Wednesday, 29 May 2019

ਸ਼ਹੀਦ ਜਸਵੰਤ ਸਿੰਘ ਖਾਲੜਾ


''ਸ਼ਹੀਦ ਜਸਵੰਤ ਸਿੰਘ ਖਾਲੜਾ'', ਦੀ ਸ਼ਹਾਦਤ ਦਾ ''ਅੱਖੀਂ ਡਿੱਠਾ'' ਵੇਰਵਾ - ਕੁਲਦੀਪ ਸਿੰਘ

ਪੰਜਾਬ ਪੁਲਿਸ ਵੱਲੋਂ ਕੋਹ ਕੋਹ ਕੇ ਫਰਜ਼ੀ ਮੁਕਾਬਲਿਆਂ ਚ ਸ਼ਹੀਦ ਕੀਤੇ ਹਜ਼ਾਰਾਂ ਸਿੱਖਾਂ ਚੋਂ 25,000 ਲਾਸ਼ਾਂ ਦਾ ਡਾਟਾ ਲੋਕਾਂ ਸਾਹਮਣੇ ਲਿਆਉਣ ਵਾਲਾ ਤੇ ਕਨੇਡਾ ਦੀ ਸਰਕਾਰ ਤੇ ਲੋਕਾਂ ਤੱਕ ਇਹ ਸੱਚ ਲੈ ਕੇ ਜਾਣ ਵਾਲੇ ਕੌਮੀ ਹੀਰੇ ਨਾਲ ਕੀ ਬੀਤੀ ਜਰੂਰ ਪੜ੍ਹਿਉ
ਸ੍ਰ. ਜਸਵੰਤ ਸਿੰਘ ਖਾਲੜਾ ਨੂੰ ਜਦੋਂ 6 ਸਤੰਬਰ 1995 ਨੂੰ ਘਰੋਂ ਚੁੱਕਿਆ ਗਿਆ ਸੀ ਤਾਂ ਪੰਜਾਬ ਅੰਦਰ ਕੰਮ ਕਰਦੀਆਂ ਲਗਭਗ ਸਾਰੀਆਂ ਹੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹ ਸ਼ੱਕ ਜਾਹਰ ਕੀਤਾ ਸੀ ਕਿ ਸ. ਖਾਲੜੇ ਨੂੰ ਕੇ ਪੀ ਐੱਸ ਗਿੱਲ ਦੀ ਪੁਲਿਸ ਨੇ ਚੁੱਕਿਆ ਹੈ। ਦੂਸਰੇ ਦਿਨ ਹੀ ਇਸ ਕਿਸਮ ਦੇ ਬਿਆਨ ਅਖ਼ਬਾਰਾਂ ਵਿਚ ਛਪ ਗਏ ਸਨ, ਜਿਨ੍ਹਾਂ ‘ਚ ਇਸ ਦੀ ਸਪੱਸ਼ਟ ਤੌਰ ‘ਤੇ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਨਿਸ਼ਾਨੇਦਹੀ ਦਾ ਠੋਸ ਆਧਾਰ ਸੀ। ਕਿਉਂਕਿ ਸ. ਜਸਵੰਤ ਸਿੰਘ ਖਾਲੜਾ ਨੇ 23 ਫਰਵਰੀ 1995 ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਵਿਚ ਸਾਫ ਐਲਾਨ ਕੀਤਾ ਸੀ ਕਿ ‘‘ਜੇਕਰ ਪੰਜਾਬ ਸਰਕਾਰ ਤੇ ਪੁਲਿਸ ਇਹ ਸਮਝਦੀ ਹੈ ਕਿ ਮੈਨੂੰ ਖਤਮ ਕਰਕੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਖੁਰਦ ਬੁਰਦ ਕੀਤਾ ਜਾ ਸਕਦਾ ਹੈ ਤਾਂ ਇਹ ਉਸਦੀ ਗਲਤਫਿਹਿਮੀ ਹੈ। ਕਿਉਂਕਿ ਇਸ ਸੰਬੰਧੀ ਤੱਥ ਦੁਨੀਆਂ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੱਕ ਪੁਹੰਚ ਚੁੱਕੇ ਹਨ।’’ ਇਸੇ ਬਿਆਨ ‘ਚ ਸ. ਖਾਲੜਾ ਨੇ ਇਹ ਇੰਕਸ਼ਾਫ ਵੀ ਕੀਤਾ ਸੀ, “ਕਾਂਗਰਸ ਪਾਰਟੀ ਦੇ ਇਕ ਜਿ਼ੰਮੇਵਾਰ ਐੱਮ ਐੱਲ ਏ ਨੇ 2 ਦਿਨ ਪਹਿਲਾਂ ਮੈਨੂੰ...ਜਾਤੀ ਤੌਰ ‘ਤੇ ਮਿਲ ਕੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਖੁੱਲ੍ਹਣ ਤੋਂ ਬਹੁਤ ਖਫਾ ਹੋਏ ਪਏ ਹਨ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਹ ਪੜਤਾਲ ਅੱਗੇ ਵਧਦੀ ਹੈ ਤਾਂ ਹਰ ਹਾਲਤ ਵਿਚ ਉਹ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਖੁਰਦ ਬੁਰਦ ਕਰਨਗੇ ਅਤੇ ਜਿੱਥੇ 25 ਹਜ਼ਾਰ ਲਾਸ਼ਾਂ ਦੀ ਜਾਂਚ ਹੋਵੇਗੀ, ਉੱਥੇ ਇਕ ਹੋਰ ਵੀ ਝੱਲ ਲੈਣਗੇ। ਐੱਮ ਐੱਲ ਏ ਜਿਸ ਦਾ ਅਜੇ ਮੈਂ ਨਾਂ ਦੱਸਣਾ ਠੀਕ ਨਹੀਂ ਸਮਝਦਾ, ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਇਸ ਕੰਮ ਦੀ ਉਨ੍ਹਾਂ ਨੇ ਸਾਡੀ ਕਾਂਗਰਸ ਸਰਕਾਰ ਤੋਂ ਇਜ਼ਾਜਤ ਵੀ ਲੈ ਲਈ ਹੈ।” ਇਹ ਜੋ ਸ਼ੰਕਾ ਸੀ ਅੱਜ ਉਹ ਸੱਚ ਸਾਬਤ ਹੋ ਚੁੱਕੀ ਹੈ। ਪਰ ਸ. ਖਾਲੜਾ ਨੇ ਆਪਣੀ ਜਿ਼ੰਦਗੀ ਦੀ ਭੀਖ ਮੰਗਣ ਦੀ ਬਜਾਇ ਦ੍ਰਿੜ੍ਹਤਾ ਨਾਲ ਐਲਾਨਿਆ ਸੀ, ‘‘ਮੈਂ ਆਪਣੀ ਜਿ਼ੰਦਗੀ ਦੀ ਰਾਖੀ ਲਈ ਕਿਸੇ ਅਦਾਲਤ ਵਿਚ ਜਾਣ ਦੀ ਥਾਂ ਅਕਾਲ ਪੁਰਖ ਦੇ ਚਰਨਾਂ ਵਿਚ ਅਤੇ ਲੋਕਾਂ ਦੀਆਂ ਬਰੂਹਾਂ ਵਿਚ ਜਾਣ ਨੂੰ ਤਰਜੀਹ ਦੇਵਾਂਗਾ ਅਤੇ ਸਭ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਮੈਨੂੰ ਖਤਮ ਕੀਤਾ ਗਿਆ ਤਾਂ ਕਿਸੇ ਪੁਲਿਸ ਕੈਟ ਜਾਂ ਥਾਣੇਦਾਰ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਬਲਕਿ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਨੂੰ ਇਸਦਾ ਜਿ਼ੰਮੇਵਾਰ ਠਹਿਰਾਇਆ ਜਾਵੇ।’’.
ਸ੍ਰ. ਖਾਲੜਾ ਦੀ ਇਹ ਭਵਿੱਖਬਾਣੀ ਇਨ-ਬਿੰਨ ਸੱਚ ਸਾਬਤ ਹੋਈ। ਬੇਅੰਤ ਸਿੰਘ ਦੇ ਬੰਬ ਧਮਾਕੇ ‘ਚ ਉੱਡਣ ਦੀ ਘਟਨਾ ਦੀ ਆੜ ‘ਚ ਸ. ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਲਿਆ ਗਿਆ ਤੇ ਪੂਰੀ ਕਾਇਰਤਾ ਨਾਲ ਉਸ ਦਰਵੇਸ਼ ਨੂੰ ਕੋਹ-ਕੋਹ ਕੇ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਉਸਨੇ ਇਸ ਹਕੂਮਤ ਤੇ ਖਾਸ ਕਰਕੇ ਪੰਜਾਬ ਪੁਲਿਸ ਦੇ ਜਬਰ ਦਾ ਪਰਦਾਫਾਸ਼ ਕੀਤਾ ਸੀ।.
ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਰਹੇ ਸ. ਜਸਵੰਤ ਸਿੰਘ ਖਾਲੜਾ ਦੀ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ ‘ਚ ਹੋਈ ਹਲਾਕਤ ਦੇ ਇਸ ਚਸ਼ਮਦੀਦ ਕੁਲਦੀਪ ਸਿੰਘ, ਜਿਸ ਦੇ ਜਿ਼ੰਮੇ ਉਸ ਦੇ ਸੰਬੰਧਤ ਅਫ਼ਸਰ ਵਲੋਂ ਸ. ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਟੱਟੀ ਪਿਸ਼ਾਬ ਕਰਾਉਣ ਦਾ ਕੰਮ ਸੌਂਪਿਆ ਗਿਆ ਸੀ, ਨੇ ਦੱਸਿਆ ਹੈ ਕਿ 1994 ਵਿਚ ਉਸ ਨੇ ਐੱਸ ਪੀ ਓ ਵਜੋਂ ਆਪਣੀ ਨੌਕਰੀ ਥਾਣਾ ਸਦਰ ਰੋਪੜ ਵਿਖੇ, ਥਾਣਾ ਸਦਰ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ ਦੇ ਗੰਨਮੈਨ ਵਜੋਂ ਸ਼ੁਰੂ ਕੀਤੀ ਸੀ, ਉਥੋਂ ਉਸ ਨੂੰ ਚਮਕੌਰ ਸਾਹਿਬ ਵਿਖੇ ਬਦਲ ਦਿੱਤਾ ਗਿਆ।
ਜਦੋਂ ਅਜੀਤ ਸਿੰਘ ਸੰਧੂ ਐੱਸ ਐੱਸ ਪੀ ਰੋਪੜ ਤੋਂ ਬਦਲ ਕੇ ਮੁੜ ਐੱਸ ਐੱਸ ਪੀ ਤਰਨਤਾਰਨ ਆਣ ਲੱਗੇ ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਹੀ ਲਿਆਕੇ ਐੱਸ ਪੀ ਓ ਲਾ ਦਿੱਤਾ ਅਤੇ ਉਸ ਦੀ ਤਾਇਨਾਤੀ ਥਾਣਾ ਝਬਾਲ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ (ਜੋ ਸ੍ਰੀ ਸੰਧੂ ਦੇ ਨਾਲ ਹੀ ਉਨ੍ਹਾਂ ਦੀ ਟੀਮ ਦੇ ਮੈਂਬਰ ਵਜੋਂ ਰੋਪੜ ਪੁਲਿਸ ਜਿ਼ਲ੍ਹੇ ‘ਚੋਂ ਬਦਲ ਕੇ ਆਇਆ ਸੀ) ਦੇ ਅੰਗ ਰੱਖਿਅਕ ਵਜੋਂ ਕਰ ਦਿੱਤੀ। ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਇਹ ਅਕਤੂਬਰ 1995 ਦੀ ਗੱਲ ਹੈ ਕਿ ਡਿਊਟੀ ਸੰਭਾਲਣ ਦੇ ਤੀਜੇ ਚੌਥੇ ਦਿਨ ਹੀ ਤੱਤਕਾਲੀ ਐੱਸ ਐੱਸ ਓ ਝਬਾਲ ਸ੍ਰੀ ਸਤਨਾਮ ਸਿੰਘ (ਜੋ ਹੁਣ ਨਕੋਦਰ ਹੈ) ਨੇ ਉਸ ਨੂੰ ਕੋਲ ਬੁਲਾ ਕੇ ਕਿਹਾ ਕਿ ਉਸ ਨੇ ਥਾਣੇ ਦੀ ਹਦੂਦ ਤੋਂ ਬਾਹਰ ਪੈਂਦੀ ਇਕ ਹਨ੍ਹੇਰੀ ਕੋਠੜੀ ‘ਚ ਬੰਦ ਇਕ ਐਸੇ ਬੰਦੇ ਨੂੰ ਰੋਟੀ ਪਾਣੀ ਦੇਣ ਦੀ ਡਿਊਟੀ ਕਰਨੀ ਹੈ, ਜਿਸ ਬਾਰੇ ਉਸ ਨੇ ਭੇਦ ਇਸ ਤਰ੍ਹਾਂ ਗੁਪਤ ਰੱਖਣਾ ਹੈ ਕਿ ਕੰਧਾਂ ਨੂੰ ਵੀ ਇਸ ਦੀ ਭਿਣਕ ਨਹੀਂ ਪੈਣੀ ਚਾਹੀਦੀ। ਐੱਸ ਪੀ ਓ ਦੇ ਦੱਸਣ ਅਨੁਸਾਰ ਆਪਣੇ ਸੰਬੰਧਤ ਪੁਲਿਸ ਅਫ਼ਸਰ ਦੀ ਹਦਾਇਤ ਅਨੁਸਾਰ ਜਦੋਂ ਉਕਤ ਹਨ੍ਹੇਰ ਕੋਠੜੀ ‘ਚ ਬੰਦ ਅਜਨਬੀ ਨੂੰ ਰੋਟੀ ਪਾਣੀ ਦੇਣ ਲਈ ਆਪਣੇ ਅਫ਼ਸਰ ਕੋਲੋਂ ਚਾਬੀ ਲੈ ਕੇ ...ਉਸਨੇ ਕੋਠੜੀ ਨੂੰ ਵੱਜਾ ਜਿੰਦਰਾ ਖੋਲ੍ਹਿਆ ਤਾਂ ਅੰਦਰ ਗੁਲਾਬੀ ਕੁੜਤੇ ਪਜਾਮੇ ‘ਚ ਭੁੰਜੇ ਅਧਮੋਇਆਂ ਵਾਂਗ ਲੇਟੇ ਇਸ ਵਿਅਕਤੀ ਨੇ ਉਸ ਵਲੋਂ ਪੁੱਛੇ ਪ੍ਰਸ਼ਨਾਂ ਦੇ ਜੁਆਬ ਵਿਚ ਆਪਣਾ ਨਾਂ ਜਸਵੰਤ ਸਿੰਘ, ਪਿੰਡ ਖਾਲੜਾ ਆਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਦੱਸਿਆ। ਉਕਤ ਐੱਸ ਪੀ ਓ ਨੇ ਦੱਸਿਆ ਕਿ ਉਸ ਵਲੋਂ ਸ੍ਰੀ ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਹਾਜ਼ਤ ਸਮੇਂ ਉਸ ਨੂੰ ਟੱਟੀ ਪਿਸ਼ਾਬ ਕਰਾਉਣ ਆਦਿ ਦਾ ਸਿਲਸਿਲਾ ਇਸੇ ਤਰਾਂ ਤਿੰਨ-ਚਾਰ ਦਿਨ ਹੋਰ ਚਲਦਾ ਰਿਹਾ
"ਇਕ ਦਿਨ ਸ਼ਾਮੀਂ 7 ਵਜੇ ਇਕ ਮਾਰੂਤੀ ਕਾਰ ਝਬਾਲ ਥਾਣੇ ਵਿਚ ਆ ਕੇ ਰੁਕੀ, ਜਿਸ ਵਿਚੋਂ ਉਸ ਵੇਲੇ ਦੇ ਐੱਸ ਐੱਸ ਪੀ ਤਰਨ ਤਾਰਨ ਸ੍ਰੀ ਅਜੀਤ ਸਿੰਘ ਸੰਧੂ, ਉਸ ਵੇਲੇ ਦੇ ਡੀ ਐੱਸ ਪੀ ਸ੍ਰੀ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਅਰਵਿੰਦਰ ਸਿੰਘ ਹੇਠਾਂ ਉਤਰੇ। ਉਸ ਨੇ ਅੱਗੇ ਦੱਸਿਆ ਕਿ ਇਸ ਦੇ ਮਗਰੇ ਹੀ ਇਕ ਹੋਰ ਮਾਰੂਤੀ ਕਾਰ ਥਾਣੇ ਪੁੱਜੀ, ਜਿਸ ਵਿਚ ਤਤਕਾਲੀ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ, ਐੱਸ ਐੱਚ ਓ ਮਾਨੋਚਾਹਲ, ਜਸਬੀਰ ਸਿੰਘ ਅਤੇ ਹੌਲਦਾਰ ਪ੍ਰਿਥੀਪਾਲ ਸਿੰਘ ਬਾਹਰ ਨਿਕਲੇ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਪਿਛੋਂ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਜੋ ਕਿ ਹਾਲ ਹੀ ਵਿਚ ਮਹਿਲ ਕਲਾਂ (ਪੁਲਿਸ ਜਿ਼ਲ੍ਹਾ ਬਰਨਾਲਾ) ਵਿਖੇ ਤਾਇਨਾਤੀ ਸਮੇਂ ਕਿਸੇ ਕੇਸ ਵਿਚ ਮੁਅੱਤਲ ਹੋਏ ਹਨ, ਨੇ ਉਸ ਨੂੰ ਕੋਠੜੀ ਦੀ ਚਾਬੀ ਲੈ ਕੇ ਆਉਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਉਪਰੰਤ ਸ੍ਰੀ ਸੰਧੂ ਸਮੇਤ ਇਹ ਸਾਰੇ ਅਫ਼ਸਰ ਅਤੇ ਪੁਲਿਸ ਕਰਮੀ ਉਸ ਕੋਠੜੀ ਵਿਚ ਵੜ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਇਸ ਪਿਛੋਂ ਸ੍ਰੀ ਅਜੀਤ ਸਿੰਘ ਨੇ ਇਹ ਕਹਿੰਦਿਆਂ ਕਿ ‘ਤੂੰ ਸਾਡੇ ਖਿਲਾਫ ਬੜੇ ‘ਐਫੀਡੇਵਿਟ’ ਇਕੱਠੇ ਕਰਦਾ ਫਿਰਦਾ ਹੈਂ, ਤੈਨੂੰ ਸੈਆਂ ਵੇਰ ਵਰਜਿਆ ਹੈ ਪਰ ਤੂੰ ਫਿਰ ਵੀ ਬੰਦੇ ਦਾ ਪੁੱਤ ਨਹੀਂ ਬਣਿਆ’ ਤੇ ਉਹ ਨੇ ਪੁਲਿਸ ਕਰਮੀਆਂ ਨੂੰ ਸ. ਖਾਲੜਾ ਦੇ ਦੋਵੇਂ ਹੱਥ ਪਿੱਛੇ ਬੰਨ੍ਹ ਕੇ ਉਸ ਨੂੰ ਅਲਫ ਨੰਗਾ ਕਰਕੇ ਲਟਕਾਉਣ ਦਾ ਹੁਕਮ ਦਿੰਦਿਆਂ, ਖਾਲੜਾ ਦੇ ਸਿਰ ਦੇ ਵਾਲਾਂ ਨੂੰ ਫੜਕੇ ਕਮਰੇ ‘ਚ ਘਸੀਟਣਾ ਸ਼ੁਰੂ ਕਰ ਦਿੱਤਾ। ਕੁਲਦੀਪ ਸਿੰਘ ਅਨੁਸਾਰ ਇਸ ਮੌਕੇ ਪੁਲਿਸ ਮਾਰ ਨਾਲ ਬਹੁੜੀ ਪਾਉਂਦੇ ਅਤੇ ਡਾਡਾਂ ਮਾਰਦੇ ਸ. ਖਾਲੜਾ ਦੇ ਪੱਟਾਂ ‘ਤੇ ਕੋਈ ਅੱਧਾ ਘੰਟਾ ਲੂਣ ਘੋਟਣਾ ਫੇਰਨ ਦੀ ਜ਼ਹਿਮਤ ਦੇਣੀ ਵੀ ਸ੍ਰੀ ਸੰਧੂ ਨੇ ਕਿਸੇ ਹੋਰ ਨੂੰ ਗਵਾਰਾ ਨਾ ਸਮਝੀ ਅਤੇ ਉਹ ਖੁਦ ਸ੍ਰੀ ਖਾਲੜਾ ਦੇ ਪੱਟਾਂ ‘ਤੇ ਲੂਣ ਘੋਟਣਾ ਫੇਰਨ ਲਈ ਚੜ੍ਹਦੇ ਰਹੇ।
ਉਸ ਨੇ ਦੱਸਿਆ ਕਿ ਅੱਧੇ ਘੰਟੇ ਦੇ ਇਸ ਘੋਰ ਤਸ਼ੱਦਦ ਪਿੱਛੋਂ ਸ. ਖਾਲੜਾ ਨੂੰ ਨੀਮ ਬੇਹੋਸ਼ੀ ਦੀ ਹਾਲਤ ‘ਚ ਲੀੜੇ ਪਾ ਕੇ ਬਿਠਾ ਦਿਤਾ ਅਤੇ ਉਸ ਨੂੰ ਕੋਸਾ ਪਾਣੀ ਪਿਆਉਣ ਪਿੱਛੋਂ ਰਾਤੀਂ 9 ਵਜੇ ਦੇ ਕਰੀਬ ਸ੍ਰੀ ਸੰਧੂ ਸਮੇਤ ਸਾਰੇ ਪੁਲਿਸ ਕਰਮੀ ਚਲੇ ਗਏ।
ਐੱਸ ਪੀ ਓ ਕੁਲਦੀਪ ਸਿੰਘ ਨੇ ਇਹ ਅਹਿਮ ਇੰਕਸ਼ਾਫ ਕੀਤਾ ਕਿ ਸ. ਖਾਲੜਾ ਨੂੰ 27-28 ਅਕਤੂਬਰ ਦੇ ਆਸ-ਪਾਸ ਗੋਲੀ ਨਾਲ ਹਲਾਕ ਕਰਨ ਅਤੇ ਇਸ ਪਿਛੋਂ ਹਰੀਕੇ ਪੱਤਣ ਦਰਿਆ ‘ਚ ਰੋੜਨ ਤੋਂ ਚੰਦ ਦਿਨ ਪਹਿਲਾਂ ਸ. ਖਾਲੜਾ ਨੂੰ ਇਕ ਰਾਤ ਪਿੰਡ ਮਾਨਾਂਵਾਲਾ ਸਥਿਤ ਸ੍ਰੀ ਅਜੀਤ ਸਿੰਘ ਸੰਧੂ ਦੀ ਰਿਹਾਇਸ਼ਗਾਹ ‘ਤੇ ਵੀ ਲਿਜਾਇਆ ਗਿਆ। ਉਸ ਦੇ ਦੱਸਣ ਅਨੁਸਾਰ ਝਬਾਲ ਦੇ ਉਸ ਸਮੇਂ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ ਦੇ ਆਦੇਸ਼ ‘ਤੇ ਉਸ ਨੇ ਸ. ਖਾਲੜਾ ਨੂੰ ਡੌਲਿਆਂ ਤੋਂ ਪਕੜਦਿਆਂ ਸਹਾਰਾ ਦੇ ਕੇ ਉਸਦੀ ਮਾਰੂਤੀ ਕਾਰ ਦੀ ਪਿਛਲੀ ਸੀਟ ‘ਤੇ ਬਿਠਾਇਆ। ਉਸਨੇ ਦੱਸਿਆ ਕਿ ਸ. ਖਾਲੜਾ ਨੂੰ ਮਾਨਾਂਵਾਲਾ ਲਿਜਾਣ ਵਾਲੀ ਇਸ ਕਾਰ ਨੂੰ ਖੁਦ ਸਤਨਾਮ ਸਿੰਘ ਨੇ ਚਲਾਇਆ। ਜਦੋਂਕਿ ਕਾਰ ਦੀ ਪਿਛਲੀ ਸੀਟ ‘ਤੇ ਉਹ (ਕੁਲਦੀਪ ਸਿੰਘ) ਸ. ਖਾਲੜਾ ਨੂੰ ਢੋਈ ਦੇ ਕੇ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਮਾਨਾਂਵਾਲੇ, ਅਜੀਤ ਸਿੰਘ ਸੰਧੂ ਦੀ ਕੋਠੀ ਦੇ ...ਮੂਹਰੇ ਜਾ ਕੇ ਸਤਨਾਮ ਸਿੰਘ ਕਾਰ ਰੋਕ ਕੇ ਸ੍ਰੀ ਸੰਧੂ ਨੂੰ ਮਿਲਣ ਅੰਦਰ ਗਿਆ ਅਤੇ ਬਾਅਦ ਵਿਚ ਸ. ਖਾਲੜਾ ਨੂੰ ਸ੍ਰੀ ਸੰਧੂ ਦੇ ਆਦੇਸ਼ ‘ਤੇ ਕੋਠੀ ਦੇ ਇਕ ਵੱਡੇ ਕਮਰੇ ਵਿਚ ਲਿਜਾ ਕੇ ਉਸ ਨੇ ਅਤੇ ਸਤਨਾਮ ਸਿੰਘ ਨੇ ਕੁਰਸੀ ‘ਤੇ ਬਿਠਾਇਆ ਅਤੇ ਬਾਅਦ ਵਿਚ ਸਤਨਾਮ ਸਿੰਘ ਨੇ ਉਸ ਨੂੰ ਬਾਹਰ ਲਾਅਨ ਵਿਚ ਜਾ ਕੇ ਬੈਠਣ ਅਤੇ ਉਡੀਕ ਕਰਨ ਲਈ ਕਿਹਾ। ਉਸਨੇ ਦੱਸਿਆ ਕਿ ਏਨੇ ਨੂੰ ਟੂ-ਟੂ ਕਰਦੀਆਂ ਗੱਡੀਆਂ ਦੀ ਇਕ ਆਵਾਜ਼ ਕੋਠੀ ਦੇ ਅੱਗੇ ਆ ਕੇ ਸ਼ਾਂਤ ਹੋ ਗਈ ਅਤੇ ਇਕ ਕਾਰ ਵਿਚੋਂ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਸ੍ਰੀ ਕੇ ਪੀ ਐੱਸ ਗਿੱਲ ਅਤੇ ਉਨ੍ਹਾਂ ਨਾਲ ਇਕ ਕਲੀਨ ਸ਼ੇਵ ਪੁਲਿਸ ਅਫ਼ਸਰ, ਸ੍ਰੀ ਸੰਧੂ ਦੀ ਕੋਠੀ ਅੰਦਰ ਗਏ ਅਤੇ ਕੋਈ ਅੱਧਾ ਘੰਟਾ ਸ. ਖਾਲੜਾ ਨੂੰ ਮੂਹਰੇ ਬਿਠਾ ਕੇ ਗੱਲਬਾਤ ਕਰਨ ਬਾਅਦ ਸ੍ਰੀ ਗਿੱਲ ਆਪਣੇ ਨਾਲ ਆਏ ਪੁਲਿਸ ਅਫ਼ਸਰ ਅਤੇ ਐੱਸ ਐੱਸ ਪੀ ਤਰਨਤਾਰਨ ਰਹੇ ਸ੍ਰੀ ਅਜੀਤ ਸਿੰਘ ਸੰਧੂ ਨਾਲ ਉਥੋਂ ਚਲੇ ਗਏ। ਜਦਕਿ ਸਤਨਾਮ ਸਿੰਘ ਅਤੇ ਉਹ ਸ. ਖਾਲੜਾ ਨੂੰ ਲੈ ਕੇ ਵਾਪਸ ਝਬਾਲ ਆ ਗਏ। ਉਸ ਨੇ ਦੱਸਿਆ ਕਿ ਰਸਤੇ ਵਿਚ ਐੱਸ ਐੱਚ ਓ ਸਤਨਾਮ ਸਿੰਘ ਇਹ ਕਹਿੰਦਾ ਰਿਹਾ ਕਿ ‘‘ਜੇਕਰ ਖਾਲੜਾ ਤੂੰ ਗਿੱਲ ਸਾਹਬ ਦਾ ਕਿਹਾ ਮੰਨ ਲੈਂਦਾ ਤਾਂ ਅਸੀਂ ਵੀ ਬਚ ਜਾਂਦੇ ਤੇ ਤੂੰ ਵੀ ਬਚ ਜਾਣਾ ਸੀ। ਸੁਪਰੀਮ ਕੋਰਟ ‘ਚ ਲਵਾਰਸ ਲਾਸ਼ਾਂ ਦੀ ਰਿੱਟ ਤੋਂ ਭਲਾ ਤੈਨੂੰ ਕੀ ਕੋਹਿਨੂਰ ਮਿਲੂ।’’ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸ. ਖਾਲੜਾ ਸਰੀਰਕ ਤੌਰ ‘ਤੇ ਅਤਿ ਜ਼ਰਜ਼ਰ ਹਾਲਾਤ ‘ਚ ਹੁੰਦਿਆਂ ਵੀ ‘ਸਭ ਕੁਝ ਭਾਣੇ ‘ਚ ਹੀ ਹੈ’ ਦੇ ਆਤਮਿਕ ਬੁਲੰਦੀ ਭਰੇ ਲਫਜ਼ ਹੀ ਕਹਿੰਦਾ ਰਿਹਾ।
ਕੁਲਦੀਪ ਸਿੰਘ ਨੇ ਖਾਲੜਾ ਦੀ ਹਲਾਕਤ ਵੇਲੇ ਦਾ ਦ੍ਰਿਸ਼ ਵਰਨਣ ਕਰਦਿਆਂ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਤੋਂ ਤਿੰਨ-ਚਾਰ ਦਿਨ ਬਾਅਦ ਸ਼ਾਮੀਂ 7.30 ਵਜੇ ਡੀ ਐੱਸ ਪੀ ਜਸਪਾਲ ਸਿੰਘ ਆਪਣੇ ਗੰਨਮੈਨ ਅਰਵਿੰਦਰ ਸਿੰਘ ਸਮੇਤ ਥਾਣਾ ਝਬਾਲ ਆਏ ਅਤੇ ਉਨ੍ਹਾ ਦੇ ਮਗਰ-ਮਗਰ ਹੀ ਕਾਰ ਰਾਹੀਂ ਜਸਬੀਰ ਸਿੰਘ ਐੱਸ ਐਚ ਓ ਮਾਨੋਚਾਹਲ, ਸੁਰਿੰਦਰ ਪਾਲ ਸਿੰਘ ਐੱਸ ਐੱਚ ਓ ਸਰਹਾਲੀ ਅਤੇ ਪ੍ਰਿਥੀਪਾਲ ਸਿੰਘ ਹੌਲਦਾਰ ਵੀ ਉਥੇ ਆ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸੁਰਿੰਦਰਪਾਲ ਸਿੰਘ ਦਾ ਗੰਨਮੈਨ ਬਲਵਿੰਦਰ ਸਿੰਘ ਘੋੜਾ ਵੀ ਉਨ੍ਹਾਂ ਦੇ ਨਾਲ ਹੀ ਸੀ। ਉਸ ਨੇ ਦੱਸਿਆ ਕਿ ਇਸ ਪਿਛੋਂ ਉਹ ਚਾਬੀ ਲੈ ਕੇ ਕੋਠੜੀ ਦਾ ਦਰਵਾਜ਼ਾ ਖੋਲ੍ਹ ਕੇ ਕੋਠੜੀ ‘ਚ ਜਾ ਵੜੇ ਅਤੇ ਮੈਨੂੰ ਉਨ੍ਹਾਂ ਨੇ ਗਰਮ ਪਾਣੀ ਕਰਕੇ ਲਿਆਉਣ ਲਈ ਕਿਹਾ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਥੋੜ੍ਹਾ ਚਿਰ ਬਾਅਦ ਹੀ ਸ. ਖਾਲੜਾ ਦੀ ਮਾਰਕੁੱਟ ਪਿੱਛੋਂ ਉਸ ਨੇ ਪਿਸਤੌਲ ਦੇ ਦੋ ਫਾਇਰਾਂ ਦੀ ਆਵਾਜ਼ ਸੁਣੀ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਰਮ ਪਾਣੀ ਛੱਡ ਕੇ ਅਸਾਲਟ ਚੁੱਕੀ ਬਾਹਰ ਆਇਆ ਤਾਂ ਬਲਵਿੰਦਰ ਸਿੰਘ ਘੋੜਾ ਮਾਰੂਤੀ ਵੈਨ ਦੀ ਡਿੱਕੀ ਖੋਲ੍ਹ ਰਿਹਾ ਸੀ। ਡਿੱਕੀ ਖੋਲ੍ਹਣ ਪਿਛੋਂ ਬਲਵਿੰਦਰ ਘੋੜਾ ਅਤੇ ...ਅਰਵਿੰਦਰ ਸਿੰਘ ਦੋਵਾਂ ਪੁਲਿਸ ਅਧਿਕਾਰੀਆਂ ਦੇ ਅੰਗ ਰੱਖਿਅਕਾਂ ਨੇ ਸ. ਖਾਲੜਾ ਦੀ ਖੂਨ ‘ਚ ਲੱਥਪੱਥ ਮ੍ਰਿਤਕ ਦੇਹ ਕੋਠੜੀ ‘ਚੋਂ ਕੱਢ ਕੇ ਲਿਆਂਦੀ ਤੇ ਭੂਆਂ ਕੇ ਡਿੱਕੀ ‘ਚ ਸੁੱਟਦਿਆਂ ਕਾਰ ਦੀ ਡਿੱਕੀ ਬੰਦ ਕਰ ਦਿੱਤੀ।
"ਉਸ ਨੇ ਦੱਸਿਆ ਕਿ ਹਰੀਕੇ ਪੱਤਣ ਦੀਆਂ ਭੁੱਖੀਆਂ ਮੱਛੀਆਂ ਦੀ ਖੁਰਾਕ ਬਣਨ ਲਈ ਲਿਜਾਈ ਜਾ ਰਹੀ ਸ. ਖਾਲੜਾ ਦੀ ਲਾਸ਼ ਵਾਲੀ ਵੈਨ ਨੂੰ ਬਲਵਿੰਦਰ ਸਿੰਘ ਘੋੜਾ ਚਲਾ ਰਿਹਾ ਸੀ, ਜਦਕਿ ਪ੍ਰਿਥੀਪਾਲ ਸਿੰਘ ਅਤੇ ਅਰਵਿੰਦਰ ਸਿੰਘ ਵੀ ਉਸ ਵਿਚ ਬੈਠੇ ਹੋਏ ਸਨ। ਉਸ ਨੇ ਦੱਸਿਆ ਕਿ ਇਸ ਪਿਛੋਂ ਆ ਰਹੀ ਮਾਰੂਤੀ ਕਾਰ ਵਿਚ ਡੀ ਐੱਸ ਪੀ ਜਸਪਾਲ ਸਿੰਘ ਅਤੇ ਜਸਬੀਰ ਸਿੰਘ (ਉਸ ਵੇਲੇ ਐੱਸ ਐੱਚ ਓ ਮਾਨੋਚਾਹਲ) ਸਵਾਰ ਸਨ ਅਤੇ ਇਸ ਪਿਛੋਂ ਤੀਸਰੀ ਮਾਰੂਤੀ ਕਾਰ ਵਿਚ ਉਹ ਐੱਸ ਐੱਚ ਓ ਝਬਾਲ ਸ੍ਰੀ ਸਤਨਾਮ ਸਿੰਘ ਅਤੇ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਨਾਲ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਹਰੀਕੇ ਪੱਤਣ ਲੰਘਕੇ ਜਿੱਥੇ ਦੋ ਨਹਿਰਾਂ ਲੰਘਦੀਆਂ ਹਨ, ਵਿਖੇ ਰਾਤੀਂ 10 ਵਜੇ ਦੇ ਕਰੀਬ ਪੁੱਜਕੇ ਅਰਵਿੰਦਰ ਸਿੰਘ ਤੇ ਬਲਵਿੰਦਰ ਘੋੜੇ ਨੇ ਲਾਸ਼ ਨਹਿਰ ‘ਚ ਸੁੱਟ ਦਿਤੀ। ਧੜੰਮ ਦੀ ਅਵਾਜ਼ ਨਾਲ ਲਾਸ਼ ਪਾਣੀਆਂ ਦੇ ਬਿਲੇ ਲੱਗਦਿਆਂ ਹੀ ਇਕੇਰਾਂ ਤੇ ਜਿਵੇਂ ਉਸ ਨੂੰ ਖੜੇ ਖੜੋਤੇ ਸਕਤਾ ਜਿਹਾ ਮਾਰ ਗਿਆ ਅਤੇ ਪਿਛੋਂ ਉਹ ਸਾਰੇ ਹਰੀਕੇ ਰੈੱਸਟ ਹਾਊਸ ਵਿਚ ਆ ਗਏ। ਜਿੱਥੇ ਬਲਵਿੰਦਰ ਘੋੜਾ, ਪ੍ਰਿਥੀਪਾਲ, ਅਰਵਿੰਦਰ ਸਿੰਘ ਅਤੇ ਉਸ ਲਈ ਜੀਭ ਦੀ ਤਰਾਵਟ ਵਾਸਤੇ ਪੁਲਿਸ ਅਫ਼ਸਰਾਂ ਨੇ ਦੋ ਵਧੀਆ ਸ਼ਰਾਬ ਦੀਆਂ ਬੋਤਲਾਂ ਭੇਜੀਆਂ ਅਤੇ ਖੁਦ ਉਹ ਰੈੱਸਟ ਹਾਊਸ ਦੇ ਬੰਗਲੇ ‘ਚ ਅਨੰਦ ਮੰਗਲ ਮਾਣਦੇ ਰਹੇ। ਐੱਸ ਪੀ ਓ ਦੇ ਦੱਸਣ ਅਨੁਸਾਰ ਉਹ ਰਾਤੀਂ 12 ਵਜੇ ਤੋਂ ਬਾਅਦ ਉਸ ਦਿਨ ਮਾਰੂਤੀ ਕਾਰ ‘ਤੇ ਥਾਣਾ ਝਬਾਲ ਆ ਕੇ ਵੜੇ। ਇਸ ਵਾਰਦਾਤ ਦੇ ਚਾਰ ਦਿਨ ਪਿਛੋਂ ਸ੍ਰੀ ਅਜੀਤ ਸਿੰਘ ਸੰਧੂ ਨੇ ਉਸ ਨੂੰ ਸੱਦਿਆ ਅਤੇ ਉਸ ਨੂੰ ਇਹ ਕਿਹਾ ਕਿ ‘ਜੋ ਕੁਝ ਵੀ ਕਾਕਾ ਤੂੰ ਉਸ ਦਿਨ ਵੇਖਿਆ ਹੈ, ਉਸਨੂੰ ਸੁਪਨੇ ਵਾਂਗ ਭੁੱਲ ਜਾਹ…. ਇਹਦੇ ‘ਚ ਹੀ ਤੇਰੀ ਜਿ਼ੰਦਗੀ ਦੀ ਬਿਹਤਰੀ ਛੁਪੀ ਹੈ… ਤੂੰ ਫਿਕਰ ਨਾ ਕਰੀਂ ਅਡੀਸ਼ਨਲ ਡੀ ਜੀ ਪੀ ਨੂੰ ਕਹਿ ਕੇ ਤੈਨੂੰ ਪੀ ਏ ਪੀ ਦਾ ਨੰਬਰ ਤਾਂ ਦੁਆ ਹੀ ਦਿਆਂਗੇ।’ ਪਿਛੋਂ ਕਾਂਸਟੇਬਲ ਦੇ ਨੰਬਰ ਦੀ ਮੰਗ ਕਰਨ ‘ਤੇ ਸਤਨਾਮ ਸਿੰਘ ਨੇ ਕਿਹਾ ਕਿ ਤੇਰੇ ਵਰਗੇ ਵੀਹ ਐੱਸ ਪੀ ਓ ਤੁਰੇ ਫਿਰਦੇ ਹਨ।

Saturday, 18 May 2019

ਡਾਕਟਰ ਧਰਮਵੀਰ ਗਾਂਧੀ


ਡਾਕਟਰ ਧਰਮਵੀਰ ਗਾਂਧੀ 



ਡਾਕਟਰ ਧਰਮਵੀਰ ਗਾਂਧੀ ਨੂੰ ਮੈਂ ਉਦੋਂ ਤੋਂ ਜਾਣਦਾ ਜਦੋਂ ਤੋਂ ਮੈਨੂੰ ਸੁਰਤ ਤੇ ਸਮਾਜਿਕ ਸੋਝੀ ਆਉਣ ਲੱਗੀ ਸੀ। ਉਹ ਮੇਰੀ ਮਾਂ ਦਾ ਵੀ ਸਤਿਕਾਰਤ ਸੀ , ਪਿਓ ਦਾ ਵੀ , ਮੇਰੇ ਚਾਚੇ ਤਾਇਆ , ਸਾਡੇ ਘਰ ਕੰਮ ਕਰਨ ਵਾਲ਼ਿਆਂ ਸਮੇਤ ਮੇਰੇ ਦੁਆਲੇ ਕਹਿ ਲਉ ਸਮੁੱਚੀ ਕਾਇਨਾਤ ਦਾ ਸਤਿਕਾਰਤ ਹੋਣ ਦੇ ਨਾਲ ਨਾਲ ਆਪਣਾ ਵੀ ਸੀ ਤੇ ਹੈ। ਉਸਨੂੰ ਸਭ ਪਸੰਦ ਕਰਦੇ ਆਏ ਹਨ । (ਡਾਕਟਰ ਧਰਮਵੀਰ ਗਾਂਧੀ ਪਿੰਡ ਬਿਲਾਸਪੁਰ (ਮੋਗਾ) ਦਸ ਸਾਲ ਮੈਡੀਕਲ ਅਫਸਰ ਰਹੇ , ਚਾਲੀ ਸਾਲ ਚ’ ਦਰਜਨਾਂ ਡਾਕਟਰ ਆਏ ਪਰ ਡਾਕਟਰ ਗਾਂਧੀ ਪਿੰਡ ਆਇਆ ਹੀ ਸਾਡਾ ਆਪਣਾ ਬਣਨ ਸੀ ) ਸਾਡੇ ਪਿੰਡ ਚ’ ਸਾਡੇ ਆਪਣੇ ਸਿਆਸੀ ਟਕਰਾਅ ਸਨ , ਅਸੀਂ ਸਥਾਨਿਕ ਚੋਣਾਂ ਚ’ ਇੱਕ ਦੂਸਰੇ ਖ਼ਿਲਾਫ਼ ਲੜਦੇ ਤੇ ਭਾਗ ਲੈਂਦੇ ਸੀ । ਪਰ ਸਾਡੇ ਸਭ ਦੀਆਂ ਚਾਰ ਚੀਜ਼ਾਂ ਸਾਡੇ ਪਿੰਡ ਸਦਾ ਸਾਂਝੀਆਂ ਰਹੀਆ , ਸਕੂਲ , ਗੁਰੂ ਘਰ , ਸ਼ਮਸ਼ਾਨ ਘਾਟ ਤੇ ਡਾਕਟਰ ਗਾਂਧੀ ,,, ਇਹੀ ਕਾਰਨ ਸੀ ਮੈਂ ਮਨ ਹੀ ਮਨ ਡਾਕਟਰ ਗਾਂਧੀ ਨੂੰ ਆਪਣਾ ਆਦਰਸ਼ ਮੰਨਣ ਲੱਗਿਆ । ਜਦੋਂ ਥੋੜਾ ਵੱਡਾ ਹੋਇਆਂ ਤਾਂ ਸੋਚਣ ਵੀ ਲੱਗਾ ਕਿ ਡਾਕਟਰ ਸਾਬ ਵਰਗਾ ਬਣਨਾ ,,, ਫਿਰ ਪਤਾ ਲੱਗਾ ਕਿ ਡਾਕਟਰ ਤਾਂ ਸਾਹਿਤ ਤੇ ਕੌਮਾਂਤਰੀ ਬਰਾਬਰੀ ਦੀ ਸਿਆਸਤ ਪੜਕੇ ਇਹੋ ਜਾ ਬਣਿਆ । ਮੈਂ ਉਹਦੇ ਵਰਗਾ ਬਣਨ ਲਈ ਉਹ ਸਭ ਪੜਨ ਲੱਗਾ ,,, ਤਾਂ ਮੈਨੂੰ ਵਰਤਾਰਿਆਂ ਦੀ ਕੁੱਝ ਕੁੱਝ ਸਮਝ ਵੀ ਆਉਣ ਲੱਗੀ । ਮੈਂ ਪਟਿਆਲ਼ੇ ਯੂਨੀਵਰਸਿਟੀ ਜਦੋਂ ਦਾਖਲਾ ਲਿਆ ਤਾਂ ਉਸਦੇ ਆਭਾ ਮੰਡਲ ਚ’ ਵਿਚਰਣ ਵੀ ਲੱਗਾ । ਹੱਕ ਹਕੂਕ ਦੀਆਂ ਲੜਾਈਆਂ ਚ’ ਥੋੜਾ ਬਹੁਤ ਹਿੱਸਾ ਵੀ ਲੈਣ ਲੱਗਾ । ਪਰ ਡਾਕਟਰ ਧਰਮਵੀਰ ਗਾਂਧੀ ਵਰਗਾ ਨਹੀਂ ਬਣ ਪਾਇਆ । ਉਸਦੀ ਊਰਜਾ ਦ੍ਰਿੜ੍ਹਤਾ ਜਿੱਥੇ ਸ਼ੁਰੂ ਹੁੰਦੀ ਮੇਰੀ ਜਾਂ ਮੇਰੇ ਵਰਗਿਆ ਦੀ ਮੁੱਕਣ ਲੱਗਦੀ । ਉਸਦੀ ਜ਼ਿਦ ਉਸਦੇ ਅੰਦਰਲੇ ਸੱਚ ਵਿੱਚੋਂ ਪਰਚੰਡ ਹੁੰਦੀ । ਸਾਡੀ ਜ਼ਿਦ ਵਿੱਚ ਸਾਡਾ ਪਰਿਵਾਰ ਤੇ ਆਰਥਿਕ ਭਵਿੱਖ ਆਣ ਕੇ ਅਡਿੱਕਾ ਡਾਹ ਜਾਂਦਾ । ਉਸਨੂੰ ਮੈਂ ਇੱਕ ਸਮੇਂ ਕਿੰਨੇ ਹੀ ਕਿਰਦਾਰਾਂ ਚ’ ਦੇਖਦਾ , ਮਾਹਿਰ ਡਾਕਟਰ , ਮਨੋਚਿਕਤਸਕ , ਸਿਆਸੀ ਆਗੂ , ਸਾਹਿਤਕ ਰਸੀਆਂ , ਇਹ ਸਾਰੇ ਕਿਰਦਾਰਾਂ ਚ’ ਝੂਠ , ਫ਼ਰੇਬ ਦੀ ਇੱਕ % ਵੀ ਗੁੰਜਾਇਸ਼ ਨਜ਼ਰ ਨਹੀਂ ਆਉਂਦੀ । ਉਹ ਅਗਲੇ ਦੀ ਜੇਬ ਦੇਖੇ ਬਿਨਾ ਇਲਾਜ ਕਰਦਾ , ਅਗਲੇ ਦੇ ਚਿਹਰੇ ਨੂੰ ਦੇਖ ਅਸਲ ਨਬਜ਼ ਵੀ ਨਾਲ ਦੀ ਨਾਲ ਫੜਦਾ , ਕਿਸੇ ਦੇ ਪਰਿਵਾਰਕ ਕਾਰੋਬਾਰੀ ਰੌਲੇ ਚ’ ਬਿਨਾ ਵੋਟਾਂ , ਸਪੋਰਟ ਤੇ ਆਰਥਿਕਤਾ ਦੇਖੇ ਸੱਚੀ ਗੱਲ ਮੂੰਹ ਤੇ ਕਹਿੰਦਾ । ਉਹ ਇੱਕ ਅੱਖ ਨਾਲ ਅਜੇ ਵੀ ਚੰਗੇ ਲੇਖ ਕਿਤਾਬਾਂ ਤੇ ਸਿਆਸੀ ਨੁਕਤਿਆਂ ਨੂੰ ਪੜਨ ਲਈ ਲਲਚਾਉਂਦਾ ਹੈ। ਮੈਂ ਅੱਜ ਪਹਿਲੀ ਬਾਰ ਲਿਖ ਰਿਹਾ ਨਿੱਜੀ ਤੌਰ ਤੇ ਮੈਂ ਡਾਕਟਰ ਗਾਂਧੀ ਦੀ ਸੇਹਤ ਤੋਂ ਵਾਕਿਫ ਹਾਂ ਤੇ ਉਹਨਾਂ ਨੂੰ ਉਹਨੀ ਮੁਹੱਬਤ ਕਰਦਾ ਜਿੰਨੀ ਆਪਣੇ ਪਿਉ ਨੂੰ ਕਰਦਾ ਸੀ । ਜਦੋਂ ਉਹ ਸਾਡੇ ਕੋਲ ਨਿਊਜੀਲੈਂਡ ਪਿਛਲੇ ਸਾਲ ਆਏ , ਮੈਂ ਇਹ ਸੰਸਾ ਜਾਹਿਰ ਕੀਤਾ ਕਿ ਪੰਜਾਬ ਦੀ ਸਿਆਸਤ ਨਾਲ਼ੋਂ ਮੈਨੂੰ ਤੁਹਾਡਾ ਫਿਕਰ ਹੈ । ਉਹ ਕਹਿੰਦੇ ਤਰਨਦੀਪ ਮੈਂ ਜਾਣਦਾ ਹਾਂ ਮੇਰੀ ਸੇਹਤ ਤੋਂ ਵੀ ਵਾਕਿਫ ਹਾਂ ਤੇ ਪਰ ਤੂੰ ਇਹ ਵੀ ਜਾਣਦਾ ਕਿ ਪੰਜਾਬ ਦੀ ਸਿਆਸੀ ਸਮਾਜਿਕ ਤੇ ਆਰਥਿਕ ਸੇਹਤ ਕਿੰਨੀ ਖ਼ਰਾਬ ਹੈ । ਪਰ ਜੇ ਅਜਿਹੀ ਸਥਿਤੀ ਮੈਂ ਘਰ ਬੈਠ ਗਿਆ ਤਾਂ ਇਤਿਹਾਸ ਮੈਨੂੰ ਮਾਫ਼ ਨਹੀਂ ਕਰੇਗਾ । ਮੇਰੀ ਲੜਾਈ ਪੋਰਸ ਦੀ ਲੜਾਈ ਵਰਗੀ ਹੈ । ਜਿੱਥੇ ਜਿੱਤ ਤੇ ਹਾਰ ਦੇ ਅਰਥਾਂ ਨਾਲ਼ੋਂ ਖੜਨ ਦੇ ਅਰਥ ਵਿਸ਼ਾਲ ਨੇ , ਕਿਉਂਕਿ ਸਿਆਸਤ ਦੇ ਸਿਕੰਦਰ ਲੋਕਾਂ ਦੀ ਲੜਾਈ ਨਾਲ਼ੋਂ ਸੱਤਾ , ਤਾਕਤ ਤੇ ਹਊਮੇ ਦੀ ਲੜਾਈ ਲੜ ਰਹੇ ਨੇ । ਮੈਂ ਚੁੱਪ ਸੀ , ਮੇਰੇ ਕੋਲ ਕੋਈ ਜੁਆਬ ਨਹੀਂ ਸੀ । ਡਾਕਟਰ ਸਾਬ ਕਹਿੰਦੇ ਤਰਨਦੀਪ ਮੈਂ ਜਾਣਦਾ ਵੱਧ ਤੋਂ ਵੱਧ ਮੈਂ ਦਸ ਕੁ ਸਾਲ ਐਕਟਿਵ ਰਹਿ ਸਕਦਾ ਜੇ ਸੇਹਤ ਨੇ ਸਾਥ ਦਿੱਤਾ ਤਾਂ , ਮੇਰੀ ਕੋਸ਼ਿਸ਼ ਹੈ ਪੰਜ ਸੱਤ ਗਾਂਧੀ ਐਨੇ ਚ’ ਪੈਦਾ ਹੋ ਜਾਣ ਜੋ ਅਹੁਦਿਆਂ ਨਾਲ਼ੋਂ ਪੰਜਾਬ ਦੀ ਲੜਾਈ ਲੜ ਸਕਣ ਦਾ ਹੌਸਲਾ ਭਰ ਲੈਣ ।
ਹੁਣ ਮੈਂ ਡੂੰਗੇ ਵਿਚਾਰ ਚੋਂ ਆਪਣੇ ਵਿਵੇਕ ਨਾਲ ਸਮਝਦਾ । ਡਾਕਟਰ ਗਾਂਧੀ ਕੋਸ਼ਿਸ਼ ਕੀ ਹੈ ? ਉਹ ਚਿੜੀ ਵਰਗਾ ਜੋ ਚੁੰਝ ਚ’ ਪਾਣੀ ਲੈ ਜੰਗਲ਼ ਦੀ ਅੱਗ ਆਪਣੇ ਸੀਮਤ ਸਾਧਨਾਂ ਨਾਲ ਬੁਝਾ ਰਿਹਾ ਤੇ ਕੋਸ਼ਿਸ਼ ਚ’ ਹੈ ਕਿ ਉਸਦਾ ਕਾਫਿਲਾ ਵਿਸ਼ਾਲ ਹੋਵੇ । ਜੋ ਲਗਾਤਾਰਤਾ ਚੋਂ ਹੀ ਹੋਵੇਗਾ । ਮੈਂ ਸਮਝਦਾ ਜਿਵੇਂ ਦਾ ਪਰਬੰਧ ਹੈ ਕੈਪਟਨ , ਮਹਾਰਾਣੀ ਪਰਨੀਤ ਕੌਰ , ਬਾਦਲ , ਢੀਡਸੇ ਦੀਆਂ ਕਤਾਰ ਤਾਂ ਬਹੁਤ ਲੰਬੀ ਹੈ । ਇੱਕ ਜਾਵੇਗਾ ਤਾਂ ਦੂਸਰਾ ਥਾਂ ਲੈਣ ਲਈ ਪਿੱਛੇ ਖੜਾ ਹੋਵੇਗਾ । ਪਰ ਡਾਕਟਰ ਗਾਂਧੀ ਯੁੱਗ ਪੁਰਸ਼ ਹੈ ਜੋ ਛੇਤੀ ਨਹੀਂ ਟੱਕਰਦੇ । ਹੁਣ ਪਟਿਆਲ਼ੇ ਵਾਲ਼ਿਆਂ ਦਾ ਆਉਦੀਆਂ ਲੋਕ ਸਭਾ ਚੋਣਾਂ ਇਮਤਿਹਾਨ ਨੇ , ਪਰਖ ਉਹਨਾਂ ਪੰਜ ਸਾਲ ਕਰ ਲਈ ਹੈ । ਡਾਕਟਰ ਗਾਂਧੀ ਕਿਸੇ ਦੇ ਅਸਲੇ ਦੇ ਲਾਇਸੰਸ ਦੀ ਸਿਫ਼ਾਰਸ਼ ਨਹੀਂ ਕਰੇਗਾ , ਡਾਕਟਰ ਗਾਂਧੀ ਟ੍ਰੈਫ਼ਿਕ ਪੁਲਿਸ ਤੋਂ ਫੜੇ ਜਾਣ ਤੇ ਛਡਵਾਉਣ ਲਈ ਫ਼ੋਨ ਵੀ ਨਹੀਂ ਕਰਦਾ , ਸ਼ਰਾਬ ਦੀ ਭੱਠੀ ਲਾਉਣ ਵਾਲੇ ਨਸ਼ਾ ਵੇਚਣ ਵਾਲ਼ਿਆਂ ਦੀ ਪੁਸਤਪਨਾਹੀ ਉਸਦੇ ਸੁਭਾਅ ਦਾ ਹਿੱਸਾ ਨਹੀਂ । ਮਰਗ ਦੇ ਭੋਗ ਉਸਦੀ ਸਿਆਸੀ ਜ਼ਮੀਨ ਦਾ ਅਧਾਰ ਨਹੀਂ , ਉਹ ਗਲ ਚ’ ਸਰੋਪਿਆਂ ਦੀ ਰਾਜਨੀਤੀ ਨਹੀਂ ਕਰਦਾ , ਵੋਟਾਂ ਖਰੀਦਣ , ਖ਼ਬਰਾਂ ਅਖ਼ਬਾਰਾਂ ,ਟੀ.ਵੀ ਖਰੀਦਣ ਲਈ ਉਸ ਕੋਲ ਹਰਾਮ ਦੇ ਪੈਸੇ ਨਹੀਂ ਹਨ । ਵੋਟਰਾਂ ਨੂੰ ਸਮਾਰਟ ਫ਼ੋਨ , ਕਰਜ਼ਾ ਮੁਆਫ਼ੀ , ਆਟਾ ਦਾਲ ਸਕੀਮ ਦੇ ਫੋਕੇ ਤੇ ਝੂਠੇ ਲਾਲਚਾਂ ਦਾ ਸਹਾਰਾ ਉਸਦੀ ਫ਼ਿਤਰਤ ਦਾ ਹਿੱਸਾ ਨਹੀਂ । ਉਹ ਕਾਨੂੰਨ ਦੀ ਗੱਲ ਕਰੇਗਾ , ਪੰਜਾਬ ਦੇ ਭਵਿੱਖ ਲਈ ਯੋਜਨਾਵਾਂ ਉਲੀਕਦਾ ਹੈ ਉਲੀਕੇਗਾ । ਉਹ ਬਾਦਲਾਂ ਦੇ ਟਰਾਂਸਪੋਰਟ ਮਾਫੀਏ ਤੇ ਨੱਥ ਪਾਉਣ ਲਈ ਰਾਜਪੁਰਾ ਬਠਿੰਡਾ ਟ੍ਰੇਨ ਪਰੋਜੈਕਟ ਤੇ ਕੰਮ ਕਰ ਰਿਹਾ ਹੈ , ਜਿਸ ਚ’ ਪੰਜਾਹ ਫੀਸਦੀ ਕਾਮਯਾਬੀ ਹਾਸਿਲ ਕਰ ਚੁੱਕਿਆਂ ਹੈ । ਉਸਨੇ ਬੰਜਰ ਹੁੰਦੇ ਪੰਜਾਬ ਦੇ ਪਾਣੀਆਂ ਦੀ ਲੜਾਈ ਦਾ ਮੁੱਢ ਪਾਰਲੀਮੈਂਟ ਤੇ ਕੋਰਟ ਰਾਹੀਂ ਵਿੱਢਿਆ ਹੈ । ਉਸਨੇ ਸਿੱਖਾਂ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਅਨੰਦ ਮੈਰਿਜ ਐਕਟ ਸੰਸਦ ਚ’ ਪੇਸ਼ ਕਰਕੇ ਅਕਾਲੀ ਸਿਆਸਤ ਦੇ ਚਿਹਰਾ ਨਕਾਬ ਕੀਤਾ ਹੈ , ਕਿਉਂਕਿ ਸਿੱਖੀ ਦਾ ਅਲਾਪ ਅਲਾਪਣ ਵਾਲੇ 65 ਸਾਲਾਂ ਤੋਂ ਚੁੱਪ ਸਨ । ਉਹ ਗੁਰੂ ਗੋਬਿੰਦ ਸਿੰਘ ਦੇ ਫ਼ਲਸਫ਼ੇ ਦੀ ਬਾਤ ਸਾਂਝੇ ਸ਼ਮਸ਼ਾਨ ਘਰਾਂ ਰਾਹੀਂ ਪਾਉਂਦਾ ਹੈ । ਉਹ ਜਾਣਦਾ ਹੈ ਕਿ ਸਿੱਖਿਆ ਦਾ ਪਸਾਰਾ ਹੀ ਅਗਿਆਨਤਾ , ਝੂਠ ਤੇ ਊਚ ਨੀਚ ਦਾ ਫਸਤਾ ਵੱਢੇਂਗਾ । ਜਿਸ ਲਈ ਆਪਣੇ ਹਲਕੇ ਦੇ ਸਕੂਲਾ ਵੱਲ ਗਰਾਟਾਂ ਦਾ ਮੁਹਾਣ ਕਰਦਾ ਹੋਇਆਂ । ਪੁਰਾਤਨ ਰਿਵਾਇਤਾ ਨੂੰ ਤੋੜਦਾ ਹੈ । ਉਹ ਰੈਲੀਆਂ ਰੋਡ ਸ਼ੋਆਂ ਦੀ ਬਿਜਾਏ , ਭਵਿੱਖ ਦਾ ਰੋਡ ਮੈਪ ਤਿਆਰ ਕਰਦਾ ਹੈ । ਉਹ ਉਸ ਸਫ਼ਰ ਤੇ ਹੈ ਜਿੱਥੇ ਕੰਡੇ ਨੇ , ਕਠਿਨਾਈਆਂ ਨੇ ਪਰ ਸੱਚ ਦੇ ਪ੍ਰਚਮ ਚੋਂ ਉਪਜੀ ਆਸ ਉਸਦਾ ਆਸਰਾ ਵੀ ਹੈ । ਮੇਰਾ ਮਿੱਤਰ ਤੇ ਕੁਲੀਗ ਜਸਪ੍ਰੀਤ ਰਾਜਪੁਰਾ (ਪੱਤਰਕਾਰ ਪੰਜਾਬੀ ਟਿਰਬਿਊਨ ਆਕਲੈਂਡ) ਪੰਜਾਬ ਤੋਂ ਹੁਣੇ ਹੁਣੇ ਨਿਊਜੀਲੈਂਡ ਪਰਤਿਆ ਤੇ ਕਹਿੰਦਾ ਉਸਨੇ ਪਟਿਆਲ਼ੇ ਹਲਕੇ ਦੇ ਸੌ ਲੋਕਾਂ ਨਾਲ ਗੱਲ ਕੀਤੀ । ਡਾਕਟਰ ਧਰਮਵੀਰ ਗਾਂਧੀ ਦੇ ਕੰਮ ਤੇ ਇਮਾਨਦਾਰੀ ਤੇ ਕਿੰਤੂ ਕਰਨ ਵਾਲਾ ਇੱਕ ਵੀ ਨਹੀਂ ਸੀ । ਸਾਰੇ ਡਾਕਟਰ ਧਰਮਵੀਰ ਗਾਂਧੀ ਦੀ ਸਿਫ਼ਤ ਹੀ ਕਰ ਰਹੇ ਸਨ ਤੇ ਨਾਲ ਦੀ ਨਾਲ ਸੰਸਾ ਵੀ ਇਸ ਬਾਰ ਲੜਾਈ ਮੌਜੂਦਾ ਮੁੱਖ ਮੰਤਰੀ ਦੀ ਧਰਮ ਪਤਨੀ ਨਾਲ ਹੈ ਤੇਂ ਪਿਛਲੀ ਬਾਰ ਦਾ ਅਕਾਲੀ ਉਮੀਦਵਾਰ ਦੀਪਇੰਦਰ ਢਿੱਲੋ ਵੀ ਮਹਾਰਾਣੀ ਪਰਨੀਤ ਕੌਰ ਦੇ ਨਾਲ ਹੈ । ਦੋਵੇਂ ਘਾਗ ਸਿਆਸਤਦਾਨ ਨੇ ,, ਮੈਂ ਕਿਹਾ ਇਹੀ ਤਾਂ ਸਵਾਲ ਹੈ ਕਿ ਜੋ ਸੱਤਾ ਦੇ ਨਾਲ ਆਪਣੀ ਵਫ਼ਾਦਾਰੀ ਬਦਲਦੇ ਨੇ , ਰਲ ਜਾਂਦੇ ਨੇ , ਕਿ ਉਹ ਲੋਕਾਂ ਦੇ ਸੱਚੇ ਵਫ਼ਾਦਾਰ ਹੋਣਗੇ ? ਇਹ ਚੋਣ ਪੀਡੀਏ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦਾ ਇਮਤਿਹਾਨ ਨਹੀਂ , ਲੋਕਾਂ ਦਾ ਇਮਤਿਹਾਨ ਹੈ ? ਜੋ ਵੋਟਾਂ ਪਈਆਂ ਤੋਂ ਲੀਡਰਾਂ , ਪਾਰਟੀਆਂ ਨੂੰ ਕੋਸਦੇ ਨੇ , ਬਾਕੀ ਪਟਿਆਲ਼ੇ ਲੋਕ ਸਭਾ ਹਲਕੇ ਦੀਆਂ ਵੋਟਾਂ ਨਾਂ ਮਹਾਰਾਣੀ ਦੀਆਂ ਹਨ , ਨਾਂ ਦੀਪਇੰਦਰ ਢਿੱਲੋ ਦੀਆਂ । ਇਹ ਲੋਕਾਂ ਦੀਆਂ ਹਨ । ਜ਼ਿਹਨਾਂ ਆਪਣੇ ਜ਼ਮੀਰ ਨੂੰ ਟਟੋਲਦੇ ਹੋਏ ਵੋਟ ਪਾਈ ਤਾਂ ਤੱਕੜੀ ਡਾਕਟਰ ਧਰਮਵੀਰ ਗਾਂਧੀ ਵਾਲੇ ਪਾਸੇ ਹੀ ਝੁਕੇਗੀ । ਸੋ ਅੰਤ ਪਟਿਆਲ਼ੇ ਰਾਹੀਂ ਪੰਜਾਬ ਦੇ ਕੱਲ ਦੀ ਖੇਡ ਲੋਕਾਂ ਕੋਲ ਹੀ ਹੈ ? ਇਸੇ ਖੇਡ ਨੇ ਨੱਕੇ ਮੋੜਣੇ ਨੇ ਤੇ ਇਸੇ ਖੇਡ ਨੇ ਵੱਡੇ ਘਰਾਂ ਦੇ ਮੋਘੇ ਲਾਉਣੇ ਜਾਂ ਬੰਦ ਕਰਨੇ ਨੇ !
ਡਾਕਟਰ ਧਰਮਵੀਰ ਗਾਂਧੀ ਲਈ ਮੇਰੀ ਬਹੁਤ ਪਹਿਲਾ ਲਿਖੀ ਇੱਕ ਕਵਿਤਾ ਦਾ ਬੰਦ ਹੀ ਢੁਕਵਾਂ ਹੈ ।
“ਹਨੇਰੀ ਰਾਤ ਚ’ ਜਗਦੇ ਦੀਵੇ ਤੋਂ ਪ੍ਰੇਰਣਾ ਲਈਏ
ਜਿਸ ਮੱਥਾ ਲਾਇਆ ਹਨੇਰੇ ਨਾਲ ,
ਹਾਲਾਕਿ ਉਸਦੀ ਲੋਅ ਮੱਧਮ ਵੀ ਪੈ ਸਕਦੀ ਹੈ ਸਮੇਂ ਨਾਲ ,
ਪਰ ਐਨਾ ਕੁ ਚਾਨਣ ਤਾਂ ਉਹ ਕਰ ਗਿਆ ਕਿ ,
ਕਿ ਕਿਸੇ ਦਾ ਕੁੱਝ ਸਵਰ ਜਾਵੇ ਉਸਦੀ ਰੋਸ਼ਨੀ ਨਾਲ ।”
ਤਰਨਦੀਪ_ਬਿਲਾਸਪੁਰ

Friday, 17 May 2019

ਹੱਥ ਵਾਲਾ ਪੱਖਾ


ਪੱਖਾ, ਪੱਖੀ :-  ਹਵਾ ਦੇਣ ਵਾਲੇ ਯੰਤਰ fan 

ਵਿਰਸੇ ਦੀਆਂ ਬਾਤਾਂ

ਹੱਥ ਪੱਖੇ ਵੀ ਹੋਏ ਬੀਤੇ ਦੀ ਬਾਤ
ਤਕਨੀਕ ਦੇ ਵਿਕਾਸ ਨੇ ਭਾਵੇਂ ਮਨੁੱਖੀ ਜ਼ਿੰਦਗੀ ਨੂੰ ਬਹੁਤ ਸਾਰੇ ਪੱਖਾਂ ਤੋਂ ਲਾਭ ਦਿੱਤਾ ਹੈ, ਪਰ ਵਿਸਰਦੀਆਂ ਜਾ ਰਹੀਆਂ ਚੀਜ਼ਾਂ ਦਾ ਝੋਰਾ ਵੀ ਮਨ ਨੂੰ ਲੱਗਾ ਰਹਿੰਦਾ ਹੈ। ਕਿੰਨੇ ਭਲੇ ਸਨ ਉਹ ਦਿਨ ਤੇ ਕਿੰਨੇ ਭਲੇ ਸਨ ਉਨ੍ਹਾਂ ਵੇਲਿਆਂ ਦੇ ਲੋਕ, ਜਦੋਂ ਹਰ ਕੰਮ ਹੱਥੀਂ ਕੀਤਾ ਜਾਂਦਾ ਸੀ ਤੇ ਇਕ ਦੂਜੇ ਦੇ ਕੰਮ ਆਉਣ ਨੂੰ ਧੰਨ ਭਾਗ ਸਮਝਿਆ ਜਾਂਦਾ ਸੀ।

ਤਕਨੀਕ ਦੇ ਇਸ ਦੌਰ ਵਿਚ ਨਾ ਪਹਿਲਾਂ ਵਰਗੀਆਂ ਚੀਜ਼ਾਂ ਰਹੀਆਂ ਨੇ ਤੇ ਨਾ ਹੀ ਚੀਜ਼ਾਂ ਦੀ ਵਰਤੋਂ ਕਰਨ ਵਾਲੇ। ਮਸ਼ੀਨੀ ਦੌਰ ਵਿਚ ਹੱਥੀਂ ਕੰਮ ਕਰਨਾ ਘਟ ਰਿਹੈ ਤੇ ਮਸ਼ੀਨਾਂ ਦਿਆਂ ਸਵਿੱਚਾਂ 'ਤੇ ਹੱਥ ਜ਼ਿਆਦਾ ਘੁੰਮਦੇ ਨੇ। ਭਾਵੇਂ ਬਦਲਾਅ ਨੂੰ ਕੁਦਰਤ ਦਾ ਦਸਤੂਰ ਮੰਨਿਆ ਜਾਂਦੈ, ਪਰ ਜਿਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਵਿਸਰ ਰਹੀਆਂ ਨੇ ਤੇ ਨਵੀਆਂ ਨੇ ਮਨੁੱਖ ਦੀ ਜ਼ਿੰਦਗੀ ਵਿਚ ਭਾਰੀ ਤਬਦੀਲੀ ਲਿਆਂਦੀ ਹੈ, ਇਹ ਸਭ ਵਰਤਾਰਾ ਹੈਰਾਨ ਕਰਨ ਵਾਲਾ ਹੈ।
ਤਸਵੀਰ ਨੂੰ ਗ਼ੌਰ ਨਾਲ ਦੇਖੋ। ਹੱਥ ਨਾਲ ਝੱਲਣ ਵਾਲਾ ਇਹ ਪੱਖਾ ਕਿਸੇ ਵੇਲ਼ੇ ਲੋਕਾਂ ਦਾ ਪਸੀਨਾ ਸੁਕਾਉਣ ਦੇ ਕੰਮ ਆਉਂਦਾ ਸੀ। ਇਕ ਜਣਾ ਇਸ ਵੱਡ ਅਕਾਰੀ ਪੱਖੇ ਨੂੰ ਦੋਹਾਂ ਹੱਥਾਂ 'ਚ ਫੜ ਕੇ ਝੱਲਦਾ ਸੀ ਤੇ ਹਵਾ ਲੈਣ ਵਾਲੇ ਉਸ ਨੂੰ ਅਸੀਸਾਂ ਦਿੰਦੇ ਨਹੀਂ ਸੀ ਥੱਕਦੇ। ਇਹ ਪੱਖੇ ਆਮ ਤੌਰ 'ਤੇ ਗੁਰਦੁਆਰਿਆਂ, ਹੋਰ ਧਾਰਮਿਕ ਥਾਂਵਾਂ ਜਾਂ ਜਨਤਕ ਸਭਾਵਾਂ ਵਿਚ ਵਰਤੇ ਜਾਂਦੇ ਸਨ, ਜਿੱਥੇ ਸੰਗਤ ਵੱਡੀ ਗਿਣਤੀ ਵਿਚ ਹੋਵੇ ਤੇ ਓਨੇ ਪੱਖਿਆਂ ਦਾ ਪ੍ਰਬੰਧ ਨਾ ਕੀਤਾ ਹੋਵੇ। ਪਿੰਡਾਂ ਦੇ ਗੁਰਦੁਆਰਿਆਂ ਵਿਚ ਇਹ ਪੱਖੇ ਆਮ ਹੁੰਦੇ ਸਨ, ਕਿਉਂਕਿ ਗ਼ਰਮੀਆਂ ਮੌਕੇ ਉਥੇ ਇਨ੍ਹਾਂ ਦੀ ਜ਼ਰੂਰਤ ਜ਼ਿਆਦਾ ਰਹਿੰਦੀ ਸੀ। ਪੱਖਾ ਝੱਲਣ ਦੀ ਸੇਵਾ ਕਰਨੀ ਲੋਕ ਖੁਸ਼ਕਿਸਮਤੀ ਵਾਲਾ ਕੰਮ ਸਮਝਦੇ ਸਨ। ਆਪਣੀ ਵਾਰੀ ਮੰਗ ਕੇ ਲਈ ਜਾਂਦੀ ਸੀ ਕਿ ਹੁਣ ਤੁਸੀਂ ਬਸ ਕਰੋ, ਥੱਕ ਗਏ ਹੋਵੋਗੇ, ਮੈਨੂੰ ਪੱਖਾ ਫੜਾ ਦਿਓ।
ਪਰ ਅੱਜ ਦੇ ਇਸ ਦੌਰ ਵਿਚ ਹੱਥ ਪੱਖਿਆਂ ਸਮੇਤ ਘਰਾਂ ਵਿਚ ਵਰਤੀਆਂ ਜਾਣ ਵਾਲੀਆਂ ਹੱਥ ਪੱਖੀਆਂ ਦੀ ਵਰਤੋਂ ਵੀ ਖਤਮ ਵਾਂਗ ਹੋ ਗਈ ਹੈ। ਬਿਜਲਈ ਪੱਖਿਆਂ, ਕੂਲਰਾਂ, ਏ. ਸੀ. ਵਰਗੇ ਸਾਧਨਾਂ ਨੇ ਮਨੁੱਖ ਦਾ ਪਸੀਨਾ ਸੁਕਾਉਣ ਤੇ ਠੰਢਕ ਦੇਣ ਵਿਚ ਵੱਡਾ ਯੋਗਦਾਨ ਪਾਇਆ ਹੈ। ਮਨੁੱਖ ਸਹੂਲਤਾਂ ਦਾ ਏਨਾ ਆਦੀ ਹੋ ਚੁੱਕਾ ਹੈ ਕਿ ਜੇ ਉਸ ਨੂੰ ਅੱਧਾ ਘੰਟਾ ਪੱਖਾ ਝੱਲਣਾ ਵੀ ਪੈ ਜਾਵੇ ਤਾਂ ਕਈ ਦਿਨ ਬਾਹਾਂ ਦਰਦ ਕਰਨੋਂ ਨਹੀਂ ਹਟਦੀਆਂ।



ਬੇਸ਼ੱਕ ਅਸੀਂ ਏ.ਸੀ., ਬਿਜਲੀ ਪੱਖਿਆਂ ਅਤੇ ਕੂਲਰਾਂ ਦਾ ਭਰਪੂਰ ਆਨੰਦ ਮਾਣ ਰਹੇ ਹਾਂ, ਪਰ ਫਿਰ ਵੀ ਹੱਥ ਪੱਖਿਆਂ ਦੀ ਆਪਣੀ ਹੀ ਪਛਾਣ ਹੈ। ਕੋਈ ਵੇਲਾ ਸੀ ਜਦੋਂ ਹੱਥ ਪੱਖੇ ਘਰਾਂ ‘ਚ ਬੜੇ ਚਾਅ ਨਾਲ ਬੁਣੇ ਜਾਂਦੇ ਸਨ। ਔਰਤਾਂ ਦਾ ਹੱਥ-ਪੱਖੇ, ਪੱਖੀਆਂ, ਦਰੀਆਂ, ਮੰਜੇ ਪੀੜ੍ਹੀਆਂ ਬੁਣਨਾ ਆਮ ਸ਼ੌਕ ਸੀ ਜੋ ਕਿ ਘਰ ਦੀ ਲੋੜ ਨੂੰ ਵੀ ਪੂਰਾ ਕਰਦਾ ਸੀ। ਹੱਥ ਪੱਖੇ, ਹੱਥ ਪੱਖੀ ਦੀ ਤਰ੍ਹਾਂ ਹੀ ਬੁਣੇ ਜਾਂਦੇ ਸਨ, ਪਰ ਇਹ ਆਕਾਰ ਵਿੱਚ ਹੱਥ ਪੱਖੀਆਂ ਨਾਲੋਂ ਵੱਡੇ ਹੁੰਦੇ ਸਨ। ਪਹਿਲਾਂ ਹੱਥ ਪੱਖੇ ਦਾ ਚੱਕਰਦਾਰ ਤਾਰ, ਜਿਸ ਨਾਲ ਮੁੱਠੀਨੁਮਾ ਹੱਥੀ ਜੜਤ ਹੁੰਦੀ ਸੀ ਫਰੇਮ ਬਾਜ਼ਾਰ ਵਿੱਚੋਂ ਖ਼ਰੀਦਿਆ ਜਾਂਦਾ। ਫਿਰ ਉਸ ‘ਤੇ ਕੁੜੀਆਂ ਰੰਗਦਾਰ ਰੇਸ਼ਮੀ ਧਾਗਿਆਂ ਦਾ ਤਾਣਾ ਪਾਉਂਦੀਆਂ। ਫਿਰ ਸੂਈ ਵਿੱਚ ਧਾਗਾ ਪਾ ਕੇ ਉਸ ਨੂੰ ਬੁਣਿਆ ਜਾਂਦਾ ਸੀ। ਹੱਥ ਪੱਖੇ ਨੂੰ ਕੁੜੀਆਂ ਬੜੀ ਮਿਹਨਤ ਨਾਲ ਬੁਣਦੀਆਂ। ਉਹ ਬੜੀਆਂ ਰੀਝਾਂ ਨਾਲ ਹੱਥ ਪੱਖਿਆਂ ਉੱਤੇ ਵੇਲ-ਬੂਟੇ ਤੇ ਮੋਰ-ਘੁੱਗੀਆਂ ਆਦਿ ਦੇ ਨਮੂਨੇ ਪਾਉਂਦੀਆਂ। ਪੱਖੇ ਨੂੰ ਬੁਣਨ ਤੋਂ ਬਾਅਦ ਇਸ ਦੇ ਦੁਆਲੇ ਵਲਦਾਰ ਝਾਲਰ ਲਾਈ ਜਾਂਦੀ। ਝਾਲਰ ਇੱਕ ਖ਼ਾਸ ਨਮੂਨੇ ਦੀ ਬਣਾਈ ਜਾਂਦੀ ਸੀ, ਜਿਹੜੀ ਕਿ ਪੱਖੇ ਵਾਲੇ ਪਾਸਿਓਂ ਪਲੇਟ ਪਾ ਕੇ ਛੋਟੀ ਕੀਤੀ ਹੁੰਦੀ ਸੀ ਅਤੇ ਬਾਹਰੋਂ ਖੁੱਲ੍ਹੀ ਹੁੰਦੀ ਸੀ। ਇਸ ਤਰ੍ਹਾਂ ਇਹ ਹੱਥ ਪੱਖਾ ਝੱਲ ਮਾਰਨ ਲਈ ਤਿਆਰ ਹੋ ਜਾਂਦਾ। ਹੱਥ ਨਾਲ ਝੱਲਣ ਵਾਲੇ ਇਹ ਪੱਖੇ ਕਿਸੇ ਵੇਲੇ ਲੋਕਾਂ ਦਾ ਪਸੀਨਾ ਸੁਕਾਉਣ ਦੇ ਕੰਮ ਆਉਂਦੇ ਸਨ। ਇਹ ਪੱਖੇ ਆਮ ਤੌਰ ‘ਤੇ ਸਮਾਜਿਕ ਤੇ ਧਾਰਮਿਕ ਇਕੱਠਾਂ ਵਿੱਚ ਵਰਤੇ ਜਾਂਦੇ ਸਨ। ਵਿਆਹ-ਸ਼ਾਦੀਆਂ ਵਿੱਚ ਲਾਵਾਂ-ਫੇਰਿਆਂ ਵੇਲੇ ਪਹਿਲਾਂ ਇਹੀ ਪੱਖੇ ਝੱਲੇ ਜਾਂਦੇ ਸਨ। ਗੁਰਦੁਆਰਿਆਂ ਵਿੱਚ ਇਹ ਪੱਖੇ ਆਮ ਹੁੰਦੇ ਸਨ। ਗੁਰੂਘਰ ਵਿੱਚ ਇਕੱਠ ਦੌਰਾਨ ਪੱਖਾ ਝੱਲਣ ਦੀ ਸੇਵਾ ਕਰਨੀ ਲੋਕ ਖ਼ੁਸ਼ਕਿਸਮਤੀ ਵਾਲਾ ਕੰਮ ਸਮਝਦੇ ਸਨ। ਗਰਮੀ ਦੇ ਮਹੀਨਿਆਂ ਵਿੱਚ ਵਹੁਟੀਆਂ ਵੀ ਰੀਝ ਕਰਦੀਆਂ ਸਨ ਕਿ ਕੰਤ ਉਨ੍ਹਾਂ ਨੂੰ ਪੱਖੇ ਦੀ ਹਵਾ ਦੇਵੇ ਤਾਹੀਓਂ ਤਾਂ ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ-
ਤੂੰ ਸੌਵੇਂ ਮੈਂ ਪੱਖਾ ਝੱਲਦੀ,
ਚੰਨ ਜਿਹਾ ਤੇਰਾ ਮੂੰਹ,
ਮੇਰਾ ਵੀ ਜੀਅ ਕਰਦਾ ਸੌਵਾਂ
ਪੱਖਾ ਝੱਲੇਂ ਤੂੰ
ਅੱਜ ਕੱਲ੍ਹ ਬਿਜਲਈ ਪੱਖਿਆਂ, ਕੂਲਰਾਂ, ਏ. ਸੀ. ਆਦਿ ਸਾਧਨਾਂ ਦੇ ਆ ਜਾਣ ਕਾਰਨ ਇਹ ਹੱਥ ਪੱਖੇ ਲੋਪ ਹੋ ਚੁੱਕੇ ਹਨ। ਪੱਖਿਆਂ ਦੇ ਜਾਣ ਨਾਲ ਪੱਖਾ ਝੱਲਣ ਦੀ ਸਾਂਝ ਤੇ ਪੱਖੇ ਬਣਾਉਣ ਦੀ ਇਹ ਕਲਾ ਵੀ ਖ਼ਤਮ ਹੋ ਰਹੀ ਹੈ।

ਖੁਸ਼ੀ ਦਾ ਖਿਆਲ 

ਪੁੱਤ:- ਮੰਮੀ ...ਮੰਮੀ... ਆਪਾਂ ਬਾਪੂ ਜੀ ਦੀ ਬੈਠਕ ਵਿਚ ਪੱਖਾ ਕਿਉਂ ਨੀਂ ਲਗਵਾ ਦਿੰਦੇ, ਵਿਚਾਰੇ ਸਾਰਾ ਦਿਨ ਹੱਥ ਵਾਲਾ ਪੱਖਾ ਝੱਲ-ਝੱਲ ਕੇ ਥੱਕ ਜਾਂਦੇ ਹੋਣਗੇ', ਮਾਸੂਮ ਜਿਹੇ ਜੋਤ ਨੇ ਆਪਣੀ ਮਾਂ ਦੀ ਬੁੱਕਲ ਵਿਚ ਬੈਠਦਿਆਂ ਕਿਹਾ।'ਮੰਮੀ:- ਪੁੱਤ! ਬੈਠਕ ਵਿਚ ਤਾਂ ਬਿਜਲੀ ਦੀ ਸਪਲਾਈ ਹੈ ਨੀਂ, ਬਹੁਤ ਪੁਰਾਣੀ ਬੈਠਕ ਏ ਨਾ...', ਮਾਂ ਨੇ ਜੋਤ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ।' ਪੁੱਤ:- ਅੱਛਾ! ਤਾਂ ਮੰਮੀ ਆਪਾਂ ਬਾਪੂ ਜੀ ਨੂੰ ਕੋਠੀ 'ਚ ਲੈ ਆਈਏ। ਗਰਮੀ ਕਿੰਨੀ ਹੋਈ ਪਈ ਆ, ਕੋਠੀ 'ਚ ਤਾਂ ਕੂਲਰ, ਏ. ਸੀ. ਸਾਰਾ ਕੁਝ ਹੈਗਾ। ਜੋਤ ਨੇ ਮਾਸੂਮੀਅਤ ਨਾਲ ਫਿਰ ਆਪਣੀ ਮਾਂ ਨੂੰ ਕਿਹਾ।'

ਮੰਮੀ:- ਲੈ ਤਾਂ ਆਈਏ ਬਾਪੂ ਨੂੰ ... ਪਰ ਉਨ੍ਹਾਂ ਨੂੰ ਖੰਘ ਲੱਗੀ ਹੋਈ ਆ ਨਾ, ਸਾਰਾ ਦਿਨ ਥੁੱਕਦੇ ਰਹਿੰਦੇ ਨੇ, ਕੋਠੀ ਦੀ ਸਫਾਈ ਰੱਖਣੀ ਔਖੀ ਹੋ ਜਾਊ...।'

ਪੁੱਤ:- 'ਮਾਂ... ਫਿਰ ਤਾਂ...', ਜੋਤ ਉਦਾਸ ਜਿਹਾ ਹੋ ਕੇ ਬੋਲਦਾ-ਬੋਲਦਾ ਰੁਕ ਗਿਆ। 
ਮੰਮੀ:- 'ਫਿਰ ਕੀ ਪੁੱਤ?... ਉਦਾਸ ਕਿਉਂ ਹੋ ਗਿਆ ਤੂੰ?' ਮਾਂ ਨੇ ਜੋਤ ਦੇ ਮੂੰਹ 'ਤੇ ਹੱਥ ਫੇਰਦਿਆਂ ਪੁੱਛਿਆ।'
ਪੁੱਤ:- ਮੰਮੀ ਸਰਦੀ 'ਚ ਤਾਂ ਮੈਨੂੰ ਵੀ ਖੰਘ, ਜ਼ੁਕਾਮ ਲੱਗ ਜਾਂਦਾ ਹੁੰਦਾ। ਮੇਰੀ ਵੀ ਤਾਂ ਤੁਸੀਂ ਨੱਕ ਸਾਫ਼ ਕਰਦੇ ਹੁੰਦੇ ਓ, ਤਾਂ ਕੀ ਤੁਸੀਂ ਮੈਨੂੰ ਵੀ ਬਾਪੂ ਜੀ ਦੀ ਬੈਠਕ 'ਚ ਭੇਜ ਦਿਓਗੇ।' ਜੋਤ ਦਾ ਮਾਸੂਮ ਜਿਹਾ ਸਵਾਲ ਸੁਣ ਕੇ ਮਾਂ ਨੇ ਉਸ ਨੂੰ ਪਿਆਰ ਨਾਲ ਘੁੱਟਦਿਆਂ ਕਿਹਾ।'
ਮਾਂ ਨੇ ਅੱਗੋਂ ਜਵਾਬ ਦਿੰਦਿਆਂ ਕਿਹਾ, '
ਮੰਮੀ:- ਪੁੱਤ ਤੂੰ ਤਾਂ ਸਾਡਾ ਪੁੱਤ ਏਂ ਤੇ ਉਹ ਤੇਰੇ ਪਾਪਾ ਦੇ ਪਾਪਾ ਨੇ। ਬਜ਼ੁਰਗ ਏਦਾਂ ਹੀ ਰਹਿੰਦੇ ਹੁੰਦੇ ਨੇ ਅਲੱਗ... ਨਾਲੇ ਬਜ਼ੁਰਗਾਂ ਨੂੰ ਗਰਮੀ-ਗੁਰਮੀ ਨ੍ਹੀਂ ਲਗਦੀ ਹੁੰਦੀ। ਉਹ ਤਾਂ ਅੱਡ ਰਹਿ ਕੇ ਹੀ ਖੁਸ਼ ਰਹਿੰਦੇ ਨੇ।''
ਮੰਮੀ:- ਨਾ... ਨਾ... ਮੈਂ ਤਾਂ ਆਵਦੇ ਲਾਡਲੇ ਨੂੰ ਹਮੇਸ਼ਾ ਆਪਣੇ ਨਾਲ ਰੱਖਾਂਗੀ। ਤੇਰੇ ਬਿਨਾਂ ਸਾਡਾ ਹੈ ਹੀ ਕੌਣ?' 'ਪੁੱਤ:- ਪਰ...ਮੰਮੀ ਬਾਪੂ ਜੀ ਦਾ ਵੀ ਤਾਂ ਆਪਣੇ ਬਿਨਾਂ ਕੋਈ ਹੋਰ ਨਹੀਂ... ਫਿਰ ਉਨ੍ਹਾਂ ਨੂੰ ਤੁਸੀਂ ਆਪਣੇ ਨਾਲੋਂ ਵੱਖ ਕਿਉਂ ਕਰ ਦਿੱਤਾ?', ਜੋਤ ਨੇ ਇਕ ਹੋਰ ਸਵਾਲ ਮਾਂ ਨੂੰ ਕੀਤਾ। ਪੁੱਤ:- ਤਾਂ ਠੀਕ ਆ, ਮੈਂ ਵੀ ਵੱਡਾ ਹੋ ਕੇ ਤੁਹਾਡੀ ਖੁਸ਼ੀ ਦਾ ਖਿਆਲ ਰੱਖਾਗਾ' 
ਇੰਨੀ ਗੱਲ ਕਹਿ ਕੇ ਦਸ ਸਾਲ ਦਾ ਮਾਸੂਮ ਜੋਤ ਮਾਂ ਦੀ ਬੁੱਕਲ 'ਚੋਂ ਨਿਕਲ ਕੇ ਭੱਜ ਗਿਆ ਪਰ ਉਸ ਦੀ ਗੱਲ ਸੁਣ ਕੇ ਉਸ ਦੀ ਮਾਂ ਨੀਵੀਂ ਪਾਈ ਬੈਠੀ ਸੋਚਾਂ 'ਚ ਗਵਾਚ ਗਈ ਸੀ।

ਕਿਰਪਾ ਕਰਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ।