ਭਾਰਤੀ ਸਮਾਜ ਵਿੱਚ ਗਾਹਲਾਂ ਕੱਢਣ ਦੀ ਪਰੰਪਰਾ
ਹਰ ਕੋਈ ਮੰਨਦਾ ਹੈ ਕਿ ਅੱਜ ਗਾਲਾਂ ਆਮ ਸੁਣਨ ਨੂੰ ਮਿਲਦੀਆਂ ਹਨ। ਕੁਝ ਨੌਜਵਾਨ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ ਸਕੂਲ ਵਿਚ ਸੁਣੀ ਹਰ ਗੰਦੀ ਗੱਲ ਲਈ ਇਕ ਰੁਪਇਆ ਮਿਲੇ, ਤਾਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਾਂ-ਬਾਪ ਨੂੰ ਸਾਰੀ ਉਮਰ ਨੌਕਰੀ ਕਰਨ ਦੀ ਲੋੜ ਨਹੀਂ ਪਵੇਗੀ।
ਗਾਹਲਾਂ ਕੱਢਣ ਦੀ ਪਰੰਪਰਾ ਜਗੀਰਦਾਰੀ ਅਤੇ ਕਬੀਲਾ ਸਮਾਜ ਦੀ ਰਹਿੰਦ ਖੂੰਹਦ ਵਜੋਂ, ਅਜੇ ਵੀ ਸਾਡੇ ਭਾਰਤੀ ਸੁਭਾਅ ਵਿੱਚ ਸ਼ਾਮਲ ਹੈ। ਸਦੀਆਂ ਤੋਂ ਚੱਲੀ ਆ ਰਹੀ ਇਸ ਮਾੜੀ ਪਰੰਪਰਾ ਤੋਂ ਅਸੀਂ ਨਿਜਾਤ ਨਹੀਂ ਪਾ ਸਕੇ। ਭਾਰਤੀ ਸਮਾਜ ਤੋਂ ਪਲਾਇਨ ਕਰਕੇ ਪੱਛਮੀ ਸਮਾਜ ਵਿੱਚ ਜਾ ਕੇ ਜ਼ਿੰਦਗੀ ਜਿਉਣ ਵਾਲੇ ਲੋਕ ਵੀ ਗਾਹਲਾਂ ਵਾਲਾ ਮੋਹ ਛੱਡ ਨਹੀਂ ਸਕੇ। ਸਾਡੇ ਸਮਾਜ ਵਿੱਚ ਉਸ ਦੇ ਪਰਿਵਾਰ ਦੀਆਂ ਔਰਤਾਂ ਨੂੰ ਹੀ ਮੁੱਖ ਨਿਸ਼ਾਨਾ ਬਣਾਇਆ ਜਾਂਦਾ ਹੈ। ਅਸੀਂ ਉਹਨਾਂ ਮਾਸੂਮ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਹਾਂ ਜਿੰਨ੍ਹਾਂ ਦਾ ਅਸਲ ਵਿੱਚ ਕੋਈ ਵੀ ਕਸੂਰ ਨਹੀਂ ਹੁੰਦਾ।
ਅਸੀਂ ਆਪਣੇ ਤਾਕਤਵਰ ਦੁਸ਼ਮਣ ਦਾ, ਸਰੀਰਕ ਪੱਖੋਂ ਕੁਝ ਵਿਗਾੜਨ ਦੇ ਸਮਰੱਥ ਨਹੀਂ ਹੁੰਦੇ ਪਰ ਸਾਡੇ ਉੱਤੇ ਬਦਲੇ ਦੀ ਭਾਵਨਾ ਭਾਰੂ ਹੁੰਦੀ ਹੈ, ਤਾਂ ਅਸੀਂ ਉਸ ਦਾ ਨੁਕਸਾਨ ਕਰਨ ਦੀ ਮਨਸ਼ਾ ਨਾਲ ਉਸਦੇ ਰਾਹਾਂ ਵਿੱਚ ਟੂਣਾ ਕਰਦੇ ਹਾਂ। ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਇਸ ਤਰਾਂ ਕਰਨ ਨਾਲ ਦੁਸ਼ਮਣ ਦਾ ਜਰੂਰ ਹੀ ਨੁਕਸਾਨ ਹੋਵੇਗਾ ਅਤੇ ਦੁਸ਼ਮਣ ਤੋਂ ਬਦਲਾ ਲੈਣ ਦਾ ਸਾਡਾ ਮਕਸਦ ਪੂਰਾ ਹੋ ਜਾਵੇਗਾ।
ਟੂਣੇ ਵਾਂਗੂੰ ਹੀ ਗਾਹਲਾਂ ਕੱਢਣ ਦੀ ਸ਼ੁਰੂਆਤ ਵੀ ਉਸੇ ਹੀ ਮਾਨਸਿਕਤਾ ਨਾਲ ਸ਼ੁਰੂ ਹੋਈ ਪ੍ਰਤੀਤ ਹੁੰਦੀ ਹੈ। ਪੁਰਾਣੇ ਕਬੀਲਾਈ ਅਤੇ ਰਜਵਾੜਾ ਸ਼ਾਹੀ ਸਮਾਜ ਵਿੱਚ, ਜਦੋਂ ਜਰਵਾਣਿਆਂ ਵੱਲੋਂ, ਨਿਤਾਣਿਆਂ ਦੀਆਂ ਧੀਆਂ ਭੈਣਾਂ ਧੱਕੇ ਨਾਲ ਉਧਾਲ ਲਈਆਂ ਜਾਂਦੀਆਂ ਹੋਣਗੀਆਂ ਤਾਂ ਤਾਕਤਹੀਣ ਇਨਸਾਨ ਕੋਲ ਸਿਰਫ ਗਾਹਲਾਂ ਹੀ ਰਹਿ ਜਾਂਦੀਆਂ ਹੋਣਗੀਆਂ ਜਿੰਨ੍ਹਾਂ ਰਾਹੀਂ ਉਹ ਮਾਨਸਿਕ ਤੌਰ ਤੇ ਹੀ ਆਪਣੇ ਦੁਸ਼ਮਣ ਤੋਂ ਬਦਲਾ ਲੈ ਸਕਦਾ ਸੀ ਕਿਉਂਕਿ ਸਰੀਰਕ ਤੌਰ ਤੇ ਬਦਲਾ ਲੈਣ ਦੇ ਉਹ ਸਮਰੱਥ ਨਹੀਂ ਹੁੰਦਾ ਹੋਣਾ। ਉਹ ਦਿਲੋਂ ਤਾਂ ਚਾਹੁੰਦਾ ਹੋਵੇਗਾ ਕਿ ਆਪਣੀਆਂ ਔਰਤਾਂ ਨੂੰ ਬਚਾ ਕੇ, ਬਦਲਾ ਲੈਣ ਵਜੋਂ ਦੁਸ਼ਮਣ ਦੀਆਂ ਔਰਤਾਂ ਨੂੰ ਉਧਾਲ ਸਕੇ ਪਰ ਉਸ ਕੋਲ ਇੰਨੀ ਸਰੀਰਕ, ਸੰਗਠਨਾਤਮਕ ਅਤੇ ਰਾਜਸੀ ਤਾਕਤ ਨਹੀਂ ਹੁੰਦੀ ਹੋਵੇਗੀ ਕਿ ਉਹ ਇਸ ਤਰਾਂ ਕਰ ਸਕੇ ਅਤੇ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਸਕੇ।
ਇਸ ਤਰਾਂ ਉਹ ਮਾਨਸਿਕ ਤੌਰ ਤੇ ਆਪਣੀ ਇੱਜ਼ਤ ਨੂੰ ਬਹਾਲ ਕਰਨ ਦਾ ਤਰੀਕਾ ਇਹੀ ਅਪਣਾਉਂਦਾ ਹੋਵੇਗਾ ਕਿ ਦੁਸ਼ਮਣ ਨੂੰ ਮਾਵਾਂ, ਭੈਣਾਂ ਜਾਂ ਧੀਆਂ ਦੀਆਂ ਗਾਹਲਾਂ ਕੱਢਦਾ ਹੋਵੇਗਾ ਤਾਂ ਕਿ ਉਹ ਦੁਸ਼ਮਣ ਦੀ ਇੱਜ਼ਤ ਨੂੰ ਉਵੇਂ ਹੀ ਮਿੱਟੀ ਵਿੱਚ ਰੋਲਣ ਵਾਲਾ ਟੀਚਾ ਪੂਰਾ ਕਰ ਸਕੇ ਜਿਵੇਂ ਕਿ ਦੁਸ਼ਮਣ ਨੇ ਉਸਦੀ ਆਪਣੀ ਇੱਜ਼ਤ ਨੂੰ ਲੀਰੋ ਲੀਰ ਕੀਤਾ ਹੁੰਦਾ ਸੀ। ਸ਼ਾਇਦ ਇਸ ਤਰਾਂ ਹੀ, ਦੁਸ਼ਮਣ ਦੀਆਂ ਔਰਤਾਂ ਦਾ ਅਪਮਾਨ ਕਰਨ ਵਾਲੇ ਸ਼ਬਦ ਘੜੇ ਗਏ ਹੋਣਗੇ ਜੋ ਕਿ ਗਾਹਲਾਂ ਦੇ ਰੂਪ ਵਿੱਚ ਅੱਜ ਤੱਕ ਸਾਡੇ ਬੋਲਚਾਲ ਦਾ ਹਿੱਸਾ ਬਣੇ ਹੋਏ ਹਨ।
ਇਸ ਲਈ ਅੱਜ ਤਾਂ ਭਾਵੇਂ ਬਹੁਤੇ ਲੋਕ ਕਿਸੇ ਆਦਤ ਤੋਂ ਮਜਬੂਰ ਹੀ ਗਾਹਲਾਂ ਕੱਢਦੇ ਹੋਣਗੇ ਪਰ ਇਹਨਾਂ ਦੀ ਸ਼ੁਰੂਆਤ ਜਰੂਰ ਹੀ ਕਿਸੇ ਹੀਣ ਭਾਵਨਾ ਤੋਂ ਹੀ ਹੋਈ ਹੋਵੇਗੀ। ਇਸ ਲਈ ਸ਼ੁਰੂਆਤੀ ਸਮੇਂ ਵਿੱਚ ਜਰੂਰ ਹੀ ਇਹ ਕਮਜ਼ੋਰਾਂ ਦਾ ਹੀ ਹਥਿਆਰ ਰਹੀਆਂ ਹੋਣਗੀਆਂ। ਇੱਕ ਨਤੀਜਾ ਇਹ ਵੀ ਨਿੱਕਲਦਾ ਹੈ ਕਿ ਜਿਹੜੇ ਸਮਾਜ ਵਿੱਚ ਔਰਤਾਂ ਪ੍ਰਤੀ ਵਿਤਕਰਾ ਵੱਧ ਹੁੰਦਾ ਹੈ ਉਥੋਂ ਦੀ ਬੋਲ ਚਾਲ ਦੀ ਭਾਸ਼ਾ ਵਿੱਚ ਵੀ, ਵਿਤਕਰੇ ਵਾਲੇ ਸ਼ਬਦ ਲੋਕ ਮਨਾਂ ਵਿੱਚ ਜੜ੍ਹਾਂ ਤੱਕ ਧਸ ਜਾਂਦੇ ਹਨ। ਔਰਤਾਂ ਦੀਆਂ ਗਾਹਲਾਂ ਵਿੱਚ ਵੀ, ਆਪਣੇ ਪਰਿਵਾਰ ਦੇ ਮਰਦਾਂ ਵੱਲੋਂ, ਬਿਗਾਨੇ ਪਰਿਵਾਰ ਦੀਆਂ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਵੇਂ ਕਿ ‘ਮੇਰੇ ਪਿਓ ਦਿਆ ਸਾਲਿਆ’ ਜਾਂ ‘ਮੇਰੇ ਭਰਾ ਦੀਏ ਰੰਨੇ’ ਆਦਿ।
ਨੌਜਵਾਨ ਪੁੱਛਦੇ ਹਨ . . .ਗਾਲਾਂ ਕੱਢਣ ਵਿਚ ਕੀ ਖ਼ਰਾਬੀ ਹੈ?
ਅੱਜਕਲ ਦੇ ਸਮੇਂ ਵਿੱਚ ਕੁਝ ਲੋਕਾਂ ਲਈ ਤਾਂ ਗਾਹਲਾਂ ਇੱਕ ਫੈਸ਼ਨ ਅਤੇ ਕਈਆਂ ਲਈ ਇੱਕ ਆਦਤ ਵੀ ਬਣ ਕੇ ਰਹਿ ਗਈਆਂ ਹਨ।
ਬੱਚੇ ਕਹਿੰਦੇ ਹਨ ਓਹ ਸਕੂਲ ਵਿਚ ਆਪਣੀਆਂ ਸਹੇਲੀਆਂ ਜਾਂ ਦੋਸਤਾਂ ਵਰਗੇ ਬਣਨਾ ਚਾਹੁੰਦੇ ਹਨ । ਸ਼ਾਇਦ ਇਸੇ ਕਰਕੇ ਗਾਲ ਕੱਢਣ ਦੀ ਆਦਤ ਪੈ ਗਈ ਜਾਂ ਪਾ ਲਈ। ਓਹਨਾਂ ਦਾ ਕਹਿਣਾ ਹੈ ਕਿ ਗਾਲ ਕੱਢਣੀ ਕੋਈ ਵੱਡੀ ਗੱਲ ਨਹੀਂ ਹੈ। ਸਕੂਲ ਵਿੱਚ ਸਾਰੇ ਗਾਲਾਂ ਕੱਢਦੇ ਹਨ ਅਤੇ ਘਰ ਵਿਚ ਵੀ ਓਹ ਗਾਲਾਂ ਸੁਣਨ ਦੇ ਆਦਿ ਹਨ।
ਜਦ ਵੱਡੇ ਗਾਲਾਂ ਕੱਢਦੇ ਹਨ, ਤਾਂ ਅਕਸਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਰ ਜਦ ਛੋਟੇ ਇਸ ਤਰ੍ਹਾਂ ਕਰਦੇ ਹਨ, ਤਾਂ ਸਾਰੇ ਬੁਰਾ ਮੰਨਦੇ ਹਨ? ਕੀ ਗਾਲਾਂ ਕੱਢਣ ਲਈ ਸਾਨੂੰ ਕਿਸੇ ਉਮਰ ਦੇ ਹੋਣਾ ਚਾਹੀਦਾ ਹੈ? ਜੇ ਇੰਨੇ ਸਾਰੇ ਲੋਕ ਗੰਦੀਆਂ-ਮੰਦੀਆਂ ਗੱਲਾਂ ਕਹਿੰਦੇ ਹਨ ਅਤੇ ਵੱਡੇ ਵੀ ਇੱਦਾਂ ਹੀ ਕਰਦੇ ਹਨ, ਤਾਂ ਗਾਲਾਂ ਕੱਢਣ ਵਿਚ ਕੀ ਹਰਜ਼ ਹੈ?
ਗਾਹਲਾਂ ਮੁੱਖ ਤੌਰ ਤੇ ਸਾਡੇ ਮਨ ਦੀ ਇੱਕ ਭੜਾਸ ਹੀ ਹੁੰਦੀ ਹੈ।
ਗੰਦੀਆਂ ਗਾਲਾਂ ਕੱਢਣ ਨਾਲ ਤੁਹਾਡੇ ਬਾਰੇ ਇਕ ਹੋਰ ਗੱਲ ਵੀ ਜ਼ਾਹਰ ਹੁੰਦੀ ਹੈ। ਭਾਸ਼ਾ ਦੀ ਵਰਤੋ ਦੇ ਮਾਹਰ, ਜੇਮਜ਼ ਓਕੌਂਨਰ ਦਾ ਕਹਿਣਾ ਹੈ: “ਗਾਲਾਂ ਕੱਢਣ ਵਾਲਿਆਂ ਦੀ ਅਕਸਰ ਕਿਸੇ ਨਾਲ ਨਹੀਂ ਬਣਦੀ। ਉਹ ਝਗੜਾਲੂ, ਗੁੱਸੇਖ਼ੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲੇ ਇਨਸਾਨ ਹੁੰਦੇ ਹਨ ਜੋ ਕਦੇ ਖ਼ੁਸ਼ ਨਹੀਂ ਹੁੰਦੇ।” ਮਿਸਾਲ ਲਈ, ਜਿਹੜੇ ਲੋਕ ਉਦੋਂ ਗਾਲਾਂ ਦਾ ਸਹਾਰਾ ਲੈਂਦੇ ਹਨ ਜਦ ਕੰਮ ਉਨ੍ਹਾਂ ਦੇ ਤਰੀਕੇ ਨਾਲ ਨਹੀਂ ਹੁੰਦਾ, ਤਾਂ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ ਹਰ ਗੱਲ ਵਿਚ ਆਪਣੀ ਮਰਜ਼ੀ ਪੁਗਾਉਣੀ ਚਾਹੁੰਦੇ ਹਨ। ਉਹ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਜਾਂ ਗ਼ਲਤੀਆਂ ਸਹਾਰ ਨਹੀਂ ਸਕਦੇ ਤੇ ਛੋਟੀ-ਛੋਟੀ ਗੱਲ ਤੇ ਭੜਕ ਉੱਠਦੇ ਹਨ। ਜੇਮਜ਼ ਓ ਕੌਂਨਰ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਗਾਲਾਂ ਨਹੀਂ ਕੱਢਦੇ ‘ਉਹ ਅਕਸਰ ਸ਼ਾਂਤ ਸੁਭਾਅ ਵਾਲੇ ਸਿਆਣੇ ਲੋਕ ਹੁੰਦੇ ਹਨ ਜੋ ਰੋਜ਼ਮੱਰਾ ਦੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰ ਪਾਉਂਦੇ ਹਨ।’ ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ?
ਜਿਸ ਇਨਸਾਨ ਨੂੰ ਅਸੀਂ ਧੀਆਂ ਭੈਣਾਂ ਦੀਆਂ ਗਾਹਲਾਂ ਕੱਢ ਰਹੇ ਹੁੰਦੇ ਹਾਂ, ਜੇਕਰ ਉਸੇ ਸਮੇਂ ਉਸ ਦੀਆਂ ਧੀਆਂ ਭੈਣਾਂ ਸਾਡੇ ਸਾਹਮਣੇ ਆ ਜਾਣ ਤਾਂ ਸ਼ਾਇਦ ਅਸੀਂ ਸ਼ਰਮ ਨਾਲ ਹੀ ਮਰ ਜਾਈਏ ਕਿ ਇਹਨਾਂ ਔਰਤਾਂ ਬਾਰੇ ਅਸੀਂ ਕਿੰਨਾ ਮੰਦਾ ਬੋਲ ਰਹੇ ਸੀ।
ਉਂਜ ਤਾਂ ਗਾਹਲਾਂ ਆਹਮੋ ਸਾਹਮਣੀਆਂ ਹੀ ਕੱਢਣ ਦਾ ਰਿਵਾਜ਼ ਰਿਹਾ ਹੈ ਪਰ ਅੱਜਕਲ ਇੰਟਰਨੈੱਟ ਦੇ ਜ਼ਮਾਨੇ ਵਿੱਚ ਆਨਲਾਈਨ ਗਾਹਲਾਂ ਕੱਢਣ ਦਾ ਵੀ ਬੜਾ ਰੁਝਾਨ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਨੂੰ ਸ਼ਰੇਆਮ ਗਾਹਲਾਂ ਕੱਢੀਆਂ ਜਾ ਰਹੀਆਂ ਹਨ।
ਫੇਸਬੁੱਕ ਅਤੇ ਟਵਿਟਰ ਉੱਤੇ ਚੰਗੇ ਭਲੇ, ਪੜ੍ਹੇ ਲਿਖੇ ਲੋਕ ਗਾਹਲਾਂ ਦਾ ਮੀਂਹ ਵਰਾਹੁੰਦੇ ਵੇਖੇ ਜਾ ਸਕਦੇ ਹਨ। ਇਸੇ ਤਰਾਂ ਕਿਸੇ ਅਖਬਾਰ ਦੀ ਆਨਲਾਈਨ ਖਬਰ ਉੱਤੇ ਆਈਆਂ ਟਿੱਪਣੀਆਂ ਵਿੱਚ ਬਹੁਤ ਨੀਵੇਂ ਪੱਧਰ ਦੀਆਂ ਗਾਹਲਾਂ ਪੜ੍ਹੀਆਂ ਜਾ ਸਕਦੀਆਂ ਹਨ। ਸਿਆਸੀ ਖਬਰਾਂ ਉੱਤੇ ਤਾਂ ਗਾਹਲਾਂ ਦੀ ਗੁੰਜਾਇਸ਼ ਹੋਰ ਵੀ ਵਧ ਜਾਂਦੀ ਹੈ। ਆਪਣੀ ਨਾਪਸੰਦ ਸਿਆਸੀ ਪਾਰਟੀ ਦੇ ਨੇਤਾ ਬਾਰੇ ਸਿਰੇ ਦੀ ਭੱਦੀ ਸ਼ਬਦਾਵਲੀ ਆਮ ਹੀ ਵੇਖੀ ਜਾ ਸਕਦੀ ਹੈ। ਬੇਸ਼ਕ ਇਹ ਇੱਕ ਸਿਰੇ ਦਾ ਮਾੜਾ ਰੁਝਾਨ ਹੈ ਪਰ ਇਸਦਾ ਅੰਤ ਅਜੇ ਨੇੜਲੇ ਭਵਿੱਖ ਵਿੱਚ ਨਜ਼ਰ ਨਹੀਂ ਆਉਂਦਾ।
ਗਾਲਾਂ ਕਰਦੀਆਂ ਤੁਹਾਡੀ ਬੇਇੱਜ਼ਤੀ।
ਹੋਰਨਾਂ ਨੌਜਵਾਨਾਂ ਵਾਂਗ ਸ਼ਾਇਦ ਤੁਸੀਂ ਵੀ ਦੂਜਿਆਂ ਤੇ ਚੰਗਾ ਪ੍ਰਭਾਵ ਪਾਉਣ ਲਈ ਆਪਣੀ ਸ਼ਕਲ-ਸੂਰਤ ਵੱਲ ਕਾਫ਼ੀ ਧਿਆਨ ਦਿੰਦੇ ਹੋ। ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਸ਼ਕਲ-ਸੂਰਤ ਨਾਲੋਂ ਤੁਹਾਡੀ ਬੋਲੀ ਦਾ ਦੂਜਿਆਂ ਤੇ ਇਸ ਤੋਂ ਵੀ ਜ਼ਿਆਦਾ ਪ੍ਰਭਾਵ ਪੈਂਦਾ ਹੈ? ਸੱਚ ਤਾਂ ਇਹ ਹੈ ਕਿ ਤੁਹਾਡੀ ਜ਼ਬਾਨ ਤੋਂ ਲੋਕ ਇਹ ਤੈਅ ਕਰਦੇ ਹਨ ਕਿ ਉਹ
▪ ਤੁਹਾਡੇ ਨਾਲ ਦੋਸਤੀ ਪਾਉਣਗੇ ਕਿ ਨਹੀਂ।
▪ ਤੁਹਾਨੂੰ ਨੌਕਰੀ ਤੇ ਰੱਖਣਗੇ ਕਿ ਨਹੀਂ।
▪ ਤੁਹਾਡੀ ਕਿੰਨੀ ਕੁ ਇੱਜ਼ਤ ਕਰਨਗੇ।
ਇਹ ਸੱਚ ਹੈ ਕਿ ਜੇ ਕਿਸੇ ਨੇ ਸਾਨੂੰ ਦੇਖ ਕੇ ਸਾਡੇ ਬਾਰੇ ਕੁਝ ਚੰਗਾ ਕਿਹਾ ਵੀ ਹੋਵੇ, ਤਾਂ ਸਾਡੇ ਮੂੰਹ ਖੋਲ੍ਹਦਿਆਂ ਸਾਰ ਉਹ ਆਪਣੀ ਰਾਇ ਬਦਲ ਲੈਣਗੇ। ਜੇਮਜ਼ ਓ ਕੌਂਨਰ ਕਹਿੰਦਾ ਹੈ: “ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਤੁਹਾਡੀ ਗੰਦੀ ਜ਼ਬਾਨ ਕਾਰਨ ਤੁਸੀਂ ਕਿੰਨੀਆਂ ਦੋਸਤੀਆਂ ਪਾਉਣ ਦੇ ਮੌਕੇ ਹੱਥੋਂ ਖੋਹ ਦਿੰਦੇ ਹੋ ਜਾਂ ਕਿੰਨਿਆਂ ਦੇ ਦਿਲਾਂ ਵਿਚ ਤੁਹਾਡੇ ਲਈ ਇੱਜ਼ਤ-ਮਾਣ ਘੱਟ ਜਾਂਦਾ ਹੈ।” ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਇਹੋ ਕਿ ਗੰਦੀ ਬੋਲੀ ਵਰਤਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ।
ਜੇ ਗਾਲ ਕੱਢਣ ਦੀ ਤੁਹਾਡੀ ਆਦਤ ਪੱਕ ਚੁੱਕੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
ਪਹਿਲਾ ਕਦਮ: ਤੁਹਾਨੂੰ ਇਹ ਗੱਲ ਪਛਾਣਨ ਦੀ ਲੋੜ ਹੈ ਕਿ ਤੁਹਾਨੂੰ ਆਪਣੀ ਜ਼ਬਾਨ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਤੁਸੀਂ ਉੱਨਾ ਚਿਰ ਗੰਦੀ ਬੋਲੀ ਵਰਤੀ ਜਾਓਗੇ ਜਿੰਨਾ ਚਿਰ ਤੁਸੀਂ ਇਹ ਨਹੀਂ ਸਮਝਦੇ ਕਿ ਸੁਧਾਰ ਲਿਆਉਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ। ਪਹਿਲਾਂ ਇਹ ਸਾਬਤ ਕਰਨਾ ਹੋਵੇਗਾ ਕੇ ਕਿਹੜੇ ਕਾਰਨ ਕਰਕੇ ਤੁਸੀਂ ਆਪਣੇ ਆਪ ਨੂੰ ਗਾਲ ਕੱਢਣ ਤੋਂ ਰੋਕਣਾ ਚਾਹੁੰਦੇ ਹੋ?
□ ਦੂਜਿਆਂ ਤੋਂ ਇੱਜ਼ਤ-ਮਾਣ ਪਾਉਣ ਲਈ
□ ਆਪਣੀ ਭਾਸ਼ਾ ਨੂੰ ਬਿਹਤਰ ਬਣਾਉਣ ਲਈ
□ ਬਿਹਤਰ ਇਨਸਾਨ ਬਣਨ ਲਈ
ਦੂਜਾ ਕਦਮ: ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਉਂ ਗਾਲਾਂ ਕੱਢਦੇ ਹੋ। ਕੀ ਗਾਲ ਕੱਢ ਕੇ ਤੁਸੀਂ ਆਪਣੇ ਆਪ ਨੂੰ ਹਿੰਮਤ ਵਾਲੈ ਸਮਝਦੇ ਹੋ, ਅਤੇ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਤੁਆਹਾਨੂੰ ਕਮਜ਼ੋਰ ਸਮਝ ਕੇ ਤੁਹਾਡੇ ਉੱਤੇ ਰੋਹਬ ਜਮਾਵੇ। ਤੁਸੀਂ ਖੁਦ ਦੂਜਿਆਂ ਤੇ ਉਸੇ ਤਰ੍ਹਾਂ ਰੋਹਬ ਜਮਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਹਾਡੇ ਦੋਸਤ ਜਾਂ ਸਹੇਲੀਆਂ ਜਮਾਉਂਦੀਆਂ ਹਨ।ਤੁਹਾਨੂੰ ਖ਼ੁਦ ਆਪਣੀ ਇੱਜ਼ਤ ਕਰਨੀ ਸਿੱਖਣੀ ਚਾਹੀਦੀ ਹੈ। ਬਚਪਣਾ ਛੱਡਣ ਲਈ ਆਪਣੇ ਅਸੂਲਾਂ ਦੇ ਪੱਕੇ ਰਹਿਣਾ ਤੇ ਸਵੈ-ਮਾਣ ਰੱਖਣਾ ਜ਼ਰੂਰੀ ਹੈ। ਇਸ ਤਰ੍ਹਾਂ ਕਰ ਕੇ ਹੀ ਤੁਸੀਂ ਗਾਲ ਕੱਢਣ ਦੀ ਮਾੜੀ ਆਦਤ ਛੱਡ ਸਕੋਗੇ।
ਤੀਜਾ ਕਦਮ: ਆਪਣੇ ਜਜ਼ਬਾਤਾਂ ਨੂੰ ਜ਼ਾਹਰ ਕਰਨ ਦੇ ਹੋਰ ਤਰੀਕੇ ਭਾਲੋ। ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖਣਾ ਕਾਫ਼ੀ ਨਹੀਂ ਹੈ। ਇਸ ਮਾੜੀ ਆਦਤ ਨੂੰ ਬਦਲਣ ਲਈ ਨਵੀਂ ਸੋਚ ਅਪਣਾਓ ਫਿਰ ਤੁਸੀਂ ਆਪਣੇ ਆਪ ਨੂੰ ਕੰਟ੍ਰੋਲ ਵਿਚ ਰੱਖ ਸਕੋਗੇ। ਇਸ ਤੋਂ ਇਲਾਵਾ ਤੁਸੀਂ ਆਪਣੀ ਤੇ ਹੋਰਨਾਂ ਦੀ ਵੀ ਇੱਜ਼ਤ ਕਰਨੀ ਸਿੱਖੋਗੇ।
No comments:
Post a Comment