Saturday, 13 February 2016

ਮਾਂ ਦੀ ਬੁੱਕਲ - ਕਰਨ ਬਰਾੜ

 ਮਾਂ ਦੀ ਬੁੱਕਲ - ਕਰਨ ਬਰਾੜ


ਸ਼ਾਇਦ ਕੁਦਰਤ ਨੇ ਪਹਿਲੀ ਕਿਲਕਾਰੀ ਮਾਂ ਦੀ ਬੁੱਕਲ ਵਿੱਚ ਹੀ ਮਾਰੀ ਹੋਵੇ। ਮਾਂ ਦੇ ਹੱਥਾਂ ਵਿਚ ਬਰਕਤ ਹੈ ਸਵਾਦ ਹੈ ਸਲੀਕਾ, ਰਹਿਮਤਾਂ, ਸਬਰ, ਸੰਤੋਖ, ਚੱਜ ਆਚਾਰ ਤੇ ਪਿਆਰ ਦਾ ਮਹਾਨ ਫ਼ਲਸਫ਼ਾ ਹੈ। ਤਾਂ ਹੀ ਤਾਂ ਕੁਦਰਤ ਇੰਨੀ ਅਦਭੁੱਤ ਇੰਨੀ ਸ਼ਕਤੀਸ਼ਾਲੀ ਤੇ ਇੰਨੀ ਰੰਗ ਬਿਰੰਗੀ ਹੈ। ਸ਼ਾਇਦ ਪ੍ਰਮਾਤਮਾ ਨੂੰ ਗੁੜਤੀ ਸੰਸਕਾਰ ਮਾਂ ਨੇ ਹੀ ਦਿੱਤੇ ਹੋਣ ਤਾਂ ਹੀ ਤਾਂ ਉਹ ਇੰਨਾ ਦਿਆਲੂ ਤੇ ਕਣ ਕਣ ਵਿਚ ਵਸਦਾ ਹਰ ਇੱਕ ਦੀ ਜਾਣਨ ਵਾਲਾ ਮਾਂ ਦੇ ਆਸਰੇ ਵਰਗਾ। 
ਮੈਂ ਕਈ ਵਾਰ ਸੋਚਦਾ ਕੋਈ ਸ਼ਕਤੀ ਤਾਂ ਹੈ ਜਿਸ ਆਸਰੇ ਦੁਨੀਆ ਖੜੀ ਹੈ ਹਵਾ ਚੱਲ ਰਹੀ ਹੈ ਕਿਤੇ ਪਾਣੀ ਵਗ ਰਿਹਾ, ਕਿਤੇ ਧੁੱਪ ਹੈ ਕਿਤੇ ਛਾਂ ਹੈ ਕਿਤੇ ਧਰਤੀ ਹੈ ਕਿਤੇ ਸਮੁੰਦਰ ਹੈ ਕਿਤੇ ਦਿਨ ਚੜ ਰਿਹਾ ਕਿਤੇ ਰਾਤ ਪੈ ਰਹੀ ਹੈ, ਕੋਈ ਮਰ ਰਿਹਾ ਕੋਈ ਜਿਉਂ ਰਿਹਾ ਹੈ। ਇਹ ਸ਼ਕਤੀ ਕਿਸੇ ਨੇ ਵੇਖੀ ਤਾਂ ਨਹੀਂ ਪਰ ਮਹਿਸੂਸ ਕਈਆਂ ਨੇ ਕੀਤੀ ਹੋਵੇਗੀ। ਤੁਸੀਂ ਸੋਚ ਕੇ ਵੇਖੋ ਤੁਹਾਨੂੰ ਨੀ ਲੱਗਦਾ ਇਹ ਸ਼ਕਤੀ ਜਿਵੇਂ ਮਾਂ ਵਰਗੀ ਹੋਵੇ ਤੁਹਾਡੀ ਮਾਂ ਦੀ ਮਮਤਾ ਵਰਗੀ। ਜਿਵੇਂ ਉਸ ਨੂੰ ਫ਼ਿਕਰ ਹੋਵੇ ਹਾਏ! ਮੇਰੇ ਪੁੱਤ ਨੇ ਸਾਹ ਲੈਣਾ ਹਵਾ ਛੱਡ ਦਿਆਂ, ਮੇਰੇ ਪੁੱਤਾਂ ਧੀਆਂ ਨੂੰ ਪਾਣੀ ਚਾਹੀਦਾ ਮੀਂਹ ਪਾ ਦਿਆਂ, ਇਹਨਾਂ ਨੂੰ ਧੁੱਪ ਲੱਗਦੀ ਛਾਂ ਕਰ ਦੇਵਾਂ, ਆਸਰਾ ਕਰ ਦਿਆਂ, ਮਾਂ ਵਰਗਾ ਆਸਰਾ।
ਦੁਨੀਆ ਦੇ ਮਹਾਨ ਲੋਕਾਂ ਪਿੱਛੇ ਉਨ੍ਹਾਂ ਦੀਆਂ ਬਰਕਤਾਂ ਵਾਲੀਆਂ, ਸਬਰ ਸੰਤੋਖ ਵਾਲੀਆਂ, ਪਿਆਰ ਵਾਲੀਆਂ ਮਾਂਵਾਂ ਜ਼ਰੂਰ ਖੜਈਆਂ ਜਿੰਨਾਂ ਨੇ ਉਨ੍ਹਾਂ ਨੂੰ ਸਲੀਕਾ ਸਿਖਾਇਆ ਜ਼ਿੰਦਗੀ ਦੇ ਰਾਹ ਬਸੇਰੇ ਦਿਖਾਏ। ਉਨ੍ਹਾਂ ਨੂੰ ਮਹਾਨ ਬਣਨ ਦਾ ਮੌਕਾ ਦਿੱਤਾ।
ਮਾਂਵਾਂ ਕੋਲੋਂ ਕੁੱਝ ਨਹੀਂ ਲੁੱਕਦਾ ਮਾਂਵਾਂ ਨੂੰ ਸਭ ਪਤਾ ਹੁੰਦਾ। ਤੁਹਾਡੀ ਹਰ ਜ਼ਰੂਰਤ ਹਰ ਚਾਹਤ ਹਰ ਚੰਗੇ ਮਾੜੇ ਪੱਖ ਨੂੰ ਮਾਵਾਂ ਤੋਂ ਵੱਧ ਕੇ ਕੌਣ ਜਾਣ ਸਕਦਾ, ਆਪ ਅੱਧੀ ਤੇ ਸਬਰ ਕਰ ਲੈਂਦੀਆਂ ਤੁਹਾਨੂੰ ਰਜਾ ਕੇ ਰੱਖਦੀਆਂ, ਆਪ ਗਿੱਲੇ ਪੈਂਦੀਆਂ ਪਰ ਬੱਚਿਆਂ ਨੂੰ ਸੁੱਕੇ ਪਾਉਂਦੀਆਂ।ਐਵੇਂ ਤਾਂ ਨੀ ਕਹਿੰਦੇ ਆ:-
ਮਾਵਾਂ ਨਾਮ ਸਵਰਗ ਦਾ, ਰੱਬ ਵੀ ਇਹਨਾਂ ਦੇ ਹਿੱਸੇ ਆਏ।
ਕੁੱਲ ਕਾਇਨਾਤ ਦੀ ਜਨਣੀ, ਗੁਰੂ ਫਕੀਰ ਆਪਣੀ ਕੁੱਖੋਂ ਜਾਏ।

ਹੋਰਾਂ ਮਾਵਾਂ ਵਾਂਗ ਮੇਰੀ ਮਾਂ ਨੂੰ ਵੀ ਮੇਰੀ ਭੁੱਖ ਤੋਂ ਲੈ ਕੇ ਮੇਰੀ ਹਰ ਜ਼ਰੂਰਤ ਦਾ ਪਤਾ, ਮੇਰਾ ਚੰਗਾ ਮਾੜਾ ਸਭ ਜਾਣਦੀ ਆ। ਮੇਰੀ ਮਾਂ ਨੇ ਛੋਟੇ ਹੁੰਦਿਆਂ ਮੈਨੂੰ ਪਿਆਰ ਵੀ ਸਭ ਤੋਂ ਜ਼ਿਆਦਾ ਕੀਤਾ ਤੇ ਚੰਗੇ ਮਾੜੇ ਕੰਮਾਂ ਪਿੱਛੇ ਸਮਝਾਇਆ ਵੀ ਤੇ ਕੁੱਟਿਆ ਵੀ ਸਭ ਤੋਂ ਜ਼ਿਆਦਾ। ਮਾਂ ਤਾਂ ਭਾਵੇਂ ਆਪ ਅਨਪੜ੍ਹ ਸੀ ਪਰ ਉਸ ਦੀ ਚਾਹਤ ਸੀ ਕਿ ਮੇਰੇ ਧੀਆਂ ਪੁੱਤ ਚੰਗਾ ਪੜ੍ਹ ਲਿਖ ਜ਼ਿੰਦਗੀ ਵਿੱਚ ਕੁੱਝ ਬਣ ਪਾਉਣ। ਚੰਗਾ ਪੜਨ ਅਤੇ ਚੰਗਾ ਪਹਿਨਣ ਤੋਂ ਮਾਂ ਨੇ ਕਦੇ ਨਹੀਂ ਵਰਜਿਆ ਮੈਨੂੰ। ਪਹਿਲਾਂ ਵਾਂਗ ਹੁਣ ਵੀ ਹਰ ਵੇਲੇ ਮੇਰਾ ਪੱਖ ਲੈਂਦੀ ਮੇਰੀ ਵਾਹਰ ਕਰਾਉਂਦੀ ਹੈ। ਸੱਚੀਂ ਮੈਨੂੰ ਮਾਂ ਪਿਆਰੀ ਵੀ ਬਾਹਲ਼ੀ ਹੈ, ਪਰਦੇਸ ਰਹਿੰਦਿਆਂ ਮੇਰੇ ਵਿਛੋੜੇ ਨੂੰ ਦਿਲ ਤੇ ਲਾਉਂਦੀ ਅੱਧੀ ਰਹਿ ਗਈ, ਉਡੀਕ ਉਡੀਕ ਅੱਖਾਂ ਥੱਕ ਗਈਆਂ ਉਸ ਦੀਆਂ, ਇੱਕ ਇੱਕ ਦਿਨ ਅਰਦਾਸਾਂ ਕਰਦੀ ਸਾਡੀਆਂ ਸੁੱਖਾਂ ਮੰਗਦੀ ਹੈ। ਖੌਰੇ ਮਾਂ ਦੀਆਂ ਅਸੀਸਾਂ ਸਹਾਰੇ ਅਸੀਂ ਸਮੁੰਦਰਾਂ ਤੋਂ ਪਾਰ ਰੰਗੀਂ ਵੱਸਦੇ ਹਾਂ। ਇੱਕ ਗੱਲੋਂ ਮਾਂ ਖ਼ੁਸ਼ ਵੀ ਹੈ ਕਿ ਚਲੋ ਬਾਹਰ ਆਹਰੇ ਲੱਗਿਆ ਕੰਮ ਕਰਦਾ ਪਰਿਵਾਰ ਪਾਲਦਾ, ਇਹਨੇ ਕਿਹੜਾ ਉੱਥੇ ਸਦਾ ਬੈਠੇ ਰਹਿਣਾ ਬਸ ਵਾਪਸ ਆ ਹੀ ਜਾਣਾ। ਚੱਲ ਉਹ ਜਾਣੇ ਇਹਦਾ ਸੁਪਨਾ ਸੀ ਬਾਹਰ ਜਾਣ ਦਾ। ਮੈਂ ਮਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਮੈਂ ਉੱਥੇ ਸਦਾ ਨਹੀਂ ਰਹਿਣਾ ਬਸ ਇੱਕ ਵਾਰੀ ਆਪਣੀ ਕਿਸਮਤ ਅਜ਼ਮਾ ਲੈਣ ਦੇ। ''ਤੇ ਸੱਚੀਂ ਮਾਂ ਨੇ ਰੋਕਿਆ ਵੀ ਨੀ, ਨਹੀਂ ਤਾਂ ਮਾਂ ਸੀ ਭਾਵੇਂ ਕਹਿ ਦਿੰਦੀ ਨਹੀਂ ਜਾਣ ਦਿੰਦੀ ਰਾਹ ਰੋਕ ਲੈਂਦੀ ਪਰ ਨਹੀਂ ਮਾਂ ਜੋ ਸੀ, ਪਿਆਰੀ ਮਾਂ।
ਪਿੱਛੇ ਜਿਹੇ ਪੰਜਾਬ ਗਏ ਤਾਂ ਮਾਂ ਤੇ ਇੱਕ ਕਹਾਣੀ ਲਿਖੀ ਮਾਂ ਵਰਗੀ। ਰੋਂਦਿਆਂ ਹੀ ਲਿਖੀ ਸੀ ਤੇ ਅੱਗੋਂ ਸੌ ਵਿਸਮੇਂ ਪੜਨ ਵਾਲੇ ਦੀ ਵੀ ਧਾਹ ਨਿਕਲ ਜਾਂਦੀ ਸੀ ਕਿਉਂਕਿ ਮਾਂਵਾਂ ਤਾਂ ਸਭ ਨੂੰ ਪਿਆਰੀਆਂ ਹੁੰਦੀਆਂ ਸ਼ਾਇਦ ਤਾਂ ਕਰਕੇ। ਪੇਪਰ ਵਿੱਚ ਛਪੀ ਤਾਂ ਨਾਲ ਮਾਂ ਦੀ ਫ਼ੋਟੋ ਵੀ ਸੀ। ਦੇਖ ਕੇ ਮਾਂ ਬਹੁਤ ਖੁਸ਼ ਹੋਈ ਕਿ ਮੇਰੀ ਅਨਪੜ੍ਹ ਦੀ ਵੀ ਫ਼ੋਟੋ ਲੱਗੀ ਹੈ ਅਖ਼ਬਾਰ ਵਿੱਚ, ਫਿਰ ਪਤਾ ਨੀ ਕਿਉਂ ਅੱਖਾਂ ਜਿਹੀਆਂ ਭਰਦੀ ਰੋਣ ਲੱਗ ਗਈ ਤੇ ਕਹਿੰਦੀ :- ''ਜਦੋਂ ਇਹ ਲਿਖਦਾ ਲਿਖਦਾ ਅੱਖਾਂ ਜਿਹੀਆਂ ਲਾਲ ਕਰੀ ਰੋਈ ਜਾਂਦਾ ਸੀ ਮੈਂ ਤਾਂ ਉਦੋਂ ਹੀ ਬੁੱਝ ਲਿਆ ਸੀ ਬਈ ਕੀ ਲਿਖਦਾ, ਮਾਂ ਹਾਂ ਮੈਂ ਤੇਰੀ, ਤੇਰੇ ਭਾਅ ਦੀ ਮੈਨੂੰ ਕੁੱਝ ਪਤਾ ਨਹੀਂ, ਮੈਨੂੰ ਚਾਰਦਾ ਬਲੌਲ ਜਿਹਾ। ਲੈ ਪੜ੍ਹ ਕੇ ਸੁਣਾ ਕੀ ਲਿਖਿਆ ਮੇਰੇ ਬਾਰੇ ਸੁਣਾਂ ਤਾਂ ਸਹੀ''।

ਮੇਰੇ ਅੰਦਰੋਂ ਹਾਉਂਕਾ ਜਿਹਾ ਨਿਕਲਿਆ ਤੇ ਭਮੱਤਰ ਵੀ ਗਿਆ ਕਿ ਮਾਂ ਨੇ ਮੈਨੂੰ ਕਦੋਂ ਰੋਂਦਿਆਂ ਵੇਖ ਲਿਆ ਫਿਰ ਸੋਚਿਆ ਭੋਲਿਆ ਪੰਛੀਆਂ ਮਾਵਾਂ ਤੋ ਵੀ ਕਦੇ ਕੁੱਝ ਲੁਕਿਆ, ਮਾਂ ਹੈ ਉਹ ਮੇਰੀ ਫਿਰ ਬਸ ਮੂੰਹੋਂ ਇੱਕੋ ਗੱਲ ਨਿਕਲੀ ਕਿ ''ਮਾਂ ਨਾ ਤਾਂ ਮੈਥੋਂ ਪੜੀ ਜਾਣੀ ਏ ਨਾ ਤੈਥੋਂ ਸੁਣੀ ਜਾਣੀ ਏ'', ਤੇ ਮੈਂ ਅੱਖਾਂ ਜਿਹੀਆਂ ਛੁਪਾਉਂਦਾ ਗੱਚ ਭਰਦਾ ਕਮਰਿਓਂ ਬਾਹਰ ਹੋ ਗਿਆ। ਮਾਂ ਉਸ ਕਾਗ਼ਜ਼ ਤੇ ਹੱਥ ਫੇਰਦੀ ਸੋਚਾਂ ਵਿੱਚ ਡੁੱਬ ਗਈ ਉਸ ਲਿਖਤ ਨੂੰ ਸਾਂਭ ਕੇ ਰੱਖ ਲਿਆ ਕਿਸੇ ਤੋਂ ਪੜਾਉਣ ਵਾਸਤੇ, ਪਰ ਮੈਨੂੰ ਪਤਾ ਜਦੋਂ ਵੀ ਸੁਣੂ ਤੇ ਬਾਹਲ਼ਾ ਰੋਊ। ਕਿਤੇ ਨਾ ਕਿਤੇ ਮਾਂ ਨੂੰ ਵੀ ਪਤਾ ਹੈ ਕਿ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ, ਇਸ ਨੂੰ ਵੀ ਮਾਂ ਤੋਂ ਵਿਛੜਨਾ ਔਖਾ ਲੱਗਦਾ ਹੈ, ਮਾਂ ਜੋ ਹੈ ਸਭ ਸਮਝਦੀ ਹੈ।
ਮਾਂ ਨੂੰ ਦੱਸੇ ਬਿਨਾਂ ਸਭ ਪਤਾ ਹੁੰਦਾ ਕਿ ਮੈਨੂੰ ਕੀ ਚਾਹੀਦਾ ਮੈਨੂੰ ਕੀ ਲੋੜ ਹੈ। ਮੇਰਾ ਗ਼ੁੱਸਾ ਗਿਲਾ ਹਾਸਾ ਮਖ਼ੌਲ ਸਭ ਅੱਖਾਂ ਤੋਂ ਪੜ੍ਹ ਲੈਂਦੀ ਹੈ। ਕਈ ਵਾਰ ਮੈਨੂੰ ਇਉਂ ਲੱਗਦਾ ਜਿਵੇਂ ਰੱਬ ਨੇ ਕੋਈ ਦੂਤ ਸਿਰਫ਼ ਮੇਰੇ ਲਈ ਹੀ ਭੇਜਿਆ ਹੋਵੇ ਜੋ ਮੇਰੇ ਅੱਗੇ ਅੱਗੇ ਮੇਰਾ ਅੱਗਾ ਸੰਵਾਰਦਾ ਜਾਂਦਾ। ਕਦੇ ਕਦੇ ਮਾਂ ਮੈਨੂੰ ਅਲਾਦੀਨ ਦਾ ਚਿਰਾਗ਼ ਲੱਗੂ ਜੋ ਵੀ ਮੰਗੋ ਆਪਣੀ ਪੋਟਲੀ ਵਿੱਚ ਹੱਥ ਮਾਰ ਕੇ ਕਹੂ ਆਹ ਲੈ। ਮਾਂ ਦੇ ਹੱਥਾਂ ਵਿੱਚ ਬਰਕਤ ਇੰਨੀ ਹੈ ਜੋ ਵੀ ਚੀਜ਼ ਨੂੰ ਹੱਥ ਲਾਉਂਦੀ ਹੈ ਉਸ ਨੂੰ ਤਰਤੀਬ ਤੇ ਇਕਸਾਰ ਕਰਦੀ ਜਾਂਦੀ ਹੈ। ਥੋੜੇ ਜਿਹੇ ਦੁੱਧ ਨੂੰ ਸਮੁੰਦਰ ਵਾਂਗ ਵਰਤੂ ਤੇ ਇਉਂ ਲੱਗਦਾ ਜਿਵੇਂ ਘਰ ਵਿੱਚ ਦੁੱਧ ਹੀ ਦੁੱਧ ਹੋਵੇ। ਮਾਂ ਦੇ ਹੱਥਾਂ ਦਾ ਬਣਿਆ ਸਾਗ ਅੰਤਾਂ ਦਾ ਸਵਾਦ ਹੁੰਦਾ ਖੋਆ ਤੇ ਪੰਜੀਰੀ ਉਸ ਵਰਗੀ ਕੋਈ ਵੀ ਨਹੀਂ ਬਣਾ ਸਕਦਾ। ਸਭ ਦਾ ਖਿਆਲ ਰੱਖਦੀ ਬਰਕਤਾਂ ਵੰਡਦੀ ਮਾਂ।
ਆਪਾਂ ਮਾਵਾਂ ਨੂੰ ਕੀ ਦੇ ਸਕਦੇ ਹਾਂ ਮਾਵਾਂ ਸਭ ਕੁੱਝ ਵੰਡਦੀਆਂ ਹੀ ਹੁੰਦੀਆਂ ਲੈਂਦੀਆਂ ਕੁੱਝ ਵੀ ਨਹੀਂ। ਮਾਂ ਸ਼ਬਦ ਹੀ ਵੰਡਣ ਦਾ ਲੈਣ ਦਾ ਨਹੀਂ। ਇਸ ਵਾਰੀ ਪੰਜਾਬ ਗਏ ਤਾਂ ਸੋਚਿਆ ਮਾਂ ਲਈ ਮਾਂ ਦੇ ਮੇਚ ਦਾ ਕੀ ਲੈ ਕੇ ਦੇਵਾਂ ਕਿਉਂਕਿ ਮਾਂ ਦੇ ਮੇਚ ਦੀ ਕੋਈ ਚੀਜ਼ ਹੀ ਨਹੀਂ ਬਣੀ ਦੁਨੀਆ ਤੇ। ਸੋਚਿਆ ਕਿ ਮੈਂ ਤਾਂ ਮਾਵਾਂ ਦੇ ਪੈਰਾਂ ਦੀ ਧੂੜ ਹਾਂ ਮੈਂ ਕੀ ਲੈ ਕੇ ਦੇ ਸਕਦਾਂ। ਫਿਰ ਪਤਾ ਨਹੀਂ ਕੀ ਸੋਚ ਕੇ ਮਾਂ ਦੇ ਪੈਰਾਂ ਨੂੰ ਮੁਕਸਰੋਂ ਜੁੱਤੀ ਲੈ ਦਿੱਤੀ ਕਿ ਇਸੇ ਜੁੱਤੀ ਤਰਾਂ ਮਾਂ ਸਾਰੀ ਉਮਰ ਤੇਰੇ ਪੈਰਾਂ ਵਿਚ ਰਹਾਂ ਤੇਰੇ ਪੈਰਾਂ ਦੀ ਧੂੜ ਬਣਕੇ। 'ਤੇ ਕੋਸ਼ਿਸ਼ ਵੀ ਇਹੀ ਰਹੇ ਕਿ ਹੇ ਸੱਚੇ ਪਾਤਸ਼ਾਹ ਹੇ ਵਾਹਿਗੁਰੂ ਦੁਨੀਆਂ ਤੇ ਕੁੱਝ ਵੀ ਹੋਵਾਂ ਕੁਝ ਵੀ ਬਣਾਂ ਬੱਸ ਮਾਂ ਦੇ ਪੈਰਾਂ ਦੀ ਜੁੱਤੀ ਰਹਾਂ। ਤੇਰਾ ਸਾਥ ਸਦਾ ਹੀ ਬਣਿਆ ਰਹੇ ਮਾਂ, ਜਲਦੀ ਮਿਲਾਂਗੇ ਫਿਰ ਸਾਰੇ ਇਕੱਠੇ ਰਹਾਂਗੇ ਇੱਕੋ ਛੱਤ ਥੱਲੇ, ਤੇਰੇ ਪੈਰਾਂ ਦੀ ਧੂੜ ਤੇਰਾ ਬਲਕਰਨਾ।
ਜਿਵੇਂ ਸਭ ਨੂੰ ਆਪਣੀਆਂ ਮਾਵਾਂ ਪਿਆਰੀਆਂ ਨੇ ਉਵੇਂ ਹੀ ਮੈਨੂੰ ਮੇਰੀ ਮਾਂ ਸਭ ਤੋਂ ਪਿਆਰੀ ਆ।
"ਕਰਨ ਬਰਾੜ ਹਰੀ ਕੇ ਕਲਾਂ"
💞9988232197💞

No comments:

Post a Comment