ਫ਼ਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੇੈ ਜਟੁੁ॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੧੩੭੮ ਉੱਪਰ ਸੁਸ਼ੋਭਤ ਇਹ ਵਾਕ ਅੱਜ ਦੀ ਦੁਰਦਸ਼ਾ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ। ਪਿਛਲੇ ਦੋ ਮਹੀਨੇ ਵਿੱਚ ਇਕੱਠੇ ਕੀਤੇ ਗਏ ਸੈਂਪਲ ਇਹ ਦੱਸਦੇ ਹਨ ਕਿ ਲਗਭਗ ੫੦% ਚੀਜ਼ਾਂ ਹੁਣ ਪੰਜਾਬ ਵਿਚ ਖਾਣ ਯੋਗ ਨਹੀ ਹਨ। ਇਹ ਸਾਰੇ ਸੈਂਪਲ ਉਨ੍ਹਾਂ ਚੀਜ਼ਾਂ ਦੇ ਲਏ ਹਨ ਗਏ ਹਨ ਜੋ ਪੰਜਾਬ ਵਿੱਚ ਬੜੀ ਅਸਾਨੀ ਨਾਲ ਪੈਦਾ ਕੀਤੇ ਜਾ ਸਕਦੇ ਹਨ ਜਿਵੇਂ ਕਿ "ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਹੋਰ ਅਨੇਕਾਂ ਪਦਾਰਥ,ਖਾਣ ਯੋਗ ਤੇਲ ਜੋ ਅਸੀਂ ਨਿਤ ਆਪਣੀ ਰਸੋਈ ਵਿੱਚ ਵਰਤਦੇ ਹਾਂ" ਆਦਿ। ਪੰਜਾਬ ਦੀ "ਫੂਡ ਐਂਡ ਡਰੱਗਸ ਐਡਮਨਿਸਟ੍ਰੇਸ਼ਨ" ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਹੋਰ ਚੀਜ਼ਾਂ(ਜਿਵੇਂ ਕਿ ਪਨੀਰ, ਕਰੀਮ,ਘਿਓ ਆਦਿ) ੫੩.੩%, ਖਾਣਾ ਬਣਾਉਣ ਵੇਲੇ ਵਰਤੇ ਜਾਣ ਵਾਲੇ ਤੇਲ ੪੩.੭%, ਫਲਾਂ ਤੋਂ ਬਣਨ ਵਾਲੇ ਪਦਾਰਥ (ਜਿਵੇਂ ਕਿ ਜੂਸ,ਜੈਮ ਆਦਿ) ੪੦% ਅਤੇ ਨਮਕੀਨ, ਸਨੈਕਸ ਆਦਿ ੧੦੦% ਖਾਣ ਯੋਗ ਨਹੀਂ ਹਨ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਪ ਜ਼ਹਿਰ ਬਣਾਇਆ ਹੈ। ਜ਼ਿਆਦਾ ਪੈਦਾ ਕਰਨ ਦੇ ਚੱਕਰ ਵਿੱਚ ਦੁਕਾਨਦਾਰਾਂ ਨੇ ਮਿਲਾਵਟਾਂ ਕਰਕੇ ਅਤੇ ਕਿਸਾਨਾਂ ਨੇ ਆਪਣੀ ਜ਼ਮੀਨ ਵਿੱਚ ਜ਼ਹਿਰ ਛਿੜਕ-ਛਿੜਕ ਕੇ ਜ਼ਹਿਰ ਪੈਦਾ ਕਰਨਾ ਸ਼ੁਰੂ ਕਰ ਦਿੱਤਾ, ਆਪਣੀਆਂ ਦੇਸੀ ਗਾਵਾਂ,ਮੱਝਾਂ ਦੇ ਅੰਮ੍ਰਿਤ ਰੂਪੀ ਦੁੱਧ ਨੂੰ ਛੱਡ ਕੇ ਜਰਸੀ ਅਤੇ ਐਚਐਫ ਗਾਵਾਂ ਦੇ ਮਗਰ ਪੈ ਕੇ ਆਪ ਹੀ ਆਪਣੇ ਅਤੇ ਆਪਣੇ ਬੱਚਿਆਂ ਦੇ ਗਲਾਸਾਂ ਵਿੱਚ ਜ਼ਹਿਰ ਭਰ ਦਿੱਤਾ।
ਇਹ ਜ਼ਹਿਰ ਪੈਦਾ ਕਰਨ ਦੇ ਪਿੱਛੇ ਸਰਕਾਰਾਂ ਦੀਆਂ ਨੀਤੀਆਂ ਅਤੇ ਸਾਡੇ ਅੰਦਰ ਵੱਸਦਾ ਲਾਲਚ ਬਰਾਬਰ ਦਾ ਭਾਗੀਦਾਰ ਹੈ। ਸਰਕਾਰਾਂ ਦੀਆਂ ਨੀਤੀਆਂ ਬਦਲਣ ਜਾਂ ਨਾ ਬਦਲਣ ਪਰ ਆਪਣੇ ਅੰਦਰ ਵੱਸਦੇ ਲਾਲਚ ਨੂੰ ਅਸੀਂ ਜ਼ਰੂਰ ਖ਼ਤਮ ਕਰ ਸਕਦੇ ਹਾਂ। ਕਿਸਾਨਾਂ ਨੂੰ ਜ਼ਿਆਦਾ ਪੈਦਾ ਕਰਨ ਦੇ ਚੱਕਰ ਵਿੱਚੋਂ ਬਾਹਰ ਨਿਕਲਣਾ ਪਵੇਗਾ, ਜੇਕਰ ਕਿਸਾਨ ਲਾਲਚ ਵਿੱਚੋਂ ਬਾਹਰ ਨਾ ਨਿਕਲਿਆ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਸਾਡੇ ਦੁਆਰਾ ਪੈਦਾ ਕੀਤੇ ਜਾ ਰਹੇ ਜ਼ਹਿਰ ਥੱਲੇ ਦੱਬ ਕੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਮ ਤੋੜ ਦੇਣਗੀਆਂ।
ਕਿਸਾਨ ਨੂੰ ਇਸ ਲਾਲਚ ਵਿੱਚੋਂ ਨਿਕਲਣ ਲਈ ਜੈਵਿਕ ਖੇਤੀ ਅਪਣਾਉਣੀ ਪਵੇਗੀ ਅਤੇ ਕਿਸਾਨ ਨੂੰ ਜੈਵਿਕ ਖੇਤੀ ਅਪਣਾਉਣ ਲਈ ਸਿਰਫ ਗਾਹਕ ਹੀ ਮਜਬੂਰ ਕਰ ਸਕਦਾ ਹੈ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਕਿਸਾਨਾਂ ਦਾ ਬਣਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੀਆਂ ਵਸਤਾਂ ਨੂੰ ਖਰੀਦ ਕੇ ਉਸ ਦਾ ਸਹੀ ਮੁੱਲ ਤਾਰੀਏ ਜੋ ਪਹਿਲਾਂ ਹੀ ਜੈਵਿਕ ਖੇਤੀ ਕਰ ਰਹੇ ਹਨ। ਜਦੋਂ ਅਸੀਂ ਬਾਜ਼ਾਰ ਵਿੱਚ ਜੈਵਿਕ ਵਸਤਾਂ ਦੀ ਮੰਗ ਵਧਾਵਾਂਗੇ ਤਾਂ ਇਹ ਵੱਧ ਤੋਂ ਵੱਧ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰਨਗੀਆਂ। ਜਦ ਤੱਕ ਗਾਹਕ ਆਪਣੇ ਦਿਲ ਅਤੇ ਦਿਮਾਗ ਵਿੱਚ ਜ਼ਹਿਰੀਲੀਆਂ ਸਬਜ਼ੀਆਂ ਅਤੇ ਅਨਾਜ ਨੂੰ ਥਾਂ ਦੇ ਬੈਠਾ ਹੈ ਉਦੋਂ ਤੱਕ ਉਸ ਨੂੰ ਅੰਮ੍ਰਿਤ ਨਹੀਂ ਮਿਲ ਸਕਦਾ ।
ਪਰਮਜੀਤ ਸਿੰਘ ਮੰਡ
(ਪ੍ਰਧਾਨ,"ਸਿੱਖ ਯੂਥ ਆਫ਼ ਪੰਜਾਬ")
(ਪ੍ਰਧਾਨ,"ਸਿੱਖ ਯੂਥ ਆਫ਼ ਪੰਜਾਬ")
No comments:
Post a Comment