ਖ਼ਾਲਸੇ ਬਣ ਜਾਓ, ਖਾਲਿਸਤਾਨ ਆਪੇ ਬਣ ਜਾਊਗਾ !
ਸੋ ਜਿਹੜੇ ਲੋਕ ਕਹਿੰਦੇ ਹਨ ਕਿ ‘ਖਾਲਸੇ’ ਬਣ ਜਾਓ ਤੇ ਖਾਲਿਸਤਾਨ ਆਪੇ ਬਣ ਜਾਊਗਾ, ਉਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਜਿਹੜੇ 27 ਮੁਲਕ ਪੂਰਨ ਆਜ਼ਾਦ ਹਨ, ਜਿਨ੍ਹਾਂ ਵਿਚ ਅਮਰੀਕਾ ਆਉਂਦਾ ਹੈ, ਕੀ ਉਥੇ ਸਾਰੇ ਲੋਕ ਹੀ ਪੂਰਨ ਤੌਰ ‘ਤੇ ਧਾਰਮਿਕ ਹਨ ? ਦੁਨੀਆ ਦੀ 88 ਪ੍ਰਤੀਸ਼ਤ ਵਸੋਂ ਪੂਰਨ ਆਜਾਦੀ ਨਹੀਂ ਮਾਣ ਰਹੀ, ਕੀ ਇਨ੍ਹਾਂ ਨੂੰ ਕਹੀਏ ਕਿ ਪਹਿਲਾਂ ਆਪਣੇ ਆਪਣੇ ਧਰਮ ਵਿਚ ਪਰਪੱਕ ਹੋਵੇ, ਫਿਰ ਆਜ਼ਾਦੀ ਮਿਲੇਗੀ ? 36 ਪ੍ਰਤੀਸ਼ਤ ਵਸੋਂ ਅੱਜ ਵੀ ਡਿਕਟੇਟਰਸ਼ਿਪ ਅਧੀਨ ਰਹਿ ਰਹੀ ਹੈ, ਕੀ ਉਨ੍ਹਾਂ ਨੂੰ ਆਜਾਦੀ ਵੀ ਇਸੇ ਫਾਰਮੂਲੇ ਅਧੀਨ ਮਿਲੇਗੀ? ਇਸੇ ਗੱਲ ਨੂੰ ਉਲਟਾ ਕੇ ਵੀ ਵੇਖਿਆ ਜਾ ਸਕਦਾ ਹੈ। ਭਾਵ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਰਾਜਸੀ ਤੌਰ ‘ਤੇ ਪੂਰਨ ਆਜ਼ਾਦ ਨਹੀ ਹੁੰਦੀ, ਉਨਾ ਚਿਰ ਉਹ ਆਪਣੇ ਧਰਮ ਵਿਚ ਵੀ ਪ੍ਰਪੱਕ ਨਹੀਂ ਹੋ ਸਕਦੀ। ਸਿਰਫ ਰਾਜਸੀ ਆਜ਼ਾਦੀ ਹੀ ਧਾਰਮਿਕ ਆਜ਼ਾਦੀ ਦੀ ਜ਼ਾਮਨ ਬਣ ਸਕਦੀ ਹੈ। ਮੇਰਾ ਇਹ ਭਾਵ ਨਹੀਂ ਕਿ ਮੌਜੂਦਾ ਭਾਰਤੀ ਰਾਜ ਹੇਠ ਸਿੱਖ ਆਪਣੇ ਧਰਮ ਵਿਚ ਪ੍ਰਪੱਕ ਹੋਣ ਦੇ ਯਤਨ ਹੀ ਤਿਆਗ ਦੇਣ। ਮੇਰਾ ਭਾਵ ਇਹ ਹੈ ਕਿ ਧਾਰਮਿਕ ਪ੍ਰਪੱਕਤਾ ਦੀਆਂ ਗੱਲਾਂ ਨੂੰ ਰਾਜਸੀ ਆਜ਼ਾਦੀ ਦੇ ਵਿਰੋਧ ਵਿਚ ਨਹੀਂ ਭੁਗਤਾਉਣਾ ਚਾਹੀਦਾ। ਵੈਸੇ ਸਿੱਖਾਂ ਨੂੰ ਵੱਧ ਤੋਂ ਵੱਧ ਸੰਖਿਆ ਵਿਚ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲੋ ਨਾਲ ਆਪਣੀ ਰਾਜਸੀ ਸੂਝ ਨੂੰ ਵੀ ਪ੍ਰਚੰਡ ਕਰਨਾ ਚਾਹੀਦਾ ਹੈ।
ਜਸਜੀਤ ਸਿੰਘ
ਪੰਜਾਬੀ ਰੇਡੀਓ ਯੂਐਸ਼ਏ ਤੋਂ ਗੁਰਪੁਰਬ ਵੇਲੇ ਨਨਕਾਣਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਆ ਰਿਹਾ ਸੀ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲੱਗ ਅਲੱਗ ਦੇਸ਼ਾਂ ਤੋਂ ਆਏ ਸਿੱਖ ਲੀਡਰਾਂ ਵੱਲੋਂ ਭਾਸ਼ਣ ਦਿੱਤੇ ਜਾ ਰਹੇ ਸਨ। ਉਥੇ ਇਕ ਗੱਲ ਬੜੀ ਸਾਫ਼ ਹੁੰਦੀ ਹੈ ਕਿ ਭਾਰਤ ਤੋਂ ਬਿਨਾਂ ਜਿੰਨੇ ਵੀ ਹੋਰ ਸਿੱਖ ਲੀਡਰ ਆਏ ਹੁੰਦੇ ਹਨ, ਉਹ ਖੁੱਲ੍ਹ ਕੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਨ ਅਤੇ ਭਾਰਤ ਤੋਂ ਆਏ ਸਿੱਖ ਲੀਡਰ ਉਨ੍ਹਾਂ ਦੇ ਉਲਟ ਜਾਂ ਉਨ੍ਹਾਂ ਦੇ ਵਿਚਾਰਾਂ ਨੂੰ ਦਬਾਉਣ ਲਈ ਪੰਜਾਬ ਦੇ ਮੌਜੂਦਾ ਹਾਲਾਤ ਦਾ ਵਾਸਤਾ ਪਾ ਕੇ ਜਾਂ ਧਾਰਮਿਕ ਪੱਖ ਨੂੰ ਰਾਜਸੀ ਪੱਖ ਨਾਲੋਂ ਨਿਖੇੜਕੇ ਲੋਕਾਂ ਦੇ ਧਿਆਨ ਨੂੰ ਅਸਲ ਮੁੱਦੇ ਤੋਂ ਲਾਂਭੇ ਲਿਜਾਣ ਦੇ ਯਤਨ ਵਿਚ ਹੁੰਦੇ ਹਨ। ਇਹ ਗੱਲ ਵੀ ਬੜੀ ਸਾਫ਼ ਹੈ ਕਿ ਭਾਰਤ ਤੋਂ ਆਏ ਸਿੱਖ ਬੁਲਾਰਿਆਂ ਨੂੰ ਪਾਕਿਸਤਾਨ ਆਉਣ ਤੋਂ ਪਹਿਲਾਂ ਸਰਕਾਰ ਅਤੇ ਖੁਫ਼ੀਆ ਏਜੰਸੀਆਂ ਵਲੋਂ ਬਕਾਇਦਾ ਉਨ੍ਹਾਂ ਵਲੋਂ ਦਿੱਤੀ ਜਾਣ ਵਾਲੀ ਸਪੀਚ ਦੇ ਮੁੱਖ ਅੰਸ਼ ਦੱਸੇ ਜਾਂਦੇ ਹਨ। ਪਾਕਿਸਤਾਨ ਸਰਕਾਰ ‘ਤੇ ਇਹ ਜ਼ੋਰ ਪਾਇਆ ਜਾਂਦਾ ਹੈ ਕਿ ਭਾਰਤੀ ਬੁਲਾਰਾ ਸਭ ਤੋਂ ਅਖੀਰ ਵਿਚ ਬੋਲੇ ਤਾਂ ਜੋ ਉਹ ਅਖੀਰ ਵਿਚ ਬਾਕੀ ਬੁਲਾਰਿਆਂ ਦੀਆਂ ਸਪੀਚਾਂ ਦਾ ਪ੍ਰਭਾਵ ਖਾਰਜ ਕਰ ਸਕੇ। ਇਸ ਸਾਲ ਵੀ ਅਮਰੀਕਾ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ ਪ੍ਰਿਤਪਾਲ ਸਿੰਘ ਅਤੇ ਇੰਗਲੈਂਡ ਤੋਂ ਭਾਈ ਮਨਮੋਹਨ ਸਿੰਘ ਹੁਰਾਂ ਦੇ ਬੋਲਣ ਤੋਂ ਬਾਅਦ ਇਕ ਕਾਰਸੇਵਾ ਵਾਲੇ ਬਾਬੇ ਨੇ ਆਪਣਾ ਵਿਖਿਆਨ ਸ਼ੁਰੂ ਕੀਤਾ, ਜਿਸ ਦੇ ਕੁਝ ਅੰਸ਼ ਇਸ ਤਰ੍ਹਾਂ ਹਨ: “ਖ਼ਾਲਸਾ ਜੀ! ਸਿੱਖ ਕੌਮ ਜੇ ਖ਼ਾਲਸਾ ਬਣ ਜਾਵੇ ਤਾਂ ਖਾਲਿਸਤਾਨ ਆਪੇ ਬਣ ਜਾਵੇਗਾ। ਪੰਜਾਬ ਵਿਚ ਨੌਜਵਾਨ ਪੀੜ੍ਹੀ ਖਤਮ ਹੋ ਰਹੀ ਹੈ ਤੇ ਨਸ਼ਿਆਂ ਦੀ ਭਰਮਾਰ ਹੈ। ਖ਼ਾਲਸਾ ਉਹ ਜੋ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਜੇ ਸਾਰੀ ਕੌਮ ਅੰਮ੍ਰਿਤ ਛਕ ਲਵੇ ਤਾਂ ਖਾਲਿਸਤਾਨ ਕੋਈ ਰੋਕ ਨਹੀਂ ਸਕਦਾ”। ਇਸ ਤਰ੍ਹਾਂ ਦੇ ਲੈਕਚਰ ਆਮ ਹੀ ਗੁਰੂ ਘਰਾਂ ਦੀਆਂ ਸਟੇਜਾਂ ਤੋਂ, ਭਾਰਤ ਤੋਂ ਆਏ ਕੀਰਤਨੀ ਜਥੇ ਜਾਂ ਕਥਾਵਾਚਕ ਅਤੇ ਖ਼ਾਸ ਕਰਕੇ ਸਾਧ ਸੰਤ ਕਰਦੇ ਰਹਿੰਦੇ ਹਨ।
ਜੇ ਖਿਆਲ ਨਾਲ ਇਸ ਗੱਲ ਨੂੰ ਦੇਖਿਆ ਜਾਵੇ ਤਾਂ ਅਸਲ ਵਿਚ ਇਹ ਬਿਆਨ ਖਾਲਿਸਤਾਨ ਦੇ ਸੰਘਰਸ਼ ਨੂੰ ਦਬਾਉਣ ਲਈ ਹੈ ਅਤੇ ਸਿੱਧੇ ਤੌਰ ‘ਤੇ ਰਾਜਨੀਤਕ ਹੈ। ਪਰ ਲਗਦਾ ਧਾਰਮਿਕ ਹੈ ਅਤੇ ਆਮ ਲੋਕ ਬੇਧਿਆਨੀ ਨਾਲ ਇਹਨੂੰ ਠੀਕ ਵੀ ਮੰਨਣ ਲੱਗ ਪੈਂਦੇ ਹਨ। ਇਹ ਗੱਲ ਅਮਲੀ ਪੱਧਰ ‘ਤੇ ਮੁਮਕਿਨ ਹੀ ਨਹੀਂ ਕਿ ਸਾਰੀ ਕੌਮ ਕਦੇ ਅੰਮ੍ਰਿਤ ਛਕ ਲਵੇ। ਸੋ ਇਨ੍ਹਾਂ ਸਾਧਾਂ, ਜਾਂ ਧਾਰਮਿਕ ਸ਼ਖਸੀਅਤਾਂ ਦੇ ਫਾਰਮੂਲੇ ਮੁਤਾਬਕ ਤਾਂ ਖਾਲਿਤਸਾਨ ਬਣਨਾ ਹੀ ਨਹੀਂ। ਦਸਵੇਂ ਪਾਤਿਸ਼ਾਹ ਵਲੋਂ ਕੌਮ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਸਮੇਂ ਵੀ ਪੂਰੀ ਕੌਮ ਅੰਮ੍ਰਿਤਧਾਰੀ ਨਹੀਂ ਸੀ ਹੋਈ। ਜੇ ਇਨ੍ਹਾਂ ਸਾਧਾਂ ਜਾਂ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਖ਼ਾਲਸੇ ਬਣ ਜਾਓ, ਤੇ ਖਾਲਿਸਤਾਨ ਆਪੇ ਬਣ ਜਾਊਗਾ, ਤੋਂ ਪੁੱਛਿਆ ਜਾਵੇ ਕਿ ਮੰਨ ਲਓ ਕੌਮ ਸਾਰੀ ਅੰਮ੍ਰਿਤਧਾਰੀ ਹੈ ਤਾਂ ਦੱਸੋ ਹੁਣ ਖਾਲਿਸਤਾਨ ਕਿਵੇਂ ਮਿਲੇਗਾ? ਮੇਰੇ ਖ਼ਿਆਲ ਨਾਲ ਕਿਸੇ ਕੋਲ ਕੋਈ ਜਵਾਬ ਨਹੀਂ ਕਿਉਂਕਿ ਇਨ੍ਹਾਂ ਨੂੰ ਏਨੀ ਸਮਝ ਵੀ ਨਹੀਂ। ਇਹ ਤਾਂ ਭਾਰਤ ਸਰਕਾਰ ਦਾ ਸੁਨੇਹਾ ਹੀ ਦੇ ਰਹੇ ਹਨ, ਬਹੁਤੇ ਬੇਈਮਾਨ ਨਾਲ ਅਤੇ ਕੁਝ ਬੇਸਮਝੀ ਕਾਰਨ।
ਜਿਹੜੇ ਲੋਕ ਇਹ ਸਮਝਦੇ ਹਨ ਕਿ ਸਿੱਖਾਂ ਨੂੰ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਜਾਂ ਬਹੁਤੇ ਇਹ ਮੰਨੀ ਬੈਠੇ ਹਨ ਕਿ ਭਾਰਤੀ ਰਾਜ ਬੇਹੱਦ ਸ਼ਕਤੀਸ਼ਾਲੀ ਹੈ, ਇਸ ਲਈ ਖਾਲਿਸਤਾਨ ਸੰਭਵ ਨਹੀਂ, ਉਨ੍ਹਾਂ ਲਈ ਮੈਂ ਕੁਝ ਤੱਥ ਦੇਣੇ ਜ਼ਰੂਰੀ ਸਮਝਦਾ ਹਾਂ।
Economists Intelligence Unit ਅਤੇ Freedom House ਦੇ ਸਰਵੇ ਮੁਤਾਬਕ ਦੁਨੀਆ ਦੇ ਤਕਰੀਬਨ 200 ਮੁਲਕਾਂ ਵਿਚੋਂ 26 ਦੇਸ਼ਾਂ ਨੂੰ ਪੂਰਨ ਤੌਰ ‘ਤੇ ਅਜ਼ਾਦ (Full Democracy) ਮੰਨਿਆ ਗਿਆ ਹੈ, 53 ਦੇਸ਼ਾਂ ਵਿਚ ਅਪੂਰਨ, ਭਾਵ ਲੰਗੜੀ ਅਜ਼ਾਦੀ (Flawed Democracy), ਦੀ ਹਕੀਕਤ ਤਸਲੀਮ ਕੀਤੀ ਗਈ ਹੈ, 33 ਰਾਜਾਂ ਨੂੰ ਬੇਰੜੀ ਨਸਲ ਦੇ ਰਾਜ (Hybrid Regime) ਕਿਹਾ ਗਿਆ ਹੈ, ਅਤੇ 55 ਮੁਲਕ ਅੱਜ ਵੀ ਡਿਕਟੇਟਰਸ਼ਿਪ ਜਾਂ ਰਾਜਾਸ਼ਾਹੀ ਦੇ ਅਧੀਨ ਗਰਦਾਨੇ ਗਏ ਹਨ, ਜਿਹਨਾਂ ਵਿੱਚ ਦਿਖਾਵੇ ਮਾਤਰ ਵੀ ਲੋਕਤੰਤਰ ਨਹੀ। ਇਨ੍ਹਾਂ ਤੋਂ ਬਿਨਾਂ ਕਈ ਕੌਮਾਂ, ਸਮੇਤ ਸਿੱਖਾਂ ਦੇ, ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਹਨ।
ਦੁਨੀਆ ਦੀ ਸਿਰਫ਼ 12 ਪ੍ਰਤੀਸ਼ਤ ਵਸੋਂ ਹੀ ਪੂਰਨ ਆਜ਼ਾਦੀ ਮਾਣ ਰਹੀ ਹੈ। ਇਨ੍ਹਾਂ 26 ਮੁਲਕਾਂ ਵਿਚ ਅਮਰੀਕਾ, ਇੰਗਲੈਂਡ, ਜਰਮਨੀ ਵਗੈਰਾ ਆਉਂਦੇ ਹਨ। 37 ਪ੍ਰਤੀਸ਼ਤ ਵਸੋਂ ਜੋ 57 ਮੁਲਕਾਂ ਵਿਚ ਰਹਿ ਰਹੀ ਹੈ, ਉਥੇ ਲੰਗੜੀ ਆਜ਼ਾਦੀ ਹੈ। ਜਿਸ ਵਿਚ ਭਾਰਤ, ਇਟਲੀ ਵਰਗੇ ਮੁਲਕ ਆਉਂਦੇ ਹਨ। ਇਹ ਆਜ਼ਾਦੀ ਪੂਰਨ ਇਸ ਲਈ ਨਹੀਂ ਕਿਉਂਕਿ ਉਥੇ ਵੋਟਾਂ ਦੀ ਆਜਾਦੀ ਤਾਂ ਪੂਰੀ ਹੈ ਪਰ ਰਾਜਨੀਤਕ ਵਾਤਾਵਰਣ, ਸੱਭਿਆਚਾਰ, ਧਾਰਮਿਕ ਤੇ ਸਮਾਜਿਕ ਆਜ਼ਾਦੀ ਉੱਤੇ ਬਹੁਮਤ ਨੇ ਕਬਜ਼ਾ ਕੀਤਾ ਹੋਇਆ ਹੈ। ਇਹਨਾਂ ਮੁਲਕਾਂ ਵਿਚ ਘੱਟ ਗਿਣਤੀਆਂ ਦੇ ਹੱਕ ਕੁਚਲੇ ਜਾਂਦੇ ਹਨ ਤੇ ਉਹ ਸੁਰੱਖਿਅਤ ਵੀ ਨਹੀਂ। ਇਹ ਦੇਸ਼ ਮੁਲਕ ਦੇ ਅੰਦਰੂਨੀ ਹਾਲਾਤਾਂ ਨੂੰ ਬਦਲਣਾ ਨਹੀਂ ਚਾਹੁੰਦੇ ਤੇ ਪੂਰਨ ਆਜ਼ਾਦੀ ਵੱਲ ਦੇਸ਼ ਨੂੰ ਨਹੀਂ ਲੈ ਕੇ ਜਾ ਰਹੇ ਕਿਉਂਕਿ ਬਹੁਗਿਣਤੀ ਨੂੰ ਉਹ ਮਨਜ਼ੂਰ ਨਹੀਂ। ਭਾਰਤ ਇਸ ‘ਕਾਲੀ ਸੂਚੀ’ ਵਿਚ ਹੀ ਆਉਂਦਾ ਹੈ। Freedom House ਮੁਤਾਬਕ ਇਹ ਦੇਸ਼ ਦੁਨੀਆ ਨੂੰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਉਥੇ ਪੂਰਨ ਆਜਾਦੀ ਹੈ ਪਰ ਸਚਾਈ ਇਹ ਹੈ ਕਿ ਉਥੇ ਵੋਟ ਪਾਉਣ ਦੀ ਰਸਮੀ ਆਜ਼ਾਦੀ ਹੈ ਪਰ ਬਾਕੀ ਸਾਰਾ ਢਾਂਚਾ ਆਜ਼ਾਦ ਨਹੀਂ। ਭਾਰਤ ਦੀ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ ਕਿ ਜਿਵੇਂ ਲੋਕਾਂ ਦੇ ਪ੍ਰਤੀਨਿਧ (ਐਮਪੀ) ਬਣਨ ਲਈ ਉਸ ਨੂੰ ਉਸ ਇਲਾਕੇ ਵਿਚ ਰਹਿਣਾ ਵੀ ਜ਼ਰੂਰੀ ਨਹੀਂ, ਇਥੋਂ ਤੱਕ ਲੋਕਾਂ ਵੱਲੋਂ ਚੁਣਿਆ ਜਾਣਾ ਵੀ ਜ਼ਰੂਰੀ ਨਹੀਂ, ਲੋਕਾਂ ਦੇ ਧਾਰਮਿਕ ਹੱਕ ਸਰਕਾਰ ਅਧੀਨ ਹਨ, ਉਨ੍ਹਾਂ ਨੂੰ ਆਪਣੇ ਅਨੁਸਾਰ ਰਹਿਣ ਦੀ ਆਜ਼ਾਦੀ ਨਹੀਂ, ਸਮਾਜਿਕ ਤੌਰ ‘ਤੇ ਜਮਾਤੀ ਵੰਡਾਂ-ਵਖਰੇਵੇਂ ਹਨ, ਜਿਵੇਂ ਦਲਿਤ ਆਦਿ । ਦੁਨੀਆ ਦੇ 53 ਅਜਿਹੇ ਮੁਲਕਾਂ ਵਿਚ ਵਸੋਂ ਅਜਿਹੀ ਕਿਸਮ ਦੀ ਆਜ਼ਾਦੀ ਅਧੀਨ ਹੈ ਜੋ ਕਿ ਪੂਰਨ ਆਜ਼ਾਦੀ ਵੱਲ ਸੰਘਰਸ਼ ਕਰ ਰਹੀ ਹੈ ਅਤੇ ਸਿੱਖ ਇਸੇ ਕੈਟੇਗਰੀ ਵਿੱਚ ਆਉਂਦੇ ਹਨ।
33 ਅਜਿਹੇ ਮੁਲਕ ਹਨ ਜਿਥੇ ਕੋਈ ਪੱਕਾ ਰਾਜ ਪ੍ਰਬੰਧ ਸਥਾਪਤ ਨਹੀਂ ਹੋ ਸਕਿਆ, ਜਿਹਨ੍ਹਾਂ ਵਿਚ ਪਾਕਿਸਤਾਨ ਤੇ ਰੂਸ ਆਉਂਦੇ ਹਨ। ਹਾਲੇ ਵੀ 55 ਅਜਿਹੇ ਮੁਲਕ ਹਨ ਜਿਹੜੇ ਇਕ ਪੁਰਖੀ ਢਾਂਚੇ ਦੇ ਅਧੀਨ ਚੱਲ ਰਹੇ ਹਨ। ਜਿਥੇ ਲੋਕਤੰਤਰ ਨਹੀਂ, ਮਤਲਬ ਵੋਟਾਂ ਪਾ ਕੇ ਰਾਜ ਭਾਗ ਬਦਲੇ ਨਹੀਂ ਜਾ ਸਕਦੇ, ਜਿਨ੍ਹਾਂ ਵਿਚ ਚੀਨ, ਇਰਾਨ ਤੇ ਵੀਅਤਨਾਮ ਵਰਗੇ ਦੇਸ਼ ਆਉਂਦੇ ਹਨ। ਦੁਨੀਆ ਵਿੱਚ ਲਗਾਤਾਰ ਆਜ਼ਾਦੀ ਦੇ ਸੰਘਰਸ਼ ਚੱਲ ਰਹੇ ਹਨ ਜੋ ਅਲੱਗ ਅਲੱਗ ਪੜਾਵਾਂ ਵਿੱਚੋਂ ਲੰਘ ਰਹੇ ਹਨ। ਸੋ ਸਿੱਖਾਂ ਨੂੰ ਦੁਨੀਆਂ ਵਿੱਚ ਚੱਲ ਰਹੀਆਂ ਲਹਿਰਾਂ ਵਾਂਗ ਆਪਣਾ ਸੰਘਰਸ਼ ਜਾਰੀ ਰਖਣਾ ਚਾਹੀਦਾ ਹੈ ਤਾਂ ਜੋ ਕੌਮ ਕਿਤੇ ਮੁੜ ਕੇ ਫਿਰ ਮੌਕਾ ਨਾਂ ਖੁਝਾਂ ਲਏ।
ਸੋ ਜਿਹੜੇ ਲੋਕ ਕਹਿੰਦੇ ਹਨ ਕਿ ‘ਖਾਲਸੇ’ ਬਣ ਜਾਓ ਤੇ ਖਾਲਿਸਤਾਨ ਆਪੇ ਬਣ ਜਾਊਗਾ, ਉਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਜਿਹੜੇ 27 ਮੁਲਕ ਪੂਰਨ ਆਜ਼ਾਦ ਹਨ, ਜਿਨ੍ਹਾਂ ਵਿਚ ਅਮਰੀਕਾ ਆਉਂਦਾ ਹੈ, ਕੀ ਉਥੇ ਸਾਰੇ ਲੋਕ ਹੀ ਪੂਰਨ ਤੌਰ ‘ਤੇ ਧਾਰਮਿਕ ਹਨ ? ਦੁਨੀਆ ਦੀ 88 ਪ੍ਰਤੀਸ਼ਤ ਵਸੋਂ ਪੂਰਨ ਆਜਾਦੀ ਨਹੀਂ ਮਾਣ ਰਹੀ, ਕੀ ਇਨ੍ਹਾਂ ਨੂੰ ਕਹੀਏ ਕਿ ਪਹਿਲਾਂ ਆਪਣੇ ਆਪਣੇ ਧਰਮ ਵਿਚ ਪਰਪੱਕ ਹੋਵੇ, ਫਿਰ ਆਜ਼ਾਦੀ ਮਿਲੇਗੀ ? 36 ਪ੍ਰਤੀਸ਼ਤ ਵਸੋਂ ਅੱਜ ਵੀ ਡਿਕਟੇਟਰਸ਼ਿਪ ਅਧੀਨ ਰਹਿ ਰਹੀ ਹੈ, ਕੀ ਉਨ੍ਹਾਂ ਨੂੰ ਆਜਾਦੀ ਵੀ ਇਸੇ ਫਾਰਮੂਲੇ ਅਧੀਨ ਮਿਲੇਗੀ? ੀeਸੇ ਗੱਲ ਨੂੰ ਉਲਟਾ ਕੇ ਵੀ ਵੇਖਿਆ ਜਾ ਸਕਦਾ ਹੈ। ਭਾਵ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਰਾਜਸੀ ਤੌਰ ‘ਤੇ ਪੂਰਨ ਆਜ਼ਾਦ ਨਹੀ ਹੁੰਦੀ, ਉਨਾ ਚਿਰ ਉਹ ਆਪਣੇ ਧਰਮ ਵਿਚ ਵੀ ਪ੍ਰਪੱਕ ਨਹੀਂ ਹੋ ਸਕਦੀ। ਸਿਰਫ ਰਾਜਸੀ ਆਜ਼ਾਦੀ ਹੀ ਧਾਰਮਿਕ ਆਜ਼ਾਦੀ ਦੀ ਜ਼ਾਮਨ ਬਣ ਸਕਦੀ ਹੈ। ਮੇਰਾ ਇਹ ਭਾਵ ਨਹੀਂ ਕਿ ਮੌਜੂਦਾ ਭਾਰਤੀ ਰਾਜ ਹੇਠ ਸਿੱਖ ਆਪਣੇ ਧਰਮ ਵਿਚ ਪ੍ਰਪੱਕ ਹੋਣ ਦੇ ਯਤਨ ਹੀ ਤਿਆਗ ਦੇਣ। ਮੇਰਾ ਭਾਵ ਇਹ ਹੈ ਕਿ ਧਾਰਮਿਕ ਪ੍ਰਪੱਕਤਾ ਦੀਆਂ ਗੱਲਾਂ ਨੂੰ ਰਾਜਸੀ ਆਜ਼ਾਦੀ ਦੇ ਵਿਰੋਧ ਵਿਚ ਨਹੀਂ ਭੁਗਤਾਉਣਾ ਚਾਹੀਦਾ। ਵੈਸੇ ਸਿੱਖਾਂ ਨੂੰ ਵੱਧ ਤੋਂ ਵੱਧ ਸੰਖਿਆ ਵਿਚ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲੋ ਨਾਲ ਆਪਣੀ ਰਾਜਸੀ ਸੂਝ ਨੂੰ ਵੀ ਪ੍ਰਚੰਡ ਕਰਨਾ ਚਾਹੀਦਾ ਹੈ।
ਦੂਜੀ ਗੱਲ ਜਿਹੜੀ ਲੋਕਾਂ ਦਾ ਧਿਆਨ ਖਿੱਚਦੀ ਹੈ ਕਿ ਪੰਜਾਬ ਵਿਚ ਪੱਗ ਵਾਲਾ ਕੋਈ ਦਿਸਦਾ ਨਹੀਂ, ਨਸ਼ੇਖੋਰੀ ਬਹੁਤ ਵਧ ਗਈ ਹੈ, ਇਸ ਕਰਕੇ ਪਹਿਲਾਂ ਪੰਜਾਬ ਵਿਚੋਂ ਨਸ਼ੇ ਕੱਢੋ ਤੇ ਫੇਰ ਖਾਲਿਸਤਾਨ ਦੀ ਗੱਲ ਕਰੋ। ਅਖੇ ਜੇਕਰ ਨੌਜਵਾਨ ਪੀੜੀ੍ਹ ਹੀ ਨਾ ਬਚੀ ਤਾਂ ਖਾਲਿਸਤਾਨ ਕਿੱਥੇ ਬਨਾਉਗੇ? ਇਹ ਲੋਕ ਹਰ ਗੱਲ ਜਾਣ ਬੁੱਝ ਕੇ ਖਾਲਿਸਤਾਨ ਨਾਲ ਜੋੜਦੇ ਹਨ। ਜਿਹਨਾਂ ਦੀ ਗੱਲ ਆਪਾਂ ਆਰਟੀਕਲ ਦੇ ਸ਼ੁਰੂ ਵਿੱਚ ਕੀਤੀ ਸੀ ਉਹ ਭਾਈ ਸਾਹਿਬ ਸਪੀਚ ਵਿਚ ਕਹਿ ਰਹੇ ਸਨ ਕਿ ਜਿੰਨੀ ਪੰਜਾਬ ਵਿਚ ਸ਼ਰਾਬ ਵਿਕਦੀ ਹੈ, ਉਨੀ ਬਾਕੀ ਸਾਰੇ ਦੇਸ਼ ਵਿਚ ਵੀ ਨਹੀਂ ਵਿਕਦੀ। ਕਾਰਸੇਵਾ ਵਾਲੇ ਬਾਬੇ ਦੀ ਇਹ ਗੱਲ ਰੇਡੀਓ ਉੱਤੇ ਸਾਰੀ ਦੁਨੀਆ ਨੇ ਸੁਣੀ। ਸੁਣੀ ਸੁਣਾਈ ਗੱਲ ਹੀ ਲੋਕ ਪ੍ਰਚਾਰਨਾ ਸ਼ੁਰੂ ਕਰ ਦਿੰਦੇ ਹਨ। ਇਹ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿੰਨੇ ਦਾਅਵੇ ਨਾਲ ਝੂਠ ਬੋਲ ਰਿਹਾ ਹੈ। ਅਸਲ ਗੱਲ ਇਹ ਹੈ ਕਿ ਕੇਰਲਾ ਸ਼ਰਾਬ ਦੀ ਖਪਤ ਵਿਚ ਪੰਜਾਬ ਤੋਂ ਵੀ ਅੱਗੇ ਹੈ। ਉਥੇ 16 ਪ੍ਰਤੀਸ਼ਤ ਅਤੇ ਪੰਜਾਬ ਵਿਚ 14 ਪ੍ਰਤੀਸ਼ਤ ਭਾਰਤ ਦੀ ਖਪਤ ਦੇ ਮੁਕਾਬਲੇ ਖਪਤ ਹੈ। ਪਰ ਸਾਡੇ ਬੁਲਾਰੇ ਇਸ ਨੂੰ ਸਿੱਧਾ ਹੀ 50 ਪ੍ਰਤੀਸ਼ਤ ਤੋਂ ਵਧਾ ਦਿੰਦੇ ਹਨ। ਹਰਿਆਣਾ, ਆਂਧਰਾ ਪ੍ਰਦੇਸ਼, ਹਿਮਾਚਲ, ਕਰਨਾਟਕਾ, ਰਾਜਸਥਾਨ ਅਤੇ ਤਾਮਿਲਨਾਡੂ 40 ਪ੍ਰਤੀਸ਼ਤ ਖਪਤ ਕਰਦੇ ਹਨ ਤੇ ਬਾਕੀ ਭਾਰਤ 30 ਪ੍ਰਤੀਸ਼ਤ।
ਪੰਜਾਬ ਤੋਂ ਆਏ ਰਾਜਨੀਤਕ ਬੁਲਾਰਿਆਂ (ਖ਼ਾਸਕਰ ਅਕਾਲੀ) ਤੋਂ ਇਹ ਗੱਲ ਸੁਣ ਕੇ ਹੈਰਾਨੀ ਹੁੰਦੀ ਹੈ ਕਿਉਂਕਿ ਭਾਰਤੀ ਸੰਵਿਧਾਨ ਦੀ ਧਾਰਾ 47 ਮੁਤਾਬਕ ਕੋਈ ਵੀ ਰਾਜ ਆਪਣੀ ਸਟੇਟ ਵਿਚ ਨਸ਼ਿਆਂ ‘ਤੇ ਪਾਬੰਦੀ ਲਾ ਸਕਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਗੁਜਰਾਤ ਵਿਚ ਸ਼ਰਾਬ ਨਹੀਂ ਵਿਕਦੀ ਤਾਂ ਇਹ ਭਾਰਤ ਸਰਕਾਰ ਨੂੰ ਕਹਿਣ ਜਾਂ ਦੋਸ਼ ਦੇਣ ਦੀ ਬਜਾਏ, ਇਹ ਮੇਹਣਾ ਪੰਜਾਬ ਦੀ ਬਾਦਲ ਸਰਕਾਰ ਨੂੰ ਦੇਣਾ ਚਾਹੀਦਾ ਹੈ। ਜੇ ਪੰਜਾਬ ਸਰਕਾਰ ਠੇਕਿਆਂ ‘ਤੇ ਪਾਬੰਦੀ ਲਾਉਂਦੀ ਹੈ ਤਾਂ ਭਾਰਤ ਸਰਕਾਰ ਕੋਲ ਅਜਿਹੀ ਕੋਈ ਧਾਰਾ ਨਹੀਂ ਜਿਸ ਅਧੀਨ ਪੰਜਾਬ ਵਿਚ ਠੇਕੇ ਜਬਰੀ ਖੋਲ੍ਹੇ ਜਾ ਸਕਣ।
ਸਾਨੂੰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਸਿੱਖ ਧਰਮ ਤੇ ਰਾਜਨੀਤੀ ਦਾ ਸੁਮੇਲ ਜ਼ਰੂਰ ਹੈ ਪਰ ਇਹ ਨਹੀਂ ਕਿ ਪੂਰਨ ਧਾਰਮਿਕ ਹੋ ਕੇ ਹੀ ਅਜ਼ਾਦੀ ਪ੍ਰਾਪਤ ਹੋਵੇਗੀ। ਦੁਨੀਆ ਦੇ 13 ਮੁਲਕ 2008 ਤੋਂ ਬਾਅਦ ਆਜਾਦ ਹੋਏ ਹਨ, ਜਿਨ੍ਹਾਂ ਵਿਚ ਕੌਮਾਂ ਨੂੰ ਆਜ਼ਾਦੀ ਮਿਲਣ ਦੇ ਕੋਈ ਆਸਾਰ ਵੀ ਨਹੀਂ ਸਨ। ਇਹਨਾਂ ਮੁਲਕਾਂ ਵਿੱਚ ਆਜ਼ਾਦੀ ਮੰਗਣ ਵਾਲੇ ਸ਼ਰੇਆਮ ਕਤਲ ਕਰ ਦਿੱਤੇ ਜਾਂਦੇ ਸਨ। ਦੱਖਣ ਪੂਰਬੀ ਏਸ਼ੀਆ ਦੇ ਮੁਲਕਾਂ ਵਿਚ ਅੰਦਰੂਨੀ ਉਥਲ ਪੁਥਲ ਹੋ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੀ ਦੁਸ਼ਮਣੀ ਤੇ ਦੁਨੀਆਂ ਦੀਆਂ ਅੱਖਾਂ ਟਿਕੀਆਂ ਹਨ। ਦੁਨੀਆ ਸ਼ਾਂਤੀ ਦੇ ਰਾਹ ਤੁਰੀ ਹੈ ਤੇ ਪੱਕੀ ਸ਼ਾਂਤੀ ਸਥਾਪਤ ਕਰਨ ਲਈ ਪਾਕਿਸਤਾਨ ਤੇ ਭਾਰਤ ਦੀਆਂ ਹੱਦਾਂ ਦੂਰ ਕਰਨੀਆਂ ਪੈਣਗੀਆਂ। ਇਸਦਾ ਪੱਕਾ ਹੱਲ ਸਿੱਖ ਰਾਜ (ਬਫਰ ਸਟੇਟ) ਹੀ ਹੈ। ਬਫ਼ਰ ਸਟੇਟ ਦਾ ਸੰਕਲਪ ਕੋਈ ਨਵੀਂ ਗੱਲ ਨਹੀਂ, ਦੁਨੀਆ ਦੇ 15 ਮੁਲਕ ਇਸ ਤਰ੍ਹਾਂ ਹੀ ਬਣੇ ਸਨ, ਤਾਂ ਜੋ ਪੱਕੇ ਦੁਸ਼ਮਣਾਂ ਨੂੰ ਇਕ ਦੂਸਰੇ ਦੀਆਂ ਹੱਦਾਂ ਤੋਂ ਨਿਖੇੜਿਆ ਜਾਵੇ। ਜਿਵੇਂ ਮੰਗੋਲੀਆ (ਚੀਨ ਤੇ ਰੂਸ), ਪੋਲੈਂਡ (ਜਰਮਨੀ ਤੇ ਰੂਸ), ਪੈਰੂਗੂਏ (ਅਰਜਨਟਾਈਨਾ ਅਤੇ ਬਰਾਜ਼ੀਲ) ਸਾਰੇ ਅਜਿਹੇ ਹੀ ਮੁਲਕ ਹਨ। ਸਿੱਖਾਂ ਨੂੰ ਆਉਣ ਵਾਲੇ ਸਮੇ ਵਿੱਚ ਮੁਲਕਾਂ ਦੌਰਾਨ ਹੋਣ ਵਾਲੇ ਸਮਝੌਤਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਸਿੱਖਾਂ ਨੂੰ ਆਜਾਦੀ ਦੇਣਾ ਦੁਨੀਆ ਦੀ ਮਜ਼ਬੂਰੀ ਬਣੇਗੀ ਪਰ ਸਿੱਖ ਉਸ ਲਈ ਹਲੇ ਤਿਆਰ ਨਹੀਂ ਲਗਦੇ। ਸਿੱਖ ਆਪ ਹੀ ਇਸ ਦੇ ਵਿਰੋਧੀ ਹੋਏ ਪਏ ਹਨ, ਕੁਝ ਬੇਅਕਲੀ ਕਰਕੇ ਅਤੇ ਕੁਝ ਭਾਰਤੀ ਪ੍ਰਭਾਵ ਕਰਕੇ। ਅਕਾਲ ਪੁਰਖ ਅਜਿਹੇ ਸਿੱਖਾਂ ਨੂੰ ਸੁਮੱਤ ਬਖ਼ਸ਼ੇ!
