Saturday, 30 January 2016

ਦਰਦਾਂ ਦਾ ਰਾਹੀ : ਅਕਰਮ ਰਾਹੀ

ਦਰਦਾਂ ਦਾ ਰਾਹੀ : ਅਕਰਮ ਰਾਹੀ


ਅਕਰਮ ਰਾਹੀ ਸਾਹਿਬ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀ ਹੈ। ‘ਲੁਕ-ਲੁਕ ਦੁਨੀਆਂ ਤੋਂ ਅਸੀ ਰੋਂਦੇ ਰਏ, ਤੇਰੀਆਂ ਜੁਦਾਈਆਂ ਵਾਲੇ ਦਾਗ ਧੋਂਦੇ ਰਏ’ ਉਸਦੀ ਆਈ ਇਸ ਕੈਸਿਟ ਨੇ ਹਿੰਦੋਸਤਾਨ ਵਿੱਚ ਵੀ ਬਹੁਤ ਮਕਬੂਲੀਅਤ ਹਾਸਿਲ ਕੀਤੀ ਸੀ ਤੇ ਅਕਰਮ ਰਾਹੀ ਹਿੰਦੋਸਤਾਨੀਆਂ ਦੇ ਦਿਲਾਂ ਤੇ ਵੀ ਰਾਜ ਕਰਨ ਵਿੱਚ ਕਾਮਯਾਬ ਹੋ ਗਿਆ ਸੀ। ਉਸ ਤੋਂ ਬਾਅਦ ਉਸਦੀਆਂ ਕਈ ਹੋਰ ਐਲਬਮ ਵੀ ਆਈਆਂ ਜੋ ਸੁਪਰ- ਡੁਪਰ ਹਿੱਟ ਰਹੀਆਂ। ਉਸਦੀ ਇਸ ਕਾਮਯਾਬੀ ਪਿੱਛੇ ਬਹੁਤ ਦੁੱਖ ਭਰੀ ਦਾਸਤਾਨ ਹੈ। ਉਸਨੂੰ ਇਹ ਕਾਮਯਾਬੀ ਕੋਈ ਥਾਲੀ ਵਿੱਚ ਪਰੋਸ ਕੇ ਨਹੀ ਮਿਲੀ, ਸਗੋਂ ਉਸਨੂੰ ਇਸ ਲਈ ਆਪਣੀ ਜ਼ਿੰਦਗੀ ਨਾਲ ਦੋ-ਚਾਰ ਵੀ ਹੋਣਾ ਪਿਆ।

ਅਕਰਮ ਰਾਹੀ ਦਾ ਜਨਮ 1968 ਵਿੱਚ ਪਿਤਾ ਗੁਲਾਮ ਹੈਦਰ ਬਾਜਵਾ ਦੇ ਘਰ ਪਿੰਡ ਤਲਵੰਡੀ ਅਨਾਇਤ ਖਾਂ ਤਹਿਸੀਲ ਪਸਰੂਰ ਜਿਲ੍ਹਾ ਸਿਆਲਕੋਟ ਵਿੱਚ ਜੱਟ ਬਾਜਵਿਆਂ ਦੇ ਘਰ ਹੋਇਆ। ਤਿੰਨ ਭੈਣਾਂ ਤੇ ਤਿੰਨ ਭਰਾਵਾਂ ‘ਚੋਂ ਦੂਜੇ ਥਾਂ ਤੇ ਅਕਰਮ ਰਾਹੀ ਨੇ ਇੱਕ ਗਰੀਬ ਕਿਸਾਨ ਦੇ ਘਰ ਅੱਖ ਖੋਲੀ। ਏਡੇ ਪਰਿਵਾਰ ਲਈ ਚਾਰ ਕਿਲੇ ਜਮੀਨ ਕੀ ਮਾਅਨੇ ਰੱਖਦੀ ਹੈ। ਇਸ ਲਈ ਉਸਨੂੰ ਦਿਹਾੜੀ ਵੀ ਕਰਨੀ ਪਈ, ਬੱਸ ਕਡੰਕਟਰੀ ਵੀ ਕਰਨੀ ਪਈ। ਬੱਸਾਂ ਧੋਣੀਆਂ ਤੇ ਬੱਸਾਂ ਵਿੱਚ ਹੀ ਸੌਣਾ ਪਿਆ। ਜਵਾਨੀ ਵੇਲੇ ਉਸ ਨੂੰ ਗਲਤ ਸੰਗਤ ਵਿੱਚ ਪੈਣ ਕਰਕੇ ਹਵਾਲਾਤ ਵੀ ਕੱਟਣੀ ਪਈ ਤੇ ਘਰ ਪਰਿਵਾਰ ਦੀ ਬਦਨਾਮੀ ਅਲੱਗ ਹੋਈ, ਪਰ ਉਸਨੇ ਜਲਦੀ ਹੀ ਇਸ ਗਲਤ ਕੰਮਾਂ ਤੋਂ ਤੋਬਾ ਕਰ ਲਈ ਤੇ ਇੱਕ ਸ਼ਰੀਫ ਆਦਮੀ ਦੀ ਜਿੰਦਗੀ ਜਿਊਣ ਦੀ ਕਸਮ ਖਾਧੀ। ਸ਼ਰੀਫ ਆਦਮੀ ਦੀ ਜਿੰਦਗੀ ਜਿਊਣ ਲਈ ਜਦੋਂ ਉਹ ਚਪੜਾਸੀ ਦੀ ਨੌਕਰੀ ਵਾਸਤੇ ਦਫਤਰਾਂ ਵਿੱਚ ਗਿਆ ਤਾਂ ਉਸਨੂੰ ਉਸਦੇ ਕਾਬਿਲ ਵੀ ਨਾ ਸਮਝਿਆਂ ਗਿਆ ਤੇ ਦੁਰਕਾਰ ਕੇ ਦਫਤਰੋਂ ਬਾਹਰ ਕੱਢ ਦਿੱਤਾ ਗਿਆ। ਉਸਨੂੰ ਉਦੋਂ ਸਮਝ ਆਇਆ ਕਿ ਸ਼ਰੀਫ ਆਦਮੀ ਦੀ ਜਿੰਦਗੀ ਜੀਊਣਾਂ ਕਿੰਨਾਂ ਮੁਸ਼ਕਿਲ ਹੈ, ਪਰ ਉਸਨੇ ਕਸਮ ਖਾਧੀ ਹੋਈ ਸੀ ਇਸ ਲਈ ਦੁਬਾਰਾ ਗਲਤ ਕੰਮਾਂ ਦੇ ਨੇੜੇ ਨਹੀ ਗਿਆ।

ਸ਼ਾਇਰੀ ਦਾ ਸ਼ੌਕ ਉਸਨੂੰ ਦੱਸਵੀਂ ਕਲਾਸ ਤੋਂ ਹੀ ਸੀ। ਪੜ੍ਹਦੇ-ਪੜ੍ਹਦੇ ਹੀ ਸੱਚਾ ਇਸ਼ਕ ਹੋ ਗਿਆ। ਜਦ ਸਮਝ ਆਈ ਕਿ ਉਸ ਬਿਨ੍ਹਾਂ ਰਹਿਣਾ ਮੁਸ਼ਕਿਲ ਹੀ ਨਹੀ ਨਾ-ਮੁਮਕਿਨ ਹੈ ਤਾਂ ਉਸ ਵਕਤ ਬਹੁਤ ਦੇਰ ਹੋ ਚੁੱਕੀ ਸੀ। ਦੋਵਾਂ ਦੇ ਪਿਆਰ ਵਿੱਚ ਅਮੀਰੀ- ਗਰੀਬੀ ਦੀ ਦੀਵਾਰ ਆ ਗਈ। ਸ਼ੁਰੂਆਤੀ ਪਿਆਰ ਤਾਂ ਦੋ ਪਾਸੜ ਸੀ, ਪਰ ਬਾਅਦ ਵਿੱਚ ਇੱਕ ਪਾਸੜ ਹੀ ਰਹਿ ਗਿਆ। ਅਕਰਮ ਰਾਹੀ ਦੀ ਗਰੀਬੀ ਤੋਂ ਡਰਦੀ ਉਹ ਵੀ ਕਿਨਾਰਾ ਕਰ ਗਈ ਤੇ ਕਿਸੇ ਹੋਰ ਨਾਲ ਨਿਕਾਹ ਕਰ ਲਿਆ। ਇਹ ਗੱਲ 1989 ਦੀ ਹੈ। ਉਸ ਸਮੇਂ ਉਹ ਬੱਸ ਕਡੰਕਟਰੀ ਕਰਦਾ ਸੀ। ਜਦ ਕਿਸੇ ਨੇ ਉਸਨੂੰ ਦੱਸਿਆ ਤਾਂ ਉਸ ਉੱਤੇ ਮਾਨੋ ਜਿਵੇਂ ਅਸਮਾਨੀ ਬਿਜਲੀ ਡਿੱਗ ਪਈ ਹੋਵੇ। ਉਸ ਨੇ ਇਹ ਸੱਚਾਈ ਅੱਖੀਂ ਵੇਖਣੀ ਚਾਹੀ, ਜਦ ਪਿੰਡ ਆਇਆ ਤਾਂ ਆਪਣੀ ਜਗ੍ਹਾ ਕਿਸੇ ਹੋਰ ਨੂੰ ਲਾੜਾ ਬਣਿਆ ਦੇਖਿਆ ਤਾਂ ਬੇਹੋਸ਼ ਹੋ ਕੇ ਡਿੱਗ ਪਿਆ।

ਜਦ ਹੋਸ਼ ਆਈ ਤਾਂ ਉਹ ਪਾਗਲਖਾਨੇ ਸੀ। ਉਹ ਉਸਦੇ ਵਿਛੋੜੇ ਵਿੱਚ ਪਾਗਲ ਹੋ ਚੁੱਕਾ ਸੀ। ਊਲ-ਜਲੂਲ ਹਰਕਤਾਂ ਕਰਦਾ ਸੀ। ਡਾਕਟਰਾਂ ਨੇ ਕਿਹਾ ਕਿ ਇਹ ਕਦੇ ਵੀ ਠੀਕ ਨਹੀ ਹੋ ਸਕਦਾ, ਪਰ ਖੁਦਾ ਦੀ ਐਸੀ ਕਰਾਮਾਤ ਹੋਈ ਕਿ ਕੁਝ ਮਹੀਨਿਆਂ ਬਾਅਦ ਹੀ ਉਹ ਠੀਕ ਹੋ ਗਿਆ। ਉਸਨੂੰ ਉਸਦੇ ਘਰਵਾਲਿਆਂ ਨੇ ਦੱਸਿਆ ਕਿ ਤੂੰ ਕਦੇ ਰੋਣ ਲੱਗ ਪੈਂਦਾ ਸੀ ਤੇ ਹੱਸਣ ਲੱਗ ਪੈਂਦਾ ਸੀ। ਕਦੇ ਆਪਣੇ ਹੀ ਲਿਖੇ ਹੋਏ ਗੀਤ ਡਾਕਟਰਾਂ ਤੇ ਆਪਣੇ ਪਾਗਲ ਸਾਥੀਆਂ ਨੂੰ ਸੁਣਾਉਣ ਲੱਗ ਪੈਂਦਾ ਸੀ। ਬੱਸ ਗਾਉਂਦਾ-ਗਾਉਂਦਾ ਹੀ ਤੂੰ ਠੀਕ ਹੋ ਗਿਆ।ਡਾਕਟਰਾਂ ਨੇ ਕਿਹਾ ਕਿ ਅਸੀ ਐਸਾ ਚਮਤਕਾਰ ਕਦੇ ਨਹੀ ਦੇਖਿਆ। ਬੱਸ ਤੁਸੀ ਅਕਰਮ ਨੂੰ ਗਾਉਣ ਤੋਂ ਮਨਾ ਨਹੀ ਕਰਨਾ। ਉਸਦੇ ਦੋਸਤ  ਉਸਨੂੰ ਕਹਿਣ ਲੱਗੇ ਕਿ ‘ਯਾਰ ਤੈਨੂੰ ਤਾਂ ਪਾਗਲਪੁਣਾ ਰਾਸ ਆ ਗਿਆ ਹੈ। ਤੇਰੀ ਅਵਾਜ਼ ਵਿੱਚ ਲੋਹੜੇ ਦਾ ਦਰਦ ਹੈ। ਤੂੰ ਕੋਈ ਕੈਸਿਟ ਕਿਉਂ ਨਹੀ ਕਰ ਲੈਂਦਾ।

’ ਕੁਝ ਉਹਨਾਂ ਨੇ ਪੈਸੇ ਇੱਕਠੇ ਕੀਤੇ, ਕੁਝ ਉਸਨੇ ਕਡੰਕਟਰੀ ਦੌਰਾਨ ਜਮਾਂ ਕੀਤੇ ਸਨ। ਅਕਰਮ ਦੱਸਦਾ ਹੈ ਕਿ ‘ਅਸੀ ਇੱਕ ਕੈਸਿਟ ਰਿਕਾਰਡ ਕਰਵਾ ਲਈ। ਫਿਰ ਕੈਸਿਟ ਰਲੀਜ਼ ਕਰਾਉਣ ਲਈ ਬਹੁਤ ਧੱਕੇ ਖਾਣੇ ਪਏ। ਅਖੀਰ ਜਾ ਕੇ ਪਾਕਿਸਤਾਨ ਮਿਊਜ਼ਿਕ ਕੰਪਨੀ ( ਪੀ.ਐਮ.ਸੀ) ਨੇ ਇਹ ਕੈਸਿਟ ਰਲੀਜ਼ ਕੀਤੀ। ਸ਼ੁਰੂ-ਸ਼ੁਰੂ ਵਿੱਚ ਇਹ ਕੈਸਿਟ ਮੈਨੂੰ ਖੁਦ ਵੇਚਣ ਜਾਣਾ ਪਿਆ, ਪਰ ਮੇਰੀ ਇਹ ਕੈਸਿਟ ਕਿਸੇ ਨੇ ਨਹੀ ਖ੍ਰੀਦੀ। ਮੈਂ ਮੁਫਤ ਦੇਣ ਲੱਗ ਪਿਆ। ਮੇਰਾ ਉਸ ਵੇਲੇ ਦਿਲ ਟੁੱਟ ਗਿਆ ਜਦੋਂ ਇੱਕ ਦੁਕਾਨਦਾਰ ਨੇ ਮੁਫਤ ਵਿੱਚ ਵੀ ਇਹ ਕੈਸਿਟ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਮੇਰੀ ਕੈਸਿਟ ਦੁਕਾਨ ਤੋਂ ਬਾਹਰ ਸੁੱਟ ਦਿੱਤੀ। ਮੈਂ ਮਯੂਸ ਹੋ ਕੇ ਘਰ ਦੀ ਪਿਛਲੀ ਕੋਠੜੀ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ। ਮੇਰੀ ਅੰਮੀ ਨੇ ਕਿਹਾ ਕਿ ‘ ਪੁੱਤਰ ਕੀ ਹੋਇਆ ਹੈ?’

ਮੈਂ ਕਿਹਾ ਕਿ ‘ ਅੰਮੀ , ਲੋਕਾਂ ਨੇ ਹੁਣ ਮੇਰੇ ਹਾੜੇ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ ਏ।’ ਮੇਰੀ ਅੰਮੀ ਕਹਿੰਦੀ, ‘ਪੁੱਤਰ  ਤੂੰ ਫਿਕਰ ਨਾ ਕਰ, ਇੱਕ ਦਿਨ ਐਸਾ ਆਏਗਾ।ਤੇਰਾ ਬਹੁਤ ਨਾਂਅ ਹੋਏਗਾ।’ ਉਹ ਦਿਨ ਜਲਦੀ ਹੀ ਆ ਗਿਆ। ਮੈਂ ਆਪਣੀ ਅੰਮੀ ਨੂੰ ਹੀ ਸਭ ਕੁਝ ਮੰਨਦਾ ਹਾਂ। ਫਿਰ ਥੋੜ੍ਹੇ ਦਿਨਾਂ ਬਾਅਦ ਹੀ ਮੈਨੂੰ ਕੰਪਨੀ ਦਾ ਸੁਨੇਹਾ ਮਿਲਿਆ ਕਿ  ਕੰਪਨੀ ਦੇ ਦਫਤਰ ਆ ਕੇ ਮਿਲੋ। ਮੈਂ ਉਹ ਕੈਸਿਟਾਂ ਵਾਲਾ ਬੈਗ ਲੈ ਕੇ ਕੰਪਨੀ ਦੇ ਦਫਤਰ ਪੁੱਜਾ। ਉੱਥੇ ਕੰਪਨੀ ਦੇ ਸਾਰੇ ਅਫਸਰ ਤੇ ਮੁਲਾਜ਼ਮ ਇੱਕਠੇ ਹੋਏ ਸਨ। ਸਾਰੇ ਮੈਨੂੰ ਜੱਫੀਆਂ ਪਾ ਕੇ ਮਿਲੇ। ਮੈਂ ਪੁੱਛਿਆ ‘ਕੀ ਹੋਇਆ ਹੈ?’ ਉਹ ਕਹਿਣ ਲੱਗੇ ਕਿ ‘ਤੇਰੀ ਕੈਸਿਟ ਨੇ ਧੁੰਮਾਂ ਮਚਾ ਦਿੱਤੀਆਂ ਹਨ। ਪੂਰੇ 13 ਦਿਨ ਕਰਾਚੀ ਵਿੱਚ ਤੇ ਪੂਰੇ 13 ਦਿਨ ਫੈਸਲਾਬਾਦ ਵਿੱਚ ਤੇਰੀ ਕੈਸਿਟ ਦਾ ਰੈਪਰ ਛੱਪਦਾ ਰਿਹਾ ਏ, ਪਰ ਅਸੀ ਲੋਕਾਂ ਦੀ ਮੰਗ ਫਿਰ ਵੀ ਪੂਰੀ ਨਹੀ ਕਰ ਸਕੇ।’ ਉਹਨਾਂ ਮੈਨੂੰ ਢੇਰ ਸਾਰੇ ਪੈਸੇ ਤੇ ਜਹਾਜ ਦਾ ਟਿਕਟ ਦਿੱਤਾ ਤੇ ਕਿਹਾ ਕਿ ‘ਆਪ ਕਰਾਚੀ ਜਾ ਕੇ ਦੇਖ ਆਊ’ ਸੋ ਮੈਂ ਕਰਾਚੀ ਦੇ ਬਜਾਰਾਂ ਵਿੱਚ ਜਾ ਕੇ ਆਪਣੇ ਅੱਖੀਂ ਵੇਖ ਕੇ ਆਇਆ ਤੇ ਯਕੀਨ ਹੋ ਗਿਆ ਕਿ ਲੋਕਾਂ ਨੇ ਮੈਨੂੰ ਪਸੰਦ ਕਰ ਲਿਆ ਹੈ ਤੇ ਉਸ ਦਿਨ ਅਕਰਮ ਰਾਹੀ ਦਾ ਜਨਮ ਹੋਇਆ।
ਅਮਰੀਕਾ, ਕੈਨੇਡਾ ਤੇ ਯੂਰਪ ਦੇ ਹਰ ਦੇਸ਼ ਦੀ ਸੈਰ ਚੁੱਕਾ ਇਹ ਗਾਇਕ ਹਿੰਦੋਸਤਾਨ ਦਾ ਵੀ ਚੱਕਰ ਲਗਾ ਚੁੱਕਾ ਹੈ। ਹਿੰਦੋਸਤਾਨ ਦੇ ਲੋਕਾਂ ਤੋਂ ਮਿਲੇ ਰੱਜਵੇਂ ਪਿਆਰ ਤੋਂ ਬੇਹੱਦ ਖੁਸ਼ ਹੋਇਆ। ਉਸਨੇ ਦੱਸਿਆ ਕਿ ਉਸਦੀ ਹਿੰਦੋਸਤਾਨ ਆਉਣ ਦੀ ਬੜੀ ਪੁਰਾਣੀ ਰੀਝ ਸੀ ਜੋ ਬੜੇ ਚਿਰ ਬਾਅਦ ਪੂਰੀ ਹੋਈ ਹੈ। ਉਸਨੇ ਕਿਹਾ ਕਿ ਸਾਡੇ ਪਿਛੋਕੜ ਵਿੱਚੋਂ ਅੱਧੇ ਸਿੱਖ ਤੇ ਅੱਧੇ ਮੁਸਲਮਾਨ ਨੇ। ਮੈਂ ਆਪਣੇ ਸਿੱਖ ਵੀਰਾਂ ਨੂੰ ਮਿਲ ਕੇ ਬਹੁਤ ਖੁਸ਼ ਹੋਇਆਂ ਹਾਂ।’ ਅਸੀ ਵੀ ਅਕਰਮ ਰਾਹੀ ਲਈ ਇਹੋ ਦੂਆ ਕਰਦੇ ਹਾਂ ਕਿ ਖੁਦਾ ਉਸਨੂੰ ਸਦਾ ਸਲਾਮਤ ਰੱਖੇ ਤੇ ਅਸੀ ਉਸਦੀ ਗਾਇਕੀ ਦਾ ਅਨੰਦ ਮਾਣਦੇ ਰਹੀਏ।


No comments:

Post a Comment