ਅਨੇਕਾਂ ਸਲਤਨਤਾਂ ਦਾ ਉਭਾਰ ਤੇ ਪਤਨ ਦੇਖਿਆ ਹੈ ਇਸ ਸ਼ਹਿਰ ਨੇ
ਗੁਰਭਿੰਦਰ ਗੁਰੀ
ਭਾਰਤ ਦੀ ਰਾਜਧਾਨੀ ਦਿੱਲੀ ਸੱਤ ਵਾਰ ਉੱਜੜੀ ਤੇ ਫਿਰ ਤੋਂ ਆਬਾਦ ਹੋਈ। ਦਿੱਲੀ ਦਾ ਇਤਿਹਾਸ ਮਹਾਂਭਾਰਤ ਤੋਂ ਸ਼ੁਰੂ ਹੁੰਦਾ ਹੈ। ਪੁਰਾਣੇ ਕਿਲ੍ਹੇ ਕੋਲ ਇੰਦਰਪਤ ਪਿੰਡ ਸੀ। ਇਹ ਪਿੰਡ ਪਾਂਡਵਾਂ ਦੀ ਰਾਜਧਾਨੀ ਇੰਦਰਪ੍ਰਸਥ ਸੀ।
ਇੰਦਰਪ੍ਰਸਥ ਦੀ ਨੀਂਹ 'ਤੇ ਮੁਗ਼ਲ ਸ਼ਾਸਕ ਹਮਾਂਯੂੰ ਨੇ ਪੁਰਾਣਾ ਕਿਲ੍ਹਾ ਬਣਾਇਆ। ਇੱਥੇ ਇੰਦਰਪ੍ਰਸਥ ਨਾਲ ਜੁੜੇ ਸਬੂਤ ਅੱਜ ਵੀ ਮੌਜੂਦ ਹਨ।
ਇਤਿਹਾਸਕ ਦਸਤਾਵੇਜ਼ਾਂ ਦੀ ਜੇ ਗੱਲ ਕਰੀਏ ਤਾਂ ਇਨ੍ਹਾਂ ਦਾ ਜ਼ਿਕਰ 737 ਈ: ਵਿਚ ਮਿਲਦਾ ਹੈ। ਉਦੋਂ ਤੋਂ ਲੈ ਕੇ ਅੰਗਰੇਜ਼ ਰਾਜ ਤੱਕ ਦਿੱਲੀ ਸੱਤ ਵਾਰ ਉੱਜੜੀ ਤੇ ਵਸੀ। ਵੱਖ-ਵੱਖ ਸ਼ਾਸਤਰਾਂ ਅਨੁਸਾਰ ਇੱਥੇ ਸੱਤ ਸ਼ਹਿਰ ਵਸਾਏ। ਵਿਦੇਸ਼ੀ ਹਮਲਾਵਰਾਂ ਨਾਦਰਸ਼ਾਹ, ਤੈਮੂਰ ਲੰਗ ਅਤੇ ਅੰਗਰੇਜ਼ਾਂ ਨੇ ਇੱਥੇ ਬਹੁਤ ਭਾਰੀ ਕਤਲੇਆਮ ਕਰਕੇ ਤਬਾਹੀ ਮਚਾਈ।
ਰਾਜਾ ਅਨੰਗਪਾਲ ਨੇ ਤੋਮਰ ਵਸਾਇਆ। ਇੱਥੇ ਦਿੱਲੀ ਨਾਂਅ ਦਾ ਪਿੰਡ ਸੀ। ਕੁਝ ਸਾਲਾਂ ਮਗਰੋਂ ਉਸ 'ਤੇ ਰਾਜਾ ਨੇ ਲਾਲਕੋਟ ਨਗਰੀ ਵਸਾਈ। ਪਰ ਇੱਥੇ ਦਿੱਲੀ ਪਿੰਡ ਦਾ ਨਾਂਅ ਹੀ ਚਲਦਾ ਰਿਹਾ। ਇਤਿਹਾਸਕ ਦਸਤਾਵੇਜ਼ ਖੋਜਣ 'ਤੇ ਪਤਾ ਚਲਦਾ ਹੈ ਕਿ ਹਮਾਂਯੂੰ ਨੇ ਬਾਅਦ ਵਿਚ ਇਸ ਨੀਂਹ 'ਤੇ ਪੁਰਾਣਾ ਕਿਲ੍ਹਾ ਵਸਾਇਆ। 1180 ਵਿਚ ਚੌਹਾਨ ਰਾਜਾ ਪ੍ਰਿਥਵੀ ਰਾਜ ਤੀਜੇ ਨੇ ਕਿਲ੍ਹਾ ਰਾਏ ਪਥੋਰਾ ਬਣਾਇਆ। ਇਸ ਕਿਲ੍ਹੇ ਅੰਦਰ ਹੀ ਇਕ ਕਸਬਾ ਵਸਦਾ ਸੀ। ਇਸ ਕਿਲ੍ਹੇ ਦੀਆਂ ਦੀਵਾਰਾਂ 18 ਮੀਟਰ ਤੱਕ ਉੱਚੀਆਂ, 6 ਮੀਟਰ ਤੱਕ ਚੌੜੀਆਂ ਸਨ। ਪਰ ਮੁਹੰਮਦ ਗੌਰੀ ਨੇ ਉਸ ਨੂੰ ਹਰਾ ਦਿੱਤਾ ਅਤੇ ਭਾਰਤ ਵਿਚ ਤੁਰਕਾਂ ਦਾ ਦਾਖਲਾ ਹੋ ਗਿਆ।
ਦੂਸਰਾ ਸ਼ਹਿਰ ਮਹਿਰੋਲੀ, ਜਿਸ ਨੂੰ ਕੁਤਬਦੀਨ ਨੇ ਵਸਾਇਆ। ਮੁਹੰਮਦ ਗੌਰੀ ਦੇ ਲੜਕੇ ਸਾਬੂਦੀਨ ਨੇ ਰਾਜ ਗੱਦੀ ਸਾਂਭਣ ਮਗਰੋਂ ਆਪਣੇ ਵਿਸ਼ਵਾਸਪਾਤਰ ਸੈਨਾਪਤੀ ਕੁਤਬਦੀਨ ਨੂੰ ਕਮਾਨ ਸੌਂਪ ਦਿੱਤੀ। ਕੁਤਬਦੀਨ ਨੇ 1206 ਵਿਚ ਦਿੱਲੀ ਤੋਂ ਆਪਣੇ ਤਖ਼ਤ ਦੀ ਸ਼ੁਰੂਆਤ ਕੀਤੀ ਅਤੇ ਉਸ ਨੇ ਕੁਤਬ ਮਹਰੋਲੀ ਵਸਾਈ। ਇਹ ਦਿੱਲੀ ਦਾ ਦੂਜਾ ਸ਼ਹਿਰ ਸੀ। ਚਾਰ ਸਾਲਾਂ ਦੇ ਰਾਜ ਮਗਰੋਂ ਕੁਤਬਦੀਨ ਮਹਰੋਲੀ ਦੀ ਘੋੜੇ ਤੋਂ ਡਿੱਗ ਕੇ ਮੌਤ ਹੋ ਗਈ ਤੇ ਇਸ ਦਾ ਜਵਾਈ ਇਲਤੂਮਿਸ ਦਿੱਲੀ ਦਾ ਸੁਲਤਾਨ ਬਣ ਗਿਆ। ਬਾਅਦ ਵਿਚ ਉਸ ਦੀ ਲੜਕੀ ਰਜ਼ੀਆ ਸੁਲਤਾਨ ਦਿੱਲੀ ਦੀ ਸ਼ਾਸਕ ਬਣੀ।
ਤੀਜਾ ਸ਼ਹਿਰ ਸਿਰੀ, ਜਿਸ ਨੂੰ ਅਲਾਉਦੀਨ ਖਿਲਜੀ ਨੇ ਵਸਾਇਆ। ਰਜ਼ੀਆ ਸੁਲਤਾਨ ਮਗਰੋਂ ਕੁਤਬ ਦੀ ਸਲਤਨਤ ਖ਼ਤਮ ਹੋ ਗਈ। 1296 ਵਿਚ ਅਲਾਉਦੀਨ ਖਿਲਜੀ ਗੱਦੀ 'ਤੇ ਬੈਠਿਆ। ਉਸ ਨੇ ਸੋਨਾ ਲੁਟਾਉਂਦੇ ਹੋਏ ਦਿੱਲੀ ਵਿਚ ਪ੍ਰਵੇਸ਼ ਕੀਤਾ। ਮੰਗੋਲ ਸ਼ਾਸਕਾਂ ਨੇ ਜਦੋਂ ਹਮਲਾ ਕੀਤਾ, ਉਦੋਂ ਖਿਲਜੀ ਨੇ ਉਨ੍ਹਾਂ ਦੇ ਸੈਨਿਕਾਂ ਦੇ ਸਿਰ ਕਲਮ ਕਰਕੇ ਕੰਧਾਂ ਵਿਚ ਚਿਣਵਾ ਦਿੱਤੇ ਸਨ। ਇਸ ਵਜ੍ਹਾ ਨਾਲ ਉਸ ਦੇ ਕਿਲ੍ਹੇ ਦਾ ਨਾਂਅ ਸਿਰੀ ਕਿਲ੍ਹਾ ਪਿਆ। ਖਿਲਜੀ ਨੇ ਰੈਵੇਨਿਊ ਸਿਸਟਮ ਬਣਾਇਆ। ਫੌਜ ਅਤੇ ਬਾਜ਼ਾਰਾਂ 'ਤੇ ਉਸ ਦਾ ਧਿਆਨ ਸੀ। ਹਸਪਤਾਲ ਵੀ ਬਣਾਏ। ਇਨ੍ਹਾਂ ਕੰਮਾਂ ਵਿਚ ਲੱਗੇ ਲੋਕ ਸਿਰੀ ਕਿਲ੍ਹੇ ਦੇ ਅੰਦਰ ਹੀ ਰਹਿੰਦੇ ਸਨ। ਕਿਲ੍ਹੇ ਦੇ ਅੰਦਰ ਹੀ ਪੂਰੇ ਸ਼ਹਿਰ ਲਈ ਇੰਤਜ਼ਾਮ ਸਨ। ਇਹ ਦਿੱਲੀ ਦਾ ਤੀਜਾ ਸ਼ਹਿਰ ਸੀ।
ਚੌਥੀ ਵਾਰੀ ਦਿੱਲੀ ਸ਼ਹਿਰ ਤੁਗਲਕਬਾਦ, ਜਿਸ ਨੂੰ ਗਿਆਸੂਦੀਨ ਤੁਗਲਕ ਨੇ ਵਸਾਇਆ। ਖਿਲਜੀ ਕਮਜ਼ੋਰ ਹੋਏ ਤਾਂ 1320 ਈ: ਵਿਚ ਤੁਗਲਕ ਦਿੱਲੀ ਵਿਚ ਆ ਵਸੇ। ਗਿਆਸੂਦੀਨ ਤੁਗਲਕ ਨੇ ਤੁਗਲਕਬਾਦ ਕਿਲ੍ਹੇ ਅਤੇ ਗਿਆਸਪੁਰ ਦੇ ਆਸ-ਪਾਸ ਸ਼ਹਿਰ ਵਸਾਇਆ। ਇਹ ਚੌਥਾ ਸ਼ਹਿਰ ਸੀ। ਇਹ ਦੌਰ ਤੁਗਲਕ ਤੋਂ ਵੱਧ ਮਸ਼ਹੂਰ ਸੂਫੀ ਨਿਜ਼ਾਮੂਦੀਨ ਔਲੀਆ ਅਤੇ ਉਨ੍ਹਾਂ ਦੇ ਸ਼ਾਗਿਰਦ ਅਮੀਰ ਖੁਸਰੋ ਦੀ ਵਜ੍ਹਾ ਨਾਲ ਜਾਣਿਆ ਗਿਆ। ਔਲੀਆ ਤਾਂ ਮਹਿਬੂਬ-ਏ-ਇਲਾਹੀ ਕਹਾਏ। ਉਥੇ, ਖੁਸਰੋ ਬ੍ਰਿਜਭਾਸ਼ਾ ਨੂੰ ਅਰਬੀ-ਫ਼ਾਰਸੀ ਵਿਚ ਪਰੋ ਕੇ ਹਿੰਦੀ ਜ਼ਬਾਨ ਨੂੰ ਰੰਗਦੇ ਰਹੇ। ਉਨ੍ਹਾਂ ਰਾਗ ਲਿਖੇ। ਸਿਤਾਰ ਅਤੇ ਤਬਲੇ ਵਰਗੇ ਸਾਜ਼ ਬਣਾਏ। ਦਿਲਚਸਪ ਪਹੇਲੀਆਂ ਵਾਲੇ ਸੁਖਨ ਲਿਖੇ। ਔਲੀਆ ਨੇ ਤੁਗਲਕ ਵੰਸ਼ ਦੇ ਸੱਤ ਅਤੇ ਖੁਸਰੋ ਨੇ ਪੰਜ ਸੁਲਤਾਨਾਂ ਨੂੰ ਦੇਖਿਆ।
ਪੰਜਵਾਂ ਸ਼ਹਿਰ ਫਿਰੋਜ਼ਸ਼ਾਹ ਕੋਟਲਾ, ਜਿਸ ਨੂੰ ਫਿਰੋਜ਼ਸ਼ਾਹ ਤੁਗਲਕ ਨੇ ਵਸਾਇਆ। ਗਿਆਸੂਦੀਨ ਤੁਗਲਕ ਮਗਰੋਂ ਮੁਹੰਮਦ ਬਿਨ ਤੁਗਲਕ ਸੁਲਤਾਨ ਬਣਿਆ। ਉਹ ਰਾਜਧਾਨੀ ਨੂੰ ਕੁਝ ਦਿਨ ਦੌਲਤਾਬਾਦ ਲੈ ਜਾਣ ਮਗਰੋਂ ਮੁੜ ਦਿੱਲੀ ਆਇਆ। ਉਸ ਮਗਰੋਂ ਉਸ ਦੇ ਚਾਚਾ ਸੁਲਤਾਨ ਫਿਰੋਜ਼ਸ਼ਾਹ ਤੁਗਲਕ ਗੱਦੀ 'ਤੇ ਬੈਠਿਆ।
ਫਿਰੋਜ਼ਸ਼ਾਹ ਨੇ ਯਮੁਨਾ ਦੇ ਕਿਨਾਰੇ ਕੋਟਲਾ ਸ਼ਹਿਰ ਵਸਾਇਆ। ਇੱਥੇ 18 ਪਿੰਡ ਸਨ। ਉਸ ਨੇ 30 ਮਹਿਲ ਬਣਾਏ। ਕੁਤਬ ਮੀਨਾਰ ਨੂੰ ਦਰੁਸਤ ਕਰਵਾਇਆ। ਪੰਜ ਨਹਿਰਾਂ ਬਣਾਈਆਂ। 1388 ਵਿਚ ਉਸ ਦਾ ਦਿਹਾਂਤ ਹੋ ਗਿਆ।
ਤੈਮੂਰ ਨੇ ਦਿੱਲੀ ਨੂੰ ਤਿੰਨ ਦਿਨ, ਤਿੰਨ ਰਾਤਾਂ ਤੱਕ ਲੁੱਟਿਆ। ਤੈਮੂਰ ਲੰਗ ਨੇ 1398 ਵਿਚ ਦਿੱਲੀ 'ਤੇ ਹਮਲਾ ਕੀਤਾ। ਤਿੰਨ ਦਿਨ, ਤਿੰਨ ਰਾਤ ਤੱਕ ਲੁੱਟ-ਖੋਹ ਹੋਈ। ਫਿਰੋਜ਼ਸ਼ਾਹ ਦੇ ਸ਼ਾਨਦਾਰ ਸ਼ਹਿਰ ਨੂੰ ਖੰਡਰ ਬਣਾ ਦਿੱਤਾ। ਹਜ਼ਾਰਾਂ ਲੋਕਾਂ ਦੇ ਸਿਰ ਕਲਮ ਕਰ ਦਿੱਤੇ ਗਏ। ਪਰ ਤੈਮੂਰ ਜ਼ਿਆਦਾ ਵਕਤ ਨਹੀਂ ਟਿਕ ਸਕਿਆ। ਲੋਧੀਆਂ ਨੇ ਉਸ ਨੂੰ ਉਖੇੜ ਦਿੱਤਾ। ਬਹਿਲੋਲ ਅਤੇ ਸਿਕੰਦਰ ਮਗਰੋਂ ਇਬਰਾਹਿਮ ਲੋਧੀ ਨੇ ਦਿੱਲੀ ਨੂੰ ਵਸਾਇਆ ਅਤੇ ਖੂਬਸੂਰਤ ਬਣਾਇਆ। ਪਰ ਸ਼ਹਿਰ ਫਿਰੋਜ਼ਬਾਦ ਦੇ ਆਸ-ਪਾਸ ਦਾ ਹੀ ਰਿਹਾ।
ਛੇਵਾਂ ਸ਼ਹਿਰ ਦੀਨ ਪਨਾਹ, ਜਿਸ ਨੂੰ ਹਮਾਂਯੂੰ ਨੇ ਵਸਾਇਆ। ਇਬਰਾਹਿਮ ਲੋਧੀ ਨੂੰ ਮੁਗ਼ਲਾਂ ਦੇ ਸੰਸਥਾਪਕ ਬਾਬਰ ਨੇ ਹਰਾ ਦਿੱਤਾ। ਲੋਧੀ ਜੰਗ ਵਿਚ ਮਾਰਿਆ ਗਿਆ। ਬਾਬਰ ਅੱਗੇ ਵਧ ਗਿਆ ਪਰ ਮੁਗ਼ਲਾਂ ਦੇ ਲੋਕ ਉਥੇ ਜੰਮੇ ਰਹੇ। ਬਾਬਰ ਨੇ ਆਗਰਾ ਨੂੰ ਰਾਜਧਾਨੀ ਬਣਾਇਆ ਪਰ ਉਸ ਦੀ ਮੌਤ ਮਗਰੋਂ ਹਮਾਂਯੂੰ ਦਿੱਲੀ ਆ ਗਿਆ। ਪੁਰਾਣੇ ਕਿਲ੍ਹੇ ਦੇ ਆਸ-ਪਾਸ ਦੇ ਸ਼ਹਿਰ ਨੂੰ ਹਮਾਂਯੂੰ ਨੇ ਦੀਨ ਪਨਾਹ ਨਾਂਅ ਦਿੱਤਾ। 1539 ਵਿਚ ਸ਼ੇਰ ਸ਼ਾਹ ਸੂਰੀ ਨੇ ਹਮਾਂਯੂੰ ਨੂੰ ਜੰਗ ਵਿਚ ਹਰਾ ਕੇ ਇਸ ਨੂੰ ਸ਼ੇਰਗੜ੍ਹ ਦਾ ਨਾਂਅ ਦੇ ਦਿੱਤਾ। ਬੰਗਾਲ ਤੋਂ ਪੇਸ਼ਾਵਰ ਤੱਕ ਸੜਕ ਉਸ ਨੇ ਬਣਾਈ ਸੀ। ਜਿਹੜੀ ਬਾਅਦ ਵਿਚ ਗ੍ਰੈਂਡ ਟਰੰਕ ਰੋਡ ਸੱਦੀ ਗਈ। ਰੁਪਇਆ ਵੀ ਸੂਰੀ ਨੇ ਹੀ ਚਲਾਇਆ ਸੀ।
ਸ਼ੇਰ ਸ਼ਾਹ ਸੂਰੀ ਦੀ 1545 ਵਿਚ ਮੌਤ ਹੋ ਗਈ। 1555 ਵਿਚ ਹਮਾਂਯੂੰ ਫਿਰ ਦਿੱਲੀ ਆਇਆ। ਸ਼ੇਰਗੜ੍ਹ ਨੂੰ ਫਿਰ ਦੀਨ ਪਨਾਹ ਬਣਾ ਦਿੱਤਾ। ਸੱਤ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਹਮਾਂਯੂੰ ਦੇ ਲੜਕੇ ਅਕਬਰ ਨੇ ਆਪਣੀ ਰਾਜਧਾਨੀ ਆਗਰਾ ਬਣਾਈ। ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮੇਂ ਵੀ ਆਗਰਾ ਹੀ ਮੁਗ਼ਲਾਂ ਦੀ ਰਾਜਧਾਨੀ ਰਹੀ। ਪਰ ਸ਼ਾਹਜਹਾਂ ਨੇ ਬਾਅਦ ਵਿਚ ਦਿੱਲੀ ਦਾ ਰੁਖ਼ ਕੀਤਾ ਅਤੇ ਯਮੁਨਾ ਕਿਨਾਰੇ ਸ਼ਾਹਜਹਾਨਬਾਦ ਦੀ ਨੀਂਹ ਰੱਖੀ। ਇਹ ਦਿੱਲੀ ਦਾ ਸੱਤਵਾਂ ਸ਼ਹਿਰ ਸੀ। ਉਸ ਨੇ 1683 ਵਿਚ ਲਾਲ ਕਿਲ੍ਹਾ ਬਣਾਇਆ। 46 ਲੱਖ ਰੁਪਏ ਵਿਚ ਆਪਣਾ ਤਖ਼ਤ-ਏ-ਤਾਊਸ ਬਣਾਇਆ। ਜਾਮਾ ਮਸਜਿਦ ਤੇ ਤਾਜ ਮਹੱਲ ਵਰਗੀਆਂ ਯਾਦਗਾਰੀ ਇਮਾਰਤਾਂ ਬਣਾਈਆਂ। ਚਾਂਦਨੀ ਚੌਕ ਵਸਿਆ। ਮੀਨਾ ਬਾਜ਼ਾਰ ਬਣਿਆ।
1739 ਦਾ ਕਤਲੇਆਮ
ਮੁਗ਼ਲ ਸ਼ਾਸਕ ਮੁਹੰਮਦ ਸ਼ਾਹ ਦੇ ਰਾਜ ਦੌਰਾਨ ਨਾਦਰ ਸ਼ਾਹ ਨੇ ਈਰਾਨ ਤੋਂ ਆ ਕੇ ਦਿੱਲੀ 'ਤੇ ਹਮਲਾ ਬੋਲ ਦਿੱਤਾ। ਉਦੋਂ ਮਚੀ ਹਾਹਾਕਾਰ ਦੌਰਾਨ 32,000 ਦੇ ਕਰੀਬ ਲੋਕ ਮਾਰੇ ਗਏ ਤੇ ਉਹ ਤਖ਼ਤ-ਏ-ਤਾਊਸ ਵੀ ਲੁੱਟ ਕੇ ਆਪਣੇ ਨਾਲ ਲੈ ਗਿਆ। ਇਸ ਤੋਂ ਛੇਤੀ ਬਾਅਦ ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸ਼ੁਰੂਆਤ ਹੋ ਗਈ। ਈਸਟ ਇੰਡੀਆ ਕੰਪਨੀ ਨੇ ਦਿੱਲੀ ਡੇਰੇ ਲਾ ਲਏ। ਅੰਗਰੇਜ਼ਾਂ ਨੇ ਟੇਢੇ ਢੰਗ ਰਾਹੀਂ ਵਪਾਰ ਕਰਨ ਦੇ ਬਹਾਨੇ ਸਾਡੇ ਦੇਸ਼ ਵਿਚ ਆ ਕੇ ਰਾਜ-ਭਾਗ ਨੂੰ ਜੱਫਾ ਮਾਰ ਲਿਆ। ਈਸਟ ਇੰਡੀਆ ਕੰਪਨੀ ਰਾਹੀਂ ਦਿੱਲੀ ਪਹੁੰਚੇ। ਅੰਗਰੇਜ਼ ਦਿਨੋ-ਦਿਨ ਮਜ਼ਬੂਤ ਹੁੰਦੇ ਗਏ ਅਤੇ ਦਿੱਲੀ ਦੇ ਸ਼ਾਸਕ ਸਿਮਟਦੇ ਗਏ। 1803 ਵਿਚ ਦਿੱਲੀ ਵੀ ਅੰਗਰੇਜ਼ਾਂ ਦੇ ਅਧੀਨ ਆ ਗਈ। 1857 ਦੀ ਕ੍ਰਾਂਤੀ ਵਿਚ ਆਖਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਾਫਰ ਨੂੰ ਨੇਤਾ ਐਲਾਨ ਦਿੱਤਾ ਗਿਆ। ਉਨ੍ਹਾਂ ਲਿਖਿਆ 'ਗਾਜੀਆਂ ਮੇਂ ਬੂ ਰਹੇਗੀ ਜਦੋ ਤਲਕ ਈਮਾਨ ਕੀ, ਤਖ਼ਤੇ ਲੰਡਨ ਤੱਕ ਚੱਲੇਗੀ ਤੇਗ ਹਿੰਦੁਸਤਾਨ ਕੀ', ਪਰ ਜ਼ਫਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਦੋ ਨੌਜਵਾਨ ਲੜਕਿਆਂ ਦਾ ਕਤਲ ਕਰ ਦਿੱਤਾ ਗਿਆ। ਨਾਦਰਸ਼ਾਹ ਦੀ ਤਰ੍ਹਾਂ ਅੰਗਰੇਜ਼ਾਂ ਨੇ ਦਿੱਲੀ ਵਿਚ ਖੂਬ ਕਤਲੇਆਮ ਕੀਤਾ। ਜ਼ਫਰ ਨੂੰ ਗ੍ਰਿਫ਼ਤਾਰ ਕਰਕੇ ਅੰਗਰੇਜ਼ ਰੰਗੂਨ ਲੈ ਗਏ ਤੇ ਉਨ੍ਹਾਂ ਦੀ ਮੌਤ ਮਗਰੋਂ ਉਨ੍ਹਾਂ ਨੂੰ ਉੱਥੇ ਹੀ ਦਫ਼ਨਾ ਦਿੱਤਾ ਗਿਆ।
1911 ਵਿਚ ਦਿੱਲੀ ਦੇ ਵਸਣ ਦਾ ਮੁੜ ਦੌਰ ਸ਼ੁਰੂ ਹੋਇਆ, ਜਿਸ ਨੂੰ ਨਵੀਂ ਦਿੱਲੀ ਦਾ ਨਾਂਅ ਦਿੱਤਾ ਗਿਆ। ਦਿੱਲੀ ਦਰਬਾਰ ਬਰਾੜੀ ਵਿਚ ਸਜਾਇਆ ਗਿਆ। ਥੋੜ੍ਹੇ ਦਿਨਾਂ ਦੇ ਇੰਤਜਾਮ ਦੌਰਾਨ ਹਜ਼ਾਰਾਂ ਲੋਕਾਂ ਦੇ ਰੁਕਣ, ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਰਾਜਿਆਂ ਨੂੰ ਸੱਦਾ ਦਿੱਤਾ ਗਿਆ ਅਤੇ ਬਰਾੜੀ ਵਿਚ ਅਸਥਾਈ ਸ਼ਹਿਰ ਵਸ ਗਿਆ। ਇਸ ਦਿਨ ਪੂਰੀ ਦਿੱਲੀ ਵਿਚ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਭਾਵ ਦਿੱਲੀ ਰੌਸ਼ਨੀ ਨਾਲ ਜਗਮਗਾ ਉੱਠੀ। ਜਾਰਜ ਪੰਚਮ ਅਤੇ ਕੁਈਨ ਮੈਰੀ ਦੀ ਸਵਾਰੀ ਚਾਂਦਨੀ ਚੌਕ ਤੋਂ ਲੰਘੀ। ਦਿੱਲੀ ਦਰਬਾਰ ਵਿਚ ਪਹੁੰਚਦਿਆਂ ਹੀ ਜਾਰਜ ਪੰਚਮ ਨੇ 1911 ਵਿਚ ਕਲਕੱਤਾ ਦੀ ਜਗ੍ਹਾ ਨਵੀਂ ਦਿੱਲੀ ਰਾਜਧਾਨੀ ਬਣਾਉਣ ਦਾ ਐਲਾਨ ਕਰਕੇ ਸਾਰੇ ਦੇਸੀ ਰਾਜਿਆਂ ਤੇ ਸ਼ਾਸਕਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ। ਐਡਵਿਨ ਲੋਟੀਆਂਸ ਨੇ ਰਾਸ਼ਟਰਪਤੀ ਭਵਨ, ਇੰਡੀਆ ਗੇਟ, ਇਸ ਨੂੰ 29,000 ਮਜ਼ਦੂਰਾਂ ਨੇ ਬਣਾਇਆ ਤੇ ਇਨ੍ਹਾਂ ਸ਼ਾਹੀ ਇਮਾਰਤਾਂ ਨੂੰ ਬਣਾਉਣ ਲਈ ਆਗਰਾ, ਭਰਤਪੁਰ, ਧੌਲਪੁਰ ਤੋਂ ਸਪੈਸ਼ਲ ਪੱਥਰ ਮੰਗਵਾਇਆ ਗਿਆ। ਪੱਥਰ ਦੀ ਢੋਆ-ਢੁਆਈ ਲਈ ਵੱਖਰੀਆਂ ਰੇਲ ਲਾਈਨਾਂ ਵਿਛਾਈਆਂ ਗਈਆਂ। ਹਰਬਟ ਬੇਕਰ ਨੇ ਦਿੱਲੀ ਵਿਚ ਸੰਸਦ ਭਵਨ ਬਣਾਇਆ। ਇਸ ਸਮੇਂ ਤੋਂ ਲੈ ਕੇ ਅੱਜ ਤੱਕ ਦਿੱਲੀ ਦੇਸ਼ ਦੀ ਰਾਜਧਾਨੀ ਵਜੋਂ ਜਾਣੀ ਜਾਂਦੀ ਹੈ।