Sunday, 17 March 2019

ਮੈਂ ਧਰਤੀ ਦੇਸ ਪੰਜਾਬ ਦੀ, ਮੈਂ ਵੱਸਦੀ ਉੱਜੜ ਗਈ


ਕੁਝ ਲੋਕ ਗ਼ਲਤ ਥਾਂ ਤੇ ਜੰਮ ਪੈਂਦੇ ਨੇ ਤੇ ਫਿਰ ਏਸ ਗੱਲ ਦਾ ਹਾਵਾ ਉਹ ਸਾਰੀ ਉਮਰ ਭੋਗਦੇ ਨੇ ਇਨ੍ਹਾਂ ਵਿਚੋਂ ਇਕ ਬੰਦਾ ਗ਼ਫ਼ੂਰ ਖੈਹਿਰਾ ਵੀ ਏ। ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਦਾ ਪੂਰਾ ਜੱਟ ਏ। ਇਹਦੇ ਵਡਕੇ ਚੜ੍ਹਦੇ ਪੰਜਾਬ ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਹੱਸਨ ਭੱਟੀ ਦੇ ਰੱਜੇ ਪੁੱਜੇ ਜਿਮੀਂਦਾਰ ਸਨ। ਮੱਝਾਂ, ਗਾਂਵਾਂ, ਨੌਕਰ, ਚਾਕਰ, ਮੁਜ਼ਾਰੇ ਤੇ ਘਰ ਵਿਚ ਜਿਨਸਾਂ ਦੇ ਢਿੱਗ ਲੱਗੇ ਹੋਏ, ਕਿਸੇ ਚੀਜ਼ ਦੀ ਥੋੜ੍ਹ ਨਹੀਂ ਸੀ, ਖ਼ੁਸ਼ਹਾਲੀ ਪੱਕਾ ਡੇਰਾ ਲਾ ਕੇ ਬੈਠੀ ਸੀ। ਫ਼ਿਰ 47 ਵਾਲਾ ਹਨੇਰ ਆ ਗਿਆ ਤੇ ਖੈਹਿਰਾ ਦੇ ਟੱਬਰ ਨੂੰ ਉਜੜਨਾ ਪੇ ਗਿਆ ਤੇ ਇਹ ਟੱਬਰ ਰੁਲਦਾ ਰੁਲਾਉਂਦਾ ਪਾਕਿਸਤਾਨ ਅੱਪੜ ਗਿਆ। ਨਵਾਂ ਦੇਸ ਏਸ ਟੱਬਰ ਨੂੰ ਇੰਜ ਗੱਲ ਲਾਇਆ ਕਿ ਕੱਲ੍ਹ ਦੇ ਨਵਾਬ ਇਥੇ ਆ ਕੇ ਕੱਖੋਂ ਹੌਲੇ ਹੋ ਗਏ। ਏਸ ਦੇਸ ਵਿਚ ਇਨਸਾਫ਼ ਦਾ ਇੰਜ ਮੁੱਢ ਬਝਿਆ ਕਿ ਯੂ.ਪੀ. ਦੇ ਫ਼ਕੀਰ ਇਥੇ ਆ ਕੇ ਨਵਾਬ ਬਣ ਗਏ ਤੇ ਪੰਜਾਬੀ ਮਹਾਜਰ ਨਵਾਬੋਂ ਫ਼ਕੀਰ ਹੋ ਗਏ।
ਖੈਹਿਰੇ ਦੇ ਟੱਬਰ ਦੇ ਘਰ ਦਿਨ ਰਾਤ ਪਿੱਛੇ ਛੱਡ ਆਏ ਰੱਜ ਦੇ ਦਿਨਾਂ ਦੇ ਕਸੀਦਿਆਂ ਤੇ ਨਵੇਂ ਦੇਸ ਦੀਆਂ ਮਿਹਰਬਾਨੀਆਂ ਦੇ ਕੀਰਨਿਆਂ ਪੱਕੇ ਡੇਰੇ ਲਾ ਲਏ। ਇਨ੍ਹਾਂ ਕੀਰਨਿਆਂ ਵਿਚ ਪੰਜਾਬ ਦੀ ਵੰਡ ਕਰਨ ਵਾਲਿਆਂ ਨੂੰ ਨੰਗੀਆਂ ਗਾਹਲਾਂ ਤੇ ਬਦ ਦੁਆਵਾਂ ਦੀ ਤਾਂਨ ਹਮੇਸ਼ ਉੱਚੀ ਹੁੰਦੀ ਸੀ। ਗ਼ਫ਼ੂਰ ਖੈਹਿਰਾ ਇਸੇ ਕੁੜੱਤਣ ਦੀ ਗੁੜਤੀ ਲੈ ਕੇ ਜੰਮਿਆ ਤੇ ਇਹ ਕੁੜੱਤਣ ਉਹਨੂੰ ਇਕ ਚੁੜੇਲ ਵਾਂਗੂੰ ਚਿੰਬੜ ਗਈ। ਕਦੇ ਕਦੇ ਏਸ ਚੁੜੇਲ ਤੋਂ ਜਾਂਨ ਛੜਾਉਣ ਲਈ ਖੈਹਿਰਾ ਖ਼ਿਆਲਾਂ ਵਿਚ ਉਡਾਰੀ ਮਾਰ ਕੇ ਆਪਣੇ ਦਾਦੇ ਪੜਦਾਦੇ ਦੇ ਪਿੰਡ ਪਹੁੰਚ ਜਾਂਦਾ ਏ। ਇਹ ਉਡਾਰੀ ਉਹਦੇ ਲਈ ਇੰਜ ਈ ਹੁੰਦੀ ਏ ਜਿਵੇਂ ਕਿਸੇ ਪੀੜ ਨਾਲ਼ ਤੜਫਦੇ ਬੰਦੇ ਦੇ ਫੱਟਾਂ ਤੇ ਕਿਸੇ ਪੀੜ ਖਿੱਚ ਦਵਾਈ ਦਾ ਫੰਬਾ ਰੱਖਿਆ ਜਾਵੇ। ਖੈਹਿਰੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਫ਼ਨਾ ਆਪਣੇ ਦਾਦੇ ਪੜਦਾਦੇ ਦੇ ਪਿੰਡ ਜਾਣ ਦਾ ਏ। ਇਸੇ ਸੁਫ਼ਨੇ ਦੇ ਗਿਰਦ ਉਹਦੀ ਜ਼ਿੰਦਗੀ ਘੁੰਮਦੀ ਰਹਿੰਦੀ ਏ। ਜਦ ਕਦੇ ਉਹ ਓਥੇ ਜਾਣ ਦਾ ਸੋਚਦਾ ਏ ਤੇ ਉਹਨੂੰ ਹਨੇਰਾ ਦਿਸਦਾ ਏ।
ਵਾਹਗੇ ਦਾ ਬਾਡਰ ਪਾਰ ਕਰਨ ਦੀਆਂ ਦੋ ਈ ਸੂਰਤਾਂ ਨੇ ਇਕ ਤੇ ਉਹ ਕਿਸੇ ਪੀਰ ਫ਼ਕੀਰ ਦੀ ਕਬਰ ਤੇ ਮੱਥਾ ਘਸਾਉਣ ਲਈ ਜਾਵੇ, ਪਰ ਏਸ ਸੂਰਤ ਵਿਚ ਉਹ ਸਿਰਫ਼ ਉਸੇ ਮਜ਼ਾਰ ਤੱਕ ਮਹਿਦੂਦ ਹੋ ਕੇ ਰਹਿ ਜਾਵੇਗਾ ਤੇ ਆਪਣੇ ਪਿੰਡ ਨਹੀਂ ਜਾ ਸਕੇਗਾ, ਪਰ ਖੈਹਿਰੇ ਤੇ ਆਪਣੇ ਪਿਓ ਦਾਦੇ ਦੀ ਜੰਮਣ ਥਾਂ ਨੂੰ ਸਜਦਾ ਕਰਨ ਜਾਣਾ ਏ, ਉਹਨੇ ਪੀਰਾਂ ਫ਼ਕੀਰਾਂ ਦੇ ਮਜ਼ਾਰਾਂ ਨੂੰ ਢਾਊਣਾ ਏ। ਦੂਜੀ ਸੂਰਤ ਕਿਸੇ ਕਲਚਰਲ ਜਾਂ ਸਿਆਸੀ ਜੱਥੇ ਨਾਲ਼ ਜਾਣ ਦੀ ਏ। ਇਹ ਉਹਦੇ ਵੱਸ ਦੀ ਗੱਲ ਨਹੀਂ ਏ। ਉਹ ਨਾ ਤੇ ਕਿਸੇ ਸਿਆਸੀ ਪਾਰਟੀ ਦਾ ਚਹੇਤਾ ਲੀਡਰ ਏ ਤੇ ਨਾ ਈ ਕੋਈ ਸ਼ਾਇਰ ਅਦੀਬ ਤੇ ਕਲਾਕਾਰ ਏ। ਉਹ ਸਿੱਧਾ ਸਾਧਾ ਇਕ ਜੱਟ ਏ। ਇਹ ਸੋਚ ਕੇ ਉਹਦੀ ਕੁੜੱਤਣ ਵਿਚ ਹੋਰ ਵਾਧਾ ਹੋ ਜਾਂਦਾ ਏ ਕਿ ਉਹ ਇਕ ਆਮ ਸਾਧਾਰਣ ਬੰਦਾ ਏ। ਸਿਆਸੀ ਬੰਦਿਆਂ ਤੇ ਕਲਾਕਾਰਾਂ ਨੂੰ ਕਿਹੜੇ ਫੁੰਮਣ ਲੱਗੇ ਹੋਏ ਨੇ ਕਿ ਉਹ ਵਾਹਗਾ ਪਾਰ ਕਰ ਸਕਦੇ ਨੇ ਤੇ ਇਕ ਆਮ ਬੰਦਾ ਨਹੀਂ। ਇਕ ਸਿਆਸੀ ਬੰਦਾ ਤੇ ਕਲਾਕਾਰ ਵੀ ਤੇ ਬੰਦਾ ਏ। ਉਹਨੂੰ ਵਾਹਗਾ ਪਾਰ ਕਰਨ ਦਾ ਪਰਮਿਟ ਮਿਲ ਜਾਂਦਾ ਏ ਤੇ ਖੈਹਿਰੇ ਨੂੰ ਨਹੀਂ। ਕਿਉਂ? ਕੀ ਉਹਦੀ ਕੋਈ ਹੋਰ ਜੂਨ ਏ?
ਖਹਿਰੇ ਆਪਣੇ ਏਸ ਜੰਨੂਨ ਦਾ ਇਕ ਇਲਾਜ ਲੱਭਿਆ ਏ, ਉਹ ਕਦੇ ਕਦੇ ਸਾਹੀਵਾਲੋਂ ਤੁਰਦਾ ਏ ਤੇ ਵਾਹਗੇ ਬਾਡਰ ਅੱਪੜ ਜਾਂਦਾ ਏ। ਓਥੇ ਆ ਕੇ ਉਹ ਵਿਰਾਗੀਆਂ ਤੇ ਤਰਸੀਆਂ ਅੱਖਾਂ ਨਾਲ਼ ਦੂਜੇ ਪਾਸੇ ਦਿਸਦੇ ਹਿੰਦੂਆਂ ਸਿੱਖਾਂ ਨੂੰ ਉੰਨਾਂ ਚਿਰ ਦੇਖਦਾ ਰਹਿੰਦਾ ਏ, ਜਦ ਤੱਕ ਕੇ ਛੀਕੜੀ ਬੰਦਾ ਉਹਦੀਆਂ ਅੱਖਾਂ ਤੋਂ ਉਹਲੇ ਨਹੀਂ ਹੋ ਜਾਂਦਾ। ਮੈਂ ਗੁਲਸ਼ਨ ਦਿਆਲ ਨੂੰ ਬਾਬੇ ਬੁਲ੍ਹੇ ਸ਼ਾਹ ਦੇ ਦਰਬਾਰ ਤੇ ਲੈ ਜਾਣ ਲਈ ਕਸੂਰ ਚਲਿਆ ਤੇ ਖੈਹਿਰਾ ਮੇਰੇ ਖਿਹੜੇ ਪੈ ਗਿਆ, ਕਹਿਣ ਲੱਗਾ: ”ਸੱਰ ਮੈਂ ਤੁਹਾਡੇ ਨਾਲ਼ ਜਾਣਾ ਏ। ਗੱਡੀ ਮੈਂ ਚਲਾਵਾਂਗਾ”। ਕਸੂਰ ਦੇ ਨੇੜੇ ਅੱਪੜੇ ਤੇ ਖੈਹਰੇ ਕਿਹਾ: ”ਸਰ ਅਸੀਂ ਕਸੂਰ ਤੇ ਅੱਪੜ ਗਏ ਹਾਂ। ਬਾਬੇ ਬੁਲ੍ਹੇ ਸ਼ਾਹ ਦੇ ਦਰਬਾਰ ਤੇ ਤਾਂ ਅਸੀਂ ਕਿਸੇ ਵੇਲੇ ਵੀ ਜਾ ਸਕਦੇ ਹਾਂ ਪਰ ਏਸ ਵੇਲੇ ਗੰਡਾ ਸਿੰਘ ਵਾਲਾ ਬਾਡਰ ਤੇ ਪਰੇਡ ਦਾ ਵੇਲ਼ਾ ਏ। ਚਲੋ ਗੁਲਸ਼ਨ ਜੀ ਨੂੰ ਪਹਿਲੇ ਉਹ ਦਿਖਾ ਲਿਆਈਏ “। ਮੈਂ ਏਸ ਪਰੇਡ ਦੀਆਂ ਨਫ਼ਰਤ ਪਾਲ਼ ਤਸਵੀਰਾਂ ਇੰਟਰਨੈੱਟ ਤੇ ਦੇਖੀਆਂ ਹੋਈਆਂ ਸਨ ਤੇ ਸਵੀਡਨ ਦੇ ਮਾਡਰਨ ਸਮਾਜ ਵਿਚ ਬੈਠ ਕੇ ਮੈਂ ਪੱਥਰ ਦੇ ਜ਼ਮਾਨੇ ਦੇ ਏਸ ਥੇਟਰ ਤੇ ਹੱਸਦਾ ਹੁੰਦਾ ਸਾਂ। ਕਾਰ ਹਾਲੇ ਪਰੇਡ ਦੀ ਥਾਂ ਤੋਂ ਕਾਫ਼ੀ ਦੂਰ ਸੀ ਜੇ ਬੰਦਿਆਂ ਦਾ ਰੌਲ਼ਾ ਸੁਣਨ ਲੱਗ ਪਿਆ। ਇਹ ਰੌਲ਼ਾ ਮੱਸਲਸਲ ਸੀ। ਮੈਂ ਹੈਰਾਨ ਹੋ ਕੇ ਖੈਹਰੇ ਕੋਲੋਂ ਪੁੱਛਿਆ: ”ਇਹ ਰੌਲ਼ਾ ਕਾਹਦਾ ਏ”? ”ਪਰੇਡ ਦੇਖਣ ਵਾਲੇ ਰੌਲ਼ਾ ਪਾ ਰਹੇ ਨੇ” ਖੈਹਰੇ ਜਵਾਬ ਦਿੱਤਾ। ਜੱਜ ਹੋਣ ਦੇ ਨਾਤੇ ਮੈਨੂੰ ਪ੍ਰੋਟੋਕੋਲ ਦਿੱਤਾ ਗਿਆ ਤੇ ਮੈਨੂੰ ਪਰੇਡ ਦੇਖਣ ਆਏ ਵੀ. ਆਈ. ਪੀ. ਲਈ ਡਾਹੀਆਂ ਕੁਰਸੀਆਂ ਉੱਤੇ ਅੱਗੇ ਬੈਠਾ ਦਿੱਤਾ ਗਿਆ। ਇਹ ਦੋ ਹਿੱਸਿਆਂ ਤੇ ਦੋ ਨਾਂਵਾਂ ਵਿਚ ਵੰਡਿਆ ਹੋਇਆ ਸੀ, ਹਿੰਦੁਸਤਾਨ ਵਿਚ ਇਹਦਾ ਨਾਂ ਹੁਸੈਨੀਵਾਲਾ ਤੇ ਪਾਕਿਸਤਾਨ ਵਿਚ ਇਹਦਾ ਨਾਂ ਗੰਡਾ ਸਿੰਘ ਵਾਲਾ ਸੀ ਇਹ ਬੜੀ ਹੈਰਾਨੀ ਦੀ ਗੱਲ ਸੀ ਪਾਕਿਸਤਾਨ ਜਿਥੇ ਹਰ ਹਿੰਦੂ ਸਿੱਖ ਦੇ ਨਾਂ ਤੇ ਰੱਖੇ ਕਿਸੇ ਗਲੀ, ਮੁਹੱਲੇ, ਸਕੂਲ, ਕਾਲਜ,ਹਸਪਤਾਲ, ਰੇਲਵੇ ਸਟੇਸ਼ਨ, ਪਿੰਡ, ਥਾਂ ਦਾ ਨਾਂ ਬਦਲ ਕੇ ਕਿਸੇ ਅਰਬੀ ਮੁਸਲਮਾਨ “ਹੀਰੋ” ਜਾਂ ਯੂ.ਪੀ. ਦੀ ਕਿਸੇ ਮੁਸਲਮਾਨ ਸ਼ਖ਼ਸੀਅਤ ਦੇ ਨਾਂ ਤੇ ਰੱਖ ਦਿੱਤਾ ਗਿਆ ਏ ਓਥੇ ਏਸ ਬਾਡਰ ਦਾ ਨਾਂ ਹਾਲੇ ਵੀ ਇਕ ਸਿੱਖ ਗੰਡਾ ਸਿੰਘ ਦੇ ਨਾਂ ਤੇ ਸੀ। ਪਰੇਡ ਦੀ ਇਹ ਥਾਂ ਇਕ ਚਿੱਟੀ ਲਕੀਰ ਰਾਹੀਂ ਦੋ ਦੇਸਾਂ ਵਿਚ ਵੰਡ ਦਿੱਤੀ ਗਈ ਸੀ। ਏਸ ਲਕੀਰ ਦੇ ਦੋਨਾਂ ਪਾਸੇ ਬੈਠੇ ਬੰਦੇ ਏਨੇ ਨੇੜੇ ਸਨ ਜੇ ਵਿਚੋਂ ਇਹ ਲਕੀਰ ਕੱਢ ਦਿੱਤੀ ਜਾਵੇ ਤੇ ਇਹ ਬੰਦੇ ਇਕੱਠੇ ਬੈਠੇ ਲੱਗਣਗੇ । ਏਸ ਲਕੀਰ ਨੇ ਇਕ ਦੂਜੇ ਤੋਂ ਮਸਾਂ ਦੋ ਫੁੱਟ ਦੀ ਵਿੱਥ ਤੇ ਬੈਠੇ ਬੰਦਿਆਂ ਨੂੰ ਹਿੰਦੁਸਤਾਨੀ ਤੇ ਪਾਕਿਸਤਾਨੀ ਬਣਾ ਦਿੱਤਾ ਸੀ। ਜਦ ਕੇ ਜੇ ਵਿਚੋਂ ਢਾਈ ਟੋਟਰੂ ਪੱਗਾਂ ਵਾਲਿਆਂ ਸਿੱਖਾਂ ਨੂੰ ਕੱਢ ਦਿੱਤਾ ਜਾਂਦਾ ਤੇ ਇਨ੍ਹਾਂ ਹਿੰਦੋਸਤਾਨੀਆਂ ਤੇ ਪਾਕਿਸਤਾਨੀਆਂ ਦੀ ਥਾਂ ਬਦਲ ਦਿੱਤੀ ਜਾਂਦੀ ਤਾਂ ਭੋਰਾ ਵੀ ਫ਼ਰਕ ਨਹੀਂ ਸੀ ਲੱਗਣਾ। ਕਿਉਂ ਜੇ ਇਕੋ ਰੰਗ, ਮੁਹਾਂਦਰਾ, ਬੋਲੀ ਤੇ ਉੱਠਣ ਬੈਠਣ। ਇਹ ਕੋਈ ਅੰਚਭੇ ਵਾਲੀ ਗੱਲ ਨਹੀਂ ਏ। ਦੋਹਵਾਂ ਪਾਸੇ ਪੰਜਾਬੀ ਸਨ। ਇਕੋ ਮੁੱਢ, ਇਕੋ ਪਿਓ ਦਾਦਾ, ਇਕੋ ਖ਼ੂਨ ਪਰ ਏਸ ਲੀਕ ਦੇ ਦੋਹਾਂ ਪਾਸੇ ਇਨ੍ਹਾਂ ਪੰਜਾਬੀਆਂ ਕੋਲੋਂ ਉਨ੍ਹਾਂ ਦਾ ਮੁੱਢ ਤੇ ਪਹਿਚਾਣ ਖੋਹ ਕੇ ਉਨ੍ਹਾਂ ਨੂੰ ਭਾਰਤੀ ਤੇ ਪਾਕਿਸਤਾਨੀ ਬਣਾ ਦਿੱਤਾ ਗਿਆ ਸੀ।
ਥੇਟਰ ਚਾਲੂ ਸੀ। ਵਾਰੀ ਵਾਰੀ ਭਾਰਤੀ ਤੇ ਪਾਕਿਸਤਾਨੀ ਫ਼ੌਜਾਂ ਦੇ ਸਿਪਾਹੀ ਪਰੇਡ ਕਰ ਰਹੇ ਸਨ। ਪਾਕਿਸਤਾਨੀ ਪਾਸੇ ਦੀ ਫ਼ੌਜੀਆਂ ਮਲੈਸ਼ੀਏ ਦੀ ਸ਼ਲਵਾਰ ਕਮੀਜ਼ ਨਾਲ਼ ਉੱਚਾ ਜਿਹਾ ਕੁੱਲਾ ਪਾਯਾ ਹੋਇਆ ਸੀ। ਇਹ ਬੰਦੇ ਚੁਣ ਕੇ ਲਿਆਂਦੇ ਗਏ ਸਨ। ਸਭ ਦੇ ਕੱਦ ਘੱਟੋ ਘੱਟ ਸੱਤ ਫੁੱਟ ਤੇ ਜੁੱਸੇ ਦੇ ਮੋਟੇ ਡਾਢੇ। ਮੂੰਹ ਤੇ ਨਿੱਕੀਆਂ ਨਿੱਕੀਆਂ ਦਾੜ੍ਹੀਆਂ ਤੇ ਤਾਅ ਦਿੱਤੀਆਂ ਮੁੱਛਾਂ। ਪਰੇਡ ਕਰਦੇ ਇਹ ਸਿਪਾਹੀ ਬੰਦਿਆਂ ਦੀ ਥਾਂ ਪਸ਼ੂ ਬਹੁਤੇ ਲਗਦੇ ਸਨ ਇਨ੍ਹਾਂ ਆਪਣੇ ਬੂਟਾਂ ਥੱਲੇ ਘੋੜਿਆਂ ਦੀਆਂ ਖਰੀਆਂ ਵਰਗੀਆਂ ਖਰੀਆਂ ਲੁਆਈਆਂ ਹੋਈਆਂ ਸਨ ਪਈ ਜਦ ਕਿਸੇ ਪਾਸੇ ਦਾ ਕੋਈ ਸਿਪਾਹੀ ਇਹ ਘੋੜੇ ਵਾਂਗੂੰ ਜ਼ਮੀਨ ਤੇ ਪੌੜ ਮਾਰੇ ਤੇ ਜ਼ੋਰ ਦਾ ਖੜਾਕ ਹੋਵੇ। ਜਿਹੜਾ ਸਿਪਾਹੀ ਵੀ ਜਿੰਨਾ ਵੱਧ ਖੜਾਕ ਕਰਦਾ ਸੀ ਉਹਦੇ ਪਾਸੇ ਬੈਠੇ ਤਮਾਸ਼ਬੀਨ ਉੰਨੇ ਈ ਜ਼ੋਰ ਨਾਲ਼ ਤਾੜੀਆਂ ਮਾਰਦੇ ਤੇ ਰੌਲ਼ਾ ਪਾਉਂਦੇ। ਕਦੇ ਇਹ ਸਿਪਾਹੀ ਲੜਾਈ ਵਾਲੇ ਕੁੱਤਿਆਂ ਵਾਂਗੂੰ ਲਗਦੇ ਸਨ- ਜਿਵੇਂ ਹਰ ਮਾਲਿਕ ਆਪਣੇ ਕੁੱਤੇ ਨੂੰ ਲੜਾਉਣ ਤੋਂ ਪਹਿਲਾਂ ਉਹਨੂੰ ਗਰਮ ਕਰਦਾ ਏ, ਉਹ ਉਹਨੂੰ ਥਾਪੀਆਂ ਦਿੰਦਿਆਂ ਹੋਇਆਂ ਹੱਲਾ ਸ਼ੇਰੀ ਦਿੰਦਾ ਤੇ ਅੱਗੋਂ ਕੁੱਤਾ ਘੁਰਦਾ ਤੇ ਭੌਂਕਦਾ ਏ ਤੇ ਫਿਰ ਮਾਲਿਕ ਕੋਲੋਂ ਛੁੱਟ ਕੇ ਅਗਲੇ ਕੁੱਤੇ ਦੇ ਗਲ ਪੈਣ ਲਈ ਜ਼ੋਰ ਮਾਰਦਾ। ਜਦ ਉਹਦੀ ਸੰਗਲੀ ਖੁੱਲ ਜਾਂਦੀ ਏ, ਤੇ ਉਹ ਬਿਜਲੀ ਵਾਂਗੂੰ ਭੱਜ ਕੇ ਵਿਰੋਧੀ ਕੁੱਤੇ ਦੇ ਜਾ ਕੇ ਇੰਜ ਗੱਲ ਪੈਂਦਾ ਏ ਜਿਵੇਂ ਉਹਨੇ ਉਹਨੂੰ ਕੱਚਿਆਂ ਖਾ ਜਾਣਾ ਹੋਵੇ, ਇਹੋ ਹਾਲ ਇਨ੍ਹਾਂ ਫ਼ੌਜੀਆਂ ਦਾ ਸੀ। ਇਹ ਪਰੇਡ ਕਰਦੇ ਲੀਕ ਦੇ ਨੇੜੇ ਜਾਣ ਤੋਂ ਪਹਿਲਾਂ ਆਕੜ ਕੇ ਖਲੋਂਦੇ, ਅੱਖਾਂ ਵਿਚ ਨਫ਼ਰਤ ਤੇ ਗ਼ੁੱਸੇ ਦੀ ਅੱਗ ਭਰਦੇ, ਕਚੀਚੀ ਵੱਟਦੇ ਸਿਰ ਨੂੰ ਹਿਲਾਉਂਦੇ, ਆਕੜੀਆਂ ਮੁੱਛਾਂ ਨੂੰ ਤਾਅ ਦਿੰਦੇ, ਉਸ ਵੇਲੇ ਇਨ੍ਹਾਂ ਦੀਆਂ ਇਹ ਮੁੱਛਾਂ ਗ਼ੁੱਸੇ ਵਿਚ ਆਏ ਕੁੱਤੇ ਦੀ ਵੱਟਦਾਰ ਪੂਛ ਵਾਂਗੂੰ ਲਗਦੀਆਂ। ਫ਼ਿਰ ਇਹ ਲੋਹੇ ਦੀਆਂ ਖੁਰੀਆਂ ਲੱਗੇ ਬੂਟਾਂ ਨੂੰ ਜ਼ੋਰ ਜ਼ੋਰ ਨਾਲ਼ ਪੱਕੀ ਸੜਕ ਤੇ ਮਾਰਦੇ ਹੋਏ ਲੀਕ ਵੱਲ ਜਾਂਦੇ। ਲੀਕ ਕੋਲ਼ ਜਾ ਕੇ ਇਨ੍ਹਾਂ ਦਾ ਸਾਰਾ ਸਰੀਰ ਨਫ਼ਰਤ ਬਣ ਜਾਂਦਾ, ਜਿਹੜੇ ਹਰ ਅੰਗ ਚੋਂ ਨਫ਼ਰਤ ਦੇ ਫ਼ਵਾਰੇ ਫੁੱਟਦੇ। ਇਨ੍ਹਾਂ ਦੀ ਛਾਤੀ, ਛਾਤੀ ਨਹੀਂ ਸੀ ਰਹਿੰਦੀ ਸਗੋਂ ਨਫ਼ਰਤ ਦਾ ਤੰਦੂਰ ਬਣ ਜਾਂਦਾ। ਨਾਸਾਂ ਵਿਚੋਂ ਅੱਗ ਨਿਕਲਦੀ ਮਹਿਸੂਸ ਹੁੰਦੀ, ਹੋਂਠ ਤੇ ਗੱਲ੍ਹਾਂ ਦੇ ਪੱਠੇ ਫੜਕਦੇ। ਫਿਰ ਇਹ ਜਾ ਕੇ ਲੀਕ ਤੇ ਇਕ ਦੂਜੇ ਸਾਮ੍ਹਣੇ ਖਲੋ ਜਾਂਦੇ ਤੇ ਕੁੱਝ ਦੇਰ ਇਕ ਦੂਜੇ ਨੂੰ ਇੰਜ ਘੂਰਦੇ, ਜਿਵੇਂ ਇਨ੍ਹਾਂ ਹੁਣੇ ਇਕ ਦੂਜੇ ਨੂੰ ਕੱਚਿਆਂ ਖਾ ਜਾਣਾ ਹੋਵੇ ਪਰ ਵਿੱਚ ਲੀਕ ਆ ਜਾਂਦੀ। ਜਦ ਇਕ ਪਾਸੇ ਦਾ ਸਿਪਾਹੀ ਨਫ਼ਰਤ ਦਾ ਇਹ ਡਰਾਮਾ ਖੇਡ ਰਿਹਾ ਹੁੰਦਾ ਸੀ ਤੇ ਉਹਦੇ ਪਾਸੇ ਬੈਠੇ ਤਮਾਸ਼ਬੀਨ ਉਹਨੂੰ ਹੱਲਾ ਸ਼ੇਰੀ ਦੇਣ ਲਈ ਜ਼ੋਰ ਜ਼ੋਰ ਦੀ ਤਾੜੀਆਂ ਮਾਰਦੇ ਤੇ ਰੱਜ ਕੇ ਰੌਲ਼ਾ ਪਾਉਂਦੇ ਤੇ ਦੂਜੇ ਪਾਸੇ ਬੈਠੇ ਤਮਾਸ਼ਬੀਨ ਹੂਟਿੰਗ ਕਰਦੇ ਤੇ ਹੱਥ ਦੇ ਅੰਗੂਠੇ ਨਾਲ਼ ਜ਼ਮੀਨ ਵੱਲ ਇਸ਼ਾਰਾ ਕਰਦੇ ਅਤੇ ਦੂਜੇ ਪਾਸੇ ਤੋਂ ਵੀ ਵੱਧ ਕੇ ਰੌਲ਼ਾ ਪਾਉਂਦੇ ਕਦੇ ਰਲ਼ ਕੇ ਨਾ ਬਹਿਣ ਦਿਓ। ਚਲੋ ਇਹ ਗੱਲ ਤੇ ਸਮਝ ਲੱਗ ਗਈ ਪਰ ਇਹ ਤਮਾਸ਼ਬੀਂਨ ਕੌਣ ਨੇ ਤੇ ਏਸ ਅਖਾੜੇ ਨੂੰ ਰੋਜ਼ ਭਖਾਉਣ ਲਈ ਕਿਉਂ ਆਉਂਦੇ ਨੇ?
ਅਸਲ ਵਿਚ ਤੇ ਨਫ਼ਰਤ ਦੇ ਏਸ ਅਖਾੜੇ ਦਾ ਪ੍ਰਬੰਧ ਕਰਨ ਵਾਲੀਆਂ ਦੋਨਾਂ ਦੇਸਾਂ ਦੀਆਂ ਸਰਕਾਰਾਂ ਨਹੀਂ ਹਨ ਸਗੋਂ ਇਹੋ ਤਮਾਸ਼ਬੀਨ ਨੇ। ਇਹ ਪੰਜਾਬੀ ਨੇ ਜੋ ਏਸ ਨਫ਼ਰਤ ਰਾਹੀਂ ਅੱਜ ਤੱਕ ਇਕ ਦੂਜੇ ਦੇ ਲੱਖਾਂ ਬੰਦੇ ਮਾਰ ਚੁੱਕੇ ਨੇ, ਇਹ ਲੱਖਾਂ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਚੁੱਕੇ ਨੇ, ਇਨ੍ਹਾਂ ਕਈ ਵਾਰ ਇਕ ਦੂਜੇ ਦੇ ਘਰਾਂ ਨੂੰ ਅੱਗਾਂ ਲਾਈਆਂ। ਇਨ੍ਹਾਂ ਦੁੱਧ ਪੀਂਦੇ ਬਾਲਾਂ ਦੀ ਲੱਤ ਤੇ ਲੱਤ ਰੱਖ ਕੇ ਉਨ੍ਹਾਂ ਨੂੰ ਜੀਂਦਿਆਂ ਚੀਰ ਦਿੱਤਾ। ਇਨ੍ਹਾਂ ਦੇ ਮਾਜ਼ੀ ਨੂੰ ਦੇਖ ਕੇ ਇਨਸਾਨ ਤੇ ਇਨਸਾਨ, ਪਸ਼ੂ ਵੀ ਸ਼ਰਮ ਖਾਂਦੇ ਨੇ। ਮੈਂ ਵੰਡ ਵਿਚ ਹੋਇਆਂ ਖ਼ੂਨ ਖ਼ਰਾਬਿਆਂ ਬਾਰੇ ਅਕਸਰ ਸੋਚਦਾ ਹੁੰਦਾ ਸਾਂ ਕਿ ਇਕ ਪੰਜਾਬੀ ਨੇ ਆਪਣੇ ਗੁਆਂਢੀ ਤੇ ਪੱਗਵੱਟ ਭਰਾ ਨੂੰ ਕਿਵੇਂ ਬਰਛਾ ਮਾਰਿਆ ਹੋਵੇਗਾ। ਅੱਜ ਇਹ ਸੀਨ ਦੇਖ ਕੇ ਮੈਨੂੰ ਲੱਗਾ ਕਿ ਕੱਲ੍ਹ ਦੀ ਗੱਲ ਤੇ ਦੁਰ ਰਹਿ ਗਈ, ਪੰਜਾਬੀ ਤੇ ਅੱਜ ਵੀ ਆਪਣੇ ਪੱਗਵੱਟ ਭਰਾ ਨੂੰ ਬਰਛਾ ਮਾਰ ਸਕਦਾ ਏ। ਅੱਜ ਵੀ ਧੀਆਂ ਭੈਂਣਾਂ ਦੀ ਇੱਜ਼ਤ ਲੁੱਟ ਸਕਦਾ ਏ। ਇਹ ਆਪਣੀ ਧਰਤੀ ਮਾਂ ਪੰਜਾਬ ਦੇ ਕਿੰਨੇ ਟੋਟੇ ਕਰਾ ਚੁੱਕੇ ਨੇ ਤੇ ਹਾਲੇ ਖ਼ੋਰੇ ਕਿੰਨੇ ਟੋਟੇ ਹੋਰ ਕਰਾਉਣੇਗੇ। ਇਹ ਆਪਣੀ ਪਛਾਣ ਗੰਵਾ ਚੁੱਕੇ ਨੇ ਪਰ ਇਨ੍ਹਾਂ ਤੋਂ ਵੱਡਾ ਆਪਣੇ ਆਪ ਦਾ ਤੇ ਆਪਣੀ ਕੌਮ ਦਾ ਦੁਸ਼ਮਣ ਸ਼ਾਇਦ ਈ ਕੋਈ ਹੋਵੇ।
ਗੁਲਸ਼ਨ ਦਿਆਲ ਮੇਰੇ ਨਾਲ਼ ਦੀ ਕੁਰਸੀ ਤੇ ਚੁੱਪ ਤੇ ਉਦਾਸ ਬੈਠੀ ਸੀ ਉਹ ਜਦੋਂ ਦੀ ਲਹਿੰਦੇ ਪੰਜਾਬ ਆਈ ਸੀ ਲੋਕਾਂ ਉਹਨੂੰ ਸਿੱਖ ਹੋਣ ਦੇ ਨਾਤੇ ਕਮਲਿਆਂ ਵਾਂਗ ਪਿਆਰ ਕੀਤਾ ਸੀ। ਭਾਂਵੇਂ ਉਹ ਸਿੱਖ ਸੀ ਪਰ ਅੱਜ ਉਹ ਏਸ ਪਾਸੇ ਬੈਠੀ ਸੀ ਤੇ ਏਸ ਪਾਰੋਂ ਲੀਕ ਦੇ ਦੂਜੇ ਪਾਸੇ ਬੈਠੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਨਫ਼ਰਤ ਦਾ ਨਿਸ਼ਾਨਾ ਉਹ ਵੀ ਸੀ। ਕਿੰਨੀ ਅਜੀਬ ਗੱਲ ਹੋਵੇ ਜੇ ਇਹੋ ਗੁਲਸ਼ਨ ਦਿਆਲ ਕੱਲ੍ਹ ਦੂਜੇ ਪਾਸੇ ਬੈਠ ਕੇ ਏਸ ਪਾਸੇ ਨਫ਼ਰਤ ਦੇ ਝੱਖੜ ਦੇ ਬੁੱਲੇ ਘੱਲੇ ਪਰ ਇਹ ਅਜੀਬ ਗੱਲ ਰੋਜ਼ ਹੁੰਦੀ ਏ। ਗੁਲਸ਼ਨ ਦਿਆਲ ਕੋਈ ਇਕੱਲੀ ਸਿੱਖ ਨਹੀਂ ਏ, ਜੋ ਏਸ ਪਾਸਿਓਂ ਪਿਆਰ ਦਾ ਖ਼ਜ਼ਾਨਾ ਲੈ ਕੇ ਪਰਤੀ ਇਹੋ ਜਿਹੇ ਹੋਰ ਵੀ ਲੱਖਾਂ ਸਿਖ ਤੇ ਹਿੰਦੂ ਨੇ। ਸਿਰਫ਼ ਸਿੱਖ ਈ ਨਹੀਂ ਸਗੋਂ ਲੈਂਹਦੇ ਪੰਜਾਬ ਵਿਚ ਵੀ ਅਜਿਹੇ ਹਜ਼ਾਰਾਂ ਮੁਸਲਮਾਨ ਪੰਜਾਬੀ ਹੋਣਗੇ ਜੋ ਚੜ੍ਹਦੇ ਪੰਜਾਬ ਚੋਂ ਪਿਆਰ ਦੀ ਸੌਗ਼ਾਤ ਲੈ ਕੇ ਮੁੜੇ। ਨਫ਼ਰਤ ਦੇ ਏਸ ਥੇਟਰ ਦੇ ਦੋਨਾਂ ਪਾਸੇ ਅੱਜ ਅਜਿਹੇ ਸਿੱਖ ਹਿੰਦੂ ਤੇ ਮੁਸਲਮਾਨ ਵੀ ਬੈਠੇ ਹੋਣਗੇ ਜੋ ਸਭ ਕੁਝ ਭੁਲ ਕੇ ਨਫ਼ਰਤ ਦੇ ਪੁਜਾਰੀ ਬਣ ਗਏ ਨੇ। ਇਨ੍ਹਾਂ ਨੂੰ ਸ਼ਰਮ ਨਾਲ਼ ਛੂਣੀ (lid) ਵਿਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਏ। ਇਹ ਗਲ ਸੋਚ ਕੇ ਮੈਨੂੰ ਕੁਲਦੀਪ ਨਈਅਰ ਤੇ ਉਹਦੇ ਉਹ ਸਾਥੀ ਯਾਦ ਆਏ ਜੋ ਸਾਲ ਵਿਚ ਇਕ ਵਾਰ ਵਾਹਗੇ ਬਾਡਰ ਤੇ ਬੱਤੀਆਂ ਬਾਲਣ ਆਉਂਦੇ ਨੇ ਤੇ ਹਿੰਦੁਸਤਾਨੀ ਮੀਡੀਆ ਉਨ੍ਹਾਂ ਦੀ ਇਹ ਖ਼ਬਰ ਚਮਕਾ ਕੇ ਲਾਉਂਦਾ ਏ ਫ਼ਿਰ ਪੂਰਾ ਸਾਲ ਚੁੱਪ ਦਾ ਰਾਜ ਹੁੰਦਾ ਏ, ਪਰ ਇਥੇ ਪਿਆਰ ਦੇ ਇਹ ਦੀਵੇ ਬੁਝਾ ਕੇ ਨਫ਼ਰਤ ਦਾ ਹਨੇਰਾ ਸਾਲ ਦੇ ਤਿੰਨ ਸੌ ਪੈਂਠ ਦਿਨ ਖਿਲਾਰਿਆ ਜਾਂਦਾ ਏ। ਕੀ ਕੁਲਦੀਪ ਨਈਅਰ ਤੇ ਉਹਦੇ ਸਾਥੀਆਂ ਨੂੰ ਇਹ ਸਭ ਕੁਝ ਨਜ਼ਰ ਨਹੀਂ ਆਉਂਦਾ? ਕਿੱਥੇ ਗਏ ਨੇ ਉਹ ਰਮੇਸ਼ ਯਾਦਿਓ, ਸੰਧੂ ਤੇ ਉਹਦੇ ਸਾਥੀ ਜੋ ਰਾਜਾ ਪੋਰਸ ਮੇਲ਼ਾ ਲਾਉਂਦੇ ਨੇ? ਕਿੱਥੇ ਗਿਆ ਏ ਜੱਸੋਵਾਲ ਜੋ ਪਿਆਰ ਦੇ ਮੇਲੇ ਲਵਾਉਂਦਾ ਏ? ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਡਰ ਹੋਰ ਦੇਸਾਂ ਨਾਲ਼ ਵੀ ਲਗਦੇ ਨੇ ਪਰ ਕਦੇ ਵੀ ਪਾਕਿਸਤਾਨ ਤੇ ਚੀਨ ਦੇ ਬਾਡਰ, ਪਾਕਿਸਤਾਨ ਤੇ ਈਰਾਨ ਦੇ ਬਾਡਰ ਅਤੇ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਬਾਡਰ ਤੇ ਨਫ਼ਰਤ ਦਾ ਇਹ ਥੇਟਰ ਨਹੀਂ ਲਾਇਆ ਜਾਂਦਾ। ਇਹੋ ਹਾਲ ਹਿੰਦੁਸਤਾਨ ਦਾ ਏ ਭਾਰਤ ਤੇ ਬੰਗਲਾ ਦੇਸ਼ ਦੇ ਬਾਡਰ, ਭਾਰਤ ਤੇ ਨੇਪਾਲ ਦੇ ਬਾਡਰ, ਭਾਰਤ ਤੇ ਬਰਮਾ ਦੇ ਬਾਡਰ ਤੇ ਇਹ ਥੇਟਰ ਨਹੀਂ ਲਗਦਾ। ਭਾਰਤ ਤੇ ਚੀਨ ਭਾਂਵੇਂ ਦੁਸ਼ਮਣ ਦੇਸ ਨੇ ਪਰ ਓਥੇ ਵੀ ਇਹ ਥੇਟਰ ਨਹੀਂ ਲਗਦਾ। ਹੋਰ ਤੇ ਹੋਰ ਪਾਕਿਸਤਾਨ ਤੇ ਭਾਰਤ ਦੇ (ਸਿੰਧ ਤੇ ਰਾਜਸਤਾਨ ਵਾਲੇ) ਬਾਡਰ ਤੇ ਕੋਈ ਸਿੰਧੀ ਤੇ ਰਾਜਸਥਾਨੀ ਨਫ਼ਰਤ ਦੇ ਏਸ ਥੇਟਰ ਦਾ ਤਮਾਸ਼ਬੀਨ ਬਣ ਕੇ ਨਹੀਂ ਆਉਂਦਾ।
ਮੈਂ ਸਾਰੀ ਜ਼ਿੰਦਗੀ ਇੰਟਰਨੈਸ਼ਨਲ ਪੱਖੀ ਵਾਸ ਰਿਹਾ ਆਂ। ਬਾਡਰਾਂ ਤੇ ਝੰਡੇ ਚੜ੍ਹਦੇ ਵੀ ਨੇ ਤੇ ਲੈਂਦੇ ਵੀ ਦੇਖੇ ਨੇ ਪਰ ਮੈਂ ਕਿਸੇ ਹੋਰ ਦੇਸ ਵਿਚ ਇਹ ਥੇਟਰ ਨਹੀਂ ਦੇਖਿਆ, ਹੋਰ ਤੇ ਹੋਰ ਕੋਰੀਆ ਜੋ ਪੰਜਾਬ ਤਰਾਂ ਵੰਡਿਆ ਹੋਇਆ ਏ ਤੇ ਦੱਖਣੀ ਤੇ ਉੱਤਰੀ ਕੋਰੀਆ ਇਕ ਦੂਜੇ ਦੇ ਦੁਸ਼ਮਣ ਵੀ ਨੇ, ਪਰ ਉਨ੍ਹਾਂ ਦੇ ਬਾਡਰ ਤੇ ਇਹੋ ਜਿਹਾ ਕੋਈ ਥੇਟਰ ਨਹੀਂ ਲਗਦਾ। ਕਬਰਸ ਨੂੰ ਇਸਲਾਮ ਤੇ ਈਸਾਈ ਵੰਡ ਰਾਹੀਂ ਵੰਡ ਦਿੱਤਾ ਗਿਆ ਏ ਓਥੇ ਵੀ ਇਹ ਨਹੀਂ ਹੁੰਦਾ। ਜਰਮਨੀ ਨੂੰ ਬਰਲਿਨ ਕੰਧ ਰਾਹੀਂ ਵੰਡ ਦਿੱਤਾ ਗਿਆ ਸੀ ਪਰ ਕੰਧ ਦੇ ਦੋਨਾਂ ਪਾਸੇ ਵਸਦੇ ਜਰਮਨ ਇਕ ਦੂਜੇ ਵੱਲ ਨਫ਼ਰਤ ਨਾਲ਼ ਨਹੀਂ ਸਨ ਦੇਖਦੇ ਸਗੋਂ, ਉਨ੍ਹਾਂ ਦੀਆਂ ਅੱਖਾਂ ਵਿਚ ਵੈਰਾਗ ਤੇ ਤਾਂਘ ਦੇ ਦੀਵੇ ਬਲ ਰਹੇ ਹੁੰਦੇ ਸਨ, ਉਨ੍ਹਾਂ ਦੇ ਇਸੇ ਵੈਰਾਗ ਦੀ ਤਾਕਤ ਨੇ ਬਰਲਿਨ ਦੀ ਕੰਧ ਢਾਅ ਦਿੱਤੀ, ਪਰ ਅਸੀਂ ਪੰਜਾਬੀ ਨਫ਼ਰਤ ਦੇ ਹਨੇਰੀਆਂ ਰਾਹੀਂ ਵਾਹਗੇ ਦੀ ਕੰਧ ਨੂੰ ਰੋਜ਼ ਉੱਚਾ ਤੇ ਪੱਕਾ ਕਰਦੇ ਆਂ। ਪਰੇਡ ਮੁੱਕੀ ਤੇ ਗੁਲਸ਼ਨ ਮੇਰੀ ਮਿੰਨਤ ਕੀਤੀ ਕਿ ਮੈਂ ਏਸ ਪਾਸੇ ਸਭ ਤੋਂ ਵੱਧ ਨਫ਼ਰਤ ਦੀ ਐਕਟਿੰਗ ਕਰਨ ਵਾਲੇ ਸਿਪਾਹੀ ਤੋਂ ਪੁੱਛਾਂ ਕਿ ਇਹ ਸਭ ਕੁਝ ਐਕਟਿੰਗ ਸੀ ਜਾਂ ਹਕੀਕਤ?। ਮੈਂ ਉਹਦੇ ਤੋਂ ਇਹ ਸਵਾਲ ਪੁੱਛਿਆ ਤੇ ਉਹਨੇ ਜਵਾਬ ਦਿੱਤਾ :” ਇਹ ਐਕਟਿੰਗ ਨਹੀਂ ਸਗੋਂ ਈਮਾਨੀ ਕੁੱਵਤ (ਸ਼ਕਤੀ) ਸੀ “। ”ਕੀ ਦੂਜੇ ਪਾਸੇ ਬੈਠੇ ਸਭ ਲੋਕ ਕਾਫ਼ਿਰ ਨੇ?” ਮੈਂ ਦੂਜਾ ਸਵਾਲ ਪੁੱਛਿਆ। ਉਹਨੇ ਹਾਂ ਵਿਚ ਜਵਾਬ ਦਿੱਤਾ ਤੇ ਮੈਂ ਤੀਜਾ ਸਵਾਲ ਕੀਤਾ: ” ਹਿੰਦੁਸਤਾਨ ਵਿਚ ਹਰ ਚੌਥਾ ਬੰਦਾ ਮੁਸਲਮਾਨ ਏ। ਕੀ ਇਨ੍ਹਾਂ ਵਿਚ ਕੋਈ ਵੀ ਮੁਸਲਮਾਨ ਨਹੀਂ?“ “ਨਹੀਂ”, ਉਹਨੇ ਜਵਾਬ ਦਿੱਤਾ। “ਕੀ ਇਹ ਲੋਕ ਇਨਸਾਨ ਨਹੀਂ ਹਨ”? ਮੇਰਾ ਅਗਲਾ ਸਵਾਲ ਸੀ।
ਮੇਰਾ ਇਹ ਸਵਾਲ ਸੁਣ ਕੇ ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚਣ ਲੱਗ ਪਿਆ ਕਿ ਜੇ ਹਿੰਦੁਸਤਾਨ ਦੇ ਅੰਦਰ ਵਸਦਾ ਮੁਸਲਮਾਨ, ਮੁਸਲਮਾਨ ਨਹੀਂ ਏ ਤੇ ਫਿਰ ਕੌਣ ਮੁਸਲਮਾਨ ਏ? ਕੀ ਪਾਕਿਸਤਾਨ ਵਿਚ ਵਸਦੇ ਨਾਮ ਨਿਹਾਦ ਸਾਰੇ ਮੁਸਲਮਾਨ ਨੇ? ਮੈਨੂੰ ਏਸ ਦਾ ਜਵਾਬ ਨਫ਼ੀ ਵਿਚ ਮਿਲਿਆ। ਪਾਕਿਸਤਾਨ ਵਿਚ ਮੁਸਲਮਾਨਾਂ ਦੇ ਬੱਹਤਰ ਫ਼ਿਰਕੇ ਨੇ, ਹਰ ਫ਼ਿਰਕੇ ਲਈ ਬਾਕੀ ਇੱਕਹੱਤਰ ਫ਼ਿਰਕੇ ਮੁਸ਼ਰਿਕ ਤੇ ਕਾਫ਼ਰ ਨੇ ਤੇ ਇਸੇ ਵਜ੍ਹਾ ਤੋਂ ਹਰ ਤੀਜੇ ਦਿਨ ਇਨ੍ਹਾਂ ਵਿਚਕਾਰ ਫ਼ਸਾਦ ਹੁੰਦਾ ਏ ਤੇ ਮੁਸਲਮਾਨਾਂ ਇਕ ਦੂਜੇ ਦਾ ਖ਼ੂਨ ਵਗਾਉਂਦੇ ਨੇ। ਪਾਕਿਸਤਾਨ ਬਣਨ ਮਗਰੋਂ ਅੱਜ ਤੱਕ ਹਿੰਦੁਸਤਾਨ ਵਿਚ ਇਤਨੇ ਫ਼ਸਾਦ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਨਹੀਂ ਹੋਏ, ਜਿਤਨੇ ਪਾਕਿਸਤਾਨ ਵਿਚ ਮੁਸਲਮਾਨਾਂ ਦੇ ਫ਼ਿਰਕਿਆਂ ਵਿਚਕਾਰ ਹੋਏ ਨੇ। ਫਿਰ ਮੁਸਲਮਾਨ ਕੌਣ ਏ?
ਗੱਲ ਸਿਰਫ਼ ਏਸ ਪਾਸੇ ਦੀ ਈ ਨਹੀਂ
ਗ਼ਫ਼ੂਰ ਖੈਹਿਰਾ ਦੀਆਂ ਅੱਖਾਂ ਵਿਚ ਗਲੇਡੂ ਸਨ ਤੇ ਉਹ ਹਸਰਤ ਭਰੀਆਂ ਨਜ਼ਰਾਂ ਨਾਲ਼ ਦੂਜੇ ਪਾਸੇ ਤੱਕਦਾ ਹੋਇਆ ਮਣ ਮਣ ਦੇ ਕਦਮ ਚੁੱਕਦਾ ਹੋਇਆ ਵਾਪਸ ਮੁੜ ਪਿਆ। ਮੈਂ ਬਾਡਰ ਦੀ ਚਿੱਟੀ ਲਕੀਰ ਵੱਲ ਦੇਖਿਆ, ਜੋ ਮੈਨੂੰ ਅੱਗ ਤੇ ਲੋਹੇ ਦੀ ਕੰਧ ਦਿਸੀ, ਜਿਹਨੇ ਇਨਸਾਨਾਂ ਨੂੰ ਇਨਸਾਨਾਂ ਦੀ ਜੂਨ ਚੋਂ ਕੱਢ ਦਿੱਤਾ ਸੀ। ਵਾਪਸੀ ਤੇ ਸਾਰਾ ਰਾਹ ਗ਼ਫ਼ੂਰ ਖੈਹਿਰਾ ਬਾਰ ਬਾਰ ਇਕੋ ਗੱਲ ਕਹਿੰਦਾ ਆਇਆ। ਉਹ ਮੇਰੇ ਨਾਲ਼ ਗੱਲ ਕਰਨਾ ਚਾਹੁੰਦਾ ਸੀ ਪਰ ਉਸ ਫ਼ੌਜੀ ਮੈਨੂੰ ਗੱਲ ਨਾ ਕਰਨ ਦਿੱਤੀ। ਮੈਂ ਗ਼ਫ਼ੂਰ ਨੂੰ ਕਿਵੇਂ ਕਹਿੰਦਾ: ”ਝੱਲਿਆ ! ਤੇਰੀ ਇਥੇ ਗੱਲ ਨਹੀਂ ਸੀ ਹੋਣੀ ਨਫ਼ਰਤ ਦੇ ਏਸ ਥੇਟਰ ਦੀ ਰੀਤ ਰਾਹੀਂ ਇਥੇ ਪਿਆਰ ਦੀ ਬੋਲੀ ਬੋਲਣ ਦੀ ਮਨਾਹੀ ਸੀ ਤੇ ਸਾਰਾ ਚੜ੍ਹਦਾ ਪੰਜਾਬ ਗੂੰਗਾ ਹੋ ਚੁੱਕਿਆ ਸੀ।
ਸੀ ਉਸ ਪਾਸੇ ਵੀ ਪਰੇਡ ਕਰਦਾ ਕੋਈ ਸਿਪਾਹੀ ਨਫ਼ਰਤ ਤੇ ਗ਼ੁੱਸੇ ਨਾਲ਼ ਖੌਲਦਾ ਤੇ ਘੁਰਦਾ, ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਮਲੇਛ ਸਮਝ ਕੇ ਕੱਚਿਆਂ ਖਾ ਜਾਣ ਨੂੰ ਤਿਆਰ ਸੀ। ਇਹ ਗਾਂਧੀ ਦੇ ”ਸ਼ਾਂਤੀ ਤੇ ਪਿਆਰ” ਵਾਲੇ ਦੇਸ ਦਾ ਬੰਦਾ ਏ। ਕੀ ਇਹ ” ਸ਼ਾਂਤੀ ਤੇ ਪਿਆਰ” ਬਾਡਰ ਤੇ ਆ ਕੇ ਆਪਣਾ ਨਾਂ ਬਦਲ ਲੈਂਦੇ ਨੇ? ਏਸ ਦੇਸ ਦਾ ਹਰ ਬੰਦਾ ਸਾਰੀ ਦੁਨੀਆ ਵਿਚ ਲੋਕ ਰਾਜ ਦਾ ਝੰਡਾ ਚੁੱਕੀ ਫਿਰਦਾ ਏ। ਕੀ ਇਹ ਨਫ਼ਰਤ ਦਾ ਲੋਕ ਰਾਜ ਏ? ਕੀ ਭਾਰਤ ਵਿਚ ਵਸਦਾ ਹਿੰਦੂ ਦੂਜੇ ਹਿੰਦੂ ਦਾ ਖ਼ੂਨ ਨਹੀਂ ਕਰਦਾ? ਕੀ ਸਿੱਖ ਧਰਮ ਦੇ ਨਾਂ ਦੂਜੇ ਸਿੱਖ ਦਾ ਗਾਟਾ ਨਹੀਂ ਲਾਹੁੰਦਾ। ਸਵਾਲ ਹੁਣ ਇਹ ਪੈਦਾ ਹੁੰਦਾ ਏ ਕਿ ਪਾਕਿਸਤਾਨ ਤੇ ਭਾਰਤ ਦੇ ਦੂਜੇ ਬਾਡਰਾਂ ਤੇ ਨਫ਼ਰਤ ਦਾ ਇਹ ਥੇਟਰ ਨਹੀਂ ਲਾਇਆ ਜਾਂਦਾ ਤੇ ਫਿਰ ਪੰਜਾਬ ਵਿਚ ਇਹ ਥੇਟਰ ਕਿਉਂ ਲਾਇਆ ਜਾਂਦਾ ਏ? ਇਹਦੀ ਵੱਡੀ ਵਜ੍ਹਾ ”ਪੰਜਾਬੀਆਂ ਨੂੰ ਵੰਡੋ ਤੇ ਦੁਸ਼ਮਣ ਬਣਾ ਕੇ ਇਕ ਦੂਜੇ ਤੋਂ ਦੂਰ ਰੱਖ ਕੇ” ਪੰਜਾਬ ਦੀ ਵੰਡ ਨੂੰ ਪੱਕੀ ਤੇ ਕਾਇਮ ਰੱਖਣਾ ਏ ਤੇ ਏਸ ਲਈ ਪੰਜਾਬੀਆਂ ਵਿਚ ਨਫ਼ਰਤ ਦਾ ਭਾਂਬੜ ਬਲਦੇ ਰਹਿਣਾ ਚਾਹੀਦਾ ਏ। ਉਹ ਆਪਸ ਵਿਚ ਲੜ ਲੜ ਕੇ ਕੇ ਮੁੱਕ ਜਾਵੇ। ਪਰੇਡ ਮੁੱਕੀ ਤੇ ਏਸ ਪਾਸਿਓਂ ਕੁੱਝ ਬੰਦਿਆਂ ਢਿੱਲੇ ਜਿਹੇ ”ਜੀਵੇ ਪਾਕਿਸਤਾਨ” ਤੇ ਦੂਜੇ ਪਾਸਿਓਂ ”ਜੇ ਹਿੰਦ” ਦੇ ਨਾਅਰੇ ਲਾਏ। ਗੁਲਸ਼ਨ ਉੱਠ ਕੇ ਦੂਜੇ ਪਾਸੇ ਦੇ ਲੋਕਾਂ ਲਈ ਹੱਥ ਹਿਲਾਇਆ ਜਿਹਦੇ ਜਵਾਬ ਵਿਚ ਇਕ ਦੋ ਬੰਦਿਆਂ ਹੱਥ ਹਿਲਾਇਆ। ਗ਼ਫ਼ੂਰ ਖੈਹਿਰਾ ਹੌਲੀ ਹੌਲੀ ਖਿਸਕਦਾ ਹੋਇਆ ਲੀਕ ਦੇ ਨੇੜੇ ਜਾ ਪੁੱਜਿਆ ਤੇ ਦੂਜੇ ਪਾਸੇ ਇਕ ਬੰਦੇ ਵੱਲ ਟਿਕਟਿਕੀ ਲਾ ਕੇ ਦੇਖਣ ਲੱਗ ਪਿਆ, ਜਦ ਉਹਦੀਆਂ ਏਸ ਬੰਦੇ ਨਾਲ਼ ਨਜ਼ਰਾਂ ਮਿਲੀਆਂ ਤੇ ਉਹਨੇ ਉਸ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਾਕਿਸਤਾਨੀ ਪਾਸਿਓਂ ਇਕ ਫ਼ੌਜੀ ਆਣ ਕੇ ਉਹਨੂੰ ਰੋਕ ਦਿੱਤਾ। ਮੈਂ ਏਸ ਫ਼ੌਜੀ ਤੋਂ ਪੁੱਛਿਆ: ”ਤੂੰ ਏਸ ਨੂੰ ਗੱਲ ਕਿਉਂ ਨਹੀਂ ਕਰਨ ਦਿੱਤੀ?” “ਉਹ ਏਸ ਗੱਲ ਦਾ ਬੁਰਾ ਮਨਾਉਣਗੇ”। ਉਹਨੇ ਜਵਾਬ ਦਿੱਤਾ। “ਤੈਨੂੰ ਕਿਵੇਂ ਪਤਾ ਏ? ਕੀ ਉਹ ਇਨਸਾਨ ਨਹੀਂ ਹਨ?”। ਮੈਂ ਅਗਲਾ ਸਵਾਲ ਕੀਤਾ। ਮੇਰਾ ਸਵਾਲ ਸੁਣ ਕੇ ਉਹ ਆਸੇ ਪਾਸੇ ਦੇਖਣ ਲੱਗ ਪਿਆ, ਪਰ ਉਹਨੇ ਗ਼ਫ਼ੂਰ ਖੈਹਿਰੇ ਨੂੰ ਫਿਰ ਵੀ ਗੱਲ ਨਾ ਕਰਨ ਦਿੱਤੀ।
ਨੋਟ: ਗੰਡਾ ਸਿੰਘ ਵਾਲਾ ਬਾਡਰ ਤੇ ਗ਼ਫ਼ੂਰ ਖੈਹਿਰਾ ਦੀ ਲੀਕ ਦੇ ਦੂਜੇ ਪਾਸੇ ਪੰਜਾਬੀਆਂ ਨਾਲ਼ ਨਾ ਗੱਲ ਕਰ ਸਕਣ।
ਜਸਟਿਸ Asif Shahkar Syed
#WARAGAINSTWAR

No comments:

Post a Comment