ਖ਼ੈਬਰ ਦੱਰਾ
ਇੱਕ ਇਤਿਹਾਸਕ ਪਹਾੜੀ ਦੱਰਾ ਹੈ ਜੋ 1,070 ਮੀਟਰ (3,510 ਫੁੱਟ) ਦੀ ਉੱਚਾਈ ਉੱਤੇ ਸਫ਼ੈਦ ਕੋਹ ਲੜੀ ਵਿੱਚ ਇੱਕ ਕੁਦਰਤੀ ਵਾਢ ਹੈ। ਇਹ ਦੱਰਾ ਦੱਖਣੀ ਏਸ਼ੀਆ ਅਤੇ ਮਧ ਏਸ਼ੀਆ ਦੇ ਵਿੱਚਕਾਰ ਮਹੱਤਵਪੂਰਨ ਵਪਾਰਕ ਰੂਟ ਰਿਹਾ ਹੈ ਅਤੇ ਇਸਨੇ ਦੋਨਾਂ ਖੇਤਰਾਂ ਦੇ ਇਤਹਾਸ ਉੱਤੇ ਡੂੰਘੀ ਛਾਪ ਛੱਡੀ ਹੈ।ਵਰਤਮਾਨ ਰਾਜਨੀਤਕ ਪਰਿਸਥਿਤੀ ਵਿੱਚ ਇਹ ਦੱਰਾ ਪਾਕਿਸਤਾਨਨੂੰ ਅਫਗਾਨਿਸਤਾਨ ਨਾਲ ਜੋੜਦਾ ਹੈ। ਖੈਬਰ ਦੱਰੇ ਦਾ ਸਭ ਤੋਂ ਉੱਚਾ ਸਥਾਨ (5 ਕਿਲੋਮੀਟਰ ਜਾਂ 3.1 ਮੀਲ ਲੰਬਾ) ਪਾਕਿਸਤਾਨ ਦੇ ਕੇਂਦਰੀ-ਸ਼ਾਸਿਤ ਕਬਾਇਲੀ ਖੇਤਰ ਦੀ ਲੰਡੀ ਕੋਤਲ ਨਾਮਕ ਬਸਤੀ ਦੇ ਕੋਲ ਪੈਂਦਾ ਹੈ।

ਬਲਰਾਜ ਸਿੰਘ ਸਿੱਧੂ ਐੱਸ.ਪੀ.
ਦੁਨੀਆਂ ਦੇ ਕਿਸੇ ਖਿੱਤੇ ਦੇ ਇਤਿਹਾਸ ’ਤੇ ਇੱਕ ਭੂਗੋਲਿਕ ਵਿਸ਼ੇਸ਼ਤਾ ਨੇ ਇੰਨਾ ਪ੍ਰਭਾਵ ਨਹੀਂ ਪਾਇਆ ਹੋਵੇਗਾ ਜਿੰਨਾ ਪੰਜਾਬ ਦੇ ਇਤਿਹਾਸ ’ਤੇ ਦੱਰਾ ਖ਼ੈਬਰ ਨੇ ਪਾਇਆ ਹੈ। ਇਹ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬ ਦਾ ਇਤਿਹਾਸ ਲਿਖਿਆ ਹੀ ਦੱਰਾ ਖ਼ੈਬਰ ਨੇ ਹੈ। ਇਸ ਕਾਰਨ ਕਈ ਸਲਤਨਤਾਂ ਬਣੀਆਂ ਤੇ ਕਈ ਤਬਾਹ ਹੋਈਆਂ। ਦੱਰਾ ਖ਼ੈਬਰ ਰਾਹੀਂ ਭਾਰਤ ’ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਵਿਦੇਸ਼ੀ ਆਰੀਅਨ ਕਬੀਲੇ ਸਨ। ਉਨ੍ਹਾਂ ਨੇ 3300 ਸਾਲ ਪਹਿਲਾਂ 1500 ਈਸਾ ਪੂਰਵ ਖ਼ੈਬਰ ਦੱਰੇ ਨੂੰ ਪਾਰ ਕੀਤਾ। ਉਨ੍ਹਾਂ ਨੇ ਅਤਿ ਆਧੁਨਿਕ ਸਿੰਧੂ ਘਾਟੀ ਦੀ ਸੱਭਿਅਤਾ ਨੂੰ ਤਬਾਹ ਕਰ ਕੇ ਸਾਰੇ ਉੱਤਰੀ ਅਤੇ ਮੱਧ ਭਾਰਤ ’ਤੇ ਕਬਜ਼ਾ ਜਮਾ ਲਿਆ ਅਤੇ ਭਾਰਤ ਵਿੱਚ ਹਿੰਦੂ ਧਰਮ ਦੀ ਨੀਂਹ ਰੱਖੀ। ਆਰੀਅਨਾਂ ਤੋਂ ਬਾਅਦ ਇਰਾਨ ਦੇ ਬਾਦਸ਼ਾਹ ਡੇਰੀਅਸ ਪਹਿਲੇ ਨੇ 516 ਈਸਾ ਪੂਰਵ ਅਤੇ ਯੂਨਾਨ ਦੇ ਸਮਰਾਟ ਸਿਕੰਦਰ ਮਹਾਨ ਨੇ 326 ਈਸਾ ਪੂਰਵ (ਅੱਜ ਤੋਂ 2126 ਸਾਲ ਪਹਿਲਾਂ) ਦੱਰਾ ਖ਼ੈਬਰ ਪਾਰ ਕੀਤਾ। ਡੇਰੀਅਸ ਨੇ ਤਾਂ ਸਿੰਧ ਅਤੇ ਪੰਜਾਬ ’ਤੇ ਕਬਜ਼ਾ ਕਰ ਲਿਆ, ਪਰ ਸਿਕੰਦਰ ਬਹੁਤਾ ਅੱਗੇ ਨਾ ਵਧ ਸਕਿਆ। ਉਹ ਪੋਰਸ ਸਮੇਤ ਪੰਜਾਬ ਦੇ ਕੁਝ ਛੋਟੇ ਮੋਟੇ ਰਾਜਿਆਂ ਨੂੰ ਹਰਾ ਕੇ 19 ਮਹੀਨਿਆਂ ਬਾਅਦ ਵਾਪਸ ਚਲਾ ਗਿਆ।
ਜਦੋਂ ਵੀ ਪੰਜਾਬ ਅਤੇ ਭਾਰਤ ਵਿੱਚ ਕਮਜ਼ੋਰ ਅਤੇ ਅੱਯਾਸ਼ ਰਾਜੇ ਤਖ਼ਤ ’ਤੇ ਬੈਠਦੇ ਤਾਂ ਵਿਦੇਸ਼ੀ ਹਮਲਾਵਰ ਆ ਧਮਕਦੇ ਸਨ। ਸਿਕੰਦਰ ਤੋਂ ਬਾਅਦ ਕੁਸ਼ਾਣ, ਸ਼ੱਕ, ਪਾਰਥੀਅਨ, ਮਹਿਮੂਦ ਗਜ਼ਨਵੀ (1050 ਤੋਂ 1070), ਮੁਹੰਮਦ ਗੌਰੀ (1191), ਮੰਗੋਲ (1309 ਤੋਂ 1315), ਤੈਮੂਰ ਲੰਗ (1398), ਬਾਬਰ (1525), ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਅਬਦਾਲੀ (1748 ਤੋਂ 1767) ਸਭ ਖ਼ੈਬਰ ਦੇ ਰਸਤੇ ਹੀ ਆਏ। ਹਰ ਹਮਲੇ ਵਿੱਚ ਸਭ ਤੋਂ ਵੱਧ ਜਾਨੀ ਮਾਲੀ ਨੁਕਸਾਨ ਪੰਜਾਬ ਦਾ ਹੁੰਦਾ ਸੀ ਕਿਉਂਕਿ ਦਿੱਲੀ ਦੇ ਰਸਤੇ ਵਿੱਚ ਸਭ ਤੋਂ ਰੱਜਿਆ ਪੁੱਜਿਆ ਇਲਾਕਾ ਇਹੋ ਸੀ। ਹਮਲਾਵਰ ਦਿੱਲੀ ਵੱਲ ਚੜ੍ਹਾਈ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਬੈਠ ਕੇ ਜੰਗੀ ਤਿਆਰੀ ਕਰਦੇ ਸਨ। ਅਖੀਰ ਸਿੱਖ ਮਿਸਲਾਂ ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਵਰਤਾਰਾ ਹਮੇਸ਼ਾਂ ਲਈ ਬੰਦ ਕਰ ਦਿੱਤਾ। ਪਿਸ਼ਾਵਰ ਅਤੇ ਜਮਰੌਦ ਦੇ ਕਿਲਿਆਂ ’ਤੇ ਕਬਜ਼ੇ ਜਮਾ ਕੇ ਵਿਦੇਸ਼ੀ ਹਮਲਾਵਰਾਂ ਦੇ ਸਿਰ ’ਤੇ ਖਾਲਸਾ ਫ਼ੌਜ ਬਿਠਾ ਦਿੱਤੀ ਗਈ। ਖਾਲਸਾ ਫ਼ੌਜ ਨੇ 1834 ਵਿੱਚ ਖ਼ੈਬਰ ’ਤੇ ਕਬਜ਼ਾ ਕਰ ਲਿਆ। ਹਰੀ ਸਿੰਘ ਨਲਵਾ ਇੱਥੋਂ ਦਾ ਸਭ ਤੋਂ ਪ੍ਰਸਿੱਧ ਗਵਰਨਰ ਮੰਨਿਆ ਜਾਂਦਾ ਹੈ।
ਖ਼ੈਬਰ ਇੱਕ ਯਹੂਦੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਕਿਲਾ। ਇਹ ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਸਫ਼ੈਦ ਕੋਹ ਪਰਬਤਾਂ ਵਿੱਚ 3,510 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇਸ ਦੀ ਕੁੱਲ ਚੌੜਾਈ ਪੰਜ ਕਿਲੋਮੀਟਰ ਹੈ। ਇੱਥੇ ਸਾਰਾ ਸਾਲ ਮੌਸਮ ਠੰਢਾ ਰਹਿੰਦਾ ਹੈ ਤੇ ਕਾਫ਼ੀ ਬਰਸਾਤ ਹੁੰਦੀ ਹੈ। ਇਸ ਦੇ ਇੱਕ ਪਾਸੇ ਪਾਕਿਸਤਾਨ ਤੇ ਦੂਜੇ ਪਾਸੇ ਅਫ਼ਗਾਨਿਸਤਾਨ ਹੈ। ਇਹ ਪੁਰਾਣੇ ਰੇਸ਼ਮੀ ਰਾਹ (ਸਿਲਕ ਰੂਟ) ਦਾ ਇੱਕ ਪ੍ਰਮੁੱਖ ਲਾਂਘਾ ਸੀ ਤੇ ਦੁਨੀਆਂ ਦੇ ਪ੍ਰਾਚੀਨਤਮ ਦੱਰਿਆਂ ਵਿੱਚ ਸ਼ੁਮਾਰ ਹੈ। ਇਸ ਨੇ ਪੰਜਾਬ ’ਤੇ ਜ਼ਬਰਦਸਤ ਇਤਿਹਾਸਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਪ੍ਰਭਾਵ ਪਾਇਆ ਹੈ। ਹੁਣ ਤਕ ਇਹ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਮਹੱਤਵਪੂਰਨ ਵਪਾਰਕ ਅਤੇ ਫ਼ੌਜੀ ਰਸਤਾ ਰਿਹਾ ਹੈ। ਹੁਣ ਇਹ ਪਾਕਿਸਤਾਨ ਦੇ ਅਰਧ-ਖ਼ੁਦਮੁਖਤਾਰ ਪਸ਼ਤੂਨ ਕਬਾਇਲੀ ਖੇਤਰ ਫਾਟਾ (ਫੈਡਰਲੀ ਐਡਮਿਨਿਸਟਰਡ ਟਰਾਈਬਲ ਏਰੀਆ) ਇਲਾਕੇ ਦਾ ਹਿੱਸਾ ਹੈ। ਗ਼ੌਰਤਲਬ ਹੈ ਕਿ ਫਾਟਾ ਨੂੰ ਵੀ ਇਸੇ ਵਰ੍ਹੇ ਖ਼ੈਬਰ ਪਖ਼ਤੂਨਖਵਾ ਸੂਬੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਉੱਤਰ ਵੱਲ ਮਲਾਗੋਰੀ ਅਤੇ ਦੱਖਣ ਵੱਲ ਅਫ਼ਰੀਦੀ ਕਬੀਲੇ ਦਾ ਕਬਜ਼ਾ ਹੈ। ਅਫ਼ਰੀਦੀ ਇਸ ਦੱਰੇ ਨੂੰ ਆਪਣੀ ਮਾਲਕੀ ਸਮਝਦੇ ਸਨ ਤੇ ਇੱਥੋਂ ਗੁਜ਼ਰਨ ਵਾਲੇ ਵਪਾਰੀਆਂ ਤੋਂ ਟੈਕਸ ਵਸੂਲਦੇ ਸਨ। ਇਸ ਦੇ ਰਣਨੀਤਕ ਮਹੱਤਵ ਨੂੰ ਸਮਝਦਿਆਂ ਅੰਗਰੇਜ਼ਾਂ ਨੇ 1925 ਵਿੱਚ ਜਮਰੌਦ ਤੋਂ ਲੈ ਕੇ ਲੰਡੀ ਕੋਤਲ ਤਕ ਰੇਲਵੇ ਲਾਈਨ ਵਿਛਾ ਦਿੱਤੀ। ਇਹ ਲਾਈਨ ਇੰਜਨੀਅਰਿੰਗ ਦਾ ਬਿਹਤਰੀਨ ਨਮੂਨਾ ਸਮਝੀ ਜਾਂਦੀ ਹੈ। ਅਫ਼ਗਾਨ ਸੰਕਟ ਵੇਲੇ ਇਸ ਦੱਰੇ ਦਾ ਨਾਮ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ। ਜਦੋਂ ਰੂਸ ਨੇ ਅਫ਼ਗਾਨਿਸਤਾਨ ’ਤੇ 1979 ਵਿੱਚ ਹਮਲਾ ਕੀਤਾ ਤਾਂ ਅਮਰੀਕਾ ਦੁਆਰਾ ਇਸ ਰਸਤੇ ਰਾਹੀਂ ਗੋਲੀ ਸਿੱਕਾ ਮੁਜਾਹਿਦੀਨ ਕੋਲ ਪਹੁੰਚਾਇਆ ਜਾਂਦਾ ਸੀ। ਜਦੋਂ ਅਮਰੀਕਾ ਨੇ 2001 ਵਿੱਚ ਤਾਲਿਬਾਨ ਅਤੇ ਅਲ-ਕਾਇਦਾ ’ਤੇ ਹਮਲਾ ਕੀਤਾ ਤਾਂ ਨਾਟੋ ਫ਼ੌਜਾਂ ਨੂੰ ਵੀ ਸਾਰੀ ਰਸਦ ਅਤੇ ਤੇਲ ਇਸੇ ਰਸਤੇ ਪਹੁੰਚਦਾ ਸੀ। ਪਾਕਿਸਤਾਨ ਇਸ ਸਹੂਲਤ ਬਦਲੇ ਹਰ ਸਾਲ ਅਮਰੀਕਾ ਤੋਂ ਕਰੋੜਾਂ ਡਾਲਰ ਸਹਾਇਤਾ ਪ੍ਰਾਪਤ ਕਰਦਾ ਸੀ। ਤਾਲਿਬਾਨ ਨੇ ਇਨ੍ਹਾਂ ਕਾਫ਼ਲਿਆਂ ’ਤੇ ਹਮਲੇ ਕਰਕੇ ਅਨੇਕਾਂ ਵਾਰ ਸੈਂਕੜੇ ਟਰੱਕ ਸਾੜੇ ਸਨ। ਹੁਣ ਇਹ ਇਲਾਕਾ ਸੁਰੱਖਿਅਤ ਹੈ ਕਿਉਂਕਿ ਪਾਕਿਸਤਾਨੀ ਸਰਕਾਰ ਇਸ ਦੀ ਰਾਖੀ ਲਈ ਅਫ਼ਰੀਦੀ ਕਬੀਲੇ ਨੂੰ ਹਰ ਸਾਲ ਮੋਟਾ ਮੁਆਵਜ਼ਾ ਦਿੰਦੀ ਹੈ।
ਇਸ ਵੇਲੇ ਦੱਰਾ ਖ਼ੈਬਰ ਨਕਲੀ ਹਥਿਆਰ ਬਣਾਉਣ ਦੀਆਂ ਸੈਂਕੜੇ ਫੈਕਟਰੀਆਂ ਲਈ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਦੁਨੀਆਂ ਦੇ ਕਿਸੇ ਵੀ ਹਥਿਆਰ ਜਿਵੇਂ ਏ.ਕੇ. 47, ਊਜ਼ੀ ਮਸ਼ੀਨਗੰਨ, ਐੱਮ 16, ਕਿਸੇ ਵੀ ਮਾਅਰਕੇ ਦਾ ਪਿਸਤੌਲ-ਰਿਵਾਲਵਰ ਆਦਿ ਦੀ ਬੇਹੱਦ ਸਟੀਕ, ਕਾਰਗਰ, ਹੂ-ਬ-ਹੂ ਨਕਲ ਇੱਥੇ ਕੁਝ ਹੀ ਘੰਟਿਆਂ ਵਿੱਚ ਤਿਆਰ ਕਰ ਕੇ ਦੇ ਦਿੱਤੀ ਜਾਂਦੀ ਹੈ। ਇਹ ਘਰੇਲੂ ਉਦਯੋਗ ਬਿਲਕੁਲ ਕਾਨੂੰਨੀ ਹੈ ਕਿਉਂਕਿ ਫਾਟਾ ਵਿੱਚ ਹੋਣ ਕਾਰਨ ਇੱਥੇ ਵਿਸ਼ੇਸ਼ ਕਾਨੂੰਨ ਲਾਗੂ ਹੁੰਦੇ ਹਨ ਤੇ ਟੈਕਸ ਵੀ ਬਹੁਤ ਘੱਟ ਹਨ। ਹਰੇਕ ਮਾਅਰਕੇ ਅਤੇ ਬੋਰ ਦੀਆਂ ਰਾਈਫਲਾਂ, ਬੰਦੂਕਾਂ, ਗੋਲੀਆਂ ਅਤੇ ਕਾਰਤੂਸਾਂ ਨਾਲ ਦੁਕਾਨਾਂ ਭਰੀਆਂ ਪਈਆਂ ਹਨ।
ਇਹ ਘਰੇਲੂ ਉਦਯੋਗ 19ਵੀਂ ਸਦੀ ਦੌਰਾਨ ਹੋਂਦ ਵਿੱਚ ਆਇਆ ਸੀ ਜਦੋਂ ਬ੍ਰਿਟਿਸ਼ ਫ਼ੌਜਾਂ ਨੇ ਅਫ਼ਗਾਨਿਸਤਾਨ ਵਿੱਚ ਫ਼ੌਜੀ ਕਾਰਵਾਈਆਂ ਕੀਤੀਆਂ। ਅਫ਼ਗਾਨਾਂ ਨੂੰ ਉਸ ਵੇਲੇ ਹਥਿਆਰਾਂ ਦੀ ਸਖ਼ਤ ਜ਼ਰੂਰਤ ਸੀ। ਉਨ੍ਹਾਂ ਦੀ ਜ਼ਰੂਰਤ ਪੂਰੀ ਕਰਨ ਲਈ ਦੱਰਾ ਖ਼ੈਬਰ ਵਿੱਚ ਕੁਝ ਵਰਕਸ਼ਾਪਾਂ ਖੁੱਲ੍ਹ ਗਈਆਂ। ਉਸ ਵੇਲੇ ਬ੍ਰਿਟਿਸ਼ ਫ਼ੌਜ ਦੇ ਹਥਿਆਰਾਂ ਦੀ ਨਕਲ ਤਿਆਰ ਕੀਤੀ ਜਾਂਦੀ ਸੀ। ਅੰਗਰੇਜ਼ਾਂ ਨੇ ਵੀ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਉਤਸ਼ਾਹਿਤ ਹੀ ਕੀਤਾ। ਪਹਿਲੀ ਆਲਮੀ ਜੰਗ ਸਮੇਂ ਸੂਬਾ ਸਰਹੱਦ ਤੋਂ ਭਰਤੀ ਕੀਤੇ ਫ਼ੌਜੀਆਂ ਨੂੰ ਦੱਰੇ ਦੇ ਬਣੇ ਹਥਿਆਰ ਹੀ ਦਿੱਤੇ ਗਏ ਸਨ ਕਿਉਂਕਿ ਬ੍ਰਿਟਿਸ਼ਾਂ ਨੂੰ ਡਰ ਸੀ ਕਿ ਇਹ ਅੱਖੜ ਕਿਸਮ ਦੇ ਫ਼ੌਜੀ ਸਰਕਾਰੀ ਰਾਈਫਲਾਂ ਲੈ ਕੇ ਭੱਜ ਜਾਣਗੇ। ਅਫ਼ਗਾਨਿਸਤਾਨ ਸਦੀਆਂ ਤਕ ਰੂਸ ਅਤੇ ਬ੍ਰਿਟੇਨ ਦਰਮਿਆਨ ਝਗੜੇ ਦਾ ਕਾਰਨ ਰਿਹਾ ਹੈ। ਇਸ ਲਈ ਇਨ੍ਹਾਂ ਕਾਰੀਗਰਾਂ ਨੂੰ ਦੋਵਾਂ ਮੁਲਕਾਂ ਦੇ ਹਥਿਆਰਾਂ ਦੀਆਂ ਨਕਲਾਂ ਬਣਾਉਣ ਦੀ ਮੁਹਾਰਤ ਹਾਸਲ ਹੋ ਗਈ। ਇਸ ਤੋਂ ਬਾਅਦ ਰੂਸੀ ਹਮਲੇ ਦੌਰਾਨ ਮੁਜਾਹਿਦੀਨ ਲਈ ਇੱਥੋਂ ਲੱਖਾਂ ਅਸਲਾਟਾਂ ਬਣ ਕੇ ਗਈਆਂ। ਇਸ ਤੋਂ ਬਾਅਦ ਅਮਰੀਕਾ ਨੇ ਤਾਲਿਬਾਨ ’ਤੇ ਹਮਲਾ ਕੀਤਾ ਤਾਂ ਇਹ ਤਾਲਿਬਾਨ ਨੂੰ ਹਥਿਆਰ ਸਪਲਾਈ ਕਰਨ ਦਾ ਮੁੱਖ ਜ਼ਰੀਆ ਬਣ ਗਿਆ।
ਪਾਕਿਸਤਾਨ ਵਿੱਚ ਹਥਿਆਰਾਂ ਦਾ ਲਾਇਸੈਂਸ ਬਹੁਤ ਆਸਾਨੀ ਨਾਲ ਬਣ ਜਾਂਦਾ ਹੈ। ਇੱਕ ਬੰਦਾ ਜਿੰਨੇ ਚਾਹੇ ਹਥਿਆਰ ਅਤੇ ਗੋਲੀਆਂ ਰੱਖ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਆਟੋਮੈਟਿਕ ਅਤੇ ਸੂਬਿਆਂ ਦੇ ਗ੍ਰਹਿ ਮੰਤਰਾਲੇ ਸੈਮੀ-ਆਟੋਮੈਟਿਕ ਹਥਿਆਰਾਂ ਲਈ ਲਾਇਸੈਂਸ ਜਾਰੀ ਕਰਦੇ ਹਨ। ਏ.ਕੇ. 47 ਵੀ ਕਾਨੂੰਨਨ ਖ਼ਰੀਦੀ ਜਾ ਸਕਦੀ ਹੈ। ਹਥਿਆਰਾਂ ਦੀ ਇਸ ਭਾਰੀ ਮੰਗ ਨੂੰ ਸਿਰਫ਼ ਦੱਰਾ ਖ਼ੈਬਰ ਹੀ ਪੂਰੀ ਕਰ ਸਕਦਾ ਹੈ। ਦੱਰਾ ਖ਼ੈਬਰ ਵਿੱਚ ਅਸਲੇ ਦੀ ਦੁਕਾਨ ਜਾਂ ਫੈਕਟਰੀ ਖੋਲ੍ਹਣੀ ਬਹੁਤ ਹੀ ਆਸਾਨ ਹੈ। ਆਰਾਮ ਨਾਲ ਪਰਮਿਟ ਮਿਲ ਜਾਂਦਾ ਹੈ ਤੇ ਟੈਕਸ ਵੀ ਨਾਂ-ਮਾਤਰ ਹਨ। ਸਰਕਾਰ ਦਾ ਵੀ ਕੋਈ ਬਹੁਤਾ ਕੰਟਰੋਲ ਨਹੀਂ ਹੈ। ਦੱਰਾ ਖ਼ੈਬਰ ਦੇ ਵਪਾਰੀਆਂ ਦੁਆਰਾ ਲਾਇਸੈਂਸ ਧਾਰਕਾਂ, ਤਾਲਿਬਾਨ, ਕਬੀਲਿਆਂ ਅਤੇ ਗੁੰਡਾ ਗਰੋਹਾਂ ਨੂੰ ਹਥਿਆਰਾਂ ਦੀ ਖੁੱਲ੍ਹੀ ਵਿਕਰੀ ਹੁੰਦੀ ਹੈ। ਹਥਿਆਰ ਬਣਾਉਣ ਲਈ ਸਥਾਨਕ ਕੱਚੇ ਮਾਲ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ’ਤੇ ਕੰਡਮ ਗੱਡੀਆਂ ਦੇ ਸਖ਼ਤ ਹਿੱਸੇ ਜਿਵੇਂ ਧੁਰਾ, ਕਮਾਨੀਆਂ ਅਤੇ ਕਰੈਂਕ ਸ਼ਾਫਟ ਆਦਿ ਵਰਤੇ ਜਾਂਦੇ ਹਨ; ਪਰ ਰੇਲਵੇ ਲਾਈਨਾਂ ਦੇ ਟੁਕੜੇ ਅਤੇ ਰੇਲਵੇ ਇੰਜਣਾਂ ਦੇ ਹਿੱਸੇ ਬੇਹੱਦ ਮਜ਼ਬੂਤ ਹੋਣ ਕਾਰਨ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਗੋਲੀਆਂ ਦੇ ਜ਼ਿਆਦਾਤਰ ਖੋਲ ਸਟੀਲ ਦੇ ਹੁੰਦੇ ਹਨ ਜਿਨ੍ਹਾਂ ਨੂੰ ਤਾਂਬੇ ਦੀ ਪਾਲਿਸ਼ ਕਰ ਦਿੱਤੀ ਜਾਂਦੀ ਹੈ। ਬਹੁਤੀਆਂ ਗੋਲੀਆਂ ਨਾਟੋ ਅਤੇ ਪਾਕਿਸਤਾਨੀ ਫ਼ੌਜ ਦੇ ਚੱਲੇ ਹੋਏ ਕਾਰਤੂਸਾਂ ਨੂੰ ਦੁਬਾਰਾ ਭਰ ਕੇ ਬਣਾਈਆਂ ਜਾਂਦੀਆਂ ਹਨ। ਹਥਿਆਰ ਗਾਹਕ ਦੀ ਪਸੰਦ ਮੁਤਾਬਿਕ ਬੇਹੱਦ ਮਜ਼ਬੂਤ ਅਤੇ ਕਾਰਗਰ ਜਾਂ ਚਾਲੂ ਕਿਸਮ ਦੇ ਬਣਾਏ ਜਾਂਦੇ ਹਨ।
ਅੱਜਕੱਲ੍ਹ ਜ਼ਿਆਦਾਤਰ ਅਮਰੀਕੀ, ਇੰਗਲਿਸ਼, ਰੂਸੀ, ਜਰਮਨ, ਇਤਾਲਵੀ, ਇਜ਼ਰਾਈਲੀ ਅਤੇ ਚੀਨੀ ਹਥਿਆਰਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਕਾਰੀਗਰ ਖ਼ਾਸ ਤੌਰ ’ਤੇ ਏ.ਕੇ. 47 ਅਤੇ ਰਿਵਾਲਵਰ-ਪਿਸਤੌਲ ਬਣਾਉਣ ਦੇ ਪੂਰੇ ਮਾਹਰ ਹਨ। ਹਥਿਆਰ ’ਤੇ ਮਾਅਰਕਾ ਲਾਉਣ ਲੱਗਿਆਂ ਜਾਣਬੁੱਝ ਕੇ ਥੋੜ੍ਹਾ ਬਹੁਤ ਫ਼ਰਕ ਪਾ ਦਿੱਤਾ ਜਾਂਦਾ ਹੈ ਤਾਂ ਜੋ ਪਤਾ ਲੱਗ ਜਾਵੇ ਕਿ ਇਹ ਦੱਰਾ ਖ਼ੈਬਰ ਦਾ ਬਣਿਆ ਹੋਇਆ ਹੈ। ਇੱਥੇ ਬਣਨ ਵਾਲੇ ਹਥਿਆਰਾਂ ਦੇ ਆਪਣੇ ਵੀ ਬਰਾਂਡ ਨਾਮ ਹਨ ਜਿਵੇਂ ਬੁਫੈਲੋ, ਡਾਇਮੰਡ, ਡਬਲ ਡਰੈਗਨ, ਡਬਲ ਸਟਾਰ, ਗੁੱਡਲੱਕ, ਗੋਰੀਲਾ ਅਤੇ ਟਾਈਗਰ ਆਦਿ। ਸਾਕਿਬ ਇੱਥੋਂ ਦਾ ਇੱਕ ਪ੍ਰਸਿੱਧ ਬਰਾਂਡ ਹੈ। ਪੰਜਾਬ ਵਿੱਚ ਅਤਿਵਾਦ ਦੌਰਾਨ ਬਹੁਤੇ ਹਥਿਆਰ ਦੱਰੇ ਦੇ ਹੀ ਆਉਂਦੇ ਸਨ। ਪਾਕਿਸਤਾਨ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਜਦ ਤਕ ਅਫ਼ਗਾਨਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਵਿੱਚ ਸ਼ਾਂਤੀ ਨਹੀਂ ਹੁੰਦੀ, ਇਹ ਕਾਰੋਬਾਰ ਵਧਦਾ ਫੁੱਲਦਾ ਹੀ ਰਹੇਗਾ।
No comments:
Post a Comment