ ਇਹ ਦਰਵਾਜ਼ੇ ਅਤੇ ਲੰਬੀਆਂ-ਉੱਚੀਆਂ ਦੀਵਾਰਾਂ (ਫਸੀਲ) ਦੇ ਨਿਸ਼ਾਨ ਅੱਜ ਵੀ ਥੋੜ੍ਹੇ ਬਹੁਤ ਕਾਇਮ ਹਨ। ਕਹਿੰਦੇ ਹਨ ਕਿ ਪੀਰਾਂ-ਪੁਰ-ਮੁਲਤਾਨ (ਪਾਕਿਸਤਾਨ) ਤੋਂ ਬਾਅਦ ਪੀਰਾਂ ਦੀ ਹਾਜ਼ਰੀ ਵਿਚ ਜਗਰਾਵਾਂ ਦਾ ਦੂਸਰਾ ਸਥਾਨ ਹੈ। ਇਸੇ ਕਰਕੇ ਪੁਰਾਣੇ ਬਜ਼ਰਗ ਇਸਨੂੰ 'ਜਗਰਾਵਾਂ ਸ਼ਰੀਫ਼' ਕਹਿ ਕੇ ਵੀ ਯਾਦ ਕਰਦੇ ਹਨ। ਜਗਰਾਵਾਂ ਨੂੰ ਪੰਜ-ਪੀਰੀ ਗੱਦੀ ਹੋਣ ਦਾ ਮਾਣ ਵੀ ਹਾਸਿਲ ਹੈ। ਕਿਉਂਕਿ ਇੱਥੇ ਪੰਜ ਪੀਰਾਂ ਦੀਆਂ ਦਰਗਾਹਾਂ ਮੌਜੂਦ ਹਨ।
'ਜਗਰਾਵਾਂ ਦੀ ਰੌਸ਼ਨੀ' ਦਾ ਮੇਲਾ ਹਰ ਸਾਲ ਫੱਗਣ ਮਹੀਨੇ ਦੀ 13 - 14 - 15 ਤਾਰੀਖ ਨੂੰ (ਫਰਵਰੀ ਮਹੀਨੇ ਦੇ ਅੰਤ ਵਿੱਚ) ਹਜ਼ਰਤ ਮੋਹਕਮਦੀਨ ਜੀ ਦੀ ਯਾਦ ਵਿਚ ਲੱਗਦਾ ਹੈ। ਹਜ਼ਰਤ ਮੋਹਕਮਦੀਨ ਜੀ ਦੀ ਦਰਗਾਹ ਸ਼ਹਿਰ ਦੇ ਵਿਚਕਾਰ ਖ਼ਾਨਗਾਹ ਚੌਕ ਦੇ ਨਾਲ ਹੈ। ਦਰਗਾਹ ਅੰਦਰ ਇਕ ਬਹੁਤ ਪੁਰਾਨੀ ਪਲੇਟ ਉਪਰ ਲਿਖਿਆ ਹੋਇਆ ਹੈ ਕਿ ਸਾਈਂ ਜੀ 27 ਰਜਬ 1273 ਹਿਜਰੀ (ਸੰਨ 1853) ਨੂੰ ਇਸ ਫ਼ਾਨੀ ਦੁਨੀਆਂ ਤੋਂ ਪਰਦਾ ਕਰ ਗਏ। ਦਰਅਸਲ ਹਜ਼ਰਤ ਮੋਹਕਮਦੀਨ ਜੀ ਦਾ ਜਨਮ ਇਕ ਹਿੰਦੂ ਪ੍ਰੀਵਾਰ ਵਿਚ ਹੋਇਆ। ਸਾਈਂ ਜੀ ਦੇ ਪਿਤਾ ਦਾ ਨਾਮ ਕ੍ਰਿਸ਼ਨ ਲਾਲ ਅਤੇ ਮਾਤਾ ਦਾ ਨਾਮ ਰਜਨੀ ਦੇਵੀ ਸੀ। ਆਪ ਪਿੰਡ ਮਣਕਾਣਾ, ਤਹਿਸੀਲ ਲੋਹੀਆਂ, ਜ਼ਿਲ੍ਹਾ ਵਲਟੋਹਾ (ਪਾਕਿਸਤਾਨ) ਵਿਚ ਪੈਦਾ ਹੋਏ। ਜਿੱਥੇ ਖ਼ਵਾਜ਼ਾ ਇਮਾਮ ਮੁਹੰਮਦ (ਖ਼ਵਾਜ਼ਾ ਮੁਹੰਮਦ ਆਮੀਨ ਸਰਹੰਦੀ) ਸਾਹਿਬ ਦੇ ਦੀਦਾਰ ਕਰਕੇ, ਉਨ੍ਹਾਂ ਦੇ ਹੀ ਹੋ ਗਏ। ਆਪ ਜੀ ਦਾ ਨਾਮ ਮੋਹਕਮ ਲਾਲ ਸੀ ਪਰ ਦੀਨ ਕਬੂਰ ਕਰਕੇ ਮੋਹਕਮ ਲਾਲ ਤੋਂ ਮੋਹਕਦੀਨ ਹੋ ਗਏ।
ਦੀਨ ਕਬੂਲ ਕਰਨ ਤੋਂ ਬਾਅਦ ਹਜ਼ਰਤ ਮੋਹਕਮਦੀਨ ਆਪਣੇ ਮੁਰਸ਼ਦ ਦੇ ਹੁਕਮ ਅਨੁਸਾਰ ਪਿੰਡ ਰੱਤੀ ਰੋੜੀ, ਡਾਕਖਾਨਾ ਕੰਮੇਆਣਾ (ਫ਼ਰੀਦਕੋਟ) ਪਹੁੰਚੇ, ਜਿੱਥੇ ਬਾਰਾਂ ਸਾਲ ਮੌਨ ਧਾਰ ਕੇ ਆਪ ਬੰਦਗੀ ਵਿਚ ਲੀਨ ਹੋ ਗਏ, ਬੰਦਗੀ ਦੇ ਵਕਤ ਤੋਂ ਬਾਅਦ ਸਾਈਂ ਜੀ ਫੇਰ ਸਰਹੰਦ ਪਹੁੰਚੇ। ਇਲਾਹੀ ਰੰਗ ਵਿਚ ਰੰਗੇ ਆਪਣੇ ਮੁਰੀਦ ਨੂੰ ਵੇਖਕੇ, ਮੁਰਸ਼ਦ ਨੇ ਸਾਈਂ ਜੀ ਨੂੰ ਵਲੀ-ਅੱਲ੍ਹਾ ਦਾ ਰੁਤਬਾ ਬਖ਼ਸ਼ਿਆ ਅਤੇ ਜਗਰਾਵੀਂ ਜਾ ਕੇ ਲੋਕਾਂ ਦੀ ਖਿਦਮਤ ਕਰਨ ਨੂੰ ਕਿਹਾ। ਖੋਜਕਾਰ ਇਹ ਵਕਤ ਸੰਨ 1783 - 84 ਦੇ ਕਰੀਬ ਦੱਸਦੇ ਹਨ। ਮੁਰਸ਼ਦ ਦੇ ਹੁਕਮ ਅਨੁਸਾਰ ਸਾਈਂ ਜੀ ਜਗਰਾਵਾਂ ਦੇ ਅਗਵਾੜ ਗੁੱਜਰਾਂ ਦੇ ਇਕ ਛੋਟੇ ਜਿਹੇ ਮੁਹੱਲੇ (ਹੁਣ ਦਾ ਨਾਮ ਕੁੱਕੜ ਚੌਂਕ ਦੇ ਕੋਲ) ਵਿਚ ਆ ਕੇ ਰਹਿਣ ਲੱਗ ਪਏ। ਇਹ ਘਰ ਅੱਜ ਵੀ ਸਹੀ ਸਲਾਮਤ ਮੌਜੂਦ ਹੈ। ਇਸ ਘਰ ਵਿਚ ਉਹ ਭੋਰਾ (ਕਹਾਰ) ਵੀ ਮੌਜੂਦ ਹੈ ਜਿੱਥੇ ਬੈਠ ਕੇ ਸਾਈਂ ਜੀ ਬੰਦਗੀ ਕਰਦੇ ਸਨ।
NOTE - ਇਸ ਜਾਣਕਾਰੀ ਦਾ ਇਤਿਹਾਸਕ ਪੱਖ ਮਸ਼ਹੂਰ ਲੇਖਕ ਅਜੀਤ ਪਿਆਸਾ ਜੀ ਦੇ ਸਹਿਯੋਗ ਨਾਲ ਹਾਸਿਲ ਕੀਤਾ ਗਿਆ ਹੈ ।
ਦੰਦ ਕਥਾ - ਕਹਿੰਦੇ ਨੇ ਹਜ਼ਰਤ ਅਹਿਮਦ ਸ਼ਾਹ ਆਪਣੇ ਮੁਰਸ਼ਦ ਮੋਹਕਮਦੀਨ ਦੇ ਹੁਕਮ ਅਨੁਸਾਰ ਆਗਰੇ (ਯੂ . ਪੀ) ਚਲੇ ਗਏ। ਉਥੇ ਇਕ ਦਿੱਲੀ ਦਾ ਸੇਠ, ਪੁੱਤਰ ਦੀ ਦਾਤ ਮੰਗਣ ਲਈ ਫਰਿਆਦੀ ਬਣ ਕੇ ਆਇਆ, ਤਾਂ ਅਹਿਮਦ ਸ਼ਾਹ ਜੀ ਨੇ ਸੇਠ ਨੂੰ ਕਿਹਾ ਕਿ ਦਾਤ ਲੈਣ ਵਾਸਤੇ ਤੁਹਾਨੂੰ ਸਾਡੇ ਮੁਰਸ਼ਦ ਕੋਲ ਜੇ ਕੇ ਫਰਿਆਦ ਕਰਨੀ ਪਵੇਗੀ ਜੋ ਜਗਰਾਵਾਂ ਵਿਚ ਹਨ। ਸੇਠ ਪੁੱਛ ਪੁਛਾਅ ਕੇ ਜਗਰਾਵੀਂ ਅੱਪੜਿਆ ਅਤੇ ਹਜ਼ਰਤ ਮੋਹਕਮਦੀਨ ਅੱਗੇ ਆਪਣੀ ਪੀੜ ਜ਼ਾਹਿਰ ਕਰਕੇ ਫਰਿਆਦ ਕੀਤੀ। ਅਗਲੇ ਸਾਲ ਸੇਠ ਘਰ ਬੱਚਾ ਪੈਦਾ ਹੋਇਆ ਅਤੇ ਸੇਠ ਖੁਸ਼ੀ ਵਿਚ ਖੀਵਾ ਹੋਇਆ ਮੱਥਾ ਟੇਕਣ ਜਗਰਾਵੀਂ ਆਇਆ, ਉਸਨੇ ਨਿਆਜ਼ਾਂ ਚੜ੍ਹਾਈਆਂ, ਖ਼ੈਰਾਤਾਂ ਵੰਡੀਆਂ ਅਤੇ ਰਾਤ ਨੂੰ ਦੀਵੇ ਜਗਾ ਕੇ ਦੀਪਮਾਲਾ ਕੀਤੀ। ਦੀਵਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਭਲੇ ਵੇਲੇ ਸਨ, ਇਸ ਰੌਸ਼ਨੀ ਨਾਲ ਇਹ ਸੁੰਨਸਾਨ ਇਲਾਕਾ ਜਗਮਗਾ ਉਠਿਆ, ਏਨੀ ਰੌਸ਼ਨੀ ਲੋਕਾਂ ਨੇ ਵੇਖੀ ਨਹੀਂ ਸੀ ਇਸ ਲਈ ਲੋਕ ਕਹਿਣ ਲੱਗ ਪਏ ਕਿ ਅੱਜ ਤਾਂ ਰੌਸ਼ਨੀ ਦਾ ਮੇਲਾ ਹੀ ਲੱਗ ਗਿਆ .....
ਕਹਿੰਦੇ ਨੇ ਸੇਠ ਹਰ ਸਾਲ ਆਉਂਦਾ, ਨਿਆਜ਼ ਚੜ੍ਹਾਉਂਦਾ, ਖ਼ੈਰਾਤਾਂ ਵੰਡਦਾ ਅਤੇ ਦੀਪਮਾਲਾ ਕਰਦਾ। ਖ਼ੈਰਾਤ ਵਿਚ ਉਹ ਹਰ ਇਕ ਨੂੰ ਮੁੱਠੀ ਭਰ ਛੋਲੇ, ਗੁੜ ਅਤੇ ਇਕ ਟੱਕਾ (ਪੁਰਾਣੇ ਪੈਸੇ) ਦਿੰਦਾ ............. ਇਸਨੂੰ ਲੈਣ ਲਈ ਇੱਥੇ ਭਾਰੀ ਇਕੱਠ ਹੋ ਜਾਂਦਾ ....... ਅੱਗੇ ਚੱਲਕੇ ਹੌਲੀ ਹੌਲੀ ਲੋਕ ਇਸਨੂੰ ਰੌਸ਼ਨੀ ਦਾ ਮੇਲਾ ਕਹਿਣ ਲੱਗ ਪਏ।
ਹਜ਼ਰਤ ਮੋਹਕਦੀਨ ਜੀ ਦੇ ਨਾਲ ਉਨ੍ਹਾਂ ਦੀ ਸੇਵਾਦਾਰਨੀ ਮਾਈ ਜੀਨਾ ਦਾ ਨਾਮ ਵੀ ਵਾਬਸਤਾ ਹੈ, ਮਾਈ ਜੀਨਾ ਨੇ ਆਪਣੀ ਸਾਰੀ ਜ਼ਿੰਦਗੀ ਹਜ਼ਰਤ ਮੋਹਕਦੀਨ ਜੀ ਦੀ ਸੇਵਾ ਵਿਚ ਗੁਜ਼ਾਰੀ। ਮਾਈ ਜੀਨਾ ਦੀ ਦਰਗਾਹ ਵੀ ਜਗਰਾਵਾਂ ਸ਼ਹਿਰ ਵਿਚ ਮੌਜੂਦ ਹੈ। ਹਜ਼ਰਤ ਸਾਹਿਬ ਅਜੇ ਜਿਉਂਦੇ ਸਨ ਜਦੋਂ ਮਾਈ ਜੀਨਾ ਇਸ ਫ਼ਾਨੀ ਦੁਨੀਆਂ ਤੋਂ ਚਲੀ ਗਈ। ਹਜ਼ਰਤ ਨੇ ਆਪਣੇ ਹੱਥੀਂ ਮਾਈ ਜੀਨਾ ਦਾ ਰੋਜ਼ਾ ਤਿਆਰ ਕਰਵਾਇਆ ਅਤੇ ਬਚਨ ਕੀਤੇ, "ਮੇਰੀ ਦਰਗਾਹ ਤੇ ਸਜਦਾ ਤਾਂ ਹੀ ਕਬੂਲ ਹੋਵੇਗਾ ਜੋ ਪਹਿਲਾਂ ਤੈਨੂੰ ਸਿਜਦਾ ਕਰਕੇ ਆਵੇਗਾ"। ਇਸੇ ਕਰਕੇ ਸ਼ਰਧਾਲੂ ਪਹਿਲਾਂ ਮਾਈ ਜੀਨਾਂ ਦੀ ਦਰਗਾਹ ਤੇ ਸਿਜਦਾ ਕਰਨ ਜਾਂਦੇ ਹਨ।
ਹੌਲੀ ਹੌਲੀ ਵਕਤ ਅਨੁਸਾਰ ਜਗਰਾਵਾਂ ਦੀ ਰੌਸ਼ਨੀ ਦੇ ਮੇਲੇ ਵਿਚ ਬਾਜ਼ਾਰੀਕਰਨ ਦਾ ਪ੍ਰਭਾਵ ਵੱਧਦਾ ਗਿਆ। ਪੰਜਾਬ ਦੇ ਬਾਕੀ ਸਭ ਮੇਲਿਆਂ ਵਾਂਗ ਹੁਣ ਇਹ ਮਨੋਰੰਜਨ ਦਾ ਸਾਧਨ ਬਣਿਆ ਨਜ਼ਰ ਆਉਂਦਾ ਹੈ। ਸਰਕਸ, ਡਾਂਸ, ਕਾਲਾ ਜਾਦੂ, ਮੌਤ ਦਾ ਖੂਹ ਰੇਸ, ਚੰਡੋਲਾਂ ਤੇ ਝੂਟੇ, ਵੱਖ ਵੱਖ ਕਿਸਮ ਦੇ ਝੂਲੇ, ਖਾਣ ਪੀਣ ਦੀਆਂ ਦੁਕਾਨਾਂ, ਕੁਸ਼ਤੀਆਂ ਦੇ ਦੰਗਲ ਆਦਿ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਅੱਜਕਲ੍ਹ ਰਾਤ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਗਰੁੱਪਾਂ ਅਤੇ ਸੰਸਥਾਵਾਂ ਵੱਲੋਂ ਸਟੇਜ ਨਾਟਕ ਆਦਿ ਵੀ ਪੇਸ਼ ਕੀਤੇ ਜਾਂਦੇ ਹਨ।
ਜਗਰਾਵਾਂ ਵਿੱਚ ਮਸ਼ਹੂਰ ਰਹੀ ਲਾਲਾ ਦੇਵੀ ਚੰਦ ਦੀ ਸਰਾਂ ਵਿੱਚ ਕਿਸੇ ਵਕਤ ਮੁਸਾਫ਼ਿਰ ਦੂਰੋਂ ਦੂਰੋਂ ਆ ਕੇ ਰਹਿੰਦੇ ਸਨ। ਇਸ ਸਰਾਂ ਵਿੱਚ ਰੌਸ਼ਨੀ ਦੇ ਮੇਲੇ ਦੌਰਾਂਨ ਪੰਜਾਬ ਦੇ ਮਸ਼ਹੂਰ ਕਵੀਸ਼ਰ ਦੂਰੋਂ ਦੂਰੋਂ ਆ ਕੇ ਅੱਜ ਵੀ ਰੰਗ ਬੰਨ੍ਹਦੇ ਹਨ। ਸੁਨਣ ਵਾਲੇ ਖੁੱਲ੍ਹਾ ਗੋਲ ਚੱਕਰ ਬਨਾ ਕੇ ਬੈਠ ਜਾਂਦੇ ਹਨ ਅਤੇ ਨਾਲ ਦੀ ਨਾਲ ਖਾਂਦੇ ਪੀਂਦੇ ਰਹਿੰਦੇ ਹਨ ਅਤੇ ਕਵੀਸ਼ਰ ਗੋਲ ਚੱਕਰ ਦਰਮਿਆਨ ਹੌਲੀ ਹੌਲੀ ਘੁੰਮ ਕੇ ਆਪਣੇ ਅੰਦਾਜ਼ ਵਿੱਚ ਪੰਜਾਬ ਦੀਆਂ ਲੋਕ ਗਾਥਾਵਾਂ ਅਤੇ ਹੋਰ ਰੰਗ ਪੇਸ਼ ਕਰਦੇ ਹਨ ਅਤੇ ਦਰਸ਼ਕ ਲੋਰ ਵਿੱਚ ਆਏ ਇਨ੍ਹਾਂ ਨੂੰ ਇਨਾਮ ਦਿੰਦੇ ਰਹਿੰਦੇ ਹਨ। ਇਨ੍ਹਾਂ ਕਵੀਸ਼ਰਾਂ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਇਕ ਵਾਰ ਵਿੱਚ ਇਹ ਦਸ ਰੂਪੈ ਤੋਂ ਜ਼ਿਆਦਾ ਇਨਾਮ ਪ੍ਰਵਾਨ ਨਹੀਂ ਕਰਦੇ। ਇਸ ਰੁੱਤੇ ਵਿਦੇਸ਼ਾਂ ਵਿੱਚ ਵੱਸਦੇ ਕਾਫੀ ਪਰਵਾਸੀ ਪਰਿਵਾਰ ਪੰਜਾਬ ਆਏ ਹੁੰਦੇ ਹਨ ਜਿਸ ਕਰਕੇ ਇਸ ਮੇਲੇ ਵਿੱਚ ਅਤੇ ਸਾਰੇ ਜਗਰਾਵਾਂ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਹੈ। ਸ਼ਾਲਾ ਅਜਿਹੇ ਇਕੱਠ ਪੰਜਾਬ ਦੀ ਧਰਤੀ ' ਤੇ ਇੰਝ ਹੀ ਲੱਗਦੇ ਰਹਿਣ।
NOTE - ਇਸ ਜਾਣਕਾਰੀ ਦਾ ਇਤਿਹਾਸਕ ਪੱਖ ਮਸ਼ਹੂਰ ਲੇਖਕ ਅਜੀਤ ਪਿਆਸਾ ਜੀ ਦੇ ਸਹਿਯੋਗ ਨਾਲ ਹਾਸਿਲ ਕੀਤਾ ਗਿਆ ਹੈ ।
- ਜਸਵਿੰਦਰ ਸਿੱਧੂ , ਰੇਡੀਉ ਅਤੇ ਟੀ.ਵੀ. ਹੋਸਟ
No comments:
Post a Comment