ਜਿੰਦਗੀ ਦੇ ਸੁੱਚੇ ਮੋਤੀ ਹਨ ਮਿੱਠੇ ਬੋਲ
ਬੰਦੇ ਦੀ ਅੰਦਰਲੀ ਜਿੰਦਗੀ ਤਾਂ ਭਾਵੇਂ ਅੰਤਰਜ਼ਾਮੀ ਵਾਹਿਗੁਰੂ ਜੀ ਹੀ ਜਾਣਦੇ ਹਨ ਪ੍ਰੰਤੂ ਫਿਰ ਵੀ ਮਿੱਠੇ ਬੋਲ ਅੰਦਰਲੀ ਸ਼ਖਸ਼ੀਅਤ ਦੀ ਪਹਿਲੀ ਝਲਕ ਅਤੇ ਜਿੰਦਗੀ ਦਾ ਅਸਲੀ ਸ਼ਿੰਗਾਰ ਹੁੰਦੇ ਹਨ। ਇਹ ਮਿੱਠੇ ਬੋਲ ਹੀ ਹਨ ਜਿਹਨਾਂ ਨਾਲ ਚਿੱਟੇ ਦੰਦਾਂ ਦੀ ਸੁੰਦਰਤਾ, ਸੋਹਣੇ ਨੈਣਾਂ ਦੀ ਪਿਆਰੀ ਨਜ਼ਰ ਅਤੇ ਹੱਸਦੇ ਚਿਹਰੇ ਦੀ ਰੌਣਕ ਵਿੱਚ ਦਸ ਗੁਣਾਂ ਵਾਧਾ ਹੋ ਜਾਂਦਾ ਹੈ। ਮਿੱਠੇ ਬੋਲਾਂ ਨਾਲ ਰਿਸਤਿਆਂ ਵਿੱਚ ਪਿਆਰ ਦੀ ਸਾਂਝ ਵੱਧਦੀ ਹੈ। ਮਿੱਠੇ ਬੋਲਾਂ ਵਿੱਚ ਦੁਸ਼ਮਣ ਨੂੰ ਵੀ ਮਿੱਤਰ ਬਨਾਉਣ ਦੀ ਸ਼ਕਤੀ ਹੁੰਦੀ ਹੈ। ਮਨੁੱਖ ਅੰਦਰ ਇਹ ਪਿਆਰਾ ਗੁਣ ਪੈਦਾ ਕਰਨ ਲਈ ਪਾਵਨ ਗੁਰਬਾਣੀ ਵਿੱਚ ਜਗਤ ਦੇ ਮਾਲਿਕ ਵਾਹਿਗੁਰੂ ਜੀ ਨੂੰ ʼਮਿੱਠ ਬੋਲੜਾʼ ਕਹਿ ਕੇ ਸਾਡੀ ਸਾਂਝ ਪਵਾਈ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ, "ਮੇਰੀ ਮੱਤ ਦੀਆਂ ਯਾਦਾਂ ਮੁਤਾਬਿਕ ਵਾਹਿਗੁਰੂ ਜੀ ਕਦੀ ਵੀ ਕੌੜਾ ਨਹੀਂ ਬੋਲੇ"। ਇਹ ਵੀ ਕਿਹਾ ਕਿ, "ਵਾਹਿਗੁਰੂ ਜੀ ਕਦੀ ਕੌੜਾ ਬੋਲਣ ਜਾਣਦੇ ਹੀ ਨਹੀਂ"।
ਗੁਰੂ ਸਾਹਿਬ ਜੀ ਨੇ ਸਮਾਜ ਅੰਦਰ ਮਨੁੱਖੀ ਰਿਸਤਿਆਂ ਦੀ ਸਾਂਝ ਅਤੇ ਆਪਸੀ ਵਰਤੋਂ ਵਿਵਹਾਰ ਦੇ ਵਰਤਾਰੇ ਵਿੱਚ ਮਿਠਾਸ ਭਰਨ ਲਈ ਹਮੇਸ਼ਾਂ ਮਿੱਠ ਬੋਲੜੇ ਵਾਹਿਗੁਰੂ ਜੀ ਦੀ ਪਿਆਰੀ ਯਾਦ ਤੇ ਸ਼ੁਕਰਾਨੇ ਵਿੱਚ ਜੀਵਨ ਜਿਉਣ ਦੀ ਜੁਗਤ ਦੱਸੀ । ਸਾਨੁੰ ਸਮਝਾਇਆ ਕਿ ਸਾਡੇ ਸਾਰਿਆਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਹੈ, ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ। ʼਆਤਮਾ ਦੀ ਆਵਾਜ਼ʼ ਜਾਂ ʼਜ਼ਮੀਰ ਦੀ ਆਵਾਜ਼ʼ ਹੀ ਵਾਹਿਗੁਰੂ ਜੀ ਦੀ ਆਵਾਜ਼ ਹੈ, ਜੋ ਹਰ ਵੇਲੇ ਬੁਰੇ ਕੰਮਾਂ ਤੋਂ ਰੋਕਦੀ ਹੈ ਅਤੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹੋ ਆਵਾਜ਼ ਹੀ ਸਾਡੇ ਕੰਨਾਂ ਵਿੱਚ ਮਾਪਿਆਂ, ਬਜ਼ੁਰਗਾਂ ਤੇ ਅਧਿਆਪਕਾਂ ਦੀਆਂ ਸਿਖਿਆਵਾਂ ਬਣ ਕੇ ਪਹੁੰਚਦੀ ਹੈ। ਗੁਰਬਾਣੀ ਦੀਆਂ ਸਿਖਿਆਵਾਂ ਤਾਂ ਸਪਸ਼ਟ ਰੂਪ ਵਿੱਚ ਹੀ ʼਵਾਹਿਗੁਰੂ ਜੀ ਦੀ ਆਵਾਜ਼ʼ ਹਨ। ਆਓ ! ਸੋਚੀਏ ਕਿ ਜੇ ਮਿੱਠ ਬੋਲੜੇ ਵਾਹਿਗੁਰੂ ਜੀ ਦੀ ਜੋਤ ਸਾਡੇ ਸਾਰਿਆਂ ਦੇ ਅੰੰਦਰ ਤੇ ਬਾਹਰ ਹਮੇਸ਼ਾਂ ਵਰਤ ਰਹੀ ਹੈ ਤਾਂ ਕੀ ਕਾਰਣ ਹਨ ਕਿ ਅਸੀਂ ਇਸ ਪਿਆਰੇ ਕੀਮਤੀ ਗੁਣ ਨੂੰ ਕਿਉਂ ਗਵਾ ਕੇ ਰੁੱਖੇ ਤੇ ਕੋੜੇ ਬੋਲਾਂ ਵਿੱਚ ਗੁਆਚ ਜਾਂਦੇ ਹਾਂ।
ਯਾਦ ਕਰੋ ! ਆਪਾਂ ਬਹੁਤ ਵਾਰੀ ਅੱਗ ਦੇ ਉੱਪਰ ਰੱਖੇ ਕਿਸੇ ਭਾਂਡੇ ਵਿੱਚ ਗਰਮ ਹੁੰਦੇ ਪਾਣੀ ਨੂੰ ਦੇਖਿਆ ਹੈ। ਉਸ ਦੀਆਂ ਗਰਮ ਹੋਣ ਦੀਆਂ ਅਵਸਥਾਵਾਂ ਵੀ ਦੇਖੀਆਂ ਹੋਣਗੇ। ਪਹਿਲੀ ਸਥਿਤੀ ਹੈ ਜਦੋਂ ਉਹ ਕੋਸਾ ਹੋਣਾ ਸ਼ੁਰੂ ਹੁੰਦਾ ਹੈ ਉਸ ਵਿੱਚ ਹਵਾ ਦੇ ਬੁਲਵਲੇ ਬਨਣ ਲੱਗ ਜਾਂਦੇ ਹਨ। ਦੂਜੀ ਸਥਿਤੀ ਹੁੰਦੀ ਹੈ ਜਦੋਂ ਫਿਰ ਉਹ ਹੋਰ ਗਰਮ ਹੋ ਜਾਂਦਾ ਹੈ ਤਾਂ ਉਹ ਹਵਾ ਦੇ ਬੁਲਵਲੇ ਭਾਫ ਬਣ ਕੇ ਬਾਹਰ ਨਿੱਕਲਣ ਲੱਗ ਜਾਂਦੇ ਹਨ। ਤੀਜੀ ਸਥਿਤੀ ਹੈ ਜਦੋਂ ਪਾਣੀ ਉੱਬਲ ਉੱਬਲ ਕੇ ਬਾਹਰ ਨੂੰ ਆਉਂਦਾ ਦੂਜਿਆਂ ਨੂੰ ਵੀ ਸਾੜਣਾ ਚਾਹੁੰਦਾ ਹੈ ਅਤੇ ਆਪ ਵੀ ਸੜ ਕੇ ਖਤਮ ਹੋਣ ਲਈ ਤਿਆਰ ਹੁੰਦਾ ਹੈ। ਇਸੇ ਤਰਾਂ ਸਾਡੇ ਮਨ ਦੀਆਂ ਵੀ ੩ ਅਵਸਥਾਵਾਂ ਹਨ। ਪਹਿਲੀ ਅਵਸਥਾ ਨਾ ਸੰਤੁਸ਼ਟੀ ਦੀ ਹੈ ਜਦੋਂ ਮਨ ਅੰਦਰੋਂ ਅੰਦਰੀਂ ਘੁੱਟਣ ਮਹਿਸੂਸ ਕਰਦਾ ਹੈ। ਦੂਸਰੀ ਅਵਸਥਾ ਵਿੱਚ ਚਿੜਣ ਲੱਗ ਜਾਂਦਾ ਹੈ ਅਤੇ ਤੀਸਰੀ ਅਵਸਥਾ ਵਿੱਚ ਕ੍ਰੋਧ ਦੀ ਅੱਗ ਵਿੱਚ ਆਪਣੇ ਅੰਦਰ ਗੁਣਾਂ ਨੂੰ ਬਾਹਰ ਪ੍ਰੇਮ ਨੂੰ ਸਾੜ ਬੈਠਦਾ ਹੈ। ਇਹ ਕੁੱਝ ਕੁ ਹੀ ਸਕਿੰਟਾਂ ਵਿੱਚ ਸਾਡੇ ਅੰਦਰ ਵਰਤ ਜਾਂਦਾ ਹੈ। ਇਸ ਲਈ ਸਾਨੂੰ ਪਤਾ ਹੀ ਨਹੀਂ ਚਲਦਾ ਕਿ ਕਦੋਂ ਸਾਡੇ ਅੰਦਰ ਹਉਮੈ ਦੀ ਅੱਗ ਵੀ ਭੜਕ ਪੈਂਦੀ ਹੈ। ਬੋਲਾਂ ਵਿੱਚੋਂ ਮਿਠਾਸ ਦਾ ਗੁਣ ਸੁੱਕ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਕਿ ਨਿਮਰਤਾ ਵਿਚੋਂ ਮਿਠਾਸ ਪੈਦਾ ਹੁੰਦੀ ਹੈ। ਨਿਮਰਤਾ ਵਿੱਚ ਜਿਉਣਾ ਹੀ ਸਭ ਤੋਂ ਚੰਗਾ ਗੁਣ ਹੈ।
ਸ੍ਰੀ ਗੁਰੁ ਨਾਨਕ ਦੇਵ ਸਾਹਿਬ ਜੀ ਨੇ ਆਸਾ ਰਾਗ ਵਿੱਚ ਉਚਾਰਣ ਕੀਤੀ ਵਾਰ ਵਿੱਚ ਇਹ ਉਪਦੇਸ਼ ਵੀ ਦਿੱਤਾ ਕਿ, "ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਭਾਵ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੁੱਖੇ ਬੋਲ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ʼਰੁੱਖੇ ਬੋਲਾਂ ਵਾਲਾʼ ਕਹਿ ਕੇ ਹੀ ਯਾਦ ਕਰਦੇ ਹਨ। ਰੁੱਖਾ ਮਨੁੱਖ ਭਾਵ ਪ੍ਰੇਮ ਤੋਂ ਸੱਖਣਾ ਮਨੁੱਖ ਵਾਹਿਗੁਰੂ ਦੀ ਦਰਗਾਹ ਤੋਂ ਫਿਟਕਾਰਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ ਭਾਵ ਫਿਟਕਾਰਾਂ ਪੈਂਦੀਆਂ ਹਨ। ਇਸ ਲਈ ਪ੍ਰੇਮ ਤੋਂ ਖਾਲੀ ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਭਾਵ ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ"। ਪ੍ਰੇਮ ਤੋਂ ਖਾਲੀ ਹੋਣਾ ਜਿੰਦਗੀ ਵਿੱਚ ਨਿਰਾਸ਼ਾ ਪੈਦਾ ਕਰਦਾ ਹੈ। ਫਿਰ ਦੂਸਰਿਆਂ ਦੇ ਔਗਣ ਦੇਖ ਕੇ ਚਰਚਾ ਜਾਂ ਨਿੰਦਾ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਆਪਣੇ ਔਗਣ ਦਿਖਾਈ ਨਹੀਂ ਦਿੰਦੇ ਅਤੇ ਹਰ ਇੱਕ ਵਿੱਚੋਂ ਹੀ ਔਗਣ ਦਿਸਣ ਲੱਗ ਜਾਂਦੇ ਹਨ। ਦੂਸਰਿਆਂ ਦੇ ਔਗਣ ਦੇਖਦਿਆਂ ਉਹਨਾਂ ਔਗਣਾਂ ਦੀ ਚਰਚਾ ਤੇ ਨਿੰਦਾ ਕਰਨ ਦੀ ਆਦਤ ਪੈਦਾ ਹੋ ਜਾਂਦੀ ਹੈ। ਇਸ ਆਦਤ ਕਰਕੇ ਹੀ ਮਨੁੱਖ ਆਪਣੇ ਅੰਦਰੋਂ ਹਮੇਸ਼ਾਂ ਹੀ ਨਾ-ਸੰਤੁਸ਼ਟ ਹੋ ਕੇ ਜਿਉਂਦਾ ਹੈ ਫਿਰ ਚਾਰ ਚੁਫੇਰੇ ਖੁਸ਼ਕ ਤੇ ਘਟੀਆਂ ਸਮਾਜ ਹੀ ਦਿਖਾਈ ਦਿੰਦਾ ਹੈ। ਜਿੰਦਗੀ ਦੇ ਅੰਦਰਲੇ ਮਾਨਸਿਕ ਵਾਤਾਵਰਣ ਵਿੱਚ ਖਿਝਣ ਤੇ ਚਿੜਣ ਦੇ ਬੀਜ ਬੀਜੇ ਜਾਂਦੇ ਹਨ। ਇਹਨਾਂ ਬੀਜਾਂ ਦਾ ਸਦਕਾ ਹੀ ਘਰ, ਸਮਾਜ, ਕੌਮ ਜਾਂ ਦੇਸ਼ ਵਿੱਚ ਕੁੜੱਤਣ ਵਾਲਾ ਮਹੌਲ ਸਿਰਜਿਆ ਜਾਂਦਾ ਹੈ। ਇਸ ਨੂੰ ਸਮਾਜਿਕ ਬੁਰਿਆਈ ਸਮਝ ਕੇ ਕੱੜਤਣ ਨੂੰ ਦੂਰ ਕਰਨ ਲਈ ਯਤਨ ਕੀਤੇ ਜਾਂਦੇ ਹਨ ਪ੍ਰੰਤੂ ਕੁੜਤਣ ਹੋਰ ਵਧਦੀ ਹੀ ਜਾਂਦੀ ਹੈ ਕਿਉਂ ਕਿ ਇਸ ਦੀ ਬੀਮਾਰੀ ਸਾਡੀ ਸੋਚ ਤੇ ਸੁਭਾਅ ਵਿੱਚ ਹੈ ਅਤੇ ਇਸ ਦਾ ਇਲਾਜ਼ ਵੀ ਗੁਰਬਾਣੀ ਦੀਆਂ ਸਿੱਖਿਆਵਾਂ ਦੇ ਗਿਆਨ ਨੂੰ ਜਿੰਦਗੀ ਵਿੱਚ ਧਾਰਣ ਕਰਨ ਨਾਲ ਹੀ ਹੋਵੇਗਾ।
ਰੁੱਖੇ ਬੋਲਾਂ ਦੀ ਕੁੜੱਤਣ ਭਰੇ ਸਮਾਜ ਵਿੱਚ ਸੁਧਾਰ ਪੈਦਾ ਕਰਨ ਲਈ ਪਹਿਲਾਂ ਆਪਣੀ ਨਿੱਜੀ ਜਿੰਦਗੀ ਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਵਰਤੋਂ ਵਿਵਹਾਰ ਵਿੱਚ ਮਿਠਾਸ ਭਰਿਆ ਮਹੌਲ ਸਿਰਜਣ ਦੀ ਸ਼ੁਰੂਆਤ ਕਰਨੀ ਪਵੇਗੀ। ਜਿੰਦਗੀ ਵਿੱਚ ਮਿਠਾਸ ਭਰਨ ਵਾਲੇ ਕੀਮਤੀ ਗੁਣਾਂ ਨੂੰ ਸ੍ਰੀ ਜਪੁ ਜੀ ਸਾਹਿਬ ਵਿੱਚ ਸਤਿਗੁਰੂ ਜੀ ਨੇ ʼਅਮੁੱਲ ਗੁਣʼ ਕਿਹਾ ਹੈ ਭਾਵ ਜੋ ਮੁੱਲ ਨਹੀਂ ਮਿਲ ਸਕਦੇ। ਇਹਨਾਂ ਕੀਮਤੀ ਅਨਮੋਲ ਗੁਣਾਂ ਦੇ ʼਅਮੁੱਲ ਖਜ਼ਾਨੇʼ ਦੀ ਗੱਲ ਕਰਦਿਆਂ ਸਾਨੂੰ ਅਨਮੋਲ ਗੁਣਾਂ ਦੇ ʼਅਮੁੱਲ ਵਾਪਾਰੀʼ ਬਨਣ ਦੀ ਪ੍ਰੇਰਨਾਂ ਵੀ ਦਿੱਤੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਆਦਤ ਬਣਾ ਲਈਏ ਕਿ ਜਿਸ ਵੱਲ ਵੀ ਦੇਖੀਏ ਉਸ ਵਿੱਚੋਂ ਕੇਵਲ ਗੁਣ ਹੀ ਦੇਖੀਏ। ਜੇ ਦੂਸਰਿਆਂ ਵਿੱਚੋਂ ਗੁਣ ਦੇਖਣ ਦੀ ਆਦਤ ਪ੍ਰਪੱਕ ਹੋ ਜਾਵੇ ਤਾਂ ਸਾਨੂੰ ਆਪਣੇ ਔਗਣ ਦੇਖਣ ਦੀ ਜੁਗਤ ਪ੍ਰਾਪਤ ਹੁੰਦੀ ਹੈ। ਜੇ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਇਹ ਆਦਤ ਬਣ ਜਾਵੇ ਤਾਂ ਵਾਹਿਗੁਰੂ ਜੀ ਦੇ ਪੈਦਾ ਕੀਤੇ ਜੀਵਾਂ ਵਿੱਚ ਚਾਰ ਚੇਫੇਰੇ ਵਰਤ ਰਹੇ ਗੁਣਾਂ ਦੇ ਵਰਤਾਰੇ ਦਿੱਸਣ ਲੱਗ ਜਾਣਗੇ। ਕੋਇਲ ਵਰਗੇ ਜਾਨਵਰ ਦੀ ਮਿੱਠੀ ਬੋਲੀ ਨੂੰ ਸੁਣ ਕੇ ਹਿਰਦਾ ਕਹੇਗਾ, "ਇਸ ਨੂੰ ਕਹਿੰਦੇ ਹਨ ਮਿੱਠੇ ਬੋਲ"।
ਸੱਚ ਜਾਣਿਓ ! ਫਿਰ ਹਿਰਦੇ ਵਿੱਚ ਅਰਦਾਸ ਨਿੱਕਲੇਗੀ ਕਿ "ਹੇ ਵਾਹਿਗੁਰੂ ਜੀ !! ਸਾਨੂੰ ਸਾਰਿਆਂ ਨੂੰ ਇਹ ਮਿਠੇ ਮਿੱਠੇ ਬੋਲਾਂ ਦੀ ਦਾਤ ਬਖਸ਼ੋ ਜੀ"। ਕੇਵਲ ਅਰਦਾਸ ਹੀ ਨਹੀਂ ਯਤਨ ਵੀ ਸ਼ੁਰੂ ਕਰਨੇ ਹੋਣਗੇ। ਆਪਣੇ ਆਪ ਨਾਲ ਵਾਅਦਾ ਕਰਨਾ ਹੋਵੇਗਾ ਕਿ ਹਮੇਸ਼ਾਂ ਮਿੱਠੇ ਬੋਲ ਹੀ ਬੋਲਣੇ ਹਨ। ਜਦੋਂ ਮਨ ਨਾ-ਸੰਤੁਸ਼ਟੀ ਵਿੱਚ ਖਿਝਿਆ ਹੋਵੇ ਜਾਂ ਫਿਰ ਨਫਰਤ, ਈਰਖਾਂ ਜਾਂ ਗੁੱਸੇ ਦੀ ਅੱਗ ਵਿੱਚ ਤਪਿਆ ਹੋਵੇ ਤਾਂ ਚੁੱਪ ਹੀ ਰਹਿਣਾ ਹੋਵੇਗਾ। ਜੇ ਸਾਡਾ ਮਨ ਕਦੀ ਜਿੰਦਗੀ ਵਿੱਚ ਰੁੱਖੇ ਜਾਂ ਕੌੜੇ ਬੋਲ ਬੋਲਣ ਦੀ ਗਲਤੀ ਕਰ ਬੈਠੇ ਤਾਂ ਅਰਦਾਸ ਕਰਕੇ ਵਾਹਿਗੁਰੂ ਜੀ ਤੋਂ ਮੁਆਫੀ ਮੰਗਣੀ ਹੋਵੇਗੀ ਕਿ "ਹੇ ਵਾਹਿਗੁਰੂ ਜੀ !! ਅੱਗੇ ਤੋਂ ਮੈਨੂੰ ਇਸ ਗਲਤੀ ਤੋਂ ਬਚਾ ਕੇ ਰੱਖਣਾ ਅਤੇ ਹਮੇਸ਼ਾਂ ਮਿੱਠੇ ਬੋਲਾਂ ਦੀ ਦਾਤ ਦੇ ਕੇ ਬਖਸ਼ੀ ਰੱਖਣਾ ਜੀ"। ਭਵਿੱਖ ਵਿੱਚ ਮਿੱਠੇ ਬੋਲ ਬੋਲਣ ਦਾ ਵਾਅਦਾ ਨਿਭਾਉਣ ਲਈ ਵਾਹਿਗੁਰੂ ਜੀ ਤੋਂ ਸਮਰੱਥਾ ਪ੍ਰਾਪਤ ਕਰਨ ਲਈ ਸੰਗਤ, ਗੁਰਬਾਣੀ ਦਾ ਪਾਠ-ਕੀਰਤਨ-ਕਥਾ, ਸੇਵਾ ਤੇ ਸਿਮਰਨ ਰਾਹੀਂ ਯਤਨ ਕਰਨੇ ਹੋਣਗੇ। ਇਹ ਅਭਿਆਸ ਇੱਕ ਦਿਨ ਬਖਸ਼ਿਸ਼ ਤੱਕ ਲੈ ਜਾਵੇਗਾ ਅਤੇ ਅਸੀਂ ਮਿੱਠ ਬੋਲੜੇ ਵਾਹਿਗੁਰੂ ਜੀ ਦੇ ਪੈਦਾ ਕੀਤੇ ਭੁੱਲੜ ਇਨਸਾਨ ਵੀ ʼਮਿੱਠਾਸ ਦੇ ਸਾਗਰʼ ਸਤਿਗੁਰੂ ਜੀ ਦੇ ਪਿਆਰੇ ਤੇ ਮਿੱਠੇ ਜੀਵਨ ਵਾਲੇ ਸਚਿਆਰੇ ਗੁਰਸਿੱਖ ਬਨਣ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ।
No comments:
Post a Comment