ਸੱਭਿਆਚਾਰ ਦੀ ਬਦਲਦੀ ਨੁਹਾਰ
20ਵੀਂ ਸਦੀ ਤੇ ਪੱਛਮ ਦੇ ਪ੍ਰਭਾਵ ਨੇ ਸਾਡੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ | ਲੋਕ ਸਾਰੰਗੀਆਂ, ਅਲਗੋਜ਼ੇ, ਅਖਾੜੇ, ਝੂਮਰ, ਸੰਮੀ, ਫੁਲਕਾਰੀਆਂ, ਚਰਖੇ, ਖੂਹਾਂ, ਲੋਕ ਗੀਤਾਂ, ਪਹਿਰਾਵੇ, ਖਾਣ-ਪੀਣ ਆਦਿ ਨਾਲੋਂ ਨਿਖੜਦੇ ਜਾ ਰਹੇ ਹਨ | ਪੁਰਾਣੇ ਸਮਿਆਂ ਵਿਚ ਕੁੜੀਆਂ ਨੂੰ ਤਿ੍ੰਞਣਾਂ ਵਿਚ ਕਸੀਦੇ ਕੱਢਣ, ਪੀਂਘਾਂ ਝੂਟਣ ਦਾ ਬਹੁਤ ਸ਼ੌਕ ਹੁੰਦਾ ਸੀ, ਪਰ ਸਮੇਂ ਦੇ ਨਾਲ-ਨਾਲ ਕੁੜੀਆਂ ਨੇ ਇਨ੍ਹਾਂ ਚੀਜ਼ਾਂ ਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਹੈ। ਅੱਜਕਲ੍ਹ ਕੁੜੀਆਂ ਵਧੇਰੇ ਸਮਾਂ ਜਿਮ, ਕਲੱਬਾਂ ਤੇ ਕਿੱਟੀ ਪਾਰਟੀਆਂ ਵਿਚ ਬਿਤਾਉਂਦੀਆਂ ਹਨ। ਇਨ੍ਹਾਂ ਪਿੱਛੇ ਉਨ੍ਹਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਸਾਡੇ ਸਮਾਜ ਵਿਚ ਕਿਤੇ-ਕਿਤੇ ਕੁੜੀਆਂ ਨੂੰ ਅਜੇ ਵੀ ਦਬਾਅ ਕੇ ਰੱਖਿਆ ਜਾਂਦਾ ਹੈ, ਪਰ ਜ਼ਿਆਦਾ ਕਰਕੇ ਮਾਤਾ-ਪਿਤਾ ਨੇ ਕੰਮਾਂਕਾਰਾਂ ਵਿਚ ਰੁੱਝੇ ਹੋਣ ਕਰਕੇ ਆਪਣੇ ਬੱਚਿਆਂ ਨੂੰ ਸੁਤੰਤਰ ਹੋ ਕੇ ਆਪਣੇ ਕੰਮ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ ਹੈ।
ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ਹੌਲੀ-ਹੌਲੀ ਪੰਜਾਬ ਵੀ ਵਿਦੇਸ਼ੀ ਸੱਭਿਆਚਾਰ ਅਨੁਸਾਰ ਆਪਣੇ-ਆਪ ਨੂੰ ਢਾਲ ਰਿਹਾ ਹੈ। ਅੱਜਕਲ੍ਹ ਕੁੜੀਆਂ ਤੇ ਤੀਵੀਆਂ ਦੀ ਸਿਰਾਂ ਤੋਂ ਚੁੰਨੀ ਤਾਂ ਗੁਆਚ ਰਹੀ ਹੈ ਕਿਉਂਕਿ ਅਜੋਕੀ ਪੀੜ੍ਹੀ ਪੱਛਮੀ ਪਹਿਰਾਵੇ ਤੇ ਜੰਕ ਫੂਡ ਵੱਲ ਆਕਰਸ਼ਿਤ ਹੋ ਕੇ ਉਸੇ ਦੀ ਬਣ ਕੇ ਰਹਿ ਗਈ ਹੈ। ਇਹੀ ਕਾਰਨ ਹੈ ਕਿ ਹੁਣ ਸਾਗ ਕੱਟਣ ਵਾਲਾ ਦਾਤ, ਤੰਦੂਰ ਤੇ ਚੁੱਲ੍ਹੇ ਨੂੰ ਲੋਕ ਭੁੱਲ ਗਏ ਹਨ, ਕਿਉਂਕਿ ਹੁਣ ਘਰ-ਘਰ ਵਿਚ ਮਾਈਕ੍ਰੋਵੇਵ ਤੇ ਆਟੇ ਗੁੰਨ੍ਹਣ ਵਾਲੀਆਂ ਮਸ਼ੀਨਾਂ, ਭਾਂਡੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ ਹਨ। ਅਸੀਂ ਦਿਨੋਂ-ਦਿਨ ਕੰਮਾਂ ਵਿਚ ਰੁੱਝੇ ਹੋਣ ਕਰਕੇ ਆਪ ਹੀ ਆਪਣੀਆਂ ਸਹੂਲਤਾਂ ਲਈ ਸੱਭਿਆਚਾਰ ਨੂੰ ਭੁੱਲ ਰਹੇ ਹਾਂ। ਇਸ ਵਿਚ ਆਉਣ ਵਾਲੀ ਪੀੜ੍ਹੀ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ।
ਕੁਝ ਸਮਾਂ ਪਹਿਲਾਂ ਜਿਥੇ ਪੰਜਾਬੀਆਂ ਦੇ ਮੂੰਹ ਵਿਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਲੱਸੀ, ਮੱਖਣ, ਖੀਰ, ਪੂੜੇ ਆਦਿ ਬਾਰੇ ਸੁਣ ਕੇ ਪਾਣੀ ਆ ਜਾਂਦਾ ਸੀ, ਉਥੇ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਬਰਗਰ, ਨੂਡਲਸ, ਪੀਜ਼ੇ ਵਰਗੀਆਂ ਚੀਜ਼ਾਂ ਖਾ ਕੇ ਘਰੋਂ ਪੈਸੇ ਲਗਾ ਕੇ ਬਿਮਾਰੀ ਨੂੰ ਸੱਦਾ ਦੇ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਘਰੇਲੂ ਖਾਣੇ ਦੀ ਮਹੱਤਤਾ ਨਹੀਂ ਪਤਾ ਕਿ ਜੋ ਤੱਤ ਉਸ ਵਿਚ ਹਨ, ਉਹ ਜੰਕ ਫੂਡ ਵਿਚ ਮੌਜੂਦ ਨਹੀਂ ਹਨ। ਅੱਜਕਲ੍ਹ ਘਰਾਂ ਵਿਚ ਪਰਿਵਾਰ ਦੇ ਹਰ ਮੈਂਬਰ ਦੇ ਰੁਝੇਵਿਆਂ ਕਰਕੇ, ਸਮਾਂ ਨਾ ਹੋਣ ਕਰਕੇ ਉਹ ਘਰ ਵਿਚ ਸਾਗ ਤੇ ਮੱਕੀ ਦੀ ਰੋਟੀ ਬਣਾਉਣ ਤੋਂ ਸੰਕੋਚ ਕਰਦੇ ਹਨ ਤੇ ਉਸ ਭੋਜਨ ਦੀ ਬਜਾਏ ਬੱਚਿਆਂ ਨੂੰ ਬਾਹਰ ਦਾ ਖਾਣਾ ਖਾਣ ਲਈ ਉਕਸਾਅ ਰਹੇ ਹਨ। ਇਸੇ ਤਰ੍ਹਾਂ ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮਿਆਂ ਵਿਚ ਲੋਕੀਂ ਸਿਰਫ਼ ਸੰਤੁਲਿਤ ਭੋਜਨ ਦੀਆਂ ਤਸਵੀਰਾਂ ਹੀ ਵੇਖਣਗੇ, ਖਾਣ ਲਈ ਇਹ ਘੱਟ ਹੀ ਮਿਲੇਗਾ। ਅੱਜਕਲ੍ਹ ਦੇ ਬੱਚਿਆਂ ਦੇ ਮਿਹਦੇ ਕਮਜ਼ੋਰ ਹੋਣ ਕਰਕੇ ਉਨ੍ਹਾਂ ਵਿਚ ਦੇਸੀ ਘਿਓ ਪਚਾਉਣ ਦੀ ਸ਼ਕਤੀ ਨਹੀਂ ਰਹੀ। ਪਹਿਲਾਂ ਲੋਕ ਸੇਰ-ਸੇਰ ਘਿਓ ਖਾ ਜਾਂਦੇ ਸਨ।
ਇਸੇ ਤਰ੍ਹਾਂ ਹੁਣ ਗੱਲ ਕਰੀਏ ਫੁਲਕਾਰੀ, ਖੂਹ, ਟਿੰਡਾਂ, ਪਿੱਤਲ ਦੇ ਭਾਂਡੇ, ਦਰੀਆਂ ਤੇ ਖੇਸ, ਪੱਖੀਆਂ ਆਦਿ ਦੀ। ਅੱਜਕਲ੍ਹ ਦੇ ਬੱਚਿਆਂ ਸਾਹਮਣੇ ਇਨ੍ਹਾਂ ਚੀਜ਼ਾਂ ਦੇ ਨਾਂਅ ਲਓ ਤਾਂ ਉਹ ਮੂੰਹ ਚਿੜਾਅ ਕੇ ਹੱਸ ਪੈਂਦੇ ਹਨ ਕਿ ਇਹ ਸਭ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਮਸ਼ੀਨੀ ਯੁੱਗ ਆਉਣ ਦੇ ਨਾਲ ਏ. ਸੀ. ਵਿਚ ਰਹਿਣ ਵਾਲੇ ਬੱਚਿਆਂ ਨੂੰ ਪੱਖੀਆਂ ਬਾਰੇ ਕਿੱਥੋਂ ਪਤਾ ਹੋਵੇਗਾ? ਡਿਨਰ ਸੈੱਟ 'ਤੇ ਵਧੀਆ ਭਾਂਡਿਆਂ ਦੀ ਵਰਤੋਂ ਘਰ ਵਿਚ ਹੋਣ ਨਾਲ ਉਹ ਪਿੱਤਲ ਦੇ ਭਾਂਡਿਆਂ ਨੂੰ ਕਿਉਂ ਪੁੱਛਣਗੇ? ਸਰਦੀਆਂ ਵਿਚ ਕਮਰਿਆਂ ਵਿਚ ਹੀਟਰ ਹੋਣਗੇ, ਗਰਮ ਕੰਬਲ ਹੋਣਗੇ ਤੇ ਉਨ੍ਹਾਂ ਨੂੰ ਦਰੀਆਂ ਤੇ ਖੇਸਾਂ ਦੀ ਪਹਿਚਾਣ ਕਿਥੋਂ ਹੋਵੇਗੀ? ਪੁਰਾਣੇ ਸਮੇਂ ਦੇ ਲੋਕਾਂ ਕੋਲੋਂ ਇਹ ਸਾਮਾਨ ਜ਼ਰੂਰ ਵੇਖਣ ਲਈ ਮਿਲੇਗਾ, ਪਰ ਆਧੁਨਿਕ ਯੁੱਗ ਦੇ ਬੱਚੇ ਇਨ੍ਹਾਂ ਚੀਜ਼ਾਂ ਨੂੰ ਵੇਖਣਾ ਤਾਂ ਕੀ, ਨਾਂਅ ਸੁਣ ਕੇ ਹੀ ਉਹ ਉੱਚੀ-ਉੱਚੀ ਹੱਸ ਪੈਣਗੇ। ਅੱਜਕਲ੍ਹ ਦੇ ਬੱਚਿਆਂ ਨੂੰ ਇਨ੍ਹਾਂ ਤੋਂ ਇਲਾਵਾ ਕਣਕ ਦੇ ਸਿੱਟਿਆਂ ਤੱਕ ਦਾ ਪਤਾ ਨਹੀਂ ਹੈ।
ਹੁਣ ਗੱਲ ਕਰੀਏ ਮਾਂ-ਬੋਲੀ ਦੀ, ਲੋਕ ਆਪਣੀ ਮਾਂ-ਬੋਲੀ ਨੂੰ ਦਿਨੋ-ਦਿਨ ਵਿਸਾਰਦੇ ਜਾ ਰਹੇ ਹਨ। ਬੱਚੇ ਤੇ ਨੌਜਵਾਨ ਸਭ ਘਰੋਂ ਬਾਹਰ ਜਾ ਕੇ ਪੰਜਾਬੀ ਬੋਲਣ ਵਿਚ ਹੇਠੀ ਮਹਿਸੂਸ ਕਰਦੇ ਹਨ। ਮਾਤਾ-ਪਿਤਾ ਵੀ ਦੇਖੋ-ਦੇਖੀ ਸਮਾਜਿਕ ਪ੍ਰਭਾਵ ਅਧੀਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ, ਹਿੰਦੀ ਬੋਲਣ ਲਈ ਪ੍ਰੇਰਿਤ ਕਰਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜੀ ਰੱਖਣ ਤਾਂ ਹੀ ਬੱਚਿਆਂ ਵਿਚ ਮਾਂ-ਬੋਲੀ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੋਵੇਗੀ। ਇਸ ਬਾਰੇ ਇਕ ਗੀਤ ਵੀ ਹੈੈ:
ਮੈਨੂੰ ਇਉਂ ਨਾ ਮਨੋ ਵਿਸਾਰ,
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ।
ਮਾਂ-ਬੋਲੀ ਦੇ ਨਾਲ-ਨਾਲ ਸਾਡੇ ਰਹਿਣ-ਸਹਿਣ, ਪਹਿਰਾਵੇ ਅਤੇ ਖੇਡਾਂ ਵਿਚ ਵੀ ਬਦਲਾਅ ਆ ਗਿਆ ਹੈ। ਅਜੋਕੇ ਸਮੇਂ ਵਿਚ ਬੱਚਿਆਂ, ਨੌਜਵਾਨਾਂ ਨੂੰ ਚੋਪੜ, ਕੋਟਲਾ ਛਪਾਕੀ, ਗੁੱਲੀ ਡੰਡਾ ਵਰਗੀਆਂ ਖੇਡਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਪੁਰਾਣੇ ਸਮਿਆਂ ਵਿਚ ਲੋਕ ਸ਼ੌਕੀਆ ਤੌਰ 'ਤੇ ਅਜਿਹੇ ਮੁਕਾਬਲਿਆਂ ਲਈ ਕਬੱਡੀ, ਚੌਪੜ, ਗਤਕੇ ਆਦਿ ਖੇਡਦੇ ਸਨ, ਪਰ ਅੱਜਕਲ੍ਹ ਕਈ ਨਵੀਆਂ ਖੇਡਾਂ ਨੇ ਇਨ੍ਹਾਂ ਦੀ ਥਾਂ ਲਈ ਹੈ। ਪੁਰਾਤਨ ਯੁੱਗ ਦੇ ਪਹਿਰਾਵੇ ਤੇ ਆਧੁਨਿਕ ਯੁੱਗ ਦੇ ਪਹਿਰਾਵੇ ਵਿਚ ਢੇਰ ਸਾਰਾ ਅੰਤਰ ਆ ਗਿਆ ਹੈ। ਪਹਿਲਾਂ ਸਲਵਾਰ-ਕਮੀਜ਼ ਤੇ ਧੋਤੀ-ਕੁੜਤੇ, ਪੈਂਟ-ਕਮੀਜ਼ ਦਾ ਰਿਵਾਜ ਸੀ ਪਰ ਅੱਜਕਲ੍ਹ ਨੌਜਵਾਨ ਪੀੜ੍ਹੀ ਦਾ ਪਹਿਰਾਵਾ ਅੰਗਰੇਜ਼ੀ ਅਸਰ ਕਰਕੇ ਵੱਖਰੀ ਕਿਸਮ ਦਾ ਹੈ, ਉਨ੍ਹਾਂ ਲਈ ਪਹਿਰਾਵਾ ਇਕ ਹੁਨਰ ਬਣ ਗਿਆ ਹੈ। ਕੱਪੜੇ ਖਰੀਦਣ, ਸਿਵਾਉਣ, ਪਾਉਣ ਤੇ ਸਜਾਉਣ ਵਿਚ ਸੁਰਮਾ ਮਟਕਾਉਣ ਵਾਲੀ ਗੱਲ ਕੀਤੀ ਜਾਣ ਲੱਗ ਪਈ ਹੈ। ਇਹ ਇਕ ਫੈਸ਼ਨ ਹੈ ਕਿਉਂਕਿ ਲੋਕ ਦੇਖੋ-ਦੇਖੀ ਪਹਿਰਾਵਾ ਜੇ ਨਹੀਂ ਬਦਲਦੇ ਤਾਂ ਸਮਾਜ ਵਿਚ ਰਹਿੰਦੇ ਹੋਏ ਉਹ ਮੂਰਖ ਅਖਵਾਉਂਦੇ ਹਨ। ਅੱਜਕਲ੍ਹ ਪੱਛਮੀ ਪਹਿਰਾਵਾ ਲੋਕ-ਦਿਖਾਵੇ ਤੇ ਦੂਜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਪਾਉਂਦੇ ਹਨ। ਬੱਚੇ ਤੇ ਨੌਜਵਾਨ ਸਮਾਜ ਵਿਚ ਵਿਚਰਦੇ ਹੋਏ ਉਸੇ ਤਰ੍ਹਾਂ ਦਾ ਪਹਿਰਾਵਾ ਪਾਉਣਾ ਚਾਹੁੰਦੇ ਹਨ। ਉਹ ਮਾਤਾ-ਪਿਤਾ ਨੂੰ ਨਾ ਪੁੱਛਦੇ ਹੋਏ ਆਪਣੇ ਪਹਿਰਾਵੇ ਦੀ ਚੋਣ ਆਪ ਕਰਨਾ ਵਧੇਰੇ ਪਸੰਦ ਕਰਦੇ ਹਨ | ਅਜਿਹੇ ਮਾਹੌਲ ਵਿਚ ਉਹ ਸੱਭਿਆਚਾਰ ਤੇ ਪੰਜਾਬੀ ਪਹਿਰਾਵੇ ਬਾਰੇ ਕਿਥੋਂ ਜਾਣੂੰ ਹੋਣਗੇ?
ਅੱਜ ਰਹਿਣ-ਸਹਿਣ ਕਿੰਨਾ ਬਦਲ ਗਿਆ ਹੈ। ਸਾਂਝੇ ਪਰਿਵਾਰ ਟੁੱਟ ਰਹੇ ਹਨ, ਇਕੱਲਿਆਂ ਰਹਿਣਾ ਅੱਜਕਲ੍ਹ ਫੈਸ਼ਨ ਬਣ ਗਿਆ ਹੈ। ਕੋਈ ਪਰਿਵਾਰ ਵਿਚ ਬਜ਼ੁਰਗਾਂ ਦੀ ਗੱਲ ਨੂੰ ਸਹਾਰ ਨਹੀਂ ਸਕਦਾ। ਬਜ਼ੁਰਗਾਂ ਨੂੰ ਪਹਿਲਾਂ ਵਰਗਾ ਸਤਿਕਾਰ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਸਮਾਜ ਵਿਚ ਦਿਨੋ-ਦਿਨ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਘਰਾਂ ਵਿਚੋਂ, ਪਰਿਵਾਰਾਂ ਵਿਚੋਂ ਕਈ ਮੈਂਬਰ ਬਾਹਰ ਆਪਣੇ ਕੰਮਾਂ ਵਿਚ ਰੁੱਝੇ ਰਹਿੰਦੇ ਹਨ ਤੇ ਘਰ ਵਿਚ ਬੱਚਿਆਂ ਦਾ ਧਿਆਨ ਰੱਖਣ ਲਈ ਕੰਮ ਵਾਲੀਆਂ ਹੁੰਦੀਆਂ ਹਨ। ਉਨ੍ਹਾਂ ਵੱਲ ਪੂਰਾ ਧਿਆਨ ਨਾ ਦੇਣ ਕਾਰਨ ਉਹ ਵਿਗੜ ਜਾਂਦੇ ਹਨ ਤਾਂ ਹੀ ਬੱਚਿਆਂ ਦੀ ਸ਼ਖ਼ਸੀਅਤ ਦਾ ਸਹੀ ਵਿਕਾਸ ਨਹੀਂ ਹੁੰਦਾ। ਅਜੋਕੇ ਸਮੇਂ ਵਿਚ ਲੋੜ ਹੈ ਜਾਗਰੂਕਤਾ ਦੀ, ਕਿਉਂਕਿ ਆਧੁਨਿਕ ਬਦਲਾਅ ਨੇ ਸਾਡੇ ਸੱਭਿਆਚਾਰ ਦੀ ਮਹੱਤਤਾ ਨੂੰ ਘਟਾ ਦਿਤਾ ਹੈ। ਜੇ ਅਸੀਂ ਆਪਣੇ ਸੱਭਿਆਚਾਰ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੌਾਪਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਜਾਣ।
ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਮੁਢਲੀ ਸਿੱਖਿਆ ਮਾਂ-ਬੋਲੀ ਵਿਚ ਦੇਵੇ। ਸੰਸਾਰ ਭਰ ਦੇ ਵਿਦਵਾਨ ਮੰਨਦੇ ਹਨ ਕਿ ਬੱਚੇ ਦੀ ਸ਼ਖ਼ਸੀਅਤ ਦਾ ਤਾਂ ਹੀ ਸਹੀ ਵਿਕਾਸ ਹੋਵੇਗਾ, ਜੇ ਉਨ੍ਹਾਂ ਦੀ ਮੁਢਲੀ ਸਿੱਖਿਆ ਮਾਂ-ਬੋਲੀ ਵਿਚ ਹੋਵੇਗੀ। ਲੋੜ ਹੈ ਸਮੇਂ ਅਨੁਸਾਰ ਸੰਭਲਣ ਦੀ। ਜੇ ਇਸੇ ਤਰ੍ਹਾਂ ਅਸੀਂ ਸੱਭਿਆਚਾਰ ਨੂੰ ਵਿਸਾਰਦੇ ਗਏ ਤਾਂ ਇਕ ਦਿਨ ਅਸੀਂ ਆਪਣਾ ਸੱਭਿਆਚਾਰ ਪੱਛਮੀ ਪ੍ਰਭਾਵ ਹੇਠ ਗੁਆ ਕੇ ਹੀਣਭਾਵਨਾ ਦਾ ਸ਼ਿਕਾਰ ਹੋ ਜਾਵਾਂਗੇ। |
No comments:
Post a Comment