Saturday, 21 March 2015

ਪਪੀਹਾ

ਪਪੀਹਾ

ਪਪੀਹਾ ਪੰਜਾਬ ਦਾ ਪਰਮੁੱਖ ਪੰਛੀ ਹੈ.. ਇਸ ਦਾ ਜ਼ਿਕਰ ਪੰਜਾਬੀ ਲੋਕ ਗੀਤਾਂ 'ਚ ਵੀ ਆਮ ਮਿਲਦਾ ਹੈ..
"ਸੁਣੀ ਮਾਲਕਾ ਮੇਰੀ ਕੂਕ ਪਪੀਹੇ ਵਾਲੀ".. 
ਇਹ ਪੂਰੇ ਭਾਰਤੀ ਉਪ-ਮਹਾਂਦੀਪ ਵਿਚ ਪਾਇਆ ਜਾਂਦਾ ਹੈ (ਨੇਪਾਲ, ਪਾਕਿਸਤਾਨ, ਸ਼ਰੀ ਲੰਕਾ, ਬੰਗਲਾਦੇਸ਼, ਭੂਟਾਨ ਅਤੇ ਇੰਡੀਆ).. 
ਇਹ ਸੰਘਣੇ ਦਰਖਤਾਂ ਦੇ ਝੁੰਡ ਜੋ ਘਾਹ ਦੇ ਮੈਦਾਨਾ ਦੇ ਨਜਦੀਕ ਹੋਣ 'ਚ ਰਹਿਣਾ ਪਸੰਦ ਕਰਦਾ ਹੈ.. 
ਇਹ ਜੂਨ ਅਤੇ ਜੁਲਾਈ ਮਹੀਨਿਆਂ 'ਚ ਬਰੀਡਿੰਗ ਕਰਦਾ ਹੈ.. 
ਆਪ ਆਲ੍ਣਾ ਨਹੀਂ ਬਣਾਉਦਾ ਸਗੋਂ ਜੰਗਲੀ ਸੇਰੜੀ ਅਤੇ ਪੀਲੀ ਸੇਰੜੀ ਦੇ ਆਲਣੇ 'ਚ ਹੀ ਧੋਖੇ ਨਾਲ ਆਂਡੇ ਦੇ ਦਿੰਦਾ ਹੈ ਕਿਓਕਿ ਇਸ ਦੇ ਆਂਡੇ ਉਹਨਾ ਦੇ ਆਂਡੇ ਵਰਗੇ ਹੀ ਹਲਕੇ ਨੀਲੇ ਹੁੰਦੇ ਹਨ ਸੋ ਇਹ ਚਲਾਕ ਪੰਛੀ ਹੈ.. 
ਇਸ ਦੀ ਖੁਰਾਕ ਕੀਟ ਪਤੰਗੇ ਤੇ ਫ਼ਲ ਵੀ ਹਨ.. 
ਇਹ ਪੰਛੀ ਵਿਗਿਆਨੀਆਂ ਮੁਤਾਬਿਕ ਸ਼ਿਕਰੇ ਦਾ ਹੀ ਰਿਸ਼ਤੇਦਾਰ ਹੈ








ਪਪੀਹਾ

ਲਾਲਾ ਧਨੀ ਰਾਮ ਚਾਤ੍ਰਿਕ 

"ਪੀਆ, ਪੀਆ, ਪੀਆ" ਨਿਤ ਬੋਲ, ਵੇ ਪਪੀਹਾ !
ਬੋਲ ਵੇ ਪਪੀਹਾ ! ਚੁੰਝ ਖੋਲ ਵੇ, ਪਪੀਹਾ !

ਪੀਆ ਜੀ ਦੇ ਨਾਲ ਤੇਰ ਪ੍ਰੀਤ ਹੈ ਪੁਰਾਣੀ,
ਦੱਸੀ ਜਾ ਕਲੇਜਾ ਫੋਲ ਫੋਲ, ਵੇ ਪਪੀਹਾ !

ਅੱਗ ਤੇਰੀ ਆਸਰੇ ਦੀ ਬੁੱਝ ਕਿਤੇ ਜਾਏ ਨਾ,
ਲੱਗਾ ਰਹੇ ਜ਼ਿੰਦਗੀ ਦਾ ਘੋਲ, ਵੇ ਪਪੀਹਾ !

ਚੀਸ ਤੇਰੀ ਚੀਕਵੀਂ ਤੇ ਕੂਕ ਤੇਰੀ ਕਾਟਵੀਂ,
ਪਹੁੰਚ ਸਕੇ ਸਿੱਧੀ ਪੀਆ ਕੋਲ, ਵੇ ਪਪੀਹਾ !

ਆਸਾਂ ਦੀਆਂ ਡੋਰੀਆਂ ਖਿਲਾਰੀ ਰੱਖ ਲੰਮੀਆਂ,
ਬੱਝਾ ਰਹੇ ਹੌਸਲਾ ਅਡੋਲ, ਵੇ ਪਪੀਹਾ !

ਪੀਆ ਦੇ ਪਿਆਰ ਵਿਚ ਡੁਲ੍ਹੇ ਤੇਰੇ ਅੱਥਰੂ,
ਤੁੱਲਣੇ ਨੇ ਮੋਤੀਆਂ ਦੇ ਤੋਲ, ਵੇ ਪਪੀਹਾ !

Thursday, 19 March 2015

ਚੱਕੀਰਾਹਾ ‘ਹੁੱਡ ਹੁੱਡ’ ਜਾਂ ‘ਬੇਬੇਦੁੱਖ’

ਚੱਕੀਰਾਹਾ ‘ਹੁੱਡ ਹੁੱਡ’ ਜਾਂ ‘ਬੇਬੇਦੁੱਖ’

 Common Hoopoe

ਚੱਕੀਰਾਹਾ:- ਸਿਰ ਪੁਰ ਕਲਗੀ ਅਤੇ ਤਿੱਖੀ ਲੰਮੀ ਚੁੰਝ ਵਾਲਾ ਪੰਛੀ ਅਨੇਕ ਦੁਸ਼ਮਣ ਕੀੜਿਆਂ ਤੇ ਸੁੰਡੀਆਂ ਨੂੰ ਖਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਉਂਦਾ ਹੈ।
ਇਹ ਇੱਕ ਛੋਟਾ ਜਿਹਾ ਪੰਛੀ ਹੈ ਜਿਸ ਦੇ ਸਿਰ ਦੀਆਂ ਪਸਲੀਆਂ ਬਹੁਤ ਮਜ਼ਬੂਤ ਹੁਂਦੀਆਂ ਹਨ।
ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। 
ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। ਕਿਸਾਨਾਂ ਦੀਆਂ ਫ਼ਸਲਾਂ ਦੇ ਵਧੀਆ ਪਹਿਰੇਦਾਰ ਦੇ ਤੌਰ ’ਤੇ ਜਾਣਿਆ ਜਾਣ ਕਾਰਨ ਹੀ ਚੱਕੀਰਾਹਾ ਉਰਫ਼ ਹੁਦਹੁਦ 1988 ਤੋਂ ਪਹਿਲਾਂ ਪੰਜਾਬ ਦਾ ਰਾਜ ਪੰਛੀ ਮੰਨਿਆ ਜਾਂਦਾ ਸੀ। ਚੱਕੀਰਾਹਾ ਅਤੇ ਹੁਦਹੁਦ ਦੀਆਂ ਕੁੱਲ ਨੌਂ ਪ੍ਰਜਾਤੀਆਂ ਹਨ ਜਿਨ੍ਹਾਂ ਵਿੱਚੋਂ ਯੂਪੋਪਾ ਇਪੋਪਸ ਪੰਜਾਬ ਵਿੱਚ ਮੁੱਖ ਤੌਰ  ’ਤੇ ਪਾਇਆ ਜਾਂਦਾ ਹੈ। ਚੱਕੀਰਾਹਾ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟ ਪਤੰਗੇ ਅਤੇ ਤਿਤਲੀਆਂ ਦੇ ਲਾਰਵੇ, ਲੋਕਸਟ, ਬੀਟਲ, ਸੀਕਾਡਸ, ਕੀੜੀਆਂ, ਕੀੜੇ ਮਕੌੜੇ ਅਤੇ ਸੁੰਡੀਆਂ ਨੂੰ ਖਾ ਕੇ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਸੀ। 

ਇਹ ਆਪਣੇ ਆਲ੍ਹਣੇ ਰੁੱਖਾਂ ਦੇ ਖੋਲ, ਪਥਰੀਲੀ ਪਹਾੜੀਆਂ ਦੀਆਂ ਦਰਾਰਾਂ ਜਾਂ ਤੂੜੀ ਦੇ ਢੇਰਾਂ ਵਿੱਚ ਬਣਾਉਂਦਾ ਹੈ। ਚੱਕੀਰਾਹਾ ਸੱਤ ਤੋਂ ਬਾਰ੍ਹਾਂ ਅੰਡੇ ਦਿੰਦਾ ਹੈ। ਮਾਦਾ ਪੰਛੀ 15 ਤੋਂ 18 ਦਿਨ ਅੰਡੇ ਸੇਕ ਕੇ ਇਨ੍ਹਾਂ ਵਿੱਚੋਂ ਬੱਚੇ ਕੱਢਦੀ ਹੈ। ਐਨਜੀਓ ਦਸਤਕ ਵੈਲਫੇਅਰ ਕਾਉਂਸਿਲ ਵੱਲੋਂ ਕੀਤੇ ਗਏ ਸਰਵੇਖਣ ਅਤੇ ਖੋਜ ਮੁਤਾਬਿਕ ਸਾਰੇ ਪੰਛੀਆਂ ਦੀਆਂ ਪ੍ਰਜਾਤੀਆਂ ਵਿੱਚ ਚੱਕੀਰਾਹਾ ਹੀ ਇੱਕ ਅਜਿਹਾ ਪੰਛੀ ਹੈ ਜੋ ਆਪਣੇ ਸਰੀਰ ਵਿੱਚ ਮੌਜੂਦ ਯੂਰੋਪੀਜੀਅਲ ਗਲੈਂਡ ਨਾਲ ਬਦਬੂਦਾਰ ਤਰਲ ਪਦਾਰਥ (ਜਿਸ ਵਿੱਚ ਐਂਟਰਕੋਕਸ ਬੈਕਟੀਰੀਆ ਹੁੰਦਾ ਹੈ) ਦਾ ਛਿੜਕਾਅ ਅੰਡਿਆਂ ’ਤੇ ਕਰਦਾ ਹੈ ਤਾਂ ਕਿ ਉਸ ਵਿੱਚ ਮੌਜੂਦ ਨਵਜਾਤ ਬੱਚਿਆਂ ਨੂੰ ਇਨਫੈਕਸ਼ਨ ਨਾ ਹੋਵੇ ਅਤੇ ਸਾਰੇ ਅੰਡਿਆਂ ਵਿੱਚੋਂ ਚੂਚੇ ਸਹੀ ਸਲਾਮਤ ਬਾਹਰ ਆ ਜਾਣ।  ਹੋਰ ਤਾਂ ਹੋਰ ਚੱਕੀਰਾਹੇ ਦੇ ਬੱਚਿਆਂ ਨੂੰ ਨਰ ਅਤੇ ਮਾਦਾ ਚੱਕੀਰਾਹਾ ਬਚਪਨ ਵਿੱਚ ਹੀ ਸ਼ਿਕਾਰੀ ਪੰਛੀਆਂ ਨਾਲ ਲੜਨ ਦੀ ਸਿਖਲਾਈ ਦਿੰਦੇ ਹਨ। ਜਦੋਂ ਵੀ ਕੋਈ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਹਮਲਾ ਕਰਦਾ ਹੈ ਤਾਂ ਨਵਜਾਤ ਚੱਕੀਰਾਹਾ ਆਪਣੇ ਯੂਰੋਪੀਜੀਅਲ ਗਲੈਂਡ ਦੇ ਬਦਬੂਦਾਰ ਤਰਲ ਪਦਾਰਥ ਦੀ ਪਿਚਕਾਰੀ ਉਨ੍ਹਾਂ ਦੇ ਮੂੰਹ ਉੱਤੇ ਮਾਰ ਕੇ ਉਨ੍ਹਾਂ ਨੂੰ ਭਜਾ ਦਿੰਦੇ ਹਨ।



ਭਾਰਤ ਦਾ ਰਾਸ਼ਟਰੀ ਪੰਛੀ ਮੋਰ

ਭਾਰਤ ਦਾ ਰਾਸ਼ਟਰੀ ਪੰਛੀ ਮੋਰ



ਸੁਣ ਵੇ ਬਾਗ ਦਿਆ ਬਾਗ ਬਗੀਚਿਆ
ਸੁਣ ਵੇ ਬਾਗ ਦਿਆ ਮਾਲੀ,
ਹੋਰਾਂ ਦੇ ਬਾਗੀਂ ਮੋਰ ਬੋਲਦੇ
ਤੇਰਾ ਬਾਗ ਕਿਉਂ ਖਾਲੀ।

ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ,
ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ।

ਚੀਕੇ ਚਰਖਾ ਬਿਸ਼ਨੀਏ ਤੇਰਾ,
ਲੋਕਾਂ ਭਾਣੇ ਮੋਰ ਕੂਕਦਾ




ਇੱਕ ਬਹੁਤ ਪ੍ਰਸਿੱਧ ਪੰਜਾਬੀ ਗੀਤ ਅੱਜ ਵੀ ਲੋਕ ਮਨਾਂ ਵਿੱਚ ਗੂੰਜਦਾ ਹੈ ਜਿਸ ਨੂੰ ਲੋਕ ਕਾਵਿ ਦਾ ਹਿੱਸਾ ਹੀ ਸਮਝਿਆ ਜਾਂਦਾ ਹੈ, ਪਰ ਇਹ ਗੀਤ ਸਦਰ ਦੀਨ ਜਗਰਾਵਾਂ ਵਾਲੇ ਦਾ ਲਿਖਿਆ ਹੋਇਆ ਹੈ, ਜੋ ਸੰਨ 1938 ਤੋਂ 1940 ਦੇ ਵਿੱਚ ਵਿੱਚ ਰਿਕਾਰਡ ਹੋਇਆ ਹੈ।
ਉਹ ਪੱਥਰ ਦੇ ਤਵਿਆਂ ਵਾਲਾ ਯੁੱਗ ਸੀ। ਇਹ ਤਵਾ ਨੰਬਰ ਆਰ ਐਲ 3062 ‘ਤੇ ਸਾਂਭਿਆ ਗੀਤ ਫਜ਼ਲ ਮੁਹੰਮਦ ਟੁੰਡਾ ਜਿਸ ਨੂੰ ਫਜ਼ਲਾ ਟੁੰਡਾ ਵੀ ਕਿਹਾ ਜਾਂਦਾ ਹੈ ਤੇ ਸਦੀਕ ਮੁਹੰਮਦ ਔੜੀਆ ਨੇ ਗਾਇਆ। 
ਸ਼ਾਇਰ ਸਦਰ ਨੇ ਬੁੱਤ ਨੂੰ ਮੋਰ ਨਾਲ ਤਸ਼ਬੀਹ ਦਿੰਦਿਆਂ ਜਿਸ ਢੰਗ ਨਾਲ ਰੂਹ ਤੇ ਬੁੱਤ ਦਾ ਜ਼ਿਕਰ ਕੀਤਾ ਹੈ ਬਾ-ਕਮਾਲ ਹੈ। 
ਇਸੇ ਲਈ ਇਹ ਗੀਤ, ਪੰਜਾਬੀ ਲੋਕ ਕਾਵਿ ਵਿੱਚ ਇਉਂ ਰਲ ਗਿਆ ਜਿਵੇਂ ਘਿਓ-ਸ਼ੱਕਰ ਰਲ ਜਾਂਦੇ ਹਨ। 
ਰੂਹ, ਬੁੱਤ ਨੂੰ ਕਲਹਿਰੀਆ ਮੋਰਾ’ ਕਹਿੰਦੀ ਹੋਈ ਨਾਸ਼ਵਾਨ ਜੀਵਨ ਦਾ ਯਥਾਰਥ ਬਿਆਨ ਕਰਦੀ ਹੈ:

ਬੁੱਤ ਨਿਮਾਣੇ ਨੂੰ ਹਰ ਵੇਲੇ
ਰੂਹ ਇਹੋ ਗੱਲ ਕਹਿੰਦੀ।
ਕਲਹਿਰੀਆਂ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।
ਸਿਰ ਤੇਰੇ ‘ਤੇ ਖੁਦੀ ਗਰੂਰ,
ਕਰਦੈਂ ਮੇਰੀ ਮੇਰੀ ਤੂੰ।
ਇਹ ਗੱਲ ਮੂਰਖ ਕਦੇ ਨਾ ਸੋਚੀ,
ਅੰਤ ਖਾਕ ਦ ਢੇਰੀ ਤੂੰ।
ਇੱਕ ਦਿਨ ਤਾਂ ਤੈਂ ਢਹਿ ਜਾਣਾ,
ਜਿਵੇਂ ਕੰਧ ਰੇਤ ਦੀ ਢਹਿੰਦੀ।
ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।

ਮਿਠਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ
ਮੋਰਾ = ਮੇਰਾ
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥ 
I am nothing, I have nothing, and nothing belongs to me.

ਚੋਰਾਂ ਨੂੰ ਪੈ ਗਏ ਮੋਰ

ਫਿਲਮ: ਗੋਰਿਆਂ ਨੂੰ ਦਫ਼ਾ ਕਰੋ ਦਾ ਬਹੁਤ ਹੀ ਖੂਬਸੂਰਤ ਗੀਤ 
ਕਰਮਜੀਤ ਅਨਮੋਲ ਦੀ ਅਵਾਜ਼ - ਮੋਰਾ 
ਸੰਗੀਤ: ਜਤਿੰਦਰ ਸ਼ਾਹ 
ਗੀਤਕਾਰ: ਵੀਤ ਬਲਜੀਤ ਕਾਓਂਕੇ 

ਤੇਰਿਆਂ ਖਾਬਾਂ ਦੇ ਵਿੱਚ ਖੋਈ, ਸੱਜਣਾ ਵੇ ਤੇਰੀ ਹੂਰ
ਵੇ ਕਿਓਂ ਤੜਫਾਵੇਂ ਜਾਨ ਨੂੰ, ਕਿਓਂ ਬੈਠਾ ਐਂ ਦੂਰ

ਮੋਰਨ ਦੇ ਕਾਰਨ ਨੀ ਮੈਂ ਕੈਂਠਾ ਘੜਾਓਨੀ ਆਂ
ਕੈਂਠਾ ਪਹਿਨਣ ਦੇ ਵੇਲੇ ਵੇ, ਹੰਢਾਵਣ ਦੇ ਵੇਲੇ
ਕਿਓਂ ਉੱਡ ਜਾਨੈ ਵੇ ਮੋਰਾ
ਮੋਰਾ.. ਕਿਓਂ ਉੱਡ ਜਾਨੈ ਵੇ ਮੋਰਾ

ਤੇਰੀਆਂ ਸੋਹਣੀਆਂ ਅੱਖੀਆਂ ਵੇ
ਤੇਰੀਆਂ ਡੂੰਘੀਆਂ ਰਮਜ਼ਾਂ ਨੇ ਮੈਂ ਮੋਹ ਲਈ
ਵੇ ਮੋਰਾ.. ਮੋਰਾ ਹਾਏ ਮੈਂ ਮੋਹ ਲਈ ਵੇ ਮੋਰਾ

ਮੋਰਨ ਲਈ ਨਹਿਰ ਕਿਨਾਰੇ ਬਾਗ ਲਵਾਉਨੀ ਆਂ
ਬਾਗੀਂ ਘੁੰਮਣ ਦੇ ਵੇਲ਼ੇ, ਕਲੀਆਂ ਚੁੰਮਣ ਦੇ ਵੇਲ਼ੇ
ਕਿਓਂ ਉੱਡ ਜਾਨੈ ਵੇ ਮੋਰਾ
ਮੋਰਾ.. ਕਿਓਂ ਉੱਡ ਜਾਨੈ ਵੇ ਮੋਰਾ

ਸੋਹਣੇ ਮੁੱਖੜੇ ਦੇ ਉੱਤੋਂ ਵੇ, ਚੰਨ ਦੇ ਟੁਕੜੇ ਉੱਤੋਂ
ਮੈਂ ਜਾਵਾਂ ਵਾਰੀ ਵੇ ਮੋਰਾ..
ਮੋਰਾ.. ਮੈਂ ਬਲਿਹਾਰੀ ਵੇ ਮੋਰਾ

ਮੋਰਨ ਦੇ ਕਾਰਣ ਨੀ ਮੈਂ ਚੀਰਾ ਰੰਗਾਉਨੀ ਆਂ
ਚੀਰਾ ਬਨ੍ਹਣ ਦੇ ਵੇਲੇ, ਵੇ ਮੇਰੀਆਂ ਮੰਨਣ ਦੇ ਵੇਲ਼ੇ
ਕਿਓਂ ਉੱਡ ਜਾਨੈ ਵੇ ਮੋਰਾ
ਮੋਰਾ..  ਕਿਓਂ ਉੱਡ ਜਾਨੈ ਵੇ ਮੋਰਾ

ਤੇਰੀ ਤੋਰ ਸ਼ਰਾਬੀ, ਤੇਰੀ ਠਾਠ ਨਵਾਬੀ
ਲਗਦੈਂ ਪਿਆਰਾ ਵੇ ਮੋਰਾ
ਮੋਰਾ.. ਵੇ ਤੂੰ ਜਾਨੋ ਪਿਆਰਾ ਵੇ ਮੋਰਾ
ਤੂੰ ਜਗ ਸਾਰਾ ਵੇ ਮੋਰਾ..