ਚੱਕੀਰਾਹਾ ‘ਹੁੱਡ ਹੁੱਡ’ ਜਾਂ ‘ਬੇਬੇਦੁੱਖ’
Common Hoopoe
ਚੱਕੀਰਾਹਾ:- ਸਿਰ ਪੁਰ ਕਲਗੀ ਅਤੇ ਤਿੱਖੀ ਲੰਮੀ ਚੁੰਝ ਵਾਲਾ ਪੰਛੀ ਅਨੇਕ ਦੁਸ਼ਮਣ ਕੀੜਿਆਂ ਤੇ ਸੁੰਡੀਆਂ ਨੂੰ ਖਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਉਂਦਾ ਹੈ।
ਇਹ ਇੱਕ ਛੋਟਾ ਜਿਹਾ ਪੰਛੀ ਹੈ ਜਿਸ ਦੇ ਸਿਰ ਦੀਆਂ ਪਸਲੀਆਂ ਬਹੁਤ ਮਜ਼ਬੂਤ ਹੁਂਦੀਆਂ ਹਨ।
ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ।
ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। ਕਿਸਾਨਾਂ ਦੀਆਂ ਫ਼ਸਲਾਂ ਦੇ ਵਧੀਆ ਪਹਿਰੇਦਾਰ ਦੇ ਤੌਰ ’ਤੇ ਜਾਣਿਆ ਜਾਣ ਕਾਰਨ ਹੀ ਚੱਕੀਰਾਹਾ ਉਰਫ਼ ਹੁਦਹੁਦ 1988 ਤੋਂ ਪਹਿਲਾਂ ਪੰਜਾਬ ਦਾ ਰਾਜ ਪੰਛੀ ਮੰਨਿਆ ਜਾਂਦਾ ਸੀ। ਚੱਕੀਰਾਹਾ ਅਤੇ ਹੁਦਹੁਦ ਦੀਆਂ ਕੁੱਲ ਨੌਂ ਪ੍ਰਜਾਤੀਆਂ ਹਨ ਜਿਨ੍ਹਾਂ ਵਿੱਚੋਂ ਯੂਪੋਪਾ ਇਪੋਪਸ ਪੰਜਾਬ ਵਿੱਚ ਮੁੱਖ ਤੌਰ ’ਤੇ ਪਾਇਆ ਜਾਂਦਾ ਹੈ। ਚੱਕੀਰਾਹਾ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟ ਪਤੰਗੇ ਅਤੇ ਤਿਤਲੀਆਂ ਦੇ ਲਾਰਵੇ, ਲੋਕਸਟ, ਬੀਟਲ, ਸੀਕਾਡਸ, ਕੀੜੀਆਂ, ਕੀੜੇ ਮਕੌੜੇ ਅਤੇ ਸੁੰਡੀਆਂ ਨੂੰ ਖਾ ਕੇ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਸੀ।
ਇਹ ਆਪਣੇ ਆਲ੍ਹਣੇ ਰੁੱਖਾਂ ਦੇ ਖੋਲ, ਪਥਰੀਲੀ ਪਹਾੜੀਆਂ ਦੀਆਂ ਦਰਾਰਾਂ ਜਾਂ ਤੂੜੀ ਦੇ ਢੇਰਾਂ ਵਿੱਚ ਬਣਾਉਂਦਾ ਹੈ। ਚੱਕੀਰਾਹਾ ਸੱਤ ਤੋਂ ਬਾਰ੍ਹਾਂ ਅੰਡੇ ਦਿੰਦਾ ਹੈ। ਮਾਦਾ ਪੰਛੀ 15 ਤੋਂ 18 ਦਿਨ ਅੰਡੇ ਸੇਕ ਕੇ ਇਨ੍ਹਾਂ ਵਿੱਚੋਂ ਬੱਚੇ ਕੱਢਦੀ ਹੈ। ਐਨਜੀਓ ਦਸਤਕ ਵੈਲਫੇਅਰ ਕਾਉਂਸਿਲ ਵੱਲੋਂ ਕੀਤੇ ਗਏ ਸਰਵੇਖਣ ਅਤੇ ਖੋਜ ਮੁਤਾਬਿਕ ਸਾਰੇ ਪੰਛੀਆਂ ਦੀਆਂ ਪ੍ਰਜਾਤੀਆਂ ਵਿੱਚ ਚੱਕੀਰਾਹਾ ਹੀ ਇੱਕ ਅਜਿਹਾ ਪੰਛੀ ਹੈ ਜੋ ਆਪਣੇ ਸਰੀਰ ਵਿੱਚ ਮੌਜੂਦ ਯੂਰੋਪੀਜੀਅਲ ਗਲੈਂਡ ਨਾਲ ਬਦਬੂਦਾਰ ਤਰਲ ਪਦਾਰਥ (ਜਿਸ ਵਿੱਚ ਐਂਟਰਕੋਕਸ ਬੈਕਟੀਰੀਆ ਹੁੰਦਾ ਹੈ) ਦਾ ਛਿੜਕਾਅ ਅੰਡਿਆਂ ’ਤੇ ਕਰਦਾ ਹੈ ਤਾਂ ਕਿ ਉਸ ਵਿੱਚ ਮੌਜੂਦ ਨਵਜਾਤ ਬੱਚਿਆਂ ਨੂੰ ਇਨਫੈਕਸ਼ਨ ਨਾ ਹੋਵੇ ਅਤੇ ਸਾਰੇ ਅੰਡਿਆਂ ਵਿੱਚੋਂ ਚੂਚੇ ਸਹੀ ਸਲਾਮਤ ਬਾਹਰ ਆ ਜਾਣ। ਹੋਰ ਤਾਂ ਹੋਰ ਚੱਕੀਰਾਹੇ ਦੇ ਬੱਚਿਆਂ ਨੂੰ ਨਰ ਅਤੇ ਮਾਦਾ ਚੱਕੀਰਾਹਾ ਬਚਪਨ ਵਿੱਚ ਹੀ ਸ਼ਿਕਾਰੀ ਪੰਛੀਆਂ ਨਾਲ ਲੜਨ ਦੀ ਸਿਖਲਾਈ ਦਿੰਦੇ ਹਨ। ਜਦੋਂ ਵੀ ਕੋਈ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਹਮਲਾ ਕਰਦਾ ਹੈ ਤਾਂ ਨਵਜਾਤ ਚੱਕੀਰਾਹਾ ਆਪਣੇ ਯੂਰੋਪੀਜੀਅਲ ਗਲੈਂਡ ਦੇ ਬਦਬੂਦਾਰ ਤਰਲ ਪਦਾਰਥ ਦੀ ਪਿਚਕਾਰੀ ਉਨ੍ਹਾਂ ਦੇ ਮੂੰਹ ਉੱਤੇ ਮਾਰ ਕੇ ਉਨ੍ਹਾਂ ਨੂੰ ਭਜਾ ਦਿੰਦੇ ਹਨ।
No comments:
Post a Comment