ਅਨਮੋਲ ਬਚਨ -- ਪਰਾਈ ਆਸ, ਪਰਾਈ ਤਾਤ
ਇਨਸਾਨ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਨੂੰ ਕਿਸੇ ਦਾ ਸਹਾਰਾ ਮਿਲ ਜਾਏ, ਜਿਸ ਨਾਲ ਮੇਰਾ ਜੀਵਨ ਸੌਖਾ ਹੋ ਜਾਵੇ। ਮਨੁੱਖ ਜਿਉਂਦਾ ਹੈ, ਪਰਾਈ ਆਸ ਵਿਚ ਜਾਂ ਪਰਾਈ ਤਾਤ ਵਿਚ। ਇਸ ਤਰ੍ਹਾਂ ਮਨੁੱਖ (ਇਨਸਾਨ) ਰੱਬ ਦੇ ਮਿਲਾਪ ਨੂੰ ਮਾਨਣ ਦਾ ਅਨੰਦ ਪ੍ਰਾਪਤ ਨਹੀਂ ਕਰ ਸਕਦਾ।
ਪਰਾਈ ਆਸ ਤੋਂ ਭਾਵ ਆਪਣੇ ਜੀਵਨ ਦੀ ਮਹਾਨਤਾ ਨੂੰ ਘਟਾਉਣਾ, ਪਰਾਈ ਤਾਤ ਤੋਂ ਭਾਵ ਜੀਵਨ ਵਿਚ ਦੈਵੀ ਗੁਣਾਂ ਨੂੰ ਨਸ਼ਟ ਕਰਨਾ। ਪਰਾਈ ਆਸ ਵਿਚ ਜਿਉਣ ਨਾਲ ਸਮਾਂ ਨਸ਼ਟ ਹੁੰਦਾ ਹੈ ਤੇ ਆਸ ਵਿਅਰਥ ਜਾਂਦੀ ਹੈ ਭਾਵ ਪੂਰੀ ਨਹੀਂ ਹੁੰਦੀ।
ਮਾਨੁਖ ਕੀ ਟੇਕ ਬਿਰਥੀ ਸਭ ਜਾਨੁ।
ਦੇਵਨ ਕੋ ਏਕੈ ਭਗਵਾਨੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 281)
ਆਸਾਂ ਤੋਂ ਬਿਨਾਂ ਮਨੁੱਖ (ਇਨਸਾਨ) ਜੀਅ ਨਹੀਂ ਸਕਦਾ। ਹਰ ਸਵਾਸ ਮਨੁੱਖ ਦਾ ਆਸਾਂ ਨਾਲ ਭਰਿਆ ਪਿਆ ਹੈ।
ਸਤਿਗੁਰੂ ਸਾਨੂੰ ਸਮਝਾਉਂਦੇ ਹਨ, ਤੂੰ ਰਾਮ ਦਾ ਸਿਮਰਨ ਕਰ, ਉਸ ਨੂੰ ਚੇਤੇ ਕਰ, ਤੇਰੀਆਂ ਚੰਗੀਆਂ ਆਸਾਂ ਸਤਿਗੁਰੂ ਆਪ ਪੂਰੀਆਂ ਕਰ ਦਿੰਦਾ ਹੈ। ਲੋੜ ਹੈ ਉਸ ਸਤਿਗੁਰੂ ਨੂੰ ਆਪਣੇ ਹਿਰਦੇ ਘਰ ਵਿਚ ਵਸਾਉਣ ਦੀ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਪਰਾਈ ਤਾਤ ਰੱਖਣ ਵਾਲਾ ਮਨੁੱਖ ਸਦਾ ਦੂਜੇ ਦਾ ਬੁਰਾ ਸੋਚਦਾ ਹੈ, ਜਿਸ ਕਰਕੇ ਉਸ ਦਾ ਆਪਣਾ ਬੁਰਾ ਹੁੰਦਾ ਹੈ।
ਪਰ ਕਾ ਬੁਰਾ ਨ ਰਾਖੋ ਚੀਤ॥
ਤੁਮ ਕੋ ਦੁਖ ਨਹੀ ਭਾਈ ਮੀਤ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 386)
ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਇਨਸਾਨ ਨੇ ਈਰਖਾ ਦੇ ਕਾਰਨ ਰੱਬ ਨੂੰ ਕਈ ਹਿੱਸਿਆਂ ਵਿਚ ਵੰਡ ਲਿਆ ਹੈ। ਪਹਿਲਾਂ ਆਪਸ ਵਿਚ ਪਿਆਰ, ਮੋਹ, ਪ੍ਰੇਮ ਅਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਹੁੰਦੇ ਸਨ। ਵੱਡੇ-ਵੱਡੇ ਪਰਿਵਾਰ ਇਕ ਛੱਤ ਦੇ ਥੱਲੇ ਮਿਲਜੁਲ ਕੇ ਰਹਿੰਦੇ ਸਨ। ਪ੍ਰਮਾਤਮਾ ਨੇ ਸਾਨੂੰ ਮਨੁੱਖੀ ਜੀਵਨ ਦਿੱਤਾ, ਸਾਡੀਆਂ ਹਰਕਤਾਂ ਪਸ਼ੂਆਂ ਤੋਂ ਵੀ ਗਈਆਂ-ਗੁਜ਼ਰੀਆਂ ਹਨ। ਗੁਰਬਾਣੀ ਵਿਚ ਆਉਂਦਾ ਹੈ-
ਕਰਤੂਤਿ ਪਸੂ ਕੀ ਮਾਨਸ ਜਾਤਿ॥
ਸਾਨੂੰ ਪ੍ਰਮਾਤਮਾ ਵਲੋਂ ਜਿਹੜੀ ਜ਼ਿੰਦਗੀ ਮਿਲੀ ਹੈ, ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਦੇ ਵੀ ਕੁਦਰਤ ਦੇ ਬਣਾਏ ਹੋਏ ਨਿਯਮਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਉਸ ਸਤਿਗੁਰੂ ਦਾ ਦਿਲੀ ਧੰਨਵਾਦ ਕਰਦੇ ਹੋਏ ਸੰਤੋਖ ਅਤੇ ਸਬਰ ਨਾਲ ਜ਼ਿੰਦਗੀ ਨੂੰ ਜਿਊਣਾ ਚਾਹੀਦਾ ਹੈ-
ਬਿਨਾ ਸੰਤੋਖ ਨਹੀ ਕੋਊ ਰਾਜੈ॥
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ॥
ਜਿਹੜਾ ਮਨੁੱਖ ਪਰਾਈ ਤਾਤ ਵਿਚ ਜੀਵਨ ਜਿਉਂਦਾ ਹੈ, ਉਹ ਤਾਂ ਜ਼ਮੀਨ 'ਤੇ ਹੀ ਨਰਕ ਭੋਗਦਾ ਹੈ। ਗੁਰਬਾਣੀ ਦਾ ਜਾਪ ਤੇ ਸਤਿਸੰਗਤ ਦੇ ਆਸਰੇ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।
ਬਿਸਰ ਗਈ ਸਭਿ ਤਾਤ ਪਰਾਈ॥
ਜਬ ਤੇ ਸਾਧ ਸੰਗਤ ਮੋਹਿ ਪਾਈ॥
ਸੁੱਕ ਰਹੀ ਆਸ ਦੀ ਖ਼ੂਹੀ - ਗੁਰਬਖਸ਼ ਸਿੰਘ ਭੰਡਾਲ
ਆਸ ਨਾਲ ਤਾਂ ਅਸੀਂ ਜਿਉਂਦੇ ਹਾਂ, ਸਾਡੀਆਂ ਸਾਂਝਾਂ ਨੂੰ ਬੂਰ ਪੈਂਦਾ ਏ ਅਤੇ ਸਾਡੀਆਂ ਸੰਭਾਵਨਾਵਾਂ ਨੂੰ ਸਫ਼ਲਤਾ ਦੇ ਫਲ ਲੱਗਦੇ ਨੇ।
ਆਸ ਵਿਅਕਤੀ ਦੇ ਜਿਊਣ ਦਾ ਸਭ ਤੋਂ ਸੁੰਦਰ ਸਬੱਬ ਏ। ਜਦ ਅਸੀਂ ਇਸ ਨਾਲ ਆਪਣੇ ਆਪ ਨੂੰ ਵਿਸਥਾਰਦੇ ਹਾਂ ਤਾਂ ਇੱਕ ਜਿਊਣ-ਕਿਰਨ ਸਾਡੇ ਅੰਦਰ ਵਿਚ ਫੈਲਦੀ, ਅੰਦਰਲਾ ਸੁਖਨ-ਸਰਵਰ ਭਰ ਦਿੰਦੀ ਏ।
ਨਿੱਕੀਆਂ ਆਸਾਂ ਰਲ ਕੇ ਇੱਕ ਸੁਪਨਾ ਬਣ ਜਾਂਦੀਆਂ ਨੇ ਅਤੇ ਅਸੀਂ ਇਸ ਦੇ ਅੰਤ ਨੂੰ ਆਪਣੇ ਕਰਾਰ ਦਾ ਸਿਰਨਾਵਾਂ ਬਣਾ ਲੈਂਦੇ ਹਾਂ।
ਆਸ ਜਿਊਂਦੀ ਰਹੇ ਤਾਂ ਸਾਹਾਂ ਵਿਚ ਸੰਗੀਤ ਦੀ ਸੁਰ ਪੈਂਦਾ ਹੁੰਦੀ ਏ, ਸਾਡੇ ਕਦਮਾਂ ਵਿਚ ਉਤਸ਼ਾਹ ਪੁੰਗਰਦਾ ਏ ਅਤੇ ਸਾਨੂੰ ਹੁੰਗਾਰੇ ਪ੍ਰਤੀ ਆਸਵੰਦ ਰਹਿਣ ਦਾ ਬਹਾਨਾ ਮਿਲ ਜਾਂਦਾ ਏ।
ਆਸ ਜਿਊਂਦੀ ਰਹੇ ਤਾਂ ਨਬਜ਼ ਚੱਲਦੀ ਏ, ਸਾਡੇ ਦੀਦੇ ਚਾਰੇ ਪਾਸੇ ਫੈਲੀ ਸੁੰਦਰਤਾ ਨੂੰ ਮਾਣਦੇ ਨੇ, ਸਾਡੇ ਸੁਹਜ ਸੁਆਦ ਜਿਉਂਦੇ ਨੇ ਅਤੇ ਸਾਡੀ ਜੀਵਨ-ਸ਼ੈਲੀ ਵਿਚ ਭਰਪੂਰਤਾ ਸੰਗ ਜਿਊਣ ਦਾ ਜੋਸ਼ ਆਪੇ ‘ਚ ਨਹੀਂ ਮਿਉਂਦਾ।
ਆਸ ਹੀ ਸਾਡੀ ਸੋਚ ਦੇ ਖੇਤਰ ਨੂੰ ਉਸਾਰਦੀ ਏ, ਸਾਡੀ ਕਰਮ ਸ਼ੈਲੀ ਦਾ ਅਧਾਰ ਬਣਦੀ ਏ ਅਤੇ ਸਾਡੀਆਂ ਪ੍ਰਾਪਤੀਆਂ ਤੇ ਸੰਭਾਵਨਾਵਾਂ ਦਾ ਸਿਖਰ ਸਿਰਜਣ ਵਿਚ ਵੀ ਅਹਿਮ ਰੋਲ ਅਦਾ ਕਰਦੀ ਏ।
ਆਸ ਮਰ ਜਾਵੇ ਤਾਂ ਬੰਦੇ ਦੇ ਅੰਦਰ ਦਾ ਵਿਅਕਤੀ ਮਰ ਜਾਂਦਾ ਏ। ਸਭ ਤੋਂ ਕਹਿਰਵਾਨ ਹੁੰਦਾ ਏ ਬੰਦੇ ਦੇ ਅੰਦਰ ਦਾ ਮਰ ਜਾਣਾ। ਭਲਾ! ਬੰਦਾ ਕਿੰਨਾ ਕੁ ਚਿਰ ਡਰਨੇ ਵਾਂਗ ਜਿਊਣ ਦਾ ਸਵਾਂਗ ਰਚਾ ਸਕਦਾ ਏ।
ਆਸ ਮਰ ਜਾਵੇ ਤਾਂ ਅੱਖਾਂ ਵਿਚ ਹਨੇਰਾ ਫੈਲਦਾ ਏ। ਪ੍ਰਦੇਸੀ ਪੁੱਤਾਂ ਦੀਆਂ ਮਾਵਾਂ ਮਹਿਲਾਂ ਵਰਗੇ ਘਰਾਂ ਦੇ ਦਰਾਂ ‘ਤੇ ਬੈਠੀਆਂ ਬੈਠੀਆਂ ਢਲਦੇ ਪਰਛਾਵਿਆਂ ਨੂੰ ਨਿਹਾਰਦੀਆਂ ਨੇ ਅਤੇ ਜਦ ਨਖ਼ਸਮੀ ਸ਼ਾਮ ਬਨੇਰੇ ਤੋਂ ਉਤਰ ਆਵੇ ਤਾਂ ਮਾਂ ਦੀ ਜਿਊਣ-ਆਸ ਇੱਕ ਅਕਹਿ ਅਤੇ ਅਸਹਿ ਪੀੜਾ ਬਣ, ਕਈ ਵਾਰ ਦਰਾਂ ‘ਤੇ ਮਾਤਮ ਖੁਣ ਜਾਂਦੀ ਏ। ਖੂੰਡੀ ਆਸਰੇ ਤੁਰਦਿਆਂ ਅਤੇ ਕੰਬਦੇ ਹੱਥਾਂ ਦੀ ਓਟ ਵਿਚ ਰਾਹ ਨਿਹਾਰਦੇ ਧੌਲੀ ਦਾੜ੍ਹੀ ਵਾਲੇ ਬਾਪ ਕੰਨੀਂ ਕਦੇ ਦੇਖਣਾ ਜਿਸਦਾ ਪਰਦੇਸੀ ਪੁੱਤ ਉਸਦੀ ਹਾਕ ਦਾ ਹੁੰਗਾਰਾ ਨਾ ਭਰਦਾ ਹੋਵੇ ਅਤੇ ਉਹ ਪੁੱਤ ਦੀਆਂ ਰਾਹਾਂ ਨਿਹਾਰਨ ਦੀ ਬਜਾਏ ਸਿਵਿਆ ਵੰਨੀ ਜਾਂਦੇ ਰਾਹਾਂ ਨਾਲ ਅਪਣੱਤ ਪਾਲਣ ਲੱਗ ਪਿਆ ਹੋਵੇ। ਅਜੇਹਾ ਸੋਚ ਕੇ ਤੁਹਾਡੇ ਮਨ ‘ਚੋਂ ਇੱਕ ਆਹ ਜ਼ਰੂਰ ਨਿਕਲੇਗੀ। ਇਹ ਹਾਉਕਾ ਬਜ਼ੁਰਗ ਦੀ ਮਰ ਰਹੀ ਆਸ, ਮਰਨ ਲਈ ਤੜਪ ਅਤੇ ਜਿਊਣ ਦੀ ਮੁੱਕ ਰਹੀ ਖ਼ਾਹਿਸ਼ ਦਾ ਹੁੰਦਾ ਏ। ਕਦੇ ਪਤਾ ਕਰਿਓ! ਬੰਦ ਘਰਾਂ ਵਿਚ ਕਿੰਨੇ ਬਜ਼ੁਰਗਾਂ ਦੀ ਆਸ ਦਫ਼ਨ ਏ ਜੋ ਆਪਣਿਆਂ ਨੂੰ ਉਡੀਕਦੇ, ਮੁੱਠ ਕੁ ਰਾਖ ਬਣ ਬੈਠੇ ਅਤੇ ਉਨ੍ਹਾਂ ਦੇ ਸੱਥਰ ‘ਤੇ ਬੈਠਣ ਵਾਲਾ ਵੀ ਕੋਈ ਨਾ ਰਿਹਾ।
ਆਸ ਮਰ ਜਾਵੇ ਤਾਂ ਮਾਂ-ਬਾਪ ਦੇ ਸੁਪਨਿਆਂ ਦੀ ਪੂਰਤੀ ਕਰਨ ਵਾਲੇ ਕੁੱਝ ਕੁ ਧੀਆਂ-ਪੁੱਤ ਖੁਦਕੁਸ਼ੀਆਂ ਦੇ ਰਾਹ ਤੁਰ ਪੈਂਦੇ ਨੇ, ਕੁੱਝ ਨਸ਼ਿਆਂ ਦੀ ਦਲਦਲ ਵਿਚ ਧੱਸ ਜਾਂਦੇ ਨੇ, ਕੁੱਝ ਮਾਪਿਆਂ ਦਾ ਕਰਜ਼ਾ ਉਤਾਰਨ ਲਈ ਏਜੰਟਾਂ ਦੇ ਢਹੇ ਚੜ ਕਿਸੇ ਸਮੁੰਦਰ ਵਿਚ ਸਦਾ ਲਈ ਸਮਾ ਜਾਂਦੇ ਨੇ ਜਾਂ ਕਿਸੇ ਜੰਗਲ ਵਿਚ ਜਾਂਗਲੀ ਦਰਿੰਦੇ ਦੀ ਭੁੱਖ ਦਾ ਟੁੱਕ ਬਣ ਜਾਂਦੇ ਨੇ। ਯਾਦ ਰੱਖਣਾ! ਚੜ੍ਹਦੀ ਉਮਰੇ ਜਦ ਕਿਸੇ ਦੀ ਆਸ ਆਤਮ-ਹੱਤਿਆ ਕਰਨ ਦੇ ਰਾਹ ਤੁਰ ਪਵੇ ਤਾਂ ਸਾੜ੍ਹਸਤੀ ਆਉਂਦੀ ਏ ਜਿਹੜੀ ਕਈ ਪੀੜ੍ਹੀਆਂ ਨੂੰ ਭੁਗਤਣੀ ਪੈਂਦੀ ਏ।
ਮੱਥੇ ਵਿਚ ਚਾਨਣ ਦੀ ਕਾਤਰ ਧਰਨ ਦੀ ਆਸ ਉਸ ਵੇਲੇ ਮਰ ਜਾਂਦੀ ਏ ਜਦ ਕਿਸੇ ਜੁਆਕ ਨੂੰ ਦੋ-ਡੰਗ ਦੀ ਰੋਟੀ ਦਾ ਡਰ ਸਤਾਉਣ ਲੱਗ ਪਵੇ ਅਤੇ ਉਹ ਕਿਸੇ ਢਾਬੇ ਤੇ ਭਾਂਡੇ ਧੋਂਦਾ, ਜਗੀਰਦਾਰ ਦੀਆਂ ਛਿੜਕਾਂ ਖਾਂਦਾ ਜਾਂ ਸੇਠ ਦਾ ਛੋਟੂ ਬਣ, ਜ਼ਿੰਦਗੀ ਲਈ ਸ਼ਰਮਸਾਰੀ ਬਣ ਜਾਂਦਾ ਏ। ਜਦ ਇਹ ਜੁਆਕ,ઠ ਸਕੂਲ ਜਾਂਦੇ ਹਮ-ਉਮਰ ਨੂੰ ਤੱਕਦਿਆਂ, ਕੰਧਾਂ ਨਾਲ ਠੁੱਡ ਮਾਰ ਕੇ ਆਪਣੇ ਕੋਮਲ ਪੈਰਾਂ ਨੂੰ ਜ਼ਖਮੀ ਕਰ ਲਵੇ ਤਾਂ ਉਸਦੇ ਮਨ ‘ਚ ਟੁੱਟੀ ਆਸ ਦੇ ਕੱਚੇ ਧਾਗਿਆਂ ‘ਚ ਇੱਕ ਰੋਹ ਪੈਦਾ ਹੁੰਦਾ ਏ। ਪਰ ਉਹ ਬੇਵੱਸ ਹੋ, ਤੰਦੂਆ ਜਾਲ ‘ਚ ਉਲਝਿਆ, ਸਾਰੀ ਉਮਰ ਤਿੜਕੀ ਆਸ ਦੀ ਵਹਿੰਗੀ ਢੋਣ ਜੋਗਾ ਹੀ ਰਹਿ ਜਾਂਦਾ ਏ।
ਆਸ ਦੇ ਜਿਊਂਦਾ ਰਹਿਣਾ ਲਈ ਜ਼ਰੂਰੀ ਏ ਕਿ ਸਾਡੇ ਸਿਰਜੇ ਭਰਮ-ਭੁਲੇਖਿਆਂ ਨੂੰ ਛਲਾਵਾ ਮਿਲਦਾ ਰਹੇ ਤਾਂ ਹੀ ਨਾੜਾਂ ਵਿਚ ਲਹੂ ਦੀ ਧਾਰਾ ਚੱਲਦੀ ਰਹਿੰਦੀ ਏ।
ਜਦ ਕਿਸੇ ਦਰਿਆ ਦੇ ਕੰਢਿਆਂ ਅਤੇ ਪੱਤਣਾਂ ਦੀ ਆਸ ਮਰ ਜਾਵੇ ਤਾਂ ਦਰਿਆ ਦੀ ਹਿੱਕ ‘ਚ ਬਰੇਤੇ ਉਗਦੇ ਨੇ ਜੋ ਧਰਤੀ ਮਾਂ ਨੂੰ ਮਾਰੂਥਲ ਦੀ ਇਬਾਦਤ ਬਣਾ ਦਿੰਦੇ ਨੇ।ઠ ਅਜੇਹੇ ਦਰਿਆਵਾਂ ਦੀ ਤਾਸੀਰ ਵਿਚ ਮੌਤ ਦਾ ਰੰਗ ਹੋਰ ਗੂੜ੍ਹਾ ਹੋ ਜਾਂਦਾ ਏ। ਜਦ ਜੀਵਨ ਦਾਨ ਬਖ਼ਸ਼ਣ ਵਾਲੇ ਪਾਣੀ ਦੀ ਜੀਭਾਂ ‘ਤੇ ਸਿਸਕੀ ਖੁਣ ਦਿੱਤੀ ਜਾਵੇ ਤਾਂ ਉਸਦੀ ਵਿਲਕਣੀ ਨੂੰ ਕੌਣ ਸੁਣਨ ਦਾ ਹੀਆ ਕਰੇਗਾ?
ਜਦ ਕਿਸੇ ਆਲ੍ਹਣੇ ਵਿਚ ਪਰਿੰਦਿਆਂ ਦੀ ਗੁਟਕਣੀ ਅਤੇ ਬੋਟਾਂ ਦੀ ਚੀਂ-ਚੀਂ ਦੀ ਸੁਲਗ ਆਸ ਮਰ ਜਾਵੇ ਤਾਂ ਆਲ੍ਹਣਾ ਤੀਲਾ-ਤੀਲਾ ਹੋ, ਆਪਣੀ ਹੋਂਦ ਹਵਾ ‘ਚ ਗਵਾ ਬਹਿੰਦਾ ਏ ਅਤੇ ਫਿਰ ਇਹ ਤੀਲੇ ਕਿਸੇ ਉਜਾੜ ਦੀ ਤਸਦੀਕ ਬਣ ਜਾਂਦੇ ਨੇ।
ਜਦ ਕਿਸੇ ਬਿਰਖ ਦੀ ਫਲਾਂ ਅਤੇ ਫੁੱਲਾਂ ਦੀ ਆਸ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਪੱਤੇ ਵੀ ਬਿਰਖ਼ ਨਾਲੋਂ ਸਾਂਝ ਤੋੜ ਲੈਂਦੇ ਨੇ ਅਤੇ ਹੌਲੀ ਹੌਲੀ ਇਹ ਪੱਤਹੀਣ ਅਤੇ ਸੱਤਹੀਣ ਬਿਰਖ, ਬਾਂਹਾਂ ਫੈਲਾਈ ਸਭ ਦੀਆਂ ਖੈਰਾਂ ਮੰਗਦਿਆਂ ਵੀ, ਆਪਣੀ ਮੌਤ ਦੀ ਦੁਆ ਕਰਨ ਲੱਗ ਪੈਂਦਾ ਏ।
ਜਦ ਕਿਸੇ ਕੁੱਲੀ ਦੇ ਕੱਖ-ਕਾਨਿਆਂ ‘ਚ ਕਹਿਰ, ਕੁਕਰਮ, ਕਤਲ ਅਤੇ ਬੇਬਸੀ ਉੱਗ ਪਵੇ ਤਾਂ ਕੱਖਾਂ ਦੀ ਕੁੱਲੀ ਵਿਚ ਅੱਗ ਸਿੰਮਦੀ ਏ ਅਤੇ ਇਹ ਚੌਗਿਰਦੇ ਵਿਚ ਤਬਾਹੀ ਮਚਾ ਦਿੰਦੀ ਏ।
ਇਹ ਕੇਹੀ ਤਰਾਸਦੀ ਏ ਕਿ ਕਦਰਾਂ-ਕੀਮਤਾਂ ਸੰਗ ਲਿਪਟੀ ਆਸ ਮਰਨਹਾਰੀ ਹੋ, ਆਪਣਾ ਤਾਬੂਤ ਤਿਆਰ ਕਰਨ ‘ਚ ਰੁੱਝ ਗਈ ਏ। ਹਰ ਵਸਤ, ਸਰੋਤ ਅਤੇ ਮਨੁੱਖ ‘ਤੇ ਕਾਬਜ਼ ਹੋਣ ਦੀ ਆਸ ਨੇ ਹੈਵਾਨੀਅਤ ਦਾ ਰੂਪ ਧਾਰ ਕੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਏ। ਦੇਖਣਾ ਤਾਂ ਹੁਣ ਇਹ ਹੈ ਕਿ ਅਜੇਹੀ ਆਸ ਦੇ ਜ਼ਰਜ਼ਰੇਪਣ ‘ਤੇ ਕਿੰਨਾ ਕੁ ਚਿਰ ਅਸੀਂ ਭਾੜੇ ਦੀ ਜ਼ਿੰਦਗੀ ਜੀਵਾਂਗੇ?
No comments:
Post a Comment