ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਜਾਤਾਂ ਦੇ ਗਰਭ ਮੂਰਖ ਅਤੇ ਗਵਾਰ ਲੋਕ ਕਰਦੇ ਹਨ। ਸਿਆਣਾ ਬੰਦਾ ਕਿਉਂ ਕਰੂ ਜਾਤ ਦਾ ਗਰਭ। ਜਾਤ ਹੈ ਹੀ ਕਿਥੇ ਉਸ ਲਈ। ਉਸ ਲਈ ਕੌਣ ਜੱਟ, ਬ੍ਰਾਹਮਣ ਜਾਂ ਚਮਾਰ! ਬੰਦੇ ਵਰਗੇ ਸਭ ਬੰਦੇ, ਮਨੁੱਖਾਂ ਵਰਗੇ ਸਭ ਮਨੁੱਖ। ਕਿਸੇ ਦੇ ਚਾਰ ਅੱਖਾਂ ਨਹੀਂ ਤੇ ਕਿਸੇ ਦੇ ਲਹੂ ਦਾ ਰੰਗ ਦੁੱਧ ਦਾ ਨਹੀਂ। ਕਿਸੇ ਉੱਚੀ ਜਾਤ ਵਾਲੇ ਦੀਆਂ ਅੱਠ ਬਾਹਵਾਂ ਨਹੀਂ, ਨਾ ਚਾਰ ਲੱਤਾਂ। ਉਹੀ ਅੰਨ ਜੱਟ ਜਾਂ ਬ੍ਰਾਹਮਣ ਖਾਂਦਾ, ਉਹੀ ਚਮਾਰ ਜਾਂ ਚੂਹੜਾ। ਨਾ ਉੱਚੀ ਜਾਤ ਵਾਲੇ ਦੇ ਸਿੰਗ ਲੱਗੇ, ਨਾ ਛੋਟੀ ਵਾਲੇ ਦੇ ਪੂਛ! ਜਿਹੜਾ ਚੰਮ ਚਮਾਰ ਦਾ, ਉਹੀ ਬ੍ਰਾਹਮਣ ਦਾ। ਤਾਂ ਫਿਰ ਜਾਤ ਦਾ ਅਰਥ ਹੀ ਕੀ ਰਹਿ ਗਿਆ? ਜਾਤ ਦਾ ਹੰਕਾਰ ਮੂਰਖਾਂ ਦੇ ਕਰਨ ਦਾ ਹੈ, ਦਾਨਿਆਂ ਤੇ ਸੂਝਵਾਨਾਂ ਦਾ ਨਹੀਂ।
ਕੋਈ ਦੱਸੇ ਕਿ ਜੇ ਮੈਂ ਆਪਣਾ ਨਾਂ ਜੱਟ ਜਾਂ ਬ੍ਰਾਹਮਣ ਨਾਲ ਜੋੜ ਲਿਆ ਤਾਂ ਇਸ ਨਾਲ ਮੈਂ ਵੱਡਾ ਕਿਵੇਂ ਹੋ ਗਿਆ ਤੇ ਬਾਕੀ ਛੋਟੇ? ਕੁੱਝ ਵੀ ਤਾਂ ਅਲਹਿਦਾ ਨਹੀਂ, ਨਾ ਤਾਂ ਫਿਰ ਮਾਣ ਕਾਹਦਾ? ਕਾਹਦਾ ਹੰਕਾਰ? ਪਰ ਇਹ ਮੈਂ ਕਰ ਰਿਹਾ ਹਾਂ ਤੇ ਸਦੀਆਂ ਤੋਂ ਕਰ ਰਿਹਾ ਹਾਂ। ਸਦੀਆਂ ਤੋਂ ਮੇਰੇ ਸਿਰ ਵਿਚ ਠੂਸ ਦਿੱਤਾ ਗਿਆ ਹੈ ਕਿ ਇਹ ਬ੍ਰਾਹਮਣ, ਇਹ ਸ਼ੂਦਰ!
ਬਾਬਾ ਜੀ ਅਪਣਿਆਂ ਬੜਾ ਮੱਥਾ ਮਾਰਿਆ ਮੇਰੇ ਨਾਲ। 239 ਸਾਲ ਠੀਕਰੀਆਂ ਭੰਨੀਆਂ ਗੁਰੂ ਸਾਹਿਬਾਨਾਂ ਮੇਰੇ ਨਾਲ, ਪਰ ਮੈਂ ਫਿਰ ਉਥੇ ਦਾ ਉਥੇ! ਮੈਂ ਨਾ ਮਨੁੱਖ ਬਣ ਸਕਿਆ, ਸਿੱਖ ਤਾਂ ਬਣਨਾ ਹੀ ਕੀ ਸੀ, ਪਰ ਮੈਂ ਜੋ ਬਣਿਆ ਉਹ ਸੀ ਜੱਟ, ਤਰਖਾਣ, ਛੀਂਬਾ, ਨਾਈ, ਝਿਉਰ, ਚਮਾਰ ਜਾਂ ਚੂਹੜਾ? ਯਾਣੀ ਬੰਦਾ, ਬੰਦਾ ਹੀ ਨਾ ਰਿਹਾ! ਜਿਸ ਰੱਬ ਅਗੇ ਮੈਂ ਰੋਜ ਕੌਡਾ ਹੁੰਨਾ, ਉਸ ਤਾਂ ਇਦਾਂ ਦਾ ਕੁੱਝ ਵੀ ਨਹੀਂ ਸੀ ਬਣਾਇਆ। ਫਿਰ ਰੱਬ ਅਗੇ ਲੰਮੇ ਪੈਣ ਦੇ ਖੇਖਨ ਕਾਹਦੇ, ਜੇ ਉਸ ਦੇ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਣਾ।
ਮੈਂ ਗੁਰਦੁਆਰੇ ਗਿਆ, ਪਾਠ ਕਰਾਏ, ਕੀਰਤਨ ਕਰਾਏ, ਕਈ ਪਾਪੜ ਵੇਲੇ, ਪਰ ਮਨੁੱਖ ਹੋਣ ਵਲ ਕੋਈ ਕਦਮ ਨਾ ਪੁੱਟਿਆ। ਮੇਰੀ ਛੱਡੋ ਨਿੱਤ ਮੂਰਤੀਆਂ ਸਜਾ ਕੇ ਭੋਗ ਲਵਾਉਂਣ ਵਾਲੇ ਸਭ ਤੋਂ ਜਿਆਦਾ ਪੀੜਤ ਇਸ ਬਿਮਾਰੀ ਤੋਂ। ਉਹ ਕਹਿੰਦੇ ਸਾਡੇ ਬਾਬਾ ਜੀ ਨੇ ਪ੍ਰਤਖ ਦਰਸ਼ਨ ਕੀਤੇ, ਭੋਗ ਲਵਾਏ, ਸਾਖਯਾਤ ਗੁਰੂ ਜੀ ਨੂੰ ਅਪਣੇ ਮੂਹਰੇ ਲਿਆ ਬਿਠਾਇਆ, ਖੁਦ ਉਹ ਆ ਕੇ ਮੂਰਤੀ ਬਣਵਾ ਕੇ ਗਏ ਅਪਣੀ ਪਰ? ਪਰ ਅਕਲ ਕੋਈ ਨਹੀਂ ਲਈ ਮੈਂ ਉਨ੍ਹਾਂ ਤੋਂ! ਕਿ ਲਈ?
ਜੇ ਲਈ ਹੁੰਦੀ ਤਾਂ ਗੁਰੂ ਨਾਨਕ ਦਾ ਤਾਂ ਸਭ ਤੋਂ ਪਹਿਲਾ ਸਾਥੀ ਹੀ ਮਰਾਸੀ ਸੀ! ਵੱਡਾ ਚੈਲਿੰਜ ਸੀ ਉੱਚ ਜਾਤੀਆਂ ਨੂੰ। ਖੁਦ ਬਾਬਾ ਜੀ ਦੇ ਪਿਉ ਨੂੰ। ਲੋਕ ਕਹਿੰਦੇ ਪਟਵਾਰੀ ਜੀ ਅਜਿਹੀ ਉਲਾਦ ਪੈਦਾ ਕੀਤੀ, ਸਾਡਾ ਸਭ ਦਾ ਸਿਰ ਨੀਂਵਾ ਕੀਤਾ? ਓਸ ਜੁੱਗ ਦੀ ਜੁੱਤੀ ਵਿੱਚ ਆਪਣੇ ਪੈਰ ਤਾਂ ਫਸਾ ਕੇ ਦੇਖੋ। ਪੰਡੀਆ ਤਾਂ ਹੁਣ ਤੱਕ ਲੋਕਾਂ ਨੂੰ ਜਿਉਂਣ ਦਾ ਹੱਕ ਨਹੀਂ ਦਿੰਦਾ ਤੇ ਓਸ ਜੁੱਗ ਮਰਾਸੀ ਨਾਲ ਤੁਰਨਾ? ਹੋਰ ਹੈਰਾਨੀ ਕਿ ਇੱਕ ਤਾਂ ਉਹ ਮਰਾਸੀ ਦੂਜਾ ਮੁਸਲਮਾਨ? ਗੁਰੂ ਲਈ ਉਹ ਮਹਾਂਪੁਰਖ ਮਰਾਸੀ ਨਹੀਂ ਸੀ, ਪਰ ਲੋਕਾਂ ਲਈ? ਉਚੀ ਜਾਤਾਂ ਲਈ?
ਬਾਬਾ ਜੀ ਦੇ ਆਪਣੀ ਭੈਣ ਕੋਲੇ ਜਾਣ ਦੇ ਕੋਈ ਛੋਟੇ ਕਾਰਨ ਨਹੀਂ ਸਨ! ਸਾਰੇ ਪਿੰਡ ਦੇ ਉੱਚ ਜਾਤੀਏ ਮਹਿਤਾ ਕਾਲੂ ਜੀ ਦੇ ਦੁਆਲੇ ਕਿ ਪਟਵਾਰੀ ਭਾਈ ਕਾਕਾ ਤੇਰਾ ਮਰਾਸੀ ਨਾਲ ਲਗਾ ਫਿਰਦਾ ਸਾਰੀ ਬਰਾਦਰੀ ਦਾ ਨੱਕ ਵੱਡ ਦਿੱਤਾ ਇਸ?
ਚਲ ਜੇ ਗੁਰਬਾਣੀ ਮੈਨੂੰ ਸਮਝ ਨਹੀਂ ਸੀ ਆਉਂਦੀ, ਆਹ ਮੋਟੀ ਜਿਹੀ ਗੱਲ ਹੀ ਮੈਂ ਸਮਝ ਸਕਦਾ ਹੁੰਦਾ। 'ਬ੍ਰਹਮਗਿਆਨੀ' ਹੀ ਸਮਝ ਲੈਂਦੇ ਹੁੰਦੇ! ਘੱਟੋ ਘੱਟ ਪੰਜਾਬ ਵਿਚ ਜਾਤਾਂ ਦੇ ਨਾਂ 'ਤੇ ਵੰਡੀਆਂ ਪੈਣੀਆਂ ਤਾਂ ਸਭ ਤੋਂ ਵੱਡੀ ਹਾਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੀ! ਭਗਤਾਂ ਮਹਾਂਪੁਰਖਾਂ ਦੀ! ਮੈਂ ਫਿਰ ਤੋਂ ਉਸ ਅੰਨ੍ਹੇ ਖੂਹ ਵਿਚ ਜਾ ਡਿੱਗਾ, ਜਿਥੋਂ ਭਗਤਾਂ ਗੁਰੂਆਂ ਮੈਨੂੰ ਕੱਢਿਆ ਸੀ।
ਸਾਰਾ ਹਿੰਦੋਸਤਾਨ ਇਸ ਬਿਮਾਰੀ ਤੋਂ ਅੱਜ ਵੀ ਬੁਰੀ ਤਰ੍ਹਾਂ ਪੀੜਤ ਹੈ। ਇਨੀ ਬੁਰੀ ਤਰ੍ਹਾਂ ਕਿ ਇਸ 21ਵੀ ਸਦੀ ਵਿਚ ਵੀ ਹਾਲੇ ਬਹੁਤੇ ਲੋਕ ਪਸ਼ੂਆਂ ਵਾਲਾ ਜੀਵਨ ਜੀ ਰਹੇ ਹਨ ਅਤੇ ਸਦੀਆਂ ਤੋਂ ਉਨ੍ਹਾਂ ਕੋਲੋਂ ਮਨੁੱਖ ਹੋਣ ਦੇ ਸਾਰੇ ਹੱਕ ਖੋਹ ਲਏ ਗਏ ਹਨ। ਇਹ ਇੱਕ ਅਜਿਹਾ ਜਾਲ ਮਨੁੱਖਤਾ ਦੇ ਦੁਆਲੇ ਬੁਣ ਦਿੱਤਾ ਗਿਆ ਹੈ ਕਿ ਉਹ ਲੱਖ ਯਤਨ ਕਰਨ 'ਤੇ ਵੀ ਇਸ ਵਿਚੋਂ ਨਿਕਲ ਨਹੀਂ ਸਕਿਆ। ਇਸ ਨੂੰ ਤੋੜ ਨਹੀਂ ਸਕਿਆ। ਅਤੇ ਤੁਸੀਂ ਹੈਰਾਨ ਹੋਵੋਂਗੇ ਕਿ ਉਹ ਤੋੜਨਾ ਚਾਹੁੰਦਾ ਵੀ ਨਹੀਂ! ਇਹ ਨਹੀਂ ਕਿ ਵੱਡੀ ਜਾਤ ਵਾਲਾ, ਛੋਟੀ ਵਾਲਾ ਵੀ ਤੋੜਨਾ ਨਹੀਂ ਚਾਹੁੰਦਾ! ਉਸ ਨੂੰ ਖੁਦ ਨੂੰ ਸਵਾਦ ਆਉਂਦਾ ਆਪਣੇ ਤੋਂ ਹੇਠਾਂ ਵਾਲੇ ਨੂੰ ਨੀਵਾਂ ਸਮਝਕੇ? ਉਹ ਖੁਦ ਪੀੜਤ ਹੋਣ ਦੇ ਬਾਵਜੂਦ ਦੂਜੇ ਨੂੰ ਪੀੜਤ ਕਰਨ ਦਾ ਸਵਾਦ ਲੈਂਦਾ ਹੈ।
ਇੱਕ ਜੱਟ ਜੇ ਰਾਜਪੂਤ ਨੂੰ ਹੇਠਾਂ ਸਮਝਦਾ ਤਾਂ ਰਾਜਪੂਤ ਮਹਿਰੋਂ ਨੂੰ ਨੀਵਾਂ। ਉਹ ਅਗੋਂ ਜੇ ਲੁਬਾਣੇ ਨੂੰ ਤਾਂ ਲੁਬਾਣਾ ਸੈਣੀ ਨੂੰ ਉਹ ਕੰਬੋਅ ਨੂੰ?
ਇਦੋਂ ਅਗੇ ਕਾਸ਼ਤਕਾਰੀ ਵੰਨੀਂ ਦੇਖੋ ਤਾਂ, ਤਰਖਾਣ ਲੁਹਾਰ ਨੂੰ ਨੀਵਾਂ ਸਮਝਦਾ ਤੇ ਉਹ ਅੱਗਿਓਂ ਸ਼ੀਂਬੇ ਸੁਨਿਆਰੇ ਨੂੰ ਤੇ ਸੁਨਿਆਰਾ ਅਗੋਂ ਨਾਈ ਨੂੰ!
ਇਸ ਤੋਂ ਅੱਗੇ 'ਅਤੀ ਸ਼ੂਦਰ' ਜਦ ਸ਼ੁਰੂ ਹੁੰਦਾ ਤਾਂ ਧੋਬੀ ਜੁਲਾਹੇ ਨੂੰ ਨੇੜੇ ਨਹੀਂ ਲਾਉਂਦਾ ਜੁਲਾਹਾ ਅਗਿਓਂ ਚਮਾਰ ਨੂੰ, ਚਮਾਰ ਚੂਹੜੇ ਨੂੰ ਤੇ ਚੂਹੜਾ ਅਗਿਓਂ ਭੰਗੀ ਜਾਂ ਸਾਹਸੀਂ ਨੂੰ ਨੀਵਾਂ ਸਮਝਣ ਦਾ ਲੁਤਫ ਲੈਂਦਾ ਹੈ।
ਯਾਣੀ ਬੰਦਾ ਹੇਠਾਂ ਤੋਂ ਹੇਠਾਂ ਤੁਰਿਆ ਜਾਂਦਾ, ਪਰ ਅਪਣੀ ਜਾਤ ਦੀ ਹਉਂ ਛੱਡਦਾ ਨਹੀਂ। ਇਹ ਸਭ ਲੋਕ ਉਪਰਿਲਆਂ ਤੋਂ ਪੀੜਤ ਹੋਣ ਦੇ ਬਾਵਜੂਦ ਇਸ ਜਾਲ ਨੂੰ ਤੋੜਨ ਦੀ ਜੁਅਰਤ ਨਹੀਂ ਕਰ ਪਾਉਂਦੇ ਅਤੇ ਸਿਰੇ ਦੀਆਂ ਉਪਰਲੀਆਂ ਜਾਤਾਂ ਦਾ ਗੋਹਾ ਕੂੜਾ ਕਰਦੇ ਮਰ ਜਾਂਦੇ ਹਨ। ਹਿੰਦੋਸਤਾਨ ਵਿਚ ਕੋਈ 6745 ਜਾਤਾਂ ਹਨ ਤੇ ਹਰੇਕ ਇਸ ਜਾਤ ਵਿਚ ਅਗਿਓਂ ਕਈ ਉਪਜਾਤਾਂ ਹਨ। ਜਿਵੇਂ ਸੈਣੀਆਂ ਦੀਆਂ ਹੀ ਕੋਈ 26 ਜਾਤਾਂ ਹਨ ਤੇ ਉਨ੍ਹਾਂ 26 ਜਾਤਾਂ ਵਿਚ ਵੀ ਕੋਈ ਉੱਚਾ ਸੈਣੀ ਤੇ ਕੋਈ ਨੀਵਾਂ ਸੈਣੀ ਹੈ। ਬੰਦਾ ਬੰਦੇ ਨਾਲੋਂ ਹੀ ਤੋੜ ਕੇ ਰੱਖ ਦਿੱਤਾ ਬ੍ਰਾਹਮਣ ਪ੍ਰਣਾਲੀ ਨੇ। ਉਸ ਨੇ ਮਨੁੱਖ ਦੇ ਦੂਜੇ ਨੂੰ ਮਨੁੱਖ ਸਮਝਣ ਦੇ ਸਾਰੇ ਰਸਤੇ ਹੀ ਬੰਦ ਕਰ ਮਾਰੇ। ਉਸ ਜਾਤ ਪ੍ਰਣਾਲੀ ਦਾ ਅਜਿਹਾ ਜਾਲ ਮਨੁੱਖਤਾ ਦੁਆਲੇ ਬੁਣ ਮਾਰਿਆ ਕਿ ਬੰਦਾ ਬੰਦੇ ਨੂੰ ਬੰਦਾ ਹੀ ਸਮਝਣੋਂ ਜਾਂਦਾ ਰਿਹਾ।
ਜਾਤ ਦੇ ਨਾਂ ਤੇ ਮਨੁੱਖ ਇਨਾ ਕਰੂਰ ਹੋ ਨਿਬੜਿਆ ਕਿ ਉਹ ਹਾਲੇ ਪਸ਼ੂ ਨਾਲ ਤਾਂ ਭਵੇਂ ਹਮਦਰਦੀ ਕਰ ਲਏ, ਪਸ਼ੂ ਦਾ ਆਪਣੇ ਖੂਹ ਤੋਂ ਪਾਣੀ ਪੀਣਾ ਤਾਂ ਭਵੇਂ ਬਰਦਾਸ਼ਤ ਕਰ ਲਏ, ਪਰ ਬੰਦੇ ਦਾ ਨਹੀਂ। ਬੰਦੇ ਦਾ ਤਾਂ ਉਹ ਪ੍ਰਛਾਵਾ ਵੀ ਗਲੀਚ ਸਮਝਦਾ ਤੇ ਬਕਾਇਦਾ ਸ਼ੂਦਰ ਨੂੰ ਗਲ ਵਿੱਚ ਢੋਲ ਪਾ ਕੇ ਰੱਖਣਾ ਪੈਂਦਾ ਤਾਂ ਕਿ ਵੱਜਦੇ ਆਉਂਦੇ ਢੋਲ ਨੂੰ ਸੁਣਕੇ ਬ੍ਰਾਹਮਣ ਆਪਣਾ ਰਸਤਾ ਵਲ ਲਏ?
ਜਾਤ ਪ੍ਰਣਾਲੀ ਵਿਰੁਧ ਗਾਹੇ-ਬਗਾਹੇ ਬਗਾਵਤਾਂ ਹੁੰਦੀਆਂ ਰਹੀਆਂ ਜਿਸ ਵਿਚ ਪਹਿਲਾਂ ਬੁੱਧ ਅਤੇ ਫਿਰ ਭਗਤਾਂ ਬੜੀ ਖੁਲ੍ਹ ਕੇ ਅਤੇ ਤਿੱਖੀ ਬਗਾਵਤ ਕੀਤੀ। ਉਸੇ ਬਗਾਵਤ ਨੂੰ ਗੁਰੂ ਸਾਹਿਬਾਨਾਂ ਜਥੇਬੰਦਕ ਰੂਪ ਵਿਚ ਅੱਗੇ ਤੋਰਿਆ ਅਤੇ ਬ੍ਰਾਹਮਣ ਨੂੰ ਬੜੀ ਸਖਤ ਟੱਕਰ ਦਿੱਤੀ। ਇਹੀ ਕਾਰਨ ਸੀ ਕਿ ਗੁਰੂ ਸਾਹਿਬਾਨਾ ਦੀਆਂ ਬਹੁਤੀਆਂ ਲੜਾਈਆਂ ਪਿੱਛੇ ਕਾਰਨ ਬ੍ਰਾਹਮਣ ਹੀ ਬਣਦਾ ਰਿਹਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਬਹੁਤਾ ਆੜੇ ਹੱਥੀਂ ਬ੍ਰਾਹਮਣ ਨੂੰ ਲਿਆ ਗਿਆ ਹੈ।
ਭਗਤ ਕਬੀਰ ਜੀ ਵਰਗੇ ਇਨਕਲਾਬੀ ਭਗਤ ਤਾਂ ਪੰਡੀਏ ਨੂੰ ਸਿੱਧਾ ਹੀ ਹੋ ਪਏ ਕਿ ਜੇ ਤੂੰ ਇਨਾ ਹੀ ਸ਼ੁਧ ਸੀ ਤਾਂ ਮਾਂ ਦੇ ਉਸੇ ਰਸਤੇ ਕਿਉਂ ਆਇਆ ਜਿਸ ਦੇ ਬਾਕੀ।
ਗਉੜੀ ਕਬੀਰ ਜੀ ॥ ..
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥... ਅੰਕ 324
ਪੰਡੀਏ ਜੋ ਕੀਤਾ ਸੋ ਕੀਤਾ, ਪਰ ਸਿੱਖਾਂ ਦੇ ਪੰਡੀਆਂ ਵੀ ਘੱਟ ਨਹੀਂ ਗੁਜਾਰੀ, ਜਦ ਉਨੀ ਅਖੌਤੀ ਨੀਵੀਆਂ ਜਾਤੀਆਂ ਦੀਆਂ ਪੰਗਤਾਂ-ਬਾਟੇ ਅਲਹਿਦਾ ਕਰਕੇ, ਉਨ੍ਹਾਂ ਨੂੰ ਜ਼ਲੀਲ ਕੀਤਾ ਅਤੇ ਖੁਦ ਸ਼ੁਧ ਪੰਡੀਆ ਹੋਣ ਦਾ ਰੋਲ ਨਿਭਾਇਆ। ਇਹ ਇੰਝ ਨਹੀਂ ਕਿ ਬੀਤੇ ਦੀਆਂ ਬਾਤਾਂ ਹਨ, ਬਲਕਿ ਹਾਲੇ ਤੱਕ ਉਨਾਂ ਦੇ ਡੇਰਿਆਂ ਤੇ ਬਾਟੇ ਅਤੇ ਪੰਗਤਾਂ ਅਲਹਿਦਾ ਲਾਈਆਂ ਜਾਦੀਆਂ ਹਨ, ਪਰ ਉਸ ਤੋਂ ਅਗਲਾ ਦੁਖਾਂਤ ਕਿ ਕੌਮ ਦੇ 'ਜਥੇਦਾਰ' ਅਜਿਹੇ ਨੰਗਾ ਦੇ ਡੇਰਿਆਂ ਤੇ ਜਾ ਕੇ ਉਨ੍ਹਾਂ ਨੂੰ ਬ੍ਰਹਮਗਿਆਨੀ ਅਤੇ ਸੰਤ ਮਹਾਂਪੁਰਖਾ ਵਰਗੇ ਖਿਤਾਬ ਦੇ ਕੇ, ਸ੍ਰੀ ਗੁਰੂ ਜੀ ਦੀ ਸ਼ੁਧ ਵਿਚਾਰਧਾਰਾ ਦਾ ਮਖੌਲ ਉਡਾ ਕੇ ਆਉਂਦੇ ਹਨ।
ਗੁਰਦੇਵ ਸਿੰਘ ਸੱਧੇਵਾਲੀਆ
ReplyDeleteਬਹੁਤ ਵਧੀਆ