Sunday, 17 May 2015

ਬਿੱਜੜਾ


ਬਿੱਜੜਾ 

The baya weaver (Ploceus philippinus) male


ਬਿੱਜੜਾ ਇਕ ਕਮਾਲ ਦਾ ਕਾਰੀਗਰ ਪੰਛੀ ਹੈ। ਕੋਈ ਵੇਲਾ ਸੀ ਪਿੰਡਾਂ ਦੇ ਬਾਹਰਵਾਰ ਕਿੱਕਰਾਂ ਆਦਿ ਤੇ ਬੇਸ਼ੁਮਾਰ ਬਿੱਜੜੇ ਦੇਖੇ ਜਾ ਸਕਦੇ ਸਨ। ਦੁਨੀਆਂ ਭਰ ਵਿਚ ਬਿੱਜੜਾ ਪੰਛੀ ਦੀਆਂ ਸੈਂਕੜੇ ਪ੍ਰਜਾਤੀਆਂ ਹਨ। ਬਿੱਜੜੇ ਆਪਣੇ ਗੁਲਾਈਦਾਰ ਬੋਤਲ ਜਿਹੇ ਆਲ੍ਹਣਿਆਂ ਕਰਕੇ ਇਹਨਾਂ ਦੀ ਪੰਛੀ ਜਗਤ 'ਚ ਆਪਣੀ ਅੱਡਰੀ ਹੀ ਪਹਿਚਾਣ ਹੈ ....
ਦਰੱਖ਼ਤਾਂ ‘ਤੇ ਅਜਿਹੇ ਆਲ੍ਹਣਿਆਂ ਦੇ ਝੁੰਡਾਂ ਦੇ ਝੁੰਡ ਦਿਖਾਈ ਦਿੰਦੇ ਹਨ। ਕੁਝ ਬਿੱਜੜੇ ਤਾਂ ਲੱਖਾਂ ਦੀ ਗਿਣਤੀ ਵਿਚ ਮੀਲਾਂ ਤੱਕ ਬਸਤੀਆਂ ਬਣਾ ਕੇ ਰਹਿੰਦੇ ਹਨ। ਇਸ ਸੂਰਤ ਵਿਚ ਇਹ ਖੇਤੀ ਦਾ ਖੂਬ ਨਾਸ ਕਰਦੇ ਹਨ।
ਬਿੱਜੜੇ ਵਧੇਰੇ ਤੌਰ ‘ਤੇ ਕੀੜੇ-ਮਕੌੜੇ ਤੇ ਬੀਜ ਖਾਂਦੇ ਹਨ। ਇਹ ਆਮ ਤੌਰ ‘ਤੇ ਗਰਮ ਖੁਸ਼ਕ ਦੇਸ਼ਾਂ ਵਿਚ ਮਿਲਦੇ ਹਨ। ਇਹ ਕੰਡਿਆਲੇ ਦਰੱਖਤਾਂ ਅਤੇ ਪਾਣੀ ਦੇ ਕਿਨਾਰਿਆਂ ‘ਤੇ ਉਗੇ ਤਾੜ ਜਿਹੇ ਦਰਖਤਾਂ ‘ਤੇ ਆਪਣੇ ਆਲ੍ਹਣੇ ਬਣਾਉਣੇ ਪਸੰਦ ਕਰਦੇ ਹਨ। ਕੰਡਿਆਲੇ ਅਤੇ ਪਾਣੀ ਵਿਚ ਉਗੇ ਦਰਖਤਾਂ ‘ਤੇ ਬਣਾਏ ਆਲ੍ਹਣਿਆਂ ਤੱਕ ਸ਼ਿਕਾਰੀ ਪੰਛੀ, ਸੱਪ, ਕਿਰਲੀ ਆਦਿ ਛੇਤੀ ਕੀਤੇ ਪਹੁੰਚ ਨਹੀਂ ਸਕਦੇ ਇਸ ਲਈ ਇਨ੍ਹਾਂ ਦੇ ਆਂਡੇ ਅਤੇ ਚੂਚੇ ਮਹਿਫੂਜ਼ ਰਹਿੰਦੇ ਹਨ। 
ਆਲ੍ਹਣਾ ਬਣਾਉਣ ਦਾ ਕੰਮ ਨਰ ਬਿੱਜੜਾ ਹੀ ਕਰਦਾ ਹੈ। ਇਹ ਲੰਬੂਤਰਾ ਬੀਨ ਵਰਗਾ ਆਲ੍ਹਣਾ ਦਰਖਤ ਆਦਿ ਦੀ ਟਾਹਣੀ ਨਾਲ ਉਲਟਾ ਟੰਗਿਆ ਹੁੰਦਾ ਹੈ। ਹੇਠਲੇ ਪਾਸੇ ਪ੍ਰਵੇਸ਼-ਦੁਆਰ ਹੁੰਦਾ ਹੈ ਜੋ ਬਹੁਤ ਹੀ ਭੀੜਾ ਰੱਖਿਆ ਹੁੰਦਾ ਹੈ। ਅੰਦਰ ਘੁੰਮਣਘੇਰੀਆਂ ਹੁੰਦੀਆਂ ਹਨ। ਇਸ ਤਰ੍ਹਾਂ ਕਿਸੇ ਸ਼ਿਕਾਰੀ ਦਾ ਧੁਰ ਅੰਦਰ ਪਹੁੰਚਣਾ ਬਹੁਤ ਕਠਨ ਹੁੰਦਾ ਹੈ। ਕੋਈ ਹੌਸਲਾ ਕਰ ਹੀ ਲਵੇ ਤਾਂ ਅੰਦਰ ਵੜਦੇ ਵੜਦੇ ਹੀ ਦਮ ਘੁੱਟ ਕੇ ਮਰ ਜਾਂਦਾ ਹੈ। ਹਾਂ, ਕੁਝ ਕਿਸਮ ਦੇ ਬਿੱਜੜਿਆਂ ਦੇ ਆਲ੍ਹਣਿਆਂ ਦੇ ਪ੍ਰਵੇਸ਼ ਦੋ-ਦੋ ਫੁੱਟ ਵੀ ਹੁੰਦੇ ਹਨ ਤੇ ਕੁਝ ਦੋ ਪਾਸਿਆਂ ਤੋਂ ਵੀ ਖੁਲ੍ਹਦੇ ਹਨ।
ਨਰ ਬਿੱਜੜਾ ਆਪਣੇ ਆਲ੍ਹਣੇ ਨੂੰ ਮੁਕੰਮਲ ਕਰ ਲੈਣ ਪਿਛੋਂ ਆਪਣੇ ਖੰਭ ਫੜਫੜਾ ਕੇ ਮਦੀਨ ਬਿੱਜੜੇ ਦਾ ਧਿਆਨ ਖਿੱਚਦਾ ਹੈ। ਮਦੀਨ ਬਿੱਜੜਾ ਅੰਦਰ ਜਾ ਕੇ ਆਲ੍ਹਣੇ ਦੀ ਘੋਖ ਕਰਦੀ ਹੈ, ਖਾਸ ਤੌਰ ‘ਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ। ਜੇ ਪਸੰਦ ਆਵੇ ਤਾਂ ਠੀਕ, ਨਹੀਂ ਤਾਂ ਸਿਰ ਫੇਰ ਦਿੰਦੀ ਹੈ।




Sunday, 19 April 2015

ਕਮਾਦੀ ਕੁੱਕੜ



ਕਮਾਦੀ ਕੁੱਕੜ

Greater Coucal Or Crow Pheasant (Centropus Sinensis)

ਕਮਾਦੀ ਕੁੱਕੜ ਇੱਕ ਡਰਪੋਕ ਅਤੇ ਸ਼ਰਮਾਕਲ ਪੰਛੀ ਹੈ। ਇਸ ਪੰਛੀ ਨੂੰ ‘ਕਮਾਦੀ ਕੁੱਕੜ’ਇਸ ਦੀ ਤੁਰਦੇ-ਤੁਰਦੇ ਛੇਤੀ ਨਾਲ ਸੰਘਣੀਆਂ ਝਾੜੀਆਂ ਜਾਂ ਕਮਾਦ ਦੇ ਖੇਤਾਂ ਵਿੱਚ ਆਪਣੇ ਸ਼ਿਕਾਰ ਦੇ ਪਿੱਛੇ-ਪਿੱਛੇ ਵੜ ਜਾਣ ਦੀ ਆਦਤ ਕਰ ਕੇ ਕਹਿੰਦੇ ਹਨ। ਇਸ ਦੇ ਨਾਲ ਇਸ ਦੀ ਉੱਚੀ-ਉੱਚੀ ਹੱਸਣ ਵਰਗੀ ਆਵਾਜ਼ ਕੱਢਣ ਕਰ ਕੇ ਇਸ ਨੂੰ ‘ਕੂਕਾ’ ਅਤੇ ‘ਮਾਹੋਕਾ’ ਵਰਗੇ ਨਾਵਾਂ ਨਾਲ ਵੀ ਸੱਦਿਆ ਜਾਂਦਾ ਹੈ। ਇਸ ਪੰਛੀ ਦਾ ਤਕਨੀਕੀ ਨਾਂ ‘ਸੈਂਟਰੋਪੱਸ ਸਾਈਨੈਨਸਿਸ’ ਹੈ। ਅੰਗਰੇਜ਼ੀ ਵਿੱਚ ਇਸ ਦੀ ਭਾਰੀ ਭਰਕਮ ਆਵਾਜ਼ ਕਰਕੇ ਇਸ ਨੂੰ ‘ਗ੍ਰੇਟ ਕਾਉਕਲ’ ਅਤੇ ਇਸ ਦੀ ਲੰਮੀ ਪੂਛ ਅਤੇ ਕਾਲੇ ਰੰਗ ਕਰ ਕੇ ਇਸ ਨੂੰ ‘ਕ੍ਰੋ-ਫੀਜੈਂਟ’ ਕਹਿੰਦੇ ਹਨ। ਇਹ ਨਾ ਕਾਂ ਹੈ ਅਤੇ ਨਾ ਹੀ ‘ਤਿੱਤਰ’। ਇਹ ਤਾਂ ‘ਕੋਇਲਾਂ’ ਅਤੇ ‘ਪਪੀਹਿਆਂ’ ਦਾ ਰਿਸ਼ਤੇਦਾਰ ਹੈ ਅਤੇ ਇਨ੍ਹਾਂ ਦੇ ਸਾਂਝੇ ਪਰਿਵਾਰ ਨੂੰ ‘ਕੁੱਕੁਲੀਡੇਈ’ ਕਹਿੰਦੇ ਹਨ। ਇਹ ਭਾਵੇਂ ‘ਕੋਇਲਾਂ’ ਅਤੇ ‘ਪਪੀਹਿਆਂ’ ਦੇ ਪਰਿਵਾਰ ਵਿੱਚ ਆਉਂਦੇ ਹਨ ਪਰ ਇਹ ਉਨ੍ਹਾਂ ਵਾਂਗ ਕਾਂਵਾਂ ਜਾਂ ਦੂਜੇ ਪੰਛੀਆਂ ਦੇ ਆਲ੍ਹਣਿਆਂ ਵਿੱਚ ਆਪਣੇ ਅੰਡੇ ਦੇ ਕੇ ਆਪਣੀ ਮਾਂ-ਬਾਪ ਹੋਣ ਦੀ ਜ਼ਿੰਮੇਵਾਰੀ ਤੋਂ ਹੱਥ ਨਹੀਂ ਧੋਂਦੇ, ਸਗੋਂ ਇਹ ਆਪਣਾ ਆਲ੍ਹਣਾ ਆਪ ਬਣਾਉਂਦੇ ਹਨ ਅਤੇ ਬੱਚੇ ਪਾਲਦੇ ਹਨ।

ਇਹ ‘ਕਮਾਦੀ ਕੁੱਕੜ’ ਸਾਰੇ ਏਸ਼ਿਆਈ ਦੇਸ਼ਾਂ ਵਿੱਚ ਮਿਲ ਜਾਂਦੇ ਹਨ। ਇਨ੍ਹਾਂ ਨੂੰ ਘਾਹ ਦੇ ਮੈਦਾਨਾਂ, ਬਾਗ਼ਾਂ, ਕਮਾਦ ਅਤੇ ਕਪਾਹ ਦੇ ਖੇਤਾਂ, ਸੜਕਾਂ ਦੁਆਲੇ ਦੀਆਂ ਝਾੜੀਆਂ ਕੋਲ ਜ਼ਮੀਨ ਉੱਤੇ ਆਪਣੀ ਲੰਮੀ ਪੂਛ ਘੜੀਸਦਿਆਂ ਅਤੇ ਤੁਰਦੇ-ਫਿਰਦਿਆਂ ਦੇਖਿਆ ਜਾ ਸਕਦਾ ਹੈ। ਬਸ ਇਨ੍ਹਾਂ ਦੇ ਰਹਿਣ ਵਾਲੇ ਇਲਾਕੇ ਦੇ ਕੋਲ ਪਾਣੀ ਦਾ ਕੋਈ ਸੋਮਾ ਜ਼ਰੂਰ ਹੋਣਾ ਚਾਹੀਦਾ ਹੈ। ਇਹ ‘ਕਮਾਦੀ ਕੁੱਕੜ’ ਆਪਣੇ ਵੱਲੋਂ ਪੂਰੇ ਧਿਆਨ ਨਾਲ ਤੁਰਨ ਲਈ ਆਪਣੇ ਪੈਰ ਬਹੁਤ ਉੱਚੇ ਚੁੱਕ-ਚੁੱਕ ਕੇ ਜ਼ਮੀਨ ਉੱਤੇ ਰੱਖਦੇ ਹਨ ਪਰ ਫੇਰ ਵੀ ਹਿਚਕੋਲੇ ਖਾਂਦੇ ਹਨ। ਇਸ ਦੇ ਬਾਵਜੂਦ ਇਹ ਭੱਜ ਕਾਫ਼ੀ ਤੇਜ਼ ਲੈਂਦੇ ਹਨ ਅਤੇ ਇਨ੍ਹਾਂ ਨੂੰ ‘ਟਿੱਡਿਆਂ’ ਜਾਂ ‘ਡੱਡੂਆਂ’ ਦੇ ਮਗਰ ਭੱਜ-ਭੱਜ ਕੇ ਉਨ੍ਹਾਂ ਨੂੰ ਫੜਦਿਆਂ ਅਕਸਰ ਦੇਖਿਆ ਜਾਂਦਾ ਹੈ। ‘ਟਿੱਡੇ’ ਅਤੇ ‘ਡੱਡੂਆਂ’ ਦੇ ਨਾਲ ਇਹ ਸ਼ਿਕਾਰੀ ਪੰਛੀ ਹੋਰ ਕੀੜੇ-ਮਕੌੜੇ, ਚਿੜੀਆਂ ਦੇ ਅੰਡੇ, ਚਿੜੀਆਂ ਦੇ ਛੋਟੇ ਬੱਚੇ, ਕਿਰਲੀਆਂ ਅਤੇ ਸੱਪਾਂ ਦਾ ਸ਼ਿਕਾਰ ਵੀ ਕਰਦੇ ਹਨ। ਸ਼ਿਕਾਰ ਕੀਤੇ ਹੋਏ ਜੀਵ ਨੂੰ ਇਹ ਭੁੱਖੜਾਂ ਵਾਂਗ ਫਟਾਫਟ ਫੜਦੇ ਸਾਰ ਅੰਦਰ ਲੰਘਾਉਣ ਦੀ ਕਰਦੇ ਹਨ। ਕਈ ਵਾਰ ਇਹ ਫਲਾਂ ਦੇ ਦਰੱਖਤਾਂ ਤੋਂ ਡਿੱਗੇ ਹੋਏ ਫਲ ਵੀ ਖਾ ਲੈਂਦੇ ਹਨ।

ਇਹ ਪੰਛੀ ਦੂਰੋਂ ਦੇਖਣ ਨੂੰ ਕਿਸੇ ਮੋਟੇ ਅਤੇ ਵੱਡੇ ਸਾਰੇ ਜੰਗਲੀ ਕਾਂ ਵਰਗਾ ਲੱਗਦਾ ਹੈ, ਜਿਸ ਦੀ ਪੂਛ ਬਹੁਤ ਲੰਮੀ ਹੁੰਦੀ ਹੈ ਅਤੇ ਤੁਰਨ ਵੇਲੇ ਪੰਛੀ ਦੇ ਪਿੱਛੇ-ਪਿੱਛੇ ਜ਼ਮੀਨ ਉੱਤੇ ਘਿਸੜਦੀ ਜਾਂਦੀ ਹੈ। ਇਨ੍ਹਾਂ ਦਾ ਕੱਦ ਕੋਈ 48 ਸੈਂਟੀਮੀਟਰ ਹੁੰਦਾ ਹੈ। ਸਰੀਰ ਦਾ ਰੰਗ ਚਮਕਦਾਰ ਜਾਮਣੀ ਭਾਹ ਵਾਲਾ ਕਾਲਾ ਹੁੰਦਾ ਹੈ ਪਰ ਖੰਭ ਚਮਕਦਾਰ ਅਖਰੋਟੀ-ਸੰਤਰੀ ਅਤੇ ਲੰਮੀ ਸਾਰੀ ਕਾਲੇ ਰੰਗ ਦੀ ਪੂਛ ਹੁੰਦੀ ਹੈ। ਇਨ੍ਹਾਂ ਦੀ ਮੋਟੀ ਸਾਰੀ ਚੁੰਝ ਅਤੇ ਪੈਰ ਵੀ ਕਾਲੇ ਹੁੰਦੇ ਹਨ। ਇਨ੍ਹਾਂ ਦੀਆਂ ਅੱਖਾਂ ਟਮਾਟਰ ਵਰਗੀਆਂ ਲਾਲ ਹੁੰਦੀਆਂ ਹਨ। ਸਰੀਰ ਦੇ ਹਿਸਾਬ ਨਾਲ ਇਨ੍ਹਾਂ ਦੇ ਖੰਭ ਛੋਟੇ ਹੁੰਦੇ ਹਨ। ਇਸ ਲਈ ਇਹ ਚੰਗੀ ਤਰ੍ਹਾਂ ਉੱਡ ਨਹੀਂ ਸਕਦੇ ਅਤੇ ਛੋਟੀਆਂ-ਛੋਟੀਆਂ ਉਡਾਰੀਆਂ ਹੀ ਮਾਰਦੇ ਹਨ। ਇਹ ਤੁਰ-ਫਿਰ ਕੇ ਜਾਂ ਦੌੜ ਕੇ ਆਪਣਾ ਗੁਜ਼ਾਰਾ ਕਰਦੇ ਹਨ। ਇਹ ਸੰਘਣੀਆਂ ਝਾੜੀਆਂ ਦੇ ਅੰਦਰ ਤਕ ਧੁੱਸ ਦਿੰਦੇ ਵੜ ਜਾਂਦੇ ਹਨ ਅਤੇ ਆਪਣੇ ਪੰਜਿਆਂ ਨੂੰ ਵਰਤ ਕੇ ਦਰੱਖਤਾਂ ਉੱਤੇ ਕਾਫ਼ੀ ਤੇਜ਼ੀ ਨਾਲ ਚੜ੍ਹ ਜਾਂਦੇ ਹਨ। ਨਰ ਅਤੇ ਮਾਦਾ ਵਿੱਚ ਦੇਖਣ ਨੂੰ ਕੋਈ ਫ਼ਰਕ ਨਹੀਂ ਦਿਸਦਾ।

ਇਸ ‘ਕਮਾਦੀ ਕੁੱਕੜ’ ਨੂੰ ਸਵੇਰ ਵੇਲੇ ਆਪਣੇ ਖੰਭ ਖੋਲ੍ਹ ਕੇ ਧੁੱਪ ਸੇਕਣ ਦੀ ਵੀ ਆਦਤ ਹੈ। ਇਹ ਬਹੁਤ ਗੂੰਜਵੀਆਂ ‘ਕੋਪ-ਕੋਪ-ਕੋਪ’, ‘ਹੋਪ-ਹੋਪ-ਹੋਪ’, ‘ਟੋਕ-ਟੋਕ-ਟੋਕ’ ਜਾਂ ‘ਲੋਟੋਕ-ਲੋਟੋਕ-ਲੋਟੋਕ’ ਵਰਗੀਆਂ ਕਈ ਕਿਸਮ ਦੀਆਂ ਖਰ੍ਹਵੀਆਂ ਆਵਾਜ਼ਾਂ ਕੱਢ ਲੈਂਦੇ ਹਨ। ਕਈ ਵਾਰ ਜਦੋਂ ਇੱਕ ਪੰਛੀ ਆਵਾਜ਼ ਕੱਢਦਾ ਹੈ ਤਾਂ ਦੂਜਾ ਵੀ ਉਸ ਦੇ ਮਗਰ ਜਵਾਬੀ ਆਵਾਜ਼ ਕੱਢਦਾ ਹੈ। ਇਨ੍ਹਾਂ ਨੂੰ ਦੁਪਹਿਰ ਵੇਲੇ ਤੁਰਦੇ-ਫਿਰਦੇ ਇਹ ਆਵਾਜ਼ਾਂ ਕੱਢਣ ਦੀ ਆਦਤ ਹੁੰਦੀ ਹੈ, ਜਿੰਨਾਂ ਨੂੰ ਅਚਾਨਕ ਸੁਣ ਕੇ ਇਕੱਲਾ ਬੰਦਾ ਤਾਂ ਡਰ ਹੀ ਜਾਂਦਾ ਹੈ।

ਇਹ ਸ਼ਰਮਾਕਲ ‘ਕਮਾਦੀ ਕੁੱਕੜ’ ਆਮ ਤੌਰ ਉੱਤੇ ਇਕੱਲੇ-ਇਕੱਲੇ ਜਾਂ ਜੋੜੀਆਂ ਵਿੱਚ ਹੀ ਆਪਣਾ ਸ਼ਿਕਾਰ ਲੱਭਦੇ ਹਨ ਅਤੇ ਇਨਸਾਨਾਂ ਨੂੰ ਦੇਖ ਕੇ ਖਿਸਕਣ ਦੀ ਕਰਦੇ ਹਨ। ਬਹਾਰ ਦੇ ਮੌਸਮ (ਬਰਸਾਤਾਂ ਵਿੱਚ) ਨਰ, ਮਾਦਾ ਨੂੰ ਲੁਭਾਉਣ ਲਈ ਉਸ ਨੂੰ ਆਪਣਾ ਕੀਤਾ ਹੋਇਆ ਸ਼ਿਕਾਰ ਸੌਗਾਤ ਦੇ ਰੂਪ ਵਿੱਚ ਦਿੰਦਾ ਹੈ ਅਤੇ ਉਸ ਦੇ ਅੱਗੇ ਟਹਿਲ-ਟਹਿਲ ਕੇ ਨਾਚ ਜਿਹਾ ਵੀ ਨੱਚਦਾ ਹੈ। ਨਰ ਇਕੱਲਾ ਕਿਸੇ ਸੰਘਣੀ ਝਾੜੀ ਜਾਂ ਸੰਘਣੇ ਪੱਤਿਆਂ ਵਾਲੇ ਦਰਮਿਆਨੇ ਕੱਦ ਦੇ ਦਰੱਖਤ ਵਿੱਚ ਕੋਈ ਇੱਕ ਫੁੱਟ ਗੋਲਾਈ ਦਾ ਸੋਟੀਆਂ, ਪੱਤਿਆਂ ਅਤੇ ਘਾਹ ਨਾਲ ਗੇਂਦ ਵਰਗਾ ਆਲ੍ਹਣਾ ਬਣਾਉਂਦਾ ਹੈ। ਇਨ੍ਹਾਂ ਦੇ ਆਲ੍ਹਣਿਆਂ ਵਿੱਚ ਅੰਦਰ ਵੜਨ ਦਾ ਰਸਤਾ ਇੱਕ ਪਾਸੇ ਉੱਤੇ ਹੁੰਦਾ ਹੈ। ਮਾਦਾ ਆਲ੍ਹਣੇ ਵਿੱਚ 3 ਤੋਂ 5 ਅੰਡੇ ਦਿੰਦੀ ਹੈ। ਤਾਜ਼ੇ ਅੰਡੇ ਪੀਲੀ ਭਾਹ ਮਾਰਦੇ ਹਨ ਪਰ ਛੇਤੀ ਹੀ ਹਵਾ ਲੱਗਣ ਨਾਲ ਉਹ ਚਾਕ ਵਰਗੇ ਚਿੱਟੇ ਰੰਗ ਦੇ ਹੋ ਜਾਂਦੇ ਹਨ। ਅੰਡਿਆਂ ਵਿੱਚੋਂ 15 ਤੋਂ 16 ਦਿਨਾਂ ਵਿੱਚ ਬੱਚੇ ਨਿਕਲ ਆਉਂਦੇ ਹਨ। ਬੱਚੇ 18 ਤੋਂ 22 ਦਿਨਾਂ ਬਾਅਦ ਆਪਣਾ ਆਲ੍ਹਣਾ ਛੱਡ ਦਿੰਦੇ ਹਨ। ਛੋਟੇ ਬੱਚਿਆਂ ਦੇ ਸਰੀਰ ਉੱਤੇ ਛੋਟੇ-ਛੋਟੇ ਅਤੇ ਵਿਰਲੇ ਕਾਲੇ ਰੰਗ ਦੇ ਖੰਭ ਹੁੰਦੇ ਹਨ।

ਇਸ ਪੰਛੀ ਦੀ ਉੱਚੀ, ਗੂੰਜਵੀਂ, ਡਰਾਉਣੀ ਅਤੇ ਦੂਰ ਤੱਕ ਸੁਣਨ ਵਾਲੀ ਆਵਾਜ਼ ਕਰ ਕੇ ਇਸ ਨੂੰ ਬਦਸ਼ਗਨੀ, ਭੂਤਾਂ ਅਤੇ ਵਹਿਮਾਂ ਨਾਲ ਜੋੜਿਆ ਜਾਂਦਾ ਹੈ ਪਰ ਦੂਜੇ ਪਾਸੇ ਕਈ ਲੋਕ ਇਸ ਦੇ ਮਾਸ ਨੂੰ ਤਪਦਿਕ ਅਤੇ ਸਾਹ ਦੀਆਂ ਬੀਮਾਰੀਆਂ ਦਾ ਇਲਾਜ ਵੀ ਮੰਨਦੇ ਹਨ। ਉਂਜ ਕਹਿੰਦੇ ਹਨ ਕਿ ਇਸ ਦਾ ਮਾਸ ਕਾਫ਼ੀ ਬੇਸੁਆਦਾ ਹੁੰਦਾ ਹੈ। ਅਸਲ ਵਿੱਚ ਇਹ ਪੰਛੀ ਕੀੜੇ-ਮਕੌੜੇ ਖਾਣ ਕਰਕੇ ਕਿਸਾਨਾਂ ਦਾ ਮਿੱਤਰ ਜ਼ਰੂਰ ਹੈ। ਇਨ੍ਹਾਂ ਚਮਕਦਾਰ ਪੰਛੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਪੰਜਾਬ ਵਿੱਚੋਂ ਘਟ ਰਹੀ ਹੈ।



Saturday, 21 March 2015

ਪਪੀਹਾ

ਪਪੀਹਾ

ਪਪੀਹਾ ਪੰਜਾਬ ਦਾ ਪਰਮੁੱਖ ਪੰਛੀ ਹੈ.. ਇਸ ਦਾ ਜ਼ਿਕਰ ਪੰਜਾਬੀ ਲੋਕ ਗੀਤਾਂ 'ਚ ਵੀ ਆਮ ਮਿਲਦਾ ਹੈ..
"ਸੁਣੀ ਮਾਲਕਾ ਮੇਰੀ ਕੂਕ ਪਪੀਹੇ ਵਾਲੀ".. 
ਇਹ ਪੂਰੇ ਭਾਰਤੀ ਉਪ-ਮਹਾਂਦੀਪ ਵਿਚ ਪਾਇਆ ਜਾਂਦਾ ਹੈ (ਨੇਪਾਲ, ਪਾਕਿਸਤਾਨ, ਸ਼ਰੀ ਲੰਕਾ, ਬੰਗਲਾਦੇਸ਼, ਭੂਟਾਨ ਅਤੇ ਇੰਡੀਆ).. 
ਇਹ ਸੰਘਣੇ ਦਰਖਤਾਂ ਦੇ ਝੁੰਡ ਜੋ ਘਾਹ ਦੇ ਮੈਦਾਨਾ ਦੇ ਨਜਦੀਕ ਹੋਣ 'ਚ ਰਹਿਣਾ ਪਸੰਦ ਕਰਦਾ ਹੈ.. 
ਇਹ ਜੂਨ ਅਤੇ ਜੁਲਾਈ ਮਹੀਨਿਆਂ 'ਚ ਬਰੀਡਿੰਗ ਕਰਦਾ ਹੈ.. 
ਆਪ ਆਲ੍ਣਾ ਨਹੀਂ ਬਣਾਉਦਾ ਸਗੋਂ ਜੰਗਲੀ ਸੇਰੜੀ ਅਤੇ ਪੀਲੀ ਸੇਰੜੀ ਦੇ ਆਲਣੇ 'ਚ ਹੀ ਧੋਖੇ ਨਾਲ ਆਂਡੇ ਦੇ ਦਿੰਦਾ ਹੈ ਕਿਓਕਿ ਇਸ ਦੇ ਆਂਡੇ ਉਹਨਾ ਦੇ ਆਂਡੇ ਵਰਗੇ ਹੀ ਹਲਕੇ ਨੀਲੇ ਹੁੰਦੇ ਹਨ ਸੋ ਇਹ ਚਲਾਕ ਪੰਛੀ ਹੈ.. 
ਇਸ ਦੀ ਖੁਰਾਕ ਕੀਟ ਪਤੰਗੇ ਤੇ ਫ਼ਲ ਵੀ ਹਨ.. 
ਇਹ ਪੰਛੀ ਵਿਗਿਆਨੀਆਂ ਮੁਤਾਬਿਕ ਸ਼ਿਕਰੇ ਦਾ ਹੀ ਰਿਸ਼ਤੇਦਾਰ ਹੈ








ਪਪੀਹਾ

ਲਾਲਾ ਧਨੀ ਰਾਮ ਚਾਤ੍ਰਿਕ 

"ਪੀਆ, ਪੀਆ, ਪੀਆ" ਨਿਤ ਬੋਲ, ਵੇ ਪਪੀਹਾ !
ਬੋਲ ਵੇ ਪਪੀਹਾ ! ਚੁੰਝ ਖੋਲ ਵੇ, ਪਪੀਹਾ !

ਪੀਆ ਜੀ ਦੇ ਨਾਲ ਤੇਰ ਪ੍ਰੀਤ ਹੈ ਪੁਰਾਣੀ,
ਦੱਸੀ ਜਾ ਕਲੇਜਾ ਫੋਲ ਫੋਲ, ਵੇ ਪਪੀਹਾ !

ਅੱਗ ਤੇਰੀ ਆਸਰੇ ਦੀ ਬੁੱਝ ਕਿਤੇ ਜਾਏ ਨਾ,
ਲੱਗਾ ਰਹੇ ਜ਼ਿੰਦਗੀ ਦਾ ਘੋਲ, ਵੇ ਪਪੀਹਾ !

ਚੀਸ ਤੇਰੀ ਚੀਕਵੀਂ ਤੇ ਕੂਕ ਤੇਰੀ ਕਾਟਵੀਂ,
ਪਹੁੰਚ ਸਕੇ ਸਿੱਧੀ ਪੀਆ ਕੋਲ, ਵੇ ਪਪੀਹਾ !

ਆਸਾਂ ਦੀਆਂ ਡੋਰੀਆਂ ਖਿਲਾਰੀ ਰੱਖ ਲੰਮੀਆਂ,
ਬੱਝਾ ਰਹੇ ਹੌਸਲਾ ਅਡੋਲ, ਵੇ ਪਪੀਹਾ !

ਪੀਆ ਦੇ ਪਿਆਰ ਵਿਚ ਡੁਲ੍ਹੇ ਤੇਰੇ ਅੱਥਰੂ,
ਤੁੱਲਣੇ ਨੇ ਮੋਤੀਆਂ ਦੇ ਤੋਲ, ਵੇ ਪਪੀਹਾ !

Thursday, 19 March 2015

ਚੱਕੀਰਾਹਾ ‘ਹੁੱਡ ਹੁੱਡ’ ਜਾਂ ‘ਬੇਬੇਦੁੱਖ’

ਚੱਕੀਰਾਹਾ ‘ਹੁੱਡ ਹੁੱਡ’ ਜਾਂ ‘ਬੇਬੇਦੁੱਖ’

 Common Hoopoe

ਚੱਕੀਰਾਹਾ:- ਸਿਰ ਪੁਰ ਕਲਗੀ ਅਤੇ ਤਿੱਖੀ ਲੰਮੀ ਚੁੰਝ ਵਾਲਾ ਪੰਛੀ ਅਨੇਕ ਦੁਸ਼ਮਣ ਕੀੜਿਆਂ ਤੇ ਸੁੰਡੀਆਂ ਨੂੰ ਖਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਉਂਦਾ ਹੈ।
ਇਹ ਇੱਕ ਛੋਟਾ ਜਿਹਾ ਪੰਛੀ ਹੈ ਜਿਸ ਦੇ ਸਿਰ ਦੀਆਂ ਪਸਲੀਆਂ ਬਹੁਤ ਮਜ਼ਬੂਤ ਹੁਂਦੀਆਂ ਹਨ।
ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। 
ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। ਕਿਸਾਨਾਂ ਦੀਆਂ ਫ਼ਸਲਾਂ ਦੇ ਵਧੀਆ ਪਹਿਰੇਦਾਰ ਦੇ ਤੌਰ ’ਤੇ ਜਾਣਿਆ ਜਾਣ ਕਾਰਨ ਹੀ ਚੱਕੀਰਾਹਾ ਉਰਫ਼ ਹੁਦਹੁਦ 1988 ਤੋਂ ਪਹਿਲਾਂ ਪੰਜਾਬ ਦਾ ਰਾਜ ਪੰਛੀ ਮੰਨਿਆ ਜਾਂਦਾ ਸੀ। ਚੱਕੀਰਾਹਾ ਅਤੇ ਹੁਦਹੁਦ ਦੀਆਂ ਕੁੱਲ ਨੌਂ ਪ੍ਰਜਾਤੀਆਂ ਹਨ ਜਿਨ੍ਹਾਂ ਵਿੱਚੋਂ ਯੂਪੋਪਾ ਇਪੋਪਸ ਪੰਜਾਬ ਵਿੱਚ ਮੁੱਖ ਤੌਰ  ’ਤੇ ਪਾਇਆ ਜਾਂਦਾ ਹੈ। ਚੱਕੀਰਾਹਾ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟ ਪਤੰਗੇ ਅਤੇ ਤਿਤਲੀਆਂ ਦੇ ਲਾਰਵੇ, ਲੋਕਸਟ, ਬੀਟਲ, ਸੀਕਾਡਸ, ਕੀੜੀਆਂ, ਕੀੜੇ ਮਕੌੜੇ ਅਤੇ ਸੁੰਡੀਆਂ ਨੂੰ ਖਾ ਕੇ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਸੀ। 

ਇਹ ਆਪਣੇ ਆਲ੍ਹਣੇ ਰੁੱਖਾਂ ਦੇ ਖੋਲ, ਪਥਰੀਲੀ ਪਹਾੜੀਆਂ ਦੀਆਂ ਦਰਾਰਾਂ ਜਾਂ ਤੂੜੀ ਦੇ ਢੇਰਾਂ ਵਿੱਚ ਬਣਾਉਂਦਾ ਹੈ। ਚੱਕੀਰਾਹਾ ਸੱਤ ਤੋਂ ਬਾਰ੍ਹਾਂ ਅੰਡੇ ਦਿੰਦਾ ਹੈ। ਮਾਦਾ ਪੰਛੀ 15 ਤੋਂ 18 ਦਿਨ ਅੰਡੇ ਸੇਕ ਕੇ ਇਨ੍ਹਾਂ ਵਿੱਚੋਂ ਬੱਚੇ ਕੱਢਦੀ ਹੈ। ਐਨਜੀਓ ਦਸਤਕ ਵੈਲਫੇਅਰ ਕਾਉਂਸਿਲ ਵੱਲੋਂ ਕੀਤੇ ਗਏ ਸਰਵੇਖਣ ਅਤੇ ਖੋਜ ਮੁਤਾਬਿਕ ਸਾਰੇ ਪੰਛੀਆਂ ਦੀਆਂ ਪ੍ਰਜਾਤੀਆਂ ਵਿੱਚ ਚੱਕੀਰਾਹਾ ਹੀ ਇੱਕ ਅਜਿਹਾ ਪੰਛੀ ਹੈ ਜੋ ਆਪਣੇ ਸਰੀਰ ਵਿੱਚ ਮੌਜੂਦ ਯੂਰੋਪੀਜੀਅਲ ਗਲੈਂਡ ਨਾਲ ਬਦਬੂਦਾਰ ਤਰਲ ਪਦਾਰਥ (ਜਿਸ ਵਿੱਚ ਐਂਟਰਕੋਕਸ ਬੈਕਟੀਰੀਆ ਹੁੰਦਾ ਹੈ) ਦਾ ਛਿੜਕਾਅ ਅੰਡਿਆਂ ’ਤੇ ਕਰਦਾ ਹੈ ਤਾਂ ਕਿ ਉਸ ਵਿੱਚ ਮੌਜੂਦ ਨਵਜਾਤ ਬੱਚਿਆਂ ਨੂੰ ਇਨਫੈਕਸ਼ਨ ਨਾ ਹੋਵੇ ਅਤੇ ਸਾਰੇ ਅੰਡਿਆਂ ਵਿੱਚੋਂ ਚੂਚੇ ਸਹੀ ਸਲਾਮਤ ਬਾਹਰ ਆ ਜਾਣ।  ਹੋਰ ਤਾਂ ਹੋਰ ਚੱਕੀਰਾਹੇ ਦੇ ਬੱਚਿਆਂ ਨੂੰ ਨਰ ਅਤੇ ਮਾਦਾ ਚੱਕੀਰਾਹਾ ਬਚਪਨ ਵਿੱਚ ਹੀ ਸ਼ਿਕਾਰੀ ਪੰਛੀਆਂ ਨਾਲ ਲੜਨ ਦੀ ਸਿਖਲਾਈ ਦਿੰਦੇ ਹਨ। ਜਦੋਂ ਵੀ ਕੋਈ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਹਮਲਾ ਕਰਦਾ ਹੈ ਤਾਂ ਨਵਜਾਤ ਚੱਕੀਰਾਹਾ ਆਪਣੇ ਯੂਰੋਪੀਜੀਅਲ ਗਲੈਂਡ ਦੇ ਬਦਬੂਦਾਰ ਤਰਲ ਪਦਾਰਥ ਦੀ ਪਿਚਕਾਰੀ ਉਨ੍ਹਾਂ ਦੇ ਮੂੰਹ ਉੱਤੇ ਮਾਰ ਕੇ ਉਨ੍ਹਾਂ ਨੂੰ ਭਜਾ ਦਿੰਦੇ ਹਨ।



ਭਾਰਤ ਦਾ ਰਾਸ਼ਟਰੀ ਪੰਛੀ ਮੋਰ

ਭਾਰਤ ਦਾ ਰਾਸ਼ਟਰੀ ਪੰਛੀ ਮੋਰ



ਸੁਣ ਵੇ ਬਾਗ ਦਿਆ ਬਾਗ ਬਗੀਚਿਆ
ਸੁਣ ਵੇ ਬਾਗ ਦਿਆ ਮਾਲੀ,
ਹੋਰਾਂ ਦੇ ਬਾਗੀਂ ਮੋਰ ਬੋਲਦੇ
ਤੇਰਾ ਬਾਗ ਕਿਉਂ ਖਾਲੀ।

ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ,
ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ।

ਚੀਕੇ ਚਰਖਾ ਬਿਸ਼ਨੀਏ ਤੇਰਾ,
ਲੋਕਾਂ ਭਾਣੇ ਮੋਰ ਕੂਕਦਾ




ਇੱਕ ਬਹੁਤ ਪ੍ਰਸਿੱਧ ਪੰਜਾਬੀ ਗੀਤ ਅੱਜ ਵੀ ਲੋਕ ਮਨਾਂ ਵਿੱਚ ਗੂੰਜਦਾ ਹੈ ਜਿਸ ਨੂੰ ਲੋਕ ਕਾਵਿ ਦਾ ਹਿੱਸਾ ਹੀ ਸਮਝਿਆ ਜਾਂਦਾ ਹੈ, ਪਰ ਇਹ ਗੀਤ ਸਦਰ ਦੀਨ ਜਗਰਾਵਾਂ ਵਾਲੇ ਦਾ ਲਿਖਿਆ ਹੋਇਆ ਹੈ, ਜੋ ਸੰਨ 1938 ਤੋਂ 1940 ਦੇ ਵਿੱਚ ਵਿੱਚ ਰਿਕਾਰਡ ਹੋਇਆ ਹੈ।
ਉਹ ਪੱਥਰ ਦੇ ਤਵਿਆਂ ਵਾਲਾ ਯੁੱਗ ਸੀ। ਇਹ ਤਵਾ ਨੰਬਰ ਆਰ ਐਲ 3062 ‘ਤੇ ਸਾਂਭਿਆ ਗੀਤ ਫਜ਼ਲ ਮੁਹੰਮਦ ਟੁੰਡਾ ਜਿਸ ਨੂੰ ਫਜ਼ਲਾ ਟੁੰਡਾ ਵੀ ਕਿਹਾ ਜਾਂਦਾ ਹੈ ਤੇ ਸਦੀਕ ਮੁਹੰਮਦ ਔੜੀਆ ਨੇ ਗਾਇਆ। 
ਸ਼ਾਇਰ ਸਦਰ ਨੇ ਬੁੱਤ ਨੂੰ ਮੋਰ ਨਾਲ ਤਸ਼ਬੀਹ ਦਿੰਦਿਆਂ ਜਿਸ ਢੰਗ ਨਾਲ ਰੂਹ ਤੇ ਬੁੱਤ ਦਾ ਜ਼ਿਕਰ ਕੀਤਾ ਹੈ ਬਾ-ਕਮਾਲ ਹੈ। 
ਇਸੇ ਲਈ ਇਹ ਗੀਤ, ਪੰਜਾਬੀ ਲੋਕ ਕਾਵਿ ਵਿੱਚ ਇਉਂ ਰਲ ਗਿਆ ਜਿਵੇਂ ਘਿਓ-ਸ਼ੱਕਰ ਰਲ ਜਾਂਦੇ ਹਨ। 
ਰੂਹ, ਬੁੱਤ ਨੂੰ ਕਲਹਿਰੀਆ ਮੋਰਾ’ ਕਹਿੰਦੀ ਹੋਈ ਨਾਸ਼ਵਾਨ ਜੀਵਨ ਦਾ ਯਥਾਰਥ ਬਿਆਨ ਕਰਦੀ ਹੈ:

ਬੁੱਤ ਨਿਮਾਣੇ ਨੂੰ ਹਰ ਵੇਲੇ
ਰੂਹ ਇਹੋ ਗੱਲ ਕਹਿੰਦੀ।
ਕਲਹਿਰੀਆਂ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।
ਸਿਰ ਤੇਰੇ ‘ਤੇ ਖੁਦੀ ਗਰੂਰ,
ਕਰਦੈਂ ਮੇਰੀ ਮੇਰੀ ਤੂੰ।
ਇਹ ਗੱਲ ਮੂਰਖ ਕਦੇ ਨਾ ਸੋਚੀ,
ਅੰਤ ਖਾਕ ਦ ਢੇਰੀ ਤੂੰ।
ਇੱਕ ਦਿਨ ਤਾਂ ਤੈਂ ਢਹਿ ਜਾਣਾ,
ਜਿਵੇਂ ਕੰਧ ਰੇਤ ਦੀ ਢਹਿੰਦੀ।
ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।

ਮਿਠਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ
ਮੋਰਾ = ਮੇਰਾ
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥ 
I am nothing, I have nothing, and nothing belongs to me.

ਚੋਰਾਂ ਨੂੰ ਪੈ ਗਏ ਮੋਰ

ਫਿਲਮ: ਗੋਰਿਆਂ ਨੂੰ ਦਫ਼ਾ ਕਰੋ ਦਾ ਬਹੁਤ ਹੀ ਖੂਬਸੂਰਤ ਗੀਤ 
ਕਰਮਜੀਤ ਅਨਮੋਲ ਦੀ ਅਵਾਜ਼ - ਮੋਰਾ 
ਸੰਗੀਤ: ਜਤਿੰਦਰ ਸ਼ਾਹ 
ਗੀਤਕਾਰ: ਵੀਤ ਬਲਜੀਤ ਕਾਓਂਕੇ 

ਤੇਰਿਆਂ ਖਾਬਾਂ ਦੇ ਵਿੱਚ ਖੋਈ, ਸੱਜਣਾ ਵੇ ਤੇਰੀ ਹੂਰ
ਵੇ ਕਿਓਂ ਤੜਫਾਵੇਂ ਜਾਨ ਨੂੰ, ਕਿਓਂ ਬੈਠਾ ਐਂ ਦੂਰ

ਮੋਰਨ ਦੇ ਕਾਰਨ ਨੀ ਮੈਂ ਕੈਂਠਾ ਘੜਾਓਨੀ ਆਂ
ਕੈਂਠਾ ਪਹਿਨਣ ਦੇ ਵੇਲੇ ਵੇ, ਹੰਢਾਵਣ ਦੇ ਵੇਲੇ
ਕਿਓਂ ਉੱਡ ਜਾਨੈ ਵੇ ਮੋਰਾ
ਮੋਰਾ.. ਕਿਓਂ ਉੱਡ ਜਾਨੈ ਵੇ ਮੋਰਾ

ਤੇਰੀਆਂ ਸੋਹਣੀਆਂ ਅੱਖੀਆਂ ਵੇ
ਤੇਰੀਆਂ ਡੂੰਘੀਆਂ ਰਮਜ਼ਾਂ ਨੇ ਮੈਂ ਮੋਹ ਲਈ
ਵੇ ਮੋਰਾ.. ਮੋਰਾ ਹਾਏ ਮੈਂ ਮੋਹ ਲਈ ਵੇ ਮੋਰਾ

ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਨੀ ਆਂ
ਬਾਗੀਂ ਘੁੰਮਣ ਦੇ ਵੇਲ਼ੇ, ਕਲੀਆਂ ਚੁੰਮਣ ਦੇ ਵੇਲ਼ੇ
ਕਿਓਂ ਉੱਡ ਜਾਨੈ ਵੇ ਮੋਰਾ
ਮੋਰਾ.. ਕਿਓਂ ਉੱਡ ਜਾਨੈ ਵੇ ਮੋਰਾ

ਸੋਹਣੇ ਮੁੱਖੜੇ ਦੇ ਉੱਤੋਂ ਵੇ, ਚੰਨ ਦੇ ਟੁਕੜੇ ਉੱਤੋਂ
ਮੈਂ ਜਾਵਾਂ ਵਾਰੀ ਵੇ ਮੋਰਾ..
ਮੋਰਾ.. ਮੈਂ ਬਲਿਹਾਰੀ ਵੇ ਮੋਰਾ

ਮੋਰਨ ਦੇ ਕਾਰਣ ਨੀ ਮੈਂ ਚੀਰਾ ਰੰਗਾਉਨੀ ਆਂ
ਚੀਰਾ ਬਨ੍ਹਣ ਦੇ ਵੇਲੇ, ਵੇ ਮੇਰੀਆਂ ਮੰਨਣ ਦੇ ਵੇਲ਼ੇ
ਕਿਓਂ ਉੱਡ ਜਾਨੈ ਵੇ ਮੋਰਾ
ਮੋਰਾ..  ਕਿਓਂ ਉੱਡ ਜਾਨੈ ਵੇ ਮੋਰਾ

ਤੇਰੀ ਤੋਰ ਸ਼ਰਾਬੀ, ਤੇਰੀ ਠਾਠ ਨਵਾਬੀ
ਲਗਦੈਂ ਪਿਆਰਾ ਵੇ ਮੋਰਾ
ਮੋਰਾ.. ਵੇ ਤੂੰ ਜਾਨੋ ਪਿਆਰਾ ਵੇ ਮੋਰਾ
ਤੂੰ ਜਗ ਸਾਰਾ ਵੇ ਮੋਰਾ..