ਸ਼ੋਹਰਤ ਦੀ ਖ਼ੁਸ਼ਬੂ
ਡਾ. ਹਰਚੰਦ ਸਿੰਘ ਸਰਹਿੰਦੀ
ਇਸ ਸੰਸਾਰ ਵਿੱਚ ਵਿਚਰਦਿਆਂ ਹਰ ਵਿਅਕਤੀ ਦੀਆਂ ਆਪੋ-ਆਪਣੀਆਂ ਕੁਝ ਇੱਛਾਵਾਂ ਹੁੰਦੀਆਂ ਹਨ ਪਰ ਸ਼ੋਹਰਤ ਦੀ ਇੱਛਾ ਲਗਪਗ ਹਰ ਇਨਸਾਨ ਪਾਲਦਾ ਹੈ ਜਾਂ ਕਹਿ ਲਵੋ ਕਿ ਸ਼ੋਹਰਤ ਦੀ ਇੱਛਾ ਰੱਖਣੀ ਇਨਸਾਨ ਦੀ ਇੱਕ ਕਮਜ਼ੋਰੀ ਹੈ।
ਉਪਨਿਸ਼ਦਾਂ ਵਿੱਚ ਮਨੁੱਖ ਦੀਆਂ ਤਿੰਨ ਪ੍ਰਮੁੱਖ ਇੱਛਾਵਾਂ ਦਾ ਜ਼ਿਕਰ ਮਿਲਦਾ ਹੈ: ਵਿਤੇਸ਼ਨਾ, ਪੁੱਤੇਸ਼ਨਾ ਅਤੇ ਲੋਕੇਸ਼ਨਾ। ਇਸ ਦਾ ਭਾਵ: ਮਨੁੱਖ ਚਾਹੁੰਦਾ ਹੈ ਕਿ ਉਸ ਕੋਲ ਵਿੱਤ (ਮਾਇਆ) ਹੋਵੇ, ਉਸ ਦੇ ਘਰ ਪੁੱਤਰ ਹੋਵੇ ਅਤੇ ਲੋਕ ਉਸ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਆਦਰ-ਸਤਿਕਾਰ ਕਰਨ। ਜੀਵਨ ਤਜਰਬਾ ਵੀ ਇਹੋ ਦੱਸਦਾ ਹੈ ਕਿ ਧਨ-ਦੌਲਤ ਤੇ ਔਲਾਦ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਸ਼ੋਹਰਤ ਲਈ ਤਾਂਘਦਾ ਹੈ। ਆਪਣੀ ਇਸ ਇੱਛਾ ਦੀ ਪੂਰਤੀ ਲਈ ਉਹ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਇਸ ਸਬੰਧ ਵਿੱਚ ਇੱਕ ਚੋਣਵੀਂ ਮਿਸਾਲ ਇਹ ਹੈ: ਤੁਸੀਂ ਕਦੇ ਨਾ ਕਦੇ ਇਹ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਕਈ ਧਨਵਾਨ ਵਿਅਕਤੀ ਕੜਾਕੇ ਦੀ ਠੰਢ ਦੇ ਮੌਸਮ ਵਿੱਚ ਗ਼ਰੀਬ-ਗੁਰਬਿਆਂ, ਖ਼ਾਸਕਰ ਰੋਗਾਂ ਤੋਂ ਪੀੜਤ ਲੋਕਾਂ ਨੂੰ ਕੱਪੜੇ ਤੇ ਕੰਬਲ ਤਕਸੀਮ ਕਰਦੇ ਹਨ ਅਤੇ ਫਿਰ ਅਖ਼ਬਾਰਾਂ ਵਿੱਚ ਆਪਣੀ ਚਰਚਾ ਕਰਵਾਉਂਦੇ ਤੇ ਫ਼ੋਟੋਆਂ ਛਪਵਾਉਂਦੇ ਹਨ। …ਪਰ ਸ਼ੋਹਰਤ ਮੰਗਿਆਂ ਨਹੀਂ ਮਿਲਦੀ ਤੇ ਨਾ ਹੀ ਇਸ ਨੂੰ ਪੈਸੇ ਨਾਲ ਖ਼ਰੀਦਿਆ ਜਾ ਸਕਦਾ ਹੈ।
ਸ਼ੋਹਰਤ ਦੀ ਪ੍ਰਾਪਤੀ ਲਈ ਮਨੁੱਖ ਨੂੰ ਜੀਵਨ ਦੇ ਕਿਸੇ ਖੇਤਰ ਜਿਵੇਂ ਧਰਮ, ਰਾਜਨੀਤੀ, ਕਲਾ, ਸਾਹਿਤ, ਵਿਗਿਆਨ, ਖੇਡਾਂ, ਨਵੀਆਂ ਖੋਜਾਂ ਆਦਿ ਵਿੱਚ ਕੁਝ ਨਿਵੇਕਲਾ ਕਰ ਗੁਜ਼ਰਨ ਲਈ ਮਰ-ਮਿਟਣ ਵਾਲੇ ਜਜ਼ਬੇ ਨਾਲ ਕੰਮ ਕਰਨਾ ਪੈਂਦਾ ਹੈ। ਕਿਸੇ ਖੇਤਰ ਵਿੱਚ ਨਾਂ ਪੈਦਾ ਕਰਨ ਲਈ ‘ਬਿਖਮੁ ਮਾਰਗਿ ਚਲਣਾ’ ਦੀ ਕੁਠਾਲੀ ਵਿੱਚੋਂ ਲੰਘਣਾ ਪੈਂਦਾ ਹੈ। ਮਤਲਬ ਸ਼ੋਹਰਤ ਵੱਲ ਜਾਂਦਾ ਰਾਹ ‘ਏਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ।’ ਸੋ, ਨਾਂ, ਜੱਸ ਜਾਂ ਪ੍ਰਸਿੱਧੀ ਇੱਕ ਦਿਨ ਵਿੱਚ ਨਹੀਂ ਮਿਲਦੀ। ਇਹ ਤਾਂ ਲੰਮੀ ਜਦੋ-ਜਹਿਦ ਦਾ ਸਿੱਟਾ ਹੁੰਦਾ ਹੈ। ਇਸੇ ਜਦੋ-ਜਹਿਦ ਦਾ ਜ਼ਿਕਰ ਕਰਦਿਆਂ ਲਾਂਗਫੈਲੋ ਕਹਿੰਦਾ ਹੈ ਕਿ ਮਹਾਨ ਪੁਰਸ਼ ਮਹਾਨਤਾ ਦੀ ਸਿਖਰ ’ਤੇ ਕਿਸੇ ਅਚਾਨਕ ਉਡਾਰੀ ਦੁਆਰਾ ਇਕਦਮ ਨਹੀਂ ਪਹੁੰਚ ਗਏ ਹੁੰਦੇ, ਜਦੋਂ ਉਨ੍ਹਾਂ ਦੇ ਸਾਥੀ ਸੁੱਤੇ ਹੁੰਦੇ ਸਨ, ਉਦੋਂ ਉਹ ਜਗਰਾਤੇ ਕੱਟ-ਕੱਟ ਕੇ ਮਿਹਨਤਾਂ ਕਰਿਆ ਕਰਦੇ ਸਨ।
ਹੇਰਾ-ਫੇਰੀ ਜਾਂ ਪੈਸੇ ਦੇ ਜ਼ੋਰ ਨਾਲ ਹਾਸਲ ਕੀਤੀ ਸ਼ੋਹਰਤ ਛੇਤੀ ਹੀ ਸਮੇਂ ਦੀ ਧੂੜ ਹੇਠ ਦੱਬ ਕੇ ਰਹਿ ਜਾਂਦੀ ਹੈ। ਉਂਜ ਵੀ ਕਿਸੇ ਪ੍ਰਕਾਰ ਦਾ ਜੁਗਾੜ ਫਿੱਟ ਕਰ ਕੇ ਸ਼ੋਹਰਤ ਹਾਸਲ ਕਰਨੀ ਕੋਈ ਚੰਗੀ ਗੱਲ ਨਹੀਂ ਹੁੰਦੀ। ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ ਦੀ ਮਸ਼ਹੂਰ ਗ਼ਜ਼ਲ ਦੀਆਂ ਸਤਰਾਂ ਹਨ:
ਚਾਲ ਸਮੇਂ ਦੀ ਕਹਿੰਦੀ ਹੈ ਕੋਈ ਆਪਾਂ ਵੀ ‘ਵਲ-ਛਲ’ ਕਰੀਏ।
ਪਰ ਦਿਲ ਕਹਿੰਦੈ ਐ ਬੰਦੇ! ਕੋਈ ਬੰਦਿਆਂ ਵਾਲੀ ਗੱਲ ਕਰੀਏ।
ਦੋਸਤੋ! ਬੰਦਿਆਂ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਮਨੁੱਖ ਆਪਣੀ ਕਲਾ ਜਾਂ ਚੰਗੇ ਕੰਮਾਂ ਦੇ ਦਮ ’ਤੇ ਸ਼ੋਹਰਤ ਖੱਟੇ। ਸ਼ੋਹਰਤ ਤੋਹਫ਼ਾ ਨਹੀਂ ਹੈ ਜੋ ਤੁਹਾਨੂੰ ਕੋਈ ਦੇ ਜਾਵੇਗਾ। ਇਹ ਤਾਂ ਕਮਾਉਣੀ ਪੈਂਦੀ ਹੈ, ਤੁਹਾਡੇ ਵੱਲੋਂ ਕੀਤੇ ਬਹਾਦਰੀ ਦੇ ਕਾਰਨਾਮਿਆਂ ’ਚੋਂ ਆਪ-ਮੁਹਾਰੇ ਫੁੱਟਦੀ ਹੈ। ਸੁਕਰਾਤ ਸ਼ੋਹਰਤ ਨੂੰ ਇਨਸਾਨ ਦੇ ਚੰਗੇ ਕੰਮਾਂ ਦੀ ਖ਼ੁਸ਼ਬੂ ਦਾ ਨਾਂ ਦਿੰਦਾ ਹੈ। ਇਹੋ ਕਾਰਨ ਹੈ ਕਿ ਸ਼ੋਹਰਤ ਬੰਦੇ ਨੂੰ ਇੱਕ ਸੋਹਣਾ, ਪਿਆਰਾ ਤੇ ਮਹਿਕਦਾ ਇਨਸਾਨ ਬਣਾ ਦਿੰਦੀ ਹੈ। ਚੇਤੇ ਰਹੇ! ਦੁਨੀਆਂ ਵਿੱਚ ਜੋ ਕੁਝ ਵੀ ਖ਼ੂਬਸੂਰਤ ਹੈ, ਉਹ ਅਜਿਹੇ ਲੋਕਾਂ ਦੀ ਬਦੌਲਤ ਹੀ ਹੈ। ਸੋ, ਸਮਾਜ ਅੰਦਰ ਮਹਿਕਾਂ ਖਿਲਾਰਨ ਵਾਲੇ ਇਨ੍ਹਾਂ ਸਿਦਕੀ ਤੇ ਸਿਰੜੀ ਇਨਸਾਨਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਆਈਨ-ਏ-ਅਕਬਰੀ ਮੁਤਾਬਕ ਜਿਹੜਾ ਕਲਾਕਾਰ ਆਪਣੇ ਹੁਨਰ ਵਿੱਚ ਉੱਚਤਾ ਪ੍ਰਾਪਤ ਕਰ ਲੈਂਦਾ ਹੈ, ਉਸ ਉੱਤੇ ਅੱਲ੍ਹਾ ਮਿਹਰਬਾਨ ਹੁੰਦਾ ਹੈ। ਉਹਦਾ ਸਤਿਕਾਰ ਕਰਨਾ ਅੱਲ੍ਹਾ ਦੀ ਇਬਾਦਤ ਹੈ।
ਇਤਫ਼ਾਕਵੱਸ ਮੈਂ ਰਾਲਫ ਵਾਲਡੋ ਐਮਰਸਨ ਦੇ ਕਥਨ ‘ਪ੍ਰਸਿੱਧੀ ਇਸ ਗੱਲ ਦਾ ਸਬੂਤ ਹੈ ਕਿ ਲੋਕ ਬੜੇ ਭੋਲੇ ਤੇ ਸਿੱਧੇ ਹਨ।’ ਨਾਲ ਸਹਿਮਤ ਨਹੀਂ ਹਾਂ। ਪੱਥਰਾਂ ਦਾ ਸੀਨਾ ਚੀਰ ਕੇ ਉੱਗਣ ਵਾਲੇ ਇਨ੍ਹਾਂ ਕਲਾਕਾਰਾਂ/ਕਰਮਯੋਗੀਆਂ ਬਾਰੇ ਐਮਰਸਨ ਦੀ ਇਹ ਟਿੱਪਣੀ ਇੱਕ ਬੇ-ਹਿੰਮਤੇ ਤੇ ਬੇਸ਼ੁਕਰੇ ਇਨਸਾਨ ਦੇ ਨਿਰਾਸ਼ ਮਨ ਦੀ ਆਵਾਜ਼ ਜਾਪਦੀ ਹੈ। ਗੱਲੀਬਾਤੀਂ ਨਾ ਤਾਂ ਕੋਈ ਵਿਅਕਤੀ ਸ਼ੋਹਰਤ ਹਾਸਲ ਕਰ ਸਕਦਾ ਹੈ ਤੇ ਨਾ ਹੀ ਉਹ ਇੱਕ ‘ਮਹਿਕਦਾ ਇਨਸਾਨ’ ਬਣ ਸਕਦਾ ਹੈ। ਇਸ ਦੇ ਉਲਟ, ਆਪਣੀ ਕਲਾ ਜਾਂ ਸ਼ੁਭ ਕਰਮਾਂ ਦੁਆਰਾ ਕਮਾਈ ਸ਼ੋਹਰਤ ਦੀ ਮਹਿਕ ਲੱਖ ਛੁਪਾਇਆਂ ਨਹੀਂ ਛੁਪਦੀ। ਭਾਈ ਵੀਰ ਸਿੰਘ ਕਹਿੰਦੇ ਹਨ:
ਮੇਰੀ ਛਿਪੇ ਰਹਿਣ ਦੀ ਚਾਹ,
ਤੇ ਛਿਪ ਤੁਰ ਜਾਣ ਦੀ
ਪਰ ਅਗਲੀਆਂ ਹੀ ਸਤਰਾਂ ਵਿੱਚ ਉਹ ਸੱਚ ਤੋਂ ਪਰਦਾ ਹਟਾਉਂਦਿਆਂ ਕਹਿੰਦੇ ਹਨ:
ਹਾਏ ਪੂਰੀ ਹੁੰਦੀ ਨਾ
ਮੈਂ ਤਰਲੇ ਲੈ ਰਿਹਾ
ਖ਼ੁਸ਼ਬੂ ਤੇ ਮਹਿਕ
ਛੁਪਾਇਆਂ ਵੀ ਨਹੀਂ ਛੁਪਦੀ।
ਦਰਅਸਲ, ਕਦਰਦਾਨ ਇਸ ਮਹਿਕ ਦੇ ਸਰੋਤ ਨੂੰ ਲੱਭ ਹੀ ਲੈਂਦੇ ਹਨ। ਉਂਜ ਵੀ ‘ਉੱਚੀਆਂ ਕੰਧਾਂ ਡੱਕ ਨਾ ਸਕਣ ਫੁੱਲਾਂ ਦੀ ਖ਼ੁਸ਼ਬੋ।’ ਜਿਨ੍ਹਾਂ ਇਨਸਾਨਾਂ ਨੇ ਜੀਵਨ ਦੇ ਕਿਸੇ ਖੇਤਰ ਵਿੱਚ ਜ਼ਿਕਰਯੋਗ ਮੱਲਾਂ ਮਾਰੀਆਂ ਹੁੰਦੀਆਂ ਹਨ, ਲੋਕੀਂ ਉਨ੍ਹਾਂ ਦੇ ਥੜ੍ਹੇ ਪੂਜਦੇ ਰਹਿੰਦੇ ਹਨ। ਅਜਿਹੇ ਸ਼ਖ਼ਸ ਆਪਣੇ ਪਿੱਛੇ ਅਜਿਹੀ ਮਹਿਕ ਛੱਡ ਜਾਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਮਹਿਕਾਉਂਦੀ ਤੇ ਮੰਤਰ-ਮੁਗਧ ਕਰਦੀ ਰਹਿੰਦੀ ਹੈ।
ਵਿਆਪਕ ਸਮਾਜੀ ਪ੍ਰਵਾਨਗੀ ਹਾਸਲ ਹੋ ਜਾਣ ਉਪਰੰਤ ਮਨੁੱਖ ਨੂੰ ਆਪਣੀ ਸ਼ੋਹਰਤ ’ਤੇ ਬਹੁਤਾ ਅਭਿਮਾਨ ਨਹੀਂ ਕਰਨਾ ਚਾਹੀਦਾ ਸਗੋਂ ਸਤਿਕਾਰ ਤੇ ਪ੍ਰਸ਼ੰਸਾ ਦਾ ਪਾਤਰ ਬਣੇ ਰਹਿਣ ਲਈ ਆਪਣੇ ਖੇਤਰ ਵਿੱਚ ਉਸੇ ਗਰਮਜੋਸ਼ੀ ਨਾਲ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ। ਸੁਭਾਸ਼ ਗਰੋਵਰ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਉੱਚੇ ਹੋਣ ਦਾ ਮਾਣ ਨਾ ਕਰੋ। ਉਚਾਈ ਤੋਂ ਡਿੱਗਣ ਵਾਲਿਆਂ ਨੂੰ ਸੱਟ ਵੀ ਕੁਝ ਜ਼ਿਆਦਾ ਹੀ ਲੱਗਦੀ ਹੈ।
ਉਂਜ ਵੀ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਇਹ ਕਥਨ ਸਦਾ ਯਾਦ ਰੱਖੋ ਕਿ ਸ਼ੋਹਰਤ ਕੱਚੀ ਕੰਧ ਹੈ ਜਿਸ ਨੂੰ ਸਮਾਂ ਖੋਰ ਕੇ ਮਿੱਟੀ ਵਿੱਚ ਮਿਲਾ ਦਿੰਦਾ ਹੈ।
No comments:
Post a Comment