Sunday, 13 October 2019

ਸਿੱਖ ਤੇ ਕਾਮਰੇਡ


ਸਿੱਖ ਤੇ ਕਾਮਰੇਡ 

ਨੂੰਹ ਨੇ ਸੁਣ ਲਿਆ ਕਿ ਸਹੁਰਾ ਸਾਬ ਸੱਸ ਨੂੰ ਫੁਰਮਾ ਰਹੇ ਨੇ, "ਐਂਵੇ ਮੂੰਹ ਸਿਰ ਲਪੇਟੀ ਫਿਰਦੀ ਐ, ਪੁਰਾਣੇ ਰਿਵਾਜ਼! ਅਗਾਂਹਵਧੂ ਪਰਿਵਾਰ ਚ ਵਿਆਹੀ ਗਈ ਐ,ਕੁਝ ਸੋਚ-ਵਿਚਾਰ ਕਰੇ"। ਨੂੰਹ ਰਾਣੀ ਨੇ ਅਗਲੇ ਦਿਨ ਘੁੰਡ ਚੱਕਤਾ ਸਹੁਰਾ ਸਾਬ੍ਹ ਫਿਰ ਸ਼ੁਰੂ, "ਲੈ ਦੱਸ ਇਹਨੂੰ ਸਿਰ ਨਹੀ ਢੱਕਣਾ ਆਂਉਂਦਾ, ਕੀ ਬਣੀ ਫਿਰਦੀ ਐ" ਨੂੰਹ ਨੇ ਅਗਲੇ ਦਿਨ ਫੇਰ ਘੁੰਡ ਕੱਢ ਲਿਆ। 
ਸਹੁਰਾ ਸਾਬ੍ਹ ਦਾ ਪੁਰਾਣਾ ਰਕਾਟ, "ਐਂਵੇਂ ਮੂੰਹ ਸਿਰ ਜਿਹਾ ਲਪੇਟੀ ਫਿਰਦੀ ਐ..." ਨੂੰਹ ਰਾਣੀ ਨੇ ਅਗਲੇ ਦਿਨ ਫੇਰ ਘੁੰਡ ਕੱਢ ਲਿਆ, ਫੇਰ ਉਹੀ ਰਕਾਟ "ਲੈ ਦੱਸ ਇਹਨੂੰ ਸਿਰ ਨਹੀ ਢੱਕਣਾ ਆਂਉਂਦਾ" ਉਹ ਬੜੀ ਹੈਰਾਨ-ਪਰੇਸ਼ਾਨ,ਬਈ ਪੜ੍ਹੀ-ਲਿਖੀ ਆਂ, ਕਾਲਜ ਵਿਚ ਲੈਕਚਰਾਰ ਆਂ। ਲੋਕ ਲਿਆਕਤ ਦੀਆਂ ਸਿਫਤਾਂ ਕਰਦੇ ਨੇ। ਇਹੇ ਬਜੁਰਗ ਪੈਰ ਈ ਨਹੀ ਲੱਗਣ ਦਿੰਦਾ। ਉਹ ਬੜੀ ਹੈਰਾਨ ਕਿ ਬੈਂਕ ਚ ਕੈਸ਼ੀਅਰ ਉਹਦੇ ਘਰ ਵਾਲੇ ਨਾਲੋਂ ਬਾਪੂ ਜੀ ਦਾ ਸੁਭਾਅ ਕਿੰਨਾ ਵੱਖਰਾ ਹੈ। 
ਆਖਿਰ ਸੋਚ-ਸੋਚਕੇ ਉਹਨੇ ਸੱਸ ਸਾਹਿਬਾ ਨਾਲ ਮਸਲਾ ਵਿਚਾਰਿਆ ਕਿ "ਮਾਤਾ ਜੀ, ਮੈਨੂੰ ਸਿਰ ਢਕਣਾ ਚਾਹੀਦਾ ਹੈ ਕਿ ਨਹੀ? ਘੁੰਡ ਕੱਢਣਾ ਚਾਹੀਦਾ ਹੈ ਕਿ ਨਹੀ?" ਨੂੰਹ ਰਾਣੀ ਸਪਸ਼ਟ ਗੱਲ ਪੁੱਛਣ ਨੂੰ ਫਿਰੇ ਕਿ ਮੈਨੂੰ ਨਾ ਘੁੰਡ ਕੱਢਣ ਵਿਚ ਤਕਲੀਫ ਹੈ ਤੇ ਨਾ ਹੀ ਸਿਰ ਨੰਗਾ ਰੱਖਣ ਵਿਚ, ਬੱਸ ਤੁਸੀ ਦੱਸ ਦੇਵੋ ਕਿ ਬਾਪੂ ਜੀ ਕਿਵੇਂ ਖੁਸ਼ ਹੋਣਗੇ।
ਸੱਸ ਕਹਿੰਦੀ, "ਪੁੱਤ! ਤੂੰ ਮਹੀਨੇ ਵਿਚ ਈ ਸਭ ਕੁਝ ਸਿਖਣ ਨੂੰ ਫਿਰਦੀ ਏਂ, ਮੈਨੂੰ ਤੀਹ-ਪੈਂਤੀ ਸਾਲ ਹੋਗੇ,ਅਜੇ ਤਾਂ ਮੈਨੂੰ ਸਮਝ ਨਹੀ ਆਈ ਕਿ ਇਹ ਬੰਦਾ ਖੁਸ਼ ਕਿਹੜੀ ਗੱਲ ਤੋਂ ਕਿਵੇਂ ਹੋਊ। ਜਿੱਦਣ ਦਾਲ ਧਰ ਦਈਏ ਕਹਿੰਦਾ, ਸਬਜ਼ੀ ਬਣਾਇਆ ਕਰੋ, ਸਬਜ਼ੀ ਫਾਇਦੇਮੰਦ ਆ। ਜਿੱਦਣ ਸਬਜ਼ੀ ਬਣਾ ਲੈਂਦੇ ਆ, ਕਹਿੰਦਾ ਦਾਲ ਨਹੀ ਬਣਾਈ! ਮਤਲਬ ਇਹਨੇ ਸਾਹਮਣੀ ਗੱਲ ਦੇ ਉਲਟ ਈ ਬੋਲਣਾ ਤੇ ਉਲਟ ਈ ਚੱਲਣਾ। ਜੇ ਪਾਣੀ ਦਾ ਗਲਾਸ ਦਿਓਂਗੇ ਤਾਂ ਚਾਹ ਮੰਗੂ, ਜੇ ਚਾਹ ਲੈਕੇ ਗਏ ਤਾਂ ਕਹੂਗਾ, ਪਾਣੀ ਲਿਆਓ। ਮਤਲਬ ਹਰ ਵੇਲੇ ਉਲਟ ਚੱਲਣਾ। ਹੁਣ ਮੈਂ ਤੈਨੂੰ ਧੀਏ ਕਿਵੇਂ ਕਹਿ ਦਿਆਂ ਬਈ ਘੁੰਡ ਕੱਢ ਕਿ ਸਿਰ ਨੰਗਾ ਰੱਖ" 
ਨੂੰਹ ਰਾਣੀ ਬੜੀ ਹੈਰਾਨ ਹੋਈ ਕਿ ਇਹ ਕੀ ਮਨੁਖੀ ਪ੍ਰਵਿਰਤੀ ਹੋਈ, ਮਨੋਵਿਗਿਆਨ ਦੀ ਕਿਹੜਾ 'ਡਿਸਆਰਡਰ "ਹੋਇਆ? ਸੋਚ-ਸੋਚਕੇ ਬੜੇ ਧੀਰਜ ਤੇ ਠਰੰਮ੍ਹੇ ਨਾਲ ਨੂੰਹ ਬੋਲੀ, "ਬੀਬੀ! ਮੈਂ ਇਥੇ ਤੁਹਾਡੇ ਵਾਂਗ ਉਮਰ ਨਹੀ ਕੱਟ ਸਕਦੀ। ਮੈਨੂੰ ਮਾਂ ਬਣਕੇ ਦੱਸ ਕਿ ਬਾਪੂ ਜੀ ਇਉਂ ਕਿਉਂ ਕਰਦੇ ਨੇ?" ਤਾਂ ਬੇਬੇ ਨੇ ਇਕੋ ਗੱਲ ਚ ਸਾਰੀ ਰਾਮਾਇਣ ਮੁਕਾਤੀ, "ਚੜ੍ਹਦੀ ਜਵਾਨੀ ਚ ਈ ਕਾਮਰੇਟਾਂ ਨਾਲ ਰਲ ਗਿਆ ਸੀ ਤੇ ਸਾਰੀ ਉਮਰ ਉਨਾਂ ਚ ਈ ਕੱਟੀ ਐ"।
ਨੂੰਹ ਰਾਣੀ ਨੇ 'ਬਿਮਾਰੀ ' ਬੁਝ ਲਈ ਤੇ 'ਇਲਾਜ' ਵੀ ਸੋਚ ਲਿਆ। ਆਂਉਂਦੇ ਐਤਵਾਰ ਨੂੰ ਪਤੀਦੇਵ ਦੇ ਨਾਲ ਨੂੰਹ ਰਾਣੀ ਕੇਸਕੀ ਸਜਾਕੇ ਅੰਮ੍ਰਿਤਧਾਰੀ ਹੋਕੇ ਜਦ ਘਰ ਆਈ ਤਾਂ ਬੇਬੇ-ਬਾਪੂ ਨੂੰ ਗੱਜਕੇ ਫਤਿਹ ਬੁਲਾਈ, 
"ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ" 
ਸਹੁਰਾ ਸਾਬ੍ਹ ਮੰਜੇ ਤੇ ਬੈਠੇ ਈ ਲੱਗ ਪਏ, "ਆਹ ਤਾਂ,ਆਹ ਤਾਂ ਬਈ,,,,(ਜਦ ਨੂੰ ਗਲੀ ਵਿਚ ਸਕੂਟਰ ਸਟੈਂਡ ਤੇ ਲਾਕੇ ਪੁੱਤਰ ਜੀ ਵੀ ਉਪਰ ਦੀ ਗਾਤਰਾ ਪਾਕੇ ਆ ਵੜੇ,ਜੀਹਨੂੰ ਵੜਦਿਆਂ ਦੇਖਕੇ ਸਹੁਰਾ ਸਾਬ੍ਹ ਦੀ ਟੋਨ ਈ ਬਦਲ ਗਈ) ਆਹ ਤਾਂ ਬਾਹਲ਼ਾ ਈ ਵਧੀਆ ਹੋ ਗਿਆ..ਬਾਹਲਾ ਈ ਵਧੀਆ।
- ਸਰਬਜੀਤ ਸਿੰਘ ਘੁਮਾਣ

Thursday, 10 October 2019

ਫ਼ਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੇੈ ਜਟੁੁ॥





ਫ਼ਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੇੈ ਜਟੁੁ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੧੩੭੮ ਉੱਪਰ ਸੁਸ਼ੋਭਤ ਇਹ ਵਾਕ ਅੱਜ ਦੀ ਦੁਰਦਸ਼ਾ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ। ਪਿਛਲੇ ਦੋ ਮਹੀਨੇ ਵਿੱਚ ਇਕੱਠੇ ਕੀਤੇ ਗਏ ਸੈਂਪਲ ਇਹ ਦੱਸਦੇ ਹਨ ਕਿ ਲਗਭਗ ੫੦% ਚੀਜ਼ਾਂ ਹੁਣ ਪੰਜਾਬ ਵਿਚ ਖਾਣ ਯੋਗ ਨਹੀ ਹਨ। ਇਹ ਸਾਰੇ ਸੈਂਪਲ ਉਨ੍ਹਾਂ ਚੀਜ਼ਾਂ ਦੇ ਲਏ ਹਨ ਗਏ ਹਨ ਜੋ ਪੰਜਾਬ ਵਿੱਚ ਬੜੀ ਅਸਾਨੀ ਨਾਲ ਪੈਦਾ ਕੀਤੇ ਜਾ ਸਕਦੇ ਹਨ ਜਿਵੇਂ ਕਿ "ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਹੋਰ ਅਨੇਕਾਂ ਪਦਾਰਥ,ਖਾਣ ਯੋਗ ਤੇਲ ਜੋ ਅਸੀਂ ਨਿਤ ਆਪਣੀ ਰਸੋਈ ਵਿੱਚ ਵਰਤਦੇ ਹਾਂ" ਆਦਿ। ਪੰਜਾਬ ਦੀ "ਫੂਡ ਐਂਡ ਡਰੱਗਸ ਐਡਮਨਿਸਟ੍ਰੇਸ਼ਨ" ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਹੋਰ ਚੀਜ਼ਾਂ(ਜਿਵੇਂ ਕਿ ਪਨੀਰ, ਕਰੀਮ,ਘਿਓ ਆਦਿ) ੫੩.੩%, ਖਾਣਾ ਬਣਾਉਣ ਵੇਲੇ ਵਰਤੇ ਜਾਣ ਵਾਲੇ ਤੇਲ ੪੩.੭%, ਫਲਾਂ ਤੋਂ ਬਣਨ ਵਾਲੇ ਪਦਾਰਥ (ਜਿਵੇਂ ਕਿ ਜੂਸ,ਜੈਮ ਆਦਿ) ੪੦% ਅਤੇ ਨਮਕੀਨ, ਸਨੈਕਸ ਆਦਿ ੧੦੦% ਖਾਣ ਯੋਗ ਨਹੀਂ ਹਨ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਪ ਜ਼ਹਿਰ ਬਣਾਇਆ ਹੈ। ਜ਼ਿਆਦਾ ਪੈਦਾ ਕਰਨ ਦੇ ਚੱਕਰ ਵਿੱਚ ਦੁਕਾਨਦਾਰਾਂ ਨੇ ਮਿਲਾਵਟਾਂ ਕਰਕੇ ਅਤੇ ਕਿਸਾਨਾਂ ਨੇ ਆਪਣੀ ਜ਼ਮੀਨ ਵਿੱਚ ਜ਼ਹਿਰ ਛਿੜਕ-ਛਿੜਕ ਕੇ ਜ਼ਹਿਰ ਪੈਦਾ ਕਰਨਾ ਸ਼ੁਰੂ ਕਰ ਦਿੱਤਾ, ਆਪਣੀਆਂ ਦੇਸੀ ਗਾਵਾਂ,ਮੱਝਾਂ ਦੇ ਅੰਮ੍ਰਿਤ ਰੂਪੀ ਦੁੱਧ ਨੂੰ ਛੱਡ ਕੇ ਜਰਸੀ ਅਤੇ ਐਚਐਫ ਗਾਵਾਂ ਦੇ ਮਗਰ ਪੈ ਕੇ ਆਪ ਹੀ ਆਪਣੇ ਅਤੇ ਆਪਣੇ ਬੱਚਿਆਂ ਦੇ ਗਲਾਸਾਂ ਵਿੱਚ ਜ਼ਹਿਰ ਭਰ ਦਿੱਤਾ।
ਇਹ ਜ਼ਹਿਰ ਪੈਦਾ ਕਰਨ ਦੇ ਪਿੱਛੇ ਸਰਕਾਰਾਂ ਦੀਆਂ ਨੀਤੀਆਂ ਅਤੇ ਸਾਡੇ ਅੰਦਰ ਵੱਸਦਾ ਲਾਲਚ ਬਰਾਬਰ ਦਾ ਭਾਗੀਦਾਰ ਹੈ। ਸਰਕਾਰਾਂ ਦੀਆਂ ਨੀਤੀਆਂ ਬਦਲਣ ਜਾਂ ਨਾ ਬਦਲਣ ਪਰ ਆਪਣੇ ਅੰਦਰ ਵੱਸਦੇ ਲਾਲਚ ਨੂੰ ਅਸੀਂ ਜ਼ਰੂਰ ਖ਼ਤਮ ਕਰ ਸਕਦੇ ਹਾਂ। ਕਿਸਾਨਾਂ ਨੂੰ ਜ਼ਿਆਦਾ ਪੈਦਾ ਕਰਨ ਦੇ ਚੱਕਰ ਵਿੱਚੋਂ ਬਾਹਰ ਨਿਕਲਣਾ ਪਵੇਗਾ, ਜੇਕਰ ਕਿਸਾਨ ਲਾਲਚ ਵਿੱਚੋਂ ਬਾਹਰ ਨਾ ਨਿਕਲਿਆ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਸਾਡੇ ਦੁਆਰਾ ਪੈਦਾ ਕੀਤੇ ਜਾ ਰਹੇ ਜ਼ਹਿਰ ਥੱਲੇ ਦੱਬ ਕੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਮ ਤੋੜ ਦੇਣਗੀਆਂ।
ਕਿਸਾਨ ਨੂੰ ਇਸ ਲਾਲਚ ਵਿੱਚੋਂ ਨਿਕਲਣ ਲਈ ਜੈਵਿਕ ਖੇਤੀ ਅਪਣਾਉਣੀ ਪਵੇਗੀ ਅਤੇ ਕਿਸਾਨ ਨੂੰ ਜੈਵਿਕ ਖੇਤੀ ਅਪਣਾਉਣ ਲਈ ਸਿਰਫ ਗਾਹਕ ਹੀ ਮਜਬੂਰ ਕਰ ਸਕਦਾ ਹੈ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਕਿਸਾਨਾਂ ਦਾ ਬਣਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੀਆਂ ਵਸਤਾਂ ਨੂੰ ਖਰੀਦ ਕੇ ਉਸ ਦਾ ਸਹੀ ਮੁੱਲ ਤਾਰੀਏ ਜੋ ਪਹਿਲਾਂ ਹੀ ਜੈਵਿਕ ਖੇਤੀ ਕਰ ਰਹੇ ਹਨ। ਜਦੋਂ ਅਸੀਂ ਬਾਜ਼ਾਰ ਵਿੱਚ ਜੈਵਿਕ ਵਸਤਾਂ ਦੀ ਮੰਗ ਵਧਾਵਾਂਗੇ ਤਾਂ ਇਹ ਵੱਧ ਤੋਂ ਵੱਧ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰਨਗੀਆਂ। ਜਦ ਤੱਕ ਗਾਹਕ ਆਪਣੇ ਦਿਲ ਅਤੇ ਦਿਮਾਗ ਵਿੱਚ ਜ਼ਹਿਰੀਲੀਆਂ ਸਬਜ਼ੀਆਂ ਅਤੇ ਅਨਾਜ ਨੂੰ ਥਾਂ ਦੇ ਬੈਠਾ ਹੈ ਉਦੋਂ ਤੱਕ ਉਸ ਨੂੰ ਅੰਮ੍ਰਿਤ ਨਹੀਂ ਮਿਲ ਸਕਦਾ ।
ਪਰਮਜੀਤ ਸਿੰਘ ਮੰਡ
(ਪ੍ਰਧਾਨ,"ਸਿੱਖ ਯੂਥ ਆਫ਼ ਪੰਜਾਬ")

ਘਟਨਾ 18 ਨਵੰਬਰ 1983



ਘਟਨਾ 18 ਨਵੰਬਰ 1983 

ਇਹ ਘਟਨਾ 18 ਨਵੰਬਰ 1983 ਨੂੰ ਹੋਈ ਸੀ-ਮੋਗਾ ਡਿਪੂ ਦੀ ਬੱਸ ਅਮ੍ਰਿਤਸਰ ਤੋਂ ਜਾ ਰਹੀ ਸੀ ਕਿ ਨੌਸ਼ਹਿਰਾ ਪੰਨੂਆਂ ਦੇ ਕੋਲ ਹਥਿਆਰਬੰਦ
ਬੰਦਿਆਂ ਨੇ ਚਾਰ ਹਿੰਦੂ ਮਾਰ ਦਿਤੇ ਸਨ। ਇਸ ਮੌਕੇ ਇਕ ਹਿੰਦੂ ਨੂੰ ਕਿਸੇ ਨਿਹੰਗ ਨੇ ਆਪਣਾ ਪੁਤ ਦੱਸਕੇ ਬਚਾ ਲਿਆ ਸੀ ਜਿਸਦਾ ਜਿਕਰ ਖੁਸ਼ਵੰਤ ਸਿੰਘ ਦੀ ਕਿਤਾਬ ਵਿਚ ਵੀ ਮਿਲਦਾ ਹੈ। ਇਸਤੋਂ ਪਹਿਲਾਂ 5 ਅਕਤੂਬਰ 1983 ਨੂੰ ਢਿਲਵਾਂ ਕੋਲ ਛੇ ਹਿੰਦੂ ਬੱਸ ਕਾਂਡ ਵਿਚ ਮਾਰੇ ਗਏ ਸਨ ਤੇ ਦਰਬਾਰਾ ਸਰਕਾਰ ਖਾਰਿਜ ਕਰ ਦਿਤੀ ਗਈ ਸੀ। ਇਸ ਬੱਸ ਕਾਂਡ ਦੀ ਕਿਸੇ ਵੀ ਸਿਖ ਜਥੇਬੰਦੀ ਨੇ ਜਿੰਮੇਵਾਰੀ ਨਹੀ ਸੀ ਲਈ। ਸੰਤ ਭਿੰਡਰਾਂਵਾਲਿਆਂ, ਸੰਤ ਲੌਂਗੋਵਾਲ ਤੇ ਹੋਰ ਸਿਖ ਆਗੂਆਂ ਨੇ ਬੱਸ ਕਾਂਡ ਦੀ ਜਬਰਦਸਤ ਨਿੰਦਾ ਕੀਤੀ ਸੀ। ਸਿਖ ਆਗੂ ਸਦਾ ਹੀ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਮੰਗ ਕਰਦੇ ਰਹੇ ਪਰ ਸਰਕਾਰ ਨੇ ਇਸ ਪਾਸੇ ਕੁਝ ਨਹੀ ਕੀਤਾ। 
ਪ੍ਰਸਿਧ ਪਤਰਕਾਰ ਜਗਤਾਰ ਸਿੰਘ ਦੀ ਅੰਗਰੇਜੀ ਕਿਤਾਬ ,"ਖਾਲਿਸਤਾਨ" ਵਿਚ ਦਰਜ਼ ਹੈ ਕਿ ਮਗਰੋਂ ਸਾਬਕਾ ਮੁਖਮੰਤਰੀ ਦਰਬਾਰਾ ਸਿੰਘ ਕਹਿੰਦਾ ਰਿਹਾ ਹੈ ਕਿ ਬੱਸ ਕਾਂਡ ਏਜੰਸੀ ਦਾ ਕਾਰਾ ਸੀ। ਅਸਲ ਦੋਸ਼ੀ ਕਦੇ ਵੀ ਨਹੀ ਫੜੇ ਗਏ।ਨੌਸ਼ਹਿਰਾ ਬੱਸ ਕਾਂਡ ਬਾਰੇ ਵੀ ਸਦਾ ਭੰਬਲਭੂਸਾ ਬਣਿਆ ਰਿਹਾ। ਆਮ ਚਰਚਾ ਇਹੀ ਰਹੀ ਹੈ ਕਿ ਇੰਦਰਾ ਗਾਂਧੀ ਨੇ ਇਹ ਬੱਸ ਕਾਂਡ ਤੇ ਹੋਰ ਵਾਰਦਾਤਾਂ ਰਾਂਹੀ ਪੰਜਾਬ ਦੇ ਹਿੰਦੂ ਦੇ ਦਿਲ-ਦਿਮਾਗ ਵਿਚ ਇੱਹ ਭਰਿਆ ਕਿ ਹੁਣ ਸਿਖਾਂ ਤੋਂ ਸਿਰਫ ਮੈਂ ਹੀ ਤੁਹਾਨੂੰ ਬਚਾ ਸਕਦੀ ਹਾਂ। ਭਾਂਵੇ ਕਦੇ ਵੀ ਕੋਈ ਸਿਖ ਇਨਾਂ ਬੱਸ ਕਾਂਡਾਂ ਲਈ ਦੋਸ਼ੀ ਨਹੀ ਗਰਦਾਨਿਆ ਗਿਆ ਪਰ ਸਰਕਾਰੀ ਪਰਚਾਰ ਸਿਖਾਂ ਵੱਲ ਹੀ ਉਂਗਲ ਕਰਦਾ ਰਿਹਾ। ਜੇ ਇਹ ਕੰਮ ਸਿਖ ਜੁਝਾਰੂਆਂ ਨੇ ਕੀਤਾ ਹੂੰਦਾ ਤਾਂ ਸੰਘਰਸ਼ ਵਿਚ ਵਿਚਰਦੇ ਕਿਸੇ ਨਾ ਕਿਸੇ ਜੁਝਾਰੂ ਨੂੰ ਜਰੂਰ ਪਤਾ ਹੋਣਾ ਸੀ ਕਿ ਫਲਾਨੇ ਸਿੰਘਾਂ ਨੇ ਢਿਲਵਾਂ ਵਾਲਾ ਜਾਂ ਨੌਸ਼ਹਿਰੇ ਵਾਲਾ ਬੱਸ ਕਾਂਡ
ਕੀਤਾ ਹੈ। 
ਹੁਣ ਵੀ ਬਹੁਤ ਸਾਰੀਆਂ ਵਾਰਦਾਤਾਂ ਬਾਰੇ ਸੰਘਰਸ਼ ਵਿਚ ਵਿਚਰੇ ਸਿੰਘਾਂ ਤੋਂ ਪਤਾ ਲੱਗਦਾ ਹੈ ਕਿ ਕੌਣ ਕੌਣ ਕਿਸ ਵਾਰਦਾਤ ਵਿਚ ਸ਼ਾਮਿਲ ਸਨ।
ਸਪਸ਼ਟ ਹੈ ਕਿ ਇਹ ਬੱਸ ਕਾਂਡ ਸਿਖਾਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਕੀਤੇ ਸਨ। ਇਕ ਹੋਰ ਗੱਲ ਦੱਸਣੀ ਜਾਇਜ ਹੈ ਕਿ ਇਸ ਨੌਸ਼ਹਿਰੇ ਵਾਲੇ ਬੱਸ ਕਾਂਡ ਦੀ ਰਿਪੋਰਟਿੰਗ ਕਰਨ ਲਈ ਜੋ ਪੱਤਰਕਾਰ ਗਏ ਸਨ,ਉਨਾਂ ਵਿਚ ਸ.ਜਸਪਾਲ ਸਿੰਘ ਸਿਧੂ ਵੀ ਸਨ। ਪਿਛੇ ਜਿਹੇ ਉਨਾਂ ਨੇ ਸਾਨੂੰ ਇਕ ਪ੍ਰੋਗਰਾਮ ਵਿਚ ਦੱਸਿਆ ਕਿ ਜਦ ਉਹ ਅਤੇ ਹਿੰਦੋਸਤਾਨ ਟਾਈਮਜ ਦਾ ਪਤਰਕਾਰ ਕੇ,ਐਸ.ਤੋਮਰ ਬੱਸ ਕਾਂਡ ਵਾਲੀ ਥਾਂ ਤੇ ਗਏ ਤੇ ਖਾਲੀ ਬੱਸ ਦੀਆਂ ਫੋਟੋਆਂ ਲਈਆਂ ,ਮਾਰੇ ਗਏ ਲੋਕਾਂ ਦੇ ਨਾਂ-ਪਤੇ ਲਿਖੇ ਤੇ ਕੁਝ ਹੋਰ ਜਾਣਕਾਰੀ ਇਕਠੀ ਕਰਕੇ ਵਾਪਸ ਅੰਮਰਿਤਸਰ ਆ ਗਏ । ਉਹ ਕਹਿੰਦੇ ਸਾਨੂੰ ਬੱਸ ਕੋਲ ਕੋਈ ਯਾਤਰੂ ਆਦਿਕ ਨਹੀ ਮਿਲਿਆ। ਕੁਝ ਪੁਲੀਸ ਵਾਲੇ ਡਿਊਟੀ ਕਰਕੇ ਜਰੂਰ ਸਨ। ਅੰਮ੍ਰਿਤਸਰ ਆਕੇ ਦੋਨਾਂ ਨੇ ਆਪੋ ਆਪਣੇ ਅਖਬਾਰਾਂ ਨੂੰ ਖਬਰਾਂ ਭੇਜ ਦਿਤੀਆਂ। ਸਿਧੂ ਸਾਹਿਬ ਦੱਸਦੇ ਹਨ ਕਿ ਉਹ ਹੈਰਾਨ ਹੀ ਰਹਿ ਗਏ ਕਿ ਹਿੰਦੋਸਤਾਨ ਟਾਈਮਜ ਦੇ
ਪਤਰਕਾਰ ਨੇ ਕੋਲੋਂ ਹੀ ਮਸਾਲਾ ਲਾਕੇ ਲਿਖ ਦਿਤਾ ਕਿ ਮਾਰੇ ਗਏ ਹਿੰਦੂਆਂ ਦੀ ਜਨਾਨੀਆਂ ਤੇ ਬੱਚੇ ਰੋ ਰੋਕੇ ਆਹ ਕਹਿ ਰਹੇ ਸਨ ,ਔਹ ਕਹਿ ਰਹੇ ਸਨ- ਸਿਧੂ ਸਾਹਿਬ ਕਹਿੰਦੇ ਅਸਲ ਵਿਚ ਮਾਰੇ ਗਏ ਹਿੰਦੂ ਮੁੰਡੇ ਕਵਾਰੇ ਸਨ ਜਿੰਨਾ ਦੀਆਂ ਜਨਾਨੀਆਂ ਤੇ ਬੱਚੇ ਕੋਲੋਂ ਹੀ ਦਿਖਾਕੇ ਅਖਬਾਰ ਵਿਚ ਕੋਲੋਂ ਹੀ ਗੱਲਾਂ ਉਨਾਂ ਦੇ ਮੂੰਹ ਵਿਚ ਪਾਈਆਂ ਗਈਆਂ ਤਾਂਕਿ ਸਿਖਾਂ ਖਿਲਾਫ ਨਫਰਤ ਵਧੇ।
ਇਸ ਨੌਸ਼ਹਿਰਾ ਬੱਸ ਕਾਂਡ ਮੌਕੇ ਇਕ ਨਿਹੰਗ ਸਿੰਘ ਅਜੀਤ ਸਿੰਘ ਨੇ ਇਕ ਹਿੰਦੂ ਨੂੰ ਬਚਾਇਆ ਗਿਆ ਸੀ। ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾ ਦਿਲੀ ਦਰਬਾਰਾ ਦੀਆਂ ਏਜੰਸੀਆਂ ਨੇ ਬੱਸ ਕਾਂਡ ਤੇ ਹੋਰ ਕਈ ਵਾਰਦਾਤਾਂ ਪੰਜਾਬ ਵਿਚ ਕਰਕੇ ਸਿਖਾਂ ਖਿਲਾਫ ਮਹੌਲ ਬਣਾਇਆ ਸੀ। 
- ਸਰਬਜੀਤ ਸਿੰਘ ਘੁਮਾਣ

ਭਾਰਤ ਹਿੰਦੂ ਰਾਸ਼ਟਰ ਨਹੀਂ ਹੈ



ਭਾਰਤ ਹਿੰਦੂ ਰਾਸ਼ਟਰ ਨਹੀਂ ਹੈ

ਬਰਜਿੰਦਰ ਸਿੰਘ ਹਮਦਰਦ
ਦੁਸਹਿਰੇ ਦੇ ਮੌਕੇ 'ਤੇ ਨਾਗਪੁਰ ਵਿਚ ਜਿਥੇ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁੱਖ ਦਫ਼ਤਰ ਹੈ, ਵਿਖੇ ਆਯੋਜਿਤ ਇਕ ਸਮਾਗਮ ਵਿਚ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਸ ਗੱਲ 'ਤੇ ਵਧੇਰੇ ਜ਼ੋਰ ਦਿੱਤਾ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ ਅਤੇ ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ। ਕੇਂਦਰ ਦੀ ਤਤਕਾਲੀ ਸਰਕਾਰ ਭਾਰਤ ਦੇ ਸੰਵਿਧਾਨ ਅਨੁਸਾਰ ਬਣੀ ਹੈ। ਭਾਰਤੀ ਸੰਵਿਧਾਨ ਦੀ ਸ਼ੁਰੂਆਤ ਹੀ ਇਸ ਵਾਕ ਨਾਲ ਹੁੰਦੀ ਹੈ ਕਿ ''ਇਹ ਦੇਸ਼ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੱਖ, ਜਮਹੂਰੀ ਗਣਰਾਜ ਹੈ।'' ਇਸ ਵਿਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਧਰਮਾਂ, ਜਾਤਾਂ, ਬਰਾਦਰੀਆਂ ਅਤੇ ਲਿੰਗ ਦੇ ਭਿੰਨ-ਭੇਦ ਤੋਂ ਉੱਪਰ ਉੱਠ ਕੇ ਇਕੋ ਜਿਹੇ ਅਧਿਕਾਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਵਿਚਰਨ ਲਈ ਸਮਾਨ ਮੌਕੇ ਪ੍ਰਦਾਨ ਕੀਤੇ ਗਏ ਹਨ। ਭਾਰਤ ਦਾ ਸੰਵਿਧਾਨ ਦੇਸ਼ ਵਿਚ ਦੋ ਸੌ ਸਾਲਾਂ ਦੀ ਅੰਗਰੇਜ਼ ਹਕੂਮਤ ਦੀ ਖਲਾਸੀ ਤੋਂ ਬਾਅਦ ਉਸ ਸਮੇਂ ਦੀਆਂ ਬਿਹਤਰੀਨ ਸ਼ਖ਼ਸੀਅਤਾਂ ਵਲੋਂ ਕਈ ਸਾਲਾਂ ਦੀ ਕਠਿਨ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਸੀ। 

ਇਸ ਤੋਂ ਪਹਿਲਾਂ ਬਰਤਾਨੀਆ ਤੋਂ ਆਜ਼ਾਦੀ ਲੈਣ ਲਈ ਇਕ ਬਹੁਤ ਲੰਮਾ, ਸਖ਼ਤ ਅਤੇ ਖੂਨ-ਡੋਲ੍ਹਵਾਂ ਸੰਘਰਸ਼ ਲੜਿਆ ਗਿਆ ਸੀ। ਇਸ ਘੋਲ ਵਿਚ ਦੇਸ਼ ਦੀ ਹਰ ਜਾਤੀ, ਧਰਮ ਅਤੇ ਵੱਖ-ਵੱਖ ਖਿੱਤਿਆਂ ਵਿਚ ਵਸਦੇ ਲੋਕਾਂ ਨੇ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਵੱਡਾ ਯੋਗਦਾਨ ਪਾਇਆ ਸੀ। ਇਹ ਸਾਡੀ ਬਦਕਿਸਮਤੀ ਸੀ ਕਿ ਅੰਗਰੇਜ਼ਾਂ ਦੀਆਂ ਚਿਰਾਂ ਤੋਂ ਮੱਕਾਰੀ ਭਰੀਆਂ ਅਤੇ ਚਤਰ ਚਾਲਾਂ ਕਰਕੇ ਇਸ ਧਰਤੀ ਨੂੰ ਉਸ ਸਮੇਂ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਭਾਰਤ ਨੂੰ ਅਜਿਹੇ ਦੇਸ਼ ਦੇ ਰੂਪ ਵਿਚ ਕਲਪਿਆ ਸੀ, ਜਿਥੇ ਹਰ ਇਕ ਨੂੰ ਆਪਣੇ ਰੰਗ-ਢੰਗ ਨਾਲ ਜਿਊਣ ਦਾ ਅਧਿਕਾਰ ਹੋਵੇ। ਨਵੇਂ ਭਾਰਤੀ ਸੰਵਿਧਾਨ ਨੇ ਲੋਕਾਂ ਨੂੰ ਦੇਸ਼ ਦੀ ਸਾਂਝੀ ਆਜ਼ਾਦ ਹੋਂਦ ਦਾ ਅਹਿਸਾਸ ਕਰਾਇਆ ਸੀ। ਅੱਜ ਅਨੇਕਾਂ ਵਿਸ਼ਵਾਸਾਂ ਵਾਲੇ, ਜੀਵਨ ਦੀਆਂ ਅਨੇਕਾਂ ਤਰਬਾਂ ਵਿਚ ਵਿਚਰਦੇ, ਵੱਖ-ਵੱਖ ਸੱਭਿਆਚਾਰਾਂ ਨੂੰ ਸਮੋਈ ਬੈਠੇ ਲੋਕਾਂ ਨੂੰ ਕਿਸੇ ਇਕ ਧਰਮ ਨਾਲ ਜੋੜਨਾ ਬਿਨਾਂ ਸ਼ੱਕ ਸਾਡੇ ਸੰਵਿਧਾਨ ਦੀ ਤੌਹੀਨ ਦੇ ਬਰਾਬਰ ਹੈ। ਜਿਥੋਂ ਤੱਕ ਸੰਘ ਮੁਖੀ ਵਲੋਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਕਰਾਰ ਦੇਣ ਦੀ ਗੱਲ ਹੈ, ਉਨ੍ਹਾਂ ਦੇ ਮਨ ਵਿਚ ''ਹਿੰਦੂ'' ਦੀ ਪਰਿਭਾਸ਼ਾ ਕੀ ਹੈ, ਇਸ ਬਾਰੇ ਉਹ ਕਦੇ ਵੀ ਕੋਈ ਸੰਤੁਸ਼ਟੀਜਨਕ ਵਿਆਖਿਆ ਨਹੀਂ ਕਰ ਸਕੇ। ਇਸ ਮਹਾਨ ਧਰਤੀ ਨੂੰ ਸਿਰਫ ਇਕ ਧਰਮ ਨਾਲ ਜੋੜਨਾ ਇਕ ਵੱਡੀ ਜ਼ਿਆਦਤੀ ਹੈ। ਰਾਸ਼ਟਰੀ ਸੋਇਮ ਸੇਵਕ ਸੰਘ ਵਰਗੀ ਸੰਸਥਾ ਦੇ ਮੁਖੀ ਤੋਂ ਵਧੇਰੇ ਸੂਝਵਾਨ ਹੋਣ ਦੀ ਆਸ ਕੀਤੀ ਜਾ ਸਕਦੀ ਹੈ, ਕਿਸੇ ਸੀਮਤ ਘੇਰੇ ਦੇ ਪਾਬੰਦ ਰਹਿਣ ਦੀ ਨਹੀਂ। 

ਭਾਰਤ ਦੁਨੀਆ ਦੀਆਂ ਪੁਰਾਣੀਆਂ ਸੱਭਿਆਤਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸਿੰਧ ਘਾਟੀ ਦੀ ਸੱਭਿਅਤਾ ਕਿਸੇ ਸਮੇਂ ਇਸ ਧਰਤੀ ਦੀ ਸ਼ਾਨ ਰਹੀ ਸੀ। ਹੁਣ ਤੱਕ ਦੇ ਲਗਾਏ ਗਏ ਅੰਦਾਜ਼ਿਆਂ ਅਨੁਸਾਰ ਇਹ ਸੱਭਿਅਤਾ ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਇਥੇ ਪ੍ਰਫੁੱਲਿਤ ਹੋਈ, ਜਿਸ ਵਿਚ ਅੱਜ ਦਾ ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਵੱਡੇ ਹਿੱਸੇ ਸ਼ਾਮਿਲ ਸਨ। ਇਸ ਅਦਭੁੱਤ ਸੱਭਿਅਤਾ ਨੂੰ ਮਿਸਰ ਅਤੇ ਮੈਸੋਪੋਟਾਮੀਆ ਦੀਆਂ ਪੁਰਾਣੀਆਂ ਸੱਭਿਆਤਾਵਾਂ ਦੇ ਕਾਲਕ੍ਰਮ ਨਾਲ ਜੋੜਿਆ ਜਾਂਦਾ ਹੈ। 19ਵੀਂ ਸਦੀ ਵਿਚ ਕੀਤੀਆਂ ਗਈਆਂ ਖੋਜਾਂ ਦੇ ਆਧਾਰ 'ਤੇ ਇਹ ਸਪੱਸ਼ਟ ਹੋਇਆ ਹੈ ਕਿ ਇਹ ਉਸ ਸਮੇਂ ਇਕ ਭਰਪੂਰ ਅਤੇ ਪ੍ਰਫੁੱਲਿਤ ਸੱਭਿਅਤਾ ਸੀ। ਸਾਡੀ ਜਾਣਕਾਰੀ ਅਨੁਸਾਰ ਇਸ ਸੱਭਿਅਤਾ ਤੋਂ ਬਾਅਦ ਅੱਜ ਤੋਂ ਲਗਪਗ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਕੇਂਦਰੀ ਏਸ਼ੀਆ ਦੇ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਲੋਕ ਉੱਤਰੀ ਭਾਰਤ ਦੇ ਗੰਗਾ-ਯਮੁਨਾ ਦੇ ਮੈਦਾਨਾਂ ਵਿਚ ਆ ਵਸੇ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਆਰੀਅਨ ਲੋਕਾਂ ਨੇ ਸਿੰਧ ਘਾਟੀ ਦੀ ਸੱਭਿਅਤਾ ਦੇ ਸਮੇਂ ਤੋਂ ਇਥੇ ਵਸੇ ਲੋਕਾਂ ਨੂੰ ਦੇਸ਼ ਦੇ ਦੱਖਣੀ ਹਿੱਸੇ ਵੱਲ ਧੱਕ ਦਿੱਤਾ ਸੀ। ਆਰੀਅਨ ਵਿਦਵਾਨਾਂ ਨੇ ਇਥੇ ਸਥਾਪਿਤ ਹੋਣ ਤੋਂ ਬਾਅਦ ਵੇਦਾਂ, ਪੁਰਾਣਾਂ ਅਤੇ ਉਪਨਿਸ਼ਦਾਂ ਵਰਗੇ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਹਿੰਦੂ ਧਰਮ ਦਾ ਆਧਾਰ ਮੰਨਿਆ ਜਾਂਦਾ ਹੈ। ਇਸ ਧਰਮ ਵਿਚ ਬੁੱਤ ਪੂਜਾ ਦੇ ਨਾਲ-ਨਾਲ ਹਜ਼ਾਰਾਂ ਦੇਵੀ-ਦੇਵਤੇ ਵੀ ਵਿਦਮਾਨ ਹਨ। ਪਰ ਇਸ ਵਿਸ਼ਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਨੇਕਾਂ ਹੀ ਵੱਖ-ਵੱਖ ਸੱਭਿਆਚਾਰ ਵੀ ਪਣਪਦੇ ਰਹੇ ਹਨ। ਅਨੇਕ ਤਰਜ਼ਾਂ ਵਿਚ ਲੋਕ ਆਪਣਾ ਜੀਵਨ ਜਿਊਾਦੇ ਰਹੇ ਹਨ। ਇਥੇ ਵਿਭਿੰਨ ਤਰ੍ਹਾਂ ਦੇ ਸਮਾਜ ਵਿਕਸਿਤ ਹੋਏ | ਇਸ ਤੋਂ ਬਾਅਦ ਸਦੀਆਂ ਦੇ ਵਰਤਾਰੇ ਨੇ ਇਸ ਦੇਸ਼ ਨੂੰ ਵੱਖ-ਵੱਖ ਕੌਮੀਅਤਾਂ, ਨਸਲਾਂ ਅਤੇ ਫ਼ਿਰਕਿਆਂ ਨਾਲ ਭਰਪੂਰ ਬਣਾ ਦਿੱਤਾ। ਇਸ ਵਿਚ ਹਜ਼ਾਰਾਂ ਸਾਲਾਂ ਤੱਕ ਬਾਹਰੋਂ ਆਏ ਹਮਲਾਵਰਾਂ ਦਾ ਵੀ ਵੱਡਾ ਹੱਥ ਸੀ, ਜਿਨ੍ਹਾਂ ਨੇ ਆਪੋ-ਆਪਣੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ ਇਸ ਦੇਸ਼ ਦੇ ਲੋਕਾਂ 'ਤੇ ਛੱਡੇ। ਅੱਜ ਇਹ ਦੇਸ਼ ਅਨੇਕਾਂ-ਅਨੇਕ ਵਿਸ਼ਵਾਸਾਂ, ਬੋਲੀਆਂ, ਭਿੰਨ-ਭਿੰਨ ਸੱਭਿਆਚਾਰਾਂ ਅਤੇ ਵੱਖੋ-ਵੱਖਰੀਆਂ ਨਸਲਾਂ ਅਤੇ ਰੰਗਾਂ-ਢੰਗਾਂ ਵਾਲੇ ਨਾਗਰਿਕਾਂ ਦੀ ਇਕ ਫੁਲਵਾੜੀ ਹੈ। ਸਾਡੇ ਸੰਵਿਧਾਨ ਘਾੜਿਆਂ ਨੇ ਇਸ ਬਣਤਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਉਨ੍ਹਾਂ ਇਹ ਗੱਲ ਵੀ ਸਮਝ ਲਈ ਸੀ ਕਿ ਸਦੀਆਂ ਤੋਂ ਇਹ ਦੇਸ਼ ਫ਼ਿਰਕਿਆਂ ਅਤੇ ਜਾਤਾਂ ਦੇ ਸ਼ਿਕੰਜਿਆਂ ਵਿਚ ਜਕੜਿਆ ਹੋਇਆ ਹੈ। ਇਥੇ ਕੁਝ ਇਕ ਨੂੰ ਉੱਚੀਆਂ ਅਤੇ ਬਾਕੀਆਂ ਨੂੰ ਨੀਵੀਆਂ ਜਾਤਾਂ ਦੇ ਲੋਕ ਸਮਝਿਆ ਜਾਂਦਾ ਰਿਹਾ ਹੈ। ਸਦੀਆਂ ਤੋਂ ਉਨ੍ਹਾਂ ਨਾਲ ਅਜਿਹਾ ਮਾੜਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਇਸ ਵਿਸ਼ਾਲ ਧਰਤੀ 'ਤੇ ਸਮਿਆਂ ਦੇ ਨਾਲ ਅਨੇਕਾਂ-ਅਨੇਕ ਬਗ਼ਾਵਤਾਂ ਵੀ ਹੋਈਆਂ। ਲੋਕਾਂ ਨੇ ਆਪਣੇ ਹੱਕਾਂ-ਹਿਤਾਂ ਲਈ ਜੂਝਣਾ ਸ਼ੁਰੂ ਕਰ ਦਿੱਤਾ। 

ਹਰ ਖਿੱਤੇ ਨੇ ਆਪੋ-ਆਪਣੀ ਸੱਭਿਆਚਾਰਕ ਅਤੇ ਜ਼ਬਾਨ 'ਤੇ ਆਧਾਰਿਤ ਪਛਾਣ ਕਾਇਮ ਰੱਖਣ ਲਈ ਵੀ ਯਤਨ ਕੀਤੇ। ਕਹੀਆਂ ਜਾਂਦੀਆਂ ਛੋਟੀਆਂ ਜਾਤਾਂ ਦੇ ਸਮਾਜਾਂ ਨੇ ਇਕ ਤਰ੍ਹਾਂ ਨਾਲ ਸਵਰਨ ਜਾਤਾਂ ਤੋਂ ਆਪਣਾ ਤੋੜ-ਵਿਛੋੜਾ ਕਰ ਲਿਆ। ਇਹ ਵੀ ਇਕ ਵੱਡਾ ਕਾਰਨ ਸੀ ਕਿ ਇਸ ਦੇਸ਼ ਦੇ ਲੋਕ ਇਸ ਧਰਤੀ ਵਿਚ ਹੀ ਪੈਦਾ ਹੋਏ ਹੋਰ ਕਈ ਧਰਮਾਂ ਦੇ ਨਾਲ-ਨਾਲ ਬਾਹਰੋਂ ਆਏ ਧਰਮਾਂ ਵੱਲ ਵੀ ਜ਼ਿਆਦਾ ਆਕਰਸ਼ਿਤ ਹੋਏ। ਇਸੇ ਭਾਵਨਾ ਵਿਚੋਂ ਹੀ ਡਾ: ਬੀ.ਆਰ. ਅੰਬੇਡਕਰ ਵਲੋਂ ਲੰਮੀ ਸੋਚ-ਵਿਚਾਰ ਤੋਂ ਬਾਅਦ ਖੁੱਲ੍ਹੇ ਰੂਪ ਵਿਚ ਬੁੱਧ ਧਰਮ ਨੂੰ ਅਪਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇਸ਼ ਦੇ ਮਹਾਨ ਸਮਰਾਟ ਅਸ਼ੋਕ ਅਤੇ ਕਨਿਸ਼ਕ ਨੇ ਵੀ ਬੁੱਧ ਧਰਮ ਨੂੰ ਅਪਣਾਇਆ ਸੀ। ਮੁਗ਼ਲ ਸਮਰਾਟ ਅਕਬਰ ਨੇ 16ਵੀਂ ਸਦੀ ਵਿਚ ਵੱਖ-ਵੱਖ ਅਕੀਦਿਆਂ ਅਤੇ ਧਰਮਾਂ ਨੂੰ ਮੰਨਣ ਵਾਲੇ ਇਸ ਵਿਸ਼ਾਲ ਧਰਤੀ ਦੇ ਲੋਕਾਂ ਨੂੰ ਆਪੋ-ਆਪਣੇ ਵਿਸ਼ਵਾਸਾਂ ਨੂੰ ਕਾਇਮ ਰੱਖਣ ਦੀ ਖੁੱਲ੍ਹ ਦਿੱਤੀ ਸੀ। ਆਪਣੇ 40 ਸਾਲਾਂ ਦੇ ਰਾਜ ਵਿਚ ਅਕਬਰ ਨੇ ਅਜਿਹੀ ਪ੍ਰੇਰਨਾ ਹੀ ਬਣਾਈ ਰੱਖੀ ਸੀ। ਅਠਾਰ੍ਹਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਚਾਰ ਦਹਾਕਿਆਂ ਦੀ ਹਕੂਮਤ ਵਿਚ ਆਪਣੀ ਪਰਜਾ ਨੂੰ ਆਪਣੇ ਅਕੀਦਿਆਂ ਅਨੁਸਾਰ ਜਿਊਣ ਦੀ ਖੁੱਲ੍ਹ ਹੀ ਨਹੀਂ ਸੀ ਦਿੱਤੀ, ਸਗੋਂ ਉਨ੍ਹਾਂ ਨੇ ਸਾਰੇ ਧਰਮਾਂ ਨੂੰ ਪੂਰਾ-ਪੂਰਾ ਪਿਆਰ ਅਤੇ ਸਤਿਕਾਰ ਵੀ ਦਿੱਤਾ ਸੀ। ਅੱਜ ਵੀ ਮਹਾਰਾਜਾ ਦੀ ਮਹਾਨਤਾ ਉਨ੍ਹਾਂ ਦੀ ਇਸੇ ਹੀ ਸੋਚ ਦੀ ਲਖਾਇਕ ਬਣੀ ਹੋਈ ਹੈ। 

ਅੱਜ ਜੇਕਰ ਅਸੀਂ ਇਸ ਮਹਾਨ ਦੇਸ਼ ਅਤੇ ਮਹਾਨ ਧਰਤੀ ਨੂੰ ਕਿਸੇ ਇਕ ਵਿਸ਼ਵਾਸ ਜਾਂ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰਦੇ ਹਾਂ ਤਾਂ ਇਹ ਇਸ ਦੇਸ਼ ਦੇ ਵੱਡੇ ਕੱਦ ਬੁੱਤ ਨੂੰ ਬੌਣਾ ਕਰਨ ਦੇ ਸਮਾਨ ਹੋਵੇਗਾ। ਇਸ ਦੇਸ਼ ਨੂੰ ਵੱਖ-ਵੱਖ ਮਣਕਿਆਂ ਰਾਹੀਂ ਇਕ ਲੜੀ ਵਿਚ ਤਾਂ ਪਰੋਇਆ ਜਾ ਸਕਦਾ ਹੈ ਪਰ ਇਸ ਦੇ ਵਿਭਿੰਨਤਾ ਵਾਲੇ ਸੱਭਿਆਚਾਰਾਂ ਅਤੇ ਲੋਕਾਂ ਨੂੰ ਇਕੋ ਰੱਸੇ ਵਿਚ ਨੂੜਨ ਦਾ ਯਤਨ ਕਰਨਾ ਬਿਨਾਂ ਸ਼ੱਕ ਇਸ ਨੂੰ ਪਿਛਲੀਆਂ ਸਦੀਆਂ ਵੱਲ ਧੱਕਣ ਦਾ ਯਤਨ ਹੋਵੇਗਾ। ਇਸ ਨਾਲ ਵੱਡੇ ਵਿਵਾਦ ਵੀ ਛਿੜਨਗੇ। ਇਸ ਧਰਤੀ ਦੀ ਆਨ ਅਤੇ ਸ਼ਾਨ ਨੂੰ ਵੀ ਵੱਟਾ ਲੱਗੇਗਾ। ਇਸ ਦੀਆਂ ਪਰੰਪਰਾਵਾਂ 'ਤੇ ਵੀ ਉਂਗਲਾਂ ਉੱਠਣਗੀਆਂ ਅਤੇ ਇਸ ਦੇ ਅਗਲੀਆਂ ਸਦੀਆਂ ਵੱਲ ਉੱਠਦੇ ਕਦਮਾਂ ਨੂੰ ਵੀ ਜ਼ੰਜੀਰਾਂ ਪੈ ਜਾਣਗੀਆਂ। ਇਸ ਲਈ ਇਸ ਨਾਂ-ਪੱਖੀ ਸੋਚ ਪ੍ਰਤੀ ਸੁਚੇਤ ਹੋਣ ਦਾ ਸਾਡਾ ਸਭ ਦਾ ਵੱਡਾ ਫਰਜ਼ ਬਣ ਜਾਂਦਾ ਹੈ। 

Wednesday, 29 May 2019

ਸ਼ਹੀਦ ਜਸਵੰਤ ਸਿੰਘ ਖਾਲੜਾ


''ਸ਼ਹੀਦ ਜਸਵੰਤ ਸਿੰਘ ਖਾਲੜਾ'', ਦੀ ਸ਼ਹਾਦਤ ਦਾ ''ਅੱਖੀਂ ਡਿੱਠਾ'' ਵੇਰਵਾ - ਕੁਲਦੀਪ ਸਿੰਘ

ਪੰਜਾਬ ਪੁਲਿਸ ਵੱਲੋਂ ਕੋਹ ਕੋਹ ਕੇ ਫਰਜ਼ੀ ਮੁਕਾਬਲਿਆਂ ਚ ਸ਼ਹੀਦ ਕੀਤੇ ਹਜ਼ਾਰਾਂ ਸਿੱਖਾਂ ਚੋਂ 25,000 ਲਾਸ਼ਾਂ ਦਾ ਡਾਟਾ ਲੋਕਾਂ ਸਾਹਮਣੇ ਲਿਆਉਣ ਵਾਲਾ ਤੇ ਕਨੇਡਾ ਦੀ ਸਰਕਾਰ ਤੇ ਲੋਕਾਂ ਤੱਕ ਇਹ ਸੱਚ ਲੈ ਕੇ ਜਾਣ ਵਾਲੇ ਕੌਮੀ ਹੀਰੇ ਨਾਲ ਕੀ ਬੀਤੀ ਜਰੂਰ ਪੜ੍ਹਿਉ
ਸ੍ਰ. ਜਸਵੰਤ ਸਿੰਘ ਖਾਲੜਾ ਨੂੰ ਜਦੋਂ 6 ਸਤੰਬਰ 1995 ਨੂੰ ਘਰੋਂ ਚੁੱਕਿਆ ਗਿਆ ਸੀ ਤਾਂ ਪੰਜਾਬ ਅੰਦਰ ਕੰਮ ਕਰਦੀਆਂ ਲਗਭਗ ਸਾਰੀਆਂ ਹੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹ ਸ਼ੱਕ ਜਾਹਰ ਕੀਤਾ ਸੀ ਕਿ ਸ. ਖਾਲੜੇ ਨੂੰ ਕੇ ਪੀ ਐੱਸ ਗਿੱਲ ਦੀ ਪੁਲਿਸ ਨੇ ਚੁੱਕਿਆ ਹੈ। ਦੂਸਰੇ ਦਿਨ ਹੀ ਇਸ ਕਿਸਮ ਦੇ ਬਿਆਨ ਅਖ਼ਬਾਰਾਂ ਵਿਚ ਛਪ ਗਏ ਸਨ, ਜਿਨ੍ਹਾਂ ‘ਚ ਇਸ ਦੀ ਸਪੱਸ਼ਟ ਤੌਰ ‘ਤੇ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਨਿਸ਼ਾਨੇਦਹੀ ਦਾ ਠੋਸ ਆਧਾਰ ਸੀ। ਕਿਉਂਕਿ ਸ. ਜਸਵੰਤ ਸਿੰਘ ਖਾਲੜਾ ਨੇ 23 ਫਰਵਰੀ 1995 ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਵਿਚ ਸਾਫ ਐਲਾਨ ਕੀਤਾ ਸੀ ਕਿ ‘‘ਜੇਕਰ ਪੰਜਾਬ ਸਰਕਾਰ ਤੇ ਪੁਲਿਸ ਇਹ ਸਮਝਦੀ ਹੈ ਕਿ ਮੈਨੂੰ ਖਤਮ ਕਰਕੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਖੁਰਦ ਬੁਰਦ ਕੀਤਾ ਜਾ ਸਕਦਾ ਹੈ ਤਾਂ ਇਹ ਉਸਦੀ ਗਲਤਫਿਹਿਮੀ ਹੈ। ਕਿਉਂਕਿ ਇਸ ਸੰਬੰਧੀ ਤੱਥ ਦੁਨੀਆਂ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੱਕ ਪੁਹੰਚ ਚੁੱਕੇ ਹਨ।’’ ਇਸੇ ਬਿਆਨ ‘ਚ ਸ. ਖਾਲੜਾ ਨੇ ਇਹ ਇੰਕਸ਼ਾਫ ਵੀ ਕੀਤਾ ਸੀ, “ਕਾਂਗਰਸ ਪਾਰਟੀ ਦੇ ਇਕ ਜਿ਼ੰਮੇਵਾਰ ਐੱਮ ਐੱਲ ਏ ਨੇ 2 ਦਿਨ ਪਹਿਲਾਂ ਮੈਨੂੰ...ਜਾਤੀ ਤੌਰ ‘ਤੇ ਮਿਲ ਕੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਖੁੱਲ੍ਹਣ ਤੋਂ ਬਹੁਤ ਖਫਾ ਹੋਏ ਪਏ ਹਨ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਹ ਪੜਤਾਲ ਅੱਗੇ ਵਧਦੀ ਹੈ ਤਾਂ ਹਰ ਹਾਲਤ ਵਿਚ ਉਹ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਖੁਰਦ ਬੁਰਦ ਕਰਨਗੇ ਅਤੇ ਜਿੱਥੇ 25 ਹਜ਼ਾਰ ਲਾਸ਼ਾਂ ਦੀ ਜਾਂਚ ਹੋਵੇਗੀ, ਉੱਥੇ ਇਕ ਹੋਰ ਵੀ ਝੱਲ ਲੈਣਗੇ। ਐੱਮ ਐੱਲ ਏ ਜਿਸ ਦਾ ਅਜੇ ਮੈਂ ਨਾਂ ਦੱਸਣਾ ਠੀਕ ਨਹੀਂ ਸਮਝਦਾ, ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਇਸ ਕੰਮ ਦੀ ਉਨ੍ਹਾਂ ਨੇ ਸਾਡੀ ਕਾਂਗਰਸ ਸਰਕਾਰ ਤੋਂ ਇਜ਼ਾਜਤ ਵੀ ਲੈ ਲਈ ਹੈ।” ਇਹ ਜੋ ਸ਼ੰਕਾ ਸੀ ਅੱਜ ਉਹ ਸੱਚ ਸਾਬਤ ਹੋ ਚੁੱਕੀ ਹੈ। ਪਰ ਸ. ਖਾਲੜਾ ਨੇ ਆਪਣੀ ਜਿ਼ੰਦਗੀ ਦੀ ਭੀਖ ਮੰਗਣ ਦੀ ਬਜਾਇ ਦ੍ਰਿੜ੍ਹਤਾ ਨਾਲ ਐਲਾਨਿਆ ਸੀ, ‘‘ਮੈਂ ਆਪਣੀ ਜਿ਼ੰਦਗੀ ਦੀ ਰਾਖੀ ਲਈ ਕਿਸੇ ਅਦਾਲਤ ਵਿਚ ਜਾਣ ਦੀ ਥਾਂ ਅਕਾਲ ਪੁਰਖ ਦੇ ਚਰਨਾਂ ਵਿਚ ਅਤੇ ਲੋਕਾਂ ਦੀਆਂ ਬਰੂਹਾਂ ਵਿਚ ਜਾਣ ਨੂੰ ਤਰਜੀਹ ਦੇਵਾਂਗਾ ਅਤੇ ਸਭ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਮੈਨੂੰ ਖਤਮ ਕੀਤਾ ਗਿਆ ਤਾਂ ਕਿਸੇ ਪੁਲਿਸ ਕੈਟ ਜਾਂ ਥਾਣੇਦਾਰ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਬਲਕਿ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਨੂੰ ਇਸਦਾ ਜਿ਼ੰਮੇਵਾਰ ਠਹਿਰਾਇਆ ਜਾਵੇ।’’.
ਸ੍ਰ. ਖਾਲੜਾ ਦੀ ਇਹ ਭਵਿੱਖਬਾਣੀ ਇਨ-ਬਿੰਨ ਸੱਚ ਸਾਬਤ ਹੋਈ। ਬੇਅੰਤ ਸਿੰਘ ਦੇ ਬੰਬ ਧਮਾਕੇ ‘ਚ ਉੱਡਣ ਦੀ ਘਟਨਾ ਦੀ ਆੜ ‘ਚ ਸ. ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਲਿਆ ਗਿਆ ਤੇ ਪੂਰੀ ਕਾਇਰਤਾ ਨਾਲ ਉਸ ਦਰਵੇਸ਼ ਨੂੰ ਕੋਹ-ਕੋਹ ਕੇ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਉਸਨੇ ਇਸ ਹਕੂਮਤ ਤੇ ਖਾਸ ਕਰਕੇ ਪੰਜਾਬ ਪੁਲਿਸ ਦੇ ਜਬਰ ਦਾ ਪਰਦਾਫਾਸ਼ ਕੀਤਾ ਸੀ।.
ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਰਹੇ ਸ. ਜਸਵੰਤ ਸਿੰਘ ਖਾਲੜਾ ਦੀ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ ‘ਚ ਹੋਈ ਹਲਾਕਤ ਦੇ ਇਸ ਚਸ਼ਮਦੀਦ ਕੁਲਦੀਪ ਸਿੰਘ, ਜਿਸ ਦੇ ਜਿ਼ੰਮੇ ਉਸ ਦੇ ਸੰਬੰਧਤ ਅਫ਼ਸਰ ਵਲੋਂ ਸ. ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਟੱਟੀ ਪਿਸ਼ਾਬ ਕਰਾਉਣ ਦਾ ਕੰਮ ਸੌਂਪਿਆ ਗਿਆ ਸੀ, ਨੇ ਦੱਸਿਆ ਹੈ ਕਿ 1994 ਵਿਚ ਉਸ ਨੇ ਐੱਸ ਪੀ ਓ ਵਜੋਂ ਆਪਣੀ ਨੌਕਰੀ ਥਾਣਾ ਸਦਰ ਰੋਪੜ ਵਿਖੇ, ਥਾਣਾ ਸਦਰ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ ਦੇ ਗੰਨਮੈਨ ਵਜੋਂ ਸ਼ੁਰੂ ਕੀਤੀ ਸੀ, ਉਥੋਂ ਉਸ ਨੂੰ ਚਮਕੌਰ ਸਾਹਿਬ ਵਿਖੇ ਬਦਲ ਦਿੱਤਾ ਗਿਆ।
ਜਦੋਂ ਅਜੀਤ ਸਿੰਘ ਸੰਧੂ ਐੱਸ ਐੱਸ ਪੀ ਰੋਪੜ ਤੋਂ ਬਦਲ ਕੇ ਮੁੜ ਐੱਸ ਐੱਸ ਪੀ ਤਰਨਤਾਰਨ ਆਣ ਲੱਗੇ ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਹੀ ਲਿਆਕੇ ਐੱਸ ਪੀ ਓ ਲਾ ਦਿੱਤਾ ਅਤੇ ਉਸ ਦੀ ਤਾਇਨਾਤੀ ਥਾਣਾ ਝਬਾਲ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ (ਜੋ ਸ੍ਰੀ ਸੰਧੂ ਦੇ ਨਾਲ ਹੀ ਉਨ੍ਹਾਂ ਦੀ ਟੀਮ ਦੇ ਮੈਂਬਰ ਵਜੋਂ ਰੋਪੜ ਪੁਲਿਸ ਜਿ਼ਲ੍ਹੇ ‘ਚੋਂ ਬਦਲ ਕੇ ਆਇਆ ਸੀ) ਦੇ ਅੰਗ ਰੱਖਿਅਕ ਵਜੋਂ ਕਰ ਦਿੱਤੀ। ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਇਹ ਅਕਤੂਬਰ 1995 ਦੀ ਗੱਲ ਹੈ ਕਿ ਡਿਊਟੀ ਸੰਭਾਲਣ ਦੇ ਤੀਜੇ ਚੌਥੇ ਦਿਨ ਹੀ ਤੱਤਕਾਲੀ ਐੱਸ ਐੱਸ ਓ ਝਬਾਲ ਸ੍ਰੀ ਸਤਨਾਮ ਸਿੰਘ (ਜੋ ਹੁਣ ਨਕੋਦਰ ਹੈ) ਨੇ ਉਸ ਨੂੰ ਕੋਲ ਬੁਲਾ ਕੇ ਕਿਹਾ ਕਿ ਉਸ ਨੇ ਥਾਣੇ ਦੀ ਹਦੂਦ ਤੋਂ ਬਾਹਰ ਪੈਂਦੀ ਇਕ ਹਨ੍ਹੇਰੀ ਕੋਠੜੀ ‘ਚ ਬੰਦ ਇਕ ਐਸੇ ਬੰਦੇ ਨੂੰ ਰੋਟੀ ਪਾਣੀ ਦੇਣ ਦੀ ਡਿਊਟੀ ਕਰਨੀ ਹੈ, ਜਿਸ ਬਾਰੇ ਉਸ ਨੇ ਭੇਦ ਇਸ ਤਰ੍ਹਾਂ ਗੁਪਤ ਰੱਖਣਾ ਹੈ ਕਿ ਕੰਧਾਂ ਨੂੰ ਵੀ ਇਸ ਦੀ ਭਿਣਕ ਨਹੀਂ ਪੈਣੀ ਚਾਹੀਦੀ। ਐੱਸ ਪੀ ਓ ਦੇ ਦੱਸਣ ਅਨੁਸਾਰ ਆਪਣੇ ਸੰਬੰਧਤ ਪੁਲਿਸ ਅਫ਼ਸਰ ਦੀ ਹਦਾਇਤ ਅਨੁਸਾਰ ਜਦੋਂ ਉਕਤ ਹਨ੍ਹੇਰ ਕੋਠੜੀ ‘ਚ ਬੰਦ ਅਜਨਬੀ ਨੂੰ ਰੋਟੀ ਪਾਣੀ ਦੇਣ ਲਈ ਆਪਣੇ ਅਫ਼ਸਰ ਕੋਲੋਂ ਚਾਬੀ ਲੈ ਕੇ ...ਉਸਨੇ ਕੋਠੜੀ ਨੂੰ ਵੱਜਾ ਜਿੰਦਰਾ ਖੋਲ੍ਹਿਆ ਤਾਂ ਅੰਦਰ ਗੁਲਾਬੀ ਕੁੜਤੇ ਪਜਾਮੇ ‘ਚ ਭੁੰਜੇ ਅਧਮੋਇਆਂ ਵਾਂਗ ਲੇਟੇ ਇਸ ਵਿਅਕਤੀ ਨੇ ਉਸ ਵਲੋਂ ਪੁੱਛੇ ਪ੍ਰਸ਼ਨਾਂ ਦੇ ਜੁਆਬ ਵਿਚ ਆਪਣਾ ਨਾਂ ਜਸਵੰਤ ਸਿੰਘ, ਪਿੰਡ ਖਾਲੜਾ ਆਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਦੱਸਿਆ। ਉਕਤ ਐੱਸ ਪੀ ਓ ਨੇ ਦੱਸਿਆ ਕਿ ਉਸ ਵਲੋਂ ਸ੍ਰੀ ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਹਾਜ਼ਤ ਸਮੇਂ ਉਸ ਨੂੰ ਟੱਟੀ ਪਿਸ਼ਾਬ ਕਰਾਉਣ ਆਦਿ ਦਾ ਸਿਲਸਿਲਾ ਇਸੇ ਤਰਾਂ ਤਿੰਨ-ਚਾਰ ਦਿਨ ਹੋਰ ਚਲਦਾ ਰਿਹਾ
"ਇਕ ਦਿਨ ਸ਼ਾਮੀਂ 7 ਵਜੇ ਇਕ ਮਾਰੂਤੀ ਕਾਰ ਝਬਾਲ ਥਾਣੇ ਵਿਚ ਆ ਕੇ ਰੁਕੀ, ਜਿਸ ਵਿਚੋਂ ਉਸ ਵੇਲੇ ਦੇ ਐੱਸ ਐੱਸ ਪੀ ਤਰਨ ਤਾਰਨ ਸ੍ਰੀ ਅਜੀਤ ਸਿੰਘ ਸੰਧੂ, ਉਸ ਵੇਲੇ ਦੇ ਡੀ ਐੱਸ ਪੀ ਸ੍ਰੀ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਅਰਵਿੰਦਰ ਸਿੰਘ ਹੇਠਾਂ ਉਤਰੇ। ਉਸ ਨੇ ਅੱਗੇ ਦੱਸਿਆ ਕਿ ਇਸ ਦੇ ਮਗਰੇ ਹੀ ਇਕ ਹੋਰ ਮਾਰੂਤੀ ਕਾਰ ਥਾਣੇ ਪੁੱਜੀ, ਜਿਸ ਵਿਚ ਤਤਕਾਲੀ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ, ਐੱਸ ਐੱਚ ਓ ਮਾਨੋਚਾਹਲ, ਜਸਬੀਰ ਸਿੰਘ ਅਤੇ ਹੌਲਦਾਰ ਪ੍ਰਿਥੀਪਾਲ ਸਿੰਘ ਬਾਹਰ ਨਿਕਲੇ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਪਿਛੋਂ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਜੋ ਕਿ ਹਾਲ ਹੀ ਵਿਚ ਮਹਿਲ ਕਲਾਂ (ਪੁਲਿਸ ਜਿ਼ਲ੍ਹਾ ਬਰਨਾਲਾ) ਵਿਖੇ ਤਾਇਨਾਤੀ ਸਮੇਂ ਕਿਸੇ ਕੇਸ ਵਿਚ ਮੁਅੱਤਲ ਹੋਏ ਹਨ, ਨੇ ਉਸ ਨੂੰ ਕੋਠੜੀ ਦੀ ਚਾਬੀ ਲੈ ਕੇ ਆਉਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਉਪਰੰਤ ਸ੍ਰੀ ਸੰਧੂ ਸਮੇਤ ਇਹ ਸਾਰੇ ਅਫ਼ਸਰ ਅਤੇ ਪੁਲਿਸ ਕਰਮੀ ਉਸ ਕੋਠੜੀ ਵਿਚ ਵੜ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਇਸ ਪਿਛੋਂ ਸ੍ਰੀ ਅਜੀਤ ਸਿੰਘ ਨੇ ਇਹ ਕਹਿੰਦਿਆਂ ਕਿ ‘ਤੂੰ ਸਾਡੇ ਖਿਲਾਫ ਬੜੇ ‘ਐਫੀਡੇਵਿਟ’ ਇਕੱਠੇ ਕਰਦਾ ਫਿਰਦਾ ਹੈਂ, ਤੈਨੂੰ ਸੈਆਂ ਵੇਰ ਵਰਜਿਆ ਹੈ ਪਰ ਤੂੰ ਫਿਰ ਵੀ ਬੰਦੇ ਦਾ ਪੁੱਤ ਨਹੀਂ ਬਣਿਆ’ ਤੇ ਉਹ ਨੇ ਪੁਲਿਸ ਕਰਮੀਆਂ ਨੂੰ ਸ. ਖਾਲੜਾ ਦੇ ਦੋਵੇਂ ਹੱਥ ਪਿੱਛੇ ਬੰਨ੍ਹ ਕੇ ਉਸ ਨੂੰ ਅਲਫ ਨੰਗਾ ਕਰਕੇ ਲਟਕਾਉਣ ਦਾ ਹੁਕਮ ਦਿੰਦਿਆਂ, ਖਾਲੜਾ ਦੇ ਸਿਰ ਦੇ ਵਾਲਾਂ ਨੂੰ ਫੜਕੇ ਕਮਰੇ ‘ਚ ਘਸੀਟਣਾ ਸ਼ੁਰੂ ਕਰ ਦਿੱਤਾ। ਕੁਲਦੀਪ ਸਿੰਘ ਅਨੁਸਾਰ ਇਸ ਮੌਕੇ ਪੁਲਿਸ ਮਾਰ ਨਾਲ ਬਹੁੜੀ ਪਾਉਂਦੇ ਅਤੇ ਡਾਡਾਂ ਮਾਰਦੇ ਸ. ਖਾਲੜਾ ਦੇ ਪੱਟਾਂ ‘ਤੇ ਕੋਈ ਅੱਧਾ ਘੰਟਾ ਲੂਣ ਘੋਟਣਾ ਫੇਰਨ ਦੀ ਜ਼ਹਿਮਤ ਦੇਣੀ ਵੀ ਸ੍ਰੀ ਸੰਧੂ ਨੇ ਕਿਸੇ ਹੋਰ ਨੂੰ ਗਵਾਰਾ ਨਾ ਸਮਝੀ ਅਤੇ ਉਹ ਖੁਦ ਸ੍ਰੀ ਖਾਲੜਾ ਦੇ ਪੱਟਾਂ ‘ਤੇ ਲੂਣ ਘੋਟਣਾ ਫੇਰਨ ਲਈ ਚੜ੍ਹਦੇ ਰਹੇ।
ਉਸ ਨੇ ਦੱਸਿਆ ਕਿ ਅੱਧੇ ਘੰਟੇ ਦੇ ਇਸ ਘੋਰ ਤਸ਼ੱਦਦ ਪਿੱਛੋਂ ਸ. ਖਾਲੜਾ ਨੂੰ ਨੀਮ ਬੇਹੋਸ਼ੀ ਦੀ ਹਾਲਤ ‘ਚ ਲੀੜੇ ਪਾ ਕੇ ਬਿਠਾ ਦਿਤਾ ਅਤੇ ਉਸ ਨੂੰ ਕੋਸਾ ਪਾਣੀ ਪਿਆਉਣ ਪਿੱਛੋਂ ਰਾਤੀਂ 9 ਵਜੇ ਦੇ ਕਰੀਬ ਸ੍ਰੀ ਸੰਧੂ ਸਮੇਤ ਸਾਰੇ ਪੁਲਿਸ ਕਰਮੀ ਚਲੇ ਗਏ।
ਐੱਸ ਪੀ ਓ ਕੁਲਦੀਪ ਸਿੰਘ ਨੇ ਇਹ ਅਹਿਮ ਇੰਕਸ਼ਾਫ ਕੀਤਾ ਕਿ ਸ. ਖਾਲੜਾ ਨੂੰ 27-28 ਅਕਤੂਬਰ ਦੇ ਆਸ-ਪਾਸ ਗੋਲੀ ਨਾਲ ਹਲਾਕ ਕਰਨ ਅਤੇ ਇਸ ਪਿਛੋਂ ਹਰੀਕੇ ਪੱਤਣ ਦਰਿਆ ‘ਚ ਰੋੜਨ ਤੋਂ ਚੰਦ ਦਿਨ ਪਹਿਲਾਂ ਸ. ਖਾਲੜਾ ਨੂੰ ਇਕ ਰਾਤ ਪਿੰਡ ਮਾਨਾਂਵਾਲਾ ਸਥਿਤ ਸ੍ਰੀ ਅਜੀਤ ਸਿੰਘ ਸੰਧੂ ਦੀ ਰਿਹਾਇਸ਼ਗਾਹ ‘ਤੇ ਵੀ ਲਿਜਾਇਆ ਗਿਆ। ਉਸ ਦੇ ਦੱਸਣ ਅਨੁਸਾਰ ਝਬਾਲ ਦੇ ਉਸ ਸਮੇਂ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ ਦੇ ਆਦੇਸ਼ ‘ਤੇ ਉਸ ਨੇ ਸ. ਖਾਲੜਾ ਨੂੰ ਡੌਲਿਆਂ ਤੋਂ ਪਕੜਦਿਆਂ ਸਹਾਰਾ ਦੇ ਕੇ ਉਸਦੀ ਮਾਰੂਤੀ ਕਾਰ ਦੀ ਪਿਛਲੀ ਸੀਟ ‘ਤੇ ਬਿਠਾਇਆ। ਉਸਨੇ ਦੱਸਿਆ ਕਿ ਸ. ਖਾਲੜਾ ਨੂੰ ਮਾਨਾਂਵਾਲਾ ਲਿਜਾਣ ਵਾਲੀ ਇਸ ਕਾਰ ਨੂੰ ਖੁਦ ਸਤਨਾਮ ਸਿੰਘ ਨੇ ਚਲਾਇਆ। ਜਦੋਂਕਿ ਕਾਰ ਦੀ ਪਿਛਲੀ ਸੀਟ ‘ਤੇ ਉਹ (ਕੁਲਦੀਪ ਸਿੰਘ) ਸ. ਖਾਲੜਾ ਨੂੰ ਢੋਈ ਦੇ ਕੇ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਮਾਨਾਂਵਾਲੇ, ਅਜੀਤ ਸਿੰਘ ਸੰਧੂ ਦੀ ਕੋਠੀ ਦੇ ...ਮੂਹਰੇ ਜਾ ਕੇ ਸਤਨਾਮ ਸਿੰਘ ਕਾਰ ਰੋਕ ਕੇ ਸ੍ਰੀ ਸੰਧੂ ਨੂੰ ਮਿਲਣ ਅੰਦਰ ਗਿਆ ਅਤੇ ਬਾਅਦ ਵਿਚ ਸ. ਖਾਲੜਾ ਨੂੰ ਸ੍ਰੀ ਸੰਧੂ ਦੇ ਆਦੇਸ਼ ‘ਤੇ ਕੋਠੀ ਦੇ ਇਕ ਵੱਡੇ ਕਮਰੇ ਵਿਚ ਲਿਜਾ ਕੇ ਉਸ ਨੇ ਅਤੇ ਸਤਨਾਮ ਸਿੰਘ ਨੇ ਕੁਰਸੀ ‘ਤੇ ਬਿਠਾਇਆ ਅਤੇ ਬਾਅਦ ਵਿਚ ਸਤਨਾਮ ਸਿੰਘ ਨੇ ਉਸ ਨੂੰ ਬਾਹਰ ਲਾਅਨ ਵਿਚ ਜਾ ਕੇ ਬੈਠਣ ਅਤੇ ਉਡੀਕ ਕਰਨ ਲਈ ਕਿਹਾ। ਉਸਨੇ ਦੱਸਿਆ ਕਿ ਏਨੇ ਨੂੰ ਟੂ-ਟੂ ਕਰਦੀਆਂ ਗੱਡੀਆਂ ਦੀ ਇਕ ਆਵਾਜ਼ ਕੋਠੀ ਦੇ ਅੱਗੇ ਆ ਕੇ ਸ਼ਾਂਤ ਹੋ ਗਈ ਅਤੇ ਇਕ ਕਾਰ ਵਿਚੋਂ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਸ੍ਰੀ ਕੇ ਪੀ ਐੱਸ ਗਿੱਲ ਅਤੇ ਉਨ੍ਹਾਂ ਨਾਲ ਇਕ ਕਲੀਨ ਸ਼ੇਵ ਪੁਲਿਸ ਅਫ਼ਸਰ, ਸ੍ਰੀ ਸੰਧੂ ਦੀ ਕੋਠੀ ਅੰਦਰ ਗਏ ਅਤੇ ਕੋਈ ਅੱਧਾ ਘੰਟਾ ਸ. ਖਾਲੜਾ ਨੂੰ ਮੂਹਰੇ ਬਿਠਾ ਕੇ ਗੱਲਬਾਤ ਕਰਨ ਬਾਅਦ ਸ੍ਰੀ ਗਿੱਲ ਆਪਣੇ ਨਾਲ ਆਏ ਪੁਲਿਸ ਅਫ਼ਸਰ ਅਤੇ ਐੱਸ ਐੱਸ ਪੀ ਤਰਨਤਾਰਨ ਰਹੇ ਸ੍ਰੀ ਅਜੀਤ ਸਿੰਘ ਸੰਧੂ ਨਾਲ ਉਥੋਂ ਚਲੇ ਗਏ। ਜਦਕਿ ਸਤਨਾਮ ਸਿੰਘ ਅਤੇ ਉਹ ਸ. ਖਾਲੜਾ ਨੂੰ ਲੈ ਕੇ ਵਾਪਸ ਝਬਾਲ ਆ ਗਏ। ਉਸ ਨੇ ਦੱਸਿਆ ਕਿ ਰਸਤੇ ਵਿਚ ਐੱਸ ਐੱਚ ਓ ਸਤਨਾਮ ਸਿੰਘ ਇਹ ਕਹਿੰਦਾ ਰਿਹਾ ਕਿ ‘‘ਜੇਕਰ ਖਾਲੜਾ ਤੂੰ ਗਿੱਲ ਸਾਹਬ ਦਾ ਕਿਹਾ ਮੰਨ ਲੈਂਦਾ ਤਾਂ ਅਸੀਂ ਵੀ ਬਚ ਜਾਂਦੇ ਤੇ ਤੂੰ ਵੀ ਬਚ ਜਾਣਾ ਸੀ। ਸੁਪਰੀਮ ਕੋਰਟ ‘ਚ ਲਵਾਰਸ ਲਾਸ਼ਾਂ ਦੀ ਰਿੱਟ ਤੋਂ ਭਲਾ ਤੈਨੂੰ ਕੀ ਕੋਹਿਨੂਰ ਮਿਲੂ।’’ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸ. ਖਾਲੜਾ ਸਰੀਰਕ ਤੌਰ ‘ਤੇ ਅਤਿ ਜ਼ਰਜ਼ਰ ਹਾਲਾਤ ‘ਚ ਹੁੰਦਿਆਂ ਵੀ ‘ਸਭ ਕੁਝ ਭਾਣੇ ‘ਚ ਹੀ ਹੈ’ ਦੇ ਆਤਮਿਕ ਬੁਲੰਦੀ ਭਰੇ ਲਫਜ਼ ਹੀ ਕਹਿੰਦਾ ਰਿਹਾ।
ਕੁਲਦੀਪ ਸਿੰਘ ਨੇ ਖਾਲੜਾ ਦੀ ਹਲਾਕਤ ਵੇਲੇ ਦਾ ਦ੍ਰਿਸ਼ ਵਰਨਣ ਕਰਦਿਆਂ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਤੋਂ ਤਿੰਨ-ਚਾਰ ਦਿਨ ਬਾਅਦ ਸ਼ਾਮੀਂ 7.30 ਵਜੇ ਡੀ ਐੱਸ ਪੀ ਜਸਪਾਲ ਸਿੰਘ ਆਪਣੇ ਗੰਨਮੈਨ ਅਰਵਿੰਦਰ ਸਿੰਘ ਸਮੇਤ ਥਾਣਾ ਝਬਾਲ ਆਏ ਅਤੇ ਉਨ੍ਹਾ ਦੇ ਮਗਰ-ਮਗਰ ਹੀ ਕਾਰ ਰਾਹੀਂ ਜਸਬੀਰ ਸਿੰਘ ਐੱਸ ਐਚ ਓ ਮਾਨੋਚਾਹਲ, ਸੁਰਿੰਦਰ ਪਾਲ ਸਿੰਘ ਐੱਸ ਐੱਚ ਓ ਸਰਹਾਲੀ ਅਤੇ ਪ੍ਰਿਥੀਪਾਲ ਸਿੰਘ ਹੌਲਦਾਰ ਵੀ ਉਥੇ ਆ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸੁਰਿੰਦਰਪਾਲ ਸਿੰਘ ਦਾ ਗੰਨਮੈਨ ਬਲਵਿੰਦਰ ਸਿੰਘ ਘੋੜਾ ਵੀ ਉਨ੍ਹਾਂ ਦੇ ਨਾਲ ਹੀ ਸੀ। ਉਸ ਨੇ ਦੱਸਿਆ ਕਿ ਇਸ ਪਿਛੋਂ ਉਹ ਚਾਬੀ ਲੈ ਕੇ ਕੋਠੜੀ ਦਾ ਦਰਵਾਜ਼ਾ ਖੋਲ੍ਹ ਕੇ ਕੋਠੜੀ ‘ਚ ਜਾ ਵੜੇ ਅਤੇ ਮੈਨੂੰ ਉਨ੍ਹਾਂ ਨੇ ਗਰਮ ਪਾਣੀ ਕਰਕੇ ਲਿਆਉਣ ਲਈ ਕਿਹਾ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਥੋੜ੍ਹਾ ਚਿਰ ਬਾਅਦ ਹੀ ਸ. ਖਾਲੜਾ ਦੀ ਮਾਰਕੁੱਟ ਪਿੱਛੋਂ ਉਸ ਨੇ ਪਿਸਤੌਲ ਦੇ ਦੋ ਫਾਇਰਾਂ ਦੀ ਆਵਾਜ਼ ਸੁਣੀ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਰਮ ਪਾਣੀ ਛੱਡ ਕੇ ਅਸਾਲਟ ਚੁੱਕੀ ਬਾਹਰ ਆਇਆ ਤਾਂ ਬਲਵਿੰਦਰ ਸਿੰਘ ਘੋੜਾ ਮਾਰੂਤੀ ਵੈਨ ਦੀ ਡਿੱਕੀ ਖੋਲ੍ਹ ਰਿਹਾ ਸੀ। ਡਿੱਕੀ ਖੋਲ੍ਹਣ ਪਿਛੋਂ ਬਲਵਿੰਦਰ ਘੋੜਾ ਅਤੇ ...ਅਰਵਿੰਦਰ ਸਿੰਘ ਦੋਵਾਂ ਪੁਲਿਸ ਅਧਿਕਾਰੀਆਂ ਦੇ ਅੰਗ ਰੱਖਿਅਕਾਂ ਨੇ ਸ. ਖਾਲੜਾ ਦੀ ਖੂਨ ‘ਚ ਲੱਥਪੱਥ ਮ੍ਰਿਤਕ ਦੇਹ ਕੋਠੜੀ ‘ਚੋਂ ਕੱਢ ਕੇ ਲਿਆਂਦੀ ਤੇ ਭੂਆਂ ਕੇ ਡਿੱਕੀ ‘ਚ ਸੁੱਟਦਿਆਂ ਕਾਰ ਦੀ ਡਿੱਕੀ ਬੰਦ ਕਰ ਦਿੱਤੀ।
"ਉਸ ਨੇ ਦੱਸਿਆ ਕਿ ਹਰੀਕੇ ਪੱਤਣ ਦੀਆਂ ਭੁੱਖੀਆਂ ਮੱਛੀਆਂ ਦੀ ਖੁਰਾਕ ਬਣਨ ਲਈ ਲਿਜਾਈ ਜਾ ਰਹੀ ਸ. ਖਾਲੜਾ ਦੀ ਲਾਸ਼ ਵਾਲੀ ਵੈਨ ਨੂੰ ਬਲਵਿੰਦਰ ਸਿੰਘ ਘੋੜਾ ਚਲਾ ਰਿਹਾ ਸੀ, ਜਦਕਿ ਪ੍ਰਿਥੀਪਾਲ ਸਿੰਘ ਅਤੇ ਅਰਵਿੰਦਰ ਸਿੰਘ ਵੀ ਉਸ ਵਿਚ ਬੈਠੇ ਹੋਏ ਸਨ। ਉਸ ਨੇ ਦੱਸਿਆ ਕਿ ਇਸ ਪਿਛੋਂ ਆ ਰਹੀ ਮਾਰੂਤੀ ਕਾਰ ਵਿਚ ਡੀ ਐੱਸ ਪੀ ਜਸਪਾਲ ਸਿੰਘ ਅਤੇ ਜਸਬੀਰ ਸਿੰਘ (ਉਸ ਵੇਲੇ ਐੱਸ ਐੱਚ ਓ ਮਾਨੋਚਾਹਲ) ਸਵਾਰ ਸਨ ਅਤੇ ਇਸ ਪਿਛੋਂ ਤੀਸਰੀ ਮਾਰੂਤੀ ਕਾਰ ਵਿਚ ਉਹ ਐੱਸ ਐੱਚ ਓ ਝਬਾਲ ਸ੍ਰੀ ਸਤਨਾਮ ਸਿੰਘ ਅਤੇ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਨਾਲ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਹਰੀਕੇ ਪੱਤਣ ਲੰਘਕੇ ਜਿੱਥੇ ਦੋ ਨਹਿਰਾਂ ਲੰਘਦੀਆਂ ਹਨ, ਵਿਖੇ ਰਾਤੀਂ 10 ਵਜੇ ਦੇ ਕਰੀਬ ਪੁੱਜਕੇ ਅਰਵਿੰਦਰ ਸਿੰਘ ਤੇ ਬਲਵਿੰਦਰ ਘੋੜੇ ਨੇ ਲਾਸ਼ ਨਹਿਰ ‘ਚ ਸੁੱਟ ਦਿਤੀ। ਧੜੰਮ ਦੀ ਅਵਾਜ਼ ਨਾਲ ਲਾਸ਼ ਪਾਣੀਆਂ ਦੇ ਬਿਲੇ ਲੱਗਦਿਆਂ ਹੀ ਇਕੇਰਾਂ ਤੇ ਜਿਵੇਂ ਉਸ ਨੂੰ ਖੜੇ ਖੜੋਤੇ ਸਕਤਾ ਜਿਹਾ ਮਾਰ ਗਿਆ ਅਤੇ ਪਿਛੋਂ ਉਹ ਸਾਰੇ ਹਰੀਕੇ ਰੈੱਸਟ ਹਾਊਸ ਵਿਚ ਆ ਗਏ। ਜਿੱਥੇ ਬਲਵਿੰਦਰ ਘੋੜਾ, ਪ੍ਰਿਥੀਪਾਲ, ਅਰਵਿੰਦਰ ਸਿੰਘ ਅਤੇ ਉਸ ਲਈ ਜੀਭ ਦੀ ਤਰਾਵਟ ਵਾਸਤੇ ਪੁਲਿਸ ਅਫ਼ਸਰਾਂ ਨੇ ਦੋ ਵਧੀਆ ਸ਼ਰਾਬ ਦੀਆਂ ਬੋਤਲਾਂ ਭੇਜੀਆਂ ਅਤੇ ਖੁਦ ਉਹ ਰੈੱਸਟ ਹਾਊਸ ਦੇ ਬੰਗਲੇ ‘ਚ ਅਨੰਦ ਮੰਗਲ ਮਾਣਦੇ ਰਹੇ। ਐੱਸ ਪੀ ਓ ਦੇ ਦੱਸਣ ਅਨੁਸਾਰ ਉਹ ਰਾਤੀਂ 12 ਵਜੇ ਤੋਂ ਬਾਅਦ ਉਸ ਦਿਨ ਮਾਰੂਤੀ ਕਾਰ ‘ਤੇ ਥਾਣਾ ਝਬਾਲ ਆ ਕੇ ਵੜੇ। ਇਸ ਵਾਰਦਾਤ ਦੇ ਚਾਰ ਦਿਨ ਪਿਛੋਂ ਸ੍ਰੀ ਅਜੀਤ ਸਿੰਘ ਸੰਧੂ ਨੇ ਉਸ ਨੂੰ ਸੱਦਿਆ ਅਤੇ ਉਸ ਨੂੰ ਇਹ ਕਿਹਾ ਕਿ ‘ਜੋ ਕੁਝ ਵੀ ਕਾਕਾ ਤੂੰ ਉਸ ਦਿਨ ਵੇਖਿਆ ਹੈ, ਉਸਨੂੰ ਸੁਪਨੇ ਵਾਂਗ ਭੁੱਲ ਜਾਹ…. ਇਹਦੇ ‘ਚ ਹੀ ਤੇਰੀ ਜਿ਼ੰਦਗੀ ਦੀ ਬਿਹਤਰੀ ਛੁਪੀ ਹੈ… ਤੂੰ ਫਿਕਰ ਨਾ ਕਰੀਂ ਅਡੀਸ਼ਨਲ ਡੀ ਜੀ ਪੀ ਨੂੰ ਕਹਿ ਕੇ ਤੈਨੂੰ ਪੀ ਏ ਪੀ ਦਾ ਨੰਬਰ ਤਾਂ ਦੁਆ ਹੀ ਦਿਆਂਗੇ।’ ਪਿਛੋਂ ਕਾਂਸਟੇਬਲ ਦੇ ਨੰਬਰ ਦੀ ਮੰਗ ਕਰਨ ‘ਤੇ ਸਤਨਾਮ ਸਿੰਘ ਨੇ ਕਿਹਾ ਕਿ ਤੇਰੇ ਵਰਗੇ ਵੀਹ ਐੱਸ ਪੀ ਓ ਤੁਰੇ ਫਿਰਦੇ ਹਨ।

Saturday, 18 May 2019

ਡਾਕਟਰ ਧਰਮਵੀਰ ਗਾਂਧੀ


ਡਾਕਟਰ ਧਰਮਵੀਰ ਗਾਂਧੀ 



ਡਾਕਟਰ ਧਰਮਵੀਰ ਗਾਂਧੀ ਨੂੰ ਮੈਂ ਉਦੋਂ ਤੋਂ ਜਾਣਦਾ ਜਦੋਂ ਤੋਂ ਮੈਨੂੰ ਸੁਰਤ ਤੇ ਸਮਾਜਿਕ ਸੋਝੀ ਆਉਣ ਲੱਗੀ ਸੀ। ਉਹ ਮੇਰੀ ਮਾਂ ਦਾ ਵੀ ਸਤਿਕਾਰਤ ਸੀ , ਪਿਓ ਦਾ ਵੀ , ਮੇਰੇ ਚਾਚੇ ਤਾਇਆ , ਸਾਡੇ ਘਰ ਕੰਮ ਕਰਨ ਵਾਲ਼ਿਆਂ ਸਮੇਤ ਮੇਰੇ ਦੁਆਲੇ ਕਹਿ ਲਉ ਸਮੁੱਚੀ ਕਾਇਨਾਤ ਦਾ ਸਤਿਕਾਰਤ ਹੋਣ ਦੇ ਨਾਲ ਨਾਲ ਆਪਣਾ ਵੀ ਸੀ ਤੇ ਹੈ। ਉਸਨੂੰ ਸਭ ਪਸੰਦ ਕਰਦੇ ਆਏ ਹਨ । (ਡਾਕਟਰ ਧਰਮਵੀਰ ਗਾਂਧੀ ਪਿੰਡ ਬਿਲਾਸਪੁਰ (ਮੋਗਾ) ਦਸ ਸਾਲ ਮੈਡੀਕਲ ਅਫਸਰ ਰਹੇ , ਚਾਲੀ ਸਾਲ ਚ’ ਦਰਜਨਾਂ ਡਾਕਟਰ ਆਏ ਪਰ ਡਾਕਟਰ ਗਾਂਧੀ ਪਿੰਡ ਆਇਆ ਹੀ ਸਾਡਾ ਆਪਣਾ ਬਣਨ ਸੀ ) ਸਾਡੇ ਪਿੰਡ ਚ’ ਸਾਡੇ ਆਪਣੇ ਸਿਆਸੀ ਟਕਰਾਅ ਸਨ , ਅਸੀਂ ਸਥਾਨਿਕ ਚੋਣਾਂ ਚ’ ਇੱਕ ਦੂਸਰੇ ਖ਼ਿਲਾਫ਼ ਲੜਦੇ ਤੇ ਭਾਗ ਲੈਂਦੇ ਸੀ । ਪਰ ਸਾਡੇ ਸਭ ਦੀਆਂ ਚਾਰ ਚੀਜ਼ਾਂ ਸਾਡੇ ਪਿੰਡ ਸਦਾ ਸਾਂਝੀਆਂ ਰਹੀਆ , ਸਕੂਲ , ਗੁਰੂ ਘਰ , ਸ਼ਮਸ਼ਾਨ ਘਾਟ ਤੇ ਡਾਕਟਰ ਗਾਂਧੀ ,,, ਇਹੀ ਕਾਰਨ ਸੀ ਮੈਂ ਮਨ ਹੀ ਮਨ ਡਾਕਟਰ ਗਾਂਧੀ ਨੂੰ ਆਪਣਾ ਆਦਰਸ਼ ਮੰਨਣ ਲੱਗਿਆ । ਜਦੋਂ ਥੋੜਾ ਵੱਡਾ ਹੋਇਆਂ ਤਾਂ ਸੋਚਣ ਵੀ ਲੱਗਾ ਕਿ ਡਾਕਟਰ ਸਾਬ ਵਰਗਾ ਬਣਨਾ ,,, ਫਿਰ ਪਤਾ ਲੱਗਾ ਕਿ ਡਾਕਟਰ ਤਾਂ ਸਾਹਿਤ ਤੇ ਕੌਮਾਂਤਰੀ ਬਰਾਬਰੀ ਦੀ ਸਿਆਸਤ ਪੜਕੇ ਇਹੋ ਜਾ ਬਣਿਆ । ਮੈਂ ਉਹਦੇ ਵਰਗਾ ਬਣਨ ਲਈ ਉਹ ਸਭ ਪੜਨ ਲੱਗਾ ,,, ਤਾਂ ਮੈਨੂੰ ਵਰਤਾਰਿਆਂ ਦੀ ਕੁੱਝ ਕੁੱਝ ਸਮਝ ਵੀ ਆਉਣ ਲੱਗੀ । ਮੈਂ ਪਟਿਆਲ਼ੇ ਯੂਨੀਵਰਸਿਟੀ ਜਦੋਂ ਦਾਖਲਾ ਲਿਆ ਤਾਂ ਉਸਦੇ ਆਭਾ ਮੰਡਲ ਚ’ ਵਿਚਰਣ ਵੀ ਲੱਗਾ । ਹੱਕ ਹਕੂਕ ਦੀਆਂ ਲੜਾਈਆਂ ਚ’ ਥੋੜਾ ਬਹੁਤ ਹਿੱਸਾ ਵੀ ਲੈਣ ਲੱਗਾ । ਪਰ ਡਾਕਟਰ ਧਰਮਵੀਰ ਗਾਂਧੀ ਵਰਗਾ ਨਹੀਂ ਬਣ ਪਾਇਆ । ਉਸਦੀ ਊਰਜਾ ਦ੍ਰਿੜ੍ਹਤਾ ਜਿੱਥੇ ਸ਼ੁਰੂ ਹੁੰਦੀ ਮੇਰੀ ਜਾਂ ਮੇਰੇ ਵਰਗਿਆ ਦੀ ਮੁੱਕਣ ਲੱਗਦੀ । ਉਸਦੀ ਜ਼ਿਦ ਉਸਦੇ ਅੰਦਰਲੇ ਸੱਚ ਵਿੱਚੋਂ ਪਰਚੰਡ ਹੁੰਦੀ । ਸਾਡੀ ਜ਼ਿਦ ਵਿੱਚ ਸਾਡਾ ਪਰਿਵਾਰ ਤੇ ਆਰਥਿਕ ਭਵਿੱਖ ਆਣ ਕੇ ਅਡਿੱਕਾ ਡਾਹ ਜਾਂਦਾ । ਉਸਨੂੰ ਮੈਂ ਇੱਕ ਸਮੇਂ ਕਿੰਨੇ ਹੀ ਕਿਰਦਾਰਾਂ ਚ’ ਦੇਖਦਾ , ਮਾਹਿਰ ਡਾਕਟਰ , ਮਨੋਚਿਕਤਸਕ , ਸਿਆਸੀ ਆਗੂ , ਸਾਹਿਤਕ ਰਸੀਆਂ , ਇਹ ਸਾਰੇ ਕਿਰਦਾਰਾਂ ਚ’ ਝੂਠ , ਫ਼ਰੇਬ ਦੀ ਇੱਕ % ਵੀ ਗੁੰਜਾਇਸ਼ ਨਜ਼ਰ ਨਹੀਂ ਆਉਂਦੀ । ਉਹ ਅਗਲੇ ਦੀ ਜੇਬ ਦੇਖੇ ਬਿਨਾ ਇਲਾਜ ਕਰਦਾ , ਅਗਲੇ ਦੇ ਚਿਹਰੇ ਨੂੰ ਦੇਖ ਅਸਲ ਨਬਜ਼ ਵੀ ਨਾਲ ਦੀ ਨਾਲ ਫੜਦਾ , ਕਿਸੇ ਦੇ ਪਰਿਵਾਰਕ ਕਾਰੋਬਾਰੀ ਰੌਲੇ ਚ’ ਬਿਨਾ ਵੋਟਾਂ , ਸਪੋਰਟ ਤੇ ਆਰਥਿਕਤਾ ਦੇਖੇ ਸੱਚੀ ਗੱਲ ਮੂੰਹ ਤੇ ਕਹਿੰਦਾ । ਉਹ ਇੱਕ ਅੱਖ ਨਾਲ ਅਜੇ ਵੀ ਚੰਗੇ ਲੇਖ ਕਿਤਾਬਾਂ ਤੇ ਸਿਆਸੀ ਨੁਕਤਿਆਂ ਨੂੰ ਪੜਨ ਲਈ ਲਲਚਾਉਂਦਾ ਹੈ। ਮੈਂ ਅੱਜ ਪਹਿਲੀ ਬਾਰ ਲਿਖ ਰਿਹਾ ਨਿੱਜੀ ਤੌਰ ਤੇ ਮੈਂ ਡਾਕਟਰ ਗਾਂਧੀ ਦੀ ਸੇਹਤ ਤੋਂ ਵਾਕਿਫ ਹਾਂ ਤੇ ਉਹਨਾਂ ਨੂੰ ਉਹਨੀ ਮੁਹੱਬਤ ਕਰਦਾ ਜਿੰਨੀ ਆਪਣੇ ਪਿਉ ਨੂੰ ਕਰਦਾ ਸੀ । ਜਦੋਂ ਉਹ ਸਾਡੇ ਕੋਲ ਨਿਊਜੀਲੈਂਡ ਪਿਛਲੇ ਸਾਲ ਆਏ , ਮੈਂ ਇਹ ਸੰਸਾ ਜਾਹਿਰ ਕੀਤਾ ਕਿ ਪੰਜਾਬ ਦੀ ਸਿਆਸਤ ਨਾਲ਼ੋਂ ਮੈਨੂੰ ਤੁਹਾਡਾ ਫਿਕਰ ਹੈ । ਉਹ ਕਹਿੰਦੇ ਤਰਨਦੀਪ ਮੈਂ ਜਾਣਦਾ ਹਾਂ ਮੇਰੀ ਸੇਹਤ ਤੋਂ ਵੀ ਵਾਕਿਫ ਹਾਂ ਤੇ ਪਰ ਤੂੰ ਇਹ ਵੀ ਜਾਣਦਾ ਕਿ ਪੰਜਾਬ ਦੀ ਸਿਆਸੀ ਸਮਾਜਿਕ ਤੇ ਆਰਥਿਕ ਸੇਹਤ ਕਿੰਨੀ ਖ਼ਰਾਬ ਹੈ । ਪਰ ਜੇ ਅਜਿਹੀ ਸਥਿਤੀ ਮੈਂ ਘਰ ਬੈਠ ਗਿਆ ਤਾਂ ਇਤਿਹਾਸ ਮੈਨੂੰ ਮਾਫ਼ ਨਹੀਂ ਕਰੇਗਾ । ਮੇਰੀ ਲੜਾਈ ਪੋਰਸ ਦੀ ਲੜਾਈ ਵਰਗੀ ਹੈ । ਜਿੱਥੇ ਜਿੱਤ ਤੇ ਹਾਰ ਦੇ ਅਰਥਾਂ ਨਾਲ਼ੋਂ ਖੜਨ ਦੇ ਅਰਥ ਵਿਸ਼ਾਲ ਨੇ , ਕਿਉਂਕਿ ਸਿਆਸਤ ਦੇ ਸਿਕੰਦਰ ਲੋਕਾਂ ਦੀ ਲੜਾਈ ਨਾਲ਼ੋਂ ਸੱਤਾ , ਤਾਕਤ ਤੇ ਹਊਮੇ ਦੀ ਲੜਾਈ ਲੜ ਰਹੇ ਨੇ । ਮੈਂ ਚੁੱਪ ਸੀ , ਮੇਰੇ ਕੋਲ ਕੋਈ ਜੁਆਬ ਨਹੀਂ ਸੀ । ਡਾਕਟਰ ਸਾਬ ਕਹਿੰਦੇ ਤਰਨਦੀਪ ਮੈਂ ਜਾਣਦਾ ਵੱਧ ਤੋਂ ਵੱਧ ਮੈਂ ਦਸ ਕੁ ਸਾਲ ਐਕਟਿਵ ਰਹਿ ਸਕਦਾ ਜੇ ਸੇਹਤ ਨੇ ਸਾਥ ਦਿੱਤਾ ਤਾਂ , ਮੇਰੀ ਕੋਸ਼ਿਸ਼ ਹੈ ਪੰਜ ਸੱਤ ਗਾਂਧੀ ਐਨੇ ਚ’ ਪੈਦਾ ਹੋ ਜਾਣ ਜੋ ਅਹੁਦਿਆਂ ਨਾਲ਼ੋਂ ਪੰਜਾਬ ਦੀ ਲੜਾਈ ਲੜ ਸਕਣ ਦਾ ਹੌਸਲਾ ਭਰ ਲੈਣ ।
ਹੁਣ ਮੈਂ ਡੂੰਗੇ ਵਿਚਾਰ ਚੋਂ ਆਪਣੇ ਵਿਵੇਕ ਨਾਲ ਸਮਝਦਾ । ਡਾਕਟਰ ਗਾਂਧੀ ਕੋਸ਼ਿਸ਼ ਕੀ ਹੈ ? ਉਹ ਚਿੜੀ ਵਰਗਾ ਜੋ ਚੁੰਝ ਚ’ ਪਾਣੀ ਲੈ ਜੰਗਲ਼ ਦੀ ਅੱਗ ਆਪਣੇ ਸੀਮਤ ਸਾਧਨਾਂ ਨਾਲ ਬੁਝਾ ਰਿਹਾ ਤੇ ਕੋਸ਼ਿਸ਼ ਚ’ ਹੈ ਕਿ ਉਸਦਾ ਕਾਫਿਲਾ ਵਿਸ਼ਾਲ ਹੋਵੇ । ਜੋ ਲਗਾਤਾਰਤਾ ਚੋਂ ਹੀ ਹੋਵੇਗਾ । ਮੈਂ ਸਮਝਦਾ ਜਿਵੇਂ ਦਾ ਪਰਬੰਧ ਹੈ ਕੈਪਟਨ , ਮਹਾਰਾਣੀ ਪਰਨੀਤ ਕੌਰ , ਬਾਦਲ , ਢੀਡਸੇ ਦੀਆਂ ਕਤਾਰ ਤਾਂ ਬਹੁਤ ਲੰਬੀ ਹੈ । ਇੱਕ ਜਾਵੇਗਾ ਤਾਂ ਦੂਸਰਾ ਥਾਂ ਲੈਣ ਲਈ ਪਿੱਛੇ ਖੜਾ ਹੋਵੇਗਾ । ਪਰ ਡਾਕਟਰ ਗਾਂਧੀ ਯੁੱਗ ਪੁਰਸ਼ ਹੈ ਜੋ ਛੇਤੀ ਨਹੀਂ ਟੱਕਰਦੇ । ਹੁਣ ਪਟਿਆਲ਼ੇ ਵਾਲ਼ਿਆਂ ਦਾ ਆਉਦੀਆਂ ਲੋਕ ਸਭਾ ਚੋਣਾਂ ਇਮਤਿਹਾਨ ਨੇ , ਪਰਖ ਉਹਨਾਂ ਪੰਜ ਸਾਲ ਕਰ ਲਈ ਹੈ । ਡਾਕਟਰ ਗਾਂਧੀ ਕਿਸੇ ਦੇ ਅਸਲੇ ਦੇ ਲਾਇਸੰਸ ਦੀ ਸਿਫ਼ਾਰਸ਼ ਨਹੀਂ ਕਰੇਗਾ , ਡਾਕਟਰ ਗਾਂਧੀ ਟ੍ਰੈਫ਼ਿਕ ਪੁਲਿਸ ਤੋਂ ਫੜੇ ਜਾਣ ਤੇ ਛਡਵਾਉਣ ਲਈ ਫ਼ੋਨ ਵੀ ਨਹੀਂ ਕਰਦਾ , ਸ਼ਰਾਬ ਦੀ ਭੱਠੀ ਲਾਉਣ ਵਾਲੇ ਨਸ਼ਾ ਵੇਚਣ ਵਾਲ਼ਿਆਂ ਦੀ ਪੁਸਤਪਨਾਹੀ ਉਸਦੇ ਸੁਭਾਅ ਦਾ ਹਿੱਸਾ ਨਹੀਂ । ਮਰਗ ਦੇ ਭੋਗ ਉਸਦੀ ਸਿਆਸੀ ਜ਼ਮੀਨ ਦਾ ਅਧਾਰ ਨਹੀਂ , ਉਹ ਗਲ ਚ’ ਸਰੋਪਿਆਂ ਦੀ ਰਾਜਨੀਤੀ ਨਹੀਂ ਕਰਦਾ , ਵੋਟਾਂ ਖਰੀਦਣ , ਖ਼ਬਰਾਂ ਅਖ਼ਬਾਰਾਂ ,ਟੀ.ਵੀ ਖਰੀਦਣ ਲਈ ਉਸ ਕੋਲ ਹਰਾਮ ਦੇ ਪੈਸੇ ਨਹੀਂ ਹਨ । ਵੋਟਰਾਂ ਨੂੰ ਸਮਾਰਟ ਫ਼ੋਨ , ਕਰਜ਼ਾ ਮੁਆਫ਼ੀ , ਆਟਾ ਦਾਲ ਸਕੀਮ ਦੇ ਫੋਕੇ ਤੇ ਝੂਠੇ ਲਾਲਚਾਂ ਦਾ ਸਹਾਰਾ ਉਸਦੀ ਫ਼ਿਤਰਤ ਦਾ ਹਿੱਸਾ ਨਹੀਂ । ਉਹ ਕਾਨੂੰਨ ਦੀ ਗੱਲ ਕਰੇਗਾ , ਪੰਜਾਬ ਦੇ ਭਵਿੱਖ ਲਈ ਯੋਜਨਾਵਾਂ ਉਲੀਕਦਾ ਹੈ ਉਲੀਕੇਗਾ । ਉਹ ਬਾਦਲਾਂ ਦੇ ਟਰਾਂਸਪੋਰਟ ਮਾਫੀਏ ਤੇ ਨੱਥ ਪਾਉਣ ਲਈ ਰਾਜਪੁਰਾ ਬਠਿੰਡਾ ਟ੍ਰੇਨ ਪਰੋਜੈਕਟ ਤੇ ਕੰਮ ਕਰ ਰਿਹਾ ਹੈ , ਜਿਸ ਚ’ ਪੰਜਾਹ ਫੀਸਦੀ ਕਾਮਯਾਬੀ ਹਾਸਿਲ ਕਰ ਚੁੱਕਿਆਂ ਹੈ । ਉਸਨੇ ਬੰਜਰ ਹੁੰਦੇ ਪੰਜਾਬ ਦੇ ਪਾਣੀਆਂ ਦੀ ਲੜਾਈ ਦਾ ਮੁੱਢ ਪਾਰਲੀਮੈਂਟ ਤੇ ਕੋਰਟ ਰਾਹੀਂ ਵਿੱਢਿਆ ਹੈ । ਉਸਨੇ ਸਿੱਖਾਂ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਅਨੰਦ ਮੈਰਿਜ ਐਕਟ ਸੰਸਦ ਚ’ ਪੇਸ਼ ਕਰਕੇ ਅਕਾਲੀ ਸਿਆਸਤ ਦੇ ਚਿਹਰਾ ਨਕਾਬ ਕੀਤਾ ਹੈ , ਕਿਉਂਕਿ ਸਿੱਖੀ ਦਾ ਅਲਾਪ ਅਲਾਪਣ ਵਾਲੇ 65 ਸਾਲਾਂ ਤੋਂ ਚੁੱਪ ਸਨ । ਉਹ ਗੁਰੂ ਗੋਬਿੰਦ ਸਿੰਘ ਦੇ ਫ਼ਲਸਫ਼ੇ ਦੀ ਬਾਤ ਸਾਂਝੇ ਸ਼ਮਸ਼ਾਨ ਘਰਾਂ ਰਾਹੀਂ ਪਾਉਂਦਾ ਹੈ । ਉਹ ਜਾਣਦਾ ਹੈ ਕਿ ਸਿੱਖਿਆ ਦਾ ਪਸਾਰਾ ਹੀ ਅਗਿਆਨਤਾ , ਝੂਠ ਤੇ ਊਚ ਨੀਚ ਦਾ ਫਸਤਾ ਵੱਢੇਂਗਾ । ਜਿਸ ਲਈ ਆਪਣੇ ਹਲਕੇ ਦੇ ਸਕੂਲਾ ਵੱਲ ਗਰਾਟਾਂ ਦਾ ਮੁਹਾਣ ਕਰਦਾ ਹੋਇਆਂ । ਪੁਰਾਤਨ ਰਿਵਾਇਤਾ ਨੂੰ ਤੋੜਦਾ ਹੈ । ਉਹ ਰੈਲੀਆਂ ਰੋਡ ਸ਼ੋਆਂ ਦੀ ਬਿਜਾਏ , ਭਵਿੱਖ ਦਾ ਰੋਡ ਮੈਪ ਤਿਆਰ ਕਰਦਾ ਹੈ । ਉਹ ਉਸ ਸਫ਼ਰ ਤੇ ਹੈ ਜਿੱਥੇ ਕੰਡੇ ਨੇ , ਕਠਿਨਾਈਆਂ ਨੇ ਪਰ ਸੱਚ ਦੇ ਪ੍ਰਚਮ ਚੋਂ ਉਪਜੀ ਆਸ ਉਸਦਾ ਆਸਰਾ ਵੀ ਹੈ । ਮੇਰਾ ਮਿੱਤਰ ਤੇ ਕੁਲੀਗ ਜਸਪ੍ਰੀਤ ਰਾਜਪੁਰਾ (ਪੱਤਰਕਾਰ ਪੰਜਾਬੀ ਟਿਰਬਿਊਨ ਆਕਲੈਂਡ) ਪੰਜਾਬ ਤੋਂ ਹੁਣੇ ਹੁਣੇ ਨਿਊਜੀਲੈਂਡ ਪਰਤਿਆ ਤੇ ਕਹਿੰਦਾ ਉਸਨੇ ਪਟਿਆਲ਼ੇ ਹਲਕੇ ਦੇ ਸੌ ਲੋਕਾਂ ਨਾਲ ਗੱਲ ਕੀਤੀ । ਡਾਕਟਰ ਧਰਮਵੀਰ ਗਾਂਧੀ ਦੇ ਕੰਮ ਤੇ ਇਮਾਨਦਾਰੀ ਤੇ ਕਿੰਤੂ ਕਰਨ ਵਾਲਾ ਇੱਕ ਵੀ ਨਹੀਂ ਸੀ । ਸਾਰੇ ਡਾਕਟਰ ਧਰਮਵੀਰ ਗਾਂਧੀ ਦੀ ਸਿਫ਼ਤ ਹੀ ਕਰ ਰਹੇ ਸਨ ਤੇ ਨਾਲ ਦੀ ਨਾਲ ਸੰਸਾ ਵੀ ਇਸ ਬਾਰ ਲੜਾਈ ਮੌਜੂਦਾ ਮੁੱਖ ਮੰਤਰੀ ਦੀ ਧਰਮ ਪਤਨੀ ਨਾਲ ਹੈ ਤੇਂ ਪਿਛਲੀ ਬਾਰ ਦਾ ਅਕਾਲੀ ਉਮੀਦਵਾਰ ਦੀਪਇੰਦਰ ਢਿੱਲੋ ਵੀ ਮਹਾਰਾਣੀ ਪਰਨੀਤ ਕੌਰ ਦੇ ਨਾਲ ਹੈ । ਦੋਵੇਂ ਘਾਗ ਸਿਆਸਤਦਾਨ ਨੇ ,, ਮੈਂ ਕਿਹਾ ਇਹੀ ਤਾਂ ਸਵਾਲ ਹੈ ਕਿ ਜੋ ਸੱਤਾ ਦੇ ਨਾਲ ਆਪਣੀ ਵਫ਼ਾਦਾਰੀ ਬਦਲਦੇ ਨੇ , ਰਲ ਜਾਂਦੇ ਨੇ , ਕਿ ਉਹ ਲੋਕਾਂ ਦੇ ਸੱਚੇ ਵਫ਼ਾਦਾਰ ਹੋਣਗੇ ? ਇਹ ਚੋਣ ਪੀਡੀਏ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦਾ ਇਮਤਿਹਾਨ ਨਹੀਂ , ਲੋਕਾਂ ਦਾ ਇਮਤਿਹਾਨ ਹੈ ? ਜੋ ਵੋਟਾਂ ਪਈਆਂ ਤੋਂ ਲੀਡਰਾਂ , ਪਾਰਟੀਆਂ ਨੂੰ ਕੋਸਦੇ ਨੇ , ਬਾਕੀ ਪਟਿਆਲ਼ੇ ਲੋਕ ਸਭਾ ਹਲਕੇ ਦੀਆਂ ਵੋਟਾਂ ਨਾਂ ਮਹਾਰਾਣੀ ਦੀਆਂ ਹਨ , ਨਾਂ ਦੀਪਇੰਦਰ ਢਿੱਲੋ ਦੀਆਂ । ਇਹ ਲੋਕਾਂ ਦੀਆਂ ਹਨ । ਜ਼ਿਹਨਾਂ ਆਪਣੇ ਜ਼ਮੀਰ ਨੂੰ ਟਟੋਲਦੇ ਹੋਏ ਵੋਟ ਪਾਈ ਤਾਂ ਤੱਕੜੀ ਡਾਕਟਰ ਧਰਮਵੀਰ ਗਾਂਧੀ ਵਾਲੇ ਪਾਸੇ ਹੀ ਝੁਕੇਗੀ । ਸੋ ਅੰਤ ਪਟਿਆਲ਼ੇ ਰਾਹੀਂ ਪੰਜਾਬ ਦੇ ਕੱਲ ਦੀ ਖੇਡ ਲੋਕਾਂ ਕੋਲ ਹੀ ਹੈ ? ਇਸੇ ਖੇਡ ਨੇ ਨੱਕੇ ਮੋੜਣੇ ਨੇ ਤੇ ਇਸੇ ਖੇਡ ਨੇ ਵੱਡੇ ਘਰਾਂ ਦੇ ਮੋਘੇ ਲਾਉਣੇ ਜਾਂ ਬੰਦ ਕਰਨੇ ਨੇ !
ਡਾਕਟਰ ਧਰਮਵੀਰ ਗਾਂਧੀ ਲਈ ਮੇਰੀ ਬਹੁਤ ਪਹਿਲਾ ਲਿਖੀ ਇੱਕ ਕਵਿਤਾ ਦਾ ਬੰਦ ਹੀ ਢੁਕਵਾਂ ਹੈ ।
“ਹਨੇਰੀ ਰਾਤ ਚ’ ਜਗਦੇ ਦੀਵੇ ਤੋਂ ਪ੍ਰੇਰਣਾ ਲਈਏ
ਜਿਸ ਮੱਥਾ ਲਾਇਆ ਹਨੇਰੇ ਨਾਲ ,
ਹਾਲਾਕਿ ਉਸਦੀ ਲੋਅ ਮੱਧਮ ਵੀ ਪੈ ਸਕਦੀ ਹੈ ਸਮੇਂ ਨਾਲ ,
ਪਰ ਐਨਾ ਕੁ ਚਾਨਣ ਤਾਂ ਉਹ ਕਰ ਗਿਆ ਕਿ ,
ਕਿ ਕਿਸੇ ਦਾ ਕੁੱਝ ਸਵਰ ਜਾਵੇ ਉਸਦੀ ਰੋਸ਼ਨੀ ਨਾਲ ।”
ਤਰਨਦੀਪ_ਬਿਲਾਸਪੁਰ

Friday, 17 May 2019

ਹੱਥ ਵਾਲਾ ਪੱਖਾ


ਪੱਖਾ, ਪੱਖੀ :-  ਹਵਾ ਦੇਣ ਵਾਲੇ ਯੰਤਰ fan 

ਵਿਰਸੇ ਦੀਆਂ ਬਾਤਾਂ

ਹੱਥ ਪੱਖੇ ਵੀ ਹੋਏ ਬੀਤੇ ਦੀ ਬਾਤ
ਤਕਨੀਕ ਦੇ ਵਿਕਾਸ ਨੇ ਭਾਵੇਂ ਮਨੁੱਖੀ ਜ਼ਿੰਦਗੀ ਨੂੰ ਬਹੁਤ ਸਾਰੇ ਪੱਖਾਂ ਤੋਂ ਲਾਭ ਦਿੱਤਾ ਹੈ, ਪਰ ਵਿਸਰਦੀਆਂ ਜਾ ਰਹੀਆਂ ਚੀਜ਼ਾਂ ਦਾ ਝੋਰਾ ਵੀ ਮਨ ਨੂੰ ਲੱਗਾ ਰਹਿੰਦਾ ਹੈ। ਕਿੰਨੇ ਭਲੇ ਸਨ ਉਹ ਦਿਨ ਤੇ ਕਿੰਨੇ ਭਲੇ ਸਨ ਉਨ੍ਹਾਂ ਵੇਲਿਆਂ ਦੇ ਲੋਕ, ਜਦੋਂ ਹਰ ਕੰਮ ਹੱਥੀਂ ਕੀਤਾ ਜਾਂਦਾ ਸੀ ਤੇ ਇਕ ਦੂਜੇ ਦੇ ਕੰਮ ਆਉਣ ਨੂੰ ਧੰਨ ਭਾਗ ਸਮਝਿਆ ਜਾਂਦਾ ਸੀ।

ਤਕਨੀਕ ਦੇ ਇਸ ਦੌਰ ਵਿਚ ਨਾ ਪਹਿਲਾਂ ਵਰਗੀਆਂ ਚੀਜ਼ਾਂ ਰਹੀਆਂ ਨੇ ਤੇ ਨਾ ਹੀ ਚੀਜ਼ਾਂ ਦੀ ਵਰਤੋਂ ਕਰਨ ਵਾਲੇ। ਮਸ਼ੀਨੀ ਦੌਰ ਵਿਚ ਹੱਥੀਂ ਕੰਮ ਕਰਨਾ ਘਟ ਰਿਹੈ ਤੇ ਮਸ਼ੀਨਾਂ ਦਿਆਂ ਸਵਿੱਚਾਂ 'ਤੇ ਹੱਥ ਜ਼ਿਆਦਾ ਘੁੰਮਦੇ ਨੇ। ਭਾਵੇਂ ਬਦਲਾਅ ਨੂੰ ਕੁਦਰਤ ਦਾ ਦਸਤੂਰ ਮੰਨਿਆ ਜਾਂਦੈ, ਪਰ ਜਿਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਵਿਸਰ ਰਹੀਆਂ ਨੇ ਤੇ ਨਵੀਆਂ ਨੇ ਮਨੁੱਖ ਦੀ ਜ਼ਿੰਦਗੀ ਵਿਚ ਭਾਰੀ ਤਬਦੀਲੀ ਲਿਆਂਦੀ ਹੈ, ਇਹ ਸਭ ਵਰਤਾਰਾ ਹੈਰਾਨ ਕਰਨ ਵਾਲਾ ਹੈ।
ਤਸਵੀਰ ਨੂੰ ਗ਼ੌਰ ਨਾਲ ਦੇਖੋ। ਹੱਥ ਨਾਲ ਝੱਲਣ ਵਾਲਾ ਇਹ ਪੱਖਾ ਕਿਸੇ ਵੇਲ਼ੇ ਲੋਕਾਂ ਦਾ ਪਸੀਨਾ ਸੁਕਾਉਣ ਦੇ ਕੰਮ ਆਉਂਦਾ ਸੀ। ਇਕ ਜਣਾ ਇਸ ਵੱਡ ਅਕਾਰੀ ਪੱਖੇ ਨੂੰ ਦੋਹਾਂ ਹੱਥਾਂ 'ਚ ਫੜ ਕੇ ਝੱਲਦਾ ਸੀ ਤੇ ਹਵਾ ਲੈਣ ਵਾਲੇ ਉਸ ਨੂੰ ਅਸੀਸਾਂ ਦਿੰਦੇ ਨਹੀਂ ਸੀ ਥੱਕਦੇ। ਇਹ ਪੱਖੇ ਆਮ ਤੌਰ 'ਤੇ ਗੁਰਦੁਆਰਿਆਂ, ਹੋਰ ਧਾਰਮਿਕ ਥਾਂਵਾਂ ਜਾਂ ਜਨਤਕ ਸਭਾਵਾਂ ਵਿਚ ਵਰਤੇ ਜਾਂਦੇ ਸਨ, ਜਿੱਥੇ ਸੰਗਤ ਵੱਡੀ ਗਿਣਤੀ ਵਿਚ ਹੋਵੇ ਤੇ ਓਨੇ ਪੱਖਿਆਂ ਦਾ ਪ੍ਰਬੰਧ ਨਾ ਕੀਤਾ ਹੋਵੇ। ਪਿੰਡਾਂ ਦੇ ਗੁਰਦੁਆਰਿਆਂ ਵਿਚ ਇਹ ਪੱਖੇ ਆਮ ਹੁੰਦੇ ਸਨ, ਕਿਉਂਕਿ ਗ਼ਰਮੀਆਂ ਮੌਕੇ ਉਥੇ ਇਨ੍ਹਾਂ ਦੀ ਜ਼ਰੂਰਤ ਜ਼ਿਆਦਾ ਰਹਿੰਦੀ ਸੀ। ਪੱਖਾ ਝੱਲਣ ਦੀ ਸੇਵਾ ਕਰਨੀ ਲੋਕ ਖੁਸ਼ਕਿਸਮਤੀ ਵਾਲਾ ਕੰਮ ਸਮਝਦੇ ਸਨ। ਆਪਣੀ ਵਾਰੀ ਮੰਗ ਕੇ ਲਈ ਜਾਂਦੀ ਸੀ ਕਿ ਹੁਣ ਤੁਸੀਂ ਬਸ ਕਰੋ, ਥੱਕ ਗਏ ਹੋਵੋਗੇ, ਮੈਨੂੰ ਪੱਖਾ ਫੜਾ ਦਿਓ।
ਪਰ ਅੱਜ ਦੇ ਇਸ ਦੌਰ ਵਿਚ ਹੱਥ ਪੱਖਿਆਂ ਸਮੇਤ ਘਰਾਂ ਵਿਚ ਵਰਤੀਆਂ ਜਾਣ ਵਾਲੀਆਂ ਹੱਥ ਪੱਖੀਆਂ ਦੀ ਵਰਤੋਂ ਵੀ ਖਤਮ ਵਾਂਗ ਹੋ ਗਈ ਹੈ। ਬਿਜਲਈ ਪੱਖਿਆਂ, ਕੂਲਰਾਂ, ਏ. ਸੀ. ਵਰਗੇ ਸਾਧਨਾਂ ਨੇ ਮਨੁੱਖ ਦਾ ਪਸੀਨਾ ਸੁਕਾਉਣ ਤੇ ਠੰਢਕ ਦੇਣ ਵਿਚ ਵੱਡਾ ਯੋਗਦਾਨ ਪਾਇਆ ਹੈ। ਮਨੁੱਖ ਸਹੂਲਤਾਂ ਦਾ ਏਨਾ ਆਦੀ ਹੋ ਚੁੱਕਾ ਹੈ ਕਿ ਜੇ ਉਸ ਨੂੰ ਅੱਧਾ ਘੰਟਾ ਪੱਖਾ ਝੱਲਣਾ ਵੀ ਪੈ ਜਾਵੇ ਤਾਂ ਕਈ ਦਿਨ ਬਾਹਾਂ ਦਰਦ ਕਰਨੋਂ ਨਹੀਂ ਹਟਦੀਆਂ।



ਬੇਸ਼ੱਕ ਅਸੀਂ ਏ.ਸੀ., ਬਿਜਲੀ ਪੱਖਿਆਂ ਅਤੇ ਕੂਲਰਾਂ ਦਾ ਭਰਪੂਰ ਆਨੰਦ ਮਾਣ ਰਹੇ ਹਾਂ, ਪਰ ਫਿਰ ਵੀ ਹੱਥ ਪੱਖਿਆਂ ਦੀ ਆਪਣੀ ਹੀ ਪਛਾਣ ਹੈ। ਕੋਈ ਵੇਲਾ ਸੀ ਜਦੋਂ ਹੱਥ ਪੱਖੇ ਘਰਾਂ ‘ਚ ਬੜੇ ਚਾਅ ਨਾਲ ਬੁਣੇ ਜਾਂਦੇ ਸਨ। ਔਰਤਾਂ ਦਾ ਹੱਥ-ਪੱਖੇ, ਪੱਖੀਆਂ, ਦਰੀਆਂ, ਮੰਜੇ ਪੀੜ੍ਹੀਆਂ ਬੁਣਨਾ ਆਮ ਸ਼ੌਕ ਸੀ ਜੋ ਕਿ ਘਰ ਦੀ ਲੋੜ ਨੂੰ ਵੀ ਪੂਰਾ ਕਰਦਾ ਸੀ। ਹੱਥ ਪੱਖੇ, ਹੱਥ ਪੱਖੀ ਦੀ ਤਰ੍ਹਾਂ ਹੀ ਬੁਣੇ ਜਾਂਦੇ ਸਨ, ਪਰ ਇਹ ਆਕਾਰ ਵਿੱਚ ਹੱਥ ਪੱਖੀਆਂ ਨਾਲੋਂ ਵੱਡੇ ਹੁੰਦੇ ਸਨ। ਪਹਿਲਾਂ ਹੱਥ ਪੱਖੇ ਦਾ ਚੱਕਰਦਾਰ ਤਾਰ, ਜਿਸ ਨਾਲ ਮੁੱਠੀਨੁਮਾ ਹੱਥੀ ਜੜਤ ਹੁੰਦੀ ਸੀ ਫਰੇਮ ਬਾਜ਼ਾਰ ਵਿੱਚੋਂ ਖ਼ਰੀਦਿਆ ਜਾਂਦਾ। ਫਿਰ ਉਸ ‘ਤੇ ਕੁੜੀਆਂ ਰੰਗਦਾਰ ਰੇਸ਼ਮੀ ਧਾਗਿਆਂ ਦਾ ਤਾਣਾ ਪਾਉਂਦੀਆਂ। ਫਿਰ ਸੂਈ ਵਿੱਚ ਧਾਗਾ ਪਾ ਕੇ ਉਸ ਨੂੰ ਬੁਣਿਆ ਜਾਂਦਾ ਸੀ। ਹੱਥ ਪੱਖੇ ਨੂੰ ਕੁੜੀਆਂ ਬੜੀ ਮਿਹਨਤ ਨਾਲ ਬੁਣਦੀਆਂ। ਉਹ ਬੜੀਆਂ ਰੀਝਾਂ ਨਾਲ ਹੱਥ ਪੱਖਿਆਂ ਉੱਤੇ ਵੇਲ-ਬੂਟੇ ਤੇ ਮੋਰ-ਘੁੱਗੀਆਂ ਆਦਿ ਦੇ ਨਮੂਨੇ ਪਾਉਂਦੀਆਂ। ਪੱਖੇ ਨੂੰ ਬੁਣਨ ਤੋਂ ਬਾਅਦ ਇਸ ਦੇ ਦੁਆਲੇ ਵਲਦਾਰ ਝਾਲਰ ਲਾਈ ਜਾਂਦੀ। ਝਾਲਰ ਇੱਕ ਖ਼ਾਸ ਨਮੂਨੇ ਦੀ ਬਣਾਈ ਜਾਂਦੀ ਸੀ, ਜਿਹੜੀ ਕਿ ਪੱਖੇ ਵਾਲੇ ਪਾਸਿਓਂ ਪਲੇਟ ਪਾ ਕੇ ਛੋਟੀ ਕੀਤੀ ਹੁੰਦੀ ਸੀ ਅਤੇ ਬਾਹਰੋਂ ਖੁੱਲ੍ਹੀ ਹੁੰਦੀ ਸੀ। ਇਸ ਤਰ੍ਹਾਂ ਇਹ ਹੱਥ ਪੱਖਾ ਝੱਲ ਮਾਰਨ ਲਈ ਤਿਆਰ ਹੋ ਜਾਂਦਾ। ਹੱਥ ਨਾਲ ਝੱਲਣ ਵਾਲੇ ਇਹ ਪੱਖੇ ਕਿਸੇ ਵੇਲੇ ਲੋਕਾਂ ਦਾ ਪਸੀਨਾ ਸੁਕਾਉਣ ਦੇ ਕੰਮ ਆਉਂਦੇ ਸਨ। ਇਹ ਪੱਖੇ ਆਮ ਤੌਰ ‘ਤੇ ਸਮਾਜਿਕ ਤੇ ਧਾਰਮਿਕ ਇਕੱਠਾਂ ਵਿੱਚ ਵਰਤੇ ਜਾਂਦੇ ਸਨ। ਵਿਆਹ-ਸ਼ਾਦੀਆਂ ਵਿੱਚ ਲਾਵਾਂ-ਫੇਰਿਆਂ ਵੇਲੇ ਪਹਿਲਾਂ ਇਹੀ ਪੱਖੇ ਝੱਲੇ ਜਾਂਦੇ ਸਨ। ਗੁਰਦੁਆਰਿਆਂ ਵਿੱਚ ਇਹ ਪੱਖੇ ਆਮ ਹੁੰਦੇ ਸਨ। ਗੁਰੂਘਰ ਵਿੱਚ ਇਕੱਠ ਦੌਰਾਨ ਪੱਖਾ ਝੱਲਣ ਦੀ ਸੇਵਾ ਕਰਨੀ ਲੋਕ ਖ਼ੁਸ਼ਕਿਸਮਤੀ ਵਾਲਾ ਕੰਮ ਸਮਝਦੇ ਸਨ। ਗਰਮੀ ਦੇ ਮਹੀਨਿਆਂ ਵਿੱਚ ਵਹੁਟੀਆਂ ਵੀ ਰੀਝ ਕਰਦੀਆਂ ਸਨ ਕਿ ਕੰਤ ਉਨ੍ਹਾਂ ਨੂੰ ਪੱਖੇ ਦੀ ਹਵਾ ਦੇਵੇ ਤਾਹੀਓਂ ਤਾਂ ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ-
ਤੂੰ ਸੌਵੇਂ ਮੈਂ ਪੱਖਾ ਝੱਲਦੀ,
ਚੰਨ ਜਿਹਾ ਤੇਰਾ ਮੂੰਹ,
ਮੇਰਾ ਵੀ ਜੀਅ ਕਰਦਾ ਸੌਵਾਂ
ਪੱਖਾ ਝੱਲੇਂ ਤੂੰ
ਅੱਜ ਕੱਲ੍ਹ ਬਿਜਲਈ ਪੱਖਿਆਂ, ਕੂਲਰਾਂ, ਏ. ਸੀ. ਆਦਿ ਸਾਧਨਾਂ ਦੇ ਆ ਜਾਣ ਕਾਰਨ ਇਹ ਹੱਥ ਪੱਖੇ ਲੋਪ ਹੋ ਚੁੱਕੇ ਹਨ। ਪੱਖਿਆਂ ਦੇ ਜਾਣ ਨਾਲ ਪੱਖਾ ਝੱਲਣ ਦੀ ਸਾਂਝ ਤੇ ਪੱਖੇ ਬਣਾਉਣ ਦੀ ਇਹ ਕਲਾ ਵੀ ਖ਼ਤਮ ਹੋ ਰਹੀ ਹੈ।

ਖੁਸ਼ੀ ਦਾ ਖਿਆਲ 

ਪੁੱਤ:- ਮੰਮੀ ...ਮੰਮੀ... ਆਪਾਂ ਬਾਪੂ ਜੀ ਦੀ ਬੈਠਕ ਵਿਚ ਪੱਖਾ ਕਿਉਂ ਨੀਂ ਲਗਵਾ ਦਿੰਦੇ, ਵਿਚਾਰੇ ਸਾਰਾ ਦਿਨ ਹੱਥ ਵਾਲਾ ਪੱਖਾ ਝੱਲ-ਝੱਲ ਕੇ ਥੱਕ ਜਾਂਦੇ ਹੋਣਗੇ', ਮਾਸੂਮ ਜਿਹੇ ਜੋਤ ਨੇ ਆਪਣੀ ਮਾਂ ਦੀ ਬੁੱਕਲ ਵਿਚ ਬੈਠਦਿਆਂ ਕਿਹਾ।'ਮੰਮੀ:- ਪੁੱਤ! ਬੈਠਕ ਵਿਚ ਤਾਂ ਬਿਜਲੀ ਦੀ ਸਪਲਾਈ ਹੈ ਨੀਂ, ਬਹੁਤ ਪੁਰਾਣੀ ਬੈਠਕ ਏ ਨਾ...', ਮਾਂ ਨੇ ਜੋਤ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ।' ਪੁੱਤ:- ਅੱਛਾ! ਤਾਂ ਮੰਮੀ ਆਪਾਂ ਬਾਪੂ ਜੀ ਨੂੰ ਕੋਠੀ 'ਚ ਲੈ ਆਈਏ। ਗਰਮੀ ਕਿੰਨੀ ਹੋਈ ਪਈ ਆ, ਕੋਠੀ 'ਚ ਤਾਂ ਕੂਲਰ, ਏ. ਸੀ. ਸਾਰਾ ਕੁਝ ਹੈਗਾ। ਜੋਤ ਨੇ ਮਾਸੂਮੀਅਤ ਨਾਲ ਫਿਰ ਆਪਣੀ ਮਾਂ ਨੂੰ ਕਿਹਾ।'

ਮੰਮੀ:- ਲੈ ਤਾਂ ਆਈਏ ਬਾਪੂ ਨੂੰ ... ਪਰ ਉਨ੍ਹਾਂ ਨੂੰ ਖੰਘ ਲੱਗੀ ਹੋਈ ਆ ਨਾ, ਸਾਰਾ ਦਿਨ ਥੁੱਕਦੇ ਰਹਿੰਦੇ ਨੇ, ਕੋਠੀ ਦੀ ਸਫਾਈ ਰੱਖਣੀ ਔਖੀ ਹੋ ਜਾਊ...।'

ਪੁੱਤ:- 'ਮਾਂ... ਫਿਰ ਤਾਂ...', ਜੋਤ ਉਦਾਸ ਜਿਹਾ ਹੋ ਕੇ ਬੋਲਦਾ-ਬੋਲਦਾ ਰੁਕ ਗਿਆ। 
ਮੰਮੀ:- 'ਫਿਰ ਕੀ ਪੁੱਤ?... ਉਦਾਸ ਕਿਉਂ ਹੋ ਗਿਆ ਤੂੰ?' ਮਾਂ ਨੇ ਜੋਤ ਦੇ ਮੂੰਹ 'ਤੇ ਹੱਥ ਫੇਰਦਿਆਂ ਪੁੱਛਿਆ।'
ਪੁੱਤ:- ਮੰਮੀ ਸਰਦੀ 'ਚ ਤਾਂ ਮੈਨੂੰ ਵੀ ਖੰਘ, ਜ਼ੁਕਾਮ ਲੱਗ ਜਾਂਦਾ ਹੁੰਦਾ। ਮੇਰੀ ਵੀ ਤਾਂ ਤੁਸੀਂ ਨੱਕ ਸਾਫ਼ ਕਰਦੇ ਹੁੰਦੇ ਓ, ਤਾਂ ਕੀ ਤੁਸੀਂ ਮੈਨੂੰ ਵੀ ਬਾਪੂ ਜੀ ਦੀ ਬੈਠਕ 'ਚ ਭੇਜ ਦਿਓਗੇ।' ਜੋਤ ਦਾ ਮਾਸੂਮ ਜਿਹਾ ਸਵਾਲ ਸੁਣ ਕੇ ਮਾਂ ਨੇ ਉਸ ਨੂੰ ਪਿਆਰ ਨਾਲ ਘੁੱਟਦਿਆਂ ਕਿਹਾ।'
ਮਾਂ ਨੇ ਅੱਗੋਂ ਜਵਾਬ ਦਿੰਦਿਆਂ ਕਿਹਾ, '
ਮੰਮੀ:- ਪੁੱਤ ਤੂੰ ਤਾਂ ਸਾਡਾ ਪੁੱਤ ਏਂ ਤੇ ਉਹ ਤੇਰੇ ਪਾਪਾ ਦੇ ਪਾਪਾ ਨੇ। ਬਜ਼ੁਰਗ ਏਦਾਂ ਹੀ ਰਹਿੰਦੇ ਹੁੰਦੇ ਨੇ ਅਲੱਗ... ਨਾਲੇ ਬਜ਼ੁਰਗਾਂ ਨੂੰ ਗਰਮੀ-ਗੁਰਮੀ ਨ੍ਹੀਂ ਲਗਦੀ ਹੁੰਦੀ। ਉਹ ਤਾਂ ਅੱਡ ਰਹਿ ਕੇ ਹੀ ਖੁਸ਼ ਰਹਿੰਦੇ ਨੇ।''
ਮੰਮੀ:- ਨਾ... ਨਾ... ਮੈਂ ਤਾਂ ਆਵਦੇ ਲਾਡਲੇ ਨੂੰ ਹਮੇਸ਼ਾ ਆਪਣੇ ਨਾਲ ਰੱਖਾਂਗੀ। ਤੇਰੇ ਬਿਨਾਂ ਸਾਡਾ ਹੈ ਹੀ ਕੌਣ?' 'ਪੁੱਤ:- ਪਰ...ਮੰਮੀ ਬਾਪੂ ਜੀ ਦਾ ਵੀ ਤਾਂ ਆਪਣੇ ਬਿਨਾਂ ਕੋਈ ਹੋਰ ਨਹੀਂ... ਫਿਰ ਉਨ੍ਹਾਂ ਨੂੰ ਤੁਸੀਂ ਆਪਣੇ ਨਾਲੋਂ ਵੱਖ ਕਿਉਂ ਕਰ ਦਿੱਤਾ?', ਜੋਤ ਨੇ ਇਕ ਹੋਰ ਸਵਾਲ ਮਾਂ ਨੂੰ ਕੀਤਾ। ਪੁੱਤ:- ਤਾਂ ਠੀਕ ਆ, ਮੈਂ ਵੀ ਵੱਡਾ ਹੋ ਕੇ ਤੁਹਾਡੀ ਖੁਸ਼ੀ ਦਾ ਖਿਆਲ ਰੱਖਾਗਾ' 
ਇੰਨੀ ਗੱਲ ਕਹਿ ਕੇ ਦਸ ਸਾਲ ਦਾ ਮਾਸੂਮ ਜੋਤ ਮਾਂ ਦੀ ਬੁੱਕਲ 'ਚੋਂ ਨਿਕਲ ਕੇ ਭੱਜ ਗਿਆ ਪਰ ਉਸ ਦੀ ਗੱਲ ਸੁਣ ਕੇ ਉਸ ਦੀ ਮਾਂ ਨੀਵੀਂ ਪਾਈ ਬੈਠੀ ਸੋਚਾਂ 'ਚ ਗਵਾਚ ਗਈ ਸੀ।

ਕਿਰਪਾ ਕਰਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ।

Sunday, 21 April 2019

ਪੂਰੇ ਸੁਪਨਿਆਂ ਵਾਲਾ ਅਧੂਰਾ ਇਨਸਾਨ


Image may contain: 1 person, tree, outdoor and close-up

ਪੂਰੇ ਸੁਪਨਿਆਂ ਵਾਲਾ ਅਧੂਰਾ ਇਨਸਾਨ 

ਸੁਖਨੈਬ ਸਿੰਘ ਸਿੱਧੂ
43-44 ਸਾਲ ਪਹਿਲਾਂ ਰਾਜਸਥਾਨ ਦੇ ਜਿ਼ਲ੍ਹਾ ਝੂਨਝਨੂ ‘ਚ ਇੱਕ ਹਿੰਦੂ ਜਿਮੀਦਾਰ ਪਰਿਵਾਰ ਦੇ ਘਰੇ ਔਲਾਦ ਹੋਈ। ਬਾਪੂ ਦੀ ਪੱਗ ਦਾ ਰੰਗ ਹੋਰ ਰੰਗੀਨ ਹੋ ਗਿਆ ਚਿਹਰੇ ‘ਤੇ ਲਾਲੀਆਂ ਆ ਗਈਆਂ, ਮਾਂ ਦੀ ਲਹਿਰੀਏ ਵਾਲੀ ਚੁੰਨਰੀ ‘ਚ ਖੁਸ਼ੀ ਦੀ ਲਹਿਰ ਆਉਣ- ਜਾਣ ਲੱਗੀ, ਕਿਲਕਾਰੀਆਂ ਗੂੰਜੀਆਂ ‘ਛੋਹਰਾ ਹੂਆ’ ਥਾ। ਲਾਗੀ-ਤੱਥੇ ਪਹੁੰਚੇ, ਵਾਜੇ ਗਾਜੇ ਵੱਜੇ। ਪਰ ਮਾਰੂਥਲ ‘ਚ ਮਸਾਂ ਉੱਗੀ ਖੁਸ਼ੀਆਂ ਦੀ ਫਸਲ ਨੂੰ ਫਿਕਰਾਂ ਦੀ ਹਨੇਰੀ ਨੇ ਦੱਬ ਲਿਆ। ਚਾਅ ਮੱਠੇ ਪੈ ਗਏ, ਦੁੱਖ ਘੇਰਾ ਪਾਉਣ ਲੱਗੇ। ਇਹ ਛੋਹਰਾ ਬਾਕੀ ਬੱਚਿਆਂ ਵਰਗਾ ਨਹੀਂ ਸੀ। ਜੋ ਗੱਲ ਮਾਪੇ ਸੋਚਦੇ ਸੀ ਕਿ ਸਮੇਂ ਨਾਲ ਇਹਦੇ ਗੁਪਤ ਅੰਗ ਦਾ ਵਿਕਾਸ਼ ਹੋ ਜਾਣਾ ਉਹ ਗੱਲ ਨਾ ਬਣੀ, ਉਲਟਾ ਚੱਕਰ ਚੱਲਿਆ ਇਹ ‘ਮੁੰਡਾ’ ਕੁੜੀਆਂ ਦੇ ਕੱਪੜੇ ਪਸੰਦ ਕਰਨ ਲੱਗਾ, ਖੇਡਾਂ ਅਤੇ ਸੌਂਕ ਮਰਦਾਵੇ ਹੋਣ ਦੀ ਥਾਂ ਜਨਾਨੇ ਹੋਣ ਲੱਗੇ। ਸੀ ਤਾਂ ਜਿ਼ਗਰ ਦਾ ਟੁਕੜਾ ਪਰ ਲੋਕ ਲੱਜੋ ਖੁਸਰਾ ਡੇਰੇ ਵਾਲਿਆਂ ਨੂੰ ਦੇ ਦਿੱਤਾ। 

ਲੁਧਿਆਣੇ ਦੇ ਡੇਰੇ ‘ਚ ਪੈਰਾਂ ਨੂੰ ਘੰਗਰੂ ਅਤੇ 13 ਕੁ ਸਾਲ ਦੇ ਛੋਹਰੇ ਨੂੰ ਨਾਂਅ ਮਿਲਿਆ ‘ਮੋਹਨੀ ਮਹੰਤ’। ਹੁਣ ਡੇਰਾ ਹੀ ਉਹਦਾ ਸਭ ਕੁਝ ਸੀ। ਢੋਲਕੀ ਦੀ ਥਾਪ, ਪੈਰਾਂ ਦੀ ਤਾਲ ਅਤੇ ਕੁਝ ਗੀਤ ਬਾਕੀ ਮਹੰਤਾਂ ਵਾਂਗੂੰ ਉਹਦਾ ਮੁਕੱਦਰ ਬਣੇ। ਕਿਸੇ ਦੇ ਵਿਆਹ ਹੋਵੇ, ਕਿਸੇ ਦੇ ਮੁੰਡਾ ਜੰਮੇ ਜਾਂ ਕੋਈ ਤਿੱਥ ਤਿਉਹਾਰ ਹੁੰਦਾ ਇਹ ਜਾਂਦੇ–ਵਧਾਈਆਂ ਮੰਗਦੇ–ਖੁਸ਼ੀਆਂ ਵੰਡਦੇ, ਪਰ ਖੁਦ ਉਦਾਸ ਰਹਿੰਦੇ। ਉੱਚੀਆਂ ਕੰਧਾਂ ਤੋਂ ਪਾਰ ਝਾਕਦੀ ‘ਮੋਹਨੀ’ ਸੁਪਨੇ ਤਾਂ ਬਹੁਤ ਵੱਡੇ ਦੇਖਦੀ, ਡੇਰੇ ਦੀ ਕੰਧ ‘ਤੇ ਲੱਗਾ ਸਖਤ ਅਨੁਸ਼ਾਸਨ ਦਾ ਕੱਚ ਸੁਪਨਿਆਂ ਦੀ ਰੂਹ ‘ਚ ਖੂੰਭ ਜਾਂਦਾ, ਲਹੂ-ਲੁਹਾਣ ਸੁਪਨੇ ਸਸਕੀਆਂ ਭਰਦੇ, ਜਿਉਣ ਜੋਗੇ ਜਵਾਨੀ ਤੋਂ ਪਹਿਲਾਂ ਮਰਦੇ। ਗੁਰੂ-ਚੇਲਾ ਪਰੰਪਰਾ ਨੇ ਕਿੰਨਰਾਂ ਦਾ ਜੀਣਾ ਹੋਰ ਵੀ ਦੁੱਭਰ ਕੀਤਾ। ਉਹ ਦੱਸਦੀ ਹੈ, ‘ਡੇਰੇ ਦਾ ਮੁਖੀ ਗੁਰੁ ਹੀ ਸਭ ਕੁਝ ਹੁੰਦਾ, ਜੇ ਉਹ ਜਾਗਦਾ ਤਾਂ ਚੇਲਾ ਸੌਂ ਨਹੀਂ ਸਕਦਾ, ਰੋਟੀ ਵੀ ਗੁਰੂ ਤੋਂ ਬਾਅਦ ਖਾਣੀ, ਜਾਗਣਾ ਗੁਰੂ ਤੋਂ 2 ਘੰਟੇ ਪਹਿਲਾਂ-ਸੌਣਾ ਦੋ ਘੰਟੇ ਬਾਅਦ। ਇੱਕ ਨਰਕ ਮਾਪਿਆਂ ਦਾ ਘਰ ਹੁੰਦਾ, ਦੂਜਾ ਡੇਰੇਦਾਰਾਂ ਦੇ ਵੱਸ ਪੈ ਕੇ।

ਆਖਿਰ, ਸੁਪਨਿਆਂ ਨੇ ਰਾਹ ਫੜ ਲਿਆ। ਆਨੇ-ਬਹਾਨੇ ਮੋਹਨੀ ਰਾਜਸਥਾਨ ਜਾਂਦੀ, ਗੁਰੂ ਤੋਂ ਚੋਰੀਓ ਉਹ ਪੜ੍ਹਦੀ ਰਹੀ। ਛੇਵੀਂ-ਸੱਤਵੀ ਚੋਂ ਹਟਾ ਕੇ ਤਾਂ ਡੇਰੇ ਭੇਜਿਆ ਸੀ। ਪੱਤਰ-ਵਿਵਹਾਰ ਨਾਲ ਰਾਜਸਥਾਨ ਵਿੱਚੋ ਪਹਿਲਾਂ ਦਸਵੀ ਫਿਰ ਬਾਰਵੀਂ, ਬੀਏ ਤੋਂ ਬਾਅਦ ਉਹਨੇ ਮਾਸਟਰ ਆਫ ਸੋਸ਼ਲ ਵਰਕ ਦੀ ਡਿਗਰੀ ਕੀਤੀ।

ਹੁਣ ਮਨੁੱਖੀ ਅਧਿਕਾਰਾਂ ਉਪਰ ਪੀਐਚਡੀ ਕਰਦੀ ਮੋਹਨੀ ਮਹੰਤ ਲੁਧਿਆਣਾ ਦੀ ਲੋਕ ਅਦਾਲਤ ‘ਚ ਦੇਸ਼ ਦੀ ਪਹਿਲੀ ਥਰਡ ਜੈਂਡਰ ਮੈਂਬਰ ਹੈ ਜੋ ਜੱਜਾਂ ਦੇ ਬਰਾਬਰ ਬੈਠ ਕੇ ਸੁਣਵਾਈ ਕਰਦੀ ਹੈ। ਉਹਦੀ ਦਾਦੀ ਗੁਰੂ ਕਹਿੰਦੀ ਸੀ ਤੇਰਾ ਕੰਮ ਤਾਂ ਨੱਚਣਾ ,ਗਾਉਣਾ ਤੇ ਮੰਗਣਾ ਤੂੰ ਕੀ ਜੱਜ ਬਣ ਜਾਣਾ ਪੜ੍ਹਕੇ? ਹੁਣ,  --------- ਮੋਹਣੀ ਜੇ ਜੱਜ ਨਹੀਂ ਵੀ ਬਣੀ ਤਾਂ ਜੱਜਾਂ ਬਰਾਬਰ ਕੁਰਸੀ ਡਹਿਣ ਲੱਗੀ ਹੈ ਉਹਦੀ।
6-7 ਮਹੀਨੇ ਪਹਿਲਾਂ ਉਸਨੇ ਸੁਪਰੀਮ ਕੋਰਟ ਦੇ ਹੁਕਮ ਵਾਲੀ ਖ਼ਬਰ ਸਮਝੀ ਕਿ ਭੀਖ ਮੰਗਣਾ ਜੁਰਮ ਹੈ। ਉਸਤੋਂ ਮਗਰੋਂ ਉਸਨੇ ਪੰਜੇਬਾਂ ਵਗਾਹ ਕੇ ਮਾਰੀਆਂ, ਮੰਗਣਾ ਛੱਡ ਕੇ ਜਿਊਣਾ ਸੁਰੂ ਕਰ ਦਿੱਤਾ।
ਕਮਿਊਨਿਟੀ ਅਧਾਰਿਤ ਸੰਸਥਾ ‘ਮਨਸ਼ਾ’ ਬਣਾ ਕੇ ਤੀਸਰੇ ਲਿੰਗ ਵਾਲੇ ਲੋਕਾਂ ਨੂੰ ਉਹਨਾ ਦੇ ਅਧਿਕਾਰਾਂ ਤੋਂ ਜਾਗਰਕ ਕਰਵਾਉਣ ਅਤੇ ਸਵੈਮਾਨ ਨਾਲ ਜਿਉਣਾ ਸਿਖਾਉਣ ਲਈ ਯਤਨਸ਼ੀਲ ਹੈ।

ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਹੁਣ ਉਸਦੀ ਡਿਊਟੀ ਲੁਧਿਆਣਾ ਵਿੱਚ ਕਿੰਨਰਾਂ (ਖੁਸਰਿਆਂ) ਦੀਆਂ ਵੋਟਾਂ ਬਣਾਉਣ ਲਈ ਲਗਾਈ ਹੈ ਅਤੇ ਉਹ ਚੋਣ ਅਮਲੇ ਨਾਲ ਝੁੱਗੀਆਂ ਝੌਂਪੜੀਆਂ ਅਤੇ ਅੱਡ-ਅੱਡ ਥਾਵਾਂ ‘ਤੇ ਰਹਿੰਦੇ ਖੁਸਰਿਆਂ ਦੀਆਂ ਨਵੀਂਆਂ ਵੋਟਾਂ ਬਣਾ ਰਹੀ ਹੈ। ਮੋਹਨੀ ਨੇ ਦੱਸਿਆ , ‘ 20 ਅਪਰੈਲ ਤੱਕ 900 ਦੇ ਕਰੀਬ ਕਿੰਨਰਾਂ ਦੀਆਂ ਵੋਟਾਂ ਕੱਲੇ ਲੁਧਿਆਣਾ ਸ਼ਹਿਰ ‘ਚੋਂ ਦਰਜ ਹੋ ਚੁੱਕੀਆਂ ਹਨ।, ਇਹ ਸ਼ਹਿਰ ਦੇ ਕਿੰਨਰਾਂ ਦੀ ਗਿਣਤੀ 3000 ਤੋਂ ਵੱਧ ਹੈ। ਪਹਿਲਾਂ ਜੀਹਦੀ ਵੀ ਵੋਟ ਬਣੀ ਸੀ ਉਹ ਮਰਦ ਜਾਂ ਔਰਤ ਵਾਲੇ ਖਾਨੇ ‘ਚ ਦਰਜ ਸੀ ਹੁਣ ਉਹਨਾਂ ਨੂੰ ਦਰੁਸਤ ਕਰਾ ਕੇ ਤੀਜੇ ਲਿੰਗ ਵਜੋਂ ਰਜਿਸਟਰਡ ਕਰਾ ਰਹੇ ਹਾਂ।
ਐਨੀ ਵੱਡੀ ਸੰਖਿਆ ‘ਚ ਹੋਣ ਦੇ ਬਾਵਜੂਦ ਇੱਕਜੁੱਟ ਨਾ ਹੋਣ ਕਾਰਨ, ਘੱਟ ਪੜ੍ਹੇ ਜਾਂ ਅਨਪੜ੍ਹ ਹੋਣ ਕਾਰਨ ਇਹ ਲੋਕ ਆਪਣੇ ਹੱਕਾਂ ਬਾਰੇ ਜਾਗਰਕ ਨਹੀਂ। ਜੇ ਲਾਮਬੰਦ ਹੋਣ ਤਾਂ ਐਨੀਆਂ ਵੋਟਾਂ ਹਾਸਲ ਕਰਨ ਲਈ ਇਹਨਾਂ ਦੀਆਂ ਸਮੱਸਿਆਵਾਂ ਵੀ ਇਹ ਸਿਆਸੀ ਪਾਰਟੀਆਂ ਦੇ ਏਜੰਡੇ ‘ਤੇ ਹੋਣ। ਇਹ ਸਾਰੀ ਲਾਮਬੰਦੀ ਲਈ ਮੋਹਨੀ ਸਰਗਰਮ ਹੈ।
400 ਰੁਪਏ ਪ੍ਰਤੀ ਦਿਨ ਉਸਨੂੰ ਬਲਾਤਕਾਰ ਜਾਂ ਤੇਜਾਬ ਹਮਲੇ ਦਾ ਸਿ਼ਕਾਰ ਔਰਤਾਂ ਅਤੇ ਕੁੜੀਆਂ ਦੀ ਕਾਊਸਲਿੰਗ ਕਰਨ ਦੇ ਮਿਲਦੇ ਹਨ।
ਕੁਝ ਸਰਕਾਰੀ ਅਤੇ ਐਨਜੀਓ ਦੇ ਪ੍ਰਾਜੈਕਟ ਵੀ ਉਹ ਕਰਦੀ ਹੈ ਜਿਸ ਨਾਲ ਲੁਕਵੀ ਆਬਾਦੀ ‘ਚ ਫੈਲੀਆਂ ਗੰਭੀਰ ਬਿਮਾਰੀਆਂ ਦੇ ਟੈਸਟ ਕਰਾਉਦੀ ਹੈ। ਖੁਸਰੇ/ਟਰਾਂਸਜੈਂਡਰ/ਐਲਜੀਬੀਟੀ ਕਮਿਊਨਿਟੀ ਵਾਲੇ ਲੋਕ ਏਡਸ਼, ਸਿਫਲਿਸ ਅਤੇ ਗੁਪਤ ਅੰਗਾਂ ਕਈ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹਨ ਪਰ ਇਹ ਉਹਨਾਂ ਨੂੰ ਬਚਾਉਣ ਲਈ ਯਤਨਸ਼ੀਲ ਹੈ।

ਟੀਵੀ ਇੰਟਰਵਿਊ ਦੌਰਾਨ ਮੈਂ ਪੁੱਛਿਆ ਕੀ ਹੋਵੇ ਤੁਹਾਡੇ ਲਈ?
ਸਾਡਾ ਤਾਂ ਬੁਰਾ ਹਾਲ ਨਾ ਘਰਦੇ ਪੁੱਛਦੇ ਨਾ ਸਰਕਾਰ, ਕੁਝ ਲੋਕ ਡੇਰੇਦਾਰਾਂ ਤੋਂ ਤੰਗ ਹੋ ਨਿਕਲੇ ਜਾਂ ਡੇਰਿਆਂ ਤੋਂ ਕੱਢੇ ਹੋਏ ਚੌਂਕ ਚੌਰਾਹਿਆਂ ‘ਚ ਮੰਗਦੇ ਹਨ, ਇਹਨਾ ਦੇ ਰਹਿਣ ਲਈ ਥਾਂ ਨਹੀਂ ਝੁੱਗੀਆਂ ਝੌਪੜੀਆਂ ‘ਚ ਰੀਂਗ-ਰੀਂਗ ਮਰ ਜਾਂਦੇ ਹਨ। ਕੋਈ ਬਾਤ ਨਹੀਂ ਪੁੱਛਦਾ। ਪਰ ਮੈਂ ਇਹਨਾ ਦੀ ਆਵਾਜ਼ ਚੁੱਕ ਰਹੀ ਹਾਂ।
ਰੱਬ ‘ਤੇ ਕਿੰਨ੍ਹਾ ਕੁ ਗੁੱਸਾ ਆਉਂਦਾ?
ਉਹਦੀ ਰਜ਼ਾ ਹੈ। ਹੁਣ ਮੈਂ ਖੁਸ਼ ਹਾਂ। ਅੱਜ ਮੇਰੀ ਇੱਜ਼ਤ ਵੀ ਹੈ ਅਤੇ ਆਪਣੇ ਲੋਕਾਂ ਦੀ ਆਵਾਜ਼ ਵੀ ਚੁੱਕ ਰਹੀ ਹਾਂ। ਜੋ ਮੁਕਾਮ ਮੈਂ ਹਾਸਲ ਕਰ ਲਿਆ ਹੋ ਸਕਦਾ ਔਰਤ ਜਾਂ ਮਰਦ ਬਣ ਕੇ ਨਾ ਹਾਸਲ ਕਰ ਸਕਦੀ।
ਲੋਕਾਂ ਦਾ ਰਵੱਈਆ ਕਿਹੋ ਜਿਹਾ?
ਸਾਰੇ ਲੋਕ ਤਾਂ ਇੱਕੋ ਜਿਹੇ ਨਹੀਂ ਹੁੰਦੇ। ਬੁਰੇ ਵੀ ਬਹੁਤ ਮਿਲਦੇ। ਪਰ ਪੰਜਾਬ ‘ਚ ਲੋਕ ਸਾਡਾ ਸਤਿਕਾਰ ਵੀ ਕਰਦੇ ਕੁਝ ਤਾਂ ਇੱਜ਼ਤ ਨਾਲ ਪੈਂਰੀ ਹੱਥ ਵੀ ਲਾਉਂਦੇ ਨੇ।
ਗੁਰਦਾਸ ਕੈਮਰਾ ਚਲਾ ਰਿਹਾ ਸੀ, ਸਵਾਲ ਹੋ ਰਹੇ ਸੀ, ਮੋਹਨੀ ਦੇ ਜਵਾਬ ਰੂਹ ਨੂੰ ਮੋਹਦੇ, ਆਸੇ ਪਾਸੇ ਖੜੇ ਲੋਕ ਜੋ ਸਾਡੀ ਗੱਲ ਸੁਣਦੇ ਸੀ ਉਹਨਾਂ ‘ਚੋਂ ਇੱਕ ਨੇ ਕਿਹਾ, ‘ਕਿੰਨੇ ਉੱਚੇ ਵਿਚਾਰ ਨੇ, ਆਪਾਂ ਕਦੇ ਇਹਨਾ ਦੀ ਪੀੜ ਨਹੀਂ ਸਮਝੀ।’

ਕਿੰਨੀ ਪੀੜ ਚੁੱਕੀ ਫਿਰਦਾ ਇਹ ਅਧੂਰਾ ਇਨਸਾਨ ਕਿਵੇ ਸਮਰੱਥ ਹੋਇਆ ਆਪਣੇ ਸੁਪਨੇ ਪੂਰੇ ਕਰਨ ਦੇ, ਗੱਲ ਤਾਂ ਬਹੁਤ ਵੱਡੀ ਹੈ। ਪਰ ਇਸ ਪਾਸੇ ਨੂੰ ਇਹਨੇ ਕੁਝ ਹੀ ਕਦਮ ਪੁੱਟੇ ਹਨ ਸਫ਼ਰ ਵੀ ਬਹੁਤ ਵੱਡਾ। ਕੱਲਿਆਂ ਦਾ ਕਾਫਲਾ ਜਦੋਂ ਤੁਰਦਾ ਫਿਰ ਬਹੁਤ ਸਾਥੀ ਮਿਲ ਜਾਂਦੇ ਹਨ। 
ਅਸੀਂ -ਤੁਸੀ ਤਾਂ ਉਸ ਨੂੰ ਹੱਲਾਸ਼ੇਰੀ ਹੀ ਸਕਦੇ ਹਾਂ। ਸਾਡੀ ਹੱਲਾਸ਼ੇਰੀ ਨੇ ਉਸਨੂੰ ਥੱਕਣ ਅੱਕਣ ਨਹੀਂ ਦੇਣਾ, ਮੰਜਿ਼ਲ ਤਾਂ ਹਿੰਮਤ ਨਾਲ ਸਰ ਹੋਣੀ ਪਰ ਹੁਣ ਮੋਹਨੀ ਉਹ ਟੀਸੀ ‘ਤੇ ਨੇੜੇ ਪਹੁੰਚੀ ਪ੍ਰਤੀਤ ਹੁੰਦੀ। ਆਓ ਹੱਲਾਸ਼ੇਰੀ ਦੇ ਦੋ ਸ਼ਬਦ ਇਹ ਯੋਧੇ ਲਈ ਬੋਲੀਏ ਕਿ ਲੜਾਈਆਂ ਹਥਿਆਰਾਂ ਨਾਲ ਨਈਂ ਜਜਬਿਆਂ ਨਾਲ ਵੀ ਜਿੱਤੀਆਂ ਜਾਂਦੀਆਂ ਹਨ।

Sunday, 17 March 2019

ਮੈਂ ਧਰਤੀ ਦੇਸ ਪੰਜਾਬ ਦੀ, ਮੈਂ ਵੱਸਦੀ ਉੱਜੜ ਗਈ


ਕੁਝ ਲੋਕ ਗ਼ਲਤ ਥਾਂ ਤੇ ਜੰਮ ਪੈਂਦੇ ਨੇ ਤੇ ਫਿਰ ਏਸ ਗੱਲ ਦਾ ਹਾਵਾ ਉਹ ਸਾਰੀ ਉਮਰ ਭੋਗਦੇ ਨੇ ਇਨ੍ਹਾਂ ਵਿਚੋਂ ਇਕ ਬੰਦਾ ਗ਼ਫ਼ੂਰ ਖੈਹਿਰਾ ਵੀ ਏ। ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਦਾ ਪੂਰਾ ਜੱਟ ਏ। ਇਹਦੇ ਵਡਕੇ ਚੜ੍ਹਦੇ ਪੰਜਾਬ ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਹੱਸਨ ਭੱਟੀ ਦੇ ਰੱਜੇ ਪੁੱਜੇ ਜਿਮੀਂਦਾਰ ਸਨ। ਮੱਝਾਂ, ਗਾਂਵਾਂ, ਨੌਕਰ, ਚਾਕਰ, ਮੁਜ਼ਾਰੇ ਤੇ ਘਰ ਵਿਚ ਜਿਨਸਾਂ ਦੇ ਢਿੱਗ ਲੱਗੇ ਹੋਏ, ਕਿਸੇ ਚੀਜ਼ ਦੀ ਥੋੜ੍ਹ ਨਹੀਂ ਸੀ, ਖ਼ੁਸ਼ਹਾਲੀ ਪੱਕਾ ਡੇਰਾ ਲਾ ਕੇ ਬੈਠੀ ਸੀ। ਫ਼ਿਰ 47 ਵਾਲਾ ਹਨੇਰ ਆ ਗਿਆ ਤੇ ਖੈਹਿਰਾ ਦੇ ਟੱਬਰ ਨੂੰ ਉਜੜਨਾ ਪੇ ਗਿਆ ਤੇ ਇਹ ਟੱਬਰ ਰੁਲਦਾ ਰੁਲਾਉਂਦਾ ਪਾਕਿਸਤਾਨ ਅੱਪੜ ਗਿਆ। ਨਵਾਂ ਦੇਸ ਏਸ ਟੱਬਰ ਨੂੰ ਇੰਜ ਗੱਲ ਲਾਇਆ ਕਿ ਕੱਲ੍ਹ ਦੇ ਨਵਾਬ ਇਥੇ ਆ ਕੇ ਕੱਖੋਂ ਹੌਲੇ ਹੋ ਗਏ। ਏਸ ਦੇਸ ਵਿਚ ਇਨਸਾਫ਼ ਦਾ ਇੰਜ ਮੁੱਢ ਬਝਿਆ ਕਿ ਯੂ.ਪੀ. ਦੇ ਫ਼ਕੀਰ ਇਥੇ ਆ ਕੇ ਨਵਾਬ ਬਣ ਗਏ ਤੇ ਪੰਜਾਬੀ ਮਹਾਜਰ ਨਵਾਬੋਂ ਫ਼ਕੀਰ ਹੋ ਗਏ।
ਖੈਹਿਰੇ ਦੇ ਟੱਬਰ ਦੇ ਘਰ ਦਿਨ ਰਾਤ ਪਿੱਛੇ ਛੱਡ ਆਏ ਰੱਜ ਦੇ ਦਿਨਾਂ ਦੇ ਕਸੀਦਿਆਂ ਤੇ ਨਵੇਂ ਦੇਸ ਦੀਆਂ ਮਿਹਰਬਾਨੀਆਂ ਦੇ ਕੀਰਨਿਆਂ ਪੱਕੇ ਡੇਰੇ ਲਾ ਲਏ। ਇਨ੍ਹਾਂ ਕੀਰਨਿਆਂ ਵਿਚ ਪੰਜਾਬ ਦੀ ਵੰਡ ਕਰਨ ਵਾਲਿਆਂ ਨੂੰ ਨੰਗੀਆਂ ਗਾਹਲਾਂ ਤੇ ਬਦ ਦੁਆਵਾਂ ਦੀ ਤਾਂਨ ਹਮੇਸ਼ ਉੱਚੀ ਹੁੰਦੀ ਸੀ। ਗ਼ਫ਼ੂਰ ਖੈਹਿਰਾ ਇਸੇ ਕੁੜੱਤਣ ਦੀ ਗੁੜਤੀ ਲੈ ਕੇ ਜੰਮਿਆ ਤੇ ਇਹ ਕੁੜੱਤਣ ਉਹਨੂੰ ਇਕ ਚੁੜੇਲ ਵਾਂਗੂੰ ਚਿੰਬੜ ਗਈ। ਕਦੇ ਕਦੇ ਏਸ ਚੁੜੇਲ ਤੋਂ ਜਾਂਨ ਛੜਾਉਣ ਲਈ ਖੈਹਿਰਾ ਖ਼ਿਆਲਾਂ ਵਿਚ ਉਡਾਰੀ ਮਾਰ ਕੇ ਆਪਣੇ ਦਾਦੇ ਪੜਦਾਦੇ ਦੇ ਪਿੰਡ ਪਹੁੰਚ ਜਾਂਦਾ ਏ। ਇਹ ਉਡਾਰੀ ਉਹਦੇ ਲਈ ਇੰਜ ਈ ਹੁੰਦੀ ਏ ਜਿਵੇਂ ਕਿਸੇ ਪੀੜ ਨਾਲ਼ ਤੜਫਦੇ ਬੰਦੇ ਦੇ ਫੱਟਾਂ ਤੇ ਕਿਸੇ ਪੀੜ ਖਿੱਚ ਦਵਾਈ ਦਾ ਫੰਬਾ ਰੱਖਿਆ ਜਾਵੇ। ਖੈਹਿਰੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਫ਼ਨਾ ਆਪਣੇ ਦਾਦੇ ਪੜਦਾਦੇ ਦੇ ਪਿੰਡ ਜਾਣ ਦਾ ਏ। ਇਸੇ ਸੁਫ਼ਨੇ ਦੇ ਗਿਰਦ ਉਹਦੀ ਜ਼ਿੰਦਗੀ ਘੁੰਮਦੀ ਰਹਿੰਦੀ ਏ। ਜਦ ਕਦੇ ਉਹ ਓਥੇ ਜਾਣ ਦਾ ਸੋਚਦਾ ਏ ਤੇ ਉਹਨੂੰ ਹਨੇਰਾ ਦਿਸਦਾ ਏ।
ਵਾਹਗੇ ਦਾ ਬਾਡਰ ਪਾਰ ਕਰਨ ਦੀਆਂ ਦੋ ਈ ਸੂਰਤਾਂ ਨੇ ਇਕ ਤੇ ਉਹ ਕਿਸੇ ਪੀਰ ਫ਼ਕੀਰ ਦੀ ਕਬਰ ਤੇ ਮੱਥਾ ਘਸਾਉਣ ਲਈ ਜਾਵੇ, ਪਰ ਏਸ ਸੂਰਤ ਵਿਚ ਉਹ ਸਿਰਫ਼ ਉਸੇ ਮਜ਼ਾਰ ਤੱਕ ਮਹਿਦੂਦ ਹੋ ਕੇ ਰਹਿ ਜਾਵੇਗਾ ਤੇ ਆਪਣੇ ਪਿੰਡ ਨਹੀਂ ਜਾ ਸਕੇਗਾ, ਪਰ ਖੈਹਿਰੇ ਤੇ ਆਪਣੇ ਪਿਓ ਦਾਦੇ ਦੀ ਜੰਮਣ ਥਾਂ ਨੂੰ ਸਜਦਾ ਕਰਨ ਜਾਣਾ ਏ, ਉਹਨੇ ਪੀਰਾਂ ਫ਼ਕੀਰਾਂ ਦੇ ਮਜ਼ਾਰਾਂ ਨੂੰ ਢਾਊਣਾ ਏ। ਦੂਜੀ ਸੂਰਤ ਕਿਸੇ ਕਲਚਰਲ ਜਾਂ ਸਿਆਸੀ ਜੱਥੇ ਨਾਲ਼ ਜਾਣ ਦੀ ਏ। ਇਹ ਉਹਦੇ ਵੱਸ ਦੀ ਗੱਲ ਨਹੀਂ ਏ। ਉਹ ਨਾ ਤੇ ਕਿਸੇ ਸਿਆਸੀ ਪਾਰਟੀ ਦਾ ਚਹੇਤਾ ਲੀਡਰ ਏ ਤੇ ਨਾ ਈ ਕੋਈ ਸ਼ਾਇਰ ਅਦੀਬ ਤੇ ਕਲਾਕਾਰ ਏ। ਉਹ ਸਿੱਧਾ ਸਾਧਾ ਇਕ ਜੱਟ ਏ। ਇਹ ਸੋਚ ਕੇ ਉਹਦੀ ਕੁੜੱਤਣ ਵਿਚ ਹੋਰ ਵਾਧਾ ਹੋ ਜਾਂਦਾ ਏ ਕਿ ਉਹ ਇਕ ਆਮ ਸਾਧਾਰਣ ਬੰਦਾ ਏ। ਸਿਆਸੀ ਬੰਦਿਆਂ ਤੇ ਕਲਾਕਾਰਾਂ ਨੂੰ ਕਿਹੜੇ ਫੁੰਮਣ ਲੱਗੇ ਹੋਏ ਨੇ ਕਿ ਉਹ ਵਾਹਗਾ ਪਾਰ ਕਰ ਸਕਦੇ ਨੇ ਤੇ ਇਕ ਆਮ ਬੰਦਾ ਨਹੀਂ। ਇਕ ਸਿਆਸੀ ਬੰਦਾ ਤੇ ਕਲਾਕਾਰ ਵੀ ਤੇ ਬੰਦਾ ਏ। ਉਹਨੂੰ ਵਾਹਗਾ ਪਾਰ ਕਰਨ ਦਾ ਪਰਮਿਟ ਮਿਲ ਜਾਂਦਾ ਏ ਤੇ ਖੈਹਿਰੇ ਨੂੰ ਨਹੀਂ। ਕਿਉਂ? ਕੀ ਉਹਦੀ ਕੋਈ ਹੋਰ ਜੂਨ ਏ?
ਖਹਿਰੇ ਆਪਣੇ ਏਸ ਜੰਨੂਨ ਦਾ ਇਕ ਇਲਾਜ ਲੱਭਿਆ ਏ, ਉਹ ਕਦੇ ਕਦੇ ਸਾਹੀਵਾਲੋਂ ਤੁਰਦਾ ਏ ਤੇ ਵਾਹਗੇ ਬਾਡਰ ਅੱਪੜ ਜਾਂਦਾ ਏ। ਓਥੇ ਆ ਕੇ ਉਹ ਵਿਰਾਗੀਆਂ ਤੇ ਤਰਸੀਆਂ ਅੱਖਾਂ ਨਾਲ਼ ਦੂਜੇ ਪਾਸੇ ਦਿਸਦੇ ਹਿੰਦੂਆਂ ਸਿੱਖਾਂ ਨੂੰ ਉੰਨਾਂ ਚਿਰ ਦੇਖਦਾ ਰਹਿੰਦਾ ਏ, ਜਦ ਤੱਕ ਕੇ ਛੀਕੜੀ ਬੰਦਾ ਉਹਦੀਆਂ ਅੱਖਾਂ ਤੋਂ ਉਹਲੇ ਨਹੀਂ ਹੋ ਜਾਂਦਾ। ਮੈਂ ਗੁਲਸ਼ਨ ਦਿਆਲ ਨੂੰ ਬਾਬੇ ਬੁਲ੍ਹੇ ਸ਼ਾਹ ਦੇ ਦਰਬਾਰ ਤੇ ਲੈ ਜਾਣ ਲਈ ਕਸੂਰ ਚਲਿਆ ਤੇ ਖੈਹਿਰਾ ਮੇਰੇ ਖਿਹੜੇ ਪੈ ਗਿਆ, ਕਹਿਣ ਲੱਗਾ: ”ਸੱਰ ਮੈਂ ਤੁਹਾਡੇ ਨਾਲ਼ ਜਾਣਾ ਏ। ਗੱਡੀ ਮੈਂ ਚਲਾਵਾਂਗਾ”। ਕਸੂਰ ਦੇ ਨੇੜੇ ਅੱਪੜੇ ਤੇ ਖੈਹਰੇ ਕਿਹਾ: ”ਸਰ ਅਸੀਂ ਕਸੂਰ ਤੇ ਅੱਪੜ ਗਏ ਹਾਂ। ਬਾਬੇ ਬੁਲ੍ਹੇ ਸ਼ਾਹ ਦੇ ਦਰਬਾਰ ਤੇ ਤਾਂ ਅਸੀਂ ਕਿਸੇ ਵੇਲੇ ਵੀ ਜਾ ਸਕਦੇ ਹਾਂ ਪਰ ਏਸ ਵੇਲੇ ਗੰਡਾ ਸਿੰਘ ਵਾਲਾ ਬਾਡਰ ਤੇ ਪਰੇਡ ਦਾ ਵੇਲ਼ਾ ਏ। ਚਲੋ ਗੁਲਸ਼ਨ ਜੀ ਨੂੰ ਪਹਿਲੇ ਉਹ ਦਿਖਾ ਲਿਆਈਏ “। ਮੈਂ ਏਸ ਪਰੇਡ ਦੀਆਂ ਨਫ਼ਰਤ ਪਾਲ਼ ਤਸਵੀਰਾਂ ਇੰਟਰਨੈੱਟ ਤੇ ਦੇਖੀਆਂ ਹੋਈਆਂ ਸਨ ਤੇ ਸਵੀਡਨ ਦੇ ਮਾਡਰਨ ਸਮਾਜ ਵਿਚ ਬੈਠ ਕੇ ਮੈਂ ਪੱਥਰ ਦੇ ਜ਼ਮਾਨੇ ਦੇ ਏਸ ਥੇਟਰ ਤੇ ਹੱਸਦਾ ਹੁੰਦਾ ਸਾਂ। ਕਾਰ ਹਾਲੇ ਪਰੇਡ ਦੀ ਥਾਂ ਤੋਂ ਕਾਫ਼ੀ ਦੂਰ ਸੀ ਜੇ ਬੰਦਿਆਂ ਦਾ ਰੌਲ਼ਾ ਸੁਣਨ ਲੱਗ ਪਿਆ। ਇਹ ਰੌਲ਼ਾ ਮੱਸਲਸਲ ਸੀ। ਮੈਂ ਹੈਰਾਨ ਹੋ ਕੇ ਖੈਹਰੇ ਕੋਲੋਂ ਪੁੱਛਿਆ: ”ਇਹ ਰੌਲ਼ਾ ਕਾਹਦਾ ਏ”? ”ਪਰੇਡ ਦੇਖਣ ਵਾਲੇ ਰੌਲ਼ਾ ਪਾ ਰਹੇ ਨੇ” ਖੈਹਰੇ ਜਵਾਬ ਦਿੱਤਾ। ਜੱਜ ਹੋਣ ਦੇ ਨਾਤੇ ਮੈਨੂੰ ਪ੍ਰੋਟੋਕੋਲ ਦਿੱਤਾ ਗਿਆ ਤੇ ਮੈਨੂੰ ਪਰੇਡ ਦੇਖਣ ਆਏ ਵੀ. ਆਈ. ਪੀ. ਲਈ ਡਾਹੀਆਂ ਕੁਰਸੀਆਂ ਉੱਤੇ ਅੱਗੇ ਬੈਠਾ ਦਿੱਤਾ ਗਿਆ। ਇਹ ਦੋ ਹਿੱਸਿਆਂ ਤੇ ਦੋ ਨਾਂਵਾਂ ਵਿਚ ਵੰਡਿਆ ਹੋਇਆ ਸੀ, ਹਿੰਦੁਸਤਾਨ ਵਿਚ ਇਹਦਾ ਨਾਂ ਹੁਸੈਨੀਵਾਲਾ ਤੇ ਪਾਕਿਸਤਾਨ ਵਿਚ ਇਹਦਾ ਨਾਂ ਗੰਡਾ ਸਿੰਘ ਵਾਲਾ ਸੀ ਇਹ ਬੜੀ ਹੈਰਾਨੀ ਦੀ ਗੱਲ ਸੀ ਪਾਕਿਸਤਾਨ ਜਿਥੇ ਹਰ ਹਿੰਦੂ ਸਿੱਖ ਦੇ ਨਾਂ ਤੇ ਰੱਖੇ ਕਿਸੇ ਗਲੀ, ਮੁਹੱਲੇ, ਸਕੂਲ, ਕਾਲਜ,ਹਸਪਤਾਲ, ਰੇਲਵੇ ਸਟੇਸ਼ਨ, ਪਿੰਡ, ਥਾਂ ਦਾ ਨਾਂ ਬਦਲ ਕੇ ਕਿਸੇ ਅਰਬੀ ਮੁਸਲਮਾਨ “ਹੀਰੋ” ਜਾਂ ਯੂ.ਪੀ. ਦੀ ਕਿਸੇ ਮੁਸਲਮਾਨ ਸ਼ਖ਼ਸੀਅਤ ਦੇ ਨਾਂ ਤੇ ਰੱਖ ਦਿੱਤਾ ਗਿਆ ਏ ਓਥੇ ਏਸ ਬਾਡਰ ਦਾ ਨਾਂ ਹਾਲੇ ਵੀ ਇਕ ਸਿੱਖ ਗੰਡਾ ਸਿੰਘ ਦੇ ਨਾਂ ਤੇ ਸੀ। ਪਰੇਡ ਦੀ ਇਹ ਥਾਂ ਇਕ ਚਿੱਟੀ ਲਕੀਰ ਰਾਹੀਂ ਦੋ ਦੇਸਾਂ ਵਿਚ ਵੰਡ ਦਿੱਤੀ ਗਈ ਸੀ। ਏਸ ਲਕੀਰ ਦੇ ਦੋਨਾਂ ਪਾਸੇ ਬੈਠੇ ਬੰਦੇ ਏਨੇ ਨੇੜੇ ਸਨ ਜੇ ਵਿਚੋਂ ਇਹ ਲਕੀਰ ਕੱਢ ਦਿੱਤੀ ਜਾਵੇ ਤੇ ਇਹ ਬੰਦੇ ਇਕੱਠੇ ਬੈਠੇ ਲੱਗਣਗੇ । ਏਸ ਲਕੀਰ ਨੇ ਇਕ ਦੂਜੇ ਤੋਂ ਮਸਾਂ ਦੋ ਫੁੱਟ ਦੀ ਵਿੱਥ ਤੇ ਬੈਠੇ ਬੰਦਿਆਂ ਨੂੰ ਹਿੰਦੁਸਤਾਨੀ ਤੇ ਪਾਕਿਸਤਾਨੀ ਬਣਾ ਦਿੱਤਾ ਸੀ। ਜਦ ਕੇ ਜੇ ਵਿਚੋਂ ਢਾਈ ਟੋਟਰੂ ਪੱਗਾਂ ਵਾਲਿਆਂ ਸਿੱਖਾਂ ਨੂੰ ਕੱਢ ਦਿੱਤਾ ਜਾਂਦਾ ਤੇ ਇਨ੍ਹਾਂ ਹਿੰਦੋਸਤਾਨੀਆਂ ਤੇ ਪਾਕਿਸਤਾਨੀਆਂ ਦੀ ਥਾਂ ਬਦਲ ਦਿੱਤੀ ਜਾਂਦੀ ਤਾਂ ਭੋਰਾ ਵੀ ਫ਼ਰਕ ਨਹੀਂ ਸੀ ਲੱਗਣਾ। ਕਿਉਂ ਜੇ ਇਕੋ ਰੰਗ, ਮੁਹਾਂਦਰਾ, ਬੋਲੀ ਤੇ ਉੱਠਣ ਬੈਠਣ। ਇਹ ਕੋਈ ਅੰਚਭੇ ਵਾਲੀ ਗੱਲ ਨਹੀਂ ਏ। ਦੋਹਵਾਂ ਪਾਸੇ ਪੰਜਾਬੀ ਸਨ। ਇਕੋ ਮੁੱਢ, ਇਕੋ ਪਿਓ ਦਾਦਾ, ਇਕੋ ਖ਼ੂਨ ਪਰ ਏਸ ਲੀਕ ਦੇ ਦੋਹਾਂ ਪਾਸੇ ਇਨ੍ਹਾਂ ਪੰਜਾਬੀਆਂ ਕੋਲੋਂ ਉਨ੍ਹਾਂ ਦਾ ਮੁੱਢ ਤੇ ਪਹਿਚਾਣ ਖੋਹ ਕੇ ਉਨ੍ਹਾਂ ਨੂੰ ਭਾਰਤੀ ਤੇ ਪਾਕਿਸਤਾਨੀ ਬਣਾ ਦਿੱਤਾ ਗਿਆ ਸੀ।
ਥੇਟਰ ਚਾਲੂ ਸੀ। ਵਾਰੀ ਵਾਰੀ ਭਾਰਤੀ ਤੇ ਪਾਕਿਸਤਾਨੀ ਫ਼ੌਜਾਂ ਦੇ ਸਿਪਾਹੀ ਪਰੇਡ ਕਰ ਰਹੇ ਸਨ। ਪਾਕਿਸਤਾਨੀ ਪਾਸੇ ਦੀ ਫ਼ੌਜੀਆਂ ਮਲੈਸ਼ੀਏ ਦੀ ਸ਼ਲਵਾਰ ਕਮੀਜ਼ ਨਾਲ਼ ਉੱਚਾ ਜਿਹਾ ਕੁੱਲਾ ਪਾਯਾ ਹੋਇਆ ਸੀ। ਇਹ ਬੰਦੇ ਚੁਣ ਕੇ ਲਿਆਂਦੇ ਗਏ ਸਨ। ਸਭ ਦੇ ਕੱਦ ਘੱਟੋ ਘੱਟ ਸੱਤ ਫੁੱਟ ਤੇ ਜੁੱਸੇ ਦੇ ਮੋਟੇ ਡਾਢੇ। ਮੂੰਹ ਤੇ ਨਿੱਕੀਆਂ ਨਿੱਕੀਆਂ ਦਾੜ੍ਹੀਆਂ ਤੇ ਤਾਅ ਦਿੱਤੀਆਂ ਮੁੱਛਾਂ। ਪਰੇਡ ਕਰਦੇ ਇਹ ਸਿਪਾਹੀ ਬੰਦਿਆਂ ਦੀ ਥਾਂ ਪਸ਼ੂ ਬਹੁਤੇ ਲਗਦੇ ਸਨ ਇਨ੍ਹਾਂ ਆਪਣੇ ਬੂਟਾਂ ਥੱਲੇ ਘੋੜਿਆਂ ਦੀਆਂ ਖਰੀਆਂ ਵਰਗੀਆਂ ਖਰੀਆਂ ਲੁਆਈਆਂ ਹੋਈਆਂ ਸਨ ਪਈ ਜਦ ਕਿਸੇ ਪਾਸੇ ਦਾ ਕੋਈ ਸਿਪਾਹੀ ਇਹ ਘੋੜੇ ਵਾਂਗੂੰ ਜ਼ਮੀਨ ਤੇ ਪੌੜ ਮਾਰੇ ਤੇ ਜ਼ੋਰ ਦਾ ਖੜਾਕ ਹੋਵੇ। ਜਿਹੜਾ ਸਿਪਾਹੀ ਵੀ ਜਿੰਨਾ ਵੱਧ ਖੜਾਕ ਕਰਦਾ ਸੀ ਉਹਦੇ ਪਾਸੇ ਬੈਠੇ ਤਮਾਸ਼ਬੀਨ ਉੰਨੇ ਈ ਜ਼ੋਰ ਨਾਲ਼ ਤਾੜੀਆਂ ਮਾਰਦੇ ਤੇ ਰੌਲ਼ਾ ਪਾਉਂਦੇ। ਕਦੇ ਇਹ ਸਿਪਾਹੀ ਲੜਾਈ ਵਾਲੇ ਕੁੱਤਿਆਂ ਵਾਂਗੂੰ ਲਗਦੇ ਸਨ- ਜਿਵੇਂ ਹਰ ਮਾਲਿਕ ਆਪਣੇ ਕੁੱਤੇ ਨੂੰ ਲੜਾਉਣ ਤੋਂ ਪਹਿਲਾਂ ਉਹਨੂੰ ਗਰਮ ਕਰਦਾ ਏ, ਉਹ ਉਹਨੂੰ ਥਾਪੀਆਂ ਦਿੰਦਿਆਂ ਹੋਇਆਂ ਹੱਲਾ ਸ਼ੇਰੀ ਦਿੰਦਾ ਤੇ ਅੱਗੋਂ ਕੁੱਤਾ ਘੁਰਦਾ ਤੇ ਭੌਂਕਦਾ ਏ ਤੇ ਫਿਰ ਮਾਲਿਕ ਕੋਲੋਂ ਛੁੱਟ ਕੇ ਅਗਲੇ ਕੁੱਤੇ ਦੇ ਗਲ ਪੈਣ ਲਈ ਜ਼ੋਰ ਮਾਰਦਾ। ਜਦ ਉਹਦੀ ਸੰਗਲੀ ਖੁੱਲ ਜਾਂਦੀ ਏ, ਤੇ ਉਹ ਬਿਜਲੀ ਵਾਂਗੂੰ ਭੱਜ ਕੇ ਵਿਰੋਧੀ ਕੁੱਤੇ ਦੇ ਜਾ ਕੇ ਇੰਜ ਗੱਲ ਪੈਂਦਾ ਏ ਜਿਵੇਂ ਉਹਨੇ ਉਹਨੂੰ ਕੱਚਿਆਂ ਖਾ ਜਾਣਾ ਹੋਵੇ, ਇਹੋ ਹਾਲ ਇਨ੍ਹਾਂ ਫ਼ੌਜੀਆਂ ਦਾ ਸੀ। ਇਹ ਪਰੇਡ ਕਰਦੇ ਲੀਕ ਦੇ ਨੇੜੇ ਜਾਣ ਤੋਂ ਪਹਿਲਾਂ ਆਕੜ ਕੇ ਖਲੋਂਦੇ, ਅੱਖਾਂ ਵਿਚ ਨਫ਼ਰਤ ਤੇ ਗ਼ੁੱਸੇ ਦੀ ਅੱਗ ਭਰਦੇ, ਕਚੀਚੀ ਵੱਟਦੇ ਸਿਰ ਨੂੰ ਹਿਲਾਉਂਦੇ, ਆਕੜੀਆਂ ਮੁੱਛਾਂ ਨੂੰ ਤਾਅ ਦਿੰਦੇ, ਉਸ ਵੇਲੇ ਇਨ੍ਹਾਂ ਦੀਆਂ ਇਹ ਮੁੱਛਾਂ ਗ਼ੁੱਸੇ ਵਿਚ ਆਏ ਕੁੱਤੇ ਦੀ ਵੱਟਦਾਰ ਪੂਛ ਵਾਂਗੂੰ ਲਗਦੀਆਂ। ਫ਼ਿਰ ਇਹ ਲੋਹੇ ਦੀਆਂ ਖੁਰੀਆਂ ਲੱਗੇ ਬੂਟਾਂ ਨੂੰ ਜ਼ੋਰ ਜ਼ੋਰ ਨਾਲ਼ ਪੱਕੀ ਸੜਕ ਤੇ ਮਾਰਦੇ ਹੋਏ ਲੀਕ ਵੱਲ ਜਾਂਦੇ। ਲੀਕ ਕੋਲ਼ ਜਾ ਕੇ ਇਨ੍ਹਾਂ ਦਾ ਸਾਰਾ ਸਰੀਰ ਨਫ਼ਰਤ ਬਣ ਜਾਂਦਾ, ਜਿਹੜੇ ਹਰ ਅੰਗ ਚੋਂ ਨਫ਼ਰਤ ਦੇ ਫ਼ਵਾਰੇ ਫੁੱਟਦੇ। ਇਨ੍ਹਾਂ ਦੀ ਛਾਤੀ, ਛਾਤੀ ਨਹੀਂ ਸੀ ਰਹਿੰਦੀ ਸਗੋਂ ਨਫ਼ਰਤ ਦਾ ਤੰਦੂਰ ਬਣ ਜਾਂਦਾ। ਨਾਸਾਂ ਵਿਚੋਂ ਅੱਗ ਨਿਕਲਦੀ ਮਹਿਸੂਸ ਹੁੰਦੀ, ਹੋਂਠ ਤੇ ਗੱਲ੍ਹਾਂ ਦੇ ਪੱਠੇ ਫੜਕਦੇ। ਫਿਰ ਇਹ ਜਾ ਕੇ ਲੀਕ ਤੇ ਇਕ ਦੂਜੇ ਸਾਮ੍ਹਣੇ ਖਲੋ ਜਾਂਦੇ ਤੇ ਕੁੱਝ ਦੇਰ ਇਕ ਦੂਜੇ ਨੂੰ ਇੰਜ ਘੂਰਦੇ, ਜਿਵੇਂ ਇਨ੍ਹਾਂ ਹੁਣੇ ਇਕ ਦੂਜੇ ਨੂੰ ਕੱਚਿਆਂ ਖਾ ਜਾਣਾ ਹੋਵੇ ਪਰ ਵਿੱਚ ਲੀਕ ਆ ਜਾਂਦੀ। ਜਦ ਇਕ ਪਾਸੇ ਦਾ ਸਿਪਾਹੀ ਨਫ਼ਰਤ ਦਾ ਇਹ ਡਰਾਮਾ ਖੇਡ ਰਿਹਾ ਹੁੰਦਾ ਸੀ ਤੇ ਉਹਦੇ ਪਾਸੇ ਬੈਠੇ ਤਮਾਸ਼ਬੀਨ ਉਹਨੂੰ ਹੱਲਾ ਸ਼ੇਰੀ ਦੇਣ ਲਈ ਜ਼ੋਰ ਜ਼ੋਰ ਦੀ ਤਾੜੀਆਂ ਮਾਰਦੇ ਤੇ ਰੱਜ ਕੇ ਰੌਲ਼ਾ ਪਾਉਂਦੇ ਤੇ ਦੂਜੇ ਪਾਸੇ ਬੈਠੇ ਤਮਾਸ਼ਬੀਨ ਹੂਟਿੰਗ ਕਰਦੇ ਤੇ ਹੱਥ ਦੇ ਅੰਗੂਠੇ ਨਾਲ਼ ਜ਼ਮੀਨ ਵੱਲ ਇਸ਼ਾਰਾ ਕਰਦੇ ਅਤੇ ਦੂਜੇ ਪਾਸੇ ਤੋਂ ਵੀ ਵੱਧ ਕੇ ਰੌਲ਼ਾ ਪਾਉਂਦੇ ਕਦੇ ਰਲ਼ ਕੇ ਨਾ ਬਹਿਣ ਦਿਓ। ਚਲੋ ਇਹ ਗੱਲ ਤੇ ਸਮਝ ਲੱਗ ਗਈ ਪਰ ਇਹ ਤਮਾਸ਼ਬੀਂਨ ਕੌਣ ਨੇ ਤੇ ਏਸ ਅਖਾੜੇ ਨੂੰ ਰੋਜ਼ ਭਖਾਉਣ ਲਈ ਕਿਉਂ ਆਉਂਦੇ ਨੇ?
ਅਸਲ ਵਿਚ ਤੇ ਨਫ਼ਰਤ ਦੇ ਏਸ ਅਖਾੜੇ ਦਾ ਪ੍ਰਬੰਧ ਕਰਨ ਵਾਲੀਆਂ ਦੋਨਾਂ ਦੇਸਾਂ ਦੀਆਂ ਸਰਕਾਰਾਂ ਨਹੀਂ ਹਨ ਸਗੋਂ ਇਹੋ ਤਮਾਸ਼ਬੀਨ ਨੇ। ਇਹ ਪੰਜਾਬੀ ਨੇ ਜੋ ਏਸ ਨਫ਼ਰਤ ਰਾਹੀਂ ਅੱਜ ਤੱਕ ਇਕ ਦੂਜੇ ਦੇ ਲੱਖਾਂ ਬੰਦੇ ਮਾਰ ਚੁੱਕੇ ਨੇ, ਇਹ ਲੱਖਾਂ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਚੁੱਕੇ ਨੇ, ਇਨ੍ਹਾਂ ਕਈ ਵਾਰ ਇਕ ਦੂਜੇ ਦੇ ਘਰਾਂ ਨੂੰ ਅੱਗਾਂ ਲਾਈਆਂ। ਇਨ੍ਹਾਂ ਦੁੱਧ ਪੀਂਦੇ ਬਾਲਾਂ ਦੀ ਲੱਤ ਤੇ ਲੱਤ ਰੱਖ ਕੇ ਉਨ੍ਹਾਂ ਨੂੰ ਜੀਂਦਿਆਂ ਚੀਰ ਦਿੱਤਾ। ਇਨ੍ਹਾਂ ਦੇ ਮਾਜ਼ੀ ਨੂੰ ਦੇਖ ਕੇ ਇਨਸਾਨ ਤੇ ਇਨਸਾਨ, ਪਸ਼ੂ ਵੀ ਸ਼ਰਮ ਖਾਂਦੇ ਨੇ। ਮੈਂ ਵੰਡ ਵਿਚ ਹੋਇਆਂ ਖ਼ੂਨ ਖ਼ਰਾਬਿਆਂ ਬਾਰੇ ਅਕਸਰ ਸੋਚਦਾ ਹੁੰਦਾ ਸਾਂ ਕਿ ਇਕ ਪੰਜਾਬੀ ਨੇ ਆਪਣੇ ਗੁਆਂਢੀ ਤੇ ਪੱਗਵੱਟ ਭਰਾ ਨੂੰ ਕਿਵੇਂ ਬਰਛਾ ਮਾਰਿਆ ਹੋਵੇਗਾ। ਅੱਜ ਇਹ ਸੀਨ ਦੇਖ ਕੇ ਮੈਨੂੰ ਲੱਗਾ ਕਿ ਕੱਲ੍ਹ ਦੀ ਗੱਲ ਤੇ ਦੁਰ ਰਹਿ ਗਈ, ਪੰਜਾਬੀ ਤੇ ਅੱਜ ਵੀ ਆਪਣੇ ਪੱਗਵੱਟ ਭਰਾ ਨੂੰ ਬਰਛਾ ਮਾਰ ਸਕਦਾ ਏ। ਅੱਜ ਵੀ ਧੀਆਂ ਭੈਂਣਾਂ ਦੀ ਇੱਜ਼ਤ ਲੁੱਟ ਸਕਦਾ ਏ। ਇਹ ਆਪਣੀ ਧਰਤੀ ਮਾਂ ਪੰਜਾਬ ਦੇ ਕਿੰਨੇ ਟੋਟੇ ਕਰਾ ਚੁੱਕੇ ਨੇ ਤੇ ਹਾਲੇ ਖ਼ੋਰੇ ਕਿੰਨੇ ਟੋਟੇ ਹੋਰ ਕਰਾਉਣੇਗੇ। ਇਹ ਆਪਣੀ ਪਛਾਣ ਗੰਵਾ ਚੁੱਕੇ ਨੇ ਪਰ ਇਨ੍ਹਾਂ ਤੋਂ ਵੱਡਾ ਆਪਣੇ ਆਪ ਦਾ ਤੇ ਆਪਣੀ ਕੌਮ ਦਾ ਦੁਸ਼ਮਣ ਸ਼ਾਇਦ ਈ ਕੋਈ ਹੋਵੇ।
ਗੁਲਸ਼ਨ ਦਿਆਲ ਮੇਰੇ ਨਾਲ਼ ਦੀ ਕੁਰਸੀ ਤੇ ਚੁੱਪ ਤੇ ਉਦਾਸ ਬੈਠੀ ਸੀ ਉਹ ਜਦੋਂ ਦੀ ਲਹਿੰਦੇ ਪੰਜਾਬ ਆਈ ਸੀ ਲੋਕਾਂ ਉਹਨੂੰ ਸਿੱਖ ਹੋਣ ਦੇ ਨਾਤੇ ਕਮਲਿਆਂ ਵਾਂਗ ਪਿਆਰ ਕੀਤਾ ਸੀ। ਭਾਂਵੇਂ ਉਹ ਸਿੱਖ ਸੀ ਪਰ ਅੱਜ ਉਹ ਏਸ ਪਾਸੇ ਬੈਠੀ ਸੀ ਤੇ ਏਸ ਪਾਰੋਂ ਲੀਕ ਦੇ ਦੂਜੇ ਪਾਸੇ ਬੈਠੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਨਫ਼ਰਤ ਦਾ ਨਿਸ਼ਾਨਾ ਉਹ ਵੀ ਸੀ। ਕਿੰਨੀ ਅਜੀਬ ਗੱਲ ਹੋਵੇ ਜੇ ਇਹੋ ਗੁਲਸ਼ਨ ਦਿਆਲ ਕੱਲ੍ਹ ਦੂਜੇ ਪਾਸੇ ਬੈਠ ਕੇ ਏਸ ਪਾਸੇ ਨਫ਼ਰਤ ਦੇ ਝੱਖੜ ਦੇ ਬੁੱਲੇ ਘੱਲੇ ਪਰ ਇਹ ਅਜੀਬ ਗੱਲ ਰੋਜ਼ ਹੁੰਦੀ ਏ। ਗੁਲਸ਼ਨ ਦਿਆਲ ਕੋਈ ਇਕੱਲੀ ਸਿੱਖ ਨਹੀਂ ਏ, ਜੋ ਏਸ ਪਾਸਿਓਂ ਪਿਆਰ ਦਾ ਖ਼ਜ਼ਾਨਾ ਲੈ ਕੇ ਪਰਤੀ ਇਹੋ ਜਿਹੇ ਹੋਰ ਵੀ ਲੱਖਾਂ ਸਿਖ ਤੇ ਹਿੰਦੂ ਨੇ। ਸਿਰਫ਼ ਸਿੱਖ ਈ ਨਹੀਂ ਸਗੋਂ ਲੈਂਹਦੇ ਪੰਜਾਬ ਵਿਚ ਵੀ ਅਜਿਹੇ ਹਜ਼ਾਰਾਂ ਮੁਸਲਮਾਨ ਪੰਜਾਬੀ ਹੋਣਗੇ ਜੋ ਚੜ੍ਹਦੇ ਪੰਜਾਬ ਚੋਂ ਪਿਆਰ ਦੀ ਸੌਗ਼ਾਤ ਲੈ ਕੇ ਮੁੜੇ। ਨਫ਼ਰਤ ਦੇ ਏਸ ਥੇਟਰ ਦੇ ਦੋਨਾਂ ਪਾਸੇ ਅੱਜ ਅਜਿਹੇ ਸਿੱਖ ਹਿੰਦੂ ਤੇ ਮੁਸਲਮਾਨ ਵੀ ਬੈਠੇ ਹੋਣਗੇ ਜੋ ਸਭ ਕੁਝ ਭੁਲ ਕੇ ਨਫ਼ਰਤ ਦੇ ਪੁਜਾਰੀ ਬਣ ਗਏ ਨੇ। ਇਨ੍ਹਾਂ ਨੂੰ ਸ਼ਰਮ ਨਾਲ਼ ਛੂਣੀ (lid) ਵਿਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਏ। ਇਹ ਗਲ ਸੋਚ ਕੇ ਮੈਨੂੰ ਕੁਲਦੀਪ ਨਈਅਰ ਤੇ ਉਹਦੇ ਉਹ ਸਾਥੀ ਯਾਦ ਆਏ ਜੋ ਸਾਲ ਵਿਚ ਇਕ ਵਾਰ ਵਾਹਗੇ ਬਾਡਰ ਤੇ ਬੱਤੀਆਂ ਬਾਲਣ ਆਉਂਦੇ ਨੇ ਤੇ ਹਿੰਦੁਸਤਾਨੀ ਮੀਡੀਆ ਉਨ੍ਹਾਂ ਦੀ ਇਹ ਖ਼ਬਰ ਚਮਕਾ ਕੇ ਲਾਉਂਦਾ ਏ ਫ਼ਿਰ ਪੂਰਾ ਸਾਲ ਚੁੱਪ ਦਾ ਰਾਜ ਹੁੰਦਾ ਏ, ਪਰ ਇਥੇ ਪਿਆਰ ਦੇ ਇਹ ਦੀਵੇ ਬੁਝਾ ਕੇ ਨਫ਼ਰਤ ਦਾ ਹਨੇਰਾ ਸਾਲ ਦੇ ਤਿੰਨ ਸੌ ਪੈਂਠ ਦਿਨ ਖਿਲਾਰਿਆ ਜਾਂਦਾ ਏ। ਕੀ ਕੁਲਦੀਪ ਨਈਅਰ ਤੇ ਉਹਦੇ ਸਾਥੀਆਂ ਨੂੰ ਇਹ ਸਭ ਕੁਝ ਨਜ਼ਰ ਨਹੀਂ ਆਉਂਦਾ? ਕਿੱਥੇ ਗਏ ਨੇ ਉਹ ਰਮੇਸ਼ ਯਾਦਿਓ, ਸੰਧੂ ਤੇ ਉਹਦੇ ਸਾਥੀ ਜੋ ਰਾਜਾ ਪੋਰਸ ਮੇਲ਼ਾ ਲਾਉਂਦੇ ਨੇ? ਕਿੱਥੇ ਗਿਆ ਏ ਜੱਸੋਵਾਲ ਜੋ ਪਿਆਰ ਦੇ ਮੇਲੇ ਲਵਾਉਂਦਾ ਏ? ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਡਰ ਹੋਰ ਦੇਸਾਂ ਨਾਲ਼ ਵੀ ਲਗਦੇ ਨੇ ਪਰ ਕਦੇ ਵੀ ਪਾਕਿਸਤਾਨ ਤੇ ਚੀਨ ਦੇ ਬਾਡਰ, ਪਾਕਿਸਤਾਨ ਤੇ ਈਰਾਨ ਦੇ ਬਾਡਰ ਅਤੇ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਬਾਡਰ ਤੇ ਨਫ਼ਰਤ ਦਾ ਇਹ ਥੇਟਰ ਨਹੀਂ ਲਾਇਆ ਜਾਂਦਾ। ਇਹੋ ਹਾਲ ਹਿੰਦੁਸਤਾਨ ਦਾ ਏ ਭਾਰਤ ਤੇ ਬੰਗਲਾ ਦੇਸ਼ ਦੇ ਬਾਡਰ, ਭਾਰਤ ਤੇ ਨੇਪਾਲ ਦੇ ਬਾਡਰ, ਭਾਰਤ ਤੇ ਬਰਮਾ ਦੇ ਬਾਡਰ ਤੇ ਇਹ ਥੇਟਰ ਨਹੀਂ ਲਗਦਾ। ਭਾਰਤ ਤੇ ਚੀਨ ਭਾਂਵੇਂ ਦੁਸ਼ਮਣ ਦੇਸ ਨੇ ਪਰ ਓਥੇ ਵੀ ਇਹ ਥੇਟਰ ਨਹੀਂ ਲਗਦਾ। ਹੋਰ ਤੇ ਹੋਰ ਪਾਕਿਸਤਾਨ ਤੇ ਭਾਰਤ ਦੇ (ਸਿੰਧ ਤੇ ਰਾਜਸਤਾਨ ਵਾਲੇ) ਬਾਡਰ ਤੇ ਕੋਈ ਸਿੰਧੀ ਤੇ ਰਾਜਸਥਾਨੀ ਨਫ਼ਰਤ ਦੇ ਏਸ ਥੇਟਰ ਦਾ ਤਮਾਸ਼ਬੀਨ ਬਣ ਕੇ ਨਹੀਂ ਆਉਂਦਾ।
ਮੈਂ ਸਾਰੀ ਜ਼ਿੰਦਗੀ ਇੰਟਰਨੈਸ਼ਨਲ ਪੱਖੀ ਵਾਸ ਰਿਹਾ ਆਂ। ਬਾਡਰਾਂ ਤੇ ਝੰਡੇ ਚੜ੍ਹਦੇ ਵੀ ਨੇ ਤੇ ਲੈਂਦੇ ਵੀ ਦੇਖੇ ਨੇ ਪਰ ਮੈਂ ਕਿਸੇ ਹੋਰ ਦੇਸ ਵਿਚ ਇਹ ਥੇਟਰ ਨਹੀਂ ਦੇਖਿਆ, ਹੋਰ ਤੇ ਹੋਰ ਕੋਰੀਆ ਜੋ ਪੰਜਾਬ ਤਰਾਂ ਵੰਡਿਆ ਹੋਇਆ ਏ ਤੇ ਦੱਖਣੀ ਤੇ ਉੱਤਰੀ ਕੋਰੀਆ ਇਕ ਦੂਜੇ ਦੇ ਦੁਸ਼ਮਣ ਵੀ ਨੇ, ਪਰ ਉਨ੍ਹਾਂ ਦੇ ਬਾਡਰ ਤੇ ਇਹੋ ਜਿਹਾ ਕੋਈ ਥੇਟਰ ਨਹੀਂ ਲਗਦਾ। ਕਬਰਸ ਨੂੰ ਇਸਲਾਮ ਤੇ ਈਸਾਈ ਵੰਡ ਰਾਹੀਂ ਵੰਡ ਦਿੱਤਾ ਗਿਆ ਏ ਓਥੇ ਵੀ ਇਹ ਨਹੀਂ ਹੁੰਦਾ। ਜਰਮਨੀ ਨੂੰ ਬਰਲਿਨ ਕੰਧ ਰਾਹੀਂ ਵੰਡ ਦਿੱਤਾ ਗਿਆ ਸੀ ਪਰ ਕੰਧ ਦੇ ਦੋਨਾਂ ਪਾਸੇ ਵਸਦੇ ਜਰਮਨ ਇਕ ਦੂਜੇ ਵੱਲ ਨਫ਼ਰਤ ਨਾਲ਼ ਨਹੀਂ ਸਨ ਦੇਖਦੇ ਸਗੋਂ, ਉਨ੍ਹਾਂ ਦੀਆਂ ਅੱਖਾਂ ਵਿਚ ਵੈਰਾਗ ਤੇ ਤਾਂਘ ਦੇ ਦੀਵੇ ਬਲ ਰਹੇ ਹੁੰਦੇ ਸਨ, ਉਨ੍ਹਾਂ ਦੇ ਇਸੇ ਵੈਰਾਗ ਦੀ ਤਾਕਤ ਨੇ ਬਰਲਿਨ ਦੀ ਕੰਧ ਢਾਅ ਦਿੱਤੀ, ਪਰ ਅਸੀਂ ਪੰਜਾਬੀ ਨਫ਼ਰਤ ਦੇ ਹਨੇਰੀਆਂ ਰਾਹੀਂ ਵਾਹਗੇ ਦੀ ਕੰਧ ਨੂੰ ਰੋਜ਼ ਉੱਚਾ ਤੇ ਪੱਕਾ ਕਰਦੇ ਆਂ। ਪਰੇਡ ਮੁੱਕੀ ਤੇ ਗੁਲਸ਼ਨ ਮੇਰੀ ਮਿੰਨਤ ਕੀਤੀ ਕਿ ਮੈਂ ਏਸ ਪਾਸੇ ਸਭ ਤੋਂ ਵੱਧ ਨਫ਼ਰਤ ਦੀ ਐਕਟਿੰਗ ਕਰਨ ਵਾਲੇ ਸਿਪਾਹੀ ਤੋਂ ਪੁੱਛਾਂ ਕਿ ਇਹ ਸਭ ਕੁਝ ਐਕਟਿੰਗ ਸੀ ਜਾਂ ਹਕੀਕਤ?। ਮੈਂ ਉਹਦੇ ਤੋਂ ਇਹ ਸਵਾਲ ਪੁੱਛਿਆ ਤੇ ਉਹਨੇ ਜਵਾਬ ਦਿੱਤਾ :” ਇਹ ਐਕਟਿੰਗ ਨਹੀਂ ਸਗੋਂ ਈਮਾਨੀ ਕੁੱਵਤ (ਸ਼ਕਤੀ) ਸੀ “। ”ਕੀ ਦੂਜੇ ਪਾਸੇ ਬੈਠੇ ਸਭ ਲੋਕ ਕਾਫ਼ਿਰ ਨੇ?” ਮੈਂ ਦੂਜਾ ਸਵਾਲ ਪੁੱਛਿਆ। ਉਹਨੇ ਹਾਂ ਵਿਚ ਜਵਾਬ ਦਿੱਤਾ ਤੇ ਮੈਂ ਤੀਜਾ ਸਵਾਲ ਕੀਤਾ: ” ਹਿੰਦੁਸਤਾਨ ਵਿਚ ਹਰ ਚੌਥਾ ਬੰਦਾ ਮੁਸਲਮਾਨ ਏ। ਕੀ ਇਨ੍ਹਾਂ ਵਿਚ ਕੋਈ ਵੀ ਮੁਸਲਮਾਨ ਨਹੀਂ?“ “ਨਹੀਂ”, ਉਹਨੇ ਜਵਾਬ ਦਿੱਤਾ। “ਕੀ ਇਹ ਲੋਕ ਇਨਸਾਨ ਨਹੀਂ ਹਨ”? ਮੇਰਾ ਅਗਲਾ ਸਵਾਲ ਸੀ।
ਮੇਰਾ ਇਹ ਸਵਾਲ ਸੁਣ ਕੇ ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚਣ ਲੱਗ ਪਿਆ ਕਿ ਜੇ ਹਿੰਦੁਸਤਾਨ ਦੇ ਅੰਦਰ ਵਸਦਾ ਮੁਸਲਮਾਨ, ਮੁਸਲਮਾਨ ਨਹੀਂ ਏ ਤੇ ਫਿਰ ਕੌਣ ਮੁਸਲਮਾਨ ਏ? ਕੀ ਪਾਕਿਸਤਾਨ ਵਿਚ ਵਸਦੇ ਨਾਮ ਨਿਹਾਦ ਸਾਰੇ ਮੁਸਲਮਾਨ ਨੇ? ਮੈਨੂੰ ਏਸ ਦਾ ਜਵਾਬ ਨਫ਼ੀ ਵਿਚ ਮਿਲਿਆ। ਪਾਕਿਸਤਾਨ ਵਿਚ ਮੁਸਲਮਾਨਾਂ ਦੇ ਬੱਹਤਰ ਫ਼ਿਰਕੇ ਨੇ, ਹਰ ਫ਼ਿਰਕੇ ਲਈ ਬਾਕੀ ਇੱਕਹੱਤਰ ਫ਼ਿਰਕੇ ਮੁਸ਼ਰਿਕ ਤੇ ਕਾਫ਼ਰ ਨੇ ਤੇ ਇਸੇ ਵਜ੍ਹਾ ਤੋਂ ਹਰ ਤੀਜੇ ਦਿਨ ਇਨ੍ਹਾਂ ਵਿਚਕਾਰ ਫ਼ਸਾਦ ਹੁੰਦਾ ਏ ਤੇ ਮੁਸਲਮਾਨਾਂ ਇਕ ਦੂਜੇ ਦਾ ਖ਼ੂਨ ਵਗਾਉਂਦੇ ਨੇ। ਪਾਕਿਸਤਾਨ ਬਣਨ ਮਗਰੋਂ ਅੱਜ ਤੱਕ ਹਿੰਦੁਸਤਾਨ ਵਿਚ ਇਤਨੇ ਫ਼ਸਾਦ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਨਹੀਂ ਹੋਏ, ਜਿਤਨੇ ਪਾਕਿਸਤਾਨ ਵਿਚ ਮੁਸਲਮਾਨਾਂ ਦੇ ਫ਼ਿਰਕਿਆਂ ਵਿਚਕਾਰ ਹੋਏ ਨੇ। ਫਿਰ ਮੁਸਲਮਾਨ ਕੌਣ ਏ?
ਗੱਲ ਸਿਰਫ਼ ਏਸ ਪਾਸੇ ਦੀ ਈ ਨਹੀਂ
ਗ਼ਫ਼ੂਰ ਖੈਹਿਰਾ ਦੀਆਂ ਅੱਖਾਂ ਵਿਚ ਗਲੇਡੂ ਸਨ ਤੇ ਉਹ ਹਸਰਤ ਭਰੀਆਂ ਨਜ਼ਰਾਂ ਨਾਲ਼ ਦੂਜੇ ਪਾਸੇ ਤੱਕਦਾ ਹੋਇਆ ਮਣ ਮਣ ਦੇ ਕਦਮ ਚੁੱਕਦਾ ਹੋਇਆ ਵਾਪਸ ਮੁੜ ਪਿਆ। ਮੈਂ ਬਾਡਰ ਦੀ ਚਿੱਟੀ ਲਕੀਰ ਵੱਲ ਦੇਖਿਆ, ਜੋ ਮੈਨੂੰ ਅੱਗ ਤੇ ਲੋਹੇ ਦੀ ਕੰਧ ਦਿਸੀ, ਜਿਹਨੇ ਇਨਸਾਨਾਂ ਨੂੰ ਇਨਸਾਨਾਂ ਦੀ ਜੂਨ ਚੋਂ ਕੱਢ ਦਿੱਤਾ ਸੀ। ਵਾਪਸੀ ਤੇ ਸਾਰਾ ਰਾਹ ਗ਼ਫ਼ੂਰ ਖੈਹਿਰਾ ਬਾਰ ਬਾਰ ਇਕੋ ਗੱਲ ਕਹਿੰਦਾ ਆਇਆ। ਉਹ ਮੇਰੇ ਨਾਲ਼ ਗੱਲ ਕਰਨਾ ਚਾਹੁੰਦਾ ਸੀ ਪਰ ਉਸ ਫ਼ੌਜੀ ਮੈਨੂੰ ਗੱਲ ਨਾ ਕਰਨ ਦਿੱਤੀ। ਮੈਂ ਗ਼ਫ਼ੂਰ ਨੂੰ ਕਿਵੇਂ ਕਹਿੰਦਾ: ”ਝੱਲਿਆ ! ਤੇਰੀ ਇਥੇ ਗੱਲ ਨਹੀਂ ਸੀ ਹੋਣੀ ਨਫ਼ਰਤ ਦੇ ਏਸ ਥੇਟਰ ਦੀ ਰੀਤ ਰਾਹੀਂ ਇਥੇ ਪਿਆਰ ਦੀ ਬੋਲੀ ਬੋਲਣ ਦੀ ਮਨਾਹੀ ਸੀ ਤੇ ਸਾਰਾ ਚੜ੍ਹਦਾ ਪੰਜਾਬ ਗੂੰਗਾ ਹੋ ਚੁੱਕਿਆ ਸੀ।
ਸੀ ਉਸ ਪਾਸੇ ਵੀ ਪਰੇਡ ਕਰਦਾ ਕੋਈ ਸਿਪਾਹੀ ਨਫ਼ਰਤ ਤੇ ਗ਼ੁੱਸੇ ਨਾਲ਼ ਖੌਲਦਾ ਤੇ ਘੁਰਦਾ, ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਮਲੇਛ ਸਮਝ ਕੇ ਕੱਚਿਆਂ ਖਾ ਜਾਣ ਨੂੰ ਤਿਆਰ ਸੀ। ਇਹ ਗਾਂਧੀ ਦੇ ”ਸ਼ਾਂਤੀ ਤੇ ਪਿਆਰ” ਵਾਲੇ ਦੇਸ ਦਾ ਬੰਦਾ ਏ। ਕੀ ਇਹ ” ਸ਼ਾਂਤੀ ਤੇ ਪਿਆਰ” ਬਾਡਰ ਤੇ ਆ ਕੇ ਆਪਣਾ ਨਾਂ ਬਦਲ ਲੈਂਦੇ ਨੇ? ਏਸ ਦੇਸ ਦਾ ਹਰ ਬੰਦਾ ਸਾਰੀ ਦੁਨੀਆ ਵਿਚ ਲੋਕ ਰਾਜ ਦਾ ਝੰਡਾ ਚੁੱਕੀ ਫਿਰਦਾ ਏ। ਕੀ ਇਹ ਨਫ਼ਰਤ ਦਾ ਲੋਕ ਰਾਜ ਏ? ਕੀ ਭਾਰਤ ਵਿਚ ਵਸਦਾ ਹਿੰਦੂ ਦੂਜੇ ਹਿੰਦੂ ਦਾ ਖ਼ੂਨ ਨਹੀਂ ਕਰਦਾ? ਕੀ ਸਿੱਖ ਧਰਮ ਦੇ ਨਾਂ ਦੂਜੇ ਸਿੱਖ ਦਾ ਗਾਟਾ ਨਹੀਂ ਲਾਹੁੰਦਾ। ਸਵਾਲ ਹੁਣ ਇਹ ਪੈਦਾ ਹੁੰਦਾ ਏ ਕਿ ਪਾਕਿਸਤਾਨ ਤੇ ਭਾਰਤ ਦੇ ਦੂਜੇ ਬਾਡਰਾਂ ਤੇ ਨਫ਼ਰਤ ਦਾ ਇਹ ਥੇਟਰ ਨਹੀਂ ਲਾਇਆ ਜਾਂਦਾ ਤੇ ਫਿਰ ਪੰਜਾਬ ਵਿਚ ਇਹ ਥੇਟਰ ਕਿਉਂ ਲਾਇਆ ਜਾਂਦਾ ਏ? ਇਹਦੀ ਵੱਡੀ ਵਜ੍ਹਾ ”ਪੰਜਾਬੀਆਂ ਨੂੰ ਵੰਡੋ ਤੇ ਦੁਸ਼ਮਣ ਬਣਾ ਕੇ ਇਕ ਦੂਜੇ ਤੋਂ ਦੂਰ ਰੱਖ ਕੇ” ਪੰਜਾਬ ਦੀ ਵੰਡ ਨੂੰ ਪੱਕੀ ਤੇ ਕਾਇਮ ਰੱਖਣਾ ਏ ਤੇ ਏਸ ਲਈ ਪੰਜਾਬੀਆਂ ਵਿਚ ਨਫ਼ਰਤ ਦਾ ਭਾਂਬੜ ਬਲਦੇ ਰਹਿਣਾ ਚਾਹੀਦਾ ਏ। ਉਹ ਆਪਸ ਵਿਚ ਲੜ ਲੜ ਕੇ ਕੇ ਮੁੱਕ ਜਾਵੇ। ਪਰੇਡ ਮੁੱਕੀ ਤੇ ਏਸ ਪਾਸਿਓਂ ਕੁੱਝ ਬੰਦਿਆਂ ਢਿੱਲੇ ਜਿਹੇ ”ਜੀਵੇ ਪਾਕਿਸਤਾਨ” ਤੇ ਦੂਜੇ ਪਾਸਿਓਂ ”ਜੇ ਹਿੰਦ” ਦੇ ਨਾਅਰੇ ਲਾਏ। ਗੁਲਸ਼ਨ ਉੱਠ ਕੇ ਦੂਜੇ ਪਾਸੇ ਦੇ ਲੋਕਾਂ ਲਈ ਹੱਥ ਹਿਲਾਇਆ ਜਿਹਦੇ ਜਵਾਬ ਵਿਚ ਇਕ ਦੋ ਬੰਦਿਆਂ ਹੱਥ ਹਿਲਾਇਆ। ਗ਼ਫ਼ੂਰ ਖੈਹਿਰਾ ਹੌਲੀ ਹੌਲੀ ਖਿਸਕਦਾ ਹੋਇਆ ਲੀਕ ਦੇ ਨੇੜੇ ਜਾ ਪੁੱਜਿਆ ਤੇ ਦੂਜੇ ਪਾਸੇ ਇਕ ਬੰਦੇ ਵੱਲ ਟਿਕਟਿਕੀ ਲਾ ਕੇ ਦੇਖਣ ਲੱਗ ਪਿਆ, ਜਦ ਉਹਦੀਆਂ ਏਸ ਬੰਦੇ ਨਾਲ਼ ਨਜ਼ਰਾਂ ਮਿਲੀਆਂ ਤੇ ਉਹਨੇ ਉਸ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਾਕਿਸਤਾਨੀ ਪਾਸਿਓਂ ਇਕ ਫ਼ੌਜੀ ਆਣ ਕੇ ਉਹਨੂੰ ਰੋਕ ਦਿੱਤਾ। ਮੈਂ ਏਸ ਫ਼ੌਜੀ ਤੋਂ ਪੁੱਛਿਆ: ”ਤੂੰ ਏਸ ਨੂੰ ਗੱਲ ਕਿਉਂ ਨਹੀਂ ਕਰਨ ਦਿੱਤੀ?” “ਉਹ ਏਸ ਗੱਲ ਦਾ ਬੁਰਾ ਮਨਾਉਣਗੇ”। ਉਹਨੇ ਜਵਾਬ ਦਿੱਤਾ। “ਤੈਨੂੰ ਕਿਵੇਂ ਪਤਾ ਏ? ਕੀ ਉਹ ਇਨਸਾਨ ਨਹੀਂ ਹਨ?”। ਮੈਂ ਅਗਲਾ ਸਵਾਲ ਕੀਤਾ। ਮੇਰਾ ਸਵਾਲ ਸੁਣ ਕੇ ਉਹ ਆਸੇ ਪਾਸੇ ਦੇਖਣ ਲੱਗ ਪਿਆ, ਪਰ ਉਹਨੇ ਗ਼ਫ਼ੂਰ ਖੈਹਿਰੇ ਨੂੰ ਫਿਰ ਵੀ ਗੱਲ ਨਾ ਕਰਨ ਦਿੱਤੀ।
ਨੋਟ: ਗੰਡਾ ਸਿੰਘ ਵਾਲਾ ਬਾਡਰ ਤੇ ਗ਼ਫ਼ੂਰ ਖੈਹਿਰਾ ਦੀ ਲੀਕ ਦੇ ਦੂਜੇ ਪਾਸੇ ਪੰਜਾਬੀਆਂ ਨਾਲ਼ ਨਾ ਗੱਲ ਕਰ ਸਕਣ।
ਜਸਟਿਸ Asif Shahkar Syed
#WARAGAINSTWAR

Wednesday, 6 March 2019

Princess Sophia Alexandrovna Daleep Singh suffragette



Princess Sophia Alexandrovna Daleep Singh (8 August 1876 – 22 August 1948) was a prominent suffragette in the United Kingdom.
Sophia Alexandra Duleep Singh was born on 8 August 1876 at Belgravia and lived in Suffolk.

She was the third daughter of Maharaja Duleep Singh (the last Maharaja of the Sikh Empire) and his first wife, Bamba Müller. 
Bamba was the daughter of Ludwig Müller, a German merchant banker of Todd Müller and Company, and Sofia, his mistress, who was of Abyssinian descent. The Maharaja and Bamba had ten children, of whom six survived.


ਬਿ੍ਟੇਨ ਦੇ ਇਤਿਹਾਸ ਵਿੱਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੇ ਸੰਘਰਸ਼ ਨੂੰ ਜਦੋਂ ਯਾਦ ਕੀਤਾ ਜਾਵੇ ਤਾਂ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਪ੍ਰਿੰਸਿਸ ਸੋਫੀਆ ਦਲੀਪ ਸਿੰਘ ਦਾ ਨਾਂ ਮੂਹਰੀ ਕਤਾਰ ਵਿੱਚ ਆਉਂਦਾ ਹੈ। ਸੋਫੀਆ ਦਲੀਪ ਸਿੰਘ ਨੇ 1911 ਦੀ ਮਰਦਮਸ਼ੁਮਾਰੀ ਵਿੱਚ ਆਪਣੇ ਆਪ ਨੂੰ ਦਰਜ ਕਰਾਉਣ ਵਿੱਚ ਇਸ ਕਰਕੇ ਨਾਂਹ ਕਰ ਦਿੱਤੀ ਸੀ ਕਿ ਉਸ ਨੂੰ ਔਰਤ ਹੋਣ ਕਰਕੇ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ।

ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠੇ ਕਰਨ ਵਾਲੇ ਅਮਨਦੀਪ ਸਿੰਘ ਮਾਦਰਾ ਵੱਲੋਂ ਅਜਿਹਾ ਹੀ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਪ੍ਰਿੰਸਿਸ ਸੋਫੀਆ ਦਲੀਪ ਸਿੰਘ ਨੇ ਸਾਫ ਲਿਖਿਆ ਕਿ ‘ਨੋ ਵੋਟ ਨੋ ਸੈਕਸ’ ਇੱਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਗਿਣਿਆ ਨਹੀਂ ਜਾਂਦਾ, ਉਨ੍ਹਾਂ ਨੂੰ ਗਿਣਨ ਤੋਂ ਮਨ੍ਹਾ ਕਰ ਰਹੇ ਹਨ। ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਇਸ ਫਾਰਮ ਨੂੰ ਭਰਾਂ। ਇਹ ਫਾਰਮ 1911 ਵਿੱਚ ਬ੍ਰਿਟੇਨ ਦੀ ਮਰਦਮਸ਼ੁਮਾਰੀ ਮੌਕੇ ਜਾਰੀ ਕੀਤਾ ਗਿਆ ਸੀ। ਇਸ ਉਪਰ ਇਹ ਸ਼ਬਦ ਲਿਖ ਕੇ ਪ੍ਰਿੰਸਿਸ ਸੋਫੀਆ ਦਲੀਪ ਸਿੰਘ ਨੇ ਦਸਤਖਤ ਕੀਤੇ ਹਨ।

ਵਰਨਣਯੋਗ ਹੈ ਕਿ ਔਰਤਾਂ ਦੇ ਵੋਟ ਦਾ ਅਧਿਕਾਰ ਹਾਸਲ ਕਰਨ ਲਈ ਬ੍ਰਿਟੇਨ ਵਿੱਚ ਲੰਮਾ ਸੰਘਰਸ਼ ਚੱਲਿਆ ਸੀ। Emmeline Pankhurst (1858 - 1928) ਸਾਲ 1918 ਵਿੱਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ। ਇਸ ਅਨੁਸਾਰ ਔਰਤ ਦੀ ਘੱਟੋ-ਘੱਟ ਉਮਰ 30 ਸਾਲ ਮਿਥੀ ਗਈ ਸੀ, ਪਰ 1928 ਵਿੱਚ ਕਾਨੂੰਨ ਵਿੱਚ ਸੋਧ ਕਰਦਿਆਂ ਮਰਦਾਂ ਦੇ ਬਰਾਬਰ 21 ਸਾਲ ਦੀ ਉਮਰ ਵਾਲੀ ਹਰ ਔਰਤ ਨੂੰ ਵੋਟ ਬਣਾਉਣ ਦਾ ਅਧਿਕਾਰ ਦਿੱਤਾ ਗਿਆ।ਸੋਫੀਆ ਦਲੀਪ ਸਿੰਘ ਦਾ ਜਨਮ ਅੱਠ ਅਗਸਤ 1876 ਨੂੰ ਐਲਵੀਡਨ ਹਾਲ ਸਫਲਕ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਪਹਿਲੀ ਪਤਨੀ ਬੰਬਾ ਮੁਲਰ ਦੀ ਕੁੱਖੋਂ ਹੋਇਆ ਤੇ ਦੇਹਾਂਤ 22 ਅਗਸਤ, 1948 ਨੂੰ 72 ਸਾਲ ਦੀ ਉਮਰ ਵਿੱਚ ਟੇਲਰਸ ਗਰੀਨ, ਬਕਿੰਘਮਸ਼ਾਇਰ ਇੰਗਲੈਂਡ ਵਿੱਚ ਹੋਇਆ। ਉਨ੍ਹਾਂ ਦਾ ਪੂਰਾ ਨਾਮ ਸੋਫੀਆ ਅਲੈਗਜ਼ੈਂਡਰ ਦਲੀਪ ਸਿੰਘ ਸੀ।

ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਪਹਿਲੀ ਔਰਤ ਐਮ.ਪੀ. ਕਨਸਟੈਂਸ ਮਾਰਕਇਵਕਜ਼ (Constance Markievicz)1918 ਦੀਆਂ ਆਮ ਚੋਣਾਂ ਮੌਕੇ ਚੁਣੀ ਗਈ ਸੀ ਪਰ ਉਸ ਦੇ ਸਹੁੰ ਨਾ ਚੁੱਕਣ ਕਰਕੇ ਆਪਣੀ ਸੀਟ ਹਾਸਲ ਨਹੀਂ ਕਰ ਸਕੀ। ਇਸ ਤੋਂ ਬਾਅਦ ਨੈਨਸੀ ਐਸਟਰ ਦਸੰਬਰ 1919 ਵਿੱਚ ਪੌਲੀਮਾਊਥ ਸੁਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਚੁਣੀ ਗਈ। ਇਸ ਨੂੰ ਅਧਿਕਾਰਤ ਤੌਰ ‘ਤੇ ਬ੍ਰਿਟਿਸ਼ ਪਾਰਲੀਮੈਂਟ ਦੀ ਪਹਿਲੀ ਔਰਤ ਮੈਂਬਰ ਵਜੋਂ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਨਿਰਪੱਖ ਤੇ ਹਰ ਸ਼ਹਿਰੀ ਨੂੰ ਬਰਾਬਰਤਾ ਵਾਲਾ ਨਿਆਂ ਦੇਣ ਵਾਲੇ ਮਹਾਰਾਜੇ ਵਜੋਂ ਜਾਣਿਆ ਜਾਂਦਾ ਹੈ।