Monday, 29 February 2016

ਸ਼ੋਹਰਤ ਦੀ ਖ਼ੁਸ਼ਬੂ

ਸ਼ੋਹਰਤ ਦੀ ਖ਼ੁਸ਼ਬੂ


ਡਾ. ਹਰਚੰਦ ਸਿੰਘ ਸਰਹਿੰਦੀ
ਇਸ ਸੰਸਾਰ ਵਿੱਚ ਵਿਚਰਦਿਆਂ ਹਰ ਵਿਅਕਤੀ ਦੀਆਂ ਆਪੋ-ਆਪਣੀਆਂ ਕੁਝ ਇੱਛਾਵਾਂ ਹੁੰਦੀਆਂ ਹਨ ਪਰ  ਸ਼ੋਹਰਤ ਦੀ ਇੱਛਾ ਲਗਪਗ ਹਰ ਇਨਸਾਨ ਪਾਲਦਾ ਹੈ ਜਾਂ ਕਹਿ ਲਵੋ ਕਿ ਸ਼ੋਹਰਤ ਦੀ ਇੱਛਾ ਰੱਖਣੀ ਇਨਸਾਨ ਦੀ ਇੱਕ ਕਮਜ਼ੋਰੀ ਹੈ।
ਉਪਨਿਸ਼ਦਾਂ ਵਿੱਚ ਮਨੁੱਖ ਦੀਆਂ ਤਿੰਨ ਪ੍ਰਮੁੱਖ ਇੱਛਾਵਾਂ ਦਾ ਜ਼ਿਕਰ ਮਿਲਦਾ ਹੈ: ਵਿਤੇਸ਼ਨਾ, ਪੁੱਤੇਸ਼ਨਾ ਅਤੇ ਲੋਕੇਸ਼ਨਾ। ਇਸ ਦਾ ਭਾਵ: ਮਨੁੱਖ ਚਾਹੁੰਦਾ ਹੈ ਕਿ ਉਸ ਕੋਲ ਵਿੱਤ (ਮਾਇਆ) ਹੋਵੇ, ਉਸ ਦੇ ਘਰ ਪੁੱਤਰ ਹੋਵੇ ਅਤੇ ਲੋਕ ਉਸ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਆਦਰ-ਸਤਿਕਾਰ ਕਰਨ। ਜੀਵਨ ਤਜਰਬਾ ਵੀ ਇਹੋ ਦੱਸਦਾ ਹੈ ਕਿ ਧਨ-ਦੌਲਤ ਤੇ ਔਲਾਦ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਸ਼ੋਹਰਤ ਲਈ ਤਾਂਘਦਾ ਹੈ। ਆਪਣੀ ਇਸ ਇੱਛਾ ਦੀ ਪੂਰਤੀ ਲਈ ਉਹ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਇਸ ਸਬੰਧ ਵਿੱਚ ਇੱਕ ਚੋਣਵੀਂ ਮਿਸਾਲ ਇਹ ਹੈ: ਤੁਸੀਂ ਕਦੇ ਨਾ ਕਦੇ ਇਹ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਕਈ ਧਨਵਾਨ ਵਿਅਕਤੀ ਕੜਾਕੇ ਦੀ ਠੰਢ ਦੇ ਮੌਸਮ ਵਿੱਚ ਗ਼ਰੀਬ-ਗੁਰਬਿਆਂ, ਖ਼ਾਸਕਰ ਰੋਗਾਂ ਤੋਂ ਪੀੜਤ ਲੋਕਾਂ ਨੂੰ ਕੱਪੜੇ ਤੇ ਕੰਬਲ ਤਕਸੀਮ ਕਰਦੇ ਹਨ ਅਤੇ ਫਿਰ ਅਖ਼ਬਾਰਾਂ ਵਿੱਚ ਆਪਣੀ ਚਰਚਾ ਕਰਵਾਉਂਦੇ ਤੇ ਫ਼ੋਟੋਆਂ ਛਪਵਾਉਂਦੇ ਹਨ। …ਪਰ ਸ਼ੋਹਰਤ ਮੰਗਿਆਂ ਨਹੀਂ ਮਿਲਦੀ ਤੇ ਨਾ ਹੀ ਇਸ ਨੂੰ ਪੈਸੇ ਨਾਲ ਖ਼ਰੀਦਿਆ ਜਾ ਸਕਦਾ ਹੈ।
ਸ਼ੋਹਰਤ ਦੀ ਪ੍ਰਾਪਤੀ ਲਈ ਮਨੁੱਖ ਨੂੰ ਜੀਵਨ ਦੇ ਕਿਸੇ ਖੇਤਰ ਜਿਵੇਂ ਧਰਮ, ਰਾਜਨੀਤੀ, ਕਲਾ, ਸਾਹਿਤ, ਵਿਗਿਆਨ, ਖੇਡਾਂ, ਨਵੀਆਂ ਖੋਜਾਂ ਆਦਿ ਵਿੱਚ ਕੁਝ ਨਿਵੇਕਲਾ ਕਰ ਗੁਜ਼ਰਨ ਲਈ ਮਰ-ਮਿਟਣ ਵਾਲੇ ਜਜ਼ਬੇ ਨਾਲ ਕੰਮ ਕਰਨਾ ਪੈਂਦਾ ਹੈ। ਕਿਸੇ ਖੇਤਰ ਵਿੱਚ ਨਾਂ ਪੈਦਾ ਕਰਨ ਲਈ ‘ਬਿਖਮੁ ਮਾਰਗਿ ਚਲਣਾ’ ਦੀ ਕੁਠਾਲੀ ਵਿੱਚੋਂ ਲੰਘਣਾ ਪੈਂਦਾ ਹੈ। ਮਤਲਬ ਸ਼ੋਹਰਤ ਵੱਲ ਜਾਂਦਾ ਰਾਹ ‘ਏਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ।’ ਸੋ, ਨਾਂ, ਜੱਸ ਜਾਂ ਪ੍ਰਸਿੱਧੀ ਇੱਕ ਦਿਨ ਵਿੱਚ ਨਹੀਂ ਮਿਲਦੀ। ਇਹ ਤਾਂ ਲੰਮੀ ਜਦੋ-ਜਹਿਦ ਦਾ ਸਿੱਟਾ ਹੁੰਦਾ ਹੈ। ਇਸੇ ਜਦੋ-ਜਹਿਦ ਦਾ ਜ਼ਿਕਰ ਕਰਦਿਆਂ ਲਾਂਗਫੈਲੋ ਕਹਿੰਦਾ ਹੈ ਕਿ ਮਹਾਨ ਪੁਰਸ਼ ਮਹਾਨਤਾ ਦੀ ਸਿਖਰ ’ਤੇ ਕਿਸੇ ਅਚਾਨਕ ਉਡਾਰੀ ਦੁਆਰਾ ਇਕਦਮ ਨਹੀਂ ਪਹੁੰਚ ਗਏ ਹੁੰਦੇ, ਜਦੋਂ ਉਨ੍ਹਾਂ ਦੇ ਸਾਥੀ ਸੁੱਤੇ ਹੁੰਦੇ ਸਨ, ਉਦੋਂ ਉਹ ਜਗਰਾਤੇ ਕੱਟ-ਕੱਟ ਕੇ ਮਿਹਨਤਾਂ ਕਰਿਆ ਕਰਦੇ ਸਨ।
ਹੇਰਾ-ਫੇਰੀ ਜਾਂ ਪੈਸੇ ਦੇ ਜ਼ੋਰ ਨਾਲ ਹਾਸਲ ਕੀਤੀ ਸ਼ੋਹਰਤ ਛੇਤੀ ਹੀ ਸਮੇਂ ਦੀ ਧੂੜ ਹੇਠ ਦੱਬ ਕੇ ਰਹਿ ਜਾਂਦੀ ਹੈ। ਉਂਜ ਵੀ ਕਿਸੇ ਪ੍ਰਕਾਰ ਦਾ ਜੁਗਾੜ ਫਿੱਟ ਕਰ ਕੇ ਸ਼ੋਹਰਤ ਹਾਸਲ ਕਰਨੀ ਕੋਈ ਚੰਗੀ ਗੱਲ ਨਹੀਂ ਹੁੰਦੀ। ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ ਦੀ ਮਸ਼ਹੂਰ ਗ਼ਜ਼ਲ ਦੀਆਂ ਸਤਰਾਂ ਹਨ:

ਚਾਲ ਸਮੇਂ ਦੀ ਕਹਿੰਦੀ ਹੈ ਕੋਈ ਆਪਾਂ ਵੀ ‘ਵਲ-ਛਲ’ ਕਰੀਏ।
ਪਰ ਦਿਲ ਕਹਿੰਦੈ ਐ ਬੰਦੇ! ਕੋਈ ਬੰਦਿਆਂ ਵਾਲੀ ਗੱਲ ਕਰੀਏ।

ਦੋਸਤੋ! ਬੰਦਿਆਂ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਮਨੁੱਖ ਆਪਣੀ ਕਲਾ ਜਾਂ ਚੰਗੇ ਕੰਮਾਂ ਦੇ ਦਮ ’ਤੇ ਸ਼ੋਹਰਤ  ਖੱਟੇ। ਸ਼ੋਹਰਤ ਤੋਹਫ਼ਾ ਨਹੀਂ ਹੈ ਜੋ ਤੁਹਾਨੂੰ ਕੋਈ ਦੇ ਜਾਵੇਗਾ। ਇਹ ਤਾਂ ਕਮਾਉਣੀ ਪੈਂਦੀ ਹੈ, ਤੁਹਾਡੇ ਵੱਲੋਂ ਕੀਤੇ  ਬਹਾਦਰੀ ਦੇ ਕਾਰਨਾਮਿਆਂ ’ਚੋਂ ਆਪ-ਮੁਹਾਰੇ ਫੁੱਟਦੀ ਹੈ। ਸੁਕਰਾਤ ਸ਼ੋਹਰਤ ਨੂੰ ਇਨਸਾਨ ਦੇ ਚੰਗੇ ਕੰਮਾਂ ਦੀ ਖ਼ੁਸ਼ਬੂ ਦਾ ਨਾਂ ਦਿੰਦਾ ਹੈ। ਇਹੋ ਕਾਰਨ ਹੈ ਕਿ ਸ਼ੋਹਰਤ ਬੰਦੇ ਨੂੰ ਇੱਕ ਸੋਹਣਾ, ਪਿਆਰਾ ਤੇ ਮਹਿਕਦਾ ਇਨਸਾਨ ਬਣਾ ਦਿੰਦੀ ਹੈ। ਚੇਤੇ ਰਹੇ!  ਦੁਨੀਆਂ ਵਿੱਚ ਜੋ ਕੁਝ ਵੀ ਖ਼ੂਬਸੂਰਤ ਹੈ, ਉਹ ਅਜਿਹੇ ਲੋਕਾਂ ਦੀ ਬਦੌਲਤ  ਹੀ ਹੈ। ਸੋ, ਸਮਾਜ ਅੰਦਰ ਮਹਿਕਾਂ ਖਿਲਾਰਨ ਵਾਲੇ ਇਨ੍ਹਾਂ ਸਿਦਕੀ ਤੇ ਸਿਰੜੀ ਇਨਸਾਨਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਆਈਨ-ਏ-ਅਕਬਰੀ ਮੁਤਾਬਕ ਜਿਹੜਾ ਕਲਾਕਾਰ ਆਪਣੇ ਹੁਨਰ ਵਿੱਚ ਉੱਚਤਾ ਪ੍ਰਾਪਤ ਕਰ ਲੈਂਦਾ ਹੈ, ਉਸ ਉੱਤੇ ਅੱਲ੍ਹਾ ਮਿਹਰਬਾਨ ਹੁੰਦਾ ਹੈ। ਉਹਦਾ ਸਤਿਕਾਰ ਕਰਨਾ ਅੱਲ੍ਹਾ ਦੀ ਇਬਾਦਤ ਹੈ।
ਇਤਫ਼ਾਕਵੱਸ ਮੈਂ ਰਾਲਫ ਵਾਲਡੋ ਐਮਰਸਨ ਦੇ ਕਥਨ ‘ਪ੍ਰਸਿੱਧੀ ਇਸ ਗੱਲ ਦਾ  ਸਬੂਤ ਹੈ ਕਿ ਲੋਕ ਬੜੇ ਭੋਲੇ ਤੇ ਸਿੱਧੇ ਹਨ।’  ਨਾਲ ਸਹਿਮਤ ਨਹੀਂ ਹਾਂ। ਪੱਥਰਾਂ ਦਾ ਸੀਨਾ ਚੀਰ ਕੇ ਉੱਗਣ ਵਾਲੇ ਇਨ੍ਹਾਂ ਕਲਾਕਾਰਾਂ/ਕਰਮਯੋਗੀਆਂ ਬਾਰੇ ਐਮਰਸਨ ਦੀ ਇਹ ਟਿੱਪਣੀ ਇੱਕ ਬੇ-ਹਿੰਮਤੇ ਤੇ ਬੇਸ਼ੁਕਰੇ ਇਨਸਾਨ ਦੇ ਨਿਰਾਸ਼ ਮਨ ਦੀ ਆਵਾਜ਼ ਜਾਪਦੀ ਹੈ। ਗੱਲੀਬਾਤੀਂ ਨਾ ਤਾਂ ਕੋਈ ਵਿਅਕਤੀ ਸ਼ੋਹਰਤ ਹਾਸਲ ਕਰ ਸਕਦਾ ਹੈ ਤੇ ਨਾ ਹੀ ਉਹ ਇੱਕ ‘ਮਹਿਕਦਾ ਇਨਸਾਨ’ ਬਣ ਸਕਦਾ ਹੈ। ਇਸ ਦੇ ਉਲਟ, ਆਪਣੀ ਕਲਾ ਜਾਂ ਸ਼ੁਭ ਕਰਮਾਂ ਦੁਆਰਾ ਕਮਾਈ ਸ਼ੋਹਰਤ ਦੀ ਮਹਿਕ ਲੱਖ ਛੁਪਾਇਆਂ ਨਹੀਂ ਛੁਪਦੀ। ਭਾਈ  ਵੀਰ ਸਿੰਘ ਕਹਿੰਦੇ ਹਨ:
ਮੇਰੀ ਛਿਪੇ ਰਹਿਣ ਦੀ ਚਾਹ,
ਤੇ ਛਿਪ ਤੁਰ ਜਾਣ ਦੀ
ਪਰ ਅਗਲੀਆਂ ਹੀ ਸਤਰਾਂ ਵਿੱਚ  ਉਹ ਸੱਚ ਤੋਂ ਪਰਦਾ ਹਟਾਉਂਦਿਆਂ ਕਹਿੰਦੇ ਹਨ:
ਹਾਏ ਪੂਰੀ ਹੁੰਦੀ ਨਾ
ਮੈਂ ਤਰਲੇ ਲੈ ਰਿਹਾ
ਖ਼ੁਸ਼ਬੂ ਤੇ ਮਹਿਕ
ਛੁਪਾਇਆਂ ਵੀ ਨਹੀਂ ਛੁਪਦੀ।
ਦਰਅਸਲ, ਕਦਰਦਾਨ ਇਸ ਮਹਿਕ ਦੇ ਸਰੋਤ ਨੂੰ ਲੱਭ ਹੀ ਲੈਂਦੇ ਹਨ। ਉਂਜ ਵੀ ‘ਉੱਚੀਆਂ ਕੰਧਾਂ ਡੱਕ ਨਾ ਸਕਣ ਫੁੱਲਾਂ ਦੀ ਖ਼ੁਸ਼ਬੋ।’ ਜਿਨ੍ਹਾਂ ਇਨਸਾਨਾਂ ਨੇ ਜੀਵਨ ਦੇ ਕਿਸੇ ਖੇਤਰ ਵਿੱਚ ਜ਼ਿਕਰਯੋਗ ਮੱਲਾਂ ਮਾਰੀਆਂ ਹੁੰਦੀਆਂ  ਹਨ, ਲੋਕੀਂ ਉਨ੍ਹਾਂ ਦੇ ਥੜ੍ਹੇ ਪੂਜਦੇ ਰਹਿੰਦੇ ਹਨ। ਅਜਿਹੇ ਸ਼ਖ਼ਸ ਆਪਣੇ ਪਿੱਛੇ ਅਜਿਹੀ ਮਹਿਕ ਛੱਡ ਜਾਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਮਹਿਕਾਉਂਦੀ ਤੇ ਮੰਤਰ-ਮੁਗਧ ਕਰਦੀ ਰਹਿੰਦੀ ਹੈ।
ਵਿਆਪਕ ਸਮਾਜੀ ਪ੍ਰਵਾਨਗੀ ਹਾਸਲ ਹੋ ਜਾਣ ਉਪਰੰਤ ਮਨੁੱਖ ਨੂੰ ਆਪਣੀ ਸ਼ੋਹਰਤ ’ਤੇ ਬਹੁਤਾ ਅਭਿਮਾਨ ਨਹੀਂ ਕਰਨਾ ਚਾਹੀਦਾ ਸਗੋਂ ਸਤਿਕਾਰ ਤੇ ਪ੍ਰਸ਼ੰਸਾ ਦਾ ਪਾਤਰ ਬਣੇ ਰਹਿਣ ਲਈ ਆਪਣੇ ਖੇਤਰ ਵਿੱਚ ਉਸੇ ਗਰਮਜੋਸ਼ੀ ਨਾਲ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ। ਸੁਭਾਸ਼ ਗਰੋਵਰ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਉੱਚੇ ਹੋਣ ਦਾ ਮਾਣ ਨਾ ਕਰੋ। ਉਚਾਈ ਤੋਂ ਡਿੱਗਣ ਵਾਲਿਆਂ ਨੂੰ ਸੱਟ ਵੀ ਕੁਝ ਜ਼ਿਆਦਾ ਹੀ ਲੱਗਦੀ ਹੈ।
ਉਂਜ ਵੀ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਇਹ ਕਥਨ ਸਦਾ ਯਾਦ ਰੱਖੋ ਕਿ ਸ਼ੋਹਰਤ ਕੱਚੀ ਕੰਧ ਹੈ ਜਿਸ ਨੂੰ ਸਮਾਂ ਖੋਰ ਕੇ ਮਿੱਟੀ ਵਿੱਚ ਮਿਲਾ ਦਿੰਦਾ ਹੈ।

Saturday, 27 February 2016

ਭਾਰਤੀ ਸਮਾਜ ਵਿੱਚ ਗਾਹਲਾਂ ਕੱਢਣ ਦੀ ਪਰੰਪਰਾ

ਭਾਰਤੀ ਸਮਾਜ ਵਿੱਚ ਗਾਹਲਾਂ ਕੱਢਣ ਦੀ ਪਰੰਪਰਾ 

ਹਰ ਕੋਈ ਮੰਨਦਾ ਹੈ ਕਿ ਅੱਜ ਗਾਲਾਂ ਆਮ ਸੁਣਨ ਨੂੰ ਮਿਲਦੀਆਂ ਹਨ। ਕੁਝ ਨੌਜਵਾਨ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ ਸਕੂਲ ਵਿਚ ਸੁਣੀ ਹਰ ਗੰਦੀ ਗੱਲ ਲਈ ਇਕ ਰੁਪਇਆ ਮਿਲੇ, ਤਾਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਾਂ-ਬਾਪ ਨੂੰ ਸਾਰੀ ਉਮਰ ਨੌਕਰੀ ਕਰਨ ਦੀ ਲੋੜ ਨਹੀਂ ਪਵੇਗੀ। 
ਗਾਹਲਾਂ ਕੱਢਣ ਦੀ ਪਰੰਪਰਾ ਜਗੀਰਦਾਰੀ ਅਤੇ ਕਬੀਲਾ ਸਮਾਜ ਦੀ ਰਹਿੰਦ ਖੂੰਹਦ ਵਜੋਂ, ਅਜੇ ਵੀ ਸਾਡੇ ਭਾਰਤੀ ਸੁਭਾਅ ਵਿੱਚ ਸ਼ਾਮਲ ਹੈ। ਸਦੀਆਂ ਤੋਂ ਚੱਲੀ ਆ ਰਹੀ ਇਸ ਮਾੜੀ ਪਰੰਪਰਾ ਤੋਂ ਅਸੀਂ ਨਿਜਾਤ ਨਹੀਂ ਪਾ ਸਕੇ। ਭਾਰਤੀ ਸਮਾਜ ਤੋਂ ਪਲਾਇਨ ਕਰਕੇ ਪੱਛਮੀ ਸਮਾਜ ਵਿੱਚ ਜਾ ਕੇ ਜ਼ਿੰਦਗੀ ਜਿਉਣ ਵਾਲੇ ਲੋਕ ਵੀ ਗਾਹਲਾਂ ਵਾਲਾ ਮੋਹ ਛੱਡ ਨਹੀਂ ਸਕੇ। ਸਾਡੇ ਸਮਾਜ ਵਿੱਚ ਉਸ ਦੇ ਪਰਿਵਾਰ ਦੀਆਂ ਔਰਤਾਂ ਨੂੰ ਹੀ ਮੁੱਖ ਨਿਸ਼ਾਨਾ ਬਣਾਇਆ ਜਾਂਦਾ ਹੈ। ਅਸੀਂ ਉਹਨਾਂ ਮਾਸੂਮ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਹਾਂ ਜਿੰਨ੍ਹਾਂ ਦਾ ਅਸਲ ਵਿੱਚ ਕੋਈ ਵੀ ਕਸੂਰ ਨਹੀਂ ਹੁੰਦਾ।
ਅਸੀਂ ਆਪਣੇ ਤਾਕਤਵਰ ਦੁਸ਼ਮਣ ਦਾ, ਸਰੀਰਕ ਪੱਖੋਂ ਕੁਝ ਵਿਗਾੜਨ ਦੇ ਸਮਰੱਥ ਨਹੀਂ ਹੁੰਦੇ ਪਰ ਸਾਡੇ ਉੱਤੇ ਬਦਲੇ ਦੀ ਭਾਵਨਾ ਭਾਰੂ ਹੁੰਦੀ ਹੈ, ਤਾਂ ਅਸੀਂ ਉਸ ਦਾ ਨੁਕਸਾਨ ਕਰਨ ਦੀ ਮਨਸ਼ਾ ਨਾਲ ਉਸਦੇ ਰਾਹਾਂ ਵਿੱਚ ਟੂਣਾ ਕਰਦੇ ਹਾਂ। ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਇਸ ਤਰਾਂ ਕਰਨ ਨਾਲ ਦੁਸ਼ਮਣ ਦਾ ਜਰੂਰ ਹੀ ਨੁਕਸਾਨ ਹੋਵੇਗਾ ਅਤੇ ਦੁਸ਼ਮਣ ਤੋਂ ਬਦਲਾ ਲੈਣ ਦਾ ਸਾਡਾ ਮਕਸਦ ਪੂਰਾ ਹੋ ਜਾਵੇਗਾ।
ਟੂਣੇ ਵਾਂਗੂੰ ਹੀ ਗਾਹਲਾਂ ਕੱਢਣ ਦੀ ਸ਼ੁਰੂਆਤ ਵੀ ਉਸੇ ਹੀ ਮਾਨਸਿਕਤਾ ਨਾਲ ਸ਼ੁਰੂ ਹੋਈ ਪ੍ਰਤੀਤ ਹੁੰਦੀ ਹੈ। ਪੁਰਾਣੇ ਕਬੀਲਾਈ ਅਤੇ ਰਜਵਾੜਾ ਸ਼ਾਹੀ ਸਮਾਜ ਵਿੱਚ, ਜਦੋਂ ਜਰਵਾਣਿਆਂ ਵੱਲੋਂ, ਨਿਤਾਣਿਆਂ ਦੀਆਂ ਧੀਆਂ ਭੈਣਾਂ ਧੱਕੇ ਨਾਲ ਉਧਾਲ ਲਈਆਂ ਜਾਂਦੀਆਂ ਹੋਣਗੀਆਂ ਤਾਂ ਤਾਕਤਹੀਣ ਇਨਸਾਨ ਕੋਲ ਸਿਰਫ ਗਾਹਲਾਂ ਹੀ ਰਹਿ ਜਾਂਦੀਆਂ ਹੋਣਗੀਆਂ ਜਿੰਨ੍ਹਾਂ ਰਾਹੀਂ ਉਹ ਮਾਨਸਿਕ ਤੌਰ ਤੇ ਹੀ ਆਪਣੇ ਦੁਸ਼ਮਣ ਤੋਂ ਬਦਲਾ ਲੈ ਸਕਦਾ ਸੀ ਕਿਉਂਕਿ ਸਰੀਰਕ ਤੌਰ ਤੇ ਬਦਲਾ ਲੈਣ ਦੇ ਉਹ ਸਮਰੱਥ ਨਹੀਂ ਹੁੰਦਾ ਹੋਣਾ। ਉਹ ਦਿਲੋਂ ਤਾਂ ਚਾਹੁੰਦਾ ਹੋਵੇਗਾ ਕਿ ਆਪਣੀਆਂ ਔਰਤਾਂ ਨੂੰ ਬਚਾ ਕੇ, ਬਦਲਾ ਲੈਣ ਵਜੋਂ ਦੁਸ਼ਮਣ ਦੀਆਂ ਔਰਤਾਂ ਨੂੰ ਉਧਾਲ ਸਕੇ ਪਰ ਉਸ ਕੋਲ ਇੰਨੀ ਸਰੀਰਕ, ਸੰਗਠਨਾਤਮਕ ਅਤੇ ਰਾਜਸੀ ਤਾਕਤ ਨਹੀਂ ਹੁੰਦੀ ਹੋਵੇਗੀ ਕਿ ਉਹ ਇਸ ਤਰਾਂ ਕਰ ਸਕੇ ਅਤੇ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਸਕੇ। 
ਇਸ ਤਰਾਂ ਉਹ ਮਾਨਸਿਕ ਤੌਰ ਤੇ ਆਪਣੀ ਇੱਜ਼ਤ ਨੂੰ ਬਹਾਲ ਕਰਨ ਦਾ ਤਰੀਕਾ ਇਹੀ ਅਪਣਾਉਂਦਾ ਹੋਵੇਗਾ ਕਿ ਦੁਸ਼ਮਣ ਨੂੰ ਮਾਵਾਂ, ਭੈਣਾਂ ਜਾਂ ਧੀਆਂ ਦੀਆਂ ਗਾਹਲਾਂ ਕੱਢਦਾ ਹੋਵੇਗਾ ਤਾਂ ਕਿ ਉਹ ਦੁਸ਼ਮਣ ਦੀ ਇੱਜ਼ਤ ਨੂੰ ਉਵੇਂ ਹੀ ਮਿੱਟੀ ਵਿੱਚ ਰੋਲਣ ਵਾਲਾ ਟੀਚਾ ਪੂਰਾ ਕਰ ਸਕੇ ਜਿਵੇਂ ਕਿ ਦੁਸ਼ਮਣ ਨੇ ਉਸਦੀ ਆਪਣੀ ਇੱਜ਼ਤ ਨੂੰ ਲੀਰੋ ਲੀਰ ਕੀਤਾ ਹੁੰਦਾ ਸੀ। ਸ਼ਾਇਦ ਇਸ ਤਰਾਂ ਹੀ, ਦੁਸ਼ਮਣ ਦੀਆਂ ਔਰਤਾਂ ਦਾ ਅਪਮਾਨ ਕਰਨ ਵਾਲੇ ਸ਼ਬਦ ਘੜੇ ਗਏ ਹੋਣਗੇ ਜੋ ਕਿ ਗਾਹਲਾਂ ਦੇ ਰੂਪ ਵਿੱਚ ਅੱਜ ਤੱਕ ਸਾਡੇ ਬੋਲਚਾਲ ਦਾ ਹਿੱਸਾ ਬਣੇ ਹੋਏ ਹਨ।
ਇਸ ਲਈ ਅੱਜ ਤਾਂ ਭਾਵੇਂ ਬਹੁਤੇ ਲੋਕ ਕਿਸੇ ਆਦਤ ਤੋਂ ਮਜਬੂਰ ਹੀ ਗਾਹਲਾਂ ਕੱਢਦੇ ਹੋਣਗੇ ਪਰ ਇਹਨਾਂ ਦੀ ਸ਼ੁਰੂਆਤ ਜਰੂਰ ਹੀ ਕਿਸੇ ਹੀਣ ਭਾਵਨਾ ਤੋਂ ਹੀ ਹੋਈ ਹੋਵੇਗੀ। ਇਸ ਲਈ ਸ਼ੁਰੂਆਤੀ ਸਮੇਂ ਵਿੱਚ ਜਰੂਰ ਹੀ ਇਹ ਕਮਜ਼ੋਰਾਂ ਦਾ ਹੀ ਹਥਿਆਰ ਰਹੀਆਂ ਹੋਣਗੀਆਂ। ਇੱਕ ਨਤੀਜਾ ਇਹ ਵੀ ਨਿੱਕਲਦਾ ਹੈ ਕਿ ਜਿਹੜੇ ਸਮਾਜ ਵਿੱਚ ਔਰਤਾਂ ਪ੍ਰਤੀ ਵਿਤਕਰਾ ਵੱਧ ਹੁੰਦਾ ਹੈ ਉਥੋਂ ਦੀ ਬੋਲ ਚਾਲ ਦੀ ਭਾਸ਼ਾ ਵਿੱਚ ਵੀ, ਵਿਤਕਰੇ ਵਾਲੇ ਸ਼ਬਦ ਲੋਕ ਮਨਾਂ ਵਿੱਚ ਜੜ੍ਹਾਂ ਤੱਕ ਧਸ ਜਾਂਦੇ ਹਨ। ਔਰਤਾਂ ਦੀਆਂ ਗਾਹਲਾਂ ਵਿੱਚ ਵੀ, ਆਪਣੇ ਪਰਿਵਾਰ ਦੇ ਮਰਦਾਂ ਵੱਲੋਂ, ਬਿਗਾਨੇ ਪਰਿਵਾਰ ਦੀਆਂ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਵੇਂ ਕਿ ‘ਮੇਰੇ ਪਿਓ ਦਿਆ ਸਾਲਿਆ’ ਜਾਂ ‘ਮੇਰੇ ਭਰਾ ਦੀਏ ਰੰਨੇ’ ਆਦਿ।

ਨੌਜਵਾਨ ਪੁੱਛਦੇ ਹਨ . . .ਗਾਲਾਂ ਕੱਢਣ ਵਿਚ ਕੀ ਖ਼ਰਾਬੀ ਹੈ?

ਅੱਜਕਲ ਦੇ ਸਮੇਂ ਵਿੱਚ ਕੁਝ ਲੋਕਾਂ ਲਈ ਤਾਂ ਗਾਹਲਾਂ ਇੱਕ ਫੈਸ਼ਨ ਅਤੇ ਕਈਆਂ ਲਈ ਇੱਕ ਆਦਤ ਵੀ ਬਣ ਕੇ ਰਹਿ ਗਈਆਂ ਹਨ।
ਬੱਚੇ ਕਹਿੰਦੇ ਹਨ ਓਹ ਸਕੂਲ ਵਿਚ ਆਪਣੀਆਂ ਸਹੇਲੀਆਂ ਜਾਂ ਦੋਸਤਾਂ ਵਰਗੇ ਬਣਨਾ ਚਾਹੁੰਦੇ ਹਨ । ਸ਼ਾਇਦ ਇਸੇ ਕਰਕੇ ਗਾਲ ਕੱਢਣ ਦੀ ਆਦਤ ਪੈ ਗਈ ਜਾਂ ਪਾ ਲਈ। ਓਹਨਾਂ ਦਾ ਕਹਿਣਾ ਹੈ ਕਿ ਗਾਲ ਕੱਢਣੀ ਕੋਈ ਵੱਡੀ ਗੱਲ ਨਹੀਂ ਹੈ। ਸਕੂਲ ਵਿੱਚ ਸਾਰੇ ਗਾਲਾਂ ਕੱਢਦੇ ਹਨ ਅਤੇ ਘਰ ਵਿਚ ਵੀ ਓਹ ਗਾਲਾਂ ਸੁਣਨ ਦੇ ਆਦਿ ਹਨ
ਜਦ ਵੱਡੇ ਗਾਲਾਂ ਕੱਢਦੇ ਹਨ, ਤਾਂ ਅਕਸਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਰ ਜਦ ਛੋਟੇ ਇਸ ਤਰ੍ਹਾਂ ਕਰਦੇ ਹਨ, ਤਾਂ ਸਾਰੇ ਬੁਰਾ ਮੰਨਦੇ ਹਨ? ਕੀ ਗਾਲਾਂ ਕੱਢਣ ਲਈ ਸਾਨੂੰ ਕਿਸੇ ਉਮਰ ਦੇ ਹੋਣਾ ਚਾਹੀਦਾ ਹੈ? ਜੇ ਇੰਨੇ ਸਾਰੇ ਲੋਕ ਗੰਦੀਆਂ-ਮੰਦੀਆਂ ਗੱਲਾਂ ਕਹਿੰਦੇ ਹਨ ਅਤੇ ਵੱਡੇ ਵੀ ਇੱਦਾਂ ਹੀ ਕਰਦੇ ਹਨ, ਤਾਂ ਗਾਲਾਂ ਕੱਢਣ ਵਿਚ ਕੀ ਹਰਜ਼ ਹੈ?

ਗਾਹਲਾਂ ਮੁੱਖ ਤੌਰ ਤੇ ਸਾਡੇ ਮਨ ਦੀ ਇੱਕ ਭੜਾਸ ਹੀ ਹੁੰਦੀ ਹੈ। 

ਗੰਦੀਆਂ ਗਾਲਾਂ ਕੱਢਣ ਨਾਲ ਤੁਹਾਡੇ ਬਾਰੇ ਇਕ ਹੋਰ ਗੱਲ ਵੀ ਜ਼ਾਹਰ ਹੁੰਦੀ ਹੈ। ਭਾਸ਼ਾ ਦੀ ਵਰਤੋ ਦੇ ਮਾਹਰ, ਜੇਮਜ਼ ਓਕੌਂਨਰ ਦਾ ਕਹਿਣਾ ਹੈ: “ਗਾਲਾਂ ਕੱਢਣ ਵਾਲਿਆਂ ਦੀ ਅਕਸਰ ਕਿਸੇ ਨਾਲ ਨਹੀਂ ਬਣਦੀ। ਉਹ ਝਗੜਾਲੂ, ਗੁੱਸੇਖ਼ੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲੇ ਇਨਸਾਨ ਹੁੰਦੇ ਹਨ ਜੋ ਕਦੇ ਖ਼ੁਸ਼ ਨਹੀਂ ਹੁੰਦੇ।” ਮਿਸਾਲ ਲਈ, ਜਿਹੜੇ ਲੋਕ ਉਦੋਂ ਗਾਲਾਂ ਦਾ ਸਹਾਰਾ ਲੈਂਦੇ ਹਨ ਜਦ ਕੰਮ ਉਨ੍ਹਾਂ ਦੇ ਤਰੀਕੇ ਨਾਲ ਨਹੀਂ ਹੁੰਦਾ, ਤਾਂ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ ਹਰ ਗੱਲ ਵਿਚ ਆਪਣੀ ਮਰਜ਼ੀ ਪੁਗਾਉਣੀ ਚਾਹੁੰਦੇ ਹਨ। ਉਹ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਜਾਂ ਗ਼ਲਤੀਆਂ ਸਹਾਰ ਨਹੀਂ ਸਕਦੇ ਤੇ ਛੋਟੀ-ਛੋਟੀ ਗੱਲ ਤੇ ਭੜਕ ਉੱਠਦੇ ਹਨ। ਜੇਮਜ਼ ਓ ਕੌਂਨਰ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਗਾਲਾਂ ਨਹੀਂ ਕੱਢਦੇ ‘ਉਹ ਅਕਸਰ ਸ਼ਾਂਤ ਸੁਭਾਅ ਵਾਲੇ ਸਿਆਣੇ ਲੋਕ ਹੁੰਦੇ ਹਨ ਜੋ ਰੋਜ਼ਮੱਰਾ ਦੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰ ਪਾਉਂਦੇ ਹਨ।’ ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ?
ਜਿਸ ਇਨਸਾਨ ਨੂੰ ਅਸੀਂ ਧੀਆਂ ਭੈਣਾਂ ਦੀਆਂ ਗਾਹਲਾਂ ਕੱਢ ਰਹੇ ਹੁੰਦੇ ਹਾਂ, ਜੇਕਰ ਉਸੇ ਸਮੇਂ ਉਸ ਦੀਆਂ ਧੀਆਂ ਭੈਣਾਂ ਸਾਡੇ ਸਾਹਮਣੇ ਆ ਜਾਣ ਤਾਂ ਸ਼ਾਇਦ ਅਸੀਂ ਸ਼ਰਮ ਨਾਲ ਹੀ ਮਰ ਜਾਈਏ ਕਿ ਇਹਨਾਂ ਔਰਤਾਂ ਬਾਰੇ ਅਸੀਂ ਕਿੰਨਾ ਮੰਦਾ ਬੋਲ ਰਹੇ ਸੀ। 
ਉਂਜ ਤਾਂ ਗਾਹਲਾਂ ਆਹਮੋ ਸਾਹਮਣੀਆਂ ਹੀ ਕੱਢਣ ਦਾ ਰਿਵਾਜ਼ ਰਿਹਾ ਹੈ ਪਰ ਅੱਜਕਲ ਇੰਟਰਨੈੱਟ ਦੇ ਜ਼ਮਾਨੇ ਵਿੱਚ ਆਨਲਾਈਨ ਗਾਹਲਾਂ ਕੱਢਣ ਦਾ ਵੀ ਬੜਾ ਰੁਝਾਨ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਨੂੰ ਸ਼ਰੇਆਮ ਗਾਹਲਾਂ ਕੱਢੀਆਂ ਜਾ ਰਹੀਆਂ ਹਨ। 
ਫੇਸਬੁੱਕ ਅਤੇ ਟਵਿਟਰ ਉੱਤੇ ਚੰਗੇ ਭਲੇ, ਪੜ੍ਹੇ ਲਿਖੇ ਲੋਕ ਗਾਹਲਾਂ ਦਾ ਮੀਂਹ ਵਰਾਹੁੰਦੇ ਵੇਖੇ ਜਾ ਸਕਦੇ ਹਨ। ਇਸੇ ਤਰਾਂ ਕਿਸੇ ਅਖਬਾਰ ਦੀ ਆਨਲਾਈਨ ਖਬਰ ਉੱਤੇ ਆਈਆਂ ਟਿੱਪਣੀਆਂ ਵਿੱਚ ਬਹੁਤ ਨੀਵੇਂ ਪੱਧਰ ਦੀਆਂ ਗਾਹਲਾਂ ਪੜ੍ਹੀਆਂ ਜਾ ਸਕਦੀਆਂ ਹਨ। ਸਿਆਸੀ ਖਬਰਾਂ ਉੱਤੇ ਤਾਂ ਗਾਹਲਾਂ ਦੀ ਗੁੰਜਾਇਸ਼ ਹੋਰ ਵੀ ਵਧ ਜਾਂਦੀ ਹੈ। ਆਪਣੀ ਨਾਪਸੰਦ ਸਿਆਸੀ ਪਾਰਟੀ ਦੇ ਨੇਤਾ ਬਾਰੇ ਸਿਰੇ ਦੀ ਭੱਦੀ ਸ਼ਬਦਾਵਲੀ ਆਮ ਹੀ ਵੇਖੀ ਜਾ ਸਕਦੀ ਹੈ। ਬੇਸ਼ਕ ਇਹ ਇੱਕ ਸਿਰੇ ਦਾ ਮਾੜਾ ਰੁਝਾਨ ਹੈ ਪਰ ਇਸਦਾ ਅੰਤ ਅਜੇ ਨੇੜਲੇ ਭਵਿੱਖ ਵਿੱਚ ਨਜ਼ਰ ਨਹੀਂ ਆਉਂਦਾ।
ਗਾਲਾਂ ਕਰਦੀਆਂ ਤੁਹਾਡੀ ਬੇਇੱਜ਼ਤੀ। 
ਹੋਰਨਾਂ ਨੌਜਵਾਨਾਂ ਵਾਂਗ ਸ਼ਾਇਦ ਤੁਸੀਂ ਵੀ ਦੂਜਿਆਂ ਤੇ ਚੰਗਾ ਪ੍ਰਭਾਵ ਪਾਉਣ ਲਈ ਆਪਣੀ ਸ਼ਕਲ-ਸੂਰਤ ਵੱਲ ਕਾਫ਼ੀ ਧਿਆਨ ਦਿੰਦੇ ਹੋ। ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਸ਼ਕਲ-ਸੂਰਤ ਨਾਲੋਂ ਤੁਹਾਡੀ ਬੋਲੀ ਦਾ ਦੂਜਿਆਂ ਤੇ ਇਸ ਤੋਂ ਵੀ ਜ਼ਿਆਦਾ ਪ੍ਰਭਾਵ ਪੈਂਦਾ ਹੈ? ਸੱਚ ਤਾਂ ਇਹ ਹੈ ਕਿ ਤੁਹਾਡੀ ਜ਼ਬਾਨ ਤੋਂ ਲੋਕ ਇਹ ਤੈਅ ਕਰਦੇ ਹਨ ਕਿ ਉਹ
▪ ਤੁਹਾਡੇ ਨਾਲ ਦੋਸਤੀ ਪਾਉਣਗੇ ਕਿ ਨਹੀਂ।
▪ ਤੁਹਾਨੂੰ ਨੌਕਰੀ ਤੇ ਰੱਖਣਗੇ ਕਿ ਨਹੀਂ।
▪ ਤੁਹਾਡੀ ਕਿੰਨੀ ਕੁ ਇੱਜ਼ਤ ਕਰਨਗੇ।
ਇਹ ਸੱਚ ਹੈ ਕਿ ਜੇ ਕਿਸੇ ਨੇ ਸਾਨੂੰ ਦੇਖ ਕੇ ਸਾਡੇ ਬਾਰੇ ਕੁਝ ਚੰਗਾ ਕਿਹਾ ਵੀ ਹੋਵੇ, ਤਾਂ ਸਾਡੇ ਮੂੰਹ ਖੋਲ੍ਹਦਿਆਂ ਸਾਰ ਉਹ ਆਪਣੀ ਰਾਇ ਬਦਲ ਲੈਣਗੇ। ਜੇਮਜ਼ ਓ ਕੌਂਨਰ ਕਹਿੰਦਾ ਹੈ: “ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਤੁਹਾਡੀ ਗੰਦੀ ਜ਼ਬਾਨ ਕਾਰਨ ਤੁਸੀਂ ਕਿੰਨੀਆਂ ਦੋਸਤੀਆਂ ਪਾਉਣ ਦੇ ਮੌਕੇ ਹੱਥੋਂ ਖੋਹ ਦਿੰਦੇ ਹੋ ਜਾਂ ਕਿੰਨਿਆਂ ਦੇ ਦਿਲਾਂ ਵਿਚ ਤੁਹਾਡੇ ਲਈ ਇੱਜ਼ਤ-ਮਾਣ ਘੱਟ ਜਾਂਦਾ ਹੈ।” ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਇਹੋ ਕਿ ਗੰਦੀ ਬੋਲੀ ਵਰਤਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ।
ਜੇ ਗਾਲ ਕੱਢਣ ਦੀ ਤੁਹਾਡੀ ਆਦਤ ਪੱਕ ਚੁੱਕੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
ਪਹਿਲਾ ਕਦਮ: ਤੁਹਾਨੂੰ ਇਹ ਗੱਲ ਪਛਾਣਨ ਦੀ ਲੋੜ ਹੈ ਕਿ ਤੁਹਾਨੂੰ ਆਪਣੀ ਜ਼ਬਾਨ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਤੁਸੀਂ ਉੱਨਾ ਚਿਰ ਗੰਦੀ ਬੋਲੀ ਵਰਤੀ ਜਾਓਗੇ ਜਿੰਨਾ ਚਿਰ ਤੁਸੀਂ ਇਹ ਨਹੀਂ ਸਮਝਦੇ ਕਿ ਸੁਧਾਰ ਲਿਆਉਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ। ਪਹਿਲਾਂ ਇਹ ਸਾਬਤ ਕਰਨਾ ਹੋਵੇਗਾ ਕੇ ਕਿਹੜੇ ਕਾਰਨ ਕਰਕੇ ਤੁਸੀਂ ਆਪਣੇ ਆਪ ਨੂੰ ਗਾਲ ਕੱਢਣ ਤੋਂ ਰੋਕਣਾ ਚਾਹੁੰਦੇ ਹੋ?
□ ਦੂਜਿਆਂ ਤੋਂ ਇੱਜ਼ਤ-ਮਾਣ ਪਾਉਣ ਲਈ
□ ਆਪਣੀ ਭਾਸ਼ਾ ਨੂੰ ਬਿਹਤਰ ਬਣਾਉਣ ਲਈ
□ ਬਿਹਤਰ ਇਨਸਾਨ ਬਣਨ ਲਈ
ਦੂਜਾ ਕਦਮ: ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਉਂ ਗਾਲਾਂ ਕੱਢਦੇ ਹੋ। ਕੀ ਗਾਲ ਕੱਢ ਕੇ ਤੁਸੀਂ ਆਪਣੇ ਆਪ ਨੂੰ ਹਿੰਮਤ ਵਾਲੈ ਸਮਝਦੇ ਹੋ, ਅਤੇ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਤੁਆਹਾਨੂੰ ਕਮਜ਼ੋਰ ਸਮਝ ਕੇ ਤੁਹਾਡੇ ਉੱਤੇ ਰੋਹਬ ਜਮਾਵੇ। ਤੁਸੀਂ ਖੁਦ ਦੂਜਿਆਂ ਤੇ ਉਸੇ ਤਰ੍ਹਾਂ ਰੋਹਬ ਜਮਾਉਣਾ ਚਾਹੁੰਦੇ ਹੋ  ਜਿਸ ਤਰ੍ਹਾਂ ਤੁਹਾਡੇ ਦੋਸਤ ਜਾਂ ਸਹੇਲੀਆਂ ਜਮਾਉਂਦੀਆਂ ਹਨ।ਤੁਹਾਨੂੰ ਖ਼ੁਦ  ਆਪਣੀ ਇੱਜ਼ਤ ਕਰਨੀ ਸਿੱਖਣੀ ਚਾਹੀਦੀ ਹੈ। ਬਚਪਣਾ ਛੱਡਣ ਲਈ ਆਪਣੇ ਅਸੂਲਾਂ ਦੇ ਪੱਕੇ ਰਹਿਣਾ ਤੇ ਸਵੈ-ਮਾਣ ਰੱਖਣਾ ਜ਼ਰੂਰੀ ਹੈ। ਇਸ ਤਰ੍ਹਾਂ ਕਰ ਕੇ ਹੀ ਤੁਸੀਂ ਗਾਲ ਕੱਢਣ ਦੀ ਮਾੜੀ ਆਦਤ ਛੱਡ ਸਕੋਗੇ।
ਤੀਜਾ ਕਦਮ: ਆਪਣੇ ਜਜ਼ਬਾਤਾਂ ਨੂੰ ਜ਼ਾਹਰ ਕਰਨ ਦੇ ਹੋਰ ਤਰੀਕੇ ਭਾਲੋ। ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖਣਾ ਕਾਫ਼ੀ ਨਹੀਂ ਹੈ। ਇਸ ਮਾੜੀ ਆਦਤ ਨੂੰ ਬਦਲਣ ਲਈ ਨਵੀਂ ਸੋਚ ਅਪਣਾਓ ਫਿਰ ਤੁਸੀਂ ਆਪਣੇ ਆਪ ਨੂੰ ਕੰਟ੍ਰੋਲ ਵਿਚ ਰੱਖ ਸਕੋਗੇ। ਇਸ ਤੋਂ ਇਲਾਵਾ ਤੁਸੀਂ ਆਪਣੀ ਤੇ ਹੋਰਨਾਂ ਦੀ ਵੀ ਇੱਜ਼ਤ ਕਰਨੀ ਸਿੱਖੋਗੇ।

Thursday, 25 February 2016

ਕਾਬਿਲ-ਏ-ਫ਼ਖ਼ਰ ਗੁਲੂਕਾਰਾ-ਜ਼ੁਬੈਦਾ ਖ਼ਾਨਮ

ਕਾਬਿਲ-ਏ-ਫ਼ਖ਼ਰ ਗੁਲੂਕਾਰਾ-ਜ਼ੁਬੈਦਾ ਖ਼ਾਨਮ



ਅਸਾਂ ਜਾਣ ਕੇ ਮੀਟ ਲਈ ਅੱਖ ਵੇ,ਝੂਠੀ-ਮੂਠੀ ਦਾ ਪਾ ਲਿਆ ਈ ਕੱਖ ਵੇ…’(ਹੀਰ-1955) ਅਤੇ ‘ਸਈਓ ਨੀ ਮੇਰਾ ਦਿਲ ਧੜਕੇ, ਦਿਲ ਧੜਕੇ ਨਾਲ ਅੱਖ ਫੜਕੇ…’ (ਸ਼ੇਖਚਿਲੀ-1956) ਇਨ੍ਹਾਂ ਇੰਤਹਾਈ ਸੁਰੀਲੇ, ਦਿਲਕਸ਼ ਅਤੇ ਸਦਾਬਹਾਰ ਨਗ਼ਮਿਆਂ ਨੂੰ ਸੁਣ ਕੇ ਕਿਹੜਾ ਪੰਜਾਬੀ ਹੈ, ਜਿਹੜਾ ਰੂਹ ਤੀਕਰ ਸਰਸ਼ਾਰ ਨਾ ਹੋਇਆ ਹੋਵੇ। ਮਿਠਾਸ ਨਾਲ ਲਬਰੇਜ਼ ਅਤੇ ਦਿਲ ਦੀਆਂ ਗਹਿਰਾਈਆਂ ਨੂੰ ਛੂਹ ਜਾਣ ਵਾਲੀ ਇਸ ਪੁਰਕਸ਼ਿਸ਼ ਆਵਾਜ਼ ਦੀ ਮਲਿਕਾ ਗੁਲੂਕਾਰਾ ਦਾ ਨਾਂ ਹੈ ‘ਜ਼ੁਬੈਦਾ ਖ਼ਾਨਮ’ ਜੋ 19 ਅਕਤੂਬਰ 2013 ਨੂੰ ਦਿਲ ਦਾ ਦੌਰਾ ਪੈਣ ਕਰਕੇ 78 ਵਰ੍ਹਿਆਂ ਦੀ ਉਮਰ ’ਚ ਇੰਤਕਾਲ ਫਰਮਾ ਗਈ।
ਆਪਣਾ ਅੰਤਲਾ ਸਮਾਂ ਆਪਣੇ ਪੁੱਤਰਾਂ ਨਾਲ ਲਾਹੌਰ ਦੀ ਵੈਸਟਵੁੱਡ ਕਲੋਨੀ ਵਿੱਚ ਗੁਜ਼ਾਰਨ ਵਾਲੀ ‘ਜ਼ੁਬੈਦਾ ਖ਼ਾਨਮ’ ਦੀ ਪੈਦਾਇਸ਼ ਅਣਵੰਡੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ 1935 ਨੂੰ ਇੱਕ ਮੁਸਲਿਮ ਪਰਿਵਾਰ ’ਚ ਹੋਈ। ‘ਜ਼ੁਬੈਦਾ’ ਮਹਿਜ਼ 12 ਸਾਲਾਂ ਦੀ ਸੀ, ਜਦੋਂ ਮੁਲਕ ਦੀ ਵੰਡ ਮਗਰੋਂ ਅੰਮ੍ਰਿਤਸਰ ਨੂੰ ਖ਼ੈਰ-ਆਬਾਦ ਕਹਿ ਕੇ ਲਾਹੌਰ (ਪਾਕਿਸਤਾਨ) ਟੁਰ ਜਾਣਾ ਪਿਆ। ‘ਜ਼ੁਬੈਦਾ’ ਦੇ ਪਰਿਵਾਰ ਦਾ ਤੁਅੱਲਕ ਕਿਸੇ ਵੀ ਸੰਗੀਤਕ ਘਰਾਣੇ ਨਾਲ ਨਹੀਂ ਸੀ ਅਤੇ ਨਾ ਹੀ ਗਾਇਕੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਸੀ। ਸੰਗੀਤ ਉਸ ਨੂੰ ਖ਼ੁਦਾ ਵੱਲੋਂ ਨਾਯਾਬ ਤੋਹਫ਼ਾ ਸੀ, ਜਿਸ ਵਿੱਚ ਉਹਨੇ ਆਹਲਾ ਮੁਕਾਮ ਅਤੇ ਸ਼ੌਹਰਤ ਹਾਸਲ ਕੀਤੀ। ਜਿਸ ਵਕਤ ‘ਜ਼ੁਬੈਦਾ ਖ਼ਾਨਮ’ ਨੇ ਪੰਜਾਬੀ ਫ਼ਿਲਮਾਂ ਵਿੱਚ ਪ੍ਰਵੇਸ਼ ਕੀਤਾ, ਉਸ ਸਮੇਂ ਆਜ਼ਾਦ ਪਾਕਿਸਤਾਨ ’ਚ ਬਣਨ ਵਾਲੀ ਪਹਿਲੀ ਪੰਜਾਬੀ ਫ਼ਿਲਮ ‘ਫੇਰੇ’ ਅਤੇ ‘ਮੁੰਦਰੀ’ (1949) ਦੀ ਪਹਿਲੀ ਅਤੇ ਮੁੱਖ ਗੁਲੂਕਾਰਾ ‘ਮੁਨੱਵਰ ਸੁਲਤਾਨਾ’ ਆਪਣੀ ਪੁਰਕਸ਼ਿਸ਼ ਅਤੇ ਖੂਬਸੂਰਤ ਆਵਾਜ਼ ਸਦਕਾ ਫ਼ਿਲਮਾਂ ’ਚ ਛਾਈ ਹੋਈ ਸੀ। ਐਪਰ 50 ਦੇ ਦਹਾਕੇ ਵਿੱਚ ਰੇਡੀਓ ਪਾਕਿਸਤਾਨ, ਲਾਹੌਰ ਦੇ ਸਟੇਸ਼ਨ ਡਾਇਰੈਕਟਰ ‘ਅਯੂਬ ਰੋਮਾਨੀ’ ਨਾਲ ਨਿਕਾਹ ਕਰਵਾਉਣ ਤੋਂ ਬਾਅਦ ਫ਼ਿਲਮਾਂ ਵਿੱਚ ਗਾਉਣਾ ਘੱਟ ਕਰ ਦਿੱਤਾ ਸੀ।
4 ਜਨਵਰੀ, 1951 ਵਿੱਚ ‘ਇੰਡੀਆ ਐਂਡ ਪਾਕਿਸਤਾਨ ਪ੍ਰੋਡਕਸ਼ਨ’ ਦੀ ਸਾਂਝੀ ਪੰਜਾਬੀ ਫ਼ਿਲਮ ‘ਬਿੱਲੋ’ ‘ਜ਼ੁਬੈਦਾ ਖ਼ਾਨਮ’ ਦੇ ਗਾਇਨ ਕਰੀਅਰ ਦੀ ਬਤੌਰ ਪਸ-ਏ-ਪਰਦਾ ਗੁਲੂਕਾਰਾ ਪਹਿਲੀ ਫ਼ਿਲਮ ਸੀ, ਜਿਸ ਵਿੱਚ ਮਕਬੂਲ ਗੁਲੂਕਾਰਾ ‘ਜ਼ੀਨਤ ਬੇਗ਼ਮ’ ਨੇ ਵੀ ਆਪਣੀ ਆਵਾਜ਼ ਦਾ ਤਰੰਨੁਮ ਬਿਖੇਰਿਆ ਸੀ। ਬੇਸ਼ੱਕ ਇਹ ਫ਼ਿਲਮ ਭਾਵੇਂ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ, ਪਰ ‘ਜ਼ੁਬੈਦਾ’ ਦੀ ਸੁਰੀਲੀ ਆਵਾਜ਼ ਮੌਸੀਕੀ ਦਿਆਂ ਰੀਝਵਾਨਾਂ ਨੂੰ ਬੇਹੱਦ ਪਸੰਦ ਆਈ। ‘ਤਸਵੀਰ ਮਹਿਲ ਪਿਕਚਰਜ਼’ ਦੇ ਬੈਨਰ ਹੇਠ 13 ਜੂਨ, 1953 ਨੂੰ ਰਿਲੀਜ਼ ਹੋਈ ਨਿਰਦੇਸ਼ਕ ‘ਨਜ਼ੀਰ’ ਦੀ ਪੰਜਾਬੀ ਫ਼ਿਲਮ ‘ਸ਼ਹਿਰੀ ਬਾਬੂ’ ਆਪਣੇ ਗੀਤਾਂ ਸਦਕਾ ਯਾਦਗਾਰੀ ਬਣ ਗਈ। ਫ਼ਿਲਮ ਦੇ ਮਰਕਜ਼ੀ ਕਿਰਦਾਰ ‘ਸਵਰਨ ਲਤਾ’ ਅਤੇ ‘ਸੰਤੋਸ਼ ਕੁਮਾਰ’ ਨੇ ਨਿਭਾਏ ਜਦ ਕਿ ਦੂਜੀ ਅਦਾਕਾਰਾ ਵਜੋਂ ‘ਜ਼ੁਬੈਦਾ’ ਦੀ ਬਤੌਰ ਅਦਾਕਾਰਾ ਇਹ ਪਹਿਲੀ ਫ਼ਿਲਮ ਸੀ।
‘ਜ਼ੁਬੈਦਾ ਖ਼ਾਨਮ’ ਪਹਿਲੀ ਵਾਰ ਆਪਣੇ ਮਸ਼ਹੂਰ ਜ਼ਮਾਨਾ ਗੀਤ: ‘ਰਾਤਾਂ ਮੇਰੀਆਂ ਬਣਾ ਕੇ ਰੱਬਾ ਨ੍ਹੇਰੀਆਂ, ਨਸੀਬਾਂ ਵਾਲੇ ਤਾਰੇ ਟੁੱਟ ਗਏ…’ ਤੇ ‘ਗੱਲਾਂ ਸੁਣ ਕੇ ਮਾਹੀ ਦੇ ਨਾਲ ਮੇਰੀਆਂ, ਦੁਪੱਟਾ ਬੇਈਮਾਨ ਹੋ ਗਿਆ…’ ਦੇ ਨਾਲ ਮਕਬੂਲ ਹੋਈ।
ਫ਼ਿਲਮਸਾਜ਼ ‘ਨਜ਼ੀਰ’ ਦੀ ਪੰਜਾਬੀ ਫ਼ਿਲਮ ‘ਹੀਰ’ (1955), ਜੋ ਆਪਣੇ ਸਦਾਬਹਾਰ ਨਗ਼ਮਿਆਂ ਕਰਕੇ ਅੱਜ ਵੀ ਯਾਦ ਕੀਤੀ ਜਾਂਦੀ ਹੈ, ’ਚ ਨਗ਼ਮਾਨਿਗ਼ਾਰ ‘ਨਜ਼ੀਨ ਕਾਦਰੀ’ ਦੇ ਲਿਖੇ ਬੋਲਾਂ ‘ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਝੂਠੀ ਮੂਠੀ ਦਾ ਪਾ ਲਿਆ ਈ ਕੱਖ ਵੇ…’,ਢੋਲ ਦਿਲੇ ਦਾ ਜਾਨੀ ਅਜੇ ਨੀ ਆਇਆ…’ ਤੇ ‘ਅੱਖਾਂ ਮਿਲੀਆਂ ਗੁਲਾਬੀ ਨੈਣਾ ਨਾਲ…’ ਨੂੰ ਆਪਣੇ ਸੁਰੀਲੇ ਸੁਰਾਂ ’ਚ ਅਜਿਹਾ ਪਰੋਇਆ ਕਿ ਹੁਣ ਜ਼ੁਬੈਦਾ ਖ਼ਾਨਮ ‘ਨੰਬਰ ਵੰਨ’ ’ਤੇ ਆਸੀਨ ਗੁਲੂਕਾਰਾ ਸੀ।
ਫ਼ਿਲਮ ‘ਪੱਤਣ’,  ‘ਪਾਟੇ ਖਾਂ’, ‘ਮਾਹੀ ਮੁੰਡਾ’, ‘ਗੁੱਡਾ ਗੁੱਡੀ’, ‘ਚੰਨ ਮਾਹੀ’, ‘ਯੱਕੇ ਵਾਲੀ’, ‘ਛੂ ਮੰਤਰ’, ‘ਕਰਤਾਰ ਸਿੰਘ’, ‘ਜੱਟੀ’, ‘ਬੋਦੀ ਸ਼ਾਹ’ ਤੇ ‘ਬਹਿਰੂਪੀਆ’ ਆਦਿ ’ਚ ਜ਼ੁਬੈਦਾ ਵੱਲੋਂ ਗਾਏ ਗੀਤ ਬਹੁਤ ਮਕਬੂਲ ਹੋਏ।
‘ਜ਼ੁਬੈਦਾ ਖ਼ਾਨਮ’ ਨੇ ਸਿਰਫ ਪੰਜਾਬੀ ਫ਼ਿਲਮਾਂ ’ਚ ਹੀ ਨਹੀਂ ਬਲਕਿ ਪਾਕਿਸਤਾਨ ’ਚ 1955 ਤੋਂ ਲੈ ਕੇ 1967 ਤਕ ਬਣੀਆਂ ਲਗਪਗ 45 ਕੁ ਫ਼ਿਲਮਾਂ ’ਚ ਬਿਹਤਰੀਨ ਉਰਦੂ ਗੀਤ ਵੀ ਗਾਏ।
50 ਤੋਂ ਲੈ ਕੇ 60 ਦੇ ਦਹਾਕੇ ਤਕ ‘ਜ਼ੁਬੈਦਾ ਖ਼ਾਨਮ’ ਦੀ ਪੰਜਾਬੀ ਫ਼ਿਲਮਾਂ ’ਚ ਮੁਕੰਮਲ ਇਜਾਰੇਦਾਰੀ ਰਹੀ। ਉਸ ਲਈ ਕਾਮਯਾਬੀ ਦਾ ਇਹ ਸਫ਼ਰ ਐਨਾ ਆਸਾਨ ਵੀ ਨਹੀਂ ਸੀ। 50 ਦੇ ਦਹਾਕੇ ’ਚ ਜਿੱਥੇ ‘ਮੁਨੱਵਰ ਸੁਲਤਾਨਾ’, ‘ਜ਼ੀਨਤ ਬੇਗ਼ਮ’, ‘ਨਸੀਮ ਅਖ਼ਤਰ’, ‘ਪੁਖਰਾਜ ਭੱਪਾ’, ‘ਇਕਬਾਲ ਬਾਨੋ’ ਵਰਗੀਆਂ ਦਿੱਗਜ਼ ਗੁਲੂਕਾਰਾਵਾਂ ਤੋਂ ‘ਜ਼ੁਬੈਦਾ ਖ਼ਾਨਮ’ ਨੂੰ ਸਖ਼ਤ ਚੁਣੌਤੀ ਮਿਲੀ, ਉੱਥੇ 60 ਦੇ ਦਹਾਕੇ ਦੀ ਸ਼ੁਰੂਆਤ ‘ਚ ‘ਨਸੀਮ ਬੇਗ਼ਮ’ ਫਿਰ ‘ਨਜ਼ੀਰ ਬੇਗ਼ਮ’ ਅਤੇ ‘ਮਾਲਾ’ ਵੀ ਕਿਸੇ ਤਰ੍ਹਾਂ ਘੱਟ ਨਹੀਂ ਸਨ। ਪਰ ਇਨ੍ਹਾਂ ਵਿੱਚੋਂ ‘ਜ਼ੁਬੈਦਾ ਖ਼ਾਨਮ’ ਪੁਰਕਸ਼ਿਸ਼ ਆਵਾਜ਼ ਦੀ ਜੁਦਾਗਾਨਾ ਸ਼ਨਾਖ਼ਤ ਸੀ। ਪਾਕਿਸਤਾਨ ਫ਼ਿਲਮ ਤਵਾਰੀਖ਼ ਦੀ ਇਸ ਮਅਰੂਫ਼ ਗੁਲੂਕਾਰਾ ਨੇ ਆਪਣੇ ਫ਼ਿਲਮੀ ਕਰੀਅਰ ਦੇ ਸਿਖਰ ’ਤੇ ਪਹੁੰਚ ਕੇ ਕੈਮਰਾਮੈਨ ‘ਰਿਆਜ਼ ਬੁਖਾਰੀ’ ਨਾਲ ਨਿਕਾਹ ਕਰਕੇ ਫ਼ਿਲਮੀ ਗੁਲੂਕਾਰੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ।
- ਮਨਦੀਪ ਸਿੰਘ ਸਿੱਧੂ

Tuesday, 23 February 2016

ਗਣਤੰਤਰ ਦਿਵਸ

ਗਣਤੰਤਰ ਦਿਵਸ

੨੬ ਜਨਵਰੀ ਨੂੰ ਭਾਰਤ ਆਪਣਾਂ ਗਣਤੰਤਰ ਦਿਵਸ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਉਂਦਾ ਹੈ। ਹਰ ਸਾਲ ਦਿੱਲੀ ਦੇ ਲਾਲ ਕਿਲੇ ਤੇ ਦੇਸ਼ ਦੇ ਰਾਸ਼ਟਰਪਤੀ ਤਿਰੰਗਾ ਝੰਡਾ ਲਹਿਰਾਉਂਦੇ ਹਨ, ਭਾਰਤੀ ਫੌਜ ਦੇਸ਼ ਦੇ ਰਾਸ਼ਟਰਪਤੀ ਨੂੰ ਸਲਾਮੀ ਦੇਂਦੀ ਹੈ, ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਆਏ ਲੋਕ ਦੇਸ਼ ਦੀ ‘ਅਨੇਕਤਾ ਵਿੱਚ ਏਕਤਾ’ ਦੀਆਂ ਝਾਕੀਆਂ ਪੇਸ਼ ਕਰਦੇ ਹਨ ਅਤੇ ਤਿੰਨ ਵਾਰ ਜੈ ਹਿੰਦ ਦੇ ਨਾਅਰੇ ਗਜਾ ਕੇ ਦੇਸ਼ ਵਾਸੀ ਹੋਣ ਦੇ ‘ਗੌਰਵ’ ਨੂੰ ਚਤਾਰਿਆ ਜਾਂਦਾ ਹੈ। ਹਰ ਵਾਰ ਦੇਸ਼ ਵਾਸੀਆਂ ਦੇਸ਼ ਦੀ ਸੱਤਾ ਦਾ ਆਨੰਦ ਮਾਣ ਰਹੇ ਲੋਕਾਂ ਵੱਲੋਂ ਉਪਦੇਸ਼ ਦਿੱਤਾ ਜਾਂਦਾ ਹੈ ਕਿ ਇਹ ਦੇਸ਼ ਇੱਕਸੁਰ ਇਕਾਈ ਹੈ ਅਤੇ ਇੱਥੇ ਕਿਸੇ ਨਾਲ ਵੀ ਭੇਦ ਭਾਵ ਨਹੀ ਕੀਤਾ ਜਾਂਦਾ। ਦੇਸ਼ ਦਾ ਹਰ ਨਾਗਰਿਕ ਕਨੂੰਨ ਦੇ ਸਾਹਮਣੇ ਇੱਕ ਹੈ ਅਤੇ ਸਾਰੇ ਇਸ ਦੇਸ਼ ਦੇ ਬੱਚੇ ਬੱਚੀਆਂ ਹਨ।
ਭਾਰਤ ਵਿੱਚ ਸੁਆਲ ਪੁੱਛਿਆ ਜਾ ਰਿਹਾ ਹੈ ਕਿ ਕੀ ਦੇਸ਼ ਸੱਚਮੁੱਚ ਇੱਕ ਹੈ? ਕੀ ਦੇਸ਼ ਦਾ ਹਰ ਨਾਗਰਿਕ ਸੱਚਮੁੱਚ ਦੇਸ਼ ਦੇ ਕਨੂੰਨ ਸਾਹਮਣੇ ਇੱਕ ਹੈ? ਕੀ ਦੇਸ਼ ਵਿੱਚ ਕਿਸੇ ਨਾਲ ਉਸਦੇ ਰੰਗ, ਨਸਲ ਅਤੇ ਧਰਮ ਜਾਤ ਕਰਕੇ ਸੱਚਮੁੱਚ ਹੀ ਵਿਤਕਰਾ ਨਹੀ ਹੁੰਦਾ?
ਦੇਸ਼ ਦੀ ਸਿਆਸੀ ਵਾਗਡੋਰ ਸਾਂਭ ਕੇ ਮਲਾਈਆਂ ਛਕਣ ਵਾਲੇ ਵਰਗ ਲਈ ਭਾਰਤ ਤੋਂ ਵੱਡਾ ਕੋਈ ਸਵਰਗ ਨਹੀ ਹੈ। ਉਹ ਇੱਕ ਦੂਜੇ ਤੋਂ ਅੱਗੇ ਹੋਕੇ ਦੇਸ਼ ਦੇ ਹੱਕ ਵਿੱਚ ਸਿਫਤਾਂ ਦੇ ਪੁਲ ਬੰਨ੍ਹ ਰਹੇ ਹਨ ਕਿਉਂਕਿ ਦੇਸ਼ ਨੇ ਉਨ੍ਹਾਂ ਨੂੰ ਹਰ ਉਹ ਕੁਝ ਦੇ ਦਿੱਤਾ ਹੈ ਜਿਸਦੇ ਉਹ ਲਾਇਕ ਵੀ ਨਹੀ ਸਨ। ਦੂਜੇ ਪਾਸੇ ਉਹ ਲੋਕ ਹਨ ਜੋ ਵਿਦਵਾਨ ਹਨ ਜੋ ਸਹਿਜ ਦਾ ਜੀਵਨ ਜੀਅ ਰਹੇ ਹਨ ਅਤੇ ਜੋ ਸੱਚਮੁੱਚ ਹੀ ਦੇਸ਼ ਨੂੰ ਅਸਲ ਅਰਥਾਂ ਵਿੱਚ ਗਣਤੰਤਰ ਬਣਾਉਣਾਂ ਲੋਚਦੇ ਹਨ, ਪਰ ਜਿਨ੍ਹਾਂ ਦੀ ਅਵਾਜ਼ ਸਿਆਸੀ ਦਹਿਸ਼ਤ ਨਾਲ ਦਬਾ ਦਿੱਤੀ ਜਾਂਦੀ ਹੈ। ਜੋ ਹੁਣ ਇਸ ਗਣਤੰਤਰ ਵਿੱਚ ਮਨੁੱਖ ਨਹੀ ਰਹੇ ਬਲਕਿ ਇੱਕ ਵੋਟ ਬਣਕੇ ਰਹਿ ਗਏ ਹਨ, ਜਿਨ੍ਹਾਂ ਦੀ ਸਵੈ ਪਹਿਚਾਣ ਵੀ ਸਿਆਸਤ ਦੇ ਭੇਟ ਚੜ੍ਹਾ ਦਿੱਤੀ ਗਈ ਹੈ। ਅਜਿਹੇ ਲੋਕਾਂ ਦਾ ਭਾਰਤ ਬਿਲਕੁਲ ਵੱਖਰਾ ਹੈ।
ਸੱਚਮੁੱਚ ਇਹ ਦੇਸ਼ ਵਿਚਾਰਧਾਰਕ ਅਤੇ ਸਿਆਸੀ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਦੇਸ਼ ਮੋਦੀਆਂ, ਲਾਲੂਆਂ, ਬਾਦਲਾਂ ਅਤੇ ਲੈਫਟੀਨੈਂਟਾਂ ਦਾ ਦੇਸ਼ ਹੈ। ਦੂਜਾ ਦੇਸ਼ ਰੋਹਿਤ ਵਰਗੇ ਪੜ੍ਹੇ ਲਿਖੇ ਵਿਦਵਾਨਾਂ ਦਾ ਦੇਸ਼ ਹੈ ਜੋ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।
ਰਾਸ਼ਟਰੀ ਏਕਤਾ:-  ਭਾਰਤ ਵਿਚ ਅੰਗ੍ਰੇਜ਼ੀ ਸ਼ਾਸਨ ਨੇ ਆਪਣੇ ਰਾਜ ਨੂੰ ਦੀਰਘ ਕਾਲ ਤਕ ਬਣਾਈ ਰੱਖਣ ਲਈ ਦੇਸ਼ ਨੂੰ ਪਰੰਪਰਾਗਤ ਵੰਡਾਂ, ਆਰਥਿਕ ਜਾਂ ਧਾਰਮਿਕ, ਸਭਿਅਚਾਰਕ ਜਾਂ ਪ੍ਰਾਦੇਸ਼ਿਕ ਵਿਚ ਜਕੜ ਰੱਖਿਆ ਸੀ। 
ਆਜ਼ਾਦੀ ਤੋਂ ਬਾਅਦ ਇਹਨਾਂ ਸਭ ਵੰਡਾਂ ਨੂੰ ਖ਼ਤਮ ਕਰਕੇ ਰਾਸ਼ਟਰੀ ਏਕਤਾ ਨੂੰ ਕਾਇਮ ਕਰਨਾ ਭਾਰਤ ਸਰਕਾਰ ਨੇ ਆਪਣਾ ਲਕਸ ਬਣਾ ਲਿਆ। ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਅਤਿਵਾਦ ਦਾ ਮਨੁੱਖਤਾ ਦੇ ਨਾਲ ਕੋਈ ਪਿਆਰ ਨਹੀਂ ਹੈ। ਅੱਜ ਦੇਸ਼ ਵਿੱਚ ਗ਼ਰੀਬੀ, ਬੇਰੁਜ਼ਗਾਰੀ ਅਤੇ ਭੁੱਖਮਾਰੀ ਵਰਗੀਆਂ ਅਲਾਮਤਾਂ ਅਤਿਵਾਦ ਤੋਂ ਵੀ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। 
ਸਹੀ ਰੂਪ ਵਿੱਚ ਦੇਸ਼ ਦਾ ਵਿਕਾਸ ਕਰਨ ਦੇ ਨਾਲ-ਨਾਲ ਗਣਰਾਜ ਦਾ ਆਨੰਦ ਤਾਂ ਹੀਂ ਮਾਣਿਆ ਜਾ ਸਕਦਾ ਹੈ, ਜੇਕਰ ਕੌਮੀ ਏਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਹਰ ਦੇਸ਼ ਵਾਸੀ ਵੱਲੋਂ ਯਤਨ ਕੀਤੇ ਜਾਣ, ਤਾਂ ਜੋ ਦੇਸ਼ ਦੇ ਆਵਾਮ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਸਾਡੇ ਮਹਾਨ ਆਗੂਆਂ ਵਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਪ੍ਰਤੂੰ ਸਰਕਾਰ ਵਿੱਚ ਸ਼ਾਮਲ ਲੋਕਾਂ ਨੇ ਆਪਣਾ ਵਿਕਾਸ ਜ਼ਰੂਰ ਕਰ ਲਿਆ ਹੈ। ਕਿਸਾਨਾਂ ਨੂੰ ਉਜਾੜ ਕੇ ਉਹਨਾਂ ਦੀਆਂ ਬਹੁਮੁੱਲੀ ਕੀਮਤਾਂ ਵਾਲੀਆਂ ਜ਼ਮੀਨਾਂ ਖੋਹ ਕੇ ਸਰਕਾਰੀ ਚੰਮਚਿਆਂ ਨੂੰ ਕੌਡੀਆਂ ਦੇ ਭਾਅ ਦੇ ਰਹੇ ਹਨ।
ਭਾਰਤ ਵਿੱਚ ਘੱਟ ਗਿਣਤੀ ਦੇ ਲੋਕ ਜੇ ਆਪਣੇ ਹੱਕ ਦੀ ਗੱਲ ਕਰਨ ਤਾਂ ਦੇਸ ਧਰੋਹੀ ਹਨ। 
ਇਤਿਹਾਸ ਦੇ ਪੰਨੇ ਫਰੋਲ ਕੇ ਵੇਖੋ। ਜਿਹੜੇ ਹੁਕਮਰਾਨਾਂ ਨੇ ਸਾਰੀ ਪਰਜਾ ਨੂੰ ਇੱਕ ਅੱਖ ਨਾਲ ਵੇਖਿਆ ਹੈ ਤੇ ਇਨਸਾਫ ਦਾ ਬੋਲ ਬਾਲਾ ਕੀਤਾ ਹੈ ਉਹ ਵਧੇ ਫੁੱਲੇ ਹਨ। ਉਥੇ ਖੁਸ਼ਹਾਲੀ ਵਧੀ ਹੈ। ਇਹਦੇ ਉਲਟ ਪੱਖਪਾਤੀ ਨਿਜ਼ਾਮ ਬਹੁਤ ਦੇਰ ਨਹੀਂ ਚੱਲਦੇ। ਲੋੜ ਹੈ ਕਿ ਮੋਦੀ ਸਰਕਾਰ ਕਰੜੇ ਹੱਥੀਂ ਊਲ ਜਲੂਲ ਬੋਲਣ ਵਾਲਿਆਂ ਨੂੰ ਨੱਥ ਪਾਉਣ। ਦੇਸ਼ ਦਾ ਅੰਦਰੂਨੀ ਅਮਨ ਚੈਨ ਚੰਗੀ ਅਤੇ ਮਜ਼ਬੂਤ ਰੱਖਿਆ ਲਈ ਪਹਿਲੀ ਸ਼ਰਤ ਹੈ। ਇਸ ਵੇਲੇ ਜੋ ਵਾਪਰ ਰਿਹਾ ਹੈ ਉਹ ਅੰਦਰੂਨੀ ਏਕਤਾ ਅਤੇ ਭਾਈਚਾਰੇ ਨੂੰ ਕਮਜ਼ੋਰ ਕਰ ਰਿਹਾ ਹੈ। 
ਕਿਸੇ ਦੇਸ਼ ਦੀ ਏਕਤਾ ਅਤੇ ਅੰਖਡਤਾ ਲਈ ਸਰਹੱਦ ਪਾਰ ਦੁਸ਼ਮਣ ਨਾਲੋਂ ਵੱਧ ਸੰਪਰਦਾਇਕਤਾ ਦੀ ਅੱਗ ਹੁੰਦੀ ਹੈ। ਅਜਿਹੀਆਂ ਘਟਨਾਵਾਂ ਸਮਾਜ ਦੇ ਕਿਸੇ ਵਿਸ਼ੇਸ਼ ਵਰਗ ਵਿਚ ਬੇ-ਭਰੋਸਗੀ ਪੈਦਾ ਕਰਦੀਆਂ ਹਨ। ਨਿਆਂ ਵਿੱਚ ਦੇਰੀ ਨਿਆਂ ਪ੍ਰਣਾਲੀ ਦੀ ਆਸਥਾ ’ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੰਦੀ ਹੈ। 

Saturday, 13 February 2016

ਮਾਂ ਦੀ ਬੁੱਕਲ - ਕਰਨ ਬਰਾੜ

 ਮਾਂ ਦੀ ਬੁੱਕਲ - ਕਰਨ ਬਰਾੜ


ਸ਼ਾਇਦ ਕੁਦਰਤ ਨੇ ਪਹਿਲੀ ਕਿਲਕਾਰੀ ਮਾਂ ਦੀ ਬੁੱਕਲ ਵਿੱਚ ਹੀ ਮਾਰੀ ਹੋਵੇ। ਮਾਂ ਦੇ ਹੱਥਾਂ ਵਿਚ ਬਰਕਤ ਹੈ ਸਵਾਦ ਹੈ ਸਲੀਕਾ, ਰਹਿਮਤਾਂ, ਸਬਰ, ਸੰਤੋਖ, ਚੱਜ ਆਚਾਰ ਤੇ ਪਿਆਰ ਦਾ ਮਹਾਨ ਫ਼ਲਸਫ਼ਾ ਹੈ। ਤਾਂ ਹੀ ਤਾਂ ਕੁਦਰਤ ਇੰਨੀ ਅਦਭੁੱਤ ਇੰਨੀ ਸ਼ਕਤੀਸ਼ਾਲੀ ਤੇ ਇੰਨੀ ਰੰਗ ਬਿਰੰਗੀ ਹੈ। ਸ਼ਾਇਦ ਪ੍ਰਮਾਤਮਾ ਨੂੰ ਗੁੜਤੀ ਸੰਸਕਾਰ ਮਾਂ ਨੇ ਹੀ ਦਿੱਤੇ ਹੋਣ ਤਾਂ ਹੀ ਤਾਂ ਉਹ ਇੰਨਾ ਦਿਆਲੂ ਤੇ ਕਣ ਕਣ ਵਿਚ ਵਸਦਾ ਹਰ ਇੱਕ ਦੀ ਜਾਣਨ ਵਾਲਾ ਮਾਂ ਦੇ ਆਸਰੇ ਵਰਗਾ। 
ਮੈਂ ਕਈ ਵਾਰ ਸੋਚਦਾ ਕੋਈ ਸ਼ਕਤੀ ਤਾਂ ਹੈ ਜਿਸ ਆਸਰੇ ਦੁਨੀਆ ਖੜੀ ਹੈ ਹਵਾ ਚੱਲ ਰਹੀ ਹੈ ਕਿਤੇ ਪਾਣੀ ਵਗ ਰਿਹਾ, ਕਿਤੇ ਧੁੱਪ ਹੈ ਕਿਤੇ ਛਾਂ ਹੈ ਕਿਤੇ ਧਰਤੀ ਹੈ ਕਿਤੇ ਸਮੁੰਦਰ ਹੈ ਕਿਤੇ ਦਿਨ ਚੜ ਰਿਹਾ ਕਿਤੇ ਰਾਤ ਪੈ ਰਹੀ ਹੈ, ਕੋਈ ਮਰ ਰਿਹਾ ਕੋਈ ਜਿਉਂ ਰਿਹਾ ਹੈ। ਇਹ ਸ਼ਕਤੀ ਕਿਸੇ ਨੇ ਵੇਖੀ ਤਾਂ ਨਹੀਂ ਪਰ ਮਹਿਸੂਸ ਕਈਆਂ ਨੇ ਕੀਤੀ ਹੋਵੇਗੀ। ਤੁਸੀਂ ਸੋਚ ਕੇ ਵੇਖੋ ਤੁਹਾਨੂੰ ਨੀ ਲੱਗਦਾ ਇਹ ਸ਼ਕਤੀ ਜਿਵੇਂ ਮਾਂ ਵਰਗੀ ਹੋਵੇ ਤੁਹਾਡੀ ਮਾਂ ਦੀ ਮਮਤਾ ਵਰਗੀ। ਜਿਵੇਂ ਉਸ ਨੂੰ ਫ਼ਿਕਰ ਹੋਵੇ ਹਾਏ! ਮੇਰੇ ਪੁੱਤ ਨੇ ਸਾਹ ਲੈਣਾ ਹਵਾ ਛੱਡ ਦਿਆਂ, ਮੇਰੇ ਪੁੱਤਾਂ ਧੀਆਂ ਨੂੰ ਪਾਣੀ ਚਾਹੀਦਾ ਮੀਂਹ ਪਾ ਦਿਆਂ, ਇਹਨਾਂ ਨੂੰ ਧੁੱਪ ਲੱਗਦੀ ਛਾਂ ਕਰ ਦੇਵਾਂ, ਆਸਰਾ ਕਰ ਦਿਆਂ, ਮਾਂ ਵਰਗਾ ਆਸਰਾ।
ਦੁਨੀਆ ਦੇ ਮਹਾਨ ਲੋਕਾਂ ਪਿੱਛੇ ਉਨ੍ਹਾਂ ਦੀਆਂ ਬਰਕਤਾਂ ਵਾਲੀਆਂ, ਸਬਰ ਸੰਤੋਖ ਵਾਲੀਆਂ, ਪਿਆਰ ਵਾਲੀਆਂ ਮਾਂਵਾਂ ਜ਼ਰੂਰ ਖੜਈਆਂ ਜਿੰਨਾਂ ਨੇ ਉਨ੍ਹਾਂ ਨੂੰ ਸਲੀਕਾ ਸਿਖਾਇਆ ਜ਼ਿੰਦਗੀ ਦੇ ਰਾਹ ਬਸੇਰੇ ਦਿਖਾਏ। ਉਨ੍ਹਾਂ ਨੂੰ ਮਹਾਨ ਬਣਨ ਦਾ ਮੌਕਾ ਦਿੱਤਾ।
ਮਾਂਵਾਂ ਕੋਲੋਂ ਕੁੱਝ ਨਹੀਂ ਲੁੱਕਦਾ ਮਾਂਵਾਂ ਨੂੰ ਸਭ ਪਤਾ ਹੁੰਦਾ। ਤੁਹਾਡੀ ਹਰ ਜ਼ਰੂਰਤ ਹਰ ਚਾਹਤ ਹਰ ਚੰਗੇ ਮਾੜੇ ਪੱਖ ਨੂੰ ਮਾਵਾਂ ਤੋਂ ਵੱਧ ਕੇ ਕੌਣ ਜਾਣ ਸਕਦਾ, ਆਪ ਅੱਧੀ ਤੇ ਸਬਰ ਕਰ ਲੈਂਦੀਆਂ ਤੁਹਾਨੂੰ ਰਜਾ ਕੇ ਰੱਖਦੀਆਂ, ਆਪ ਗਿੱਲੇ ਪੈਂਦੀਆਂ ਪਰ ਬੱਚਿਆਂ ਨੂੰ ਸੁੱਕੇ ਪਾਉਂਦੀਆਂ।ਐਵੇਂ ਤਾਂ ਨੀ ਕਹਿੰਦੇ ਆ:-
ਮਾਵਾਂ ਨਾਮ ਸਵਰਗ ਦਾ, ਰੱਬ ਵੀ ਇਹਨਾਂ ਦੇ ਹਿੱਸੇ ਆਏ।
ਕੁੱਲ ਕਾਇਨਾਤ ਦੀ ਜਨਣੀ, ਗੁਰੂ ਫਕੀਰ ਆਪਣੀ ਕੁੱਖੋਂ ਜਾਏ।

ਹੋਰਾਂ ਮਾਵਾਂ ਵਾਂਗ ਮੇਰੀ ਮਾਂ ਨੂੰ ਵੀ ਮੇਰੀ ਭੁੱਖ ਤੋਂ ਲੈ ਕੇ ਮੇਰੀ ਹਰ ਜ਼ਰੂਰਤ ਦਾ ਪਤਾ, ਮੇਰਾ ਚੰਗਾ ਮਾੜਾ ਸਭ ਜਾਣਦੀ ਆ। ਮੇਰੀ ਮਾਂ ਨੇ ਛੋਟੇ ਹੁੰਦਿਆਂ ਮੈਨੂੰ ਪਿਆਰ ਵੀ ਸਭ ਤੋਂ ਜ਼ਿਆਦਾ ਕੀਤਾ ਤੇ ਚੰਗੇ ਮਾੜੇ ਕੰਮਾਂ ਪਿੱਛੇ ਸਮਝਾਇਆ ਵੀ ਤੇ ਕੁੱਟਿਆ ਵੀ ਸਭ ਤੋਂ ਜ਼ਿਆਦਾ। ਮਾਂ ਤਾਂ ਭਾਵੇਂ ਆਪ ਅਨਪੜ੍ਹ ਸੀ ਪਰ ਉਸ ਦੀ ਚਾਹਤ ਸੀ ਕਿ ਮੇਰੇ ਧੀਆਂ ਪੁੱਤ ਚੰਗਾ ਪੜ੍ਹ ਲਿਖ ਜ਼ਿੰਦਗੀ ਵਿੱਚ ਕੁੱਝ ਬਣ ਪਾਉਣ। ਚੰਗਾ ਪੜਨ ਅਤੇ ਚੰਗਾ ਪਹਿਨਣ ਤੋਂ ਮਾਂ ਨੇ ਕਦੇ ਨਹੀਂ ਵਰਜਿਆ ਮੈਨੂੰ। ਪਹਿਲਾਂ ਵਾਂਗ ਹੁਣ ਵੀ ਹਰ ਵੇਲੇ ਮੇਰਾ ਪੱਖ ਲੈਂਦੀ ਮੇਰੀ ਵਾਹਰ ਕਰਾਉਂਦੀ ਹੈ। ਸੱਚੀਂ ਮੈਨੂੰ ਮਾਂ ਪਿਆਰੀ ਵੀ ਬਾਹਲ਼ੀ ਹੈ, ਪਰਦੇਸ ਰਹਿੰਦਿਆਂ ਮੇਰੇ ਵਿਛੋੜੇ ਨੂੰ ਦਿਲ ਤੇ ਲਾਉਂਦੀ ਅੱਧੀ ਰਹਿ ਗਈ, ਉਡੀਕ ਉਡੀਕ ਅੱਖਾਂ ਥੱਕ ਗਈਆਂ ਉਸ ਦੀਆਂ, ਇੱਕ ਇੱਕ ਦਿਨ ਅਰਦਾਸਾਂ ਕਰਦੀ ਸਾਡੀਆਂ ਸੁੱਖਾਂ ਮੰਗਦੀ ਹੈ। ਖੌਰੇ ਮਾਂ ਦੀਆਂ ਅਸੀਸਾਂ ਸਹਾਰੇ ਅਸੀਂ ਸਮੁੰਦਰਾਂ ਤੋਂ ਪਾਰ ਰੰਗੀਂ ਵੱਸਦੇ ਹਾਂ। ਇੱਕ ਗੱਲੋਂ ਮਾਂ ਖ਼ੁਸ਼ ਵੀ ਹੈ ਕਿ ਚਲੋ ਬਾਹਰ ਆਹਰੇ ਲੱਗਿਆ ਕੰਮ ਕਰਦਾ ਪਰਿਵਾਰ ਪਾਲਦਾ, ਇਹਨੇ ਕਿਹੜਾ ਉੱਥੇ ਸਦਾ ਬੈਠੇ ਰਹਿਣਾ ਬਸ ਵਾਪਸ ਆ ਹੀ ਜਾਣਾ। ਚੱਲ ਉਹ ਜਾਣੇ ਇਹਦਾ ਸੁਪਨਾ ਸੀ ਬਾਹਰ ਜਾਣ ਦਾ। ਮੈਂ ਮਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਮੈਂ ਉੱਥੇ ਸਦਾ ਨਹੀਂ ਰਹਿਣਾ ਬਸ ਇੱਕ ਵਾਰੀ ਆਪਣੀ ਕਿਸਮਤ ਅਜ਼ਮਾ ਲੈਣ ਦੇ। ''ਤੇ ਸੱਚੀਂ ਮਾਂ ਨੇ ਰੋਕਿਆ ਵੀ ਨੀ, ਨਹੀਂ ਤਾਂ ਮਾਂ ਸੀ ਭਾਵੇਂ ਕਹਿ ਦਿੰਦੀ ਨਹੀਂ ਜਾਣ ਦਿੰਦੀ ਰਾਹ ਰੋਕ ਲੈਂਦੀ ਪਰ ਨਹੀਂ ਮਾਂ ਜੋ ਸੀ, ਪਿਆਰੀ ਮਾਂ।
ਪਿੱਛੇ ਜਿਹੇ ਪੰਜਾਬ ਗਏ ਤਾਂ ਮਾਂ ਤੇ ਇੱਕ ਕਹਾਣੀ ਲਿਖੀ ਮਾਂ ਵਰਗੀ। ਰੋਂਦਿਆਂ ਹੀ ਲਿਖੀ ਸੀ ਤੇ ਅੱਗੋਂ ਸੌ ਵਿਸਮੇਂ ਪੜਨ ਵਾਲੇ ਦੀ ਵੀ ਧਾਹ ਨਿਕਲ ਜਾਂਦੀ ਸੀ ਕਿਉਂਕਿ ਮਾਂਵਾਂ ਤਾਂ ਸਭ ਨੂੰ ਪਿਆਰੀਆਂ ਹੁੰਦੀਆਂ ਸ਼ਾਇਦ ਤਾਂ ਕਰਕੇ। ਪੇਪਰ ਵਿੱਚ ਛਪੀ ਤਾਂ ਨਾਲ ਮਾਂ ਦੀ ਫ਼ੋਟੋ ਵੀ ਸੀ। ਦੇਖ ਕੇ ਮਾਂ ਬਹੁਤ ਖੁਸ਼ ਹੋਈ ਕਿ ਮੇਰੀ ਅਨਪੜ੍ਹ ਦੀ ਵੀ ਫ਼ੋਟੋ ਲੱਗੀ ਹੈ ਅਖ਼ਬਾਰ ਵਿੱਚ, ਫਿਰ ਪਤਾ ਨੀ ਕਿਉਂ ਅੱਖਾਂ ਜਿਹੀਆਂ ਭਰਦੀ ਰੋਣ ਲੱਗ ਗਈ ਤੇ ਕਹਿੰਦੀ :- ''ਜਦੋਂ ਇਹ ਲਿਖਦਾ ਲਿਖਦਾ ਅੱਖਾਂ ਜਿਹੀਆਂ ਲਾਲ ਕਰੀ ਰੋਈ ਜਾਂਦਾ ਸੀ ਮੈਂ ਤਾਂ ਉਦੋਂ ਹੀ ਬੁੱਝ ਲਿਆ ਸੀ ਬਈ ਕੀ ਲਿਖਦਾ, ਮਾਂ ਹਾਂ ਮੈਂ ਤੇਰੀ, ਤੇਰੇ ਭਾਅ ਦੀ ਮੈਨੂੰ ਕੁੱਝ ਪਤਾ ਨਹੀਂ, ਮੈਨੂੰ ਚਾਰਦਾ ਬਲੌਲ ਜਿਹਾ। ਲੈ ਪੜ੍ਹ ਕੇ ਸੁਣਾ ਕੀ ਲਿਖਿਆ ਮੇਰੇ ਬਾਰੇ ਸੁਣਾਂ ਤਾਂ ਸਹੀ''।

ਮੇਰੇ ਅੰਦਰੋਂ ਹਾਉਂਕਾ ਜਿਹਾ ਨਿਕਲਿਆ ਤੇ ਭਮੱਤਰ ਵੀ ਗਿਆ ਕਿ ਮਾਂ ਨੇ ਮੈਨੂੰ ਕਦੋਂ ਰੋਂਦਿਆਂ ਵੇਖ ਲਿਆ ਫਿਰ ਸੋਚਿਆ ਭੋਲਿਆ ਪੰਛੀਆਂ ਮਾਵਾਂ ਤੋ ਵੀ ਕਦੇ ਕੁੱਝ ਲੁਕਿਆ, ਮਾਂ ਹੈ ਉਹ ਮੇਰੀ ਫਿਰ ਬਸ ਮੂੰਹੋਂ ਇੱਕੋ ਗੱਲ ਨਿਕਲੀ ਕਿ ''ਮਾਂ ਨਾ ਤਾਂ ਮੈਥੋਂ ਪੜੀ ਜਾਣੀ ਏ ਨਾ ਤੈਥੋਂ ਸੁਣੀ ਜਾਣੀ ਏ'', ਤੇ ਮੈਂ ਅੱਖਾਂ ਜਿਹੀਆਂ ਛੁਪਾਉਂਦਾ ਗੱਚ ਭਰਦਾ ਕਮਰਿਓਂ ਬਾਹਰ ਹੋ ਗਿਆ। ਮਾਂ ਉਸ ਕਾਗ਼ਜ਼ ਤੇ ਹੱਥ ਫੇਰਦੀ ਸੋਚਾਂ ਵਿੱਚ ਡੁੱਬ ਗਈ ਉਸ ਲਿਖਤ ਨੂੰ ਸਾਂਭ ਕੇ ਰੱਖ ਲਿਆ ਕਿਸੇ ਤੋਂ ਪੜਾਉਣ ਵਾਸਤੇ, ਪਰ ਮੈਨੂੰ ਪਤਾ ਜਦੋਂ ਵੀ ਸੁਣੂ ਤੇ ਬਾਹਲ਼ਾ ਰੋਊ। ਕਿਤੇ ਨਾ ਕਿਤੇ ਮਾਂ ਨੂੰ ਵੀ ਪਤਾ ਹੈ ਕਿ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ, ਇਸ ਨੂੰ ਵੀ ਮਾਂ ਤੋਂ ਵਿਛੜਨਾ ਔਖਾ ਲੱਗਦਾ ਹੈ, ਮਾਂ ਜੋ ਹੈ ਸਭ ਸਮਝਦੀ ਹੈ।
ਮਾਂ ਨੂੰ ਦੱਸੇ ਬਿਨਾਂ ਸਭ ਪਤਾ ਹੁੰਦਾ ਕਿ ਮੈਨੂੰ ਕੀ ਚਾਹੀਦਾ ਮੈਨੂੰ ਕੀ ਲੋੜ ਹੈ। ਮੇਰਾ ਗ਼ੁੱਸਾ ਗਿਲਾ ਹਾਸਾ ਮਖ਼ੌਲ ਸਭ ਅੱਖਾਂ ਤੋਂ ਪੜ੍ਹ ਲੈਂਦੀ ਹੈ। ਕਈ ਵਾਰ ਮੈਨੂੰ ਇਉਂ ਲੱਗਦਾ ਜਿਵੇਂ ਰੱਬ ਨੇ ਕੋਈ ਦੂਤ ਸਿਰਫ਼ ਮੇਰੇ ਲਈ ਹੀ ਭੇਜਿਆ ਹੋਵੇ ਜੋ ਮੇਰੇ ਅੱਗੇ ਅੱਗੇ ਮੇਰਾ ਅੱਗਾ ਸੰਵਾਰਦਾ ਜਾਂਦਾ। ਕਦੇ ਕਦੇ ਮਾਂ ਮੈਨੂੰ ਅਲਾਦੀਨ ਦਾ ਚਿਰਾਗ਼ ਲੱਗੂ ਜੋ ਵੀ ਮੰਗੋ ਆਪਣੀ ਪੋਟਲੀ ਵਿੱਚ ਹੱਥ ਮਾਰ ਕੇ ਕਹੂ ਆਹ ਲੈ। ਮਾਂ ਦੇ ਹੱਥਾਂ ਵਿੱਚ ਬਰਕਤ ਇੰਨੀ ਹੈ ਜੋ ਵੀ ਚੀਜ਼ ਨੂੰ ਹੱਥ ਲਾਉਂਦੀ ਹੈ ਉਸ ਨੂੰ ਤਰਤੀਬ ਤੇ ਇਕਸਾਰ ਕਰਦੀ ਜਾਂਦੀ ਹੈ। ਥੋੜੇ ਜਿਹੇ ਦੁੱਧ ਨੂੰ ਸਮੁੰਦਰ ਵਾਂਗ ਵਰਤੂ ਤੇ ਇਉਂ ਲੱਗਦਾ ਜਿਵੇਂ ਘਰ ਵਿੱਚ ਦੁੱਧ ਹੀ ਦੁੱਧ ਹੋਵੇ। ਮਾਂ ਦੇ ਹੱਥਾਂ ਦਾ ਬਣਿਆ ਸਾਗ ਅੰਤਾਂ ਦਾ ਸਵਾਦ ਹੁੰਦਾ ਖੋਆ ਤੇ ਪੰਜੀਰੀ ਉਸ ਵਰਗੀ ਕੋਈ ਵੀ ਨਹੀਂ ਬਣਾ ਸਕਦਾ। ਸਭ ਦਾ ਖਿਆਲ ਰੱਖਦੀ ਬਰਕਤਾਂ ਵੰਡਦੀ ਮਾਂ।
ਆਪਾਂ ਮਾਵਾਂ ਨੂੰ ਕੀ ਦੇ ਸਕਦੇ ਹਾਂ ਮਾਵਾਂ ਸਭ ਕੁੱਝ ਵੰਡਦੀਆਂ ਹੀ ਹੁੰਦੀਆਂ ਲੈਂਦੀਆਂ ਕੁੱਝ ਵੀ ਨਹੀਂ। ਮਾਂ ਸ਼ਬਦ ਹੀ ਵੰਡਣ ਦਾ ਲੈਣ ਦਾ ਨਹੀਂ। ਇਸ ਵਾਰੀ ਪੰਜਾਬ ਗਏ ਤਾਂ ਸੋਚਿਆ ਮਾਂ ਲਈ ਮਾਂ ਦੇ ਮੇਚ ਦਾ ਕੀ ਲੈ ਕੇ ਦੇਵਾਂ ਕਿਉਂਕਿ ਮਾਂ ਦੇ ਮੇਚ ਦੀ ਕੋਈ ਚੀਜ਼ ਹੀ ਨਹੀਂ ਬਣੀ ਦੁਨੀਆ ਤੇ। ਸੋਚਿਆ ਕਿ ਮੈਂ ਤਾਂ ਮਾਵਾਂ ਦੇ ਪੈਰਾਂ ਦੀ ਧੂੜ ਹਾਂ ਮੈਂ ਕੀ ਲੈ ਕੇ ਦੇ ਸਕਦਾਂ। ਫਿਰ ਪਤਾ ਨਹੀਂ ਕੀ ਸੋਚ ਕੇ ਮਾਂ ਦੇ ਪੈਰਾਂ ਨੂੰ ਮੁਕਸਰੋਂ ਜੁੱਤੀ ਲੈ ਦਿੱਤੀ ਕਿ ਇਸੇ ਜੁੱਤੀ ਤਰਾਂ ਮਾਂ ਸਾਰੀ ਉਮਰ ਤੇਰੇ ਪੈਰਾਂ ਵਿਚ ਰਹਾਂ ਤੇਰੇ ਪੈਰਾਂ ਦੀ ਧੂੜ ਬਣਕੇ। 'ਤੇ ਕੋਸ਼ਿਸ਼ ਵੀ ਇਹੀ ਰਹੇ ਕਿ ਹੇ ਸੱਚੇ ਪਾਤਸ਼ਾਹ ਹੇ ਵਾਹਿਗੁਰੂ ਦੁਨੀਆਂ ਤੇ ਕੁੱਝ ਵੀ ਹੋਵਾਂ ਕੁਝ ਵੀ ਬਣਾਂ ਬੱਸ ਮਾਂ ਦੇ ਪੈਰਾਂ ਦੀ ਜੁੱਤੀ ਰਹਾਂ। ਤੇਰਾ ਸਾਥ ਸਦਾ ਹੀ ਬਣਿਆ ਰਹੇ ਮਾਂ, ਜਲਦੀ ਮਿਲਾਂਗੇ ਫਿਰ ਸਾਰੇ ਇਕੱਠੇ ਰਹਾਂਗੇ ਇੱਕੋ ਛੱਤ ਥੱਲੇ, ਤੇਰੇ ਪੈਰਾਂ ਦੀ ਧੂੜ ਤੇਰਾ ਬਲਕਰਨਾ।
ਜਿਵੇਂ ਸਭ ਨੂੰ ਆਪਣੀਆਂ ਮਾਵਾਂ ਪਿਆਰੀਆਂ ਨੇ ਉਵੇਂ ਹੀ ਮੈਨੂੰ ਮੇਰੀ ਮਾਂ ਸਭ ਤੋਂ ਪਿਆਰੀ ਆ।
"ਕਰਨ ਬਰਾੜ ਹਰੀ ਕੇ ਕਲਾਂ"
💞9988232197💞

Monday, 1 February 2016

ਸੱਭਿਆਚਾਰ ਦੀ ਬਦਲਦੀ ਨੁਹਾਰ

ਸੱਭਿਆਚਾਰ ਦੀ ਬਦਲਦੀ ਨੁਹਾਰ


20ਵੀਂ ਸਦੀ ਤੇ ਪੱਛਮ ਦੇ ਪ੍ਰਭਾਵ ਨੇ ਸਾਡੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ | ਲੋਕ ਸਾਰੰਗੀਆਂ, ਅਲਗੋਜ਼ੇ, ਅਖਾੜੇ, ਝੂਮਰ, ਸੰਮੀ, ਫੁਲਕਾਰੀਆਂ, ਚਰਖੇ, ਖੂਹਾਂ, ਲੋਕ ਗੀਤਾਂ, ਪਹਿਰਾਵੇ, ਖਾਣ-ਪੀਣ ਆਦਿ ਨਾਲੋਂ ਨਿਖੜਦੇ ਜਾ ਰਹੇ ਹਨ | ਪੁਰਾਣੇ ਸਮਿਆਂ ਵਿਚ ਕੁੜੀਆਂ ਨੂੰ ਤਿ੍ੰਞਣਾਂ ਵਿਚ ਕਸੀਦੇ ਕੱਢਣ, ਪੀਂਘਾਂ ਝੂਟਣ ਦਾ ਬਹੁਤ ਸ਼ੌਕ ਹੁੰਦਾ ਸੀ, ਪਰ ਸਮੇਂ ਦੇ ਨਾਲ-ਨਾਲ ਕੁੜੀਆਂ ਨੇ ਇਨ੍ਹਾਂ ਚੀਜ਼ਾਂ ਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਹੈ। ਅੱਜਕਲ੍ਹ ਕੁੜੀਆਂ ਵਧੇਰੇ ਸਮਾਂ ਜਿਮ, ਕਲੱਬਾਂ ਤੇ ਕਿੱਟੀ ਪਾਰਟੀਆਂ ਵਿਚ ਬਿਤਾਉਂਦੀਆਂ ਹਨ। ਇਨ੍ਹਾਂ ਪਿੱਛੇ ਉਨ੍ਹਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਸਾਡੇ ਸਮਾਜ ਵਿਚ ਕਿਤੇ-ਕਿਤੇ ਕੁੜੀਆਂ ਨੂੰ ਅਜੇ ਵੀ ਦਬਾਅ ਕੇ ਰੱਖਿਆ ਜਾਂਦਾ ਹੈ, ਪਰ ਜ਼ਿਆਦਾ ਕਰਕੇ ਮਾਤਾ-ਪਿਤਾ ਨੇ ਕੰਮਾਂਕਾਰਾਂ ਵਿਚ ਰੁੱਝੇ ਹੋਣ ਕਰਕੇ ਆਪਣੇ ਬੱਚਿਆਂ ਨੂੰ ਸੁਤੰਤਰ ਹੋ ਕੇ ਆਪਣੇ ਕੰਮ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ ਹੈ।
ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ਹੌਲੀ-ਹੌਲੀ ਪੰਜਾਬ ਵੀ ਵਿਦੇਸ਼ੀ ਸੱਭਿਆਚਾਰ ਅਨੁਸਾਰ ਆਪਣੇ-ਆਪ ਨੂੰ ਢਾਲ ਰਿਹਾ ਹੈ।  ਅੱਜਕਲ੍ਹ ਕੁੜੀਆਂ ਤੇ ਤੀਵੀਆਂ ਦੀ ਸਿਰਾਂ ਤੋਂ ਚੁੰਨੀ ਤਾਂ ਗੁਆਚ ਰਹੀ ਹੈ ਕਿਉਂਕਿ ਅਜੋਕੀ ਪੀੜ੍ਹੀ ਪੱਛਮੀ ਪਹਿਰਾਵੇ ਤੇ ਜੰਕ ਫੂਡ ਵੱਲ ਆਕਰਸ਼ਿਤ ਹੋ ਕੇ ਉਸੇ ਦੀ ਬਣ ਕੇ ਰਹਿ ਗਈ ਹੈ। ਇਹੀ ਕਾਰਨ ਹੈ ਕਿ ਹੁਣ ਸਾਗ ਕੱਟਣ ਵਾਲਾ ਦਾਤ, ਤੰਦੂਰ ਤੇ ਚੁੱਲ੍ਹੇ ਨੂੰ ਲੋਕ ਭੁੱਲ ਗਏ ਹਨ, ਕਿਉਂਕਿ ਹੁਣ ਘਰ-ਘਰ ਵਿਚ ਮਾਈਕ੍ਰੋਵੇਵ ਤੇ ਆਟੇ ਗੁੰਨ੍ਹਣ ਵਾਲੀਆਂ ਮਸ਼ੀਨਾਂ, ਭਾਂਡੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ ਹਨ। ਅਸੀਂ ਦਿਨੋਂ-ਦਿਨ ਕੰਮਾਂ ਵਿਚ ਰੁੱਝੇ ਹੋਣ ਕਰਕੇ ਆਪ ਹੀ ਆਪਣੀਆਂ ਸਹੂਲਤਾਂ ਲਈ ਸੱਭਿਆਚਾਰ ਨੂੰ ਭੁੱਲ ਰਹੇ ਹਾਂ। ਇਸ ਵਿਚ ਆਉਣ ਵਾਲੀ ਪੀੜ੍ਹੀ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ।

ਕੁਝ ਸਮਾਂ ਪਹਿਲਾਂ ਜਿਥੇ ਪੰਜਾਬੀਆਂ ਦੇ ਮੂੰਹ ਵਿਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਲੱਸੀ, ਮੱਖਣ, ਖੀਰ, ਪੂੜੇ ਆਦਿ ਬਾਰੇ ਸੁਣ ਕੇ ਪਾਣੀ ਆ ਜਾਂਦਾ ਸੀ, ਉਥੇ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਬਰਗਰ, ਨੂਡਲਸ, ਪੀਜ਼ੇ ਵਰਗੀਆਂ ਚੀਜ਼ਾਂ ਖਾ ਕੇ ਘਰੋਂ ਪੈਸੇ ਲਗਾ ਕੇ ਬਿਮਾਰੀ ਨੂੰ ਸੱਦਾ ਦੇ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਘਰੇਲੂ ਖਾਣੇ ਦੀ ਮਹੱਤਤਾ ਨਹੀਂ ਪਤਾ ਕਿ ਜੋ ਤੱਤ ਉਸ ਵਿਚ ਹਨ, ਉਹ ਜੰਕ ਫੂਡ ਵਿਚ ਮੌਜੂਦ ਨਹੀਂ ਹਨ। ਅੱਜਕਲ੍ਹ ਘਰਾਂ ਵਿਚ ਪਰਿਵਾਰ ਦੇ ਹਰ ਮੈਂਬਰ ਦੇ ਰੁਝੇਵਿਆਂ ਕਰਕੇ, ਸਮਾਂ ਨਾ ਹੋਣ ਕਰਕੇ ਉਹ ਘਰ ਵਿਚ ਸਾਗ ਤੇ ਮੱਕੀ ਦੀ ਰੋਟੀ ਬਣਾਉਣ ਤੋਂ ਸੰਕੋਚ ਕਰਦੇ ਹਨ ਤੇ ਉਸ ਭੋਜਨ ਦੀ ਬਜਾਏ ਬੱਚਿਆਂ ਨੂੰ ਬਾਹਰ ਦਾ ਖਾਣਾ ਖਾਣ ਲਈ ਉਕਸਾਅ ਰਹੇ ਹਨ। ਇਸੇ ਤਰ੍ਹਾਂ ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮਿਆਂ ਵਿਚ ਲੋਕੀਂ ਸਿਰਫ਼ ਸੰਤੁਲਿਤ ਭੋਜਨ ਦੀਆਂ ਤਸਵੀਰਾਂ ਹੀ ਵੇਖਣਗੇ, ਖਾਣ ਲਈ ਇਹ ਘੱਟ ਹੀ ਮਿਲੇਗਾ। ਅੱਜਕਲ੍ਹ ਦੇ ਬੱਚਿਆਂ ਦੇ ਮਿਹਦੇ ਕਮਜ਼ੋਰ ਹੋਣ ਕਰਕੇ ਉਨ੍ਹਾਂ ਵਿਚ ਦੇਸੀ ਘਿਓ ਪਚਾਉਣ ਦੀ ਸ਼ਕਤੀ ਨਹੀਂ ਰਹੀ। ਪਹਿਲਾਂ ਲੋਕ ਸੇਰ-ਸੇਰ ਘਿਓ ਖਾ ਜਾਂਦੇ ਸਨ।

ਇਸੇ ਤਰ੍ਹਾਂ ਹੁਣ ਗੱਲ ਕਰੀਏ ਫੁਲਕਾਰੀ, ਖੂਹ, ਟਿੰਡਾਂ, ਪਿੱਤਲ ਦੇ ਭਾਂਡੇ, ਦਰੀਆਂ ਤੇ ਖੇਸ, ਪੱਖੀਆਂ ਆਦਿ ਦੀ। ਅੱਜਕਲ੍ਹ ਦੇ ਬੱਚਿਆਂ ਸਾਹਮਣੇ ਇਨ੍ਹਾਂ ਚੀਜ਼ਾਂ ਦੇ ਨਾਂਅ ਲਓ ਤਾਂ ਉਹ ਮੂੰਹ ਚਿੜਾਅ ਕੇ ਹੱਸ ਪੈਂਦੇ ਹਨ ਕਿ ਇਹ ਸਭ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਮਸ਼ੀਨੀ ਯੁੱਗ ਆਉਣ ਦੇ ਨਾਲ ਏ. ਸੀ. ਵਿਚ ਰਹਿਣ ਵਾਲੇ ਬੱਚਿਆਂ ਨੂੰ ਪੱਖੀਆਂ ਬਾਰੇ ਕਿੱਥੋਂ ਪਤਾ ਹੋਵੇਗਾ? ਡਿਨਰ ਸੈੱਟ 'ਤੇ ਵਧੀਆ ਭਾਂਡਿਆਂ ਦੀ ਵਰਤੋਂ ਘਰ ਵਿਚ ਹੋਣ ਨਾਲ ਉਹ ਪਿੱਤਲ ਦੇ ਭਾਂਡਿਆਂ ਨੂੰ ਕਿਉਂ ਪੁੱਛਣਗੇ? ਸਰਦੀਆਂ ਵਿਚ ਕਮਰਿਆਂ ਵਿਚ ਹੀਟਰ ਹੋਣਗੇ, ਗਰਮ ਕੰਬਲ ਹੋਣਗੇ ਤੇ ਉਨ੍ਹਾਂ ਨੂੰ ਦਰੀਆਂ ਤੇ ਖੇਸਾਂ ਦੀ ਪਹਿਚਾਣ ਕਿਥੋਂ ਹੋਵੇਗੀ? ਪੁਰਾਣੇ ਸਮੇਂ ਦੇ ਲੋਕਾਂ ਕੋਲੋਂ ਇਹ ਸਾਮਾਨ ਜ਼ਰੂਰ ਵੇਖਣ ਲਈ ਮਿਲੇਗਾ, ਪਰ ਆਧੁਨਿਕ ਯੁੱਗ ਦੇ ਬੱਚੇ ਇਨ੍ਹਾਂ ਚੀਜ਼ਾਂ ਨੂੰ ਵੇਖਣਾ ਤਾਂ ਕੀ, ਨਾਂਅ ਸੁਣ ਕੇ ਹੀ ਉਹ ਉੱਚੀ-ਉੱਚੀ ਹੱਸ ਪੈਣਗੇ। ਅੱਜਕਲ੍ਹ ਦੇ ਬੱਚਿਆਂ ਨੂੰ ਇਨ੍ਹਾਂ ਤੋਂ ਇਲਾਵਾ ਕਣਕ ਦੇ ਸਿੱਟਿਆਂ ਤੱਕ ਦਾ ਪਤਾ ਨਹੀਂ ਹੈ।
ਹੁਣ ਗੱਲ ਕਰੀਏ ਮਾਂ-ਬੋਲੀ ਦੀ, ਲੋਕ ਆਪਣੀ ਮਾਂ-ਬੋਲੀ ਨੂੰ ਦਿਨੋ-ਦਿਨ ਵਿਸਾਰਦੇ ਜਾ ਰਹੇ ਹਨ। ਬੱਚੇ ਤੇ ਨੌਜਵਾਨ ਸਭ ਘਰੋਂ ਬਾਹਰ ਜਾ ਕੇ ਪੰਜਾਬੀ ਬੋਲਣ ਵਿਚ ਹੇਠੀ ਮਹਿਸੂਸ ਕਰਦੇ ਹਨ। ਮਾਤਾ-ਪਿਤਾ ਵੀ ਦੇਖੋ-ਦੇਖੀ ਸਮਾਜਿਕ ਪ੍ਰਭਾਵ ਅਧੀਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ, ਹਿੰਦੀ ਬੋਲਣ ਲਈ ਪ੍ਰੇਰਿਤ ਕਰਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜੀ ਰੱਖਣ ਤਾਂ ਹੀ ਬੱਚਿਆਂ ਵਿਚ ਮਾਂ-ਬੋਲੀ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੋਵੇਗੀ। ਇਸ ਬਾਰੇ ਇਕ ਗੀਤ ਵੀ ਹੈੈ:
ਮੈਨੂੰ ਇਉਂ ਨਾ ਮਨੋ ਵਿਸਾਰ,
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ। 

ਮਾਂ-ਬੋਲੀ ਦੇ ਨਾਲ-ਨਾਲ ਸਾਡੇ ਰਹਿਣ-ਸਹਿਣ, ਪਹਿਰਾਵੇ ਅਤੇ ਖੇਡਾਂ ਵਿਚ ਵੀ ਬਦਲਾਅ ਆ ਗਿਆ ਹੈ। ਅਜੋਕੇ ਸਮੇਂ ਵਿਚ ਬੱਚਿਆਂ, ਨੌਜਵਾਨਾਂ ਨੂੰ ਚੋਪੜ, ਕੋਟਲਾ ਛਪਾਕੀ, ਗੁੱਲੀ ਡੰਡਾ ਵਰਗੀਆਂ ਖੇਡਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਪੁਰਾਣੇ ਸਮਿਆਂ ਵਿਚ ਲੋਕ ਸ਼ੌਕੀਆ ਤੌਰ 'ਤੇ ਅਜਿਹੇ ਮੁਕਾਬਲਿਆਂ ਲਈ ਕਬੱਡੀ, ਚੌਪੜ, ਗਤਕੇ ਆਦਿ ਖੇਡਦੇ ਸਨ, ਪਰ ਅੱਜਕਲ੍ਹ ਕਈ ਨਵੀਆਂ ਖੇਡਾਂ ਨੇ ਇਨ੍ਹਾਂ ਦੀ ਥਾਂ ਲਈ ਹੈ। ਪੁਰਾਤਨ ਯੁੱਗ ਦੇ ਪਹਿਰਾਵੇ ਤੇ ਆਧੁਨਿਕ ਯੁੱਗ ਦੇ ਪਹਿਰਾਵੇ ਵਿਚ ਢੇਰ ਸਾਰਾ ਅੰਤਰ ਆ ਗਿਆ ਹੈ। ਪਹਿਲਾਂ ਸਲਵਾਰ-ਕਮੀਜ਼ ਤੇ ਧੋਤੀ-ਕੁੜਤੇ, ਪੈਂਟ-ਕਮੀਜ਼ ਦਾ ਰਿਵਾਜ ਸੀ ਪਰ ਅੱਜਕਲ੍ਹ ਨੌਜਵਾਨ ਪੀੜ੍ਹੀ ਦਾ ਪਹਿਰਾਵਾ ਅੰਗਰੇਜ਼ੀ ਅਸਰ ਕਰਕੇ ਵੱਖਰੀ ਕਿਸਮ ਦਾ ਹੈ, ਉਨ੍ਹਾਂ ਲਈ ਪਹਿਰਾਵਾ ਇਕ ਹੁਨਰ ਬਣ ਗਿਆ ਹੈ। ਕੱਪੜੇ ਖਰੀਦਣ, ਸਿਵਾਉਣ, ਪਾਉਣ ਤੇ ਸਜਾਉਣ ਵਿਚ ਸੁਰਮਾ ਮਟਕਾਉਣ ਵਾਲੀ ਗੱਲ ਕੀਤੀ ਜਾਣ ਲੱਗ ਪਈ ਹੈ। ਇਹ ਇਕ ਫੈਸ਼ਨ ਹੈ ਕਿਉਂਕਿ ਲੋਕ ਦੇਖੋ-ਦੇਖੀ ਪਹਿਰਾਵਾ ਜੇ ਨਹੀਂ ਬਦਲਦੇ ਤਾਂ ਸਮਾਜ ਵਿਚ ਰਹਿੰਦੇ ਹੋਏ ਉਹ ਮੂਰਖ ਅਖਵਾਉਂਦੇ ਹਨ। ਅੱਜਕਲ੍ਹ ਪੱਛਮੀ ਪਹਿਰਾਵਾ ਲੋਕ-ਦਿਖਾਵੇ ਤੇ ਦੂਜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਪਾਉਂਦੇ ਹਨ। ਬੱਚੇ ਤੇ ਨੌਜਵਾਨ ਸਮਾਜ ਵਿਚ ਵਿਚਰਦੇ ਹੋਏ ਉਸੇ ਤਰ੍ਹਾਂ ਦਾ ਪਹਿਰਾਵਾ ਪਾਉਣਾ ਚਾਹੁੰਦੇ ਹਨ। ਉਹ ਮਾਤਾ-ਪਿਤਾ ਨੂੰ ਨਾ ਪੁੱਛਦੇ ਹੋਏ ਆਪਣੇ ਪਹਿਰਾਵੇ ਦੀ ਚੋਣ ਆਪ ਕਰਨਾ ਵਧੇਰੇ ਪਸੰਦ ਕਰਦੇ ਹਨ | ਅਜਿਹੇ ਮਾਹੌਲ ਵਿਚ ਉਹ ਸੱਭਿਆਚਾਰ ਤੇ ਪੰਜਾਬੀ ਪਹਿਰਾਵੇ ਬਾਰੇ ਕਿਥੋਂ ਜਾਣੂੰ ਹੋਣਗੇ?

ਅੱਜ ਰਹਿਣ-ਸਹਿਣ ਕਿੰਨਾ ਬਦਲ ਗਿਆ ਹੈ। ਸਾਂਝੇ ਪਰਿਵਾਰ ਟੁੱਟ ਰਹੇ ਹਨ, ਇਕੱਲਿਆਂ ਰਹਿਣਾ ਅੱਜਕਲ੍ਹ ਫੈਸ਼ਨ ਬਣ ਗਿਆ ਹੈ। ਕੋਈ ਪਰਿਵਾਰ ਵਿਚ ਬਜ਼ੁਰਗਾਂ ਦੀ ਗੱਲ ਨੂੰ ਸਹਾਰ ਨਹੀਂ ਸਕਦਾ। ਬਜ਼ੁਰਗਾਂ ਨੂੰ ਪਹਿਲਾਂ ਵਰਗਾ ਸਤਿਕਾਰ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਸਮਾਜ ਵਿਚ ਦਿਨੋ-ਦਿਨ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਘਰਾਂ ਵਿਚੋਂ, ਪਰਿਵਾਰਾਂ ਵਿਚੋਂ ਕਈ ਮੈਂਬਰ ਬਾਹਰ ਆਪਣੇ ਕੰਮਾਂ ਵਿਚ ਰੁੱਝੇ ਰਹਿੰਦੇ ਹਨ ਤੇ ਘਰ ਵਿਚ ਬੱਚਿਆਂ ਦਾ ਧਿਆਨ ਰੱਖਣ ਲਈ ਕੰਮ ਵਾਲੀਆਂ ਹੁੰਦੀਆਂ ਹਨ। ਉਨ੍ਹਾਂ ਵੱਲ ਪੂਰਾ ਧਿਆਨ ਨਾ ਦੇਣ ਕਾਰਨ ਉਹ ਵਿਗੜ ਜਾਂਦੇ ਹਨ ਤਾਂ ਹੀ ਬੱਚਿਆਂ ਦੀ ਸ਼ਖ਼ਸੀਅਤ ਦਾ ਸਹੀ ਵਿਕਾਸ ਨਹੀਂ ਹੁੰਦਾ। ਅਜੋਕੇ ਸਮੇਂ ਵਿਚ ਲੋੜ ਹੈ ਜਾਗਰੂਕਤਾ ਦੀ, ਕਿਉਂਕਿ ਆਧੁਨਿਕ ਬਦਲਾਅ ਨੇ ਸਾਡੇ ਸੱਭਿਆਚਾਰ ਦੀ ਮਹੱਤਤਾ ਨੂੰ ਘਟਾ ਦਿਤਾ ਹੈ। ਜੇ ਅਸੀਂ ਆਪਣੇ ਸੱਭਿਆਚਾਰ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੌਾਪਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਜਾਣ।

ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਮੁਢਲੀ ਸਿੱਖਿਆ ਮਾਂ-ਬੋਲੀ ਵਿਚ ਦੇਵੇ। ਸੰਸਾਰ ਭਰ ਦੇ ਵਿਦਵਾਨ ਮੰਨਦੇ ਹਨ ਕਿ ਬੱਚੇ ਦੀ ਸ਼ਖ਼ਸੀਅਤ ਦਾ ਤਾਂ ਹੀ ਸਹੀ ਵਿਕਾਸ ਹੋਵੇਗਾ, ਜੇ ਉਨ੍ਹਾਂ ਦੀ ਮੁਢਲੀ ਸਿੱਖਿਆ ਮਾਂ-ਬੋਲੀ ਵਿਚ ਹੋਵੇਗੀ। ਲੋੜ ਹੈ ਸਮੇਂ ਅਨੁਸਾਰ ਸੰਭਲਣ ਦੀ। ਜੇ ਇਸੇ ਤਰ੍ਹਾਂ ਅਸੀਂ ਸੱਭਿਆਚਾਰ ਨੂੰ ਵਿਸਾਰਦੇ ਗਏ ਤਾਂ ਇਕ ਦਿਨ ਅਸੀਂ ਆਪਣਾ ਸੱਭਿਆਚਾਰ ਪੱਛਮੀ ਪ੍ਰਭਾਵ ਹੇਠ ਗੁਆ ਕੇ ਹੀਣਭਾਵਨਾ ਦਾ ਸ਼ਿਕਾਰ ਹੋ ਜਾਵਾਂਗੇ। |

ਖੁਸਰੇ ਵੀ ਬਰਾਬਰ ਦੇ ਮਾਣ ਦੇ ਹੱਕਦਾਰ ਹਨ


ਖੁਸਰੇ ਵੀ ਬਰਾਬਰ ਦੇ ਮਾਣ ਦੇ ਹੱਕਦਾਰ ਹਨ 

-ਜਸਵਿੰਦਰ ਸਿੰਘ “ਰੁਪਾਲ”


ਬੜੀ ਵਾਰ ਖਿਆਲ ਆਉਂਦਾ ਹੈ ਕਿ ਖੁਸਰੇ ਸਿਰਫ਼ ਸਾਡੀਆਂ ਖੁਸ਼ੀਆਂ ਚੋਂ ਹੀ ਆਪਣੀਆਂ ਖੁਸ਼ੀਆਂ ਲੱਭਦੇ ਹਨ। ਕੀ ਉਨ੍ਹਾਂ ਦੀਆਂ ਆਪਣੀਆਂ ਖੁਸ਼ੀਆਂ ਅਤੇ ਚਾਅ ਨਹੀਂ ? ਕਿਉਂ ਉਨ੍ਹਾਂ ਨੂੰ ਸਮਾਜ ਦਾ ਇੱਕ ਅਲੱਗ ਅਤੇ ਵੱਖਰਾ ਫ਼ਿਰਕਾ ਸਮਝਿਆ ਜਾਂਦਾ ਹੈ? ਇਹ  ਸੋਚ ਬਣਾਉਣ ਵਿੱਚ ਕੌਣ ਕਿੰਨਾ ਜਿੰਮੇਵਾਰ ਹੈ? ਸਮਾਜ? ਉਹ ਆਪ? ਜਾਂ ਹਾਲਾਤ? ਕਿਉਂ ਉਹ ਸਿਰਫ਼ ਵਧਾਈ ਲੈਣ ਹੀ ਆਉਂਦੇ ਹਨ? ਸਦਾ “ਮੇਰਾ ਦਿਨ ਵਡਭਾਗੀ ਆਇਆ” ਕਹਿਣ ਵਾਲ਼ਿਆਂ ਲਈ ਕਿਹੜਾ ਦਿਨ ਵਡਭਾਗਾ ਹੈ? ਕਿਉਂ ਨਹੀਂ ਉਹ ਆਮ ਮਨੁੱਖਾਂ ਵਾਂਗ ਹੀ ਕੰਮ ਕਰਦੇ ਨਜ਼ਰ ਆਉਂਦੇ??? ਇਹ ਅਤੇ ਇਸ ਤਰਾਂ ਦੇ ਬਹੁਤ ਸਾਰੇ ਸਵਾਲ ਮਨ ਨੂੰ ਝੁੰਝਲਾਉਂਦੇ ਰਹਿੰਦੇ ਹਨ। ਕੌਣ ਹਨ ਇਹ ਲੋਕ? ਕੁਦਰਤ ਦੀ ਕਿਸੇ ਕਰੋਪੀ ਕਾਰਨ ਸਰੀਰਕ ਪੱਖ ਤੋਂ ਅਧੂਰੇ ਹਨ। ਜਣਨ-ਇੰਦ੍ਰੇ ਪੂਰੀ ਤਰਾਂ ਵਿਕਸਿਤ ਨਹੀਂ ਹੋਏ  ਹੁੰਦੇ ਜਾਂ ਉਨ੍ਹਾਂ ਚੋਂ ਉਪਜਣ ਵਾਲ਼ੇ ਰਸ “ਹਾਰਮੋਨ”ਸੰਤੁਲਿਤ ਨਹੀਂ  ਹੁੰਦੇ। ਇਸ ਕਾਰਨ ਉਹ ਨਾਰਮਲ ਨਹੀਂ ਰਹਿੰਦੇ।
ਆਓ ਜਰਾ ਜੀਵ-ਵਿਗਿਆਨਕ  ਪੱਖ ਤੋਂ ਦੇਖੀਏ ਡਾਕਟਰ ਜਗਜੀਤ ਸਿੰਘ ਆਪਣੀ ਪੁਸਤਕ “ਰੋਗਾਂ ਬਾਰੇ” ਵਿੱਚ  ਲਿਖਦੇ ਹਨ, “ਜਣਨ ਇੰਦ੍ਰੇ ਸਿਰਫ਼ ਬੱਚੇ ਪੈਦਾ ਕਰਨ ਲਈ ਹੀ ਨਹੀਂ ਹੁੰਦੇ, ਸਗੋਂ ਇਨ੍ਹਾਂ ਤੋਂ ਉਪਜਿਆ ਰਸ ਸਰੀਰਕ, ਮਾਨਸਿਕ ਤੇ ਆਤਮਿਕ  ਕ੍ਰਿਆਵਾਂ ਤੇ ਬੜਾ ਹਾਵੀ ਹੁੰਦਾ ਹੈ। ਅਜੇ ਤੱਕ ਸੰਸਾਰ ਤੇ ਕੋਈ  ਹਿਜੜਾ ਮਹਾਨ ਫਿਲਾਸਫਰ, ਸਾਇੰਸਦਾਨ ਜਾਂ ਸੰਤ ਨਹੀਂ ਹੋਇਆ। ਪਿਆਰ ਦੇ  ਜੋਸ਼ ਵਿੱਚ ਮਨੁੱਖ ਕੀ ਨਹੀਂ ਕਰ ਗੁਜ਼ਰਦਾ ??
ਇਸ ਨੇ ਕਈ ਮਹਾਨ ਕਵੀ, ਚਿੱਤਰਕਾਰ, ਸੰਤ ਤੇ ਜੇਤੂ ਪੈਦਾ ਕੀਤੇ ਹਨ, ਪਰ ਵਧੇਰੇ ਕਾਮ-ਵਿਸ਼ਈ  ਇਨ੍ਹਾਂ ਇੰਦ੍ਰਿਆਂ ਦਾ ਦੂਜਾ ਪਾਸਾ ਖੋਹ ਸਰੀਰਕ, ਮਾਨਸਿਕ ਤੇ ਆਤਮਿਕ  ਤਾਕਤ ਘਟਾ ਤੇ ਗੁਆ ਬੈਠਦਾ ਹੈ। ”ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਖਿਡਾਰੀ, ਕਵੀ, ਚਿੱਤਰਕਾਰ, ਸੰਤ, ਸਾਇੰਸਦਾਨ ਕੋਈ ਵੀ ਤਾਂ ਐਸਾ ਪੜ੍ਹਨ-ਸੁਣਨ ਨੂੰ ਨਹੀਂ ਮਿਲਿਆ ਜੋ ਖ਼ੁਸਰਾ ਹੋਵੇ ਅਤੇ ਕਿਸੇ ਖੇਤਰ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਹੋਵੇ। ਕਿਉਂਕਿ ਉਪਰ ਵਰਣਨ ਕੀਤੇ ਅਨੁਸਾਰ ਇਹ ਰਸ ਸਰੀਰਕ, ਮਾਨਸਿਕ ਅਤੇ ਆਤਮਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ। ਨਵੀਂ ਖੋਜ ਦੱਸਦੀ ਹੈ ਕਿ ਪੁਰਸ਼ ਦੇ ਅੰਡਕੋਸ਼ ਦਾ ਰਸ ਹੋਰ ਵੀ ਬੜੇ  ਕੰਮਾਂ ਵਿੱਚ ਮੱਦਦ ਕਰਦਾ ਹੈ। ਪ੍ਰੋਟੀਨਜ਼ ਨੂੰ ਸਰੀਰ ਵਿੱਚ ਵਰਤਣ  ਲਈ ਬੜੀ ਸਹਾਇਤਾ ਕਰਦਾ ਹੈ। ਭੁੱਖ ਲੱਗਦੀ ਹੈ। ਹੱਡੀਆਂ ਟੁੱਟੀਆਂ ਇਸ ਨਾਲ਼ ਛੇਤੀ ਜੁੜਦੀਆਂ ਹਨ। ਇਸਤਰੀਆਂ ਦੀ ਬੱਚੇਦਾਨੀ ਵਿੱਚੋਂ ਵਧੇਰੇ  ਲਹੂ ਦਾ ਵਗਣਾ ਰੋਕਦਾ ਹੈ। ਬੁੱਢਿਆਂ ਵਿੱਚ ਇਸ ਦਾ ਘਾਟਾ ਟੀਕਿਆਂ ਨਾਲ਼  ਪੂਰਾ ਕਰਕੇ ਜਵਾਨੀ ਵੱਲ ਮੋੜ ਦਿੱਤਾ ਜਾਂਦਾ ਹੈ। ਸੁਭਾਅ ਵਿਚ ਇੰਨਾ  ਫ਼ਰਕ ਪੈ ਜਾਂਦਾ ਹੈ ਕਿ ਕਾਮੀ ਪੁਰਸ਼ ਇਸ ਤੋਂ ਵਾਂਝੇ ਜਾਣ ਤਾਂ ਇਸਤਰੀਆਂ  ਦੇ ਰਖਵਾਲੇ ਬਣ ਜਾਂਦੇ ਹਨ। ਵਿਗਿਆਨੀ ਆਸ ਕਰਦੇ ਹਨ, ਜੇ ਇਹ ਰਸ ਮਨੁੱਖ ਦੀ ਉਮਰ ਨਹੀਂ ਵਧਾ  ਸਕਦਾ ਤਾਂ ਘੱਟੋ ਘੱਟ ਬੁਢਾਪੇ ਦੇ ਔਖ ਤੇ ਦੁੱਖ ਜਰੂਰ ਦੂਰ ਰੱਖ  ਸਕਦਾ ਹੈ।

ਸਪਸ਼ਟ ਹੈ ਕਿ ਖੁਸਰਿਆਂ ਦੇ ਸਰੀਰ ਵਿੱਚ ਇਹ ਜੀਵਨ-ਰਸ  ਸੰਤੁਲਿਤ ਮਾਤਰਾ ਵਿੱਚ ਨਹੀਂ ਹੁੰਦਾ। ਕਿਤੇ ਜਣਨ ਅੰਗ ਪੂਰੇ ਵਿਕਸਿਤ ਨਹੀਂ ਜਾਂ ਵੱਧ ਵਿਕਸਿਤ ਹਨ। ਇਸੇ ਕਾਰਨ ਉਹ ਸਰੀਰਕ, ਮਾਨਸਿਕ ਤੇ  ਆਤਮਿਕ ਪੱਖ ਤੋਂ ਨਿਰਬਲ ਹੁੰਦੇ ਹਨ। ਪਰ ਜਣਨ ਅੰਗ ਉਨਾਂ ਨੂੰ ਹਰ ਕੰਮ ਕਰਨ ਤੋਂ ਰੋਕਦੇ ਹਨ ???
ਕੀ ਉਹ ਸੱਚਮੁੱਚ ਕੋਈ ਹੋਰ  ਮਰਦ-ਔਰਤਾਂ ਦੁਆਰਾ ਕੀਤਾ ਕੰਮ ਨਹੀਂ ਕਰ ਸਕਦੇ??? ਜੇ ਕਰ ਸਕਦੇ ਨੇ  ਤਾਂ ਕਿਉਂ ਨਹੀਂ ਕਰਦੇ??? ਸਰਕਾਰ ਨੇ, ਸਮਾਜ ਨੇ ਹੱਥ, ਪੈਰ, ਅੱਖਾਂ ਆਦਿ ਵਰਗੇ ਅੰਗਾਂ ਦੇ ਕੰਮ ਨਾ ਕਰਨ ਵਾਲੇ ਨੂੰ ਅੰਗਹੀਣ ਮੰਨਿਆ ਹੈ। ਮਾਨਸਿਕ ਤੌਰ ਤੇ ਪਿੱਛੇ ਰਹੇ ਬੱਚਿਆਂ ਲਈ ਵਿਸ਼ੇਸ਼ ਤਰਾਂ ਦਾ ਵਿਵਹਾਰ ਹੈ। ਸਕੂਲ ਵੀ ਅਲੱਗ ਹਨ। ਪਾਗਲਾਂ ਲਈ ਵੀ ਪਾਗਲਖਾਨੇ ਹਨ। ਪਰ ਕਿਧਰੇ  ਸੁਣਨ ਵਿੱਚ ਨਹੀਂ ਆਇਆ ਕਿ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ  ਵੱਲੋਂ ਇਨ੍ਹਾਂ ਲਈ ਕੈਂਪ ਲਗਾਏ ਗਏ ਹੋਣ। ਇਨ੍ਹਾਂ ਦਾ ਮਨੋਵਿਗਿਆਨ ਪੜ੍ਹਿਆ ਗਿਆ ਹੋਵੇ, ਇਨ੍ਹਾਂ ਤੇ ਖੋਜ ਹੋਈ ਹੋਵੇ, ਵਿਸ਼ੇਸ਼ ਦਿਨ ਹੋਵੇ। ਵਿਸ਼ੇਸ਼ ਅਧਿਕਾਰ ਹੋਣ ਜਾਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹੋਣ। ਨਤੀਜਾ ਇਹ ਕਿ ਮਰਦ ਅਤੇ ਔਰਤਾਂ ਦੋਵੇਂ ਇਨ੍ਹਾਂ ਦੀ ਮਨੋਸਥਿਤੀ ਨਹੀਂ ਸਮਝਦੇ। ਇਸ ਲਈ ਇਹ ਸਮਾਜ ਤੋਂ ਅਲੱਗ ਹੋ ਜਾਂਦੇ ਹਨ। ਇਹ ਹੋਰ ਕੋਈ  ਕੰਮ ਨਾ ਕਰਕੇ ਸਿਰਫ਼ ਵਧਾਈ ਲੈਣ ਦੇ ਕੰਮ ਤੇ ਚਲ ਪੈਂਦੇ ਹਨ। ਭਲਾ ਮਨੁੱਖ ਵਧਾਈ ਕਦੋਂ ਦਿੰਦਾ ਹੈ? “ਮੁੰਡਾ ਜੰਮਣ ਤੇ”, “ਮੁੰਡੇ  ਦੇ ਵਿਆਹ ਹੋਣ ਤੇ” ਆਦਿ। ਯਾਨੀ ਲੜਕੀ ਅਤੇ ਲੜਕੇ ਵਿੱਚ ਅੰਤਰ ਦਰਸਾਉਣ ਲਈ। ਕੀ ਕਿਸੇ ਨੇ ਲੜਕੀ ਜੰਮਣ ਤੇ ਖੁਸਰੇ ਨਚਾਏ ਹਨ??? ਕਿਉਂ ਨਹੀਂ??? ਇੱਕ ਗੱਲ ਹੋਰ, ਖੁਸਰੇ ਜਾਣਦੇ ਹਨ ਕਿ ਆਪਣੇ ਆਪ ਨੂੰ  ਸਭਿਅਕ ਸਮਝਣ ਅਤੇ ਕਹਾਉਣ ਵਾਲ਼ਾ ਮਨੁੱਖ ਅਸ਼ਲੀਲ ਸ਼ਬਦਾਵਲੀ “ਸ਼ਰੇਆਮ”ਨਹੀਂ ਸੁਣ ਸਕਦਾ। (ਉਝਂ ਉਹ ਬੋਲੀ ਵਿੱਚ ਵੀ ਅਤੇ ਅਮਲਾਂ ਵਿੱਚ ਵੀ ਬਹੁਤ ਅਸ਼ਲੀਲ ਹੈ)। ਇਸ ਲਈ ਖੁਸਰੇ, ਜਾਣ ਬੁਝ ਕੇ, ਰੇਟ  ਵਧਾਉਣ ਲਈ ਇਸ ਤਰਾਂ ਦੀ ਖੁਲ੍ਹੀ ਸ਼ਬਦਾਵਲੀ ਵਰਤਦੇ ਹਨ ਤਾਂਕਿ ਵਧਾਈ  ਦੇਣ ਵਾਲ਼ਾ ਜਿਆਦਾ ਪੈਸੇ ਤੇ ਤੋਹਫ਼ੇ ਦੇਵੇ। “ਫਸੀ ਨੂੰ ਫਟਕਣ ਕੀ”?  ਸਮਾਜ ਵਿੱਚ ਨੱਕ ਰੱਖਣ ਲਈ ਖੁਸਰੇ ਵੀ ਨਚਾਉਂਦਾ ਹੈ,  ਅਸ਼ਲੀਲਤਾ ਵੀ  ਸੁਣਨਾ ਨਹੀਂ ਚਾਹੁੰਦਾ। ਰੇਟ ਘੱਟ ਕਰਦਿਆਂ ਕਈ ਵਾਰ ਤਕਰਾਰ ਵੀ ਹੋ ਜਾਂਦਾ ਹੈ। ਪਰ ਸਾਡੇ ਸਭਿਆਚਾਰ ਵਿੱਚ ਇਹ ਵੀ ਵਿਸ਼ਵਾਸ਼ ਹੈ ਕਿ ਇਨ੍ਹਾਂ ਦੀ  ਬਦ-ਦੁਆ ਬਹੁਤ ਮਾੜ੍ਹੀ ਹੁੰਦੀ ਹੈ। ਸਾਡੀ ਰਿਸ਼ਤੇਦਾਰੀ ਵਿੱਚ ਹੀ ਇੱਕ ਪਿਤਾ ਨੇ ਪੁੱਤਰ ਦੇ ਵਿਆਹ ਤੇ ਖੁਸਰਿਆਂ ਨੂੰ ਵਧਾਈ ਦੇਣ ਦੀ ਥਾਂ ਅਪਮਾਨਿਤ ਕਰਕੇ ਤੋਰ ਦਿੱਤਾ ਸੀ, ਕੁਦਰਤੀ ਉਸ ਵਿਆਹ ਵਾਲ਼ੇ ਲੜਕੇ ਦੇ ਅਜੇ ਤੱਕ ਕੋਈ ਔਲਾਦ ਨਹੀਂ ਹੋਈ। ਤੇ ਫਿਰ ਇਸ ਨੂੰ ਉਨ੍ਹਾਂ ਦੀ  ਬਦ-ਦੁਆ ਨਾਲ਼ ਜੋੜ ਲਿਆ ਗਿਆ। ਭਾਵੇਂ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ। ਇਸ ਲਈ ਸਰਾਪ ਤੋਂ ਡਰਦਿਆਂ ਹਰ ਕੋਈ ਇਨਾਂ ਦੀ ਮੰਗ ਪੂਰੀ ਕਰ ਦਿੰਦਾ ਹੈ।
ਲੋੜ ਹੈ ਖੁਸਰਿਆਂ ਨੂੰ ਬਰਾਬਰ ਦਾ ਮਾਣ ਸਤਿਕਾਰ ਦੇਣ ਦੀ। ਉਹ ਵੀ ਸਮਾਜ ਦਾ ਹੀ ਅੰਗ ਹਨ। ਜੇ ਸਰੀਰਕ ਤੌਰ ਤੇ ਕੋਈ ਨੁਕਸ ਹੈ ਤਾਂ ਇਸ ਦੇ ਜਿੰਮੇਵਾਰ ਉਹ ਆਪ ਨਹੀਂ। ਉਨ੍ਹਾਂ ਦੀਆਂ ਸਮਰੱਥਾਵਾਂ, ਕੁਸ਼ਲਤਾਵਾਂ ਅਤੇ ਯੋਗਤਾਵਾਂ ਨੂੰ ਪਛਾਨਣ ਦੀ ਅਤੇ ਪ੍ਰਗਟ ਕਰਨ ਦੀ  ਲੋੜ ਹੈ। ਇਸੇ ਤਰਾਂ ਉਨ੍ਹਾਂ ਦੀਆਂ ਕਮਜ਼ੋਰੀਆਂ, ਅਸਮਰੱਥਾਵਾਂ ਅਤੇ ਸਮੱਸਿਆਵਾਂ ਨੂੰ ਸਮਝਣ ਦੀ ਲੋੜ ਹੈ।
ਸਰੀਰ ਵਿਗਿਆਨੀ, ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ ਸਾਂਝੇ ਤੌਰ ਤੇ ਇਸ ਜੀਵ ਨੂੰ ਚੰਗੀ ਤਰਾਂ ਘੋਖਣ, ਪਰਖਣ ਅਤੇ ਸਮਾਜ ਵਿੱਚ ਇਨ੍ਹਾਂ ਪ੍ਰਤੀ ਚੇਤੰਨਤਾ ਫੈਲਾਉਣ। ਜੇ ਅਸੀਂ ਏਡਜ਼ ਦੇ ਰੋਗੀ ਨਾਲ਼ ਪਿਆਰ ਮਿਲਵਰਤਨ ਵਧਾਉਣ ਦੀ ਜਾਗਰੂਕਤਾ ਲਿਆ ਸਕਦੇ ਹਾਂ, ਤਾਂ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਰਾਹੀਂ ਸਮਾਜ ਦੇ ਇਸ ਅਣਗੌਲੇ ਅਤੇ ਫ਼ਾਲਤੂ ਸਮਝੇ ਜਾਂਦੇ ਅੰਗ ਬਾਰੇ ਕਿਉਂ ਨਹੀਂ ਜਾਗ੍ਰਤੀ ਲਿਆ ਸਕਦੇ?? ਜਰੂਰ ਕਰ ਸਕਦੇ ਹਾਂ। ਖ਼ਬਰ ਸੁਣਨ ਵਿੱਚ ਆਈ ਸੀ ਕਿ ਖੁਸਰਿਆਂ ਨੇ ਆਪਣੇ ਲਈ ਰੀਜ਼ਰਵੇਸ਼ਨ ਦੀ ਮੰਗ ਵੀ ਕੀਤੀ ਹੈ। ਹੁਣੇ ਅਜੇ ਪਿੱਛੇ ਜਿਹੇ ਹੋਈ  ਮਰਦਮ ਸ਼ੁਮਾਰੀ ਦੇ ਫਾਰਮਾਂ ਵਿੱਚ ਲਿੰਗ ਦੇ ਤਿੰਨ ਕਾਲਮ ਬਣਾਏ ਏ  ਸਨ-  ਮਰਦ, ਔਰਤ ਅਤੇ “ਹੋਰ”। ਪਰ ਇਹ ਵੀ ਯਾਦ ਰੱਖਣ ਤੇ ਵਿਚਾਰਨ ਵਾਲ਼ੀ  ਗੱਲ ਹੋਵੇਗੀ ਕਿ ਲਿਖਤ ਵਿੱਚ ਸਿਰਫ਼ ਓਹੀ ਆਉਣਗੇ ਜਿਹੜੇ ਜੱਗ-ਜਾਹਰ ਹਨ, ਅਤੇ ਮੁੱਖ ਤੌਰ ਤੇ ਵਧਾਈ ਲੈਣ ਦਾ ਕੰਮ ਹੀ ਕਰਦੇ ਹਨ। ਕੁਝ ਕੁ ਮਰਦ ਔਰਤਾਂ ਦੀ ਦੁਨੀਆਂ ਵਿੱਚ ਲੁਕੇ ਛਿਪੇ ਖੁਸਰੇ ਵੀ ਹੋ ਸਕਦੇ ਹਨ, ਬਿਲਕੁਲ ਉਵੇਂ ਜਿਵੇਂ ਲੁਕੇ ਹੋਏ ਏਡਜ਼ ਦੇ ਰੋਗੀ ਅਸੀਂ ਸਿਰਫ ਦਿਖਾਈ ਦੇਣ ਵਾਲ਼ੀ ਘਾਟ ਨੂੰ ਹੀ ਅੰਗਹੀਣਤਾ ਵਿੱਚ ਸ਼ਾਮਿਲ ਕੀਤਾ ਹੈ। ਮਨ ਅਤੇ ਤਨ ਦਾ ਬਹੁਤ ਗੂੜ੍ਹਾ ਸੰਬੰਧ ਹੈ। ਕੌਣ ਜਾਣੇ, ਜੋ ਉਤਾਂਹ ਨਹੀਂ ਆ ਰਹੇ, ਉਨਾਂ ਵਿੱਚ ਕਿਹੜੀ ਅਤੇ ਕਿਸ ਤਰਾਂ ਦੀ ਘਾਟ ਹੈ।
ਸਾਡੀ ਇੱਛਾ ਹੈ ਕਿ ਇਸ ਵਿਸ਼ੇ ਬਾਰੇ ਵਧੇਰੇ ਖੋਜ ਹੋਵੇ, ਕੀ ਖੁਸਰੇ ਹੋਰ ਕੋਈ ਕੰਮ ਨਹੀਂ ਕਰ ਸਕਦੇ??? ਵਧਾਈ ਲੈਣਾ ਤਾਂ  ਮੰਗਣ ਦੇ ਸਮਾਨ ਹੈ। ਜੇ ਕਲ੍ਹ ਨੂੰ ਅਸੀਂ ਆਸ ਕਰੀਏ ਕਿ ਸਮਾਜ ਦੀ  ਸੋਚ ਲੜਕੀ ਲੜਕੇ ਪ੍ਰਤੀ ਇੱਕੋ ਜਿਹੀ ਹੋ ਜਾਵੇ, ਤਾਂ ਇਨ੍ਹਾਂ ਕੋਲ਼ ਕਿਹੜਾ ਕੰਮ ਹੋਵੇਗਾ??? ਅਸੀਂ ਚਾਹੁੰਦੇ ਹਾਂ ਕਿ ਇਂਨ੍ਹਾਂ ਤੋਂ ਇਨ੍ਹਾਂ  ਦੀ ਸਮਰੱਥਾ ਮੁਤਾਬਿਕ ਕੰਮ ਲਿਆ ਜਾਵੇ। ਨਾਲ਼ ਹੀ ਇਨਾਂ ਨੂੰ ਕੁਝ ਸਹੂਲਤਾਂ ਵੀ ਦਿੱਤੀਆਂ ਜਾਣ ਤਾਂ ਕਿ ਇਹ ਮਾਣ ਸਨਮਾਨ ਨਾਲ਼ ਆਪਣੀ ਜਿੰਦਗੀ ਜਿਊ ਸਕਣ। ਕੁਦਰਤੀ ਘਾਟ ਇਨ੍ਹਾਂ ਵਿੱਚ ਹੀਣ ਭਾਵਨਾ ਨਾ ਲਿਆਵੇ  ਨਾ ਹੀ ਸਾਨੂੰ ਇਨ੍ਹਾਂ ਤੋਂ ਕੋਈ ਪਰਹੇਜ਼ ਕਰਨਾ ਚਾਹੀਦਾ ਹੈ।

ਕੁੜੀ ਜੰਮੀ ਤੇ ਮੇਰੇ ਮਨ ਚ\' ਇੱਕ ਦਮ ਛਾ ਗਏ ਖੁਸਰੇ ।
ਬੁਲਾਇਆ ਮੈਂ ਵਧਾਈ ਲੈਣ ਨੂੰ ਤਦ ਆ ਗਏ ਖੁਸਰੇ ।

ਵਜਾ ਤਾੜੀ ਦੋ ਹੱਥਾਂ ਦੀ ਸੁਹਾਵੇਂ ਗੀਤ ਗਾਏ ਫਿਰ,
ਮੇਰੇ ਵਿਹੜੇ ਚ\' ਨੱਚ ਨੱਚ ਕੇ ਧਮਾਲਾਂ ਪਾ ਗਏ ਖੁਸਰੇ ।

ਮੇਰੀ ਲਾਡੋ ਤੋਂ ਮੁੜ ਮੁੜ ਕੇ ਪਿਆ ਬਲਿਹਾਰ ਮੈਂ ਜਾਵਾਂ,
"ਮੇਰਾ ਦਿਨ ਆਇਆ ਵਡਭਾਗੀ", ਇਹ ਸੱਚ ਸੁਣਾ ਗਏ ਖੁਸਰੇ ।

"ਤੇਰਾ ਨਾਂ ਹੋਏਗਾ ਰੋਸ਼ਨ, ਜਮਾਨਾ ਤੱਕਦਾ ਰਹਿ ਜੂ ,"
ਝੜੀ ਖੁਲ੍ਹੀ ਅਸੀਸਾਂ ਦੀ, ਦਿਲੋਂ ਸਨ ਲਾ ਗਏ ਖੁਸਰੇ ।

ਵਧੇਗੀ ਵੇਲ ਹੁਣ ਜੱਗ ਦੀ, ਕਰਾਂਤੀ ਆਏਗੀ ਇੱਕ ਦਿਨ,
ਉਠਾ ਕੇ ਬਾਹਾਂ ਵਿੱਚ ਬੱਚੀ, ਮੁਖੋਂ ਫ਼ੁਮਾ ਗਏ ਖੁਸਰੇ ।

ਕਿਤੇ ਗਿੱਧੇ ਦੀ ਬੋਲੀ ਸੀ, ਕਿਤੇ ਸੀ ਢੋਲ ਦਾ ਡੱਗਾ,
ਪਿਆ ਦੀ ਦਾ ਜਿਹੜਾ ਪਾੜਾ, ਉਹ ਅੱਜ ਮਿਟਾ ਗਏ ਖੁਸਰੇ ।

ਜਿਨ੍ਹਾਂ ਮੇਰੀ ਖੁਸ਼ੀ ਵੰਡੀ, ਉਨ੍ਹਾਂ ਦੇ ਗ਼ਮ ਕਿਵੇਂ ਵੰਡਾਂ ?
"ਰੁਪਾਲ\" ਨਾ ਸਮਝ ਵਿਚ ਆਵੇ ਤੇ ਸੋਚੀਂ ਪਾ ਗਏ ਖੁਸਰੇ ।
ਜਸਵਿੰਦਰ ਸਿੰਘ “ਰੁਪਾਲ”
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨਅਰ ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126

 ਸਮਲਿੰਗਕ:-  ਖੁਸਰੇ ਜਿੰਨਾ ਨੂੰ ਕਿੰਨਰ ਹਿੰਦੀ ਭਾਸ਼ਾ ਵਾਲੇ ਆਖਦੇ ਹਨ ਇਕ ਬਹੁਤ ਹੀ ਦੁਖਦਾਈ ਜੀਵਨ ਦੀ ਮਿਸਾਲ ਹੈ , ਕੋਈ ਵੀ ਬੱਚਾ ਆਪ ਫੈਸਲਾ ਨਹੀਂ ਕਰਦਾ ਕਿ ਓਹ ਕਿਸ ਰੂਪ ਵਿੱਚ ਦੁਨੀਆਂ ਉੱਤੇ ਆਵੇ ...ਸਾਰੀ ਉਮਰ ਲੋਕਾਂ ਦੇ ਵਿਹੜਿਆਂ ਚ ਨੱਚਣਾ ਜਦੋਂ ਮਰਨ ਦਾ ਵਕਤ ਆਉਣਾ ਉਸਨੂੰ ਉਸਦੇ ਸਾਥੀਆਂ ਵੱਲੋਂ ਦੱਬ ਕੇ ਕੁੱਟਣਾ ਅਤੇ ਉਸਦੀ ਅਰਥੀ ਰਾਤ ਨੂੰ ਸ਼ਮਸ਼ਾਨ ਤੱਕ ਲਿਜਾਣੀ ਇੱਕ ਬੇਹੱਦ ਪਛੜੇ ਹੋਏ ਸਮਾਜ਼ ਦੀ ਨਿਸ਼ਾਨੀ ਹੈ .

ਸੌ ਤੋਂ ਵੱਧ ਦੇਸ਼ਾਂ ਵਿੱਚ ਸਮਲਿੰਗਕਤਾ ਅਪਰਾਧ ਨਹੀਂ ਮੰਨੀ ਜਾਂਦੀ। ਕੁਝ ਲੋਕ ਸਮਲਿੰਗਕਤਾ ਦੇ ਮੁੱਦੇ ਨੂੰ ਸੱਭਿਆਚਾਰ ਅਤੇ ਇਤਿਹਾਸ ਨਾਲ ਜੋੜ ਕੇ ਵੇਖਦੇ ਹਨ। ਪੱਛਮ ਵਾਲੇ ਬਾਈਬਲ ਵਿੱਚ ਵਰਣਿਤ ਦੋ ਪ੍ਰਾਚੀਨ ਨਗਰਾਂ- ਸੋਡੋਮ ਅਤੇ ਗੋਮੇਰਾ ਦਾ ਜ਼ਿਕਰ ਕਰਦੇ ਹਨ ਜੋ ਸਮਲਿੰਗਕਤਾ ਦੇ ਦੁਰਾਚਾਰ ਦੀ ਅਤਿ ਕਾਰਨ ਗਰਕ ਗਏ ਸਨ। ਭਾਰਤ ਵਿੱਚ ਵੀ ਇਸ ਨੂੰ ਧਾਰਮਿਕ ਨੈਤਿਕਤਾ ਦੀ ਦ੍ਰਿਸ਼ਟੀ ਤੋਂ ਹੀਣ ਅਤੇ ਗ਼ੈਰ-ਸਮਾਜਿਕ ਮੰਨਿਆ ਜਾ ਰਿਹਾ ਹੈ।
ਸਮਲਿੰਗਕਤਾ ਨੂੰ ਕੁਝ ਵਰ੍ਹੇ ਪਹਿਲਾਂ ਤਕ ‘ਹਾਰਮੋਨਲ ਡਿਸਆਡਰ’ ਦੀ ਸੁਭਾਵਿਕ ਪ੍ਰਕਿਰਤੀ ਹੀ ਮੰਨਿਆ ਜਾਂਦਾ ਰਿਹਾ ਹੈ। ਸਮਲਿੰਗਕਤਾ ਕਿਸੇ ਬੰਦੇ ਵਿੱਚ ਜਮਾਂਦਰੂ ਨਹੀਂ ਹੁੰਦੀ। ਬਚਪਨ ਵਿੱਚ ਕਿਸੇ ਵੇਲੇ ਨਿਰਦੋਸ਼ ਬੋਧ ਜਾਂ ਅਗਿਆਨਵੱਸ ਪੈਦਾ ਹੋਈ ਕਮੀ ਦਾ ਇੱਕ ਆਦਤ ਵਿੱਚ ਬਦਲ ਜਾਣਾ ਹੀ ਸਮਲਿੰਗਕਤਾ ਹੈ। ਸਰਵੇਖਣ ਦੱਸਦੇ ਹਨ ਕਿ ਕੋਈ ਵੀ ਸਵੈਇੱਛਾ ਨਾਲ ਸਮਲਿੰਗਕ ਨਹੀਂ ਬਣਦਾ। ਸਮਲਿੰਗਕਤਾ ਸੁਭਾਵਿਕ ਵਿਕਲਪਕ ਲਿੰਗਕਤਾ ਹੈ ਜਿਸਨੂੰ ਚਿਕਿਤਸਾ ਸ਼ਾਸਤਰ ਅਤੇ ਮਨੋਵਿਗਿਆਨਕ ਸਮਝ ਪ੍ਰਕਿਰਤਕ ਨਹੀਂ ਮੰਨਦੀ। ਇਹ ਅਜਿਹਾ ਵਿਵਹਾਰ ਹੈ ਜੋ ਸਮਲਿੰਗੀ ਨੂੰ ਆਪਣੇ ਸਮਾਜ ’ਚੋਂ ਮਿਲਦਾ ਹੈ। ਜਦੋਂ ਇਹ ਉਸ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਤਾਂ ਉਸ ਨੂੰ ਮਜਬੂਰਨ ਵਿਰੋਧੀ ਲਿੰਗ ਨਾਲ ਦੈਹਿਕ ਸੰਤੁਸ਼ਟੀ ਨਹੀਂ ਮਿਲਦੀ ਅਤੇ ਉਹ ਆਪਣੇ ਸਮਲਿੰਗੀ ਵਿੱਚ ਕਾਮ ਸੁੱਖ ਦੀ ਚੇਸ਼ਟਾ ਕਰਦਾ ਹੈ।
ਸਮਲਿੰਗਕ ਅਧਿਕਾਰਾਂ ਨੂੰ ਸੱਭਿਆਚਾਰ ਨਾਲ ਜੋੜ ਕੇ ਵੇਖਣ ਵਾਲਿਆਂ ਵਿੱਚ ਇਸ ਦੇ ਵਿਰੋਧੀ ਹੀ ਨਹੀਂ ਬਲਕਿ ਇਸ ਦੇ ਸਮਰਥਕ ਵੀ ਸ਼ਾਮਲ ਹਨ। ਵਿਰੋਧੀ ਧਰਮ ਅਤੇ ਨੈਤਿਕਤਾ ਦੀ ਭਾਸ਼ਾ ਰਾਹੀਂ ਆਪਣਾ ਸਮਰਥਨ ਦ੍ਰਿੜ ਕਰਦੇ ਹਨ। ਦੂਜੇ ਪਾਸੇ ਸਮਲਿੰਗਕਤਾ ਦੇ ਸਮਰਥਕਾਂ ਵਿੱਚ ਇਹ ਬਹਿਸ ਇੱਥੋਂ ਤਕ ਹੀ ਸੀਮਤ ਰਹਿੰਦੀ ਹੈ ਕਿ ਇਤਿਹਾਸ ਵਿੱਚ ਸਮਲਿੰਗਕਤਾ ਦਾ ਜ਼ਿਕਰ ਹੈ ਜਾਂ ਨਹੀਂ? ਉਹ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਆਪਣੇ ਹੱਕ ਵਿੱਚ ਭੁਗਤਾਉਂਦੇ ਨਜ਼ਰ ਆਉਂਦੇ ਹਨ ਪਰ ਇੱਥੇ ਇਹ ਮਹੱਤਵਪੂਰਨ ਹੈ ਕਿ ਧਰਮ, ਨੈਤਿਕਤਾ ਅਤੇ ਸੱਭਿਆਚਾਰ ਹਮੇਸ਼ਾਂ ਵਿਰਾਸਤੀ ਜਾਂ ਅਤੀਤਭਾਵੀ ਨਹੀਂ ਹੁੰਦਾ। ਕਾਨੂੰਨ ਦੀ ਭਾਸ਼ਾ ਵੀ ਸੱਭਿਆਚਾਰ ਤੋਂ ਬਾਹਰੀ ਨਹੀਂ ਹੋ ਸਕਦੀ।

ਦਰਅਸਲ ਧਾਰਾ- 377 ਉਪਰ ਬਹਿਸ ਸਮਲਿੰਗਕ ਅਧਿਕਾਰਾਂ ਤੋਂ ਕਿਤੇ ਵੱਧ ਅਤੇ ਸੋਚਣਯੋਗ ਵਿਸ਼ਾ ਹੈ। ਮੁੱਦਾ ਕੇਵਲ ਲਿੰਗਕਤਾ ਦੀ ਆਜ਼ਾਦੀ ਦਾ ਨਹੀਂ ਬਲਕਿ ਸਮਾਜ ਦਾ ਹਿੱਸਾ ਬਣੇ ਰਹਿੰਦੇ ਹੋਏ ਆਪਣੀ ਨਿੱਜੀ ਪਛਾਣ ਬਣਾਏ ਰੱਖਣ ਤੇ ਆਪਣੀ ਦੇਹ ’ਤੇ ਆਪਣਾ ਅਧਿਕਾਰ ਕਾਇਮ ਰੱਖਣ ਦਾ ਵੀ ਹੈ। ਲੜਾਈ ਅਲੱਗ ਬਣੇ ਰਹਿਣ ਦੀ ਹੈ, ਖ਼ਾਸ ਕਰਕੇ ਜਦੋਂ ਸਮਾਜਿਕ ਮਾਨਤਾਵਾਂ ਇਸ ਹੱਕ ਨੂੰ ਨਕਾਰਦੀਆਂ ਹਨ। ਕੀ ਲਿੰਗਕਤਾ ਦਾ ਸੰਘਰਸ਼ ਸਮਾਜ ਵਿੱਚ ਜਾਤ ਤੋਂ ਬਾਹਰ ਅਤੇ ਗੋਤ ਦੇ ਅੰਦਰ ਵਿਆਹ ਸਬੰਧਾਂ ਵਿੱਚ ਬੱਝਣ ਵਾਲਿਆਂ ਤੋਂ ਅਲੱਗ ਹੈ? ਬੇਸ਼ੱਕ ਅਜਿਹੇ ਪ੍ਰੇਮੀ ਜੋੜਿਆਂ ਅਤੇ ਸਮਲਿੰਗਕਾਂ ਦੇ ਸੰਘਰਸ਼ ਵਿੱਚ ਭਿੰਨਤਾ ਵੀ ਹੈ ਪਰ ਸਮਾਨਤਾ ਇਨ੍ਹਾਂ ਦੋ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਹੈ ਕਿ ਕਿਵੇਂ ਇਹ ਦੋਵਾਂ ਸਮਾਜ-ਸੱਭਿਆਚਾਰ ਲਈ ਖ਼ਤਰੇ ਦੇ ਰੂਪ ਵਿੱਚ ਦੇਖੇ ਜਾਂਦੇ ਹਨ। ਦੂਜਾ ਕੀ ਨਿੱਜੀ ਜੀਵਨ ਦੇ ਅਜਿਹੇ ਫ਼ੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਸਮਾਜ ਦਾ ਉਨ੍ਹਾਂ ਨੂੰ ਦੰਡਿਤ ਕਰਨਾ ਜਾਇਜ਼ ਹੈ, ਇਹ ਸੋਚ-ਵਿਚਾਰ ਦਾ ਵਿਸ਼ਾ ਹੈ। ਸਮਾਜ-ਸੱਭਿਆਚਾਰ ਦੀ ਸੱਤਾ ਨਾਲ ਜੁੜੇ ਹਿੱਤ ਸਮਲਿੰਗਕਤਾ ਦੀ ਵੈਧਤਾ-ਅਵੈਧਤਾ ਨੂੰ ਸੰਕੀਰਣ ਦ੍ਰਿਸ਼ਟੀ ਤੋਂ ਵੇਖਦਿਆਂ ਇੱਕ ਤਰ੍ਹਾਂ ਦੇ ਬਹੁਮਤਵਾਦ ਨੂੰ ਸ਼ਹਿ ਦਿੰਦੇ ਹਨ। ਪੁਰਾਤਨ ਇਤਿਹਾਸ, ਮਿਥਿਹਾਸ ਜਾਂ ਮੂਰਤੀ/ਚਿੱਤਰਕਲਾ ਵਿੱਚ ਸਮਲਿੰਗਕਤਾ ਦੇ ਪ੍ਰਮਾਣਾਂ ਦਾ ਹੋਣਾ ਇਨ੍ਹਾਂ ਅਧਿਕਾਰਾਂ ਦਾ ਪ੍ਰਤੀਮਾਨ ਨਹੀਂ ਹੋ ਸਕਦਾ। ਅਜਿਹੇ ਤਰਕ ਇਹ ਸੰਕੇਤ ਦਿੰਦੇ ਹਨ ਕਿ ਜਿਵੇਂ ਸਮਲਿੰਗਕ ਹੁਣ ਕਿਤੇ ਸਮਾਜ ਵਿੱਚੋਂ ਬਾਹਰ ਹਨ ਅਤੇ ਇਨ੍ਹਾਂ ਦੇ ਸਬੰਧਾਂ ਨੂੰ ਅਪਰਾਧ ਦੀ ਭਾਸ਼ਾ ਤੋਂ ਬਾਹਰ ਕਰ ਦੇਣ ਨਾਲ ਸਮਾਜ ਵਿੱਚ ਸਮਲਿੰਗਕਤਾ ਦਾ ਪ੍ਰਭਾਵ ਸਭ ਪਾਸੇ ਫੈਲ ਜਾਵੇਗਾ ਜਾਂ ਇਨ੍ਹਾਂ ਸਬੰਧਾਂ ਨੂੰ ਅਪਰਾਧ ਘੋਸ਼ਿਤ ਕਰ ਦਿੱਤੇ ਜਾਣ ਨਾਲ ਇਹ ਬਿਲਕੁਲ ਲੁਪਤ ਹੋ ਜਾਣਗੇ ਜਦਕਿ ਸੱਚਾਈ ਇਸ ਤੋਂ ਐਨ ਉਲਟ ਹੈ। ਸਾਡੇ ਸਮਿਆਂ ਵਿੱਚ ਕਾਨੂੰਨ, ਸੱਭਿਆਚਾਰ ਅਤੇ ਸਮਲਿੰਗਕਤਾ ਦੀ ਭਾਸ਼ਾ ਨੂੰ ਸਮਝਣਾ ਜ਼ਰੂਰੀ ਹੈ।
ਅਮਰੀਕਾ ਵਿੱਚ ਸਮਲਿੰਗਕਤਾ ਦੇ ਵਰਤਾਰੇ ਨੂੰ ਘੋਖਦੀ ਕਿਤਾਬ ‘ਹੋਮੋਸੈਕਸੁਐਲਟੀ: ਫਰੀਡਮ ਟੂ ਫਾਰ’ ਅਨੁਸਾਰ ਜਦੋਂ ਉੱਥੇ ਮਰਦ ਦੀ ਬਰਾਬਰੀ ਦੀ ਮੁਹਿੰਮ ਤਹਿਤ ਨਾਰੀ ਮਰਦ ਬਣਨ ਦੇ ਨਾਮ ’ਤੇ ਆਪਣੇ ਕਾਰ-ਵਿਹਾਰ ਤੇ ਪ੍ਰਗਟਾਵੇ ਵਿੱਚ ਅਧਿਕ ‘ਮਰਦਾਨਾ’ ਹੋਣ ਲੱਗੀ ਤੇ ਉਸ ਦੀ ਵੇਸ਼ ਭੂਸ਼ਾ ਤੇ ਵਿਹਾਰ ਮਰਦਾਂ ਵਰਗਾ ਹੋਣ ਲੱਗਾ ਤਾਂ ਨਾਰੀ ਦਾ ਜੋ ਨਾਰੀਤਵ ਮਰਦਾਂ ਨੂੰ ਉਤੇਜਨਾ ਤੇ ਆਕਰਸ਼ਣ ਦਿੰਦਾ ਸੀ, ਹੌਲੀ-ਹੌਲੀ ਲੁਪਤ ਹੋਣ ਲੱਗਾ। ਇਸ ਸਥਿਤੀ ਨੇ ਮਰਦ-ਮਰਦ ਦੇ ਸਮਲਿੰਗੀ ਸਬੰਧਾਂ ਨੂੰ ਵਧਾਇਆ। ਦੂਜੇ ਪਾਸੇ ਨਾਰੀ ਆਪਣੇ ਪਿਤਰਕੀ ਦੇ ਵਿਰੋਧ ਅਤੇ ਪਛਾਣ ਤੇ ਅਧਿਕਾਰ ਦੇ ਸੰਘਰਸ਼ ਕਾਰਨ ਆਪਣੀ ਦੈਹਿਕਤਾ ਨੂੰ ਆਪਣੇ ਸਮਲਿੰਗੀ ਸਬੰਧਾਂ ਵਿੱਚੋਂ ਤਲਾਸ਼ਣ ਲੱਗੀ। ਕਈ ਚਿੰਤਕਾਂ ਨੇ ਇਸ ਨੂੰ ‘ਫੀਲਗੁੱਡ’ ਦਾ ਨਾਮ ਦਿੱਤਾ। ਡੈਨਿਸ ਅਲਟਮੈਨ ਨੇ ਆਪਣੀ ਕਿਤਾਬ ‘ਹੋਮੋਸੈਕਸੁਅਲਾਈਜੇਸ਼ਨ ਆਫ਼ ਅਮਰੀਕਾ’ ਵਿੱਚ ਲਿਖਿਆ ਹੈ ਕਿ ਅਮਰੀਕਾ ਵਿੱਚ ਰਾਜ ਤੇ ਕਾਨੂੰਨ ਦੀ ਸੱਤਾ ਦੀ ਅਧਿਕ ਦਖ਼ਲਅੰਦਾਜ਼ੀ ਕਾਰਨ ਅਸਿਹ ਤੇ ਅਤਿਭਾਵੀ ਹੋ ਚੁੱਕੀ ਵਿਆਹ ਵਿਵਸਥਾ ਦੀ ਨੀਂਹ ਹਿਲ ਚੁੱਕੀ ਹੈ ਜਿਸ ਕਾਰਨ ਸਮਲਿੰਗਕਤਾ ਦਾ ਵਿਆਪਣਾ ਸੁਭਾਵਿਕ ਸੀ। ਇਨ੍ਹਾਂ ਵਿਚਾਰਾਂ ਨੇ ਸਮਲਿੰਗਕਤਾ ਨਾਲ ਜੁੜੇ ਸਮਾਜ-ਸੱਭਿਆਚਾਰਕ ਸੰਕੋਚ ਨੂੰ ਖੀਣ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਸਮਲਿੰਗਕਤਾ ਦੇ ਵਿਰੋਧ ਕਰਨ ਵਾਲਿਆਂ ਨੂੰ ‘ਹੋਮੋ-ਫੋਬੀਆ’ ਦੇ ਸ਼ਿਕਾਰ ਕਹਿ ਕੇ ਖਾਰਜ ਕੀਤਾ ਜਾਣ ਲੱਗਾ।

ਦੂਜੇ ਪਾਸੇ ਪੱਛਮ ਵਿੱਚ ਇਹ ਵਿਚਾਰ ਵੀ ਪਾਇਆ ਜਾ ਰਿਹਾ ਹੈ ਕਿ ਕਈ ਸਮਲਿੰਗਕ ਆਪਣੀ ਜੀਵਨ ਵਿਧੀ ਤੋਂ ਖ਼ੁਸ਼ ਨਹੀਂ ਹਨ। ਉਹ ਇਸ ਕੁਚੱਕਰ ਵਿੱਚੋਂ ਬਾਹਰ ਆਉਣਾ ਚਾਹੁੰਦੇ ਹਨ। ਸਮਲਿੰਗਕ ਆਜ਼ਾਦੀ ਇੱਕ ਤਰ੍ਹਾਂ ਦੀ ਗ਼ੁਲਾਮੀ ਹੈ। ਇੱਕ ਅਦ੍ਰਿਸ਼ ਅਤੇ ਨਿਸ਼ਬਦ ਦਾਸਤਾ ਹੈ। ਇਹ ਵਿਕਲਪ ਨਹੀਂ, ਵਿਚਲਨ ਹੈ। ਇਹ ਜਮਾਂਦਰੂ ਨਹੀਂ ਸਗੋਂ ਸਮਾਜਿਕ ਹੈ, ਭਾਵ ਸਮਲਿੰਗਕਤਾ ਨੂੰ ਰੱਬ ਜਾਂ ਪ੍ਰਕਿਰਤੀ ਨੇ ਨਹੀਂ ਸਗੋਂ ਲੋਕਾਂ ਜਾਂ ਸਮਾਜ ਨੇ ਬਣਾਇਆ ਹੈ। ਇਸ ਪਿੱਛੇ ਅਰਬਾਂ ਰੁਪਏ ਦੇ ਸੈਕਸ ਉਦਯੋਗ ਦੀ ਪੂੰਜੀ ਅਤੇ ਸੱਤਾ ਕੰਮ ਕਰ ਰਹੀ ਹੈ। ਭਾਰਤੀ ਦੰਡ ਸੰਹਿਤਾ ਦੀ ਧਾਰਾ- 377 ਦੀ ਬਹਿਸ ਦੇ ਪ੍ਰਸੰਗ ਵਿੱਚ ਰੂਥ ਵਨੀਤਾ ਤੇ ਸਲਮਾਨ ਕਿਦਵਈ ਦੀ ਸਹਿ-ਸੰਪਾਦਿਤ ਕਿਤਾਬ ‘ਸੇਮ ਸੈਕਸ ਲਵ ਇਨ ਇੰਡੀਆ’ ਦੀ ਇੱਥੇ ਚਰਚਾ  ਜ਼ਰੂਰੀ ਹੈ। ਇਸ ਵਿੱਚ ਪੁਰਾਤਨ ਭਾਰਤੀ ਸਾਹਿਤ, ਪਾਲੀ ਜਾਤਕ, ਪੰਚਤੰਤਰ ਤੇ ਕਾਮਸੂਤਰ ਤੋਂ ਲੈ ਕੇ ਪੁਰਾਣ, ਕਥਾ ਸਰਿਤ ਸਾਗਰ, ਕ੍ਰਤਿਵਾਸ ਦੇ ਨਾਲ-ਨਾਲ ਉਰਦੂ ਫ਼ਾਰਸੀ ਵਿੱਚ ਅਮੀਰ ਖ਼ੁਸਰੋ, ਬਰਨੀ, ਬਾਬਰਨਾਮਾ, ਮੀਰ ਤਕੀ ਮੀਰ, ਨਜ਼ੀਰ ਅਕਬਰਾਬਾਦੀ ਅਤੇ ਵਰਤਮਾਨ ਹਿੰਦੀ ਅੰਗਰੇਜ਼ੀ ਸਾਹਿਤ ਪ੍ਰਸੰਗਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਮਲਿੰਗਕਤਾ ਦਾ ਵਜੂਦ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਾਚੀਨ ਸਮਿਆਂ ਤੋਂ ਚੱਲਿਆ ਆ ਰਿਹਾ ਹੈ। ਸਮਲਿੰਗਕ ਵਿਵਹਾਰ ਨੂੰ ਚਾਹੇ ਸਮਾਜ ਵਿੱਚ ਨਾਪਸੰਦ ਕੀਤਾ ਜਾਂਦਾ ਰਿਹਾ ਹੋਵੇ ਪਰ ਇਸ ਕਾਰਨ ਕਿਸੇ ਨੂੰ ਪੜਤਾੜਿਤ ਜਾਂ ਅਪਰਾਧੀ ਨਹੀਂ ਗਰਦਾਨਿਆ ਗਿਆ ਸੀ। ਸਾਨੂੰ ਸੱਭਿਆਚਾਰਾਂ ਨੂੰ ਇੱਕ-ਦੂਜੇ ਦੀ ਦ੍ਰਿਸ਼ਟੀ ਤੋਂ ਵੇਖਣ ਦੀ ਜ਼ਰੂਰਤ ਹੈ ਤਾਂ ਹੀ ਸਾਡੇ ਵਿੱਚ  ਇੱਕ-ਦੂਜੇ ਦੇ ਅਨੁਭਵ ਪ੍ਰਤੀ ਸੰਵੇਦਨਸ਼ੀਲਤਾ ਤੇ ਸਹਿਣਸ਼ੀਲਤਾ ਆਵੇਗੀ ਤੇ ਆਪਸੀ ਬਾਤਚੀਤ ਰਾਹੀਂ ਕਾਨੂੰਨ ਤੇ ਸੱਭਿਆਚਾਰ ਨੂੰ ਸਹੀ ਅਰਥਾਂ ਵਿੱਚ ਸਮਝਣ ਦੀ ਸਮਰੱਥਾ ਪੈਦਾ ਹੋਵੇਗੀ। ਸਾਨੂੰ ਸਮਲਿੰਗਕਾਂ ਨਾਲ ਉਨ੍ਹਾਂ ਦੀ ਸਥਿਤੀ ਅਤੇ ਹੋਂਦ ਸਿਆਣਦਿਆਂ ਕਿਸੇ ਆਮ ਦੂਜੇ/ਪਰ ਵਾਂਗ ਸੰਵਾਦ ਰਚਾਉਣ ਦੀ ਪਹਿਲ ਕਰਨੀ ਪਵੇਗੀ। ਉਤਰ-ਬਸਤੀਵਾਦੀ ਤੇ ਉਤਰ-ਆਧੁਨਿਕ ਰੁਝਾਨਾਂ ਅਧੀਨ ਕਾਨੂੰਨ ਤੇ ਸਮਾਜ-ਸੱਭਿਆਚਾਰ ਨੂੰ ਇੱਕ-ਦੂਜੇ ਦੀ ਪੂਰਕਤਾ ’ਚੋਂ ਸਮਝਣਾ ਹੋਵੇਗਾ  ਕਿਉਂਕਿ ਭਾਰਤੀ ਸਮਾਜ-ਸੱਭਿਆਚਾਰ ਦੀ ਤਰਲਤਾ, ਵਿਭਿੰਨਤਾ, ਬਹੁਵੰਦਤਾ ਤੇ ਬਹੁਵਚਨਤਾ ਦੀ ਖ਼ਾਸੀਅਤ ਹੈ ਕਿ ਇਹ ਪ੍ਰੇਮ, ਸਹਿਹੋਂਦ ਤੇ ਸਹਿਜ ਨੂੰ ਆਪਣਾ ਖ਼ਾਸਾ ਮੰਨਦੀ ਹੈ। - ਮਨਮੋਹਨ, ਸੰਪਰਕ: 08283948811