Sunday, 13 March 2016

ਪੰਜਾਬੀ ਗੀਤਕਾਰੀ ਅਤੇ ਨੰਦ ਲਾਲ ਨੂਰਪੁਰੀ

ਪੰਜਾਬੀ ਗੀਤਕਾਰੀ ਅਤੇ ਨੰਦ ਲਾਲ ਨੂਰਪੁਰੀ

ਪੰਜਾਬੀ ਮਨ ਜਾਂ ਅਵਚੇਤਨ ਦੀ ਰਚਨਾ ਵਿਚ ਜਿੰਨਾ ਹਿੱਸਾ ਗੀਤਾਂ ਦਾ ਹੈ ਸ਼ਇਦ ਹੀ ਹੋਰ ਕਿਸੇ ਸਾਹਿਤ ਰੂਪ ਜਾਂ ਕਲਾ ਦਾ ਹੋਵੇ। ਪੰਜਾਬੀ ਜੀਅ ਦਾ ਗੀਤ ਸੁਣਦਿਆ ਜਨਮ ਹੁੰਦਾ, ਲੋਰੀਆਂ ਦੇ ਰੂਪ 'ਚ ਗੀਤ ਸੁਣਦਾ ਹੀ ਵੱਡਾ ਹੁੰਦਾ, ਗੀਤ ਸੁਣਦਿਆਂ ਹੀ ਮੰਗਣਾ ਕੁੜਮਾਈ ਹੁੰਦੇ। ਵਿਆਹ ਵਿਚ ਵਟਣਾ ਮਲਣ ਤੋਂ ਲੈ ਕੇ ਡੋਲੀ ਤੋਂ ਉਤਾਰੇ ਤੱਕ ਸਭ ਕੁਝ ਗੀਤਾਂ ਦੇ ਅੰਗ ਸੰਗ ਹੁੰਦਾ ਹੈ, ਜਿਸ ਵਿਚ ਘੋੜੀਆਂ, ਸੁਹਾਗ ਸਿੱਠਣੀਆਂ ਅਤੇ ਗੀਤਾਂ ਦੀਆਂ ਹੋਰ ਕਈ ਵੰਨਗੀਆਂ ਪੇਸ਼ ਹੁੰਦੀਆਂ। ਜਹਾਨ ਛੱਡ ਜਾਣ ਤੇ ਵੀ ਅਲਾਹੁਣੀਆਂ, ਕੀਰਨਿਆਂ ਵਾਲੇ ਗੀਤਾਂ ਨਾਲ ਹੀ ਵਿਦਾ ਕੀਤਾ ਜਾਂਦਾ। ਹਲ਼ ਵਾਹੁਣ, ਹਲਟ ਹੱਕਣ, ਫ਼ਸਲਾਂ ਸਾਂਭਣ ਅਦਿ ਸਭ ਕੁਝ ਗੀਤ ਗਾਉਂਦਿਆ ਹੁੰਦਾ। ਸਾਰੇ ਛਿੰਝਾਂ ਮੇਲੇ ਗੀਤਾਂ ਨਾਲ ਸੰਪੂਰਨ ਹੁੰਦੇ। ਵਿਸਾਖੀ, ਲੋਹੜੀ ਸਭ ਗੀਤਾਂ ਭਰੇ ਤਿਉਹਾਰ ਸਨ। ਕੱਤਣ ਤੁੰਬਣ ਵੇਲੇ ਗਾਉਣ ਔਰਤਾਂ ਦੀ ਜ਼ੁਬਾਨ ਤੇ ਹੁੰਦੇ। ਗਿਆਨ, ਚਿੰਤਨ, ਧਰਮ, ਦਰਸ਼ਨ, ਹਿਕਮਤ, ਇਤਿਹਾਸ ਆਦਿ ਨਾਲ ਸਬੰਧਤ ਸਾਰਾ ਪ੍ਰਾਚੀਨ ਅਤੇ ਮੱਧਕਾਲੀ ਸਾਹਿਤ ਵੀ ਗੀਤ / ਪ੍ਰਗੀਤ ਦੇ ਰੂਪ ਵਿਚ ਹੀ ਉਪਲੱਭਦ ਹੈ। ਗੀਤਾਂ ਬਗੈਰ ਪੰਜਾਬ ਦਾ ਕੋਈ ਲੋਕ ਨਾਚ ਨਹੀਂ। ਹੋਰ ਤਾਂ ਹੋਰ ਪੰਜਾਬੀ ਸੰਗੀਤ ਦੀ ਕੋਈ ਸੁਤੰਤਰ ਹੋਂਦ ਹਸਤੀ ਨਹੀਂ, ਇਸ ਦੀ ਪਛਾਣ ਪੰਜਾਬੀ ਗੀਤ ਨਾਲ ਹੀ ਹੈ।
ਅੱਜ ਦਾ ਪੰਜਾਬੀ ਬੰਦਾ ਆਪਣੇ ਚਿੱਤੋਂ ਹੋਰ ਜ਼ਰੂਰੀ ਵਣਜਾਂ ਵਿਚ ਲੱਗਾ ਹੋਇਆ ਕਿ ਉਸ ਕੋਲ ਆਪਣੇ ਲਈ ਗਾਉਣ ਦੀ ਸ਼ਕਤੀ ਅਤੇ ਸਮਾਂ ਨਹੀਂ ਬਚ ਰਹੇ। ਦੂਜੇ ਸ਼ਬਦਾਂ ਵਿਚ ਪੰਜਾਬੀ ਮਨ ਏਨੇ ਕਾਸੇ ਵਿਚ ਗਰੱਸਿਆ ਤੇ ਉਲਝਿਆ ਹੋਇਆ ਕਿ ਇਸ ਕੋਲ ਗਾਉਣ ਦੀ ਫੁਰਸਤ ਨਹੀਂ। ਇਹ ਆਪਣੀ ਖੁਸ਼ੀ ਲਈ ਆਪ ਨਹੀਂ ਗਾ ਸਕਦਾ, ਇਸ ਨੂੰ ਆਪਣੇ ਹਰ ਨਿੱਕੇ-ਵੱਡੇ ਜਸ਼ਨ ਲਈ ਗਾਉਂਣ ਵਾਲੇ ਬੰਦੇ ਅਤੇ ਮਸ਼ੀਨਾਂ ਖਰੀਦਣੇ ਜਾਂ ਕਿਰਾਏ ਤੇ ਲੈਣੇ ਪੈਂਦੇ ਹਨ। ਰੇਡੀਮੇਡ ਜਾਂ ਆਊਟ-ਸੋਰਸਡ ਗਾਉਂਣ ਨੂੰ ਖ੍ਰੀਦਣ ਲਈ ਬਾਜ਼ਾਰ ਜਾਂ ਮੰਡੀ ਜਾਣਾ ਪੈਂਦਾ ਹੈ। ਬੰਦੇ ਨੇ ਕੀ ਸੁਣਨਾ ਹੈ, ਇਸ ਨੂੰ ਬੰਦਾ ਨਹੀਂ ਮੰਡੀ ਨਿਰਧਾਰਤ ਕਰਨ ਲੱਗੀ ਹੈ। ਬੰਦਾ ਗਾਉਣ ਨੂੰ ਮਾਨਣ ਵਾਲਾ ਹੋਣ ਦੀ ਬਜਾਏ ਇਸ ਦਾ ਮਹਿਜ਼ ਖਪਤਕਾਰ ਹੋ ਗਿਆ ਹੈ। ਜਿਹੜਾ 'ਗੀਤ ਗਾਉਣ' ਪੰਜਾਬੀ ਜੀਵਨ ਲਈ ਹਵਾ ਪਾਣੀ ਜਿੰਨਾ ਮਹੱਤਵਪੂਰਨ ਸੀ ਉਹ ਪੂਰੀ ਤਰ੍ਹਾਂ ਖਪਤ-ਵਸਤੂ ਬਣ ਕੇ ਮੰਡੀ ਦੇ ਕਬਜ਼ੇ ਹੇਠ ਆ ਗਿਆ ਹੈ। ਮੰਡੀ ਦਾ ਗੀਤ-ਉਤਪਾਦਨ ਪੰਜਾਬੀ ਮਨ ਦਾ ਚਿਤਰਨ ਨਹੀਂ ਕਰਦਾ ਸਗੋਂ ਮੰਡੀ ਦੁਆਰਾ ਸਥਾਪਤ ਸਿਆਸਤ ਦੀ ਲੋੜ ਅਨੁਸਾਰ ਪੰਜਾਬੀ ਮਨ ਨੂੰ ਢਾਹੁੰਦਾ ਅਤੇ ਬਣਾਉਂਦਾ ਹੈ। ਵਰਤਮਾਨ ਸਮੇਂ ਵਿਚ Electronic ਮੀਡੀਏ / ਯੰਤਰਾਂ ਅਤੇ ਅਖਾੜਿਆਂ ਦੁਆਰਾ ਪਸਾਰੀ ਜਾਣ ਵਾਲੀ ਗੀਤਕਾਰੀ ਦੇ ਭਾਰੂ ਹਿੱਸੇ ਦੇ ਹੜ੍ਹ ਅੱਗੇ ਪੰਜਾਬੀ ਸੁਹਜ, ਸਲੀਕੇ, ਸਿਆਣਪ, ਸ਼ਰਾਫ਼ਤ ਅਤੇ ਸਿਹਤਮੰਦ ਮੁੱਲਾਂ ਦੇ ਪੈਰ ਉਖੜ ਰਹੇ ਹਨ। ਇਸ ਦੀ ਵਰਤਮਾਨ ਕਰੂਪਤਾ ਅਤੇ ਕਰੂਰਤਾ ਬਾਰੇ ਸਿੱਧੀਆਂ ਗੱਲਾਂ ਕਰ ਕੇ ਮਨ ਬਹੁਤਾ ਖਰਾਬ ਕਰਨ ਦੀ ਬਜਾਏ ਅਸੀਂ 50 ਸਾਲ ਪਹਿਲਾਂ ਰੂਖ਼ਸਤ ਹੋਏ ਪੰਜਾਬੀ ਦੇ ਮਹਾਨ ਗੀਤਕਾਰ ਨੰਦ ਲਾਲ ਨੂਰਪੁਰੀ ਦੀ ਗੀਤਕਾਰੀ ਦੇ ਹਵਾਲੇ ਨਾਲ ਗੱਲ ਕਰਾਂਗੇ। ਉਸ ਦੀ ਭਾਵਪੂਰਤ ਅਤੇ ਖੂਬਸੂਰਤ ਗੀਤਕਾਰੀ ਨਾਲ ਮੇਲ ਕੇ ਜਿਥੇ ਅੱਜ ਦੀ ਪ੍ਰਚੱਲਤ ਸਾਰੀ ਗੀਤਕਾਰੀ ਦੇ ਰੰਗਾਂ ਢੰਗਾਂ ਨੂੰ ਦੇਖਿਆ ਪਰਖਿਆ ਜਾ ਸਕਦਾ ਹੈ ਉਥੇ ਅਜੋਕੇ ਵਿਕਾਸ ਦੀ ਦਿਸ਼ਾ ਅਤੇ ਦਸ਼ਾ ਦੇ ਸੱਚ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
ਨੰਦ ਲਾਲ ਨੂਰਪੁਰੀ ਦੀ ਸ਼ਾਇਰੀ ਨੂੰ ਮਾਨਣਾ ਪੰਜਾਬੀ ਹੁਸਨ ਅਤੇ ਜੋਸ਼ ਦੇ ਵਗਦੇ ਦਰਿਆ ਕਿਨਾਰੇ ਬੈਠਣ ਵਾਂਗ ਸੀ। ਉਸ ਨੇ ਪੰਜਾਬੀ ਗੱਭਰੂਆਂ ਤੇ ਮੁਟਿਆਰਾਂ ਨੂੰ ਪਿਆਰ, ਕਿਰਤ ਅਤੇ ਦੇਸ਼ ਪ੍ਰੇਮ ਦੀ ਤ੍ਰੈਮੂਰਤੀ ਦੇ ਰੂਪ ਵਿਚ ਸਿਰਜਿਆ-
ਕੰਮ ਤੇਰੇ ਕਾਮਿਆ ਜਵਾਨ ਕਿੱਡੇ ਹੋ ਗਏ
ਕਾਰਖਾਨੇ ਮਿੱਲਾਂ ਤੇਰੇ ਜ਼ੋਰ ਤੇ ਖਲੋ ਗਏ
ਆਏ ਜਾਂ ਤੁਫ਼ਾਨ ਤੂੰ ਹਜ਼ਾਰ ਵਾਰ ਠੱਲੇ
ਕੀਤੀਆਂ ਗੋਡੀਆਂ ਲੱਗੀਆਂ ਡੋਡੀਆਂ
ਖਿੜੇ ਕਪਾਹ ਦੇ ਹਾਸੇ
ਜੱਟੀ ਦੀ ਜਵਾਨੀ ਸਾਂਭੀ ਨਾ ਜਾਵੇ
ਤੁਰਦੀ ਮਾਰ ਕੇ ਪਾਸੇ
ਤਾਰਾ ਮੀਰਾ ਤੋੜਦੀ ਫਿਰਾਂ
ਸੂਰਜ ਦੀ ਧੁੱਪੇ ਕਿਤੇ ਤਾਰਿਆਂ ਦੀ ਲੋਏ
ਚਾਨਣਾ ਤੁਹਾਡੀਆਂ ਜਵਾਨੀਆਂ ਦਾ ਹੋਏ
ਹਿੰਮਤਾਂ ਦੇ ਨਾਲ ਦੇਸ਼ ਆਪਣਾਂ ਸ਼ਿੰਗਾਰੋ
ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ
ਨੀ ਤੇਰੇ ਧੁੱਪ ਵਿੱਚ ਜਾਂਦੀ ਦੇ
ਧੌਣ ਉੱਤੇ ਆ ਨੀ ਗਏ
ਕੋਈ ਮੁੜ੍ਹਕੇ ਚਾਂਦੀ ਦੇ
ਵਰਤਮਾਨ ਦੌਰ ਵਿਚ ਮੀਡੀਏ ਦੁਆਰਾ ਲੱਚਰ ਦ੍ਰਿਸ਼ਾਂ ਸਹਿਤ ਜਿਸ ਤਰ੍ਹਾਂ ਦੀ ਗੀਤਕਾਰੀ ਸੰਚਾਰੀ, ਪਸਾਰੀ ਅਤੇ ਪ੍ਰਚਾਰੀ ਜਾ ਰਹੀ ਹੈ ਉਹ ਪੰਜਾਬੀ ਨੌਜਵਾਨ ਨੂੰ ਵਿਹਲੜ, ਬਲਾਤਕਾਰੀ, ਫੁਕਰੇ ਤੇ ਨਸ਼ੱਈ ਦੇ ਰੂਪ ਵਿਚ ਬਿਆਨਦੀ ਹੀ ਨਹੀਂ ਸਗੋਂ ਸਿਰਜਦੀ ਵੀ ਹੈ। ਪਰ ਨੂਰਪੁਰੀ ਦੇ ਗੀਤਾਂ ਵਿਚਲਾ ਨੌਜਵਾਨ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਬਹੁਤ ਬਲਵਾਨ ਸੀ। ਉਸ ਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ-
• ਦਾਤਾ ਦੀਆ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ
• ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
• ਗੋਰੀ ਦੀਆਂ ਝਾਂਜਰਾਂ ਬਲੌਂਦੀਆਂ ਗਈਆਂ
• ਚੰਨ ਵੇ ਕਿ ਸ਼ੌਂਕਣ ਮੇਲੇ ਦੀ
• ਨੀ ਮੈਨੂੰ ਦਿਓਰ ਦੇ ਵਿਆਹ ਵਿਚ ਨੱਚ ਲੈਣ ਦੇ
• ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
• ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਅੱਜ ਕੱਲ੍ਹ ਦੇ ਬਹੁਗਿਣਤੀ ਪ੍ਰਚੱਲਤ ਗੀਤਾਂ ਵਿਚ ਔਰਤ ਦੀ ਦੇਹ ਤੇ ਕਬਜ਼ੇ, ਇਕਪਾਸੜ ਧੱਕੇਸ਼ਾਹੀ ਅਤੇ ਬਲਾਤਕਾਰੀ ਰੁਚੀ ਨੂੰ ਹੀ ਮੁਹੱਬਤ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਹੈ। ਪਰ ਨੂਰਪੁਰੀ ਨੇ ਆਪਣੇ ਗੀਤਾਂ ਵਿਚ ਮੁਹੱਬਤ ਦਾ ਗੂੜਾ ਰੰਗ ਸੁੱਚਤਾ ਤੇ ਪਵਿਤਰਤਾ ਦੇ ਪ੍ਰਸੰਗ ਵਿੱਚ ਵਰਤਿਆ। ਇਹ ਰੰਗ ਕਾਮ ਉਕਸਾਊ ਨਹੀਂ ਸੀ। ਉਸ ਨੇ ਔਰਤ ਦੇ ਪੱਟਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਵੀ ਅਸ਼ਲੀਲਤਾ ਨੂੰ ਨੇੜੇ ਫੜਕਣ ਨਾ ਦਿੱਤਾ-
ਮੱਘੇ ਵਿੱਚ ਲੱਸੀ ਉੱਤੇ ਛਿੱਕੂ ਰੋਟੀਆਂ
ਬੂਰੀ ਦੀਆਂ ਧੀਆਂ ਅੱਗੇ ਪੰਜ ਝੋਟੀਆਂ
ਰੁੱਖਾਂ ਹੇਠ ਬੈਠ ਅਸੀ ਬੇੜ ਵੱਟੀਏ
ਸਿਖਰ ਦੁਪਹਿਰ ਕਿੱਥੇ ਜਾਵੇਂ ਜੱਟੀਏ
ਕਣਕਾਂ ਚ ਮਾਰਦੇ ਖੰਘੂਰੇ ਜੱਟ ਨੀ
ਦੂਰ ਤੇਰਾ ਖੇਤ ਧੰਨ ਤੇਰੇ ਪੱਟ ਨੀ
ਨੂਰਪੁਰੀ ਦੇ ਕਾਵਿ ਨਾਇਕ ਅਤੇ ਨਾਇਕਾ ਕੋਈ 'ਆਵਾਰਾ ਆਸ਼ਕ' ਜਾਂ 'ਲਾਵਾਰਿਸ ਮਾਸ਼ੂਕ' ਨਹੀਂ ਸਨ ਸਗੋਂ ਆਪਣੇ ਪਰਿਵਾਰ, ਸਮਾਜ, ਸੱਭਿਆਚਾਰ ਤੇ ਦੇਸ਼ ਨਾਲ ਸਹਿ-ਸੁਭਾਅ ਜੁੜੇ ਹੋਏ ਸਨ। ਨਾਲ ਹੀ ਨੂਰਪੁਰੀ ਇਸਤਰੀ-ਪੁਰਸ਼ ਦੇ ਸਿਹਤਮੰਦ ਸਬੰਧਾਂ ਅਤੇ ਇਹਨਾਂ ਦੇ ਭਰਵੇਂ ਪ੍ਰਗਟਾਵੇ ਦਾ ਹਾਮੀ ਸੀ। ਉਹ ਉਸ ਜ਼ਮਾਨੇ ਵਿਚ ਵੀ ਵਿਆਹ ਦੀ ਸੰਸਥਾ ਨੂੰ ਸਮਾਜਿਕ ਬੰਧਨ ਦੀ ਬਜਾਏ ਪ੍ਰੇਮ-ਸਬੰਧ ਦੇ ਰੂਪ ਵਿਚ ਚਿਤਰਦਾ ਰਿਹਾ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ 'ਪਿਆਰ-ਫਲਸਫੇ' ਦੇ ਝਲਕਾਰੇ ਉਸ ਦੇ ਗੀਤਾਂ ਵਿਚ ਥਾਂ ਥਾਂ ਪੈਂਦੇ ਹਨ। ਗੁਰਬਖਸ਼ ਸਿੰਘ ਵਾਂਗ ਉਹ ਵੀ ਪਿਆਰ ਨੂੰ ਕਬਜ਼ਾ ਨਹੀਂ ਪਹਿਚਾਣ ਮੰਨਦਾ ਸੀ। ਇਸ ਤਰ੍ਹਾਂ ਉਸ ਦੀ ਗੀਤਕਾਰੀ ਸਿਹਤਮੰਦ ਫਲਸਫੇ ਨਾਲ ਕਦਮ ਮੇਲ਼ ਕੇ ਤੁਰਦੀ ਸੀ। ਉਹ ਅੱਜ ਦੇ ਗੀਤਕਾਰਾਂ ਦੀ
ਨੀਂ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਉਣੀ ਆਂ
ਵਾਲੀ ਮਰਦਾਨਵੀ ਹੈਂਕੜ ਅਤੇ ਇਜ਼ਾਰੇਦਾਰੀ ਦੇ ਖਿਲਾਫ ਸੀ। ਉਹ ਇਸਤਰੀ ਨੂੰ ਬਰਾਬਰ ਦੀ ਧਿਰ ਵਜੋਂ ਸਵੀਕਾਰਦਾ ਅਤੇ ਉਸ ਦੇ ਸਵੈਮਾਨ ਤੇ ਸੁਤੰਤਰਤਾ ਦਾ ਸਮੱਥਕ ਸੀ-
ਹੁਣ ਡੋਲ਼ੀ ਵਿੱਚ ਬੈਠ ਬੈਠ ਕੇ ਥੱਕ ਗਈਆਂ ਮੁਟਿਆਰਾਂ
ਹੁਣ ਨਹੀਂ ਚਾਂਦੀ ਦੇ ਠੀਕਰ ਲਈ ਚੁਕਣਾ ਹੁਸਨ ਕਹਾਰਾਂ
ਹੁਣ ਨਹੀਂ ਬੱਧੇ-ਰੱਸੇ ਵਿਕਣੇ ਲੁਕ ਲੁਕ ਕੇ ਇਹ ਚਾਅ
ਗੋਰੀਏ ਵੀਣੀਂ ਜ਼ਰਾ ਫੜਾ
ਨੂਰਪੁਰੀ ਨਾ ਜਨਮ ਤੋਂ ਸਿੱਖ ਸੀ ਨਾ ਭੇਖ ਤੋਂ। ਪਰ ਸਿੱਖੀ ਦੀ ਆਤਮਾ ਉਹਦੇ ਮਨ ਵਿਚ ਗਹਿਰੀ ਵਸੀ ਹੋਈ ਸੀ। ਉਸ ਨੇ ਗੁਰੂ ਨਾਨਕ, ਬੇਬੇ ਨਾਨਕੀ, ਗੁਰੂ ਅਰਜਨ, ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ, ਸਾਹਿਬਜ਼ਾਦੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸੰਗਾਂ ਨਾਲ ਸਬੰਧਤ ਪ੍ਰਵਚਨਾਂ ਦੀ ਪੁਨਰ ਸਿਰਜਨਾ ਕੀਤੀ ਕਿ ਇਹਨਾਂ ਦੇ ਵਿਸਤ੍ਰਿਤ ਅਰਥ ਪੰਜਾਬੇ ਅਵਚੇਤਨ ਦਾ ਸਹਿਜ ਭਾਗ ਬਣੇ। ਨੂਰਪੁਰੀ ਸਿਦਕ, ਸਿਰੜ ਅਤੇ ਕਰਮਸ਼ੀਲਤਾ ਦਾ ਮੱਦਾਹ ਸੀ ਇਸ ਲਈ ਉਹ ਕਰਮਕਾਂਡੀ ਧਾਰਮਿਕਤਾ ਤੇ ਵਿਅੰਗ ਕੱਸਦਾ ਰਿਹਾ-
ਬੜਾ ਕੈਦੀ ਏਂ ਮੰਦਰ ਵਿਚ ਟਿਕਾਣਾ ਕਰਕੇ ਬੈਠਾ ਏਂ
ਕੀ ਤੇਰਾ ਜ਼ੁਲਮ ਹੈ ਐਡੀ ਜੋ ਤੇਰੀ ਸਜ਼ਾ ਨਿਕਲੀ
ਮੰਦਰ ਦੀਆਂ ਦਹਿਲੀਜ਼ਾਂ ਲੰਘ ਕੇ ਮੈਂ ਕੀ ਮੱਥੇ ਟੇਕਾਂ
ਪੱਥਰ ਦਿਲ ਭਗਵਾਨ ਦਾ ਕੀਤਾ ਇਹ ਜੋਤਾਂ ਦਿਆਂ ਸੇਕਾਂ
ਨੂਰਪੁਰੀ ਉਮਰੋਂ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਹਾਣ ਦਾ ਸੀ। ਦੇਸ਼ ਆਜ਼ਾਦ ਹੋਣ ਸਮੇਂ ਉਹ ੪੧ ਸਾਲ ਦਾ ਸੀ। ਆਜ਼ਾਦੀ ਦੇ ਪਰਵਾਨਿਆਂ ਦੇ ਸੁਪਨੇ ਉਸ ਦੇ ਸੰਵੇਦਨਸ਼ੀਲ ਮਨ ਤੇ ਡੂੰਘੇ ਉਕਰੇ ਹੋਏ ਸਨ। ਇਹਨਾਂ ਸੂਰਮਿਆਂ ਦੀ ਸਾਰੀ ਜੱਦੋ-ਜਹਿਦ ਨਿੱਜ ਅਤੇ ਆਪਣੇ ਪਰਿਵਾਰਾਂ ਤੋਂ ਬਹੁਤ ਪਾਰ ਸਮੂਹ ਦੇਸ਼ ਵਾਸੀਆਂ ਦੀ ਜਮਹੂਰੀ ਸਰੂਪ ਵਾਲੀ ਰਾਜਸੀ ਆਜ਼ਾਦੀ, ਆਰਥਿਕ ਖੁਸ਼ਹਾਲੀ, ਸਮਾਜਿਕ ਬਰਾਬਰੀ ਅਤੇ ਨਿਆਂ ਵਰਗੇ ਸੁਪਨਿਆਂ ਦੇ 'ਕਮਲ਼' ਦਾ ਪ੍ਰਗਟਾਅ ਸੀ। ਇਸ 'ਕਮਲ਼' ਦੀ ਇੰਤਹਾ ਨੂੰ ਨੂਰਪੁਰੀ ਆਪਣੇ ਗੀਤਾਂ ਵਿਚ ਢਾਲਦਾ ਰਿਹਾ-
ਮੈਂ ਵਤਨ ਦਾ ਸ਼ਹੀਦ ਹਾਂ ਮੇਰੀ ਯਾਦ ਭੁਲਾ ਦੇਣੀ
ਮੇਰੇ ਖੁਨ ਦੀ ਇਕ ਪਿਆਲੀ ਕਿਸੇ ਪਿਆਸੇ ਨੂੰ ਪਿਲਾ ਦੇਣੀ
ਕਿਸੇ ਅਬਲਾ ਦਾ ਹੱਥ ਫੜ ਕੇ ਮੇਰੇ ਖੂਨ ਦੀ ਲਾ ਮਹਿੰਦੀ
ਉਹਦੀ ਦੁਨੀਆਂ ਵਸਾ ਦੇਣੀ ਮੇਰੀ ਦੁਨੀਆਂ ਮਿਟਾ ਦੇਣੀ
ਦੇਣਾ ਨਾ ਕਿਸੇ ਪੈਸਾ ਮੇਰੇ ਰੋਂਦੇ ਨਿਆਣੇ ਨੂੰ
ਮੇਰੀ ਮਿੱਟੀ ਦੀ ਮੁੱਠ ਭਰ ਕੇ ਉਹਦੀ ਝੋਲੀ 'ਚ ਪਾ ਦੇਣੀ
ਮੇਰੇ ਘਰ ਦੇ ਹਨੇਰੇ ਵਿੱਚ ਬੈਠੀ ਹੈ ਉਜੜੀ ਹੋਈ
ਉਹਦੇ ਨੈਣਾਂ ਦੀ ਲੋਅ ਖੋਹ ਕੇ ਦੀਵਾਲੀ ਜਗਾ ਦੇਣੀ
ਇਹ ਗੀਤ ਵਤਨ ਦੇ ਸ਼ਹੀਦਾਂ ਪ੍ਰਤੀ ਕੋਈ ਅੱਤਕਥਨੀ ਭਰਿਆ ਬਿਆਨ ਨਹੀਂ ਸੀ। ਉਹ ਲੋਕ ਬਣੇ ਹੀ ਅਜਿਹੀ ਮਿੱਟੀ ਦੇ ਸਨ। ਦੇਸ਼ ਆਜ਼ਾਦ ਹੋਣ ਸਮੇਂ ਨੂਰਪੁਰੀ ਉਹਨਾਂ ਦੇ ਸੁਪਨਿਆਂ ਦਾ ਜਿਊਂਦਾ ਗਵਾਹ ਸੀ ਅਤੇ ਉਸ ਨੂੰ ਇਹ ਸੁਪਨੇ ਪੂਰੇ ਹੋਣ ਦੀ ਆਸ ਅਤੇ ਲਲਕ ਸੀ। ਦੇਸ਼ ਉਸਾਰੀ ਲਈ ਜਦ ਨਹਿਰੂ ਨੇ ਨਾਹਰਾ ਦਿੱਤਾ- ‘Let us work together’ ਤਦ ਨੂਰਪੁਰੀ ਨੇ ਲਿਖਿਆ-
ਬਾਂਹਾਂ ਵਿੱਚ ਬਾਂਹਾਂ ਪਾ ਕੇ ਸਾਂਹਾਂ ਵਿਚ ਸਾਹ ਉਏ
ਉੱਚੇ ਨੀਵੇਂ ਕਰੋ ਇਕ ਸਾਰ ਵਾਹ ਵਾਹ ਉਏ
ਬੀਜ ਦਿਓ ਤਾਕਤਾਂ ਤੇ ਹੌਸਲੇ ਉਭਾਰੋ
ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ
ਪੰਜ ਸਾਲਾ ਯੋਜਨਾਵਾਂ ਸ਼ੁਰੂ ਹੋਈਆਂ। ਨੂਰਪੁਰੀ ਨੂੰ ਲੱਗਿਆ ਕਿ ਸ਼ਹੀਦਾਂ ਦੇ ਸੁਪਨੇ ਪੂਰੇ ਹੋਏ ਕਿ ਹੋਏ। ਤੇਜ਼ੀ ਨਾਲ ਆਰਥਿਕ ਵਿਕਾਸ ਹੋਣ ਲੱਗਾ। ਬਿਜਲੀਕਰਨ ਦਾ ਦੌਰ ਸ਼ੁਰੂ ਹੋਇਆ। ਸੰਚਾਈ ਸਾਧਨ ਵਿਕਸਤ ਹੋਣ ਲੱਗੇ। ਨੂਰਪੁਰੀ ਨੇ ਗੀਤਕਾਰੀ ਰਾਹੀਂ ਇਸ ਬਦਲਦੀ ਨੁਹਾਰ ਦੀ ਇਤਿਹਾਸਕਾਰੀ ਕੀਤੀ। ਦੇਸ਼ ਦੀ ਤਰੱਕੀ ਸਬੰਧੀ ਉਸ ਨੇ ਅਨੇਕਾਂ ਨਗਮੇ ਲਿਖੇ-
ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ
ਚੰਨ ਨਾਲੋਂ ਗੋਰੀ ਉਤੇ ਚੁੰਨੀ ਸੁੱਚੇ ਕੱਚ ਦੀ
ਪੰਜ ਸਾਲਾ ਯੋਜਨਾ ਦੀ ਰਾਣੀ ਉਹਨੂੰ ਕਹਿਣਗੇ
ਨੇਰ ਉਡ ਜਾਉ ਲਿਸ਼ਕਾਰੇ ਜਿੱਥੇ ਪੈਣਗੇ
ਵਾਹਣਾਂ ਤੇ ਉਜਾੜਾਂ ਵਿੱਚ ਮੋਤੀ ਉਹਨੇ ਕੇਰਨੇ
ਜੱਟੀਆਂ ਬਣੌਣਗੀਆਂ ਸੋਨੇ ਦੇ ਅਟੇਰਨੇ
ਚਾਂਦੀ ਦੀਆਂ ਚਰਖੀਆਂ ਤੇ ਸੂਤ ਉਠੂ ਨੱਚ ਜੀ
ਲ਼ੀ ਕਾਰਬੂਜ਼ੀਅਰ ਚੰਡੀਗੜ੍ਹ ਵਰਗੇ ਸੰਦਰ ਅਤੇ ਅਧੁਨਿਕ ਸ਼ਹਿਰ ਦੀ ਯੋਜਨਾ ਤਿਆਰ ਕਰ ਰਿਹਾ ਸੀ। ਉਸ ਦੇ ਛੋਟੇ ਭਰਾ ਪੈਰੀ ਜੈਨਰੇ ਨੂੰ ਪੰਜਾਬ ਦਾ ਮੁੱਖ ਆਰਕੀਟੈਕਟ ਲਾਇਆ ਗਿਆ। ਜਿਸ ਨੇ ਪੰਜਾਬ ਦੇ ਪਿੰਡਾਂ ਦਾ ਅਧੁਨਿਕ ਸ਼ਹਿਰਾਂ ਦੀ ਤਰਜ਼ ਤੇ ਵਿਕਾਸ ਕਰਨ ਦੀ ਵਿਸਤ੍ਰਿਤ ਤਜਵੀਜ਼ ਤਿਆਰ ਕੀਤੀ। ਜਿਸ ਵਿਚ ਰਸਤਿਆਂ, ਗਲੀਆਂ, ਰਹਾਇਸ਼ੀ ਮਕਾਨਾਂ, ਜਨ ਸਿਹਤ, ਮਲ ਨਿਕਾਸ, ਵਾਤਾਵਰਨ ਸੁਰੱਖਿਆ, ਭਾਈਚਾਰਕ ਸੰਸਥਾਨਾ ਆਦਿ ਨੂੰ ਯੋਜਨਾਬੱਧ ਢੰਗ ਨਾਲ ਬਣਾਉਣ ਦੀ ਵਿਵਸਥਾ ਸੀ। ਪੇਂਡੂ ਪਾੜ੍ਹਿਆਂ ਨੂੰ ਉੱਚ ਤਕਨੀਕੀ ਵਿਦਿਆ ਦੇਣ ਲਈ ਲੁਧਿਆਣੇ ਇੰਜਨੀਰਿੰਗ ਕਾਲਜ ਖੁਲ੍ਹ ਗਿਆ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਵਰਗਾ ਵਿਲੱਖਣ ਅਫ਼ਸਰ ਮੁਰੱਬੇਬੰਦੀ ਕਰਕੇ ਪੰਜਾਬ ਵਿਚ ਖੇਤੀ ਵਿਕਾਸ ਦਾ ਮੁੱਢ ਬੰਨ੍ਹ ਰਿਹਾ ਸੀ। ਖੇਤੀਬਾੜੀ ਯੁਨੀਵਰਸਿਟੀ ਬਣਾਉਣ ਦੀ ਤਿਆਰੀ ਹੋਈ। ਦਿਹਾਤੀ ਖੇਤਰ ਦੇ ਤੇਜ਼ ਰਫ਼ਤਾਰ ਵਿਕਾਸ ਦਾ ਮੁੱਢ ਬੱਝਦਾ ਦੇਖ ਕੇ ਗੀਤਕਾਰ ਨੂਰਪੁਰੀ ਤੋਂ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ। ਉਹ ਲਿਖ ਰਿਹਾ ਸੀ-
ਦੇਸ਼ ਵਿਚ ਵੰਡ ਦਿਓ ਪ੍ਰੇਮ ਤੇ ਪਿਆਰ ਨੂੰ
ਨਵਾਂ ਨਵਾਂ ਰੂਪ ਚਾੜ੍ਹੋ ਪਿੰਡਾਂ ਦੀ ਬਹਾਰ ਨੂੰ
ਸ਼ਹਿਰਾਂ ਵਾਂਗ ਵਧ ਗਏ ਨੇ ਪਿੰਡ ਤੇ ਗਿਰਾਂ ਨੀ
ਮਾਲੀਆਂ ਦੇ ਸਿਰਾਂ ਉਤੇ ਫੁੱਲਾਂ ਕੀਤੀ ਛਾਂ ਲਈ
ਨੂਰਪੁਰੀ ਪੰ: ਜਵਾਹਰ ਲਾਲ ਨਹਿਰੂ ਦੇ ਵਿਕਾਸ ਮਾਡਲਾਂ, ਨੀਤੀਆਂ, ਯੋਜਨਾਵਾਂ ਅਤੇ ਪ੍ਰਤੀਬੱਧਤਾ ਦਾ ਕਾਇਲ ਸੀ। ਜਿਸ ਤਰ੍ਹਾਂ ਦੇ ਵਿਕਾਸ ਦੇ ਸੁਪਨੇ ਨੂਰਪੁਰੀ ਦੀ ਕਲਮ ਲੈ ਰਹੀ ਸੀ ਉਸੇ ਤਰਜ਼ ਦੇ ਰਾਸ਼ਟਰ ਨਿਰਮਾਣ ਦੇ ਫੈਸਲੇ ਨਹਿਰੂ ਦੀ ਕਲਮ ਕਰ ਰਹੀ ਸੀ। ਓਸ ਲਈ ਠਾਣੇਦਾਰੀ ਨਾਲੋਂ ਸ਼ਾਇਰੀ ਵੱਡੀ ਗੱਲ ਸੀ। ਠਾਣੇਦਾਰੀ ਛੱਡ ਦਿੱਤੀ। ਨਹਿਰੂ ਦੀ ਮੌਤ ਤੇ ਉਸ ਨੇ ਗੀਤ ਵੀ ਲਿਖਿਆ ਸੀ-
ਨਾ ਉਹ ਗਿਆ ਨਾ ਛਿਪਿਆ ਕਿਧਰੇ, ਉਹ ਤੇ ਇਥੇ ਹੀ ਰਹਿੰਦਾ ਏ
ਉਹਦਾ ਝਾਉਲਾ ਹਰ ਸੁਪਨੇ ਵਿਚ ਅਜੇ ਵੀ ਮੁੜ ਮੁੜ ਪੈਂਦਾ ਏ
'ਨੁਰਪੁਰੀ' ਮੁਸ਼ਕਲ ਨੇ ਮਿਲਣੀਆਂ ਰੂਹਾਂ ਉਹਦੇ ਨਾਲ ਦੀਆਂ
ਆਓ ਲੋਕੋ ਗੱਲ ਕਰੀਏ ਓਸ ਜਵਾਹਰ ਲਾਲ ਦੀਆਂ
ਪਰ ਵਿਕਾਸ ਦੀ ਨਹਿਰੂ ਕਾਲ ਦੇ ਆਰੰਭ ਵਾਲੀ ਤੇਜ਼ ਰਫਤਾਰੀ ਮੱਠੀ ਪੈਣ ਲੱਗੀ। ਪ੍ਰਜਾਤੰਤਰ ਦੇ ਵਿਗਸਣ ਤੋਂ ਪਹਿਲਾਂ ਸੀ ਰਾਜਤੰਤਰ ਇਸ ਨੂੰ ਨਿਗਲਣ ਲੱਗਾ। ਅੰਗਰੇਜ਼ਾਂ ਦੇ ਹਮਾਇਤੀ ਰਹੇ ਦੇਸੀ ਰਾਜੇ ਤੇ ਜਗੀਰਦਾਰ ਨਵੇਂ ਰੂਪਾਂ 'ਚ ਸੱਤਾ ਸੰਸਥਾਨਾ ਤੇ ਕਾਬਜ਼ ਹੋਣ ਲੱਗੇ। ਅੰਗਰੇਜ਼ਾਂ ਦੇ ਸਾਮਰਾਜੀ ਸਾਂਚੇ ਵਿਚ ਢਲੀ ਨੌਕਰਸ਼ਾਹੀ ਜਮਹੂਰੀ ਰਾਜ ਵਿਚ ਆਪਣੇ ਨਵੇਂ ਰੋਲ ਨੂੰ ਅਪਨਾਉਣ ਲਈ ਤਿਆਰ ਨਾ ਹੋਈ। ਪੰਜ ਸਾਲਾ ਯੋਜਨਾਵਾਂ ਠੁੱਸ ਹੋਣ ਲੱਗੀਆਂ। ਸਮੂਹਿਕ ਵਿਕਾਸ ਦੇ ਸੁਪਨੇ ਤੇ ਨਿੱਜੀ ਤਰੱਕੀ ਦੀ ਹਵਸ ਭਾਰੂ ਹੋਣ ਲੱਗੀ। ਨੂਰਪੁਰੀ ਚੇਤੇ ਕਰਾਉਣ ਲੱਗਿਆ-
ਓ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਜਿਉਂਣਾ ਹੁੰਦਾ ਓਸ ਮਰਦ ਦਾ ਕਿਸੇ ਲਈ ਜੋ ਮਰਦਾ ਏ
ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਏ
'ਨੂਰਪੁਰੀ' ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ
ਪਰ 'ਝੂਠੀਆਂ ਦੁਕਾਨਾਂ' ਬੰਦ ਹੋਣ ਦੀ ਬਜਾਏ ਵਧਣ ਫੁੱਲਣ ਲੱਗੀਆਂ। ਵਿਕਾਸ ਪ੍ਰਾਜੈਕਟਾਂ ਦੀ ਉਸਾਰੀ ਬਹੁ ਗਿਣਤੀ ਕਾਰਜਪਾਲਕਾਂ ਲਈ ਕਾਲੀ ਕਮਾਈ ਰਾਹੀਂ ਆਪਣੇ ਘਰ ਭਰਨ ਦਾ ਸਾਧਨ ਬਣਨ ਲੱਗੀ। ਦੇਸ਼ ਭਗਤੀ ਦੀ ਜਗ੍ਹਾ ਪਰਿਵਾਰਵਾਦ ਅੱਗੇ ਆਉਣ ਲੱਗਾ। Public Servants ਸੇਵਾਦਾਰਾਂ ਦੀ ਬਜਾਏ ਮਾਲਕ ਅਤੇ ਹਾਕਮ ਬਣ ਗਏ। ਆਪਣੀ ਚਮਕ ਦਮਕ ਅਤੇ ਰਾਜ ਸ਼ਕਤੀ ਕਾਰਨ ਇਹ ਨੌਕਰਸ਼ਾਹੀ ਹਰ ਤਰ੍ਹਾਂ ਦੀਆਂ ਸਰਕਾਰੀ ਕੁਰਸੀਆਂ ਤੇ ਬੈਠੇ ਬਹੁਗਿਣਤੀ ਬੰਦਿਆਂ ਲਈ ਰੋਲ ਮਾਡਲ ਬਣਨ ਲੱਗੀ ਜੋ ਨੌਕਰਸ਼ਾਹੀ ਵਰਗੀ ਕਾਰਜਸ਼ੈਲੀ ਅਪਨਾਉਣ ਲੱਗੇ। ਅਫ਼ਸਰੀ ਦਾ ਮਤਲਬ ਤਾਂ ਨਿਗੂਣੀ ਦਫਤਰੀ ਮੁਣਸ਼ੀਗੀਰੀ ਸੀ। ਪਰ ਸਰਕਾਰੀ ਮੁਣਸ਼ੀਆਂ ਦਾ ਰੋਹਬ-ਦਾਬ ਤੇ ਪ੍ਰਭਾਵ ਦੇਖ ਕੇ ਰੀਸੋ ਰੀਸੀ ਸਰਕਾਰੀ ਡਾਕਟਰਾਂ ਨੂੰ ਮੈਡੀਕਲ ਅਫਸਰ ਹੋਣਾ ਚੰਗਾ ਲੱਗਾ। ਖੇਤੀ ਵਿਗਿਆਨੀ ਖੇਤੀਬਾੜੀ ਅਫਸਰ ਹੋ ਗਏ ਤੇ ਸਿੱਖਿਆ ਸ਼ਾਸਤਰੀ ਸਿੱਖਿਆ ਅਫਸਰ ਹੋ ਗਏ। ਇਸੇ ਤਰ੍ਹਾਂ ਇੰਜਨੀਅਰਿੰਗ ਅਤੇ ਦੇਸ਼ ਉਸਾਰੀ ਨਾਲ ਸਬੰਧਤ ਹੋਰ ਸਿਰਜਨਾਤਮਕ ਖੇਤਰਾਂ ਦਾ ਗੌਰਵ ਮੁਣਸ਼ੀਪੁਣੇ ਦੇ ਤਹਿਤ ਹੋ ਗਿਆ। ਇਸ ਤਰ੍ਹਾਂ ਨੌਕਰਸ਼ਾਹੀ ਨੇ ਇਕ ਜਮਾਤ ਨਾ ਰਹਿ ਕੇ ਸਮੁੱਚੇ ਸਰਕਾਰੀ ਤੰਤਰ ਵਿਚ ਫੈਲੇ ਭਿਆਨਕ ਕੋਹੜ ਦਾ ਰੂਪ ਧਾਰ ਲਿਆ। ਇਸ ਨੌਕਰਸ਼ਾਹੀ ਨੇ ਪੈਰੀ ਜੈਨਰੇ ਵਰਗੇ ਮਹਾਨ ਯੋਜਨਾਕਾਰ ਦੀਆਂ ਤਜਵੀਜ਼ਾਂ ਨੂੰ ਸਿਰੇ ਨਾ ਚੜ੍ਹਨ ਦਿੱਤਾ। ਇਹ ਨੌਕਰਸ਼ਾਹੇ ਜਨ ਪ੍ਰਤਿਨਿਧਾਂ ਨੂੰ ਆਪਣੀ ਚਾਟ ਤੇ ਲਾਉਣ ਵਿੱਚ ਸਫਲ ਹੋਣ ਲੱਗੀ। ਅੱਜ ਕੱਲ੍ਹ ਰਾਜ ਨੇਤਾਵਾਂ ਵਲੋਂ ਜਨਤਕ ਧੰਨ ਹੜੱਪਣ ਦੇ ਸਕੈਂਡਲ ਲੱਖਾਂ ਨੂੰ ਟੱਪ ਕੇ ਕਰੋੜਾਂ, ਕਰੋੜਾਂ ਤੋਂ ਅਰਬਾਂ ਅਤੇ ਹੁਣ ਖਰਬਾਂ ਨੂੰ ਛੁਹਣ ਲੱਗੇ ਹਨ, ਦੂਜੇ ਪਾਸੇ ਜਨਤਕ ਵਿਕਾਸ ਲਈ ਪੂੰਜੀ ਦੀ ਥੁੜ੍ਹ ਦੀ ਦੁਹਾਈ ਦਿੱਤੀ ਜਾ ਰਹੀ ਹੈ। ਪਰ ਨੌਕਰਸ਼ਾਹੀ ਦੀ ਅਜੇ 'ਢਕੀ ਰਿੱਝ' ਰਹੀ ਹੈ ਕਿਉਂਕਿ ਇਹਨਾਂ ਦੀ 'ਵਿਰੋਧੀ ਧਿਰ' ਪੈਦਾ ਨਹੀਂ ਹੋਈ।
ਅਜੇਹੇ ਰੁਝਾਨਾਂ ਦੇ ਸ਼ੁਰੂਆਤੀ ਲੱਛਣਾਂ ਨਾਲ ਹੀ ਕਵੀ ਨੂਰਪੁਰੀ ਦੀ ਰੂਹ ਕੁਰਲਾ ਉਠੀ। ਜਿਵੇਂ ਅੱਜ ਕੱਲ੍ਹ ਪੰਜਾਂ ਸਾਲਾਂ ਬਾਦ ਨਵੀਂ ਸਰਕਾਰ ਬਣਨ ਤੇ ਢੋਲ ਢਮੱਕੇ ਹੁੰਦੇ ਹਨ ਪਰ ਲੋਕਾਂ ਦੇ ਮਨਾਂ ਵਿੱਚ ਪੁੰਗਰੀਆਂ ਆਸਾਂ ਉਮੀਦਾਂ ਸਾਲ ਕੁ ਵਿੱਚ ਮੁਰਝਾ ਜਾਂਦੀਆਂ ਹਨ ਅਤੇ ਕੋਈ ਸਿਫਤੀ ਤਬਦੀਲੀ ਨਹੀਂ ਵਾਪਰਦੀ। ਐਨ ਇਸੇ ਤਰਾਂ ਲੰਮੇ ਸਮੇਂ ਦੀ ਗੁਲਾਮੀ ਤੋਂ ਬਾਅਦ ਆਈ ਅਜ਼ਾਦੀ ਨਾਲ ਨੂਰਪੁਰੀ ਦੇ ਮਨ ਵਿੱਚ ਖਿੜੇ ਚਾਅ ਨੇ ਡੇਢ ਦਹਾਕੇ ਮਗਰੋਂ ਮੁਰਝਾਉਣਾ ਸ਼ੁਰੂ ਕਰ ਦਿੱਤਾ। ਨੂਰਪੁਰੀ ਨੂੰ ਇਹ ਦੇਸ਼ ਆਪਣੇ ਸੁਪਨਿਆਂ ਦੇ ਦੇਸ਼ ਤੋਂ ਵੱਖਰੇ ਰਾਹ ਤੁਰਦਾ ਲੱਗਾ। ਉਸ ਨੇ ਸੋਚਿਆ ਹੋਵੇਗਾ ਦੇਸ਼ ਦੇ ਸਮੂਹਕ ਵਿਕਾਸ ਕਾਰਨ ਇਸ ਗੌਰਵਸ਼ਾਲੀ ਕਵੀ ਦੀ ਆਰਥਕ ਤੰਗੀ ਵੀ ਕੱਟੀ ਜਾਵੇਗੀ। ਪਰ ਅਜਿਹਾ ਨਾ ਹੋਇਆ। ਉਸ ਨੂੰ ਆਪਣੇ ਨਗਮੇ ਹੀ ਓਪਰੇ ਲੱਗਣ ਲੱਗੇ। ਇਹ ਨਗਮੇਂ ਉਸ ਦੀ ਆਤਮਾ ਲਈ ਅਸਰਾ ਬਣਨ ਦੀ ਥਾਂ ਉਸ ਦਾ ਮੂੰਹ ਚਿੜਾਉਣ ਲੱਗੇ। ਉਹ ਸ਼ਾਇਰ ਹੋਣ ਦੇ ਗੌਰਵ ਤੋਂ ਵਿਛੁੰਨਿਆਂ ਗਿਆ ਅਤੇ ਗਹਿਰੀ ਨਿਮੋਸ਼ੀ ਅਤੇ ਉਦਾਸੀ ਦੇ ਤਹਿਖਾਨਿਆਂ ਵਿਚ ਉਤਰਦਾ ਚਲਾ ਗਿਆ। ਸਮੂਹਿਕ ਖੁਸ਼ਹਾਲੀ ਦੀ ਲੋਚਾ ਕਰਨ ਵਾਲੇ ਨੂਰਪੁਰੀ ਨੂੰ ਉਸ ਦੀ ਸਮਾਜਿਕ ਅਤੇ ਆਰਥਿਕ ਮੰਦਹਾਲੀ ਨੇ ਢਾਹ ਲਿਆ। 13 ਮਈ 1966 ਦੀ ਸ਼ਾਮ ਨੂੰ ਉਸ ਨੇ ਆਪਣੇ ਪੁੱਤਰ ਸਤਿਕਰਤਾਰ ਨੂੰ ਆਪਣਾ ਨਵਾਂ ਲਿਖਿਆ ਗੀਤ 'ਚੱਲ ਚੱਲੀਏ' ਸੁਣਾਉਣ ਲਈ ਕਿਹਾ-
ਚੱਲ ਜੀਆ ਘਰ ਆਪਣੇ ਚੱਲਿਏ ਨਾ ਕਰ ਮੱਲਾ ਅੜੀਆਂ
ਇਹ ਪਰਦੇਸ ਦੇਸ਼ ਨਹੀਂ ਸਾਡਾ ਏਥੇ ਗੁੰਝਲ਼ਾਂ ਬੜੀਆਂ
ਨੂਰਪੁਰੀ ਸ਼ਾਇਦ ਪਹਿਲਾਂ ਸੋਚਦਾ ਸੀ ਕਿ ਲੋਕ ਰਾਜ ਵਿਚ ਸ਼ਾਇਰਾਂ ਨੇ ਚੰਗੇਰੇ ਰਾਜ ਪ੍ਰਬੰਧ, ਆਰਥਕ ਤਰੱਕੀ ਅਤੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਲੈਣੇ ਹੁੰਦੇ ਹਨ ਅਤੇ ਰਾਜ ਸ਼ਕਤੀ ਨੇ ਉਹਨਾਂ ਨੂੰ ਸਾਕਾਰ ਕਰਨ ਲਈ ਵਾਹ ਲਾਉਣੀ ਹੁੰਦੀ ਹੈ। ਦੋਵੇਂ ਇਕ ਦੂਸਰੇ ਦੇ ਪੂਰਕ ਹੁੰਦੇ ਹਨ। ਪਰ ਹੁਣ ਓਸ ਨੂੰੰ ਮਹਿਸੂਸ ਹੋਣ ਲੱਗਾ-
ਜ਼ੋਰਾਵਰਾਂ ਦੇ ਨਾਲ ਯਾਰਾਨਾ ਸਾਡਾ ਮੂਲ ਨਾ ਫੱਬੇ
ਹੱਥੀਂ ਪੈਰੀਂ ਪੈਸਣ ਬੀਬਾ ਤੇਰੇ ਬੇੜੀਆਂ ਕੜੀਆਂ
ਜਿਹੜਾ ਨੂਰਪੁਰੀ ਸੋਚਦਾ ਸੀ ਕਿ ਰਾਜਿਆਂ ਅਤੇ ਜਗੀਰਦਾਰਾਂ ਵਲੋਂ ਦੱਬੇ ਜਨਤਕ ਸਾਧਨਾਂ ਅਤੇ ਸਰਮਾਏ ਦੇ ਸਰਬ ਸਾਂਝਾ ਹੋਣ ਨਾਲ ਸਭ ਪਾਸੇ ਖੁਸ਼ਹਾਲੀ ਆ ਜਾਵੇਗੀ, ਸਭ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋਣਗੀਆਂ ਅਤੇ ਸਭ ਦਾ ਜੀਵਨ ਸੁਖਾਲ਼ਾ ਹੋ ਜਾਏਗਾ, ਅੱਜ ਪੈਸੇ ਪੈਸੇ ਲਈ ਮੁਥਾਜ਼ ਸੀ-
ਹੱਥੀਂ ਕੌਡੀ ਸਰੀ ਨਾ ਕੋਈ ਮੰਗਤੇ ਮੰਗਦੇ ਫਿਰਦੇ
ਕਿਹੜੇ ਵਹਿਣੀ ਮਿਲਖ ਜਗੀਰਾਂ ਓਏ ਸਰਦਾਰੋ ਹੜੀਆਂ
ਉਸ ਨੂੰ ਅਹਿਸਾਸ ਹੋਇਆ ਕਿ ਆਜ਼ਾਦੀ ਤੋਂ ਬਾਅਦ ਦੇਸੀ ਸਰਕਾਰ ਬਣਨ ਨਾਲ ਵੀ ਆਮ ਆਦਮੀ ਦੇ ਹਿੱਤ ਦੀ ਦ੍ਰਿਸ਼ਟੀ ਤੋਂ ਕੋਈ ਸਿਫਤੀ ਤਬਦੀਲੀ ਨਹੀਂ ਵਾਪਰੀ। ਚਿਹਰੇ ਬਦਲਣ ਨਾਲ ਰਾਜ ਦਾ ਖਾਸਾ ਨਹੀਂ ਬਦਲਦਾ-
ਇਹ ਤਾਂ ਝੂਠਾ ਜਗਤ ਤਮਾਸ਼ਾ ਅਦਲਣ ਬਦਲਣ ਰੁੱਤਾਂ
ਓਸ ਦੇਸ਼ ਦੀਆਂ ਠੰਡੀਆਂ ਛਾਵਾਂ ਸਾਵਣ ਲਾਈਆਂ ਝੜੀਆਂ
ਇਸ ਤਰ੍ਹਾਂ ਦੀ ਮਨੋਬਚਨੀ ਨਾਲ ਟਿਕੀ ਰਾਤੇ ਉਸ ਨੇ ਖੂਹ ਵਿਚ ਛਾਲ਼ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਿਸ ਨੂਰਪੁਰੀ ਨੇ ਕਦੇ ਲਿਖਿਆ ਸੀ-
ਏਥੋਂ ਉਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ
ਅੱਜ ਉਸ ਨੇ ਉਡ ਕੇ ਜਾਨ ਬਚਾਉਣ ਦੀ ਥਾਂ ਡੁੱਬ ਕੇ ਜਾਨ ਗੁਆ ਦਿੱਤੀ। । ਉਦੋਂ ਉਹ ਸੱਠਾਂ ਸਾਲਾਂ ਦਾ ਸੀ ਜਦ ਉਹ ਸਾਡੀ ਸਮਾਜਿਕ-ਆਰਥਿਕ ਵਿਵਸਥਾ ਅਤੇ ਰਾਜ ਪ੍ਰਬੰਧ ਦੀ ਕਰੂਕਤਾ ਤੋਂ ਸਤਿਆ ਨਿਰਾਸ਼ ਹੋਇਆ ਰੁੱਸ ਕੇ ਤੁਰ ਗਿਆ ਸੀ। ਉਸ ਦੀ ਮੌਤ ਨਾਲ ਪੰਜਾਬੀ ਕਵਿਤਾ ਅਤੇ ਰਾਜਨੀਤੀ ਦੇ ਸਬੰਧਾਂ ਵਿੱਚ ਇੱਕ turning point ਆਇਆ। ਉਸ ਦੀ ਮੌਤ ਤੋਂ ਪਹਿਲਾਂ ਪੰਜਾਬੀ ਕਵੀਆਂ ਦੀਆਂ ਨਹਿਰੂ ਤੇ ਸ਼ਾਸਤਰੀ ਬਾਰੇ ਕਈ ਪ੍ਰਸੰਸਾਮਈ ਰਚਨਾਵਾਂ ਮਿਲਦੀਆਂ ਹਨ। ਪਰ ਇਹਨਾਂ ਤੋਂ ਮਗਰੋਂ ਹੋਏ ਦਰਜਨ ਦੇ ਕਰੀਬ ਪ੍ਰਧਾਨ ਮੰਤਰੀਆਂ ਬਾਰੇ ਕਿਸੇ ਪੰਜਾਬੀ ਕਵੀ ਨੇ ਕੋਈ ਰਚਨਾ ਕਰਨ ਦੀ ਜ਼ਰੂਰਤ ਨਹੀਂ ਸਮਝੀ।
ਨੰਦ ਲਾਲ ਨੂਰਪੁਰੀ ਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ 'ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਸ਼ਾਇਦ ਤਰਲੇ ਨਹੀਂ ਮਾਰੇ ਹੋਣਗੇ। ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ 'ਪੰਜਾਬ ਬੋਲਿਆ' ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ। ਪਰ ਉਸਦੀ ਸ਼ਬਦ ਸ਼ਕਤੀ ਲੋਕ ਮਨਾਂ ਨੂੰ ਅਜੇ ਤੱਕ ਵਿੰਨ੍ਹ ਰਹੀ ਹੈ। ਅੱਜ ਜਦੋਂ ਪੇਂਡੂ ਵਿਕਾਸ ਪੁੱਠੇ ਪੈਰੀਂ ਮੁੜ ਤੁਰਿਆ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਬਿਜਲੀ ਉਤਪਾਦਨ ਜ਼ਰੂਰਤ ਨਾਲੋਂ ਅੱਧਾ ਹੈ, ਸਿੱਖਿਆ ਖੇਤਰ ਵਿਚ ਨਿਘਾਰ ਆ ਰਿਹਾ ਹੈ, ਰਾਜਨੀਤੀ ਵਿਚ ਸੇਵਾ ਦੀ ਥਾਂ ਮੁਨਾਫਾ ਤੇ ਲੁੱਟ ਪ੍ਰਧਾਨ ਹੋ ਰਹੇ ਹਨ, ਪੰਜਾਬੀ ਨੌਜਵਾਨ ਹਰ ਹੀਲੇ ਪੰਜਾਬ ਤੋ ਬਾਹਰ ਭੱਜਣਾ ਚਾਹੁੰਦਾ ਹੈ, ਕੁਦਰਤੀ ਸਾਧਨ ਅਤੇ ਵਾਤਾਵਰਨ ਦੂਸ਼ਿਤ ਹੋ ਰਹੇ ਹਨ, ਔਰਤ ਦੇ ਪੈਦਾ ਹੋਣ ਤੇ ਪਾਬੰਦੀ ਲੱਗ ਰਹੀ ਹੈ, ਮਨੋਰੰਜਨ ਦੇ ਨਾਂ ਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਧਰਮ ਜੀਵਨ ਜਾਚ ਦੀ ਬਜਾਏ ਤਿਜਾਰਤ ਬਣ ਰਿਹਾ ਹੈ ਤਾਂ ਇਹ ਵੇਲਾ ਨੰਦ ਲਾਲ ਨੂਰਪੁਰੀ ਦੀ ਸ਼ਾਇਰੀ, ਸ਼ਖ਼ਸੀਅਤ ਅਤੇ ਮੌਤ ਦਾ ਧਿਆਨ ਧਰਨ ਦਾ ਹੈ। ਨਾਲ ਹੀ ਵੇਲਾ ਹੈ ਆਪੋ ਆਪਣੇ ਹਿੱਸੇ ਦੀ ਸ਼ਰਮਿੰਦਗੀ ਦੇ ਸਨਮੁੱਖ ਹੋਣ ਦਾ।

No comments:

Post a Comment