Sunday, 13 October 2019

ਸਿੱਖ ਤੇ ਕਾਮਰੇਡ


ਸਿੱਖ ਤੇ ਕਾਮਰੇਡ 

ਨੂੰਹ ਨੇ ਸੁਣ ਲਿਆ ਕਿ ਸਹੁਰਾ ਸਾਬ ਸੱਸ ਨੂੰ ਫੁਰਮਾ ਰਹੇ ਨੇ, "ਐਂਵੇ ਮੂੰਹ ਸਿਰ ਲਪੇਟੀ ਫਿਰਦੀ ਐ, ਪੁਰਾਣੇ ਰਿਵਾਜ਼! ਅਗਾਂਹਵਧੂ ਪਰਿਵਾਰ ਚ ਵਿਆਹੀ ਗਈ ਐ,ਕੁਝ ਸੋਚ-ਵਿਚਾਰ ਕਰੇ"। ਨੂੰਹ ਰਾਣੀ ਨੇ ਅਗਲੇ ਦਿਨ ਘੁੰਡ ਚੱਕਤਾ ਸਹੁਰਾ ਸਾਬ੍ਹ ਫਿਰ ਸ਼ੁਰੂ, "ਲੈ ਦੱਸ ਇਹਨੂੰ ਸਿਰ ਨਹੀ ਢੱਕਣਾ ਆਂਉਂਦਾ, ਕੀ ਬਣੀ ਫਿਰਦੀ ਐ" ਨੂੰਹ ਨੇ ਅਗਲੇ ਦਿਨ ਫੇਰ ਘੁੰਡ ਕੱਢ ਲਿਆ। 
ਸਹੁਰਾ ਸਾਬ੍ਹ ਦਾ ਪੁਰਾਣਾ ਰਕਾਟ, "ਐਂਵੇਂ ਮੂੰਹ ਸਿਰ ਜਿਹਾ ਲਪੇਟੀ ਫਿਰਦੀ ਐ..." ਨੂੰਹ ਰਾਣੀ ਨੇ ਅਗਲੇ ਦਿਨ ਫੇਰ ਘੁੰਡ ਕੱਢ ਲਿਆ, ਫੇਰ ਉਹੀ ਰਕਾਟ "ਲੈ ਦੱਸ ਇਹਨੂੰ ਸਿਰ ਨਹੀ ਢੱਕਣਾ ਆਂਉਂਦਾ" ਉਹ ਬੜੀ ਹੈਰਾਨ-ਪਰੇਸ਼ਾਨ,ਬਈ ਪੜ੍ਹੀ-ਲਿਖੀ ਆਂ, ਕਾਲਜ ਵਿਚ ਲੈਕਚਰਾਰ ਆਂ। ਲੋਕ ਲਿਆਕਤ ਦੀਆਂ ਸਿਫਤਾਂ ਕਰਦੇ ਨੇ। ਇਹੇ ਬਜੁਰਗ ਪੈਰ ਈ ਨਹੀ ਲੱਗਣ ਦਿੰਦਾ। ਉਹ ਬੜੀ ਹੈਰਾਨ ਕਿ ਬੈਂਕ ਚ ਕੈਸ਼ੀਅਰ ਉਹਦੇ ਘਰ ਵਾਲੇ ਨਾਲੋਂ ਬਾਪੂ ਜੀ ਦਾ ਸੁਭਾਅ ਕਿੰਨਾ ਵੱਖਰਾ ਹੈ। 
ਆਖਿਰ ਸੋਚ-ਸੋਚਕੇ ਉਹਨੇ ਸੱਸ ਸਾਹਿਬਾ ਨਾਲ ਮਸਲਾ ਵਿਚਾਰਿਆ ਕਿ "ਮਾਤਾ ਜੀ, ਮੈਨੂੰ ਸਿਰ ਢਕਣਾ ਚਾਹੀਦਾ ਹੈ ਕਿ ਨਹੀ? ਘੁੰਡ ਕੱਢਣਾ ਚਾਹੀਦਾ ਹੈ ਕਿ ਨਹੀ?" ਨੂੰਹ ਰਾਣੀ ਸਪਸ਼ਟ ਗੱਲ ਪੁੱਛਣ ਨੂੰ ਫਿਰੇ ਕਿ ਮੈਨੂੰ ਨਾ ਘੁੰਡ ਕੱਢਣ ਵਿਚ ਤਕਲੀਫ ਹੈ ਤੇ ਨਾ ਹੀ ਸਿਰ ਨੰਗਾ ਰੱਖਣ ਵਿਚ, ਬੱਸ ਤੁਸੀ ਦੱਸ ਦੇਵੋ ਕਿ ਬਾਪੂ ਜੀ ਕਿਵੇਂ ਖੁਸ਼ ਹੋਣਗੇ।
ਸੱਸ ਕਹਿੰਦੀ, "ਪੁੱਤ! ਤੂੰ ਮਹੀਨੇ ਵਿਚ ਈ ਸਭ ਕੁਝ ਸਿਖਣ ਨੂੰ ਫਿਰਦੀ ਏਂ, ਮੈਨੂੰ ਤੀਹ-ਪੈਂਤੀ ਸਾਲ ਹੋਗੇ,ਅਜੇ ਤਾਂ ਮੈਨੂੰ ਸਮਝ ਨਹੀ ਆਈ ਕਿ ਇਹ ਬੰਦਾ ਖੁਸ਼ ਕਿਹੜੀ ਗੱਲ ਤੋਂ ਕਿਵੇਂ ਹੋਊ। ਜਿੱਦਣ ਦਾਲ ਧਰ ਦਈਏ ਕਹਿੰਦਾ, ਸਬਜ਼ੀ ਬਣਾਇਆ ਕਰੋ, ਸਬਜ਼ੀ ਫਾਇਦੇਮੰਦ ਆ। ਜਿੱਦਣ ਸਬਜ਼ੀ ਬਣਾ ਲੈਂਦੇ ਆ, ਕਹਿੰਦਾ ਦਾਲ ਨਹੀ ਬਣਾਈ! ਮਤਲਬ ਇਹਨੇ ਸਾਹਮਣੀ ਗੱਲ ਦੇ ਉਲਟ ਈ ਬੋਲਣਾ ਤੇ ਉਲਟ ਈ ਚੱਲਣਾ। ਜੇ ਪਾਣੀ ਦਾ ਗਲਾਸ ਦਿਓਂਗੇ ਤਾਂ ਚਾਹ ਮੰਗੂ, ਜੇ ਚਾਹ ਲੈਕੇ ਗਏ ਤਾਂ ਕਹੂਗਾ, ਪਾਣੀ ਲਿਆਓ। ਮਤਲਬ ਹਰ ਵੇਲੇ ਉਲਟ ਚੱਲਣਾ। ਹੁਣ ਮੈਂ ਤੈਨੂੰ ਧੀਏ ਕਿਵੇਂ ਕਹਿ ਦਿਆਂ ਬਈ ਘੁੰਡ ਕੱਢ ਕਿ ਸਿਰ ਨੰਗਾ ਰੱਖ" 
ਨੂੰਹ ਰਾਣੀ ਬੜੀ ਹੈਰਾਨ ਹੋਈ ਕਿ ਇਹ ਕੀ ਮਨੁਖੀ ਪ੍ਰਵਿਰਤੀ ਹੋਈ, ਮਨੋਵਿਗਿਆਨ ਦੀ ਕਿਹੜਾ 'ਡਿਸਆਰਡਰ "ਹੋਇਆ? ਸੋਚ-ਸੋਚਕੇ ਬੜੇ ਧੀਰਜ ਤੇ ਠਰੰਮ੍ਹੇ ਨਾਲ ਨੂੰਹ ਬੋਲੀ, "ਬੀਬੀ! ਮੈਂ ਇਥੇ ਤੁਹਾਡੇ ਵਾਂਗ ਉਮਰ ਨਹੀ ਕੱਟ ਸਕਦੀ। ਮੈਨੂੰ ਮਾਂ ਬਣਕੇ ਦੱਸ ਕਿ ਬਾਪੂ ਜੀ ਇਉਂ ਕਿਉਂ ਕਰਦੇ ਨੇ?" ਤਾਂ ਬੇਬੇ ਨੇ ਇਕੋ ਗੱਲ ਚ ਸਾਰੀ ਰਾਮਾਇਣ ਮੁਕਾਤੀ, "ਚੜ੍ਹਦੀ ਜਵਾਨੀ ਚ ਈ ਕਾਮਰੇਟਾਂ ਨਾਲ ਰਲ ਗਿਆ ਸੀ ਤੇ ਸਾਰੀ ਉਮਰ ਉਨਾਂ ਚ ਈ ਕੱਟੀ ਐ"।
ਨੂੰਹ ਰਾਣੀ ਨੇ 'ਬਿਮਾਰੀ ' ਬੁਝ ਲਈ ਤੇ 'ਇਲਾਜ' ਵੀ ਸੋਚ ਲਿਆ। ਆਂਉਂਦੇ ਐਤਵਾਰ ਨੂੰ ਪਤੀਦੇਵ ਦੇ ਨਾਲ ਨੂੰਹ ਰਾਣੀ ਕੇਸਕੀ ਸਜਾਕੇ ਅੰਮ੍ਰਿਤਧਾਰੀ ਹੋਕੇ ਜਦ ਘਰ ਆਈ ਤਾਂ ਬੇਬੇ-ਬਾਪੂ ਨੂੰ ਗੱਜਕੇ ਫਤਿਹ ਬੁਲਾਈ, 
"ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ" 
ਸਹੁਰਾ ਸਾਬ੍ਹ ਮੰਜੇ ਤੇ ਬੈਠੇ ਈ ਲੱਗ ਪਏ, "ਆਹ ਤਾਂ,ਆਹ ਤਾਂ ਬਈ,,,,(ਜਦ ਨੂੰ ਗਲੀ ਵਿਚ ਸਕੂਟਰ ਸਟੈਂਡ ਤੇ ਲਾਕੇ ਪੁੱਤਰ ਜੀ ਵੀ ਉਪਰ ਦੀ ਗਾਤਰਾ ਪਾਕੇ ਆ ਵੜੇ,ਜੀਹਨੂੰ ਵੜਦਿਆਂ ਦੇਖਕੇ ਸਹੁਰਾ ਸਾਬ੍ਹ ਦੀ ਟੋਨ ਈ ਬਦਲ ਗਈ) ਆਹ ਤਾਂ ਬਾਹਲ਼ਾ ਈ ਵਧੀਆ ਹੋ ਗਿਆ..ਬਾਹਲਾ ਈ ਵਧੀਆ।
- ਸਰਬਜੀਤ ਸਿੰਘ ਘੁਮਾਣ

Thursday, 10 October 2019

ਫ਼ਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੇੈ ਜਟੁੁ॥





ਫ਼ਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੇੈ ਜਟੁੁ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੧੩੭੮ ਉੱਪਰ ਸੁਸ਼ੋਭਤ ਇਹ ਵਾਕ ਅੱਜ ਦੀ ਦੁਰਦਸ਼ਾ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ। ਪਿਛਲੇ ਦੋ ਮਹੀਨੇ ਵਿੱਚ ਇਕੱਠੇ ਕੀਤੇ ਗਏ ਸੈਂਪਲ ਇਹ ਦੱਸਦੇ ਹਨ ਕਿ ਲਗਭਗ ੫੦% ਚੀਜ਼ਾਂ ਹੁਣ ਪੰਜਾਬ ਵਿਚ ਖਾਣ ਯੋਗ ਨਹੀ ਹਨ। ਇਹ ਸਾਰੇ ਸੈਂਪਲ ਉਨ੍ਹਾਂ ਚੀਜ਼ਾਂ ਦੇ ਲਏ ਹਨ ਗਏ ਹਨ ਜੋ ਪੰਜਾਬ ਵਿੱਚ ਬੜੀ ਅਸਾਨੀ ਨਾਲ ਪੈਦਾ ਕੀਤੇ ਜਾ ਸਕਦੇ ਹਨ ਜਿਵੇਂ ਕਿ "ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਹੋਰ ਅਨੇਕਾਂ ਪਦਾਰਥ,ਖਾਣ ਯੋਗ ਤੇਲ ਜੋ ਅਸੀਂ ਨਿਤ ਆਪਣੀ ਰਸੋਈ ਵਿੱਚ ਵਰਤਦੇ ਹਾਂ" ਆਦਿ। ਪੰਜਾਬ ਦੀ "ਫੂਡ ਐਂਡ ਡਰੱਗਸ ਐਡਮਨਿਸਟ੍ਰੇਸ਼ਨ" ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਹੋਰ ਚੀਜ਼ਾਂ(ਜਿਵੇਂ ਕਿ ਪਨੀਰ, ਕਰੀਮ,ਘਿਓ ਆਦਿ) ੫੩.੩%, ਖਾਣਾ ਬਣਾਉਣ ਵੇਲੇ ਵਰਤੇ ਜਾਣ ਵਾਲੇ ਤੇਲ ੪੩.੭%, ਫਲਾਂ ਤੋਂ ਬਣਨ ਵਾਲੇ ਪਦਾਰਥ (ਜਿਵੇਂ ਕਿ ਜੂਸ,ਜੈਮ ਆਦਿ) ੪੦% ਅਤੇ ਨਮਕੀਨ, ਸਨੈਕਸ ਆਦਿ ੧੦੦% ਖਾਣ ਯੋਗ ਨਹੀਂ ਹਨ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਪ ਜ਼ਹਿਰ ਬਣਾਇਆ ਹੈ। ਜ਼ਿਆਦਾ ਪੈਦਾ ਕਰਨ ਦੇ ਚੱਕਰ ਵਿੱਚ ਦੁਕਾਨਦਾਰਾਂ ਨੇ ਮਿਲਾਵਟਾਂ ਕਰਕੇ ਅਤੇ ਕਿਸਾਨਾਂ ਨੇ ਆਪਣੀ ਜ਼ਮੀਨ ਵਿੱਚ ਜ਼ਹਿਰ ਛਿੜਕ-ਛਿੜਕ ਕੇ ਜ਼ਹਿਰ ਪੈਦਾ ਕਰਨਾ ਸ਼ੁਰੂ ਕਰ ਦਿੱਤਾ, ਆਪਣੀਆਂ ਦੇਸੀ ਗਾਵਾਂ,ਮੱਝਾਂ ਦੇ ਅੰਮ੍ਰਿਤ ਰੂਪੀ ਦੁੱਧ ਨੂੰ ਛੱਡ ਕੇ ਜਰਸੀ ਅਤੇ ਐਚਐਫ ਗਾਵਾਂ ਦੇ ਮਗਰ ਪੈ ਕੇ ਆਪ ਹੀ ਆਪਣੇ ਅਤੇ ਆਪਣੇ ਬੱਚਿਆਂ ਦੇ ਗਲਾਸਾਂ ਵਿੱਚ ਜ਼ਹਿਰ ਭਰ ਦਿੱਤਾ।
ਇਹ ਜ਼ਹਿਰ ਪੈਦਾ ਕਰਨ ਦੇ ਪਿੱਛੇ ਸਰਕਾਰਾਂ ਦੀਆਂ ਨੀਤੀਆਂ ਅਤੇ ਸਾਡੇ ਅੰਦਰ ਵੱਸਦਾ ਲਾਲਚ ਬਰਾਬਰ ਦਾ ਭਾਗੀਦਾਰ ਹੈ। ਸਰਕਾਰਾਂ ਦੀਆਂ ਨੀਤੀਆਂ ਬਦਲਣ ਜਾਂ ਨਾ ਬਦਲਣ ਪਰ ਆਪਣੇ ਅੰਦਰ ਵੱਸਦੇ ਲਾਲਚ ਨੂੰ ਅਸੀਂ ਜ਼ਰੂਰ ਖ਼ਤਮ ਕਰ ਸਕਦੇ ਹਾਂ। ਕਿਸਾਨਾਂ ਨੂੰ ਜ਼ਿਆਦਾ ਪੈਦਾ ਕਰਨ ਦੇ ਚੱਕਰ ਵਿੱਚੋਂ ਬਾਹਰ ਨਿਕਲਣਾ ਪਵੇਗਾ, ਜੇਕਰ ਕਿਸਾਨ ਲਾਲਚ ਵਿੱਚੋਂ ਬਾਹਰ ਨਾ ਨਿਕਲਿਆ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਸਾਡੇ ਦੁਆਰਾ ਪੈਦਾ ਕੀਤੇ ਜਾ ਰਹੇ ਜ਼ਹਿਰ ਥੱਲੇ ਦੱਬ ਕੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਮ ਤੋੜ ਦੇਣਗੀਆਂ।
ਕਿਸਾਨ ਨੂੰ ਇਸ ਲਾਲਚ ਵਿੱਚੋਂ ਨਿਕਲਣ ਲਈ ਜੈਵਿਕ ਖੇਤੀ ਅਪਣਾਉਣੀ ਪਵੇਗੀ ਅਤੇ ਕਿਸਾਨ ਨੂੰ ਜੈਵਿਕ ਖੇਤੀ ਅਪਣਾਉਣ ਲਈ ਸਿਰਫ ਗਾਹਕ ਹੀ ਮਜਬੂਰ ਕਰ ਸਕਦਾ ਹੈ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਕਿਸਾਨਾਂ ਦਾ ਬਣਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੀਆਂ ਵਸਤਾਂ ਨੂੰ ਖਰੀਦ ਕੇ ਉਸ ਦਾ ਸਹੀ ਮੁੱਲ ਤਾਰੀਏ ਜੋ ਪਹਿਲਾਂ ਹੀ ਜੈਵਿਕ ਖੇਤੀ ਕਰ ਰਹੇ ਹਨ। ਜਦੋਂ ਅਸੀਂ ਬਾਜ਼ਾਰ ਵਿੱਚ ਜੈਵਿਕ ਵਸਤਾਂ ਦੀ ਮੰਗ ਵਧਾਵਾਂਗੇ ਤਾਂ ਇਹ ਵੱਧ ਤੋਂ ਵੱਧ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰਨਗੀਆਂ। ਜਦ ਤੱਕ ਗਾਹਕ ਆਪਣੇ ਦਿਲ ਅਤੇ ਦਿਮਾਗ ਵਿੱਚ ਜ਼ਹਿਰੀਲੀਆਂ ਸਬਜ਼ੀਆਂ ਅਤੇ ਅਨਾਜ ਨੂੰ ਥਾਂ ਦੇ ਬੈਠਾ ਹੈ ਉਦੋਂ ਤੱਕ ਉਸ ਨੂੰ ਅੰਮ੍ਰਿਤ ਨਹੀਂ ਮਿਲ ਸਕਦਾ ।
ਪਰਮਜੀਤ ਸਿੰਘ ਮੰਡ
(ਪ੍ਰਧਾਨ,"ਸਿੱਖ ਯੂਥ ਆਫ਼ ਪੰਜਾਬ")

ਘਟਨਾ 18 ਨਵੰਬਰ 1983



ਘਟਨਾ 18 ਨਵੰਬਰ 1983 

ਇਹ ਘਟਨਾ 18 ਨਵੰਬਰ 1983 ਨੂੰ ਹੋਈ ਸੀ-ਮੋਗਾ ਡਿਪੂ ਦੀ ਬੱਸ ਅਮ੍ਰਿਤਸਰ ਤੋਂ ਜਾ ਰਹੀ ਸੀ ਕਿ ਨੌਸ਼ਹਿਰਾ ਪੰਨੂਆਂ ਦੇ ਕੋਲ ਹਥਿਆਰਬੰਦ
ਬੰਦਿਆਂ ਨੇ ਚਾਰ ਹਿੰਦੂ ਮਾਰ ਦਿਤੇ ਸਨ। ਇਸ ਮੌਕੇ ਇਕ ਹਿੰਦੂ ਨੂੰ ਕਿਸੇ ਨਿਹੰਗ ਨੇ ਆਪਣਾ ਪੁਤ ਦੱਸਕੇ ਬਚਾ ਲਿਆ ਸੀ ਜਿਸਦਾ ਜਿਕਰ ਖੁਸ਼ਵੰਤ ਸਿੰਘ ਦੀ ਕਿਤਾਬ ਵਿਚ ਵੀ ਮਿਲਦਾ ਹੈ। ਇਸਤੋਂ ਪਹਿਲਾਂ 5 ਅਕਤੂਬਰ 1983 ਨੂੰ ਢਿਲਵਾਂ ਕੋਲ ਛੇ ਹਿੰਦੂ ਬੱਸ ਕਾਂਡ ਵਿਚ ਮਾਰੇ ਗਏ ਸਨ ਤੇ ਦਰਬਾਰਾ ਸਰਕਾਰ ਖਾਰਿਜ ਕਰ ਦਿਤੀ ਗਈ ਸੀ। ਇਸ ਬੱਸ ਕਾਂਡ ਦੀ ਕਿਸੇ ਵੀ ਸਿਖ ਜਥੇਬੰਦੀ ਨੇ ਜਿੰਮੇਵਾਰੀ ਨਹੀ ਸੀ ਲਈ। ਸੰਤ ਭਿੰਡਰਾਂਵਾਲਿਆਂ, ਸੰਤ ਲੌਂਗੋਵਾਲ ਤੇ ਹੋਰ ਸਿਖ ਆਗੂਆਂ ਨੇ ਬੱਸ ਕਾਂਡ ਦੀ ਜਬਰਦਸਤ ਨਿੰਦਾ ਕੀਤੀ ਸੀ। ਸਿਖ ਆਗੂ ਸਦਾ ਹੀ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਮੰਗ ਕਰਦੇ ਰਹੇ ਪਰ ਸਰਕਾਰ ਨੇ ਇਸ ਪਾਸੇ ਕੁਝ ਨਹੀ ਕੀਤਾ। 
ਪ੍ਰਸਿਧ ਪਤਰਕਾਰ ਜਗਤਾਰ ਸਿੰਘ ਦੀ ਅੰਗਰੇਜੀ ਕਿਤਾਬ ,"ਖਾਲਿਸਤਾਨ" ਵਿਚ ਦਰਜ਼ ਹੈ ਕਿ ਮਗਰੋਂ ਸਾਬਕਾ ਮੁਖਮੰਤਰੀ ਦਰਬਾਰਾ ਸਿੰਘ ਕਹਿੰਦਾ ਰਿਹਾ ਹੈ ਕਿ ਬੱਸ ਕਾਂਡ ਏਜੰਸੀ ਦਾ ਕਾਰਾ ਸੀ। ਅਸਲ ਦੋਸ਼ੀ ਕਦੇ ਵੀ ਨਹੀ ਫੜੇ ਗਏ।ਨੌਸ਼ਹਿਰਾ ਬੱਸ ਕਾਂਡ ਬਾਰੇ ਵੀ ਸਦਾ ਭੰਬਲਭੂਸਾ ਬਣਿਆ ਰਿਹਾ। ਆਮ ਚਰਚਾ ਇਹੀ ਰਹੀ ਹੈ ਕਿ ਇੰਦਰਾ ਗਾਂਧੀ ਨੇ ਇਹ ਬੱਸ ਕਾਂਡ ਤੇ ਹੋਰ ਵਾਰਦਾਤਾਂ ਰਾਂਹੀ ਪੰਜਾਬ ਦੇ ਹਿੰਦੂ ਦੇ ਦਿਲ-ਦਿਮਾਗ ਵਿਚ ਇੱਹ ਭਰਿਆ ਕਿ ਹੁਣ ਸਿਖਾਂ ਤੋਂ ਸਿਰਫ ਮੈਂ ਹੀ ਤੁਹਾਨੂੰ ਬਚਾ ਸਕਦੀ ਹਾਂ। ਭਾਂਵੇ ਕਦੇ ਵੀ ਕੋਈ ਸਿਖ ਇਨਾਂ ਬੱਸ ਕਾਂਡਾਂ ਲਈ ਦੋਸ਼ੀ ਨਹੀ ਗਰਦਾਨਿਆ ਗਿਆ ਪਰ ਸਰਕਾਰੀ ਪਰਚਾਰ ਸਿਖਾਂ ਵੱਲ ਹੀ ਉਂਗਲ ਕਰਦਾ ਰਿਹਾ। ਜੇ ਇਹ ਕੰਮ ਸਿਖ ਜੁਝਾਰੂਆਂ ਨੇ ਕੀਤਾ ਹੂੰਦਾ ਤਾਂ ਸੰਘਰਸ਼ ਵਿਚ ਵਿਚਰਦੇ ਕਿਸੇ ਨਾ ਕਿਸੇ ਜੁਝਾਰੂ ਨੂੰ ਜਰੂਰ ਪਤਾ ਹੋਣਾ ਸੀ ਕਿ ਫਲਾਨੇ ਸਿੰਘਾਂ ਨੇ ਢਿਲਵਾਂ ਵਾਲਾ ਜਾਂ ਨੌਸ਼ਹਿਰੇ ਵਾਲਾ ਬੱਸ ਕਾਂਡ
ਕੀਤਾ ਹੈ। 
ਹੁਣ ਵੀ ਬਹੁਤ ਸਾਰੀਆਂ ਵਾਰਦਾਤਾਂ ਬਾਰੇ ਸੰਘਰਸ਼ ਵਿਚ ਵਿਚਰੇ ਸਿੰਘਾਂ ਤੋਂ ਪਤਾ ਲੱਗਦਾ ਹੈ ਕਿ ਕੌਣ ਕੌਣ ਕਿਸ ਵਾਰਦਾਤ ਵਿਚ ਸ਼ਾਮਿਲ ਸਨ।
ਸਪਸ਼ਟ ਹੈ ਕਿ ਇਹ ਬੱਸ ਕਾਂਡ ਸਿਖਾਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਕੀਤੇ ਸਨ। ਇਕ ਹੋਰ ਗੱਲ ਦੱਸਣੀ ਜਾਇਜ ਹੈ ਕਿ ਇਸ ਨੌਸ਼ਹਿਰੇ ਵਾਲੇ ਬੱਸ ਕਾਂਡ ਦੀ ਰਿਪੋਰਟਿੰਗ ਕਰਨ ਲਈ ਜੋ ਪੱਤਰਕਾਰ ਗਏ ਸਨ,ਉਨਾਂ ਵਿਚ ਸ.ਜਸਪਾਲ ਸਿੰਘ ਸਿਧੂ ਵੀ ਸਨ। ਪਿਛੇ ਜਿਹੇ ਉਨਾਂ ਨੇ ਸਾਨੂੰ ਇਕ ਪ੍ਰੋਗਰਾਮ ਵਿਚ ਦੱਸਿਆ ਕਿ ਜਦ ਉਹ ਅਤੇ ਹਿੰਦੋਸਤਾਨ ਟਾਈਮਜ ਦਾ ਪਤਰਕਾਰ ਕੇ,ਐਸ.ਤੋਮਰ ਬੱਸ ਕਾਂਡ ਵਾਲੀ ਥਾਂ ਤੇ ਗਏ ਤੇ ਖਾਲੀ ਬੱਸ ਦੀਆਂ ਫੋਟੋਆਂ ਲਈਆਂ ,ਮਾਰੇ ਗਏ ਲੋਕਾਂ ਦੇ ਨਾਂ-ਪਤੇ ਲਿਖੇ ਤੇ ਕੁਝ ਹੋਰ ਜਾਣਕਾਰੀ ਇਕਠੀ ਕਰਕੇ ਵਾਪਸ ਅੰਮਰਿਤਸਰ ਆ ਗਏ । ਉਹ ਕਹਿੰਦੇ ਸਾਨੂੰ ਬੱਸ ਕੋਲ ਕੋਈ ਯਾਤਰੂ ਆਦਿਕ ਨਹੀ ਮਿਲਿਆ। ਕੁਝ ਪੁਲੀਸ ਵਾਲੇ ਡਿਊਟੀ ਕਰਕੇ ਜਰੂਰ ਸਨ। ਅੰਮ੍ਰਿਤਸਰ ਆਕੇ ਦੋਨਾਂ ਨੇ ਆਪੋ ਆਪਣੇ ਅਖਬਾਰਾਂ ਨੂੰ ਖਬਰਾਂ ਭੇਜ ਦਿਤੀਆਂ। ਸਿਧੂ ਸਾਹਿਬ ਦੱਸਦੇ ਹਨ ਕਿ ਉਹ ਹੈਰਾਨ ਹੀ ਰਹਿ ਗਏ ਕਿ ਹਿੰਦੋਸਤਾਨ ਟਾਈਮਜ ਦੇ
ਪਤਰਕਾਰ ਨੇ ਕੋਲੋਂ ਹੀ ਮਸਾਲਾ ਲਾਕੇ ਲਿਖ ਦਿਤਾ ਕਿ ਮਾਰੇ ਗਏ ਹਿੰਦੂਆਂ ਦੀ ਜਨਾਨੀਆਂ ਤੇ ਬੱਚੇ ਰੋ ਰੋਕੇ ਆਹ ਕਹਿ ਰਹੇ ਸਨ ,ਔਹ ਕਹਿ ਰਹੇ ਸਨ- ਸਿਧੂ ਸਾਹਿਬ ਕਹਿੰਦੇ ਅਸਲ ਵਿਚ ਮਾਰੇ ਗਏ ਹਿੰਦੂ ਮੁੰਡੇ ਕਵਾਰੇ ਸਨ ਜਿੰਨਾ ਦੀਆਂ ਜਨਾਨੀਆਂ ਤੇ ਬੱਚੇ ਕੋਲੋਂ ਹੀ ਦਿਖਾਕੇ ਅਖਬਾਰ ਵਿਚ ਕੋਲੋਂ ਹੀ ਗੱਲਾਂ ਉਨਾਂ ਦੇ ਮੂੰਹ ਵਿਚ ਪਾਈਆਂ ਗਈਆਂ ਤਾਂਕਿ ਸਿਖਾਂ ਖਿਲਾਫ ਨਫਰਤ ਵਧੇ।
ਇਸ ਨੌਸ਼ਹਿਰਾ ਬੱਸ ਕਾਂਡ ਮੌਕੇ ਇਕ ਨਿਹੰਗ ਸਿੰਘ ਅਜੀਤ ਸਿੰਘ ਨੇ ਇਕ ਹਿੰਦੂ ਨੂੰ ਬਚਾਇਆ ਗਿਆ ਸੀ। ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾ ਦਿਲੀ ਦਰਬਾਰਾ ਦੀਆਂ ਏਜੰਸੀਆਂ ਨੇ ਬੱਸ ਕਾਂਡ ਤੇ ਹੋਰ ਕਈ ਵਾਰਦਾਤਾਂ ਪੰਜਾਬ ਵਿਚ ਕਰਕੇ ਸਿਖਾਂ ਖਿਲਾਫ ਮਹੌਲ ਬਣਾਇਆ ਸੀ। 
- ਸਰਬਜੀਤ ਸਿੰਘ ਘੁਮਾਣ

ਭਾਰਤ ਹਿੰਦੂ ਰਾਸ਼ਟਰ ਨਹੀਂ ਹੈ



ਭਾਰਤ ਹਿੰਦੂ ਰਾਸ਼ਟਰ ਨਹੀਂ ਹੈ

ਬਰਜਿੰਦਰ ਸਿੰਘ ਹਮਦਰਦ
ਦੁਸਹਿਰੇ ਦੇ ਮੌਕੇ 'ਤੇ ਨਾਗਪੁਰ ਵਿਚ ਜਿਥੇ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁੱਖ ਦਫ਼ਤਰ ਹੈ, ਵਿਖੇ ਆਯੋਜਿਤ ਇਕ ਸਮਾਗਮ ਵਿਚ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਸ ਗੱਲ 'ਤੇ ਵਧੇਰੇ ਜ਼ੋਰ ਦਿੱਤਾ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ ਅਤੇ ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ। ਕੇਂਦਰ ਦੀ ਤਤਕਾਲੀ ਸਰਕਾਰ ਭਾਰਤ ਦੇ ਸੰਵਿਧਾਨ ਅਨੁਸਾਰ ਬਣੀ ਹੈ। ਭਾਰਤੀ ਸੰਵਿਧਾਨ ਦੀ ਸ਼ੁਰੂਆਤ ਹੀ ਇਸ ਵਾਕ ਨਾਲ ਹੁੰਦੀ ਹੈ ਕਿ ''ਇਹ ਦੇਸ਼ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੱਖ, ਜਮਹੂਰੀ ਗਣਰਾਜ ਹੈ।'' ਇਸ ਵਿਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਧਰਮਾਂ, ਜਾਤਾਂ, ਬਰਾਦਰੀਆਂ ਅਤੇ ਲਿੰਗ ਦੇ ਭਿੰਨ-ਭੇਦ ਤੋਂ ਉੱਪਰ ਉੱਠ ਕੇ ਇਕੋ ਜਿਹੇ ਅਧਿਕਾਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਵਿਚਰਨ ਲਈ ਸਮਾਨ ਮੌਕੇ ਪ੍ਰਦਾਨ ਕੀਤੇ ਗਏ ਹਨ। ਭਾਰਤ ਦਾ ਸੰਵਿਧਾਨ ਦੇਸ਼ ਵਿਚ ਦੋ ਸੌ ਸਾਲਾਂ ਦੀ ਅੰਗਰੇਜ਼ ਹਕੂਮਤ ਦੀ ਖਲਾਸੀ ਤੋਂ ਬਾਅਦ ਉਸ ਸਮੇਂ ਦੀਆਂ ਬਿਹਤਰੀਨ ਸ਼ਖ਼ਸੀਅਤਾਂ ਵਲੋਂ ਕਈ ਸਾਲਾਂ ਦੀ ਕਠਿਨ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਸੀ। 

ਇਸ ਤੋਂ ਪਹਿਲਾਂ ਬਰਤਾਨੀਆ ਤੋਂ ਆਜ਼ਾਦੀ ਲੈਣ ਲਈ ਇਕ ਬਹੁਤ ਲੰਮਾ, ਸਖ਼ਤ ਅਤੇ ਖੂਨ-ਡੋਲ੍ਹਵਾਂ ਸੰਘਰਸ਼ ਲੜਿਆ ਗਿਆ ਸੀ। ਇਸ ਘੋਲ ਵਿਚ ਦੇਸ਼ ਦੀ ਹਰ ਜਾਤੀ, ਧਰਮ ਅਤੇ ਵੱਖ-ਵੱਖ ਖਿੱਤਿਆਂ ਵਿਚ ਵਸਦੇ ਲੋਕਾਂ ਨੇ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਵੱਡਾ ਯੋਗਦਾਨ ਪਾਇਆ ਸੀ। ਇਹ ਸਾਡੀ ਬਦਕਿਸਮਤੀ ਸੀ ਕਿ ਅੰਗਰੇਜ਼ਾਂ ਦੀਆਂ ਚਿਰਾਂ ਤੋਂ ਮੱਕਾਰੀ ਭਰੀਆਂ ਅਤੇ ਚਤਰ ਚਾਲਾਂ ਕਰਕੇ ਇਸ ਧਰਤੀ ਨੂੰ ਉਸ ਸਮੇਂ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਭਾਰਤ ਨੂੰ ਅਜਿਹੇ ਦੇਸ਼ ਦੇ ਰੂਪ ਵਿਚ ਕਲਪਿਆ ਸੀ, ਜਿਥੇ ਹਰ ਇਕ ਨੂੰ ਆਪਣੇ ਰੰਗ-ਢੰਗ ਨਾਲ ਜਿਊਣ ਦਾ ਅਧਿਕਾਰ ਹੋਵੇ। ਨਵੇਂ ਭਾਰਤੀ ਸੰਵਿਧਾਨ ਨੇ ਲੋਕਾਂ ਨੂੰ ਦੇਸ਼ ਦੀ ਸਾਂਝੀ ਆਜ਼ਾਦ ਹੋਂਦ ਦਾ ਅਹਿਸਾਸ ਕਰਾਇਆ ਸੀ। ਅੱਜ ਅਨੇਕਾਂ ਵਿਸ਼ਵਾਸਾਂ ਵਾਲੇ, ਜੀਵਨ ਦੀਆਂ ਅਨੇਕਾਂ ਤਰਬਾਂ ਵਿਚ ਵਿਚਰਦੇ, ਵੱਖ-ਵੱਖ ਸੱਭਿਆਚਾਰਾਂ ਨੂੰ ਸਮੋਈ ਬੈਠੇ ਲੋਕਾਂ ਨੂੰ ਕਿਸੇ ਇਕ ਧਰਮ ਨਾਲ ਜੋੜਨਾ ਬਿਨਾਂ ਸ਼ੱਕ ਸਾਡੇ ਸੰਵਿਧਾਨ ਦੀ ਤੌਹੀਨ ਦੇ ਬਰਾਬਰ ਹੈ। ਜਿਥੋਂ ਤੱਕ ਸੰਘ ਮੁਖੀ ਵਲੋਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਕਰਾਰ ਦੇਣ ਦੀ ਗੱਲ ਹੈ, ਉਨ੍ਹਾਂ ਦੇ ਮਨ ਵਿਚ ''ਹਿੰਦੂ'' ਦੀ ਪਰਿਭਾਸ਼ਾ ਕੀ ਹੈ, ਇਸ ਬਾਰੇ ਉਹ ਕਦੇ ਵੀ ਕੋਈ ਸੰਤੁਸ਼ਟੀਜਨਕ ਵਿਆਖਿਆ ਨਹੀਂ ਕਰ ਸਕੇ। ਇਸ ਮਹਾਨ ਧਰਤੀ ਨੂੰ ਸਿਰਫ ਇਕ ਧਰਮ ਨਾਲ ਜੋੜਨਾ ਇਕ ਵੱਡੀ ਜ਼ਿਆਦਤੀ ਹੈ। ਰਾਸ਼ਟਰੀ ਸੋਇਮ ਸੇਵਕ ਸੰਘ ਵਰਗੀ ਸੰਸਥਾ ਦੇ ਮੁਖੀ ਤੋਂ ਵਧੇਰੇ ਸੂਝਵਾਨ ਹੋਣ ਦੀ ਆਸ ਕੀਤੀ ਜਾ ਸਕਦੀ ਹੈ, ਕਿਸੇ ਸੀਮਤ ਘੇਰੇ ਦੇ ਪਾਬੰਦ ਰਹਿਣ ਦੀ ਨਹੀਂ। 

ਭਾਰਤ ਦੁਨੀਆ ਦੀਆਂ ਪੁਰਾਣੀਆਂ ਸੱਭਿਆਤਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸਿੰਧ ਘਾਟੀ ਦੀ ਸੱਭਿਅਤਾ ਕਿਸੇ ਸਮੇਂ ਇਸ ਧਰਤੀ ਦੀ ਸ਼ਾਨ ਰਹੀ ਸੀ। ਹੁਣ ਤੱਕ ਦੇ ਲਗਾਏ ਗਏ ਅੰਦਾਜ਼ਿਆਂ ਅਨੁਸਾਰ ਇਹ ਸੱਭਿਅਤਾ ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਇਥੇ ਪ੍ਰਫੁੱਲਿਤ ਹੋਈ, ਜਿਸ ਵਿਚ ਅੱਜ ਦਾ ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਵੱਡੇ ਹਿੱਸੇ ਸ਼ਾਮਿਲ ਸਨ। ਇਸ ਅਦਭੁੱਤ ਸੱਭਿਅਤਾ ਨੂੰ ਮਿਸਰ ਅਤੇ ਮੈਸੋਪੋਟਾਮੀਆ ਦੀਆਂ ਪੁਰਾਣੀਆਂ ਸੱਭਿਆਤਾਵਾਂ ਦੇ ਕਾਲਕ੍ਰਮ ਨਾਲ ਜੋੜਿਆ ਜਾਂਦਾ ਹੈ। 19ਵੀਂ ਸਦੀ ਵਿਚ ਕੀਤੀਆਂ ਗਈਆਂ ਖੋਜਾਂ ਦੇ ਆਧਾਰ 'ਤੇ ਇਹ ਸਪੱਸ਼ਟ ਹੋਇਆ ਹੈ ਕਿ ਇਹ ਉਸ ਸਮੇਂ ਇਕ ਭਰਪੂਰ ਅਤੇ ਪ੍ਰਫੁੱਲਿਤ ਸੱਭਿਅਤਾ ਸੀ। ਸਾਡੀ ਜਾਣਕਾਰੀ ਅਨੁਸਾਰ ਇਸ ਸੱਭਿਅਤਾ ਤੋਂ ਬਾਅਦ ਅੱਜ ਤੋਂ ਲਗਪਗ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਕੇਂਦਰੀ ਏਸ਼ੀਆ ਦੇ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਲੋਕ ਉੱਤਰੀ ਭਾਰਤ ਦੇ ਗੰਗਾ-ਯਮੁਨਾ ਦੇ ਮੈਦਾਨਾਂ ਵਿਚ ਆ ਵਸੇ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਆਰੀਅਨ ਲੋਕਾਂ ਨੇ ਸਿੰਧ ਘਾਟੀ ਦੀ ਸੱਭਿਅਤਾ ਦੇ ਸਮੇਂ ਤੋਂ ਇਥੇ ਵਸੇ ਲੋਕਾਂ ਨੂੰ ਦੇਸ਼ ਦੇ ਦੱਖਣੀ ਹਿੱਸੇ ਵੱਲ ਧੱਕ ਦਿੱਤਾ ਸੀ। ਆਰੀਅਨ ਵਿਦਵਾਨਾਂ ਨੇ ਇਥੇ ਸਥਾਪਿਤ ਹੋਣ ਤੋਂ ਬਾਅਦ ਵੇਦਾਂ, ਪੁਰਾਣਾਂ ਅਤੇ ਉਪਨਿਸ਼ਦਾਂ ਵਰਗੇ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਹਿੰਦੂ ਧਰਮ ਦਾ ਆਧਾਰ ਮੰਨਿਆ ਜਾਂਦਾ ਹੈ। ਇਸ ਧਰਮ ਵਿਚ ਬੁੱਤ ਪੂਜਾ ਦੇ ਨਾਲ-ਨਾਲ ਹਜ਼ਾਰਾਂ ਦੇਵੀ-ਦੇਵਤੇ ਵੀ ਵਿਦਮਾਨ ਹਨ। ਪਰ ਇਸ ਵਿਸ਼ਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਨੇਕਾਂ ਹੀ ਵੱਖ-ਵੱਖ ਸੱਭਿਆਚਾਰ ਵੀ ਪਣਪਦੇ ਰਹੇ ਹਨ। ਅਨੇਕ ਤਰਜ਼ਾਂ ਵਿਚ ਲੋਕ ਆਪਣਾ ਜੀਵਨ ਜਿਊਾਦੇ ਰਹੇ ਹਨ। ਇਥੇ ਵਿਭਿੰਨ ਤਰ੍ਹਾਂ ਦੇ ਸਮਾਜ ਵਿਕਸਿਤ ਹੋਏ | ਇਸ ਤੋਂ ਬਾਅਦ ਸਦੀਆਂ ਦੇ ਵਰਤਾਰੇ ਨੇ ਇਸ ਦੇਸ਼ ਨੂੰ ਵੱਖ-ਵੱਖ ਕੌਮੀਅਤਾਂ, ਨਸਲਾਂ ਅਤੇ ਫ਼ਿਰਕਿਆਂ ਨਾਲ ਭਰਪੂਰ ਬਣਾ ਦਿੱਤਾ। ਇਸ ਵਿਚ ਹਜ਼ਾਰਾਂ ਸਾਲਾਂ ਤੱਕ ਬਾਹਰੋਂ ਆਏ ਹਮਲਾਵਰਾਂ ਦਾ ਵੀ ਵੱਡਾ ਹੱਥ ਸੀ, ਜਿਨ੍ਹਾਂ ਨੇ ਆਪੋ-ਆਪਣੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ ਇਸ ਦੇਸ਼ ਦੇ ਲੋਕਾਂ 'ਤੇ ਛੱਡੇ। ਅੱਜ ਇਹ ਦੇਸ਼ ਅਨੇਕਾਂ-ਅਨੇਕ ਵਿਸ਼ਵਾਸਾਂ, ਬੋਲੀਆਂ, ਭਿੰਨ-ਭਿੰਨ ਸੱਭਿਆਚਾਰਾਂ ਅਤੇ ਵੱਖੋ-ਵੱਖਰੀਆਂ ਨਸਲਾਂ ਅਤੇ ਰੰਗਾਂ-ਢੰਗਾਂ ਵਾਲੇ ਨਾਗਰਿਕਾਂ ਦੀ ਇਕ ਫੁਲਵਾੜੀ ਹੈ। ਸਾਡੇ ਸੰਵਿਧਾਨ ਘਾੜਿਆਂ ਨੇ ਇਸ ਬਣਤਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਉਨ੍ਹਾਂ ਇਹ ਗੱਲ ਵੀ ਸਮਝ ਲਈ ਸੀ ਕਿ ਸਦੀਆਂ ਤੋਂ ਇਹ ਦੇਸ਼ ਫ਼ਿਰਕਿਆਂ ਅਤੇ ਜਾਤਾਂ ਦੇ ਸ਼ਿਕੰਜਿਆਂ ਵਿਚ ਜਕੜਿਆ ਹੋਇਆ ਹੈ। ਇਥੇ ਕੁਝ ਇਕ ਨੂੰ ਉੱਚੀਆਂ ਅਤੇ ਬਾਕੀਆਂ ਨੂੰ ਨੀਵੀਆਂ ਜਾਤਾਂ ਦੇ ਲੋਕ ਸਮਝਿਆ ਜਾਂਦਾ ਰਿਹਾ ਹੈ। ਸਦੀਆਂ ਤੋਂ ਉਨ੍ਹਾਂ ਨਾਲ ਅਜਿਹਾ ਮਾੜਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਇਸ ਵਿਸ਼ਾਲ ਧਰਤੀ 'ਤੇ ਸਮਿਆਂ ਦੇ ਨਾਲ ਅਨੇਕਾਂ-ਅਨੇਕ ਬਗ਼ਾਵਤਾਂ ਵੀ ਹੋਈਆਂ। ਲੋਕਾਂ ਨੇ ਆਪਣੇ ਹੱਕਾਂ-ਹਿਤਾਂ ਲਈ ਜੂਝਣਾ ਸ਼ੁਰੂ ਕਰ ਦਿੱਤਾ। 

ਹਰ ਖਿੱਤੇ ਨੇ ਆਪੋ-ਆਪਣੀ ਸੱਭਿਆਚਾਰਕ ਅਤੇ ਜ਼ਬਾਨ 'ਤੇ ਆਧਾਰਿਤ ਪਛਾਣ ਕਾਇਮ ਰੱਖਣ ਲਈ ਵੀ ਯਤਨ ਕੀਤੇ। ਕਹੀਆਂ ਜਾਂਦੀਆਂ ਛੋਟੀਆਂ ਜਾਤਾਂ ਦੇ ਸਮਾਜਾਂ ਨੇ ਇਕ ਤਰ੍ਹਾਂ ਨਾਲ ਸਵਰਨ ਜਾਤਾਂ ਤੋਂ ਆਪਣਾ ਤੋੜ-ਵਿਛੋੜਾ ਕਰ ਲਿਆ। ਇਹ ਵੀ ਇਕ ਵੱਡਾ ਕਾਰਨ ਸੀ ਕਿ ਇਸ ਦੇਸ਼ ਦੇ ਲੋਕ ਇਸ ਧਰਤੀ ਵਿਚ ਹੀ ਪੈਦਾ ਹੋਏ ਹੋਰ ਕਈ ਧਰਮਾਂ ਦੇ ਨਾਲ-ਨਾਲ ਬਾਹਰੋਂ ਆਏ ਧਰਮਾਂ ਵੱਲ ਵੀ ਜ਼ਿਆਦਾ ਆਕਰਸ਼ਿਤ ਹੋਏ। ਇਸੇ ਭਾਵਨਾ ਵਿਚੋਂ ਹੀ ਡਾ: ਬੀ.ਆਰ. ਅੰਬੇਡਕਰ ਵਲੋਂ ਲੰਮੀ ਸੋਚ-ਵਿਚਾਰ ਤੋਂ ਬਾਅਦ ਖੁੱਲ੍ਹੇ ਰੂਪ ਵਿਚ ਬੁੱਧ ਧਰਮ ਨੂੰ ਅਪਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇਸ਼ ਦੇ ਮਹਾਨ ਸਮਰਾਟ ਅਸ਼ੋਕ ਅਤੇ ਕਨਿਸ਼ਕ ਨੇ ਵੀ ਬੁੱਧ ਧਰਮ ਨੂੰ ਅਪਣਾਇਆ ਸੀ। ਮੁਗ਼ਲ ਸਮਰਾਟ ਅਕਬਰ ਨੇ 16ਵੀਂ ਸਦੀ ਵਿਚ ਵੱਖ-ਵੱਖ ਅਕੀਦਿਆਂ ਅਤੇ ਧਰਮਾਂ ਨੂੰ ਮੰਨਣ ਵਾਲੇ ਇਸ ਵਿਸ਼ਾਲ ਧਰਤੀ ਦੇ ਲੋਕਾਂ ਨੂੰ ਆਪੋ-ਆਪਣੇ ਵਿਸ਼ਵਾਸਾਂ ਨੂੰ ਕਾਇਮ ਰੱਖਣ ਦੀ ਖੁੱਲ੍ਹ ਦਿੱਤੀ ਸੀ। ਆਪਣੇ 40 ਸਾਲਾਂ ਦੇ ਰਾਜ ਵਿਚ ਅਕਬਰ ਨੇ ਅਜਿਹੀ ਪ੍ਰੇਰਨਾ ਹੀ ਬਣਾਈ ਰੱਖੀ ਸੀ। ਅਠਾਰ੍ਹਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਚਾਰ ਦਹਾਕਿਆਂ ਦੀ ਹਕੂਮਤ ਵਿਚ ਆਪਣੀ ਪਰਜਾ ਨੂੰ ਆਪਣੇ ਅਕੀਦਿਆਂ ਅਨੁਸਾਰ ਜਿਊਣ ਦੀ ਖੁੱਲ੍ਹ ਹੀ ਨਹੀਂ ਸੀ ਦਿੱਤੀ, ਸਗੋਂ ਉਨ੍ਹਾਂ ਨੇ ਸਾਰੇ ਧਰਮਾਂ ਨੂੰ ਪੂਰਾ-ਪੂਰਾ ਪਿਆਰ ਅਤੇ ਸਤਿਕਾਰ ਵੀ ਦਿੱਤਾ ਸੀ। ਅੱਜ ਵੀ ਮਹਾਰਾਜਾ ਦੀ ਮਹਾਨਤਾ ਉਨ੍ਹਾਂ ਦੀ ਇਸੇ ਹੀ ਸੋਚ ਦੀ ਲਖਾਇਕ ਬਣੀ ਹੋਈ ਹੈ। 

ਅੱਜ ਜੇਕਰ ਅਸੀਂ ਇਸ ਮਹਾਨ ਦੇਸ਼ ਅਤੇ ਮਹਾਨ ਧਰਤੀ ਨੂੰ ਕਿਸੇ ਇਕ ਵਿਸ਼ਵਾਸ ਜਾਂ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰਦੇ ਹਾਂ ਤਾਂ ਇਹ ਇਸ ਦੇਸ਼ ਦੇ ਵੱਡੇ ਕੱਦ ਬੁੱਤ ਨੂੰ ਬੌਣਾ ਕਰਨ ਦੇ ਸਮਾਨ ਹੋਵੇਗਾ। ਇਸ ਦੇਸ਼ ਨੂੰ ਵੱਖ-ਵੱਖ ਮਣਕਿਆਂ ਰਾਹੀਂ ਇਕ ਲੜੀ ਵਿਚ ਤਾਂ ਪਰੋਇਆ ਜਾ ਸਕਦਾ ਹੈ ਪਰ ਇਸ ਦੇ ਵਿਭਿੰਨਤਾ ਵਾਲੇ ਸੱਭਿਆਚਾਰਾਂ ਅਤੇ ਲੋਕਾਂ ਨੂੰ ਇਕੋ ਰੱਸੇ ਵਿਚ ਨੂੜਨ ਦਾ ਯਤਨ ਕਰਨਾ ਬਿਨਾਂ ਸ਼ੱਕ ਇਸ ਨੂੰ ਪਿਛਲੀਆਂ ਸਦੀਆਂ ਵੱਲ ਧੱਕਣ ਦਾ ਯਤਨ ਹੋਵੇਗਾ। ਇਸ ਨਾਲ ਵੱਡੇ ਵਿਵਾਦ ਵੀ ਛਿੜਨਗੇ। ਇਸ ਧਰਤੀ ਦੀ ਆਨ ਅਤੇ ਸ਼ਾਨ ਨੂੰ ਵੀ ਵੱਟਾ ਲੱਗੇਗਾ। ਇਸ ਦੀਆਂ ਪਰੰਪਰਾਵਾਂ 'ਤੇ ਵੀ ਉਂਗਲਾਂ ਉੱਠਣਗੀਆਂ ਅਤੇ ਇਸ ਦੇ ਅਗਲੀਆਂ ਸਦੀਆਂ ਵੱਲ ਉੱਠਦੇ ਕਦਮਾਂ ਨੂੰ ਵੀ ਜ਼ੰਜੀਰਾਂ ਪੈ ਜਾਣਗੀਆਂ। ਇਸ ਲਈ ਇਸ ਨਾਂ-ਪੱਖੀ ਸੋਚ ਪ੍ਰਤੀ ਸੁਚੇਤ ਹੋਣ ਦਾ ਸਾਡਾ ਸਭ ਦਾ ਵੱਡਾ ਫਰਜ਼ ਬਣ ਜਾਂਦਾ ਹੈ।