Tuesday, 1 March 2016

ਸੰਤੁਸ਼ਟੀ

ਸੰਤੁਸ਼ਟੀ


ਤਸੱਲੀ, ਨਿਸ਼ਾ, ਸੰਤੋਖ contented ਅਸ਼ੋਕ, ਸੁਖੀ, ਪ੍ਰਸੰਨ, ਰਾਜ਼ੀ, ਸੰਤੋਖੀ
satisfaction,  content,  gratification,  contentment
ਸੰਤੁਸ਼ਟੀ ਕੀ ਹੈ?

ਉਹ ਵਿਅਕਤੀ ਜੋ ਸਿਹਤਮੰਦ, ਤਾਜ਼ਾ ਤੇ ਨੌਜਵਾਨ ਮਹਿਸੂਸ ਕਰਦਾ ਹੈ, ਉਹੀ ਸਮਝ ਸਕੇਗਾ ਕਿ ਸੰਤੁਸ਼ਟੀ ਕੀ ਹੈ, ਨਹੀਂ ਤਾਂ ਤੁਸੀਂ ਕਦੇ ਨਹੀਂ ਸਮਝ ਸਕੋਗੇ ਕਿ ਸੰਤੁਸ਼ਟੀ ਕੀ ਹੁੰਦੀ ਹੈ। ਇਹ ਸਿਰਫ ਇਕ ਸ਼ਬਦ ਬਣਿਆ ਰਹੇਗਾ।
ਸੰਤੁਸ਼ਟੀ ਤੋਂ ਭਾਵ ਹੈ ਜੋ ਕੁਝ ਹੈ, ਸੁੰਦਰ ਹੈ। ਇਹ ਅਹਿਸਾਸ ਕਿ ਜੋ ਕੁਝ ਵੀ ਹੈ, ਸ੍ਰੇਸ਼ਠ ਹੈ। ਇਸ ਤੋਂ ਬਿਹਤਰ ਸੰਭਵ ਨਹੀਂ। ਇਕ ਡੂੰਘੀ ਮਨਜ਼ੂਰੀ ਦਾ ਅਹਿਸਾਸ ਹੈ ਸੰਤੁਸ਼ਟੀ।
ਆਮ ਤੌਰ 'ਤੇ ਮਨ ਕਹਿੰਦਾ ਹੈ—ਕੁਝ ਵੀ ਠੀਕ ਨਹੀਂ ਹੈ। ਮਨ ਲੱਭਦਾ ਹੀ ਰਹਿੰਦਾ ਹੈ। ਸ਼ਿਕਾਇਤਾਂ ਰਹਿੰਦੀਆਂ ਹਨ ਕਿ ਇਹ ਗਲਤ ਹੈ, ਉਹ ਗਲਤ ਹੈ। ਮਨ ਇਨਕਾਰ ਕਰਦਾ ਹੈ। ਉਹ ਨਾ ਕਹਿਣ ਵਾਲਾ ਹੁੰਦਾ ਹੈ। ਉਹ 'ਨਹੀਂ' ਆਸਾਨੀ ਨਾਲ ਕਹਿ ਦਿੰਦਾ ਹੈ। ਮਨ ਲਈ 'ਹਾਂ' ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਮਨ ਠਹਿਰ ਜਾਂਦਾ ਹੈ। ਉਸ ਵੇਲੇ ਮਨ ਨੂੰ ਕੋਈ ਲੋੜ ਨਹੀਂ ਹੁੰਦੀ।
ਕੀ ਤੁਸੀਂ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਜਦੋਂ ਤੁਸੀਂ 'ਨਹੀਂ' ਕਹਿੰਦੇ ਹੋ ਤਾਂ ਮਨ ਅੱਗੇ ਹੋਰ ਅੱਗੇ ਸੋਚ ਸਕਦਾ ਹੈ ਕਿਉਂਕਿ 'ਨਹੀਂ' 'ਤੇ ਅੰਤ ਨਹੀਂ ਹੁੰਦਾ। 'ਨਹੀਂ' ਦੇ ਅੱਗੇ ਕੋਈ ਫੁਲ ਸਟਾਪ ਨਹੀਂ, ਉਹ ਤਾਂ ਇਕ ਸ਼ੁਰੂਆਤ ਹੈ। 'ਨਹੀਂ' ਇਕ ਸ਼ੁਰੂਆਤ ਹੈ ਅਤੇ 'ਹਾਂ' ਅੰਤ ਹੈ।
ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਇਕ ਫੁਲ ਸਟਾਪ ਲੱਗ ਜਾਂਦਾ ਹੈ। ਹੁਣ ਮਨ ਕੋਲ ਸੋਚਣ ਲਈ ਕੁਝ ਨਹੀਂ ਰਹਿੰਦਾ। ਖਿਝਣ ਲਈ, ਸ਼ਿਕਾਇਤ ਕਰਨ ਲਈ ਕੁਝ ਨਹੀਂ ਰਹਿੰਦਾ। ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਮਨ ਠਹਿਰ ਜਾਂਦਾ ਹੈ ਅਤੇ ਮਨ ਦਾ ਇਹ ਠਹਿਰਨਾ ਹੀ ਸੰਤੁਸ਼ਟੀ ਹੈ।
ਸੰਤੁਸ਼ਟੀ ਕੋਈ ਦਿਲਾਸਾ ਨਹੀਂ, ਇਹ ਯਾਦ ਰੱਖੋ। ਅਸੀਂ ਬਹੁਤ ਸਾਰੇ ਲੋਕ ਦੇਖਦੇ ਹਾਂ ਜੋ ਸੋਚਦੇ ਹਨ ਕਿ ਉਹ ਸੰਤੁਸ਼ਟ ਹਨ ਕਿਉਂਕਿ ਉਹ ਤਸੱਲੀ ਦੇ ਰਹੇ ਹਨ ਖੁਦ ਨੂੰ। ਅਸਲ ਵਿਚ ਦਿਲਾਸਾ ਖੋਟਾ ਸਿੱਕਾ ਹੈ। ਜਦੋਂ ਤੁਸੀਂ ਖੁਦ ਨੂੰ ਦਿਲਾਸਾ ਦਿੰਦੇ ਹੋ ਤਾਂ ਸੰਤੁਸ਼ਟ ਨਹੀਂ ਹੁੰਦੇ।

ਸੰਤੁਸ਼ਟੀ ਦਾ ਪੁਰਸਕਾਰ


ਆਸਫ-ਉਦ-ਦੌਲਾ ਇਕ ਨੇਕ ਬਾਦਸ਼ਾਹ ਸੀ। ਜੋ ਵੀ ਉਸ ਦੇ ਸਾਹਮਣੇ ਹੱਥ ਫੈਲਾਉਂਦਾ, ਉਹ ਉਸ ਦੀ ਝੋਲੀ ਭਰ ਦਿੰਦਾ ਸੀ। ਇਕ ਦਿਨ ਉਸ ਨੇ ਇਕ ਫਕੀਰ ਨੂੰ ਗਾਉਂਦੇ ਸੁਣਿਆ—ਜਿਸ ਕੋ ਨਾ ਦੇ ਮੌਲਾ, ਉਸੇ ਦੇ ਆਸਫ-ਉਦ-ਦੌਲਾ। ਬਾਦਸ਼ਾਹ ਖੁਸ਼ ਹੋਇਆ। ਉਸ ਨੇ ਫਕੀਰ ਨੂੰ ਬੁਲਾ ਕੇ ਇਕ ਵੱਡਾ ਤਰਬੂਜ਼ ਦਿੱਤਾ। ਫਕੀਰ ਨੇ ਤਰਬੂਜ਼ ਲੈ ਲਿਆ ਪਰ ਉਹ ਦੁਖੀ ਸੀ। ਉਸ ਨੇ ਸੋਚਿਆ ਕਿ ਤਰਬੂਜ਼ ਤਾਂ ਕਿਤੇ ਵੀ ਮਿਲ ਜਾਵੇਗਾ, ਬਾਦਸ਼ਾਹ ਨੂੰ ਕੋਈ ਕੀਮਤੀ ਚੀਜ਼ ਦੇਣੀ ਚਾਹੀਦੀ ਹੈ। ਥੋੜ੍ਹੀ ਦੇਰ ਬਾਅਦ ਇਕ ਹੋਰ ਫਕੀਰ ਗਾਉਂਦਾ ਹੋਇਆ ਬਾਦਸ਼ਾਹ ਲਾਗਿਓਂ ਲੰਘਿਆ। ਉਸ ਦੇ ਬੋਲ ਸਨ—ਮੌਲਾ ਦਿਲਵਾਏ ਤੋ ਮਿਲ ਜਾਏ, ਮੌਲਾ ਦਿਲਵਾਏ ਤੋ ਮਿਲ ਜਾਏ। ਆਸਫ-ਉਦ-ਦੌਲਾ ਨੂੰ ਚੰਗਾ ਨਹੀਂ ਲੱਗਾ। ਉਸ ਨੇ ਫਕੀਰ ਨੂੰ ਬੇਮਨ ਨਾਲ 2 ਆਨੇ ਦਿੱਤੇ। ਫਕੀਰ ਨੇ 2 ਆਨੇ ਲਏ ਅਤੇ ਝੂਮਦਾ ਹੋਇਆ ਚੱਲ ਪਿਆ। ਦੋਵੇਂ ਫਕੀਰ ਰਸਤੇ ਵਿਚ ਮਿਲੇ।
ਉਨ੍ਹਾਂ ਇਕ-ਦੂਜੇ ਨੂੰ ਪੁੱਛਿਆ,''ਬਾਦਸ਼ਾਹ ਨੇ ਕੀ ਦਿੱਤਾ?''
ਪਹਿਲੇ ਨੇ ਨਿਰਾਸ਼ ਆਵਾਜ਼ ਵਿਚ ਕਿਹਾ,''ਸਿਰਫ ਇਹ ਤਰਬੂਜ਼ ਮਿਲਿਆ ਹੈ।''
ਦੂਜੇ ਨੇ ਖੁਸ਼ ਹੋ ਕੇ ਦੱਸਿਆ,''ਮੈਨੂੰ 2 ਆਨੇ ਮਿਲੇ ਹਨ।''
ਪਹਿਲੇ ਫਕੀਰ ਨੇ ਕਿਹਾ,''ਤੂੰ ਹੀ ਫਾਇਦੇ 'ਚ ਰਿਹਾ ਭਰਾ।''
ਦੂਜਾ ਫਕੀਰ ਬੋਲਿਆ,''ਜੋ ਰੱਬ ਨੇ ਦਿੱਤਾ, ਠੀਕ ਹੈ।''
ਪਹਿਲੇ ਫਕੀਰ ਨੇ ਉਹ ਤਰਬੂਜ਼ ਦੂਜੇ ਫਕੀਰ ਨੂੰ 2 ਆਨਿਆਂ ਵਿਚ ਵੇਚ ਦਿੱਤਾ। ਦੂਜਾ ਫਕੀਰ ਤਰਬੂਜ਼ ਲੈ ਕੇ ਬਹੁਤ ਖੁਸ਼ ਹੋਇਆ। ਉਸ ਨੇ ਤਰਬੂਜ਼ ਕੱਟਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਵਿਚ ਹੀਰੇ-ਜਵਾਹਰਾਤ ਭਰੇ ਸਨ। ਕੁਝ ਦਿਨ ਬਾਅਦ  ਪਹਿਲਾ ਫਕੀਰ ਫਿਰ ਆਸਫ-ਉਦ-ਦੌਲਾ ਕੋਲ ਖੈਰਾਤ ਮੰਗਣ ਗਿਆ।
ਬਾਦਸ਼ਾਹ ਨੇ ਫਕੀਰ ਨੂੰ ਪਛਾਣ ਲਿਆ। ਉਹ ਬੋਲਿਆ,''ਤੂੰ ਅਜੇ ਵੀ ਮੰਗਦਾ ਏਂ? ਉਸ ਦਿਨ ਤਰਬੂਜ਼ ਦਿੱਤਾ ਸੀ, ਉਹ ਕਿਹੋ ਜਿਹਾ ਨਿਕਲਿਆ?''
ਫਕੀਰ ਨੇ ਕਿਹਾ,''ਮੈਂ ਉਹ 2 ਆਨਿਆਂ ਵਿਚ ਵੇਚ ਦਿੱਤਾ।''
ਬਾਦਸ਼ਾਹ ਨੇ ਕਿਹਾ,''ਭਲੇ ਆਦਮੀ, ਉਸ ਵਿਚ ਮੈਂ ਤੇਰੇ ਲਈ ਹੀਰੇ-ਜਵਾਹਰਾਤ ਭਰੇ ਸਨ ਪਰ ਤੂੰ ਉਹ ਵੇਚ ਦਿੱਤਾ। ਤੇਰੀ ਸਭ ਤੋਂ ਵੱਡੀ ਕਮਜ਼ੋਰੀ ਇਹੋ ਹੈ ਕਿ ਤੇਰੇ ਕੋਲ ਸੰਤੁਸ਼ਟੀ ਨਹੀਂ ਹੈ। ਜੇ ਤੂੰ ਸੰਤੁਸ਼ਟ ਰਹਿਣ ਸਿੱਖਿਆ ਹੁੰਦਾ ਤਾਂ ਤੈਨੂੰ ਉਹ ਸਭ ਕੁਝ ਮਿਲ ਜਾਂਦਾ, ਜੋ ਤੂੰ ਸੋਚਿਆ ਵੀ ਨਹੀਂ ਸੀ ਪਰ ਤੈਨੂੰ ਤਰਬੂਜ਼ ਨਾਲ ਸੰਤੁਸ਼ਟੀ ਨਹੀਂ ਹੋਈ। ਤੂੰ ਹੋਰ ਦੀ ਆਸ ਰੱਖਣ ਲੱਗਾ, ਜਦੋਂਕਿ ਤੇਰੇ ਬਾਅਦ ਆਉਣ ਵਾਲੇ ਫਕੀਰ ਨੂੰ ਸੰਤੁਸ਼ਟੀ ਦਾ ਪੁਰਸਕਾਰ ਮਿਲਿਆ।''

ਮਨੁੱਖੀ ਦੇਹ ਵਿਚ ਮਨ ਦੀ ਖਾਸ ਥਾਂ ਹੈ ਕਿਉਂਕਿ ਮਨ ਵਿਚ ਜੇ ਸੰਤੁਸ਼ਟੀ ਹੈ ਤਾਂ ਸਾਰੀ ਦੁਨੀਆ ਸੰਤੁਸ਼ਟ ਨਜ਼ਰ ਆਉਂਦੀ ਹੈ ਅਤੇ ਮਨ ਦੇ ਅੰਦਰ ਪਿਆਰ ਹੈ ਤਾਂ ਸਾਰੀ ਦੁਨੀਆ ਹੱਸਦੀ-ਗਾਉਂਦੀ ਤੇ ਖੁਸ਼ ਨਜ਼ਰ ਆਉਂਦੀ ਹੈ। ਮਤਲਬ ਇਹ ਹੋਇਆ ਕਿ ਮਨ ਠੀਕ ਹੋਵੇ ਤਾਂ ਸਭ ਕੁਝ ਚੰਗਾ ਲੱਗਦਾ ਹੈ, ਨਹੀਂ ਤਾਂ ਸਭ ਕੁਝ ਬੁਰਾ ਜਾਪਦਾ ਹੈ। ਇਨਸਾਨ ਵਿਆਕੁਲ ਤੇ ਬੇਚੈਨ ਰਹਿੰਦਾ ਹੈ। ਉਸ ਨੂੰ ਨਾ ਤਾਂ ਘਰ ਵਿਚ ਚੈਨ ਆਉਂਦਾ ਹੈ ਅਤੇ ਨਾ ਹੀ ਬਾਹਰ ਜਾਣ ਦੀ ਇੱਛਾ ਹੁੰਦੀ ਹੈ ਕਿਉਂਕਿ ਮਨ ਠੀਕ ਨਹੀਂ।
ਮਨ ਦੇ ਅੰਦਰ ਈਰਖਾ, ਵੈਰ, ਵਿਰੋਧ, ਹਿੰਸਾ, ਜ਼ਾਲਮਪੁਣਾ ਤੇ ਆਪਣੇ ਪੂਰਵਜਾਂ ਦੇ ਸੰਸਕਾਰਾਂ ਦੀ ਛਾਪ ਬਣੀ ਰਹਿੰਦੀ ਹੈ। ਜਿਨ੍ਹਾਂ ਆਦਤਾਂ ਨੂੰ ਅਸੀਂ ਬਦਲ ਨਹੀਂ ਸਕਦੇ, ਉਹ ਲਹਿਰ ਬਣ ਕੇ, ਬੀਜ ਬਣ ਕੇ, ਸੰਸਕਾਰ ਬਣ ਕੇ ਕਰਮਾਂ ਵਿਚ ਨਜ਼ਰ ਆਉਂਦੀਆਂ ਹਨ। ਅਨੁਕੂਲ ਮਾਹੌਲ ਮਿਲਣ 'ਤੇ ਉਹ ਭਿਆਨਕ ਰੂਪ ਧਾਰ ਕੇ ਸਾਹਮਣੇ ਪ੍ਰਗਟ ਹੋ ਜਾਂਦੀਆਂ ਹਨ। ਇਸੇ ਕਾਰਨ ਇਨਸਾਨ ਨੂੰ ਦੁੱਖ ਭੋਗਣਾ ਪੈਂਦਾ ਹੈ।
ਮਨ ਵਿਚ ਦੱਬੀਆਂ ਇੱਛਾਵਾਂ ਆਦਤ ਬਣ ਕੇ ਹਮੇਸ਼ਾ ਸਾਹਮਣੇ ਆਉਂਦੀਆਂ ਹਨ। ਸੰਵੇਦਨਸ਼ੀਲ ਵਿਅਕਤੀ ਬਹੁਤ ਵਾਰ ਖੁਦ ਹੀ ਆਪਣੀ ਆਦਤ ਤੋਂ ਸ਼ਰਮਿੰਦਾ ਹੋ ਜਾਂਦਾ ਹੈ ਅਤੇ ਖੁਦ ਤੋਂ ਸ਼ਰਮਿੰਦਾ ਹੋਣਾ ਚੰਗੀ ਗੱਲ ਹੁੰਦੀ ਹੈ। ਇਹ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ।

ਖੁਦ ਨੂੰ ਤਸੱਲੀ

ਸੰਤੁਸ਼ਟੀ ਕੋਈ ਤਸੱਲੀ ਨਹੀਂ ਹੁੰਦੀ। ਬਹੁਤ ਸਾਰੇ ਲੋਕ ਦੇਖੇ ਗਏ ਹਨ, ਜੋ ਸੋਚਦੇ ਹਨ ਕਿ ਉਹ ਸੰਤੁਸ਼ਟ ਹਨ ਕਿਉਂਕਿ ਉਹ ਖੁਦ ਨੂੰ ਤਸੱਲੀ ਦੇ ਰਹੇ ਹਨ। ਤਸੱਲੀ ਇਕ ਖੋਟਾ ਸਿੱਕਾ ਹੈ। ਜਦੋਂ ਤੁਸੀਂ ਖੁਦ ਨੂੰ ਤਸੱਲੀ ਦਿੰਦੇ ਹੋ ਤਾਂ ਤੁਸੀਂ ਸੰਤੁਸ਼ਟ ਨਹੀਂ ਹੁੰਦੇ। ਅਸਲ ਵਿਚ ਸਾਡੇ ਅੰਦਰ ਬਹੁਤ ਡੂੰਘੀ ਅਸੰਤੁਸ਼ਟੀ ਹੁੰਦੀ ਹੈ ਪਰ ਇਹ ਸਮਝ ਕੇ ਕਿ ਅਸੰਤੁਸ਼ਟੀ ਨਾਲ ਚਿੰਤਾ ਦਾ ਜਨਮ ਹੁੰਦਾ ਹੈ, ਅਸੰਤੁਸ਼ਟੀ ਪ੍ਰੇਸ਼ਾਨੀ ਪੈਦਾ ਕਰਦੀ ਹੈ ਅਤੇ ਅਸੰਤੁਸ਼ਟੀ ਨਾਲ ਕੋਈ ਹੱਲ ਨਹੀਂ ਨਿਕਲਦਾ, ਅਸੀਂ ਬੌਧਿਕ ਤੌਰ 'ਤੇ ਖੁਦ ਨੂੰ ਸਮਝਾ-ਬੁਝਾ ਲੈਂਦੇ ਹਾਂ ਪਰ ਇਹ ਕੋਈ ਢੰਗ ਨਹੀਂ ਹੈ। ਤੁਸੀਂ ਇਕ ਝੂਠੀ ਸੰਤੁਸ਼ਟੀ ਦੀ ਚਾਦਰ ਲੈ ਲਈ ਹੈ। ਤੁਸੀਂ ਕਹਿੰਦੇ ਰਹਿੰਦੇ ਹੋ,''ਮੈਂ ਸੰਤੁਸ਼ਟ ਹਾਂ। ਮੈਂ ਸਿੰਘਾਸਨਾਂ ਦੇ ਪਿੱਛੇ ਨਹੀਂ ਭੱਜਦਾ, ਮੈਂ ਪੈਸੇ ਦੀ ਇੱਛਾ ਨਹੀਂ ਰੱਖਦਾ। ਮੈਂ ਕਿਸੇ ਗੱਲ ਦੀ ਆਸ ਨਹੀਂ ਰੱਖਦਾ।'' ਪਰ ਤੁਸੀਂ ਇੱਛਾਵਾਂ ਰੱਖਦੇ ਹੋ, ਨਹੀਂ ਤਾਂ ਇਹ ਆਸਾਂ ਨਾ ਰੱਖਣ ਦੀ ਗੱਲ ਕਿਥੋਂ ਆਉਂਦੀ? ਤੁਸੀਂ ਕਾਮਨਾਵਾਂ ਕਰਦੇ ਹੋ ਪਰ ਤੁਸੀਂ ਜਾਣ ਲੈਂਦੇ ਹੋ ਕਿ ਇਨ੍ਹਾਂ ਇੱਛਾਵਾਂ ਤੇ ਕਾਮਨਾਵਾਂ ਤਕ ਪਹੁੰਚ ਸਕਣਾ ਲੱਗਭਗ ਅਸੰਭਵ ਹੀ ਹੈ ਤਾਂ ਤੁਸੀਂ ਚਲਾਕੀ ਕਰਦੇ ਹੋ, ਤੁਸੀਂ ਹੁਸ਼ਿਆਰੀ ਕਰਦੇ ਹੋ। ਤੁਸੀਂ ਖੁਦ ਨੂੰ ਕਹਿੰਦੇ ਹੋ ਕਿ ਮੰਜ਼ਿਲ ਤਕ ਪਹੁੰਚ ਸਕਣਾ ਅਸੰਭਵ ਹੈ ਪਰ ਫਿਰ ਵੀ ਤੁਸੀਂ ਖੁਦ ਨੂੰ ਵਿਚਾਰਾ ਤੇ ਮਜਬੂਰ ਕਹਾਉਣਾ ਨਹੀਂ ਚਾਹੁੰਦੇ। ਤੁਸੀਂ ਇਕ ਬਹੁਤ ਚੰਗੀ ਕਹਾਣੀ ਸੁਣੀ ਹੋਵੇਗੀ। ਇਕ ਲੂੰਬੜੀ ਇਕ ਬਗੀਚੇ ਵਿਚ ਜਾਂਦੀ ਹੈ। ਉਹ ਉੱਪਰ ਦੇਖਦੀ ਹੈ। ਅੰਗੂਰਾਂ ਦੇ ਗੁੱਛੇ ਲਟਕ ਰਹੇ ਹਨ। ਉਹ ਉੱਚੀ ਛਾਲ ਮਾਰਦੀ ਹੈ ਪਰ ਉਥੋਂ ਤਕ ਪਹੁੰਚ ਨਹੀਂ ਸਕਦੀ। ਉਹ ਬਹੁਤ ਕੋਸ਼ਿਸ਼ ਕਰਦੀ ਹੈ ਪਰ ਪਹੁੰਚ ਨਹੀਂ ਸਕਦੀ। ਫਿਰ ਉਹ ਚਾਰੇ ਪਾਸੇ ਦੇਖਦੀ ਹੈ ਕਿ ਕਿਸੇ ਨੇ ਉਸ ਦੀ ਹਾਰ ਦੇਖੀ ਤਾਂ ਨਹੀਂ। ਫਿਰ ਉਹ ਆਕੜ ਕੇ ਤੁਰ ਪੈਂਦੀ ਹੈ। ਇਕ ਨਿੱਕਾ ਜਿਹਾ ਖਰਗੋਸ਼ ਝਾੜੀਆਂ ਵਿਚੋਂ ਬਾਹਰ ਆਉਂਦਾ ਹੈ ਅਤੇ ਪੁੱਛਦਾ ਹੈ,''ਮਾਸੀ, ਕੀ ਹੋਇਆ?'' ਉਸ ਨੇ ਦੇਖ ਲਿਆ ਕਿ ਲੂੰਬੜੀ ਹਾਰ ਗਈ। ਉਹ ਪਹੁੰਚ ਨਹੀਂ ਸਕੀ ਪਰ ਲੂੰਬੜੀ ਕਹਿੰਦੀ ਹੈ,''ਕੁਝ ਨਹੀਂ ਹੋਇਆ, ਅੰਗੂਰ ਖੱਟੇ ਹਨ।''

ਇਨਸਾਨ ਕੋਲ ਭਾਵੇਂ ਕਿੰਨਾ ਵੀ ਸੁੱਖ ਤੇ ਸਹੂਲਤਾਂ ਹੋ ਜਾਣ, ਉਸ ਨੂੰ ਘੱਟ ਹੀ ਲਗਦਾ ਹੈ ਅਤੇ ਜ਼ਿਆਦਾ ਦੀ ਭਾਲ ਬਣੀ ਰਹਿੰਦੀ ਹੈ। ਇਹੋ ਕਾਰਨ ਹੈ ਕਿ ਸੁੱਖ ਨਹੀਂ ਮਿਲਦਾ। ਜੇ ਜੀਵਨ ਵਿਚ ਸੁੱਖ ਚਾਹੀਦਾ ਹੈ ਤਾਂ ਸੰਤੁਸ਼ਟੀ ਦੀ ਭਾਵਨਾ 'ਚ ਆਉਣਾ ਹੀ ਪਵੇਗਾ, ਨਹੀਂ ਤਾਂ ਬਹੁਤ ਕੁਝ ਹੋਣ 'ਤੇ ਵੀ ਸੁੱਖ ਨਹੀਂ ਮਿਲੇਗਾ।

ਸੁੱਖ, ਸੰਤੁਸ਼ਟੀ ਤੇ ਸ਼ਾਂਤੀ ਦਾ ਨਾਂ ਹੈ ਸਫਲਤਾ


ਮਨ ਵਿਚ ਸਫਲਤਾ ਦੀ ਇੱਛਾ ਹੈ ਤਾਂ ਤੁਸੀਂ ਜ਼ਰੂਰ ਸਫਲ ਹੋਵੋਗੇ। ਹਰ ਕੰਮ ਦੇ 2 ਪੱਖ ਹੁੰਦੇ ਹਨ—ਨਾਂਹਪੱਖੀ ਤੇ ਹਾਂਪੱਖੀ। ਜੋ ਹਾਂਪੱਖੀ ਪੱਖ ਹੈ, ਉਸ 'ਤੇ ਮਨ ਨੂੰ ਟਿਕਾਉਣਾ ਚਾਹੀਦਾ ਹੈ। ਚੰਗਾ ਸੋਚਦੇ-ਸੋਚਦੇ ਹਿੰਮਤ ਜੁਟਾਉਣੀ ਅਤੇ ਅੱਗੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਾਂ ਤੇ ਮੌਕਾ ਹੱਥੋਂ ਨਿਕਲਣ ਨਾ ਦਿਓ। ਹਰ ਵਿਅਕਤੀ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਪਰ ਸਮਾਂ ਇਕੋ ਵਾਰ ਮਿਲਦਾ ਹੈ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਦਾ ਮੌਕਾ ਵੀ ਉਹੋ ਹੁੰਦਾ ਹੈ। ਜੇ ਉਡੀਕ ਕਰਦੇ ਰਹਾਂਗੇ, ਇਹ ਸੋਚਾਂਗੇ ਕਿ ਅਜੇ ਥੋੜ੍ਹੀ ਦੇਰ ਰੁਕ ਜਾਈਏ, ਫਿਰ ਕਰ ਲਵਾਂਗੇ ਤਾਂ ਉਹ ਗਲਤ ਹੈ। ਇਸ ਲਈ ਕੋਸ਼ਿਸ਼ ਜਾਰੀ ਰੱਖੋ, ਲਗਾਤਾਰ ਕੰਮ ਕਰਦੇ ਰਹੋ, ਇਹੋ ਸਫਲਤਾ ਵੱਲ ਤੁਹਾਡਾ ਪਹਿਲਾ ਕਦਮ ਹੈ। ਲੋਕ ਸਫਲਤਾ ਦਾ ਮਤਲਬ ਸਮਝਦੇ ਹਨ ਕਿ ਥੋੜ੍ਹਾ ਜਿਹਾ ਪੈਸਾ ਇਕੱਠਾ ਹੋ ਜਾਵੇ ਤਾਂ ਅਸੀਂ ਸਫਲ ਹਾਂ। ਕਈ ਲੋਕ ਕਹਿੰਦੇ ਹਨ ਕਿ ਥੋੜ੍ਹੀ ਸੱਤਾ ਸਾਨੂੰ ਮਿਲ ਜਾਵੇ ਤਾਂ ਅਸੀਂ ਸਫਲ ਹਾਂ। ਕੁਝ ਸੋਚਦੇ ਹਨ ਕਿ ਮਕਾਨ ਵਧੀਆ ਬਣਾ ਲਈਏ ਤਾਂ ਅਸੀਂ ਸਫਲ ਹਾਂ। ਕੁਝ ਸੋਚਦੇ ਹਨ ਕਿ ਜੇ ਸੰਗਠਨ ਮਜ਼ਬੂਤ ਹੋਵੇ ਤਾਂ ਅਸੀਂ ਸਫਲ ਹਾਂ। ਹੁਣ ਸਫਲਤਾ ਕਿਸ ਨੂੰ ਮੰਨਿਆ ਜਾਵੇ? ਅਸਲ ਵਿਚ ਸਫਲਤਾ ਉਹ ਚੀਜ਼ ਹੈ, ਜਿਸ ਨਾਲ ਤੁਹਾਡੀ ਜ਼ਿੰਦਗੀ ਵਿਚ ਸੁੱਖ, ਸੰਤੁਸ਼ਟੀ, ਸ਼ਾਂਤੀ ਤੇ ਖੁਸ਼ੀ ਬਣੀ ਰਹੇ ਅਤੇ ਤੁਸੀਂ ਭਵਿੱਖ ਨੂੰ ਸੁਖਦਾਇਕ ਸਥਿਤੀ ਵਿਚ ਮਹਿਸੂਸ ਕਰਨ ਲੱਗ ਪਵੋ।

ਦੀਨ-ਦੁਨੀਆਂ ਦੇ ਝੰਜਟਾਂ ਤੋਂ ਬੇਖ਼ਬਰ ਸੁੱਤੇ ਬੱਚੇ ਨੂੰ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ! ਉਸ ਦੇ ਚਿਹਰੇ ਤੇ ਕਿੰਨੀ ਸ਼ਾਂਤੀ ਹੁੰਦੀ ਹੈ। ਸਾਡਾ ਦਿਲ ਕਹਿੰਦਾ ਹੈ ਕਿ ਕਾਸ਼ ਅਸੀਂ ਵੀ ਇਸੇ ਤਰ੍ਹਾਂ ਨਿਸ਼ਚਿੰਤ ਹੋ ਕੇ ਪੂਰੀ ਸੰਤੁਸ਼ਟੀ ਨਾਲ ਜੀਵਨ ਜੀ ਸਕਦੇ। ਪਰ ਅੱਜ ਜ਼ਿੰਦਗੀ ਵਿਚ ਸੰਤੁਸ਼ਟੀ ਪਾਉਣੀ ਬਹੁਤ ਹੀ ਮੁਸ਼ਕਲ ਹੈ। ਜੇ ਮਿਲਦੀ ਵੀ ਹੈ, ਤਾਂ ਝੱਟ ਖ਼ਤਮ ਹੋ ਜਾਂਦੀ ਹੈ।
ਸੰਤੁਸ਼ਟੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਇਹ ਗੱਲ ਯਾਦ ਰੱਖੀਏ ਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਫਿਰ ਅਸੀਂ ਆਪਣੀਆਂ ਤੇ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਦੁਖੀ ਨਹੀਂ ਹੋਵਾਂਗੇ। ਸੰਤੁਸ਼ਟੀ ਪਾਉਣ ਲਈ ਪਹਿਲਾ ਕਦਮ ਹੈ ਕਿ ਅਸੀਂ ਆਪਣੀਆਂ ਕਮੀਆਂ ਨੂੰ ਪਛਾਣੀਏ।
ਇਹ ਇਕ ਅਸਲੀਅਤ ਹੈ ਕਿ ਹਰ ਚੀਜ਼ ਸਮੇਂ ਨਾਲ ਹੀ ਮਿਲਦੀ ਹੈ। ਪਰ ਕੀ ਤੁਸੀਂ ਦੇਖਿਆ ਹੈ ਕਿ ਜਦ ਸਾਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਹੈ ਤੇ ਆਸ ਤੋਂ ਉਲਟ ਸਾਨੂੰ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਹੈ, ਤਾਂ ਅਸੀਂ ਕਿੰਨੇ ਬੇਚੈਨ ਹੋਣ ਲੱਗ ਪੈਂਦੇ ਹਾਂ? ਜਾਂ ਜਦੋਂ ਕੋਈ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈਂਦੀ, ਤਾਂ ਅਸੀਂ ਕਾਹਲ ਮਹਿਸੂਸ ਕਰਨ ਲੱਗ ਪੈਂਦੇ ਹਾਂ? ਪਰ ਅਜਿਹੇ ਮੌਕਿਆਂ ਤੇ ਵੀ ਕਈ ਇਨਸਾਨ ਸਬਰ ਰੱਖਦੇ ਹੋਏ ਸੰਤੁਸ਼ਟ ਰਹੇ ਹਨ।

ਤੁਹਾਡੀ ਆਪਣੀ ਇਕ ਅਲੱਗ ਪਛਾਣ ਹੈ। ਇਕ ਅਖਾਣ ਮੁਤਾਬਕ “ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ,” ਯਾਨੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਇਕ ਉਂਗਲੀ ਦੀ ਦੂਜੀ ਉਂਗਲੀ ਨਾਲ ਤੁਲਨਾ ਕਰਨੀ ਮੂਰਖਤਾ ਹੈ। ਅਸੀਂ ਇਨਸਾਨ ਇਸ ਤਰ੍ਹਾਂ ਕਰਦੇ ਰਹਿੰਦੇ ਹਾਂ ਤੇ ਨਤੀਜੇ ਵਜੋਂ ਆਪਣੀ ਸੰਤੁਸ਼ਟੀ ਗੁਆ ਬੈਠਦੇ ਹਾਂ।   “ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉਪਰ ਮਾਣ ਕਰ ਸਕਦਾ ਹੈ।” ਇਸ ਦਾ ਮਤਲਬ ਹੈ ਕਿ ਸਾਨੂੰ ਅਜਿਹੇ ਟੀਚੇ ਰੱਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਫਿਰ ਸਾਨੂੰ ਪੂਰੀ ਵਾਹ ਲਾ ਕੇ ਕੰਮ ਕਰਨਾ ਚਾਹੀਦਾ ਹੈ। ਆਪਣੀ ਮੰਜ਼ਲ ਤੇ ਪਹੁੰਚਣ ਤੇ ਅਸੀਂ ਉਸ ਤੇ ‘ਮਾਣ ਕਰ ਸਕਾਂਗੇ’ ਅਤੇ ਇਸ ਤੋਂ ਸਾਨੂੰ ਸੰਤੁਸ਼ਟੀ ਹਾਸਲ ਹੋਵੇਗੀ।

ਸੰਤੁਸ਼ਟੀ

ਦਰੱਖਤ ਦੀ ਛਾਂ ਹੇਠ ਲੇਟ ਕੇ ਖਰਬੂਜੇ ਵੇਚ ਰਹੇ ਬਜ਼ੁਰਗ ਨੂੰ ਇਕ ਆਦਮੀ ਨੇ ਪੁੱਛਿਆ, “ਖਰਬੂਜੇ ਕਿਸ ਭਾਅ ਵੇਚੇ ਜਾ ਰਹੇ ਨੇ?”
ਬਜ਼ੁਰਗ ਨੇ ਲੇਟਿਆਂ ਹੀ ਉੱਤਰ ਦਿੱਤਾ, “ਪੰਜਾਹ ਪੈਸੇ ਦਾ ਇਕ ਐ, ਕੋਈ ਲੈ ਲਓ।”
ਉਹ ਆਦਮੀ ਬਹੁਤ ਹੈਰਾਨ ਹੋਇਆ। ਉਸ ਨੇ ਬਜ਼ੁਰਗ ਨੂੰ ਕਿਹਾ, “ਤੁਹਾਨੂੰ ਇਕ ਸਲਾਹ ਦਿਆਂ। ਤੁਸੀਂ ਖਰਬੂਜੇ ਬੈਠ ਕੇ ਵੇਚਿਆ ਕਰੋ।”
ਬਜ਼ੁਰਗ ਨੇ ਪੁੱਛਿਆ, “ਬੈਠ ਕੇ ਖਰਬੂਜੇ ਵੇਚਣ ਨਾਲ ਕੀ ਹੋਏਗਾ?”
ਆਦਮੀ ਬੋਲਿਆ, “ਬੈਠ ਕੇ ਖਰਬੂਜੇ ਧਿਆਨ ਨਾਲ ਵੇਚੋ ਤਾਂ ਇਨ੍ਹਾਂ ਵਿੱਚੋਂ ਕੁਝ ਇਕ ਰੁਪਏ ਦੇ ਤੇ ਕੁਝ ਇਸ ਤੋਂ ਵੀ ਵੱਧ ਦੇ ਵਿਕ ਸਕਦੇ ਹਨ। ਇਸ ਤਰ੍ਹਾਂ ਤੁਸੀਂ ਰੋਜ਼ ਬਹੁਤ ਪੈਸੇ ਕਮਾ ਸਕਦੇ ਹੋ ਤੇ ਇੱਥੇ ਇਕ ਪੱਕੀ ਦੁਕਾਨ ਖੜੀ ਕਰਨ ਦੇ ਯੋਗ ਹੋ ਸਕਦੇ ਹੋ।”
“ਗੱਲ ਤਾਂ ਤੇਰੀ ਠੀਕ ਐ। ਪਰ ਦੁਕਾਨ ’ਚ ਮੈਂ ਕੀ ਕਰਾਂਗਾ?”
“ਦੁਕਾਨ ’ਚ ਬਹਿ ਕੇ ਤੁਸੀਂ ਆਰਾਮ ਨਾਲ ਖਰਬੂਜੇ ਵੇਚ ਸਕੋਗੇ।”
ਬਜ਼ੁਰਗ ਕੁਝ ਦੇਰ ਉਸ ਆਦਮੀ ਦੇ ਚਿਹਰੇ ਵੱਲ ਵੇਖਦਾ ਰਿਹਾ ਤੇ ਫਿਰ ਬੋਲਿਆ, “ਫਿਰ ਆਰਾਮ ਕਿੱਥੇ ਰਹਿਣੈ। ਆਰਾਮ ਨਾਲ ਤਾਂ ਮੈਂ ਹੁਣ ਖਰਬੂਜੇ ਵੇਚ ਰਿਹੈਂ।”
–ਸੁਖਵੰਤ ਮਰਵਾਹਾ

ਸ਼ਾਂਤੀ ਤੇ ਸੰਤੁਸ਼ਟੀ ਆਸਾਨੀ ਨਾਲ ਮਿਲ ਸਕਦੀ ਹੈ


ਰੂਸ ਵਿਚ ਇਕ ਕਿਸਾਨ ਰਹਿੰਦਾ ਸੀ, ਜਿਸ ਦਾ ਇਕ ਛੋਟਾ ਜਿਹਾ ਪਲਾਟ ਸੀ। ਉਸ ਦੀ ਜ਼ਿੰਦਗੀ ਬੜੀ ਸ਼ਾਂਤੀ ਤੇ ਸੰਤੁਸ਼ਟੀ ਨਾਲ ਬੀਤ ਰਹੀ ਸੀ। ਇਕ ਦਿਨ ਉਸ ਨੂੰ ਆਪਣੀ ਪਤਨੀ ਦੇ ਅਮੀਰ ਜ਼ਿਮੀਂਦਾਰ ਭਰਾ ਨਾਲ ਈਰਖਾ ਹੋ ਗਈ। ਉਸ ਨੇ ਦੇਖਿਆ ਕਿ ਉਸ ਦਾ ਸਾਲਾ ਜ਼ਮੀਨ 'ਤੇ ਜ਼ਮੀਨ ਖਰੀਦੀ ਜਾ ਰਿਹਾ ਸੀ। ਜ਼ਮੀਨ ਖਰੀਦ ਕੇ ਉਹ ਕਿਰਾਏ 'ਤੇ ਦੇ ਦਿੰਦਾ। ਜਿਵੇਂ-ਜਿਵੇਂ ਉਹ ਅਮੀਰ ਹੁੰਦਾ ਗਿਆ, ਕਿਸਾਨ ਵਿਚ ਵੀ ਅਮੀਰ ਬਣਨ ਦੀ ਇੱਛਾ ਹੋਰ ਵਧਦੀ ਗਈ। ਉਸ ਨੇ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਜ਼ਮੀਨ ਖਰੀਦ ਸਕੇ।
ਜਦੋਂ ਕਿਸਾਨ ਕੋਲ ਕਾਫੀ ਪੈਸੇ ਜਮ੍ਹਾ ਹੋ ਗਏ ਤਾਂ ਉਸ ਨੇ ਜ਼ਮੀਨ ਲੱਭਣੀ ਸ਼ੁਰੂ ਕਰ ਦਿੱਤੀ। ਉਸ ਨੇ ਸੁਣਿਆ ਕਿ ਨੇੜਲੇ ਇਲਾਕੇ ਵਿਚ ਕੋਈ ਸਸਤੀ ਜ਼ਮੀਨ ਹੈ। ਉਹ ਜ਼ਮੀਨ ਦੇਖਣ ਪਹੁੰਚਿਆ ਤਾਂ ਦੇਖਿਆ ਕਿ ਉਸ ਥਾਂ 'ਤੇ ਰਹਿਣ ਵਾਲੇ ਲੋਕ ਖਾਨਾਬਦੋਸ਼ ਸਨ। ਇਲਾਕੇ ਦੇ ਮੁਖੀ ਲਈ ਕਿਸਾਨ ਨੇ ਕੁਝ ਸੌਗਾਤਾਂ ਖਰੀਦੀਆਂ।
ਮੁਖੀ ਨੇ ਸੌਗਾਤਾਂ ਲਈ ਉਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੈਦਲ ਚੱਲ ਕੇ ਜਿੰਨੀ ਵੀ ਜ਼ਮੀਨ ਸੂਰਜ ਛਿਪਣ ਤੋਂ ਪਹਿਲਾਂ ਤੱਕ ਨਾਪ ਲਵੇਗਾ, ਓਨੀ ਜ਼ਮੀਨ ਲੈ ਸਕਦਾ ਹੈ। ਕਿਸਾਨ ਇਸ ਗੱਲ ਤੋਂ ਫੁੱਲਿਆ ਨਾ ਸਮਾਇਆ।
ਉਸ ਨੇ ਬਹੁਤ ਤੇਜ਼ ਤੁਰਨਾ ਸ਼ੁਰੂ ਕੀਤਾ ਤਾਂ ਜੋ ਉਹ ਜ਼ਿਆਦਾ ਜ਼ਮੀਨ ਨਾਪ ਸਕੇ। ਕਿਸਾਨ ਭੋਜਨ-ਪਾਣੀ ਲਈ ਰੁਕ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ ਤਾਂ ਜੋ ਥੋੜ੍ਹੀ ਹੋਰ ਜ਼ਮੀਨ ਹਾਸਲ ਕਰਨ ਦਾ ਮੌਕਾ ਨਾ ਗੁਆ ਸਕੇ। ਉਸ ਦੇ ਪੈਰ ਥੱਕ ਗਏ ਪਰ ਉਸ ਨੇ ਕੁਝ ਪਲਾਂ ਲਈ ਵੀ ਆਰਾਮ ਨਾ ਕੀਤਾ।
ਅਖੀਰ ਸੂਰਜ ਛਿਪਣ ਵਾਲਾ ਸੀ। ਭੀੜ ਨੇ ਉਸ ਦੀ ਜਿੱਤ ਲਈ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਹੀ ਉਹ ਸ਼ੁਰੂਆਤ ਵਾਲੀ ਥਾਂ 'ਤੇ ਪਹੁੰਚਿਆ, ਪਿਆਸ ਤੇ ਥਕੇਵੇਂ ਨਾਲ ਉਹ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਉਥੇ ਹੀ ਡਿੱਗ ਪਿਆ।
ਟਾਲਸਟਾਏ ਵਲੋਂ ਲਿਖੀ ਇਹ ਦੁੱਖ ਭਰੀ ਕਹਾਣੀ ਧਰਤੀ 'ਤੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦੇ ਜੀਵਨ ਤੋਂ ਬਹੁਤੀ ਵੱਖਰੀ ਨਹੀਂ। ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਇਕ ਦੌੜ ਵਿਚ ਹੀ ਬਿਤਾ ਦਿੰਦੇ ਹਨ ਤਾਂ ਜੋ ਜਿੰਨਾ ਸੰਭਵ ਹੋ ਸਕੇ, ਓਨੇ ਪੈਸੇ ਜਮ੍ਹਾ ਕਰ ਸਕਣ, ਜਿੰਨਾ ਸੰਭਵ ਹੋ ਸਕੇ, ਓਨੀ ਜ਼ਮੀਨ-ਜਾਇਦਾਦ ਕਮਾ ਸਕਣ, ਨਾਂ ਤੇ ਪ੍ਰਸਿੱਧੀ ਜਾਂ ਸੱਤਾ ਕਮਾ ਸਕਣ ਪਰ ਉਹ ਅਖੀਰ ਵਿਚ ਦੇਖਦੇ ਹਨ ਕਿ ਇਹ ਦੌੜ ਉਨ੍ਹਾਂ ਦੀ ਮੌਤ ਨਾਲ ਹੀ ਖਤਮ ਹੋ ਜਾਂਦੀ ਹੈ।
ਲੋਕ ਸੋਚਦੇ ਹਨ ਕਿ ਇਕ ਵੇਲਾ ਆਏਗਾ, ਜਦੋਂ ਉਨ੍ਹਾਂ ਕੋਲ ਇੰਨਾ ਹੋਵੇਗਾ ਕਿ ਆਰਾਮ ਨਾਲ ਬੈਠ ਕੇ ਆਪਣੀ ਮਿਹਨਤ ਦੇ ਫਲ ਦਾ ਆਨੰਦ ਮਾਣ ਸਕਣਗੇ ਪਰ ਜ਼ਿਆਦਾਤਰ ਲੋਕ ਉਹ ਸ਼ਾਂਤੀ ਮਿਲਣ ਤੋਂ ਪਹਿਲਾਂ ਹੀ ਦੁਨੀਆ ਛੱਡ ਜਾਂਦੇ ਹਨ। ਇਹ ਦੁਨੀਆ ਇਕ ਦੌੜ ਵਾਂਗ ਹੈ।


ਜੀਵਨ 'ਚ ਸੰਤੁਸ਼ਟੀ ਨਾਲ ਹੀ ਆਨੰਦ ਆਉਂਦਾ ਹੈ

ਭਾਰਤੀ ਦਰਸ਼ਨ ਕਹਿੰਦਾ ਹੈ ਕਿ ਸਫਲਤਾ ਹੀ ਸਭ ਕੁਝ ਨਹੀਂ ਸਗੋਂ ਵਿਅਕਤੀ ਨੂੰ ਸੰਤੁਸ਼ਟੀ ਵੀ ਚਾਹੀਦੀ ਹੈ। ਸਫਲਤਾ ਦੇ ਬਾਵਜੂਦ ਜੀਵਨ ਵਿਚ ਅਸਫਲਤਾ ਦਾ ਅਹਿਸਾਸ ਬਣਿਆ ਰਹੇਗਾ ਕਿਉਂਕਿ ਜੀਵਨ ਵਿਚ ਸੰਤੁਸ਼ਟੀ ਨਾਲ ਹੀ ਆਨੰਦ ਆਉਂਦਾ ਹੈ। ਅਸੀਂ ਜੋ ਵੀ ਕਰਦੇ ਹਾਂ, ਉਹ ਕਿਰਿਆ ਹੋਣਾ ਚਾਹੀਦਾ ਹੈ। ਉਸ ਵਿਚ ਕਿਸੇ ਕੰਮ ਨੂੰ ਕਰਨ ਦੀ ਇੱਛਾ ਝਲਕਣੀ ਚਾਹੀਦੀ ਹੈ। ਜੇ ਅਸੀਂ ਕੋਈ ਕੰਮ ਪ੍ਰਤੀਕਰਮ ਲੈਣ ਲਈ ਕਰਦੇ ਹਾਂ ਤਾਂ ਜੀਵਨ ਨੂੰ ਨਰਕ ਬਣਾ ਲੈਂਦੇ ਹਾਂ। ਛੋਟੀ ਜਿਹੀ ਉਦਾਹਰਣ ਦੇਖੋ, ਅਸੀਂ ਗੁੱਡ ਈਵਨਿੰਗ ਕਿਉਂ ਕਹਿੰਦੇ ਹਾਂ? ਇਸ ਲਈ ਕਿ ਆਉਣ-ਜਾਣ ਵੇਲੇ ਅਸੀਂ ਮਿਲਦੇ ਹਾਂ ਤਾਂ ਇਕ-ਦੂਜੇ ਦਾ ਸਵਾਗਤ ਕਰਦੇ ਹਾਂ। ਤਾਂ ਕੀ ਇਹ ਇਕ ਰਸਮ ਹੀ ਹੈ? ਸ਼ਾਇਦ ਨਹੀਂ ਕਿਉਂਕਿ ਇਸ ਦਾ ਮਤਲਬ ਹੁੰਦਾ ਹੈ। ਮਤਲਬ ਹੈ ਕਿ ਸ਼ਾਮ ਚੰਗੀ ਹੈ ਅਤੇ ਜੇ ਚੰਗੀ ਨਹੀਂ ਤਾਂ ਅਸੀਂ ਇਸ ਨੂੰ ਚੰਗੀ ਬਣਾ ਸਕਦੇ ਹਾਂ ਪਰ ਜੇ ਅਸੀਂ ਸ਼ਬਦਾਂ ਬਾਰੇ ਸੋਚਦੇ ਨਹੀਂ ਅਤੇ ਉਨ੍ਹਾਂ ਨੂੰ ਬਸ ਉਚਾਰਦੇ ਜਾਂਦੇ ਹਾਂ ਤਾਂ ਜੀਵਨ ਵਿਚ ਹੈਰਾਨੀ ਤੇ ਆਨੰਦ ਨਹੀਂ ਰਹਿੰਦਾ। ਅਸੀਂ ਬਸ ਗੁੱਡ ਈਵਨਿੰਗ, ਗੁੱਡ ਮਾਰਨਿੰਗ ਕਹਿੰਦੇ ਹਾਂ ਪਰ ਸਾਡਾ ਮਤਲਬ ਸਵੇਰ ਤੇ ਸ਼ਾਮ ਨੂੰ ਚੰਗਾ ਬਣਾਉਣਾ ਨਹੀਂ ਹੁੰਦਾ। ਉਸ ਵੇਲੇ ਅਸੀਂ ਸਵੇਰ ਤੇ ਸ਼ਾਮ ਨੂੰ ਮਹਿਸੂਸ ਨਹੀਂ ਕਰ ਰਹੇ ਹੁੰਦੇ। ਅਸੀਂ ਪ੍ਰਤੀਕਰਮ ਵਜੋਂ ਗੁੱਡ ਮਾਰਨਿੰਗ ਕਹਿ ਰਹੇ ਹਾਂ ਪਰ ਗੁੱਡ ਮਾਰਨਿੰਗ ਦਾ ਮਤਲਬ ਸਾਨੂੰ ਪਤਾ ਨਹੀਂ। ਇਸ ਤਰ੍ਹਾਂ ਦੇ ਜੀਵਨ ਵਿਚ ਸਾਨੂੰ ਕਦੇ ਵੀ ਹੈਰਾਨੀ ਤੇ ਖੁਸ਼ੀ ਦਾ ਅਹਿਸਾਸ ਨਹੀਂ ਹੋ ਸਕਦਾ। ਜੀਵਨ ਵਿਚ ਜੇ ਆਨੰਦ ਹਾਸਿਲ ਕਰਨਾ ਹੈ ਤਾਂ ਸਾਵਧਾਨੀ ਨਾਲ, ਜਾਗਰੂਕਤਾ ਨਾਲ ਚੀਜ਼ਾਂ ਨੂੰ ਗ੍ਰਹਿਣ ਕਰਨਾ ਪਵੇਗਾ, ਮਹਿਸੂਸ ਕਰਨਾ ਪਵੇਗਾ। ਹਰ ਛੋਟੀ ਚੀਜ਼ ਵਿਚ ਆਨੰਦ ਮਹਿਸੂਸ ਕਰਨਾ ਪਵੇਗਾ। ਮਹਿਸੂਸ ਕਰਨ ਨਾਲ ਹੀ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ।


ਸੰਤੁਸ਼ਟੀ ਕਦੇ ਨਹੀਂ ਹੋਣੀ - ਪ੍ਰੋ: ਕੁਲਜੀਤ ਕੌਰ


ਸੰਤੁਸ਼ਟੀ ਜਾਂ ਸਬਰ ਸੰਤੋਖ ਮਨ ਨੂੰ ਠੰਢ ਪਾਉਣ ਵਾਲੇ ਸ਼ਬਦ ਹਨ ਪਰ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇਗਾ, ਜੋ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ, ਭਾਵੇਂ ਉਹ ਦੂਜਿਆਂ ਸਾਹਮਣੇ ਜ਼ਾਹਿਰ ਕਰੇ ਜਾਂ ਨਾ ਪਰ ਉਸ ਦੇ ਮਨ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਥੋੜ੍ਹੀ ਜਿਹੀ ਕਸਕ ਜ਼ਰੂਰ ਰਹਿ ਜਾਂਦੀ ਹੈ।

ਕਿਸੇ ਵੀ ਇਨਸਾਨ ਦੇ ਲਈ ਆਪਣੀ ਜ਼ਿੰਦਗੀ ਵਿਚ ਥੋੜ੍ਹੀਆਂ-ਬਹੁਤੀਆਂ ਸ਼ਿਕਾਇਤਾਂ ਹੋਣਾ ਸੁਭਾਵਿਕ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਨਾਕਾਮੀਆਂ ਦੇ ਬਾਰੇ ਸੋਚ ਕੇ ਨਿਰਾਸ਼ ਹੁੰਦੇ ਰਹੀਏ, ਸਗੋਂ ਸਾਨੂੰ ਹਰ ਗਲਤੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜ਼ਿੰਦਗੀ ਵੀ ਮੌਸਮ ਦੇ ਰੰਗਾਂ ਵਾਂਗ ਬਦਲਦੀ ਹੈ। ਜੇਕਰ ਜੀਵਨ ਦਾ ਕਠਿਨ ਜਾਂ ਮੁਸ਼ਕਿਲ ਦੌਰ ਆਏ ਤਾਂ ਇਹ ਸੋਚ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਕਿ ਖੁਸ਼ੀਆਂ ਦਾ ਦੌਰ ਵਾਪਸ ਆ ਜਾਵੇਗਾ।

ਛੋਟੀਆਂ-ਛੋਟੀਆਂ ਆਸਾਂ-ਉਮੀਦਾਂ ਦਾ ਸਹਾਰਾ ਲੈ ਕੇ ਚੱਲਣ ਨਾਲ ਜ਼ਿੰਦਗੀ ਦਾ ਮੁਸ਼ਕਿਲ ਸਫਰ ਵੀ ਆਸਾਨ ਹੋ ਜਾਂਦਾ ਹੈ। ਸੱਚਮੁੱਚ ਉਮੀਦ ਨਾਲ ਹੀ ਦੁਨੀਆ ਕਾਇਮ ਹੈ। ਜ਼ਰਾ ਸੋਚੋ, ਜੇਕਰ ਸਾਡੇ ਮਨ ਵਿਚ ਜਿਉਣ ਦਾ ਉਤਸ਼ਾਹ ਅਤੇ ਖੁਸ਼ੀਆਂ ਹਾਸਲ ਕਰਨ ਦਾ ਲਾਲਚ ਨਾ ਹੋਵੇ ਤਾਂ ਜ਼ਿੰਦਗੀ ਕਿੰਨੀ ਬੋਝਲ ਅਤੇ ਕਠਿਨ ਹੋ ਜਾਵੇਗੀ। ਭਾਵੇਂ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਾ ਹੋਣ, ਫਿਰ ਵੀ ਆਪਣੇ ਮਨ ਨੂੰ ਹੌਸਲਾ ਦਿੱਤਾ ਜਾ ਸਕਦਾ ਹੈ, ਦੁਬਾਰਾ ਕੋਸ਼ਿਸ਼ ਕਰਾਂਗੇ। ਸੰਤੁਸ਼ਟੀ ਜਾਂ ਸਬਰ-ਸੰਤੋਖ ਕਿਵੇਂ ਆਏ ਇਹ ਵੀ ਵਿਚਾਰਨ ਵਾਲੀ ਗੱਲ ਹੈ। ਜੇਕਰ ਸਾਡੇ ਮਨ ਵਿਚ ਸੁਪਨੇ ਸਾਕਾਰ ਕਰਨ ਦਾ ਜਜ਼ਬਾ ਨਾ ਹੋਵੇ ਤਾਂ ਸਾਡੀ ਜ਼ਿੰਦਗੀ ਵਿਚ ਠਹਿਰਾਓ ਆ ਜਾਵੇਗਾ। ਸਾਡੇ ਸਾਹਮਣੇ ਕੋਈ ਉਦੇਸ਼ ਨਹੀਂ ਹੋਵੇਗਾ ਤਾਂ ਵਿਹਲਾ ਮਨ ਸ਼ੈਤਾਨ ਦਾ ਘਰ ਬਣ ਜਾਵੇਗਾ। ਨਾਕਾਰਾਤਮਿਕ ਭਾਵਨਾਵਾਂ ਜਨਮ ਲੈਣਗੀਆਂ। ਦੁਨੀਆ ਵਿਚ ਅਜਿਹੇ ਬਹੁਤ ਲੋਕ ਹਨ, ਜਿਨ੍ਹਾਂ ਦੇ ਕੋਲ ਭੌਤਿਕ ਸੁਖ ਤਾਂ ਬਹੁਤ ਹਨ ਪਰ ਖਾਲੀ ਵਕਤ ਅਤੇ ਕਿਸੇ ਨਿਸ਼ਚਿਤ ਉਦੇਸ਼ ਦੀ ਕਮੀ ਕਾਰਨ ਉਨ੍ਹਾਂ ਨੂੰ ਆਪਣਾ ਜੀਵਨ ਨੀਰਸ ਤੇ ਅਕਾਊ ਲੱਗਣ ਲੱਗ ਪੈਂਦਾ ਹੈ। ਜੀਵਨ ਵਿਚ ਕੁਝ ਚੰਗੇ ਆਦਰਸ਼ ਹਾਸਲ ਕਰਨ ਦੀ ਇੱਛਾ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਇਸ ਦੀ ਪੂਰਤੀ ਲਈ ਸਾਕਾਰਾਤਮਿਕ ਸੋਚ ਹੋਣਾ ਬਹੁਤ ਜ਼ਰੂਰੀ ਹੈ।

ਜੇਕਰ ਤੁਹਾਨੂੰ ਜ਼ਿੰਦਗੀ ਨਾਲ ਕੋਈ ਗਿਲਾ ਜਾਂ ਸ਼ਿਕਾਇਤ ਹੈ ਤਾਂ ਨਿਰਾਸ਼ ਨਾ ਹੋਵੋ, ਸਗੋਂ ਛੋਟੀਆਂ-ਛੋਟੀਆਂ ਗੱਲਾਂ ਵੱਲ ਝਾਤ ਪਾਓ, ਜੋ ਜ਼ਿੰਦਗੀ ਵਿਚ ਖੁਸ਼ੀਆਂ ਦੇ ਸਕਦੀਆਂ ਹਨ-

• ਕਦੇ ਵੀ ਕਿਸੇ ਦੂਜੇ ਦੀ ਆਰਥਿਕ ਸਥਿਤੀ ਨਾਲ ਆਪਣੀ ਤੁਲਨਾ ਨਾ ਕਰੋ, ਖਾਸਕਰ ਆਪਣੇ ਤੋਂ ਅਮੀਰ ਤੇ ਆਰਥਿਕ ਤੌਰ 'ਤੇ ਖੁਸ਼ਹਾਲ ਪਰਿਵਾਰ ਨਾਲ ਤੁਰਨਾ ਕਰਕੇ ਝੂਰੋ ਨਾ, ਆਪਣੇ ਮਨ ਵਿਚ ਹੀਣ ਭਾਵਨਾ ਨਾ ਲਿਆਓ।

• ਜੇਕਰ ਕੋਈ ਸਮੱਸਿਆ ਆਵੇ ਤਾਂ ਉਸ ਨੂੰ ਆਪਣੇ ਲਈ ਇਕ ਵੰਗਾਰ ਸਮਝੋ, ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ।

• ਸਮੇਂ ਦੀ ਕਦਰ ਕਰਨਾ ਸਿੱਖੋ ਅਤੇ ਸਮੇਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰੋ।

• ਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰੋ, ਜੇਕਰ ਸਫਲਤਾ ਮਿਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਮਾਯੂਸ ਨਾ ਹੋਵੋ।

• ਆਪਣੀ ਕਿਸਮਤ 'ਤੇ ਝੂਰਨ ਨਾਲੋਂ ਯਤਨ ਕਰਨੇ ਜ਼ਰੂਰੀ ਹਨ। ਸਵਾਰ ਜਾਂ ਸੰਤੁਸ਼ਟੀ ਲਈ ਹਰ ਹਾਲਤ ਵਿਚ ਖੁਸ਼ ਰਹਿਣ ਦਾ ਯਤਨ ਕਰਨਾ ਪੈਂਦਾ ਹੈ।

ਮੁਸ਼ਕਿਲਾਂ ਅਤੇ ਸੰਘਰਸ਼ ਹੀ ਜਿਊਣਾ ਸਿਖਾਉਂਦੇ ਹਨ। ਸੰਤੁਸ਼ਟੀ ਜਾਂ ਸਬਰ ਸਹਿਜੇ-ਸਹਿਜੇ ਹੀ ਹਾਸਲ ਹੋ ਸਕਦਾ ਹੈ। ਇਸ ਲਈ ਭਟਕਣਾ ਅਤੇ ਬੇਕਾਰ ਦੀਆਂ ਚਿੰਤਾਵਾਂ ਨੂੰ ਛੱਡਣਾ ਪਵੇਗਾ। ਜ਼ਿੰਦਗੀ ਨਾਲ ਸ਼ਿਕਾਇਤ ਹੋਣਾ ਕੁਦਰਤੀ ਹੈ, ਕਿਉਂਕਿ ਕੋਈ ਵੀ ਮਨੁੱਖ ਪੂਰਨ ਤੌਰ 'ਤੇ ਸੰਤੁਸ਼ਟ ਨਹੀਂ ਹੋ ਸਕਦਾ ਪਰ ਆਸ, ਸੰਘਰਸ਼ ਅਤੇ ਮਿਹਨਤ ਦੇ ਬਲ 'ਤੇ ਸੰਤੁਸ਼ਟੀ ਅਤੇ ਸਬਰ ਦੀ ਮੰਜ਼ਿਲ ਹਾਸਲ ਹੋ ਸਕਦੀ ਹੈ। 

No comments:

Post a Comment