Tuesday, 31 May 2016

ਹਵੇਲੀ ਸੁਜਾਨ ਸਿੰਘ ਰਾਵਲਪਿੰਡੀ ਪੰਜਾਬ ਪਾਕਿਸਤਾਨ

ਹਵੇਲੀ ਸੁਜਾਨ ਸਿੰਘ ਰਾਵਲਪਿੰਡੀ ਪੰਜਾਬ ਪਾਕਿਸਤਾਨ



ਹਵੇਲੀ ਸੁਜਾਨ ਸਿੰਘ ਇੱਕ ਵੱਡ ਅਕਾਰੀ ਹਵੇਲੀ ਹੈ ਜੋ ਲਹਿੰਦੇ ਪੰਜਾਬ ਦੇ ਰਾਵਲਪਿੰਡੀ ਸ਼ਹਿਰ ਦੇ ਭੀੜੇ ਭਾਬਰਾ ਬਜਾਰ ਵਿਚ ਸਥਿਤ ਹੈ ।
ਇਹ ਰਾਵਲਪਿੰਡੀ ਦੇ ਅਮੀਰ ਕਾਰੋਬਾਰੀ ਰਾਇ ਬਹਾਦੁਰ ਸੁਜਾਨ ਸਿੰਘ ਨੇ ਬਨਵਾਈ ਸੀ ਜੋ ਕਿ ਮਹਿਲਨੁਮਾ ਦਿਖ ਵਾਲੀ ਹੈ । ਇਸ ਵਿਚ ਸੁਨਿਹਰੀ ਤਖ਼ਤ, ਸ਼ਾਹੀ ਫਰਨੀਚਰ ਰਖਿਆ ਹੋਇਆ ਸੀ। ਇਸ ਵਿਚ ਮੋਰ ਰੱਖੇ ਹੋਏ ਸਨ ਜੋ ਸ਼ਾਮ ਨੂੰ ਪੈਲ ਪਾਉਦੇ ਸਨ ਅਤੇ ਇੱਕ ਚੀਤੇ ਦਾ ਬੱਚਾ ਵੀ ਰਖਿਆ ਹੋਇਆ ਸੀ ਜੋ ਵਰਾਂਡੇ ਵਿਚ ਘੁਮਦਾ ਰਹਿੰਦਾ ਸੀ। ਹਵੇਲੀ ਵਿਚ ਸਾਜਿੰਦੇ ਵੀ ਰਖੇ ਹੋਏ ਸਨ ਜੋ ਸ਼ਾਮ ਨੂੰ ਸੰਗੀਤ ਵਾਦਨ ਕਰਦੇ ਸਨ । ਇਹ ਹਵੇਲੀ ਰਾਇ ਬਹਾਦਰ ਸੁਜਾਨ ਸਿੰਘ ਦੇ ਪਰਿਵਾਰ ਦੇ ਅਜਾਇਬ ਘਰ ਵਜੋਂ ਰੱਖੀ ਹੋਈ ਸੀ ਜਿਸ ਵਿਚ ਉਸਦੇ ਖਾਨਦਾਨ ਦੀਆਂ ਤਸਵੀਰਾਂ ਅਤੇ ਨਿਸ਼ਾਨੀਆਂ ਸਾਂਭੀਆਂ ਹੋਈਆਂ ਸਨ।


ਹਵੇਲੀ ਸੁਜਾਨ ਸਿੰਘ 

ਇਤਿਹਾਸ ਦੀਆਂ ਪੈੜਾਂ-39
ਦੇਸ਼ ਦੀ ਵੰਡ ਤੋਂ ਪਹਿਲਾਂ ਸ਼ਾਹੀ ਸਿੱਖ ਹਵੇਲੀਆਂ ਦੇ ਸ਼ਹਿਰ ਨਾਂਅ ਨਾਲ ਜਾਣਿਆ ਜਾਂਦਾ ਰਾਵਲਪਿੰਡੀ ਸ਼ਹਿਰ ਅੱਜ ਆਪਣੀ ਉਸ ਪਹਿਚਾਣ ਤੋਂ ਵਾਂਝਾ ਹੋ ਚੁੱਕਾ ਹੈ। ਰਾਵਲਪਿੰਡੀ ਦੀਆਂ ਉਹ ਸਭ ਸ਼ਾਹੀ ਹਵੇਲੀਆਂ ਇਕ-ਇਕ ਕਰਕੇ ਪਲਾਜ਼ਿਆਂ ਵਿਚ ਤਬਦੀਲ ਹੋ ਚੁੱਕੀਆਂ ਹਨ ਅਤੇ ਹੁਣ ਉਨ੍ਹਾਂ ਦਾ ਨਾਂਅ ਅਤੇ ਪਹਿਚਾਣ ਵੀ ਧੁੰਦਲੀ ਪੈ ਚੁੱਕੀ ਹੈ।

ਰਾਵਲਪਿੰਡੀ ਦੇ ਨਮਕ ਮੰਡੀ ਵਿਚਲੀ ਰਾਜਾ ਪੂੰਛ ਦੀ ਹਵੇਲੀ ਨੂੰ ਤਾਂ ਅਜੇ ਕੁਝ ਵਰ੍ਹੇ ਪਹਿਲਾਂ ਹੀ ਢਾਹ ਕੇ ਪਲਾਜ਼ੇ ਵਿਚ ਤਬਦੀਲ ਕੀਤਾ ਗਿਆ ਹੈ। ਇਸ ਸ਼ਹਿਰ ਵਿਚਲਾ ਨਿਰੰਕਾਰੀ ਸੰਪ੍ਰਦਾਇ ਦਾ ਖੂਬਸੂਰਤ ਦਰਬਾਰ ਵੀ 10 ਵਰ੍ਹੇ ਪਹਿਲਾਂ ਤੱਕ ਚੰਗੀ ਹਾਲਤ ਵਿਚ ਸੀ ਪਰ ਫਿਰ ਇਸ ਦੀ ਉਪਰਲੀ ਛੱਤ ਢਹਿ ਜਾਣ ਤੋਂ ਬਾਅਦ ਇਸ ਦੀ ਮੁਰੰਮਤ ਨਾ ਕਰਵਾਏ ਜਾਣ ਕਰਕੇ, ਹੁਣ ਇਹ ਅਸਥਾਨ ਇਕ ਖੰਡਰ ਦਾ ਰੂਪ ਲੈ ਚੁੱਕਾ ਹੈ। ਸੰਭਵ ਹੈ ਜਲਦੀ ਹੀ ਇਸ ਨੂੰ ਪੂਰੀ ਤਰ੍ਹਾਂ ਨਾਲ ਜ਼ਮੀਨਦੋਜ਼ ਕਰਕੇ ਇਥੇ ਕੋਈ ਪਲਾਜ਼ਾ ਜਾਂ ਮਾਲ ਉਸਾਰਿਆ ਜਾਵੇ। ਦੱਸਿਆ ਜਾਂਦਾ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਅਸਥਾਨ 'ਤੇ ਕਥਾ-ਕੀਰਤਨ ਤੇ ਲੰਗਰ ਆਦਿ ਦਾ ਉੱਤਮ ਪ੍ਰਬੰਧ ਹੁੰਦਾ ਸੀ। ਬਾਅਦ ਵਿਚ ਇਸ ਦੇ ਅੰਦਰ ਲੜਕਿਆਂ ਦਾ ਸਰਕਾਰੀ ਸਕੂਲ ਸ਼ੁਰੂ ਕੀਤਾ ਗਿਆ, ਜੋ ਪਿਛਲੇ ਕਈ ਵਰ੍ਹਿਆਂ ਤੋਂ ਬੰਦ ਹੈ।

ਇਸੇ ਸ਼ਹਿਰ ਦੇ ਬਾਬਰਾ ਬਾਜ਼ਾਰ ਦੀਆਂ ਤੰਗ ਗਲੀਆਂ ਵਿਚੋਂ ਨਿਕਲ ਕੇ ਖੁੱਲ੍ਹੀ ਸੜਕ 'ਤੇ ਪਹੁੰਚਣ 'ਤੇ ਇਕ ਖੂਬਸੂਰਤ ਸਿੱਖ ਹਵੇਲੀ ਆਉਂਦੇ-ਜਾਂਦੇ ਰਾਹਗੀਰਾਂ ਨੂੰ 'ਜੀਅ ਆਇਆਂ' ਕਹਿੰਦੀ ਪ੍ਰਤੀਤ ਹੁੰਦੀ ਹੈ। ਲਾਲ ਹਵੇਲੀ ਦੇ ਨਾਂਅ ਨਾਲ ਪ੍ਰਸਿੱਧ ਇਸ ਹਵੇਲੀ ਨੂੰ ਸਹਿਗਲਾਂ ਦੀ ਹਵੇਲੀ ਵੀ ਕਿਹਾ ਜਾਂਦਾ ਹੈ। ਮੌਜੂਦਾ ਸਮੇਂ ਇਸ ਵਿਚ ਸੀ. ਆਈ. ਏ. ਸਟਾਫ਼ ਦਾ ਦਫ਼ਤਰ ਹੈ। ਇਸ ਨੂੰ ਖਾਲੀ ਕਰਾਉਣ ਲਈ ਮਹਿਕਮਾ ਆਸਰੇ ਕਦੀਮਾ (ਵਕਫ਼ ਬੋਰਡ) ਕਈ ਵਰ੍ਹਿਆਂ ਤੋਂ ਉਪਰਾਲੇ ਕਰ ਰਿਹਾ ਹੈ। ਸੰਨ 1883 ਵਿਚ ਕ੍ਰਿਪਾਲ ਸਿੰਘ ਨਾਂਅ ਦਾ ਸਿੱਖ ਵਪਾਰੀ ਬਾਬਰਾ ਬਾਜ਼ਾਰ ਦੇ ਇਸ ਇਲਾਕੇ ਵਿਚ ਆ ਕੇ ਵਸ ਗਿਆ ਅਤੇ ਇਥੇ ਇਕ ਆਲੀਸ਼ਾਨ ਹਵੇਲੀ ਬਣਵਾਈ। ਉਸ ਦੇ ਦਿਹਾਂਤ ਤੋਂ ਬਾਅਦ ਹਵੇਲੀ ਉਸ ਦੇ ਵੱਡੇ ਪੋਤਰੇ ਮੋਹਨ ਸਿੰਘ ਦੇ ਹਿੱਸੇ ਆ ਗਈ। ਉਸ ਨੇ ਹਵੇਲੀ ਦੇ ਕੁਝ ਹਿੱਸੇ ਦਾ ਸੰਨ 1893 ਵਿਚ ਸ਼ਹਾਣਾ ਢੰਗ ਨਾਲ ਨਵ-ਨਿਰਮਾਣ ਕਰਵਾਇਆ, ਜਦੋਂਕਿ ਹਵੇਲੀ ਦਾ ਬਾਕੀ ਹਿੱਸਾ ਆਪਣੇ ਛੋਟੇ ਭਰਾ ਰਾਇ ਬਹਾਦਰ ਸੁਜਾਨ ਸਿੰਘ ਨੂੰ ਦੇ ਦਿੱਤਾ। ਉਸ ਨੇ ਹਵੇਲੀ ਦੇ ਉਸ ਹਿੱਸੇ ਵਿਚ ਆਪਣੇ ਲਈ ਕਿਲ੍ਹੇ ਨੁਮਾ ਹਵੇਲੀ ਤਿਆਰ ਕਰਵਾਈ, ਜਿਸ ਨੂੰ ਲੋਕ ਸੁਜਾਨ ਸਿੰਘ ਦਾ ਮਹਿਲ ਕਹਿ ਕੇ ਸੰਬੋਧਿਤ ਕਰਦੇ ਸਨ।

ਰਾਇ ਬਹਾਦਰ ਸੁਜਾਨ ਸਿੰਘ ਦੇ ਇਸ ਮਹਿਲ ਵਿਚ ਸਾਰੀ ਲੱਕੜੀ ਦਿਆਰ ਅਤੇ ਸਾਗਵਾਨ ਦੀ ਲਗਾਈ ਗਈ ਹੈ। ਹਵੇਲੀ ਦੀ ਛੱਤ ਹੇਠਾਂ ਲੱਗੇ ਲੋਹੇ ਦੇ ਗਾਡਰਾਂ 'ਤੇ 'ਗਲੈਕਸੇ ਕੰਪਨੀ ਇੰਗਲੈਂਡ' ਲਿਖਿਆ ਅੱਜ ਵੀ ਸਾਫ਼ ਪੜ੍ਹਿਆ ਜਾ ਸਕਦਾ ਹੈ। ਸੰਨ 1947 ਤੋਂ ਪਹਿਲਾਂ ਇਸ ਹਵੇਲੀ ਵਿਚ 'ਸੁਜਾਨ ਸਿੰਘ ਅਜਾਇਬਘਰ' ਅਤੇ ਲਾਇਬ੍ਰੇਰੀ ਕਾਇਮ ਕੀਤੀ ਗਈ, ਜਿਸ ਵਿਚ ਸੁਜਾਨ ਸਿੰਘ ਨਾਲ ਸਬੰਧਤ ਉਸ ਦੀਆਂ ਵਸਤੂਆਂ ਨੂੰ ਨੁਮਾਇਸ਼ ਲਈ ਰੱਖਿਆ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਇਹ ਅਜਾਇਬ ਘਰ ਸਰਕਾਰੀ ਦਫ਼ਤਰ ਵਿਚ ਤਬਦੀਲ ਹੋ ਗਿਆ ਅਤੇ ਹਵੇਲੀ ਦੇ ਬਾਕੀ ਹਿੱਸੇ ਵਿਚ ਕਸ਼ਮੀਰੀ ਸ਼ਰਨਾਰਥੀ ਪਰਿਵਾਰ ਆ ਕੇ ਵਸ ਗਏ, ਜੋ ਹਵੇਲੀ ਦਾ ਕਰੀਬ-ਕਰੀਬ ਸਾਰਾ ਕੀਮਤੀ ਸਾਮਾਨ ਵੇਚ ਚੁੱਕੇ ਹਨ।

ਸੰਨ 2006 ਵਿਚ ਰਾਇ ਬਹਾਦਰ ਸੁਜਾਨ ਸਿੰਘ ਦੀ ਹਵੇਲੀ ਵਿਚ ਹੀ ਫ਼ਾਤਿਮਾ ਜਿਨ੍ਹਾਂ ਯੂਨੀਵਰਸਿਟੀ ਕੈਂਪਸ ਫ਼ਾਰ ਵੂਮੈਨ ਸ਼ੁਰੂ ਕੀਤਾ ਗਿਆ, ਜਿਸ ਦੇ ਨਵ-ਨਿਰਮਾਣ ਲਈ ਪਾਕਿਸਤਾਨ ਸਰਕਾਰ ਵੱਲੋਂ ਕਰੀਬ ਢਾਈ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਦੋਂਕਿ ਹਕੀਕਤ ਇਹ ਹੈ ਕਿ ਇਥੇ ਇਕ ਇੱਟ ਤੱਕ ਵੀ ਨਹੀਂ ਲਗਾਈ ਗਈ ਹੈ।

ਇਸੇ ਬਾਜ਼ਾਰ ਵਿਚ ਪਹਿਲਾਂ ਭਾਈ ਬੂਟਾ ਸਿੰਘ ਹਕੀਮ ਦੀ ਧਰਮਸ਼ਾਲਾ ਵੀ ਹੁੰਦੀ ਸੀ, ਜੋ ਕਿ ਹੁਣ ਅਲੋਪ ਹੋ ਚੁੱਕੀ ਹੈ। 'ਮਹਾਨ ਕੋਸ਼' ਦੇ ਸਫ਼ਾ 967 ਦੇ ਅਨੁਸਾਰ ਇਸ ਧਰਮਸ਼ਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਣੀ ਬੀੜ ਮੌਜੂਦ ਸੀ, ਜਿਸ ਵਿਚ 35 ਪੌੜੀਆਂ ਦੀ ਮਾਲਕੌਸ ਦੀ ਵਾਰ ਸੀ। ਉਪਰੋਕਤ ਦੇ ਇਲਾਵਾ ਰਾਵਲਪਿੰਡੀ ਦੇ ਪੁਰਾਣਾ ਕਿਲ੍ਹਾ, ਲਾਲ ਕੁੜਤੀ ਬਾਜ਼ਾਰ, ਬੰਨੀ ਅਤੇ ਅੰਦਰੂਨ ਸਦਰ ਵਿਚ ਬਹੁਤ ਸਾਰੀਆਂ ਸਿੱਖ ਭਵਨ ਕਲਾ ਦੇ ਦਿਲਕਸ਼ ਨਮੂਨੇ ਦੇ ਰੂਪ ਵਿਚ ਹਿੰਦੂ-ਸਿੱਖਾਂ ਦੀਆਂ ਹਵੇਲੀਆਂ ਮੌਜੂਦ ਸਨ, ਜੋ ਹੁਣ ਪਲਾਜ਼ਿਆਂ ਵਿਚ ਤਬਦੀਲ ਹੋ ਚੁੱਕੀਆਂ ਹਨ।

ਸੁਰਿੰਦਰ ਕੋਛੜ

ਇਤਿਹਾਸ 'ਚੋਂ ਆਪਣਾ ਵਜੂਦ ਭਾਲ ਰਿਹੈ ਗੁਰਦੁਆਰਾ

ਇਤਿਹਾਸ 'ਚੋਂ ਆਪਣਾ ਵਜੂਦ ਭਾਲ ਰਿਹੈ ਗੁਰਦੁਆਰਾ ਇਤਿਹਾਸ ਦੀਆਂ ਪੈੜਾਂ-32


ਗੁਰਦੁਆਰਾ ਲਾਇਲਪੁਰ (ਫੈਸਲਾਬਾਦ)


ਸੰਨ 1947, ਧਰਤੀ 'ਤੇ ਖਿੱਚੀ ਗਈ ਵੰਡ ਦੀ ਕਦੇ ਨਾ ਮਿਟਣ ਵਾਲੀ ਲਕੀਰ ਨੇ ਲੱਖਾਂ-ਕਰੋੜਾਂ ਲੋਕਾਂ ਨੂੰ ਬੇਵਕਤ ਆਪਣੇ ਘਰਾਂ ਤੋਂ ਅਨਜਾਣ ਠਿਕਾਣਿਆਂ ਵੱਲ ਪਲਾਇਨ ਕਰਨ ਲਈ ਮਜਬੂਰ ਕਰ ਦਿੱਤਾ। ਦੇਸ਼ ਦੀ ਵੰਡ ਦਾ ਇਹ ਸੰਤਾਪ ਨਿਰਦੋਸ਼ ਲੋਕਾਂ ਦੇ ਨਾਲ-ਨਾਲ ਉਨ੍ਹਾਂ ਧਾਰਮਿਕ ਅਸਥਾਨਾਂ ਨੂੰ ਵੀ ਝੇਲਣਾ ਪਿਆ, ਜਿਨ੍ਹਾਂ ਦੇ ਭਾਰਤੀ ਸ਼ਰਧਾਲੂਆਂ ਲਈ ਦਰਸ਼ਨ ਜਾਂ ਦੇਖ-ਭਾਲ ਕਰਨਾ ਤਾਂ ਦੂਰ, ਉਨ੍ਹਾਂ ਦੀ ਖ਼ਬਰ-ਸਾਰ ਲੈਣਾ ਵੀ ਐਨਾ ਆਸਾਨ ਨਾ ਰਿਹਾ।
ਲਾਹੌਰ ਤੋਂ 128 ਕਿਲੋਮੀਟਰ ਦੂਰ ਫ਼ੈਸਲਾਬਾਦ (ਸੰਨ 1896 ਵਿਚ ਚਨਾਬ ਕਾਲੋਨੀ ਨੂੰ ਪੰਜਾਬ ਦੇ ਗਵਰਨਰ ਲੈਫ਼ਟੀਨੈਂਟ ਜਨਰਲ ਸਰ ਜੇਮਜ਼ ਬੀ. ਲਾਇਲ ਦੇ ਨਾਂਅ 'ਤੇ ਲਾਇਲਪੁਰ ਦਾ ਨਾਂਅ ਦਿੱਤਾ ਗਿਆ ਅਤੇ 1 ਸਤੰਬਰ 1977 ਨੂੰ ਪਾਕਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ ਨੇ ਲਾਇਲਪੁਰ ਦਾ ਨਾਂਅ ਬਦਲ ਕੇ ਸਾਊਦੀ ਅਰਬ ਦੇ ਰਾਜਾ ਸ਼ਾਹ ਫ਼ੈਸਲ ਬੀਨ ਅਬਦੁਲ ਅਜ਼ੀਜ਼ ਦੇ ਨਾਂਅ 'ਤੇ ਫ਼ੈਸਲਾਬਾਦ ਰੱਖ ਦਿੱਤਾ) ਦੇ ਇਲਾਕੇ ਕਚਹਿਰੀ ਬਾਜ਼ਾਰ ਵਿਚ ਸਥਿਤ ਇਕ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਲੰਬੇ ਸਮੇਂ ਤੋਂ ਇਹ ਸੰਤਾਪ ਭੋਗਣਾ ਪੈ ਰਿਹਾ ਹੈ। ਇਸ ਗੁਰਦੁਆਰੇ ਦੇ ਇਤਿਹਾਸ ਸਬੰਧੀ ਲਾਇਲਪੁਰ ਦੇ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਰਿਕਾਰਡ ਜਾਂ ਦਸਤਾਵੇਜ਼ ਵਿਚੋਂ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਨਾ ਹੀ ਲਾਇਲਪੁਰ ਦੇ ਕਿਸੇ ਡਿਸਟ੍ਰਿਕਟ ਗਜ਼ੇਟੀਅਰ ਵਿਚ ਇਸ ਦੇ ਨਾਂਅ ਸਬੰਧੀ ਹੀ ਕੋਈ ਹਵਾਲਾ ਦਿੱਤਾ ਗਿਆ ਹੈ।
ਫ਼ੈਸਲਾਬਾਦ ਦੇ ਅੱਧ-ਵਿਚਕਾਰ ਬਣਾਏ ਗਏ ਘੰਟਾ-ਘਰ ਚੌਕ 'ਚੋਂ ਅਲੱਗ-ਅਲੱਗ 8 ਪ੍ਰਮੁੱਖ ਬਾਜ਼ਾਰਾਂ ਰੇਲ ਬਾਜ਼ਾਰ, ਕਚਹਿਰੀ ਬਾਜ਼ਾਰ, ਕਾਰਖਾਨਾ ਬਾਜ਼ਾਰ, ਚਨਿਊਟ ਬਾਜ਼ਾਰ, ਆਮੇਨਪੁਰ ਬਾਜ਼ਾਰ, ਭਵਾਨਾ ਬਾਜ਼ਾਰ, ਝੰਗ ਬਾਜ਼ਾਰ ਅਤੇ ਮਿੰਟਗੁਮਰੀ ਬਾਜ਼ਾਰ ਨੂੰ ਅਲੱਗ-ਅਲੱਗ ਰਸਤੇ ਨਿਕਲਦੇ ਹਨ। ਘੰਟਾਘਰ ਚੌਰਾਹੇ ਵਿਚੋਂ ਜਿਹੜੀ ਸਿੱਧੀ ਸੜਕ ਕਚਹਿਰੀ ਬਾਜ਼ਾਰ ਵੱਲ ਨੂੰ ਘੁੰਮਦੀ ਹੈ, ਉਸ ਦੇ ਦੂਸਰੇ ਚੌਕ ਤੋਂ ਥੋੜ੍ਹੀ ਪਹਿਲਾਂ ਖੱਬੇ ਹੱਥ ਇਕ ਬਹੁਤ ਵਿਸ਼ਾਲ ਅਤੇ ਆਲੀਸ਼ਾਨ ਗੁਰਦੁਆਰੇ ਦੀ ਇਮਾਰਤ ਮੌਜੂਦ ਹੈ, ਜਿਸ ਨੂੰ ਕਦੇ ਵੱਡਾ ਗੁਰਦੁਆਰਾ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ।
ਇਸ ਤਿੰਨ ਮੰਜ਼ਿਲਾ ਗੁਰਦੁਆਰੇ ਉਪਰ ਬਣਾਇਆ ਗਿਆ ਦੋ ਮੰਜ਼ਿਲਾ ਉੱਚਾ ਬੁਰਜ ਬਾਜ਼ਾਰ ਵਿਚ ਕਾਫੀ ਦੂਰੋਂ ਹੀ ਵਿਖਾਈ ਦੇ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਸਿਰਫ਼ ਪ੍ਰਕਾਸ਼ ਹੀ ਨਹੀਂ ਹੁੰਦਾ ਪਰ ਬਾਕੀ ਗੁਰਦੁਆਰੇ ਦੀਆਂ ਸਭ ਨਿਸ਼ਾਨੀਆਂ ਜਿਉਂ ਦੀਆਂ ਤਿਉਂ ਮੌਜੂਦ ਹਨ। ਇਸ ਵਿਚ ਪ੍ਰਕਾਸ਼ ਅਸਥਾਨ ਵਾਲੇ ਭਵਨ ਅਤੇ ਲੰਗਰ ਹਾਲ ਨੂੰ ਛੱਡ ਕੇ 100 ਤੋਂ ਵਧੇਰੇ ਹੋਰ ਕਮਰੇ ਮੌਜੂਦ ਹਨ। ਗੁਰਦੁਆਰਾ ਸਟਰੀਟ ਨੰ: 2 ਵਿਚ ਰਹਿਣ ਵਾਲੇ ਹਾਜੀ ਅਹਿਮਦ ਹੁਸੈਨ (ਉਮਰ 85 ਸਾਲ) ਦੱਸਦੇ ਹਨ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਗੁਰਦੁਆਰੇ ਵਿਚ ਇਕ ਫ੍ਰੀ ਸਿੱਖ ਸਕੂਲ ਹੋਇਆ ਕਰਦਾ ਸੀ ਅਤੇ ਉਸ ਦੇ ਨਾਲ ਹੀ ਗੁਰਦੁਆਰੇ ਦੇ ਕੁਝ ਕਮਰਿਆਂ ਵਿਚ ਸਿੱਖ ਬੀਬੀਆਂ ਨੂੰ ਸਿਲਾਈ-ਕਢਾਈ ਦਾ ਕੰਮ ਸਿਖਾਇਆ ਜਾਂਦਾ ਸੀ।
ਮੌਜੂਦਾ ਸਮੇਂ ਗੁਰਦੁਆਰੇ ਦੀ ਇਮਾਰਤ ਵਿਚ ਗੌਰਮਿੰਟ ਪਾਕਿਸਤਾਨ ਮਾਡਲ ਹਾਈ ਸਕੂਲ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਪਰ ਆਸ-ਪਾਸ ਵਾਲੇ ਅਤੇ ਹੋਰ ਲੋਕ ਇਸ ਸਕੂਲ ਨੂੰ ਇਸ ਦੇ ਆਪਣੇ ਮੌਜੂਦਾ ਨਾਂਅ ਨਾਲ ਨਹੀਂ, ਸਗੋਂ 'ਗੁਰਦੁਆਰੇ ਵਾਲੇ ਸਕੂਲ' ਦੇ ਨਾਂਅ ਨਾਲ ਸੰਬੋਧਿਤ ਕਰਦੇ ਹਨ। ਗੁਰਦੁਆਰੇ ਦੇ ਪ੍ਰਕਾਸ਼ ਅਸਥਾਨ ਦੇ ਬਾਹਰ ਖੱਬੇ ਹੱਥ ਲਗਾਏ ਗਏ ਨਿਸ਼ਾਨ ਸਾਹਿਬ ਨੂੰ ਜ਼ੰਗ ਲੱਗ ਜਾਣ ਕਰਕੇ ਉਸ ਦਾ ਓਪਰੀ ਹਿੱਸਾ ਟੁੱਟ ਚੁੱਕਾ ਹੈ ਅਤੇ ਬਾਕੀ ਬਚੇ ਹਿੱਸੇ ਨੂੰ ਸਕੂਲ ਵਾਲਿਆਂ ਨੇ ਮੋੜ ਕੇ ਖੁਦ ਹੀ ਦੋਹਰਾ ਕਰ ਦਿੱਤਾ ਪ੍ਰਤੀਤ ਹੁੰਦਾ ਹੈ। ਨਿਸ਼ਾਨ ਸਾਹਿਬ ਦੇ ਹੇਠਾਂ ਪੱਥਰ ਦੇ ਥੜ੍ਹੇ ਉੱਪਰ ਲਿਖਿਆ ਇਹ ਸਾਫ਼ ਪੜ੍ਹਿਆ ਜਾ ਸਕਦਾ ਹੈ-'ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਮਿਤੀ ਮਾਘ 2 ਸੰਮਤ ਖ਼ਾਲਸਾ 240 ਨੂੰ ਭਾਈ ਰਤਨ ਸਿੰਘ ਮੇਹਰ ਸਿੰਘ ਜੀ ਬਜਾਜ ਲਾਇਲਪੁਰ ਨੇ ਕਰਵਾਈ। ਦਾਸ ਸਕੱਤਰ ਸ੍ਰੀ ਗੁਰੂ ਸਿੰਘ ਸਭਾ ਲਾਇਲਪੁਰ-15.1.1939।' ਇਸੇ ਪ੍ਰਕਾਰ ਲੰਗਰ ਭਵਨ ਦੇ ਬਾਹਰ ਲੱਗੀ ਇਕ ਸਿੱਲ੍ਹ 'ਤੇ ਸ਼ਾਹਮੁਖੀ ਲਿਪੀ ਵਿਚ ਇਸ ਪ੍ਰਕਾਰ ਲਿਖਿਆ ਗਿਆ ਹੈ-'ਇਸ ਬਰਾਂਦੇ ਕੀ ਚਿਪਸ ਕੀ ਸੇਵਾ ਯਕਮ ਸਾਵਨ ਮੁਬਲਗ਼ 3100/-, ਸੰਮਤ 2001, ਭਾਈ ਜੁਨੇਦ ਸਿੰਘ ਹਕੀਮ ਲਾਇਲਪੁਰ ਨਿਵਾਸੀ ਨੇ ਕਰਾਈ।'
- ਸੁਰਿੰਦਰ ਕੋਛੜ

Sunday, 13 March 2016

ਜਗਜੀਤ ਸਿੰਘ ਦੀ ਜਿੰਦਗੀ ਦੀ ਕਹਾਣੀ

ਜਗਜੀਤ ਸਿੰਘ ਦੀ ਜਿੰਦਗੀ ਦੀ ਕਹਾਣੀ .. ..ਭੈਣ ਇੰਦਰਜੀਤ ਕੌਰ ਦੀ ਜੁਬਾਨੀ…..

(Jagjit Singh 8 February 1941 – 10 October 2011)

ਸੁਰਾਂ ਦੇ ਸਾਗਰ, ਮਖਮਲੀ ਅਵਾਜ ਦੇ ਮਾਲਕ, ਪੰਜਾਬੀ ਗਜਲ ਨੂੰ ਯੁੱਗਾਂ ਯੁੱਗਾਂ ਲਈ ਜੀਵਣ ਜੋਗੀ ਕਰਕੇ ਗਜਲ ਗੁਰੂ ਜਗਜੀਤ ਸਿੰਘ ਇਸ ਫਾਨੀ ਸੰਸਾਰ ਤੋਂ ਸਦਾ ਲਈ ਰੁਖਸ਼ਤ ਹੋ ਗਏ। ਮੁਬੰਈ ਦੇ ਲੀਲਾਵਤੀ ਹਸਪਤਾਲ ਵਿੱਚ 10 ਦਿਨਾਂ ਦੀ ਜੱਦੋ ਜਹਿਦ ਵਿੱਚ ਜਦ ਉਹਨਾਂ ਨੂੰ ਇੱਕ ਪਾਸੇ ਲੋਕਾਈ ਵਾਜਾਂ ਮਾਰ ਰਹੀ ਸੀ ਤੇ ਦੂਜੇ ਮੌਤ .. ..ਅੰਤ ਨੂੰ  ਜਿੰਦਗੀ ਦੀ ਲੜਾਈ ਹਾਰ ਕੇ ਮਿਤੀ 10 ਅਕਤੂਬਰ 2011 ਨੂੰ 70 ਸਾਲ 8 ਮਹੀਨੇ 2 ਦਿਨ ਦੀ ਉਮਰ ਭੋਗ ਕੇ ਆਪਣੇ ਲੱਖਾਂ ਪ੍ਰਸ਼ੰਸਕਾ ਤੇ ਪਰਿਵਾਰ ਵਾਲਿਆ ਨੂੰ ਅਲਵਿਦਾ ਕਹਿ ਗਏ। ਪੰਜਾਬੀ ਗਜਲਾਂ ਨਾਲ ਜਗਜੀਤ ਸਿੰਘ ਦੀ ਦੁਨੀਆਂ ਭਰ ਵਿੱਚ ਪਹਿਚਾਣ ਸੀ ਤੇ ਜਗਜੀਤ ਸਿੰਘ ਕਰਕੇ ਪੰਜਾਬੀ ਗਜਲ ਦੀ ਪਹਿਚਾਣ ਸੀ ਜਿਵੇਂ ਦੋਵੇਂ ਇੱਕ ਦੂਜੇ ਲਈ ਹੀ ਜਨਮੇ ਹੋਣ।
ਜਿੱਥੇ ਉਹਨਾਂ ਦੀ ਗਹਿਰ ਗੰਭੀਰ ਤੇ ਸਾਫ ਸੁਥਰੀ ਗਾਇਕੀ ਕਾਰਨ ਉਸਨੂੰ ਦੇਸਾਂ ਵਿਦੇਸ਼ਾਂ ਵਿੱਚ, ਪ੍ਰਧਾਨ ਮੰਤਰੀ ਤੋਂ ਲੈ ਕੇ ਰਿਕਸਾ ਚਾਲਕ ਤੱਕ ਲੱਖਾਂ ਚਾਹੁਣ ਵਾਲਿਆਂ ਵਿੱਚ ਜਿੱਥੇ ਇੱਕ ਮੈਂ ਵੀ ਸ਼ੁਮਾਰ ਸੀ ਉੱਥੇ ਮੇਰੀ ਉਹਨਾਂ ਨਾਲ  ਇੱਕ ਪਰਿਵਾਰਕ ਸਾਂਝ ਵੀ ਸੀ। ਜਗਜੀਤ ਸਿੰਘ ਦੀ ਛੋਟੀ ਭੈਣ ਇੰਦਰਜੀਤ ਕੌਰ ਰਿਸ਼ਤੇਦਾਰੀ ਵਿੱਚ ਮੇਰੇ ਮਾਮੀ ਜੀ ਲੱਗਦੇ ਹਨ।
1975 ਵਿੱਚ ਜਗਜੀਤ ਦੀ ਸਿੰਘ ਦੀ  ਭੈਣ ਇੰਦਰਜੀਤ ਕੌਰ ਦੀ ਸ਼ਾਦੀ ਮੇਰੇ ਮਾਮਾ ਗੁਰਬਚਨ ਸਿੰਘ ਨਾਲ ਹੋਈ ਸੀ। ਮਾਮਾ ਜੀ ਦੇ ਵਿਆਹ ਵੇਲੇ ਮੇਰੀ ਉਮਰ ਮਸਾਂ ਪੰਜ ਕੁ ਸਾਲ ਸੀ ਤੇ ਮੈਂ ਲੁਧਿਆਣੇ ਬਰਾਤ ਵੀ ਗਿਆ ਸੀ। ਮੈਨੂੰ ਅੱਜ ਵੀ ਸੁਪਨੇ ਵਾਂਗ ਯਾਦ ਹੈ ਕਿ ਅਨੰਦ ਕਾਰਜ ਦੀ ਰਸਮ ਤੋਂ ਬਾਅਦ ਜਗਜੀਤ ਸਿੰਘ  ਤੇ ਚਿਤਰਾ ਸਿੰਘ ਨੇ  ਗਜਲਾਂ ਦੀ ਮਹਿਫਲ ਵੀ ਸਜਾਈ ਸੀ। ਬਾਅਦ ਵਿੱਚ ਜਦ ਵੀ ਮਾਮਾ ਤੇ ਮਾਮੀ ਜੀ  ਕਿਸੇ ਖੁਸੀ ਗਮੀਂ ਮੌਕੇ ਮਿਲਦੇ ਤਾਂ ਰਸਮੀਂ ਸੁੱਖ ਸਾਂਦ ਤੋਂ ਬਾਅਦ ਜਗਜੀਤ ਦੀਆਂ ਗੱਲਾਂ ਹੀ ਆਪਸ ਵਿੱਚ ਹੁੰਦੀਆਂ ਸਨ ਕਿ ਹੁਣ ਉਹਨਾਂ ਫਲਾਨੀ ਐਲਬਮ ਕੱਢੀ ਹੈ, ਹੁਣ ਉਹ ਫਲਾਨੇ ਦੇਸ਼ ਗਏ ਹਨ। ਉਹਨਾਂ ਦੇ ਵਿਛੋੜੇ ਤੋਂ ਬਾਅਦ ਜਦ ਅਸੀਂ ਉਹਨਾਂ  ਗ੍ਰਹਿ ਵਿਖੇ  ਸੋਕ ਪ੍ਰਗਟ ਕਰਨ ਲਈ ਗਏ ਤਾਂ ਉਹਨਾਂ ਨੇ ਜਗਜੀਤ ਸਿੰਘ ਦੀਆਂ ਕੁੱਝ ਯਾਦਾਂ ਤਾਜਾ ਕੀਤੀਆਂ ਜੋ ਪਾਠਕਾਂ ਨਾਲ ਸਾਝੀਆਂ ਕਰ ਰਿਹਾ ਹਾਂ।
ਉਹਨਾਂ ਦੇ ਦੱਸਣ  ਮੁਤਾਬਿਕ ਉਹਨਾਂ ਨੂੰ ਗਾਇਕੀ ਦੀ ਪ੍ਰਮਾਤਮਾ ਵੱਲੋਂ ਹੀ ਬਖਸ਼ਿਸ ਸੀ।  ਦਸ ਬਾਰਾਂ ਸਾਲ ਦੀ ਉਮਰ ਵਿੱਚ ਉਹਨਾਂ ਗਾਉਣਾਂ ਸੁਰੂ ਕਰ ਦਿੱਤਾ ਸੀ। ਵੈਸੇ ਮੈਂ ਉਹਨਾਂ ਤੋ ਮੈਂ ਅੱਠ ਸਾਲ ਛੋਟੀ ਹੋਣ ਕਾਰਨ ਉਹਨਾਂ ਦਾ ਬਚਪਨ ਤਾਂ ਦੇਖਿਆ ਹੀ ਨਹੀਂ ਜਦ ਮੇਰੀ ਸੁਰਤ ਸੰਭਲੀ ਤਾਂ ਮੈਂ ਉਸ ਨੂੰ ਗਾਉਦੇਂ ਹੀ ਦੇਖਿਆ। ਸਾਰਾ ਸਾਰਾ ਦਿਨ ਕਮਰੇ ਦਾ ਬੂਹਾ ਬੰਦ ਕਰਕੇ ਗਾਉਂਦੇ ਰਹਿੰਦੇ। ਰਿਆਜ ਕਰਨ ਸਮੇਂ ਉਹ ਸੰਗੀਤ ਦੇ ਸਮੁੰਦਰਾਂ ਵਿੱਚ ਐਨੇ ਡੂੰਘੇ ਉਤਰ ਜਾਦੇਂ ਕਿ ਉਹਨਾਂ ਨੂੰ ਆਪਣੀ ਸੁੱਧ ਬੁੱਧ ਵੀ ਨਹੀਂ ਰਹਿੰਦੀ ਸੀ। ਕੇਸ਼ ਵੀ ਖੁੱਲ ਕੇ ਗਲ ਵਿੱਚ ਪੈ ਜਾਦੇਂ ਸਨ ਜੋ ਬਾਅਦ ਵਿੱਚ ਕੰਘਾਂ ਕਰਕੇ ਸੰਭਾਲਦੇ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪਤੰਗ ਉਡਾਉਣ ਦਾ ਵੀ ਬਹੁਤ ਸੌਂਕ ਸੀ। ਜਦ ਉਹ ਪਤੰਗ ਚੜਾਉਦੇਂ ਤਾਂ ਮੈਂ ਉਹਨਾਂ ਦਾ ਡੋਰ ਵਾਲੀ ਚਰਖੀ ਸੰਭਾਲ ਕੇ ਸਾਥ ਦਿੰਦੀ। ਬੱਸ ਉਹ ਜਾਂ ਪੜਦੇ ਰਹਿੰਦੇ ਜਾਂ ਸੰਗੀਤ ਤੇ ਵਿਹਲੇ ਹੋ ਕੇ ਪਤੰਗਬਾਜੀ ਕਰਦੇ। ਜਦ ਭੈਣ ਭਰਾ ਦੀ ਕੋਈ ਨੋਕ ਝੋਕ ਵਾਲੀ ਯਾਦ ਤਾਜਾ ਕਰਨ ਲਈ ਪੁਛਿਆ ਤਾਂ ਉਹਨਾਂ ਦੱਸਿਆ ਕਿ ਅਜਿਹਾ ਮੌਕਾ ਜਿੰਦਗੀ ਵਿੱਚ ਕਿਤੇ ਵੀ ਨਹੀਂ ਆਇਆ ਸੀ, ਉਹ ਕਦੇ ਵੀ ਕਿਸੇ ਨਾਲ ਲੜਦੇ ਨਹੀਂ ਸਨ। ਬਾਆਦ ਵਿੱਚ ਜਦ ਮੈਂ ਥੋੜਾ ਵੱਡੀ ਹੋਈ ਤਾਂ ਮੈਨੂੰ ਵੀ ਉਹਨਾਂ ਸੰਗੀਤ ਨਾਲ ਹੀ ਜੋੜ ਲਿਆ। ਰਿਆਜ ਕਰਨ ਸਮੇਂ ਮੈਂ ਉਹਨਾਂ ਦਾ ਤਾਨਪੁਰੇ ਤੇ ਸਾਥ ਦਿੰਦੀ  ਮੈਂ ਅੱਜ ਵੀ ਆਪ ਤਾਨਪੁਰੇ ਤੇ ਵਧੀਆ ਗਾ ਲੈਦੀਂ ਹਾਂ।
ਉਹਨਾਂ ਦੱਸਿਆ ਕਿ ਸਾਡਾ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲਾ ਹੈ ਪਿਤਾ ਜੀ ਦੀ ਨੌਕਰੀ ਕਰਕੇ ਹੀ ਅਸੀਂ ਰਾਜਸਥਾਨ ਗਏ ਸੀ ਉੱਥੇ ਹੀ ਜਗਜੀਤ ਦਾ ਅਤੇ ਸਾਡਾ ਜਨਮ ਹੋਇਆ ਸੀ। ਪਿਤਾ ਜੀ ਦੀ ਰਿਟਾਇਰਮੈਂਟ ਤੋਂ ਬਆਦ ਅਸੀ ਲੁਧਿਆਣੇ ਆ ਗਏ। 1980 ਵਿੱਚ ਮੇਰੇ ਵੱਡੋ ਭਰਾ ਦਿੱਲੀ ਚਲੇ ਗਏ ਅਤੇ ਜਗਜੀਤ ਸੰਗੀਤ ਦੇ ਖੇਤਰ ਵਿੱਚ ਉਂਚੀਆਂ ਉਡਾਰੀਆਂ ਭਰਨ ਲਈ ਬੰਬਈ ਚਲਾ ਗਿਆ। ਉਹਨਾਂ ਦੱਸਿਆ ਕਿ ਜਗਜੀਤ ਨੂੰ ਘੋੜ ਸਵਾਰੀ ਦਾ ਵੀ ਬਰੁਤ ਸੌਂਕ ਸੀ। ਜੈਪੁਰ ਵਿੱਚ ਉਹਨਾਂ ਦਾ ਇੱਕ ਸਟੱਡ ਫਾਰਮ ਵੀ ਹੈ ਜਿੱਥੇ ਉਹਨਾਂ ਮਹਿੰਗੀ ਤੋਂ ਮਹਿੰਗੀ ਨਸਲ ਦੇ ਘੋੜੇ ਰੱਖ ਕੇ ਇੱਕ ਸਾਬਕਾ ਫੌਜੀ ਅਫਸਰ ਨੂੰ ਸਾਂਭ ਸੰਭਾਲ ਲਈ ਰੱਖਿਆ ਹੋਇਆ ਸੀ। ਉਹਨਾਂ ਦੱਸਿਆ ਕਿ ਜਗਜੀਤ ਨੇ ਕਦੇ ਵੀ ਪੈਸੇ ਨੂੰ ਜਿਆਦਾ ਅਹਿਮੀਅਤ  ਨਹੀਂਂ ਦਿੱਤੀ  ਸੀ। ਉਹਨਾਂ ਇੱਕ ਯਾਦ ਤਾਜਾ ਕਰਦਿਆਂ ਦੱਸਿਆ ਕਿ ਇੱਕ ਵਾਰ ਉਹ ਪ੍ਰਿਥਵੀ ਰਾਜ ਕਪੂਰ ਖਾਨਦਾਨ ਦੇ ਇੱਕ ਫਿਲਮੀ ਹੀਰੋ ਦੇ ਘਰ (ਨਾਂ ਯਾਦ ਨਹੀਂ) ਉਸ ਦੇ ਜਨਮ ਦਿਨ ਮੌਕੋ  ਪ੍ਰੋਗਰਾਮ ਕਰਨ ਲਈ ਗਏ। ਜਦ ਜਗਜੀਤ ਨੇ ਪ੍ਰੋਗਰਾਮ ਸੁਰੂ ਕਰ ਦਿੱਤਾ ਤਾਂ ਉਹਨਾਂ ਨਾਲ ਹੀ ਸ਼ਰਾਬ ਦਾ ਦੌਰ ਚਲਾ ਦਿੱਤਾ ਅਤੇ ਖਰਮਸਤੀ ਕਰਨੀ ਸੁਰੂ ਕਰ ਦਿੱਤੀ। ਜਦ ਜਗਜੀਤ ਨੇ ਇਤਰਾਜ ਕੀਤਾ ਕਿ ਉਹ ਅਜਿਹੇ ਮਹੌਲ ਵਿੱਚ ਨਹੀਂ ਗਾ ਸਕਦਾ ਤਾਂ ਉਹ ਹੀਰੋ ਕਹਿਣ ਲੱਗਾ,' ਅਰੇ ਜਗਜੀਤ ਭਾਈ, ਤੁਜੇ ਪੈਸਾ ਚਾਹੀਏ.. ਬੋਹ ਤੁਮ ਕੋ ਮਿਲ ਗਿਆ..ਤੁਮ ਆਪਣਾਂ ਕਾਮ ਕਰੋ..ਹਮਕੋ ਆਪਨਾਂ ਕਰਨੇ ਦੋ'.. ਇਨਾਂ ਕਹਿਣ ਤੇ ਜਗਜੀਤ ਨੇ ਉਹਨਾਂ ਤੋਂ ਲਿਆ ਪੈਸਾ ਵਾਪਿਸ ਕਰਕੇ ਪ੍ਰੋਗਰਾਮ ਅੱਧ ਵਿਚਕਾਰ ਛੱਡ ਕੇ ਆ ਗਏ ਅਤੇ ਜਾਣ ਲੱਗੇ ਕਹਿ ਆਏ ਕਿ 'ਜਗਜੀਤ ਦੀ ਕਲਾ ਹਾਲੇ ਵਿਕਾਊ ਮਾਲ ਨਹੀਂ ਹੈ, ਜਦ ਕੋਈ ਅਜਿਹੀ ਨੌਬਤ ਆਈ ਤਾਂ ਮੈ ਵਾਪਿਸ ਆ ਜਾਵਾਂਗਾ ।
ਜਦ ਉਹਨਾਂ ਨੂੰ ਜਗਜੀਤ ਦੇ ਜਾਣ ਨਾਲ ਪਏ ਘਾਟੇ ਬਾਰੇ ਪੁੱਛਿਆਂ ਤਾਂ ਉਹਨਾਂ ਭੁੱਬ ਮਾਰ ਕੇ ਰੋਦਿਆਂ ਕਿਹਾ ਕਿ ' ਬੇਟਾ ਚਾਰ ਚੁਫੇਰ ਘਾਟਾ ਹੀ  ਘਾਟਾ ਦਿਸਦਾ.. ਨਾ ਪੂਰਿਆ ਜਾਣ ਵਾਲਾ ਘਾਟਾ..ਪ੍ਰਮਾਤਮਾ ਨੇ ਉਹਨਾਂ ਨੂੰ ਜਿਨੀਂ ਸੋਹਰਤ ਬਖਸ਼ੀ ਸੀ  ਨਾਲ ਹੀ ਦੁੱਖ ਵੀ ਦਿੱਤੇ। ਵਿਵੇਕ ਦੀ ਮੌਤ ਨੇ ਤਾਂ ਇੱਕ ਵਾਰ ਉਹਨਾਂ ਨੂੰ ਝੰਜੋੜ ਕੇ ਹੀ ਰੱਖ ਦਿੱਤਾ ਸੀ।  ਭਾਬੀ ਚਿਤਰਾ ਸਿੰਘ ਨੇ ਤਾਂ ਉਸ ਤੋਂ ਬਾਅਦ ਕਦੇ ਗਾਇਆ ਹੀ ਨਹੀਂ ਤੇ ਜਗਜੀਤ ਸਿੰਘ ਵੀ ਛੇ ਮਹੀਨੇ ਖਾਮੋਸ਼ ਹੀ ਰਹੇ। ਥੋੜਾ ਸੰਭਲਣ ਤੇ ਉਹਨਾਂ ਕਿਹਾ ਕਿ ਉਹ ਸਰੀਰਕ ਤੌਰ ਤੇ ਬੇਸੱਕ ਇਸ ਸੰਸਾਰ ਤੋਂ ਚਲੇ ਗਏ ਨੇ ਪਰ ਉਹ ਹਮੇਸਾਂ ਸਾਡੇ ਅੰਗ ਸੰਗ ਰਹਿਣਗੇ। ਕੋਠੀ ਦੇ ਕਮਰਿਆਂ ਵਿੱਚ ਲੱਗੀਆਂ ਤਸਵੀਰਾਂ, ਜਿਸ ਵਿੱਚ ਕਿਤੇ ਜਗਜੀਤ ਸਿੰਘ ਕੁੜਤੇ ਚਾਦਰੇ ਵਿੱਚ ਖੜੇ ਹਨ, ਕਿਤੇ ਘੋੜ ਸਵਾਰੀ ਕਰ ਰਹੇ ਹਨ, ਕਿਤੇ ਪ੍ਰਧਾਨ ਮੰਤਰੀ  ਮਨਮੋਹਨ ਸਿੰਘ ਦੇ ਘਰ ਖਾਣੇ ਤੇ ਬੈਠੇ ਹਨ. ਕਿਤੇ ਰਾਸ਼ਟਰਪਤੀ ਅਬਦੁਲ ਕਲਾਮ ਤੋਂ ਪਦਮ ਭੂਸਣ ਸਨਮਾਨ ਲੈ ਰਹੇ ਹਨ, ਦਿਖਾਉਦਿਆਂ ਉਹਨਾਂ ਕਿਹਾ ਕਿ 'ਆਹ ਦੇਖੋ !  ਮੇਰਾ ਵੀਰ ਜੋ ਕਰਨੀ ਕਰ ਗਿਆ ਉਸ ਦਾ ਨਾਂ ਹਮੇਸਾਂ ਲਈ ਜੱਗ ਤੋ ਜਿਊਦਾਂ ਰਹੇਗਾ ਅਤੇ ਅਸੀ ਉਸ ਦੀ ਕਿਸੇ ਫੋਟੋ ਤੇ ਕਦੇ ਵੀ ਹਾਰ ਟੰਗ ਕੇ ਉਸ ਨੂੰ ਸਵਰਗੀ ਨਹੀਂ ਕਹਾਂਗੇ'। ਉਹਨਾਂ ਦਸਿਆ ਕਿ ਵਿਵੇਕ ਦੀ ਮੌਤ ਤੋਂ ਬਾਅਦ ਉਹ ਸਾਡੇ ਬੱਚਿਆਂ ਵਿੱਚ ਵਿਵੇਕ ਨੂੰ ਦੇਖਦੇ ਸਨ। ਉਹ ਸਾਡੇ ਬੱਚਿਆਂ ਨੂੰ ਬਹੁਤ ਲਾਡ ਪਿਆਰ ਕਰਦੇ ਸਨ ਤੇ ਉਹਨਾਂ ਦੇ ਚੰਗੇ ਭਵਿੱਖ ਲਈ ਹਮੇਸਾਂ ਚਿੰਤਾਤੁਰ ਰਹਿੰਦੇ ਸਨ ਅਤੇ  ਉਹਨਾਂ ਨੂੰ ਵੱਧ ਤੋਂ ਵੱਧ ਪੜਨ ਲਈ ਪ੍ਰੇਰਦੇ ਸਨ ਅਤੇ ਹਰ ਸੰਭਵ ਮੱਦਦ ਵੀ ਕਰਦੇ ਸਨ। ਉਹਨਾਂ ਦੱਸਿਆ ਕੇ ਜਗਜੀਤ ਨੇ 1 ਨਵੰਬਰ ਨੂੰ ਬਰਨਾਲਾ ਸ਼ਹਿਰ ਵਿੱਚ ਪ੍ਰੋਗਰਾਮ ਦੇਣ ਲਈ ਆਉਣਾਂ ਸੀ, ਜਿਸ ਦੀ ਸਾਨੂੰ ਬੇਸਬਰੀ ਨਾਲ ਉਡੀਕ ਸੀ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ।
ਮੈਂ ਅਦਨਾਂ ਜਿਹਾ ਕਲਮਕਾਰ, ਪੰਜਾਬੀ ਦੀ ਵਿਸ਼ਵ ਪ੍ਰਸਿੱਧ  ਇਸ ਕੱਦਾਵਰ ਸਖਸ਼ੀਅਤ ਬਾਰੇ  ਕੁੱਝ ਲਿਖਣ  ਲੱਗਾ ਆਪਣਾ ਕੱਦ ਬਹੁਤ ਛੋਟਾ ਸਮਝਦਾ ਹਾਂ ਪਰ ਉਹਨਾਂ ਦੇ ਪਰਿਵਾਰ ਨਾਲ ਇੱਕ ਸਾਝ ਹੋਣ ਕਾਰਨ ਮੈਨੂੰ ਜੋ ਵੀ ਜਾਣਕਾਰੀ ਮਿਲੀ ਮੈਂ ਉਸ ਨੂੰ ਪਾਠਕਾਂ ਦੇ ਸਨਮੁੱਖ ਕਰਨਾ ਮੈਂ ਆਪਣਾ ਫਰਜ ਸਮਝਦਾ ਹਾਂ। ਆਸ ਹੈ ਕਿ ਹੁੰਗਾਰਾ ਦਿਉਂਗੇ।
-ਮੁਖਤਿਆਰ ਸਿੰਘ  (ਪੱਖੋ ਕਲਾਂ)
ਮੋਬਾਇਲ +9194175 17655
ਈਮੇਲ- mspakho0gmail.com

ਲੋਕ ਤਥ

ਮੈਂ ਸਾਰੇ ਤੋੜ ਕੇ ਬੰਧਨ ਉਚੀ ਪਰਵਾਜ਼ ਕਰਨੀ ਹੈ।
ਰਸਤਾ ਹੈ ਬੜਾ ਔਖਾ ਪਰ ਮੰਜ਼ਿਲ ਸਰ ਮੈਂ ਕਰਨੀ ਹੈ।
ਜ਼ਮਾਨਾ ਰੋਲ ਦਿੰਦਾ ਹੈ ਜੇ ਇਸ ਦੇ ਅੱਗੇ ਝੁਕ ਜਾਓ,
ਨਾ ਇਸਦੇ ਅੱਗੇ ਝੁਕਣਾ ਹੈ, ਨਾ ਇਸ ਦੀ ਮਾਰ ਜਰਨੀ ਹੈ।
- ਮਨਪ੍ਰੀਤ ਕੌਰ
Baljinder Bittu - Ban Javo Kurriyo Sherniyan

ਕਿਸੇ ਵੀ ਕੌਮ ਜਾਂ ਦੇਸ਼ ਦੀ ਤਰੱਕੀ ਉਦੋਂ ਤਕ ਸੰਭਵ ਨਹੀਂ, ਜਦੋਂ ਤਕ ਉਸ ਦੇ ਬਾਸ਼ਿੰਦੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਨਾ ਹੋਣ। ਬੇਸ਼ੱਕ ਅਸੀਂ ਬਹੁਤ ਤਰੱਕੀ ਕਰ ਲਈ, ਸੁੱਖ-ਸਹੂਲਤਾਂ, ਐਸ਼ੋ-ਆਰਾਮ ਦੇ ਸਾਰੇ ਸਾਧਨ ਪੈਦਾ ਕਰ ਲਏ; ਪਰ ਜੇ ਇਨ੍ਹਾਂ ਨੂੰ ਮਾਣਨ ਤੋਂ ਪਹਿਲਾਂ ਹੀ ਅਸੀਂ ਆਪਣੇ ਸਰੀਰ ਨੂੰ ਨਕਾਰਾ ਕਰ ਲਿਆ  ਤਾਂ ਸਾਡੀ ਅਜਿਹੀ ਤਰੱਕੀ ਕਿਸੇ ਕੰਮ ਨਹੀਂ।
ਕੁਝ ਵੀ ਹੋਵੇ ਸਭ ਤੋਂ ਪਹਿਲਾਂ ਤੰਦਰੁਸਤੀ ਅਤੇ ਬਾਕੀ ਗੱਲਾਂ ਬਾਅਦ ਵਿੱਚ।


ਆ ਗਿਆ ਰਾਜ ਜੀ ਮੁਗਲਾਂ ਦਾ, ਹੱਕ ਕੋਈ ਮੰਗੇ ਤਾਂ ਪੈਦੀਆ ਭੀੜਾਂ ।
ਸਰਕਾਰੀ ਸ਼ਹਿ ਤੇ ਬੁਚੜਾਂ ਨੇ, ਸਾੜੀਆਂ ਗੁਰੂ ਸਾਹਿਬ ਦੀਆ ਬੀੜਾਂ ।
ਰੱਬ ਬਦਲ ਰਾਜ ਬਾਦਲਾਂ ਦਾ, ਬਦਲ ਤੁੰ ਪੰਜਾਬ ਦੀਆਂ ਤਕਦੀਰਾਂ।
ਇਹ ਭੋਰਾ ਵੀ ਡਰਦੇ ਨਾ, ਭੌਂਕਦੇ ਫਿਰਦੇ ਵਾਂਗ ਕਤੀੜਾਂ।

ਮਿੱਠੇ ਬੋਲ
'ਪਿਤਾ ਜੀ, ਸਾਡੇ ਸਕੂਲ ਵਿਚ ਇਕ ਨਵੀਂ ਮੈਡਮ ਆਈ ਏ। ਪਤਲੀ, ਉੱਚੀ, ਲੰਮੀ ਹੈ | ਵਾਲਾਂ ਦੇ ਜੂੜੇ ਵਿਚ ਸੱਜਰਾ ਫੁੱਲ ਟੰਗਦੀ ਹੈ। ਸਾਨੂੰ ਪੰਜਾਬੀ ਪੜ੍ਹਾਉਂਦੀ ਹੈ।'
'ਬੇਟੇ ਠੀਕ ਹੈ। ਕੈਸਾ ਪੜ੍ਹਾਉਂਦੀ ਹੈ?' 'ਇਹ ਤਾਂ ਹਾਲੀ ਪਤਾ ਨਹੀਂ।
ਪਹਿਲੀ ਘੰਟੀ ਸਮੇਂ, ਸਾਰੇ ਬੱਚੇ ਮੈਡਮ ਦੇ ਚਿਹਰੇ ਵੱਲ ਹੀ ਵੇਖਦੇ ਰਹੇ। ਏਨੀ ਸੋਹਣੀ। ਏਨੀ ਪਿਆਰੀ ਮੈਡਮ । ਕੰਨੀ ਮੋਕਲੀਆਂ ਡੰਡੀਆਂ, ਉਂਗਲਾਂ ਨੂੰ ਛਾਪਾਂ, ਹੱਥੀਂ ਗਜਰੇ, ਗਲੇ ਵਿਚ ਚੇਨੀ, ਉੱਚੀ ਅੱਡੀ ਦੇ ਸੈਂਡਲ।'
(ਦੋ ਦਿਨ ਬਾਅਦ)
'ਬੇਟੇ ਤੁਹਾਡੀ ਪੰਜਾਬੀ ਵਾਲੀ ਮੈਡਮ ਬਹੁਤ ਸੋਹਣੀ ਹੈ ਨਾ। ਬਹੁਤ ਪਿਆਰੀ ਲੱਗਦੀ ਹੈ ਨਾ।|'
'ਕਾਹਦੀ ਸੋਹਣੀ। ਕਾਹਦੀ ਪਿਆਰੀ। ਹੁਣ ਤਾਂ ਕੋਈ ਬੱਚਾ ਉਸ ਵੱਲ ਵੇਖਣੋਂ ਵੀ ਡਰਦਾ ਹੈ। ਬਹੁਤ ਡਾਂਟਦੀ ਹੈ।| ਘੂਰਦੀ ਹੈ-ਮਾਰਦੀ ਹੈ।'
'ਪੁੱਤਰ ਸੁੰਦਰਤਾ ਚਿਹਰੇ ਉਤੇ ਨਹੀਂ, ਦਿਲ ਵਿਚ ਤੇ ਜੀਭ ਉਤੇ ਹੁੰਦੀ ਹੈ। ਸੁੰਦਰਤਾ ਕੱਪੜਿਆਂ ਵਿਚ, ਗਹਿਣਿਆਂ ਵਿਚ ਨਹੀਂ- ਮਿੱਠੇ ਬੋਲਾਂ ਵਿਚ ਹੁੰਦੀ ਹੈ।'
ਗੁਰੂ ਸਾਹਿਬ ਫਰਮਾਉਂਦੇ ਹਨ: 'ਗੰਢ ਪ੍ਰੀਤੀ ਮਿੱਠੇ ਬੋਲ- (ਅੰਗ 143)
ਪੁੱਤਰ, ਮਿੱਠੇ ਬੋਲਾਂ ਨਾਲ ਹੀ ਪ੍ਰੀਤ ਮਿੱਤਰਤਾ ਪੱਕੀ ਹੁੰਦੀ ਹੈ |
-ਪ੍ਰੋ: ਹਮਦਰਦਵੀਰ ਨੌਸ਼ਹਿਰਵੀ,
ਮੋਬਾਈਲ : 94638-08697.


'ਸਾਇੰਸ ਧਰਮ ਤੋਂ ਬਿਨਾਂ ਅੰਨੀ ਹੈ ਤੇ ਧਰਮ ਸਾਇੰਸ ਤੋਂ ਬਿਨਾਂ ਲੰਗੜਾ ਹੈ
- ਅਲਬਰਟ ਆਈਨਸਟਾਇਨ



ਪਹਿਲਾਂ ਪੰਜਾਬ 'ਚ ਦੋ ਪਾਰਟੀਆਂ ਹੀ ਹੁੰਦੀਆਂ ਸਨ ਖਾਸ ਕਰਕੇ ਇਸ ਚੋਣ ਮੈਦਾਨ 'ਚ:
* ਸ਼੍ਰੋਮਣੀ ਅਕਾਲੀ ਦਲ
* ਕਾਂਗਰਸ
ਇਨ੍ਹਾਂ ਦਾ ਹੀ ਬਝਵਾਂ ਮੁਕਾਬਲਾ ਹੁੰਦਾ ਸੀ, ਇਕ ਪਿਛਲੀ ਵਾਰੀ ਨੂੰ ਛੱਡ ਕੇ, ਜੋ ਨਤੀਜੇ ਆਉਂਦੇ ਸਨ, ਇਕ ਵਾਰੀ ਅਕਾਲੀ ਦਲ, ਅਗਲੀ ਵਾਰ ਕਾਂਗਰਸ। ਏਦਾਂ ਹੀ ਹੁੰਦਾ ਸੀ ਤੇ ਲੋਕੀਂ ਮਜ਼ਾਕ ਕਰਿਆ ਕਰਦੇ ਸਨ, ਐਵੇਂ ਕਰੋੜਾਂ ਰੁਪਏ ਖਰਚ ਕਰਦੀ ਹੈ ਸਰਕਾਰ ਤੇ ਚੋਣ ਕਮਿਸ਼ਨ ਇਨ੍ਹਾਂ ਦੋਵਾਂ ਧਿਰਾਂ 'ਤੇ, ਦੋਵਾਂ ਧਿਰਾਂ ਦੇ ਉਮੀਦਵਾਰ ਸਿੱਧਾ ਆਪਸ ਵਿਚ ਤੈਅ ਕਰ ਲੈਣ।
ਦੋਵਾਂ, ਪ੍ਰਮੁੱਖ ਪਾਰਟੀਆਂ 'ਚ ਹਲਚਲ ਮਚ ਗਈ ਹੈ।
* ਇਸ ਵਾਰ ਤੂੰ, ਅਗਲੀ ਵਾਰ ਮੈਂ
* ਇਕ ਵਾਰ ਤੂੰ, ਦੂਜੀ ਵਾਰ ਮੈਂ।
ਕਾਹਨੂੰ ਝਗੜਨੈਂ, ਕਾਹਨੂੰ ਲੜਨੈਂ, ਆਪਸੀ ਪ੍ਰੇਮ-ਪਿਆਰ ਨਾਲ ਮਾਮਲਾ ਨਜਿੱਠ ਲਓ, ਦਰਵਾਜ਼ਾ ਹੀ ਹੈ ਨਾ, ਅਸੰਬਲੀ ਦਾ।|
ਹੁਣ
ਤੀਜਾ ਘਰ ਵਿਚ ਵੜਿਆ ਨੀ ਮਾਂ
ਮੇਰਾ ਡੰਗਰ ਵੱਛਾ ਡਰਿਆ ਨੀ ਮਾਂ।
ਅਸਲ 'ਚ ਇਹ ਲਿਖਣਾ ਚਾਹੀਦਾ ਸੀ ...
ਤੀਜਾ ਘਰ ਵਿਚ ਵੜਿਆ ਨੀ ਮਾਂ
ਮੇਰਾ ਹਰ ਇਕ ਲੀਡਰ ਡਰਿਆ ਨੀ ਮਾਂ।
ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਜਿਹਨੂੰ ਸੰਖੇਪ 'ਚ 'ਆਪ' ਪਾਰਟੀ ਆਖਿਆ ਜਾਂਦਾ ਹੈ, ਉਹ ਵੀ ਡੰਡ-ਪੇਲ ਰਹੀ ਹੈ, ਮਾਲਿਸ਼ਾਂ ਕਰ ਰਹੀ ਹੈ, ਲੰਗਰ-ਲੰਗੋਟੇ ਕਸ ਕੇ ਆ ਕੁੱਦੀ ਹੈ ਪੰਜਾਬ ਦੇ ਇਸ ਚੋਣ ਅਖਾੜੇ ਵਿਚ। ਪਹਿਲਾਂ ਦੋ ਧਿਰ-ਕੋਨਾ ਮੁਕਾਬਲਾ ਹੁੰਦਾ ਸੀ, ਹੁਣ ਇਹ ਤਿਕੋਣਾ ਮੁਕਾਬਲਾ ਹੋ ਗਿਆ ਹੈ। ਪੰਜਾਬ ਦੇ ਲੋਕੀਂ ਕਿੱਦਾਂ ਹੱਸ-ਹੱਸ ਕਹਿ ਰਹੇ ਹਨ:
'ਆਪ' ਆਏ, ਬਹਾਰ ਆਈ।
ਕਈ ਕਾਂਗਰਸ ਆਈ ਦੇ ਲੀਡਰ ਕਾਂਗਰਸ ਨੂੰ 'ਗੁਡਬਾਏ' ਆਖ ਕੇ 'ਆਪ' ਪਾਰਟੀ 'ਚ ਜਾ ਰਲੇ ਹਨ ਤੇ ਕਈ ਅਕਾਲੀ ਦਲ ਨੂੰ ਸਤਿ ਸ੍ਰੀ ਅਕਾਲ ਆਖ ਕੇ 'ਕੇਜਰੀਵਾਲ-ਕੇਜਰੀਵਾਲ' ਦੀ ਸਾਧ-ਸੰਗਤ, ਹਾਜ਼ਰ-ਨਾਜ਼ਰ ਹੋਣਲਈ ਕੂਚ ਕਰ ਰਹੇ ਹਨ। 'ਆਪ' ਪਾਰਟੀ ਵੀ ਢੋਲਕੀਆਂ ਵਜਾ-ਵਜਾ ਕੇ ਉਨ੍ਹਾਂ ਦੇ ਸਿਰ 'ਤੇ ਟੋਪੀਆਂ ਪਾ ਕੇ ਜਾਂ ਪੱਗਾਂ 'ਤੇ 'ਮੈਂ ਆਮ ਆਦਮੀ ਪਾਰਟੀ ਹਾਂ' ਦੀਆਂ ਪੱਟੀਆਂ ਲਾ ਕੇ ਸਵਾਗਤ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੀ ਸਿਫ਼ਤ ਹੈ ਕਿ ਉਹ ਆਪਣੇ-ਆਪ ਨੂੰ ਨੀਵਾਂ ਹੀ ਗਰਦਾਨਦੇ ਹਨ, 'ਉੱਚਾ' ਕਦੇ ਨਹੀਂ ਦੱਸਦੇ | ਉਨ੍ਹਾਂ ਨੂੰ ਪਤਾ ਹੈ 'ਨਿਵੇ ਸੁ ਗਉਰਾ ਹੋਇ।'
ਪੰਜਾਬ 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਗਜ ਵਜ ਕੇ ਕਿਹੈ, ਸਾਡਾ ਮੁਕਾਬਲਾ ਸਿਰਫ਼ ਆਮ ਆਦਮੀ ਪਾਰਟੀ ਨਾਲ ਹੈ, ਅਕਾਲੀ ਦਲ ਤਾਂ ਇਸ ਭੇੜ 'ਚ ਹੈ ਈ ਨਹੀਂ।
ਪੰਜਾਬ 'ਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ, 'ਸਾਡਾ ਮੁਕਾਬਲਾ ਤਾਂ ਕਾਂਗਰਸ ਨਾਲ ਹੈ, ਆਮ ਆਦਮੀ ਪਾਰਟੀ ਦਾ ਸਿਰਫ਼ ਨਾਂਅ ਹੈ, ਥਾਂ ਨਹੀਂ।'
ਆਮ ਆਦਮੀ ਪਾਰਟੀ ਵਾਲਿਆਂ ਦਾ ਐਲਾਨ ਹੈ, 'ਹੁਣ ਅਸੀਂ ਹੀ ਅਸੀਂ ਹਾਂ, ਅਕਾਲੀ ਨੱਸੇ, ਕਾਂਗਰਸ ਵੀ ਨੱਸੀ। ਝਾੜ ਵਿਚ ਦੋਵੇਂ ਫਸੀ-ਝਾੜੂ ਨਾਲ ਸਾਫ਼ ਕਰ ਦਿਆਂਗੇ, ਇਨ੍ਹਾਂ ਨੂੰ।'
ਅਕਾਲੀ ਦਲ ਦਾ ਗਠਬੰਧਨ ਹੈ ਭਾਜਪਾ ਨਾਲ। ਇਨ੍ਹਾਂ ਦੀ ਸਰਕਾਰ ਹੈ ਪੰਜਾਬ ਵਿਚ ਤੇ ਐਨ.ਡੀ.ਏ. ਦੀ ਸਰਕਾਰ ਹੈ ਕੇਂਦਰ 'ਚ। ਵਿਦੇਸ਼ਾਂ 'ਚੋਂ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਮੋਦੀ ਸਰਕਾਰ ਨੇ ਕੀਤਾ ਸੀ, ਕਿਥੇ ਵੇ ਉਹ ਕਾਲਾ ਧਨ?


ਕਹਿੰਦੇ ਇੱਕ ਬਾਣੀਏ ਨੇ ਖੇਤੀ ਦਾ ਕੰਮ ਸ਼ੁਰੂ ਕਰ ਲਿਆ ਤੇ ਪਾਣੀ ਦੀ ਪਹਿਲੀ ਵਾਰੀ ਤੇ ਹੀ ਉਲਝ ਗਿਆ ਓਹਤੋਂ ਨੱਕਾ ਨਾ ਬੰਦ ਹੋਵੇ,ਅੱਕ ਕੇ ਓਹਨੇ ਨਾਲ ਦੇ ਖੇਤ ਚੋਂ ਜੱਟ ਨੂੰ ਵਾਜ਼ ਮਾਰੀ ਕਹਿੰਦਾ ਜੰਟਾ ਸਿਆਂ ਆਹ ਪਾਣੀ ਬੰਦ ਕਰੀ ਯਾਰ।
ਜੱਟ ਨੇ ਆਵ ਦੇਖਿਆ ਨਾ ਤਾਵ ਖੇਸੀ ਜੀ ਲਾਹ ਕੇ ਪਰੇ ਮਾਰੀ ਤੇ ਮਿੱਟੀ ਦੇ ਭਰਵੇਂ ਟੱਕਾਂ ਨਾਲ ਅੱਖ ਦੇ ਫੋਰ ਚ ਪਾਣੀ ਬੰਦ ਕਰ ਤਾ।
ਬਾਣੀਆ ਕੱਚਾ ਜਾ ਹੋ ਕੇ ਕਹਿੰਦਾ, ਬਈ ਆਏਂ ਦੱਸ ਗੁਰਜੰਟ ਸਿਆਂ ਜਦੋਂ ਤੈਂ ਨੱਕਾ ਬੰਦ ਕੀਤਾ ਸੀ ਭਲਾਂ ਕਿੰਨੇ ਕਿਲੋ ਮਿੱਟੀ ਪੈ ਗਈ ਹੋਊ। ਓਹ ਕਹਿੰਦਾ ਲਾਲਾ ਜੀ ਅਸੀਂ ਕੇਹੜਾ ਕਦੇ ਮਿਣ ਤੋਲ ਕੇ ਪਾਈ ਹੈ ਜੋ ਹਿਸਾਬ ਰੱਖੀਏ।
ਲਾਲਾ ਕਹਿੰਦਾ ਭਾਈ ਜਿਹੜੇ ਕੰਮ ਚ ਕੋਈ ਹਿਸਾਬ ਹੀ ਨਹੀਂ ਆਪਾਂ ਤਾਂ ਨਹੀਂ ਓਹ ਕੰਮ ਕਰਦੇ। ਇਹ ਕਹਿ ਕੇ ਬਾਣੀਏ ਨੇ ਖੇਤੀ ਦੇ ਕੰਮ ਤੋਂ ਤੋਬਾ ਕਰ ਲਈ।


ਕਹਿੰਦੇ ਆ ਇਕ ਵਾਰ ਜੱਟ ਤੇ ਬਾਣੀਏ ਨੇ ਸੋਚਿਆ ਕਿ ਕੱਠੀ ਖੇਤੀ ਕਰਨੀ ਆ, ਲਉ ਜੀ, ਜੱਟ ਕਹਿੰਦਾ, ਲਾਲਾ ਬਾਅਦ ਵਿੱਚ ਪੈ ਜਾਂਦਾ ਰੌਲਾ, ਤੂੰ ਦੱਸ ਫਸਲ ਦਾ ਉਤਲਾ ਹਿੱਸਾ ਲੈਣਾ ਕਿ ਥੱਲੜਾ, ਲਾਲਾ ਕਹਿੰਦਾ, ਥੱਲੜਾ ਤਾਂ ਜੱਟ ਨੇ ਕਣਕ ਬੀਜ ਤੀ, ਜੱਟ ਤਾਂ ਕਣਕ ਵੱਢ ਕੇ ਮੰਡੀ ਸਿੱਟ ਆਇਆ, ਲਾਲਾ ਪਤਰਾਲ ਜਿਹੀ ਕੱਠੀ ਕਰਦਾ ਫਿਰੇ।
 ਲਾਲਾ ਕਹਿੰਦਾ ਐਤਕੀਂ ਜੱਟਾ ਤੂੰ ਧੋਖਾ ਕਰ ਗਿਆ, ਲੈ ਫਿਰ ਐਤਕੀ ਦੀ ਫਸਲ ਵਿੱਚ ਉੱਤਲਾ ਹਿੱਸਾ ਮੇਰਾ, ਲਉ ਜੀ ਜੱਟ ਨੇ ਆਲੂ ਬੀਜਤੇ, ਜੱਟ ਤਾਂ ਆਲੂ ਪੁੱਟ ਕੇ ਮੰਡੀ ਸਿੱਟ ਆਇਆ, ਲਾਲਾ ਸੱਕ ਵਿੱਚੋਂ ਆਲੂ ਭਾਲਦਾ ਫਿਰੇ।
ਤੀਜੀ ਵਾਰ ਲਾਲਾ ਜੱਟ ਨੂੰ ਕਹਿੰਦਾ ਕਿ ਐਤਕੀ ਨੀ ਮੈਂ ਤੈਨੂੰ ਧੋਖਾ ਕਰਨ ਦੇਣਾ, ਐਤਕੀ ਉਪਰਲਾ ਹਿੱਸਾ ਵੀ ਫਸਲ ਦਾ ਮੇਰਾ ਤੇ ਥੱਲੜਾ ਵੀ ਮੇਰਾ। ਜੱਟ ਨੇ ਫਿਰ ਮੱਕੀ ਬੀਜ ਤੀ। ਜੱਟ ਤਾਂ ਛੱਲੀਆਂ ਕੱਢ ਕੇ ਮੰਡੀ ਸਿੱਟ ਆਇਆ, ਲਾਲਾ ਫਿਰ ਪਤਰਾਲ ਤੇ ਟਾਂਢੇ ਕੱਠੇ ਕਰਦਾ ਫਿਰੇ।
ਉਸਤੋਂ ਬਾਅਦ ਲਾਲੇ ਨੇ ਕਦੇ ਖੇਤੀ ਦਾ ਨਾਂ ਨੀਂ ਲਿਆ

ਪੰਜਾਬੀ ਗੀਤਕਾਰੀ ਅਤੇ ਨੰਦ ਲਾਲ ਨੂਰਪੁਰੀ

ਪੰਜਾਬੀ ਗੀਤਕਾਰੀ ਅਤੇ ਨੰਦ ਲਾਲ ਨੂਰਪੁਰੀ

ਪੰਜਾਬੀ ਮਨ ਜਾਂ ਅਵਚੇਤਨ ਦੀ ਰਚਨਾ ਵਿਚ ਜਿੰਨਾ ਹਿੱਸਾ ਗੀਤਾਂ ਦਾ ਹੈ ਸ਼ਇਦ ਹੀ ਹੋਰ ਕਿਸੇ ਸਾਹਿਤ ਰੂਪ ਜਾਂ ਕਲਾ ਦਾ ਹੋਵੇ। ਪੰਜਾਬੀ ਜੀਅ ਦਾ ਗੀਤ ਸੁਣਦਿਆ ਜਨਮ ਹੁੰਦਾ, ਲੋਰੀਆਂ ਦੇ ਰੂਪ 'ਚ ਗੀਤ ਸੁਣਦਾ ਹੀ ਵੱਡਾ ਹੁੰਦਾ, ਗੀਤ ਸੁਣਦਿਆਂ ਹੀ ਮੰਗਣਾ ਕੁੜਮਾਈ ਹੁੰਦੇ। ਵਿਆਹ ਵਿਚ ਵਟਣਾ ਮਲਣ ਤੋਂ ਲੈ ਕੇ ਡੋਲੀ ਤੋਂ ਉਤਾਰੇ ਤੱਕ ਸਭ ਕੁਝ ਗੀਤਾਂ ਦੇ ਅੰਗ ਸੰਗ ਹੁੰਦਾ ਹੈ, ਜਿਸ ਵਿਚ ਘੋੜੀਆਂ, ਸੁਹਾਗ ਸਿੱਠਣੀਆਂ ਅਤੇ ਗੀਤਾਂ ਦੀਆਂ ਹੋਰ ਕਈ ਵੰਨਗੀਆਂ ਪੇਸ਼ ਹੁੰਦੀਆਂ। ਜਹਾਨ ਛੱਡ ਜਾਣ ਤੇ ਵੀ ਅਲਾਹੁਣੀਆਂ, ਕੀਰਨਿਆਂ ਵਾਲੇ ਗੀਤਾਂ ਨਾਲ ਹੀ ਵਿਦਾ ਕੀਤਾ ਜਾਂਦਾ। ਹਲ਼ ਵਾਹੁਣ, ਹਲਟ ਹੱਕਣ, ਫ਼ਸਲਾਂ ਸਾਂਭਣ ਅਦਿ ਸਭ ਕੁਝ ਗੀਤ ਗਾਉਂਦਿਆ ਹੁੰਦਾ। ਸਾਰੇ ਛਿੰਝਾਂ ਮੇਲੇ ਗੀਤਾਂ ਨਾਲ ਸੰਪੂਰਨ ਹੁੰਦੇ। ਵਿਸਾਖੀ, ਲੋਹੜੀ ਸਭ ਗੀਤਾਂ ਭਰੇ ਤਿਉਹਾਰ ਸਨ। ਕੱਤਣ ਤੁੰਬਣ ਵੇਲੇ ਗਾਉਣ ਔਰਤਾਂ ਦੀ ਜ਼ੁਬਾਨ ਤੇ ਹੁੰਦੇ। ਗਿਆਨ, ਚਿੰਤਨ, ਧਰਮ, ਦਰਸ਼ਨ, ਹਿਕਮਤ, ਇਤਿਹਾਸ ਆਦਿ ਨਾਲ ਸਬੰਧਤ ਸਾਰਾ ਪ੍ਰਾਚੀਨ ਅਤੇ ਮੱਧਕਾਲੀ ਸਾਹਿਤ ਵੀ ਗੀਤ / ਪ੍ਰਗੀਤ ਦੇ ਰੂਪ ਵਿਚ ਹੀ ਉਪਲੱਭਦ ਹੈ। ਗੀਤਾਂ ਬਗੈਰ ਪੰਜਾਬ ਦਾ ਕੋਈ ਲੋਕ ਨਾਚ ਨਹੀਂ। ਹੋਰ ਤਾਂ ਹੋਰ ਪੰਜਾਬੀ ਸੰਗੀਤ ਦੀ ਕੋਈ ਸੁਤੰਤਰ ਹੋਂਦ ਹਸਤੀ ਨਹੀਂ, ਇਸ ਦੀ ਪਛਾਣ ਪੰਜਾਬੀ ਗੀਤ ਨਾਲ ਹੀ ਹੈ।
ਅੱਜ ਦਾ ਪੰਜਾਬੀ ਬੰਦਾ ਆਪਣੇ ਚਿੱਤੋਂ ਹੋਰ ਜ਼ਰੂਰੀ ਵਣਜਾਂ ਵਿਚ ਲੱਗਾ ਹੋਇਆ ਕਿ ਉਸ ਕੋਲ ਆਪਣੇ ਲਈ ਗਾਉਣ ਦੀ ਸ਼ਕਤੀ ਅਤੇ ਸਮਾਂ ਨਹੀਂ ਬਚ ਰਹੇ। ਦੂਜੇ ਸ਼ਬਦਾਂ ਵਿਚ ਪੰਜਾਬੀ ਮਨ ਏਨੇ ਕਾਸੇ ਵਿਚ ਗਰੱਸਿਆ ਤੇ ਉਲਝਿਆ ਹੋਇਆ ਕਿ ਇਸ ਕੋਲ ਗਾਉਣ ਦੀ ਫੁਰਸਤ ਨਹੀਂ। ਇਹ ਆਪਣੀ ਖੁਸ਼ੀ ਲਈ ਆਪ ਨਹੀਂ ਗਾ ਸਕਦਾ, ਇਸ ਨੂੰ ਆਪਣੇ ਹਰ ਨਿੱਕੇ-ਵੱਡੇ ਜਸ਼ਨ ਲਈ ਗਾਉਂਣ ਵਾਲੇ ਬੰਦੇ ਅਤੇ ਮਸ਼ੀਨਾਂ ਖਰੀਦਣੇ ਜਾਂ ਕਿਰਾਏ ਤੇ ਲੈਣੇ ਪੈਂਦੇ ਹਨ। ਰੇਡੀਮੇਡ ਜਾਂ ਆਊਟ-ਸੋਰਸਡ ਗਾਉਂਣ ਨੂੰ ਖ੍ਰੀਦਣ ਲਈ ਬਾਜ਼ਾਰ ਜਾਂ ਮੰਡੀ ਜਾਣਾ ਪੈਂਦਾ ਹੈ। ਬੰਦੇ ਨੇ ਕੀ ਸੁਣਨਾ ਹੈ, ਇਸ ਨੂੰ ਬੰਦਾ ਨਹੀਂ ਮੰਡੀ ਨਿਰਧਾਰਤ ਕਰਨ ਲੱਗੀ ਹੈ। ਬੰਦਾ ਗਾਉਣ ਨੂੰ ਮਾਨਣ ਵਾਲਾ ਹੋਣ ਦੀ ਬਜਾਏ ਇਸ ਦਾ ਮਹਿਜ਼ ਖਪਤਕਾਰ ਹੋ ਗਿਆ ਹੈ। ਜਿਹੜਾ 'ਗੀਤ ਗਾਉਣ' ਪੰਜਾਬੀ ਜੀਵਨ ਲਈ ਹਵਾ ਪਾਣੀ ਜਿੰਨਾ ਮਹੱਤਵਪੂਰਨ ਸੀ ਉਹ ਪੂਰੀ ਤਰ੍ਹਾਂ ਖਪਤ-ਵਸਤੂ ਬਣ ਕੇ ਮੰਡੀ ਦੇ ਕਬਜ਼ੇ ਹੇਠ ਆ ਗਿਆ ਹੈ। ਮੰਡੀ ਦਾ ਗੀਤ-ਉਤਪਾਦਨ ਪੰਜਾਬੀ ਮਨ ਦਾ ਚਿਤਰਨ ਨਹੀਂ ਕਰਦਾ ਸਗੋਂ ਮੰਡੀ ਦੁਆਰਾ ਸਥਾਪਤ ਸਿਆਸਤ ਦੀ ਲੋੜ ਅਨੁਸਾਰ ਪੰਜਾਬੀ ਮਨ ਨੂੰ ਢਾਹੁੰਦਾ ਅਤੇ ਬਣਾਉਂਦਾ ਹੈ। ਵਰਤਮਾਨ ਸਮੇਂ ਵਿਚ Electronic ਮੀਡੀਏ / ਯੰਤਰਾਂ ਅਤੇ ਅਖਾੜਿਆਂ ਦੁਆਰਾ ਪਸਾਰੀ ਜਾਣ ਵਾਲੀ ਗੀਤਕਾਰੀ ਦੇ ਭਾਰੂ ਹਿੱਸੇ ਦੇ ਹੜ੍ਹ ਅੱਗੇ ਪੰਜਾਬੀ ਸੁਹਜ, ਸਲੀਕੇ, ਸਿਆਣਪ, ਸ਼ਰਾਫ਼ਤ ਅਤੇ ਸਿਹਤਮੰਦ ਮੁੱਲਾਂ ਦੇ ਪੈਰ ਉਖੜ ਰਹੇ ਹਨ। ਇਸ ਦੀ ਵਰਤਮਾਨ ਕਰੂਪਤਾ ਅਤੇ ਕਰੂਰਤਾ ਬਾਰੇ ਸਿੱਧੀਆਂ ਗੱਲਾਂ ਕਰ ਕੇ ਮਨ ਬਹੁਤਾ ਖਰਾਬ ਕਰਨ ਦੀ ਬਜਾਏ ਅਸੀਂ 50 ਸਾਲ ਪਹਿਲਾਂ ਰੂਖ਼ਸਤ ਹੋਏ ਪੰਜਾਬੀ ਦੇ ਮਹਾਨ ਗੀਤਕਾਰ ਨੰਦ ਲਾਲ ਨੂਰਪੁਰੀ ਦੀ ਗੀਤਕਾਰੀ ਦੇ ਹਵਾਲੇ ਨਾਲ ਗੱਲ ਕਰਾਂਗੇ। ਉਸ ਦੀ ਭਾਵਪੂਰਤ ਅਤੇ ਖੂਬਸੂਰਤ ਗੀਤਕਾਰੀ ਨਾਲ ਮੇਲ ਕੇ ਜਿਥੇ ਅੱਜ ਦੀ ਪ੍ਰਚੱਲਤ ਸਾਰੀ ਗੀਤਕਾਰੀ ਦੇ ਰੰਗਾਂ ਢੰਗਾਂ ਨੂੰ ਦੇਖਿਆ ਪਰਖਿਆ ਜਾ ਸਕਦਾ ਹੈ ਉਥੇ ਅਜੋਕੇ ਵਿਕਾਸ ਦੀ ਦਿਸ਼ਾ ਅਤੇ ਦਸ਼ਾ ਦੇ ਸੱਚ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
ਨੰਦ ਲਾਲ ਨੂਰਪੁਰੀ ਦੀ ਸ਼ਾਇਰੀ ਨੂੰ ਮਾਨਣਾ ਪੰਜਾਬੀ ਹੁਸਨ ਅਤੇ ਜੋਸ਼ ਦੇ ਵਗਦੇ ਦਰਿਆ ਕਿਨਾਰੇ ਬੈਠਣ ਵਾਂਗ ਸੀ। ਉਸ ਨੇ ਪੰਜਾਬੀ ਗੱਭਰੂਆਂ ਤੇ ਮੁਟਿਆਰਾਂ ਨੂੰ ਪਿਆਰ, ਕਿਰਤ ਅਤੇ ਦੇਸ਼ ਪ੍ਰੇਮ ਦੀ ਤ੍ਰੈਮੂਰਤੀ ਦੇ ਰੂਪ ਵਿਚ ਸਿਰਜਿਆ-
ਕੰਮ ਤੇਰੇ ਕਾਮਿਆ ਜਵਾਨ ਕਿੱਡੇ ਹੋ ਗਏ
ਕਾਰਖਾਨੇ ਮਿੱਲਾਂ ਤੇਰੇ ਜ਼ੋਰ ਤੇ ਖਲੋ ਗਏ
ਆਏ ਜਾਂ ਤੁਫ਼ਾਨ ਤੂੰ ਹਜ਼ਾਰ ਵਾਰ ਠੱਲੇ
ਕੀਤੀਆਂ ਗੋਡੀਆਂ ਲੱਗੀਆਂ ਡੋਡੀਆਂ
ਖਿੜੇ ਕਪਾਹ ਦੇ ਹਾਸੇ
ਜੱਟੀ ਦੀ ਜਵਾਨੀ ਸਾਂਭੀ ਨਾ ਜਾਵੇ
ਤੁਰਦੀ ਮਾਰ ਕੇ ਪਾਸੇ
ਤਾਰਾ ਮੀਰਾ ਤੋੜਦੀ ਫਿਰਾਂ
ਸੂਰਜ ਦੀ ਧੁੱਪੇ ਕਿਤੇ ਤਾਰਿਆਂ ਦੀ ਲੋਏ
ਚਾਨਣਾ ਤੁਹਾਡੀਆਂ ਜਵਾਨੀਆਂ ਦਾ ਹੋਏ
ਹਿੰਮਤਾਂ ਦੇ ਨਾਲ ਦੇਸ਼ ਆਪਣਾਂ ਸ਼ਿੰਗਾਰੋ
ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ
ਨੀ ਤੇਰੇ ਧੁੱਪ ਵਿੱਚ ਜਾਂਦੀ ਦੇ
ਧੌਣ ਉੱਤੇ ਆ ਨੀ ਗਏ
ਕੋਈ ਮੁੜ੍ਹਕੇ ਚਾਂਦੀ ਦੇ
ਵਰਤਮਾਨ ਦੌਰ ਵਿਚ ਮੀਡੀਏ ਦੁਆਰਾ ਲੱਚਰ ਦ੍ਰਿਸ਼ਾਂ ਸਹਿਤ ਜਿਸ ਤਰ੍ਹਾਂ ਦੀ ਗੀਤਕਾਰੀ ਸੰਚਾਰੀ, ਪਸਾਰੀ ਅਤੇ ਪ੍ਰਚਾਰੀ ਜਾ ਰਹੀ ਹੈ ਉਹ ਪੰਜਾਬੀ ਨੌਜਵਾਨ ਨੂੰ ਵਿਹਲੜ, ਬਲਾਤਕਾਰੀ, ਫੁਕਰੇ ਤੇ ਨਸ਼ੱਈ ਦੇ ਰੂਪ ਵਿਚ ਬਿਆਨਦੀ ਹੀ ਨਹੀਂ ਸਗੋਂ ਸਿਰਜਦੀ ਵੀ ਹੈ। ਪਰ ਨੂਰਪੁਰੀ ਦੇ ਗੀਤਾਂ ਵਿਚਲਾ ਨੌਜਵਾਨ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਬਹੁਤ ਬਲਵਾਨ ਸੀ। ਉਸ ਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ-
• ਦਾਤਾ ਦੀਆ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ
• ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
• ਗੋਰੀ ਦੀਆਂ ਝਾਂਜਰਾਂ ਬਲੌਂਦੀਆਂ ਗਈਆਂ
• ਚੰਨ ਵੇ ਕਿ ਸ਼ੌਂਕਣ ਮੇਲੇ ਦੀ
• ਨੀ ਮੈਨੂੰ ਦਿਓਰ ਦੇ ਵਿਆਹ ਵਿਚ ਨੱਚ ਲੈਣ ਦੇ
• ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
• ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਅੱਜ ਕੱਲ੍ਹ ਦੇ ਬਹੁਗਿਣਤੀ ਪ੍ਰਚੱਲਤ ਗੀਤਾਂ ਵਿਚ ਔਰਤ ਦੀ ਦੇਹ ਤੇ ਕਬਜ਼ੇ, ਇਕਪਾਸੜ ਧੱਕੇਸ਼ਾਹੀ ਅਤੇ ਬਲਾਤਕਾਰੀ ਰੁਚੀ ਨੂੰ ਹੀ ਮੁਹੱਬਤ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਹੈ। ਪਰ ਨੂਰਪੁਰੀ ਨੇ ਆਪਣੇ ਗੀਤਾਂ ਵਿਚ ਮੁਹੱਬਤ ਦਾ ਗੂੜਾ ਰੰਗ ਸੁੱਚਤਾ ਤੇ ਪਵਿਤਰਤਾ ਦੇ ਪ੍ਰਸੰਗ ਵਿੱਚ ਵਰਤਿਆ। ਇਹ ਰੰਗ ਕਾਮ ਉਕਸਾਊ ਨਹੀਂ ਸੀ। ਉਸ ਨੇ ਔਰਤ ਦੇ ਪੱਟਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਵੀ ਅਸ਼ਲੀਲਤਾ ਨੂੰ ਨੇੜੇ ਫੜਕਣ ਨਾ ਦਿੱਤਾ-
ਮੱਘੇ ਵਿੱਚ ਲੱਸੀ ਉੱਤੇ ਛਿੱਕੂ ਰੋਟੀਆਂ
ਬੂਰੀ ਦੀਆਂ ਧੀਆਂ ਅੱਗੇ ਪੰਜ ਝੋਟੀਆਂ
ਰੁੱਖਾਂ ਹੇਠ ਬੈਠ ਅਸੀ ਬੇੜ ਵੱਟੀਏ
ਸਿਖਰ ਦੁਪਹਿਰ ਕਿੱਥੇ ਜਾਵੇਂ ਜੱਟੀਏ
ਕਣਕਾਂ ਚ ਮਾਰਦੇ ਖੰਘੂਰੇ ਜੱਟ ਨੀ
ਦੂਰ ਤੇਰਾ ਖੇਤ ਧੰਨ ਤੇਰੇ ਪੱਟ ਨੀ
ਨੂਰਪੁਰੀ ਦੇ ਕਾਵਿ ਨਾਇਕ ਅਤੇ ਨਾਇਕਾ ਕੋਈ 'ਆਵਾਰਾ ਆਸ਼ਕ' ਜਾਂ 'ਲਾਵਾਰਿਸ ਮਾਸ਼ੂਕ' ਨਹੀਂ ਸਨ ਸਗੋਂ ਆਪਣੇ ਪਰਿਵਾਰ, ਸਮਾਜ, ਸੱਭਿਆਚਾਰ ਤੇ ਦੇਸ਼ ਨਾਲ ਸਹਿ-ਸੁਭਾਅ ਜੁੜੇ ਹੋਏ ਸਨ। ਨਾਲ ਹੀ ਨੂਰਪੁਰੀ ਇਸਤਰੀ-ਪੁਰਸ਼ ਦੇ ਸਿਹਤਮੰਦ ਸਬੰਧਾਂ ਅਤੇ ਇਹਨਾਂ ਦੇ ਭਰਵੇਂ ਪ੍ਰਗਟਾਵੇ ਦਾ ਹਾਮੀ ਸੀ। ਉਹ ਉਸ ਜ਼ਮਾਨੇ ਵਿਚ ਵੀ ਵਿਆਹ ਦੀ ਸੰਸਥਾ ਨੂੰ ਸਮਾਜਿਕ ਬੰਧਨ ਦੀ ਬਜਾਏ ਪ੍ਰੇਮ-ਸਬੰਧ ਦੇ ਰੂਪ ਵਿਚ ਚਿਤਰਦਾ ਰਿਹਾ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ 'ਪਿਆਰ-ਫਲਸਫੇ' ਦੇ ਝਲਕਾਰੇ ਉਸ ਦੇ ਗੀਤਾਂ ਵਿਚ ਥਾਂ ਥਾਂ ਪੈਂਦੇ ਹਨ। ਗੁਰਬਖਸ਼ ਸਿੰਘ ਵਾਂਗ ਉਹ ਵੀ ਪਿਆਰ ਨੂੰ ਕਬਜ਼ਾ ਨਹੀਂ ਪਹਿਚਾਣ ਮੰਨਦਾ ਸੀ। ਇਸ ਤਰ੍ਹਾਂ ਉਸ ਦੀ ਗੀਤਕਾਰੀ ਸਿਹਤਮੰਦ ਫਲਸਫੇ ਨਾਲ ਕਦਮ ਮੇਲ਼ ਕੇ ਤੁਰਦੀ ਸੀ। ਉਹ ਅੱਜ ਦੇ ਗੀਤਕਾਰਾਂ ਦੀ
ਨੀਂ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਉਣੀ ਆਂ
ਵਾਲੀ ਮਰਦਾਨਵੀ ਹੈਂਕੜ ਅਤੇ ਇਜ਼ਾਰੇਦਾਰੀ ਦੇ ਖਿਲਾਫ ਸੀ। ਉਹ ਇਸਤਰੀ ਨੂੰ ਬਰਾਬਰ ਦੀ ਧਿਰ ਵਜੋਂ ਸਵੀਕਾਰਦਾ ਅਤੇ ਉਸ ਦੇ ਸਵੈਮਾਨ ਤੇ ਸੁਤੰਤਰਤਾ ਦਾ ਸਮੱਥਕ ਸੀ-
ਹੁਣ ਡੋਲ਼ੀ ਵਿੱਚ ਬੈਠ ਬੈਠ ਕੇ ਥੱਕ ਗਈਆਂ ਮੁਟਿਆਰਾਂ
ਹੁਣ ਨਹੀਂ ਚਾਂਦੀ ਦੇ ਠੀਕਰ ਲਈ ਚੁਕਣਾ ਹੁਸਨ ਕਹਾਰਾਂ
ਹੁਣ ਨਹੀਂ ਬੱਧੇ-ਰੱਸੇ ਵਿਕਣੇ ਲੁਕ ਲੁਕ ਕੇ ਇਹ ਚਾਅ
ਗੋਰੀਏ ਵੀਣੀਂ ਜ਼ਰਾ ਫੜਾ
ਨੂਰਪੁਰੀ ਨਾ ਜਨਮ ਤੋਂ ਸਿੱਖ ਸੀ ਨਾ ਭੇਖ ਤੋਂ। ਪਰ ਸਿੱਖੀ ਦੀ ਆਤਮਾ ਉਹਦੇ ਮਨ ਵਿਚ ਗਹਿਰੀ ਵਸੀ ਹੋਈ ਸੀ। ਉਸ ਨੇ ਗੁਰੂ ਨਾਨਕ, ਬੇਬੇ ਨਾਨਕੀ, ਗੁਰੂ ਅਰਜਨ, ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ, ਸਾਹਿਬਜ਼ਾਦੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸੰਗਾਂ ਨਾਲ ਸਬੰਧਤ ਪ੍ਰਵਚਨਾਂ ਦੀ ਪੁਨਰ ਸਿਰਜਨਾ ਕੀਤੀ ਕਿ ਇਹਨਾਂ ਦੇ ਵਿਸਤ੍ਰਿਤ ਅਰਥ ਪੰਜਾਬੇ ਅਵਚੇਤਨ ਦਾ ਸਹਿਜ ਭਾਗ ਬਣੇ। ਨੂਰਪੁਰੀ ਸਿਦਕ, ਸਿਰੜ ਅਤੇ ਕਰਮਸ਼ੀਲਤਾ ਦਾ ਮੱਦਾਹ ਸੀ ਇਸ ਲਈ ਉਹ ਕਰਮਕਾਂਡੀ ਧਾਰਮਿਕਤਾ ਤੇ ਵਿਅੰਗ ਕੱਸਦਾ ਰਿਹਾ-
ਬੜਾ ਕੈਦੀ ਏਂ ਮੰਦਰ ਵਿਚ ਟਿਕਾਣਾ ਕਰਕੇ ਬੈਠਾ ਏਂ
ਕੀ ਤੇਰਾ ਜ਼ੁਲਮ ਹੈ ਐਡੀ ਜੋ ਤੇਰੀ ਸਜ਼ਾ ਨਿਕਲੀ
ਮੰਦਰ ਦੀਆਂ ਦਹਿਲੀਜ਼ਾਂ ਲੰਘ ਕੇ ਮੈਂ ਕੀ ਮੱਥੇ ਟੇਕਾਂ
ਪੱਥਰ ਦਿਲ ਭਗਵਾਨ ਦਾ ਕੀਤਾ ਇਹ ਜੋਤਾਂ ਦਿਆਂ ਸੇਕਾਂ
ਨੂਰਪੁਰੀ ਉਮਰੋਂ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਹਾਣ ਦਾ ਸੀ। ਦੇਸ਼ ਆਜ਼ਾਦ ਹੋਣ ਸਮੇਂ ਉਹ ੪੧ ਸਾਲ ਦਾ ਸੀ। ਆਜ਼ਾਦੀ ਦੇ ਪਰਵਾਨਿਆਂ ਦੇ ਸੁਪਨੇ ਉਸ ਦੇ ਸੰਵੇਦਨਸ਼ੀਲ ਮਨ ਤੇ ਡੂੰਘੇ ਉਕਰੇ ਹੋਏ ਸਨ। ਇਹਨਾਂ ਸੂਰਮਿਆਂ ਦੀ ਸਾਰੀ ਜੱਦੋ-ਜਹਿਦ ਨਿੱਜ ਅਤੇ ਆਪਣੇ ਪਰਿਵਾਰਾਂ ਤੋਂ ਬਹੁਤ ਪਾਰ ਸਮੂਹ ਦੇਸ਼ ਵਾਸੀਆਂ ਦੀ ਜਮਹੂਰੀ ਸਰੂਪ ਵਾਲੀ ਰਾਜਸੀ ਆਜ਼ਾਦੀ, ਆਰਥਿਕ ਖੁਸ਼ਹਾਲੀ, ਸਮਾਜਿਕ ਬਰਾਬਰੀ ਅਤੇ ਨਿਆਂ ਵਰਗੇ ਸੁਪਨਿਆਂ ਦੇ 'ਕਮਲ਼' ਦਾ ਪ੍ਰਗਟਾਅ ਸੀ। ਇਸ 'ਕਮਲ਼' ਦੀ ਇੰਤਹਾ ਨੂੰ ਨੂਰਪੁਰੀ ਆਪਣੇ ਗੀਤਾਂ ਵਿਚ ਢਾਲਦਾ ਰਿਹਾ-
ਮੈਂ ਵਤਨ ਦਾ ਸ਼ਹੀਦ ਹਾਂ ਮੇਰੀ ਯਾਦ ਭੁਲਾ ਦੇਣੀ
ਮੇਰੇ ਖੁਨ ਦੀ ਇਕ ਪਿਆਲੀ ਕਿਸੇ ਪਿਆਸੇ ਨੂੰ ਪਿਲਾ ਦੇਣੀ
ਕਿਸੇ ਅਬਲਾ ਦਾ ਹੱਥ ਫੜ ਕੇ ਮੇਰੇ ਖੂਨ ਦੀ ਲਾ ਮਹਿੰਦੀ
ਉਹਦੀ ਦੁਨੀਆਂ ਵਸਾ ਦੇਣੀ ਮੇਰੀ ਦੁਨੀਆਂ ਮਿਟਾ ਦੇਣੀ
ਦੇਣਾ ਨਾ ਕਿਸੇ ਪੈਸਾ ਮੇਰੇ ਰੋਂਦੇ ਨਿਆਣੇ ਨੂੰ
ਮੇਰੀ ਮਿੱਟੀ ਦੀ ਮੁੱਠ ਭਰ ਕੇ ਉਹਦੀ ਝੋਲੀ 'ਚ ਪਾ ਦੇਣੀ
ਮੇਰੇ ਘਰ ਦੇ ਹਨੇਰੇ ਵਿੱਚ ਬੈਠੀ ਹੈ ਉਜੜੀ ਹੋਈ
ਉਹਦੇ ਨੈਣਾਂ ਦੀ ਲੋਅ ਖੋਹ ਕੇ ਦੀਵਾਲੀ ਜਗਾ ਦੇਣੀ
ਇਹ ਗੀਤ ਵਤਨ ਦੇ ਸ਼ਹੀਦਾਂ ਪ੍ਰਤੀ ਕੋਈ ਅੱਤਕਥਨੀ ਭਰਿਆ ਬਿਆਨ ਨਹੀਂ ਸੀ। ਉਹ ਲੋਕ ਬਣੇ ਹੀ ਅਜਿਹੀ ਮਿੱਟੀ ਦੇ ਸਨ। ਦੇਸ਼ ਆਜ਼ਾਦ ਹੋਣ ਸਮੇਂ ਨੂਰਪੁਰੀ ਉਹਨਾਂ ਦੇ ਸੁਪਨਿਆਂ ਦਾ ਜਿਊਂਦਾ ਗਵਾਹ ਸੀ ਅਤੇ ਉਸ ਨੂੰ ਇਹ ਸੁਪਨੇ ਪੂਰੇ ਹੋਣ ਦੀ ਆਸ ਅਤੇ ਲਲਕ ਸੀ। ਦੇਸ਼ ਉਸਾਰੀ ਲਈ ਜਦ ਨਹਿਰੂ ਨੇ ਨਾਹਰਾ ਦਿੱਤਾ- ‘Let us work together’ ਤਦ ਨੂਰਪੁਰੀ ਨੇ ਲਿਖਿਆ-
ਬਾਂਹਾਂ ਵਿੱਚ ਬਾਂਹਾਂ ਪਾ ਕੇ ਸਾਂਹਾਂ ਵਿਚ ਸਾਹ ਉਏ
ਉੱਚੇ ਨੀਵੇਂ ਕਰੋ ਇਕ ਸਾਰ ਵਾਹ ਵਾਹ ਉਏ
ਬੀਜ ਦਿਓ ਤਾਕਤਾਂ ਤੇ ਹੌਸਲੇ ਉਭਾਰੋ
ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ
ਪੰਜ ਸਾਲਾ ਯੋਜਨਾਵਾਂ ਸ਼ੁਰੂ ਹੋਈਆਂ। ਨੂਰਪੁਰੀ ਨੂੰ ਲੱਗਿਆ ਕਿ ਸ਼ਹੀਦਾਂ ਦੇ ਸੁਪਨੇ ਪੂਰੇ ਹੋਏ ਕਿ ਹੋਏ। ਤੇਜ਼ੀ ਨਾਲ ਆਰਥਿਕ ਵਿਕਾਸ ਹੋਣ ਲੱਗਾ। ਬਿਜਲੀਕਰਨ ਦਾ ਦੌਰ ਸ਼ੁਰੂ ਹੋਇਆ। ਸੰਚਾਈ ਸਾਧਨ ਵਿਕਸਤ ਹੋਣ ਲੱਗੇ। ਨੂਰਪੁਰੀ ਨੇ ਗੀਤਕਾਰੀ ਰਾਹੀਂ ਇਸ ਬਦਲਦੀ ਨੁਹਾਰ ਦੀ ਇਤਿਹਾਸਕਾਰੀ ਕੀਤੀ। ਦੇਸ਼ ਦੀ ਤਰੱਕੀ ਸਬੰਧੀ ਉਸ ਨੇ ਅਨੇਕਾਂ ਨਗਮੇ ਲਿਖੇ-
ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ
ਚੰਨ ਨਾਲੋਂ ਗੋਰੀ ਉਤੇ ਚੁੰਨੀ ਸੁੱਚੇ ਕੱਚ ਦੀ
ਪੰਜ ਸਾਲਾ ਯੋਜਨਾ ਦੀ ਰਾਣੀ ਉਹਨੂੰ ਕਹਿਣਗੇ
ਨੇਰ ਉਡ ਜਾਉ ਲਿਸ਼ਕਾਰੇ ਜਿੱਥੇ ਪੈਣਗੇ
ਵਾਹਣਾਂ ਤੇ ਉਜਾੜਾਂ ਵਿੱਚ ਮੋਤੀ ਉਹਨੇ ਕੇਰਨੇ
ਜੱਟੀਆਂ ਬਣੌਣਗੀਆਂ ਸੋਨੇ ਦੇ ਅਟੇਰਨੇ
ਚਾਂਦੀ ਦੀਆਂ ਚਰਖੀਆਂ ਤੇ ਸੂਤ ਉਠੂ ਨੱਚ ਜੀ
ਲ਼ੀ ਕਾਰਬੂਜ਼ੀਅਰ ਚੰਡੀਗੜ੍ਹ ਵਰਗੇ ਸੰਦਰ ਅਤੇ ਅਧੁਨਿਕ ਸ਼ਹਿਰ ਦੀ ਯੋਜਨਾ ਤਿਆਰ ਕਰ ਰਿਹਾ ਸੀ। ਉਸ ਦੇ ਛੋਟੇ ਭਰਾ ਪੈਰੀ ਜੈਨਰੇ ਨੂੰ ਪੰਜਾਬ ਦਾ ਮੁੱਖ ਆਰਕੀਟੈਕਟ ਲਾਇਆ ਗਿਆ। ਜਿਸ ਨੇ ਪੰਜਾਬ ਦੇ ਪਿੰਡਾਂ ਦਾ ਅਧੁਨਿਕ ਸ਼ਹਿਰਾਂ ਦੀ ਤਰਜ਼ ਤੇ ਵਿਕਾਸ ਕਰਨ ਦੀ ਵਿਸਤ੍ਰਿਤ ਤਜਵੀਜ਼ ਤਿਆਰ ਕੀਤੀ। ਜਿਸ ਵਿਚ ਰਸਤਿਆਂ, ਗਲੀਆਂ, ਰਹਾਇਸ਼ੀ ਮਕਾਨਾਂ, ਜਨ ਸਿਹਤ, ਮਲ ਨਿਕਾਸ, ਵਾਤਾਵਰਨ ਸੁਰੱਖਿਆ, ਭਾਈਚਾਰਕ ਸੰਸਥਾਨਾ ਆਦਿ ਨੂੰ ਯੋਜਨਾਬੱਧ ਢੰਗ ਨਾਲ ਬਣਾਉਣ ਦੀ ਵਿਵਸਥਾ ਸੀ। ਪੇਂਡੂ ਪਾੜ੍ਹਿਆਂ ਨੂੰ ਉੱਚ ਤਕਨੀਕੀ ਵਿਦਿਆ ਦੇਣ ਲਈ ਲੁਧਿਆਣੇ ਇੰਜਨੀਰਿੰਗ ਕਾਲਜ ਖੁਲ੍ਹ ਗਿਆ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਵਰਗਾ ਵਿਲੱਖਣ ਅਫ਼ਸਰ ਮੁਰੱਬੇਬੰਦੀ ਕਰਕੇ ਪੰਜਾਬ ਵਿਚ ਖੇਤੀ ਵਿਕਾਸ ਦਾ ਮੁੱਢ ਬੰਨ੍ਹ ਰਿਹਾ ਸੀ। ਖੇਤੀਬਾੜੀ ਯੁਨੀਵਰਸਿਟੀ ਬਣਾਉਣ ਦੀ ਤਿਆਰੀ ਹੋਈ। ਦਿਹਾਤੀ ਖੇਤਰ ਦੇ ਤੇਜ਼ ਰਫ਼ਤਾਰ ਵਿਕਾਸ ਦਾ ਮੁੱਢ ਬੱਝਦਾ ਦੇਖ ਕੇ ਗੀਤਕਾਰ ਨੂਰਪੁਰੀ ਤੋਂ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ। ਉਹ ਲਿਖ ਰਿਹਾ ਸੀ-
ਦੇਸ਼ ਵਿਚ ਵੰਡ ਦਿਓ ਪ੍ਰੇਮ ਤੇ ਪਿਆਰ ਨੂੰ
ਨਵਾਂ ਨਵਾਂ ਰੂਪ ਚਾੜ੍ਹੋ ਪਿੰਡਾਂ ਦੀ ਬਹਾਰ ਨੂੰ
ਸ਼ਹਿਰਾਂ ਵਾਂਗ ਵਧ ਗਏ ਨੇ ਪਿੰਡ ਤੇ ਗਿਰਾਂ ਨੀ
ਮਾਲੀਆਂ ਦੇ ਸਿਰਾਂ ਉਤੇ ਫੁੱਲਾਂ ਕੀਤੀ ਛਾਂ ਲਈ
ਨੂਰਪੁਰੀ ਪੰ: ਜਵਾਹਰ ਲਾਲ ਨਹਿਰੂ ਦੇ ਵਿਕਾਸ ਮਾਡਲਾਂ, ਨੀਤੀਆਂ, ਯੋਜਨਾਵਾਂ ਅਤੇ ਪ੍ਰਤੀਬੱਧਤਾ ਦਾ ਕਾਇਲ ਸੀ। ਜਿਸ ਤਰ੍ਹਾਂ ਦੇ ਵਿਕਾਸ ਦੇ ਸੁਪਨੇ ਨੂਰਪੁਰੀ ਦੀ ਕਲਮ ਲੈ ਰਹੀ ਸੀ ਉਸੇ ਤਰਜ਼ ਦੇ ਰਾਸ਼ਟਰ ਨਿਰਮਾਣ ਦੇ ਫੈਸਲੇ ਨਹਿਰੂ ਦੀ ਕਲਮ ਕਰ ਰਹੀ ਸੀ। ਓਸ ਲਈ ਠਾਣੇਦਾਰੀ ਨਾਲੋਂ ਸ਼ਾਇਰੀ ਵੱਡੀ ਗੱਲ ਸੀ। ਠਾਣੇਦਾਰੀ ਛੱਡ ਦਿੱਤੀ। ਨਹਿਰੂ ਦੀ ਮੌਤ ਤੇ ਉਸ ਨੇ ਗੀਤ ਵੀ ਲਿਖਿਆ ਸੀ-
ਨਾ ਉਹ ਗਿਆ ਨਾ ਛਿਪਿਆ ਕਿਧਰੇ, ਉਹ ਤੇ ਇਥੇ ਹੀ ਰਹਿੰਦਾ ਏ
ਉਹਦਾ ਝਾਉਲਾ ਹਰ ਸੁਪਨੇ ਵਿਚ ਅਜੇ ਵੀ ਮੁੜ ਮੁੜ ਪੈਂਦਾ ਏ
'ਨੁਰਪੁਰੀ' ਮੁਸ਼ਕਲ ਨੇ ਮਿਲਣੀਆਂ ਰੂਹਾਂ ਉਹਦੇ ਨਾਲ ਦੀਆਂ
ਆਓ ਲੋਕੋ ਗੱਲ ਕਰੀਏ ਓਸ ਜਵਾਹਰ ਲਾਲ ਦੀਆਂ
ਪਰ ਵਿਕਾਸ ਦੀ ਨਹਿਰੂ ਕਾਲ ਦੇ ਆਰੰਭ ਵਾਲੀ ਤੇਜ਼ ਰਫਤਾਰੀ ਮੱਠੀ ਪੈਣ ਲੱਗੀ। ਪ੍ਰਜਾਤੰਤਰ ਦੇ ਵਿਗਸਣ ਤੋਂ ਪਹਿਲਾਂ ਸੀ ਰਾਜਤੰਤਰ ਇਸ ਨੂੰ ਨਿਗਲਣ ਲੱਗਾ। ਅੰਗਰੇਜ਼ਾਂ ਦੇ ਹਮਾਇਤੀ ਰਹੇ ਦੇਸੀ ਰਾਜੇ ਤੇ ਜਗੀਰਦਾਰ ਨਵੇਂ ਰੂਪਾਂ 'ਚ ਸੱਤਾ ਸੰਸਥਾਨਾ ਤੇ ਕਾਬਜ਼ ਹੋਣ ਲੱਗੇ। ਅੰਗਰੇਜ਼ਾਂ ਦੇ ਸਾਮਰਾਜੀ ਸਾਂਚੇ ਵਿਚ ਢਲੀ ਨੌਕਰਸ਼ਾਹੀ ਜਮਹੂਰੀ ਰਾਜ ਵਿਚ ਆਪਣੇ ਨਵੇਂ ਰੋਲ ਨੂੰ ਅਪਨਾਉਣ ਲਈ ਤਿਆਰ ਨਾ ਹੋਈ। ਪੰਜ ਸਾਲਾ ਯੋਜਨਾਵਾਂ ਠੁੱਸ ਹੋਣ ਲੱਗੀਆਂ। ਸਮੂਹਿਕ ਵਿਕਾਸ ਦੇ ਸੁਪਨੇ ਤੇ ਨਿੱਜੀ ਤਰੱਕੀ ਦੀ ਹਵਸ ਭਾਰੂ ਹੋਣ ਲੱਗੀ। ਨੂਰਪੁਰੀ ਚੇਤੇ ਕਰਾਉਣ ਲੱਗਿਆ-
ਓ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਜਿਉਂਣਾ ਹੁੰਦਾ ਓਸ ਮਰਦ ਦਾ ਕਿਸੇ ਲਈ ਜੋ ਮਰਦਾ ਏ
ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਏ
'ਨੂਰਪੁਰੀ' ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ
ਪਰ 'ਝੂਠੀਆਂ ਦੁਕਾਨਾਂ' ਬੰਦ ਹੋਣ ਦੀ ਬਜਾਏ ਵਧਣ ਫੁੱਲਣ ਲੱਗੀਆਂ। ਵਿਕਾਸ ਪ੍ਰਾਜੈਕਟਾਂ ਦੀ ਉਸਾਰੀ ਬਹੁ ਗਿਣਤੀ ਕਾਰਜਪਾਲਕਾਂ ਲਈ ਕਾਲੀ ਕਮਾਈ ਰਾਹੀਂ ਆਪਣੇ ਘਰ ਭਰਨ ਦਾ ਸਾਧਨ ਬਣਨ ਲੱਗੀ। ਦੇਸ਼ ਭਗਤੀ ਦੀ ਜਗ੍ਹਾ ਪਰਿਵਾਰਵਾਦ ਅੱਗੇ ਆਉਣ ਲੱਗਾ। Public Servants ਸੇਵਾਦਾਰਾਂ ਦੀ ਬਜਾਏ ਮਾਲਕ ਅਤੇ ਹਾਕਮ ਬਣ ਗਏ। ਆਪਣੀ ਚਮਕ ਦਮਕ ਅਤੇ ਰਾਜ ਸ਼ਕਤੀ ਕਾਰਨ ਇਹ ਨੌਕਰਸ਼ਾਹੀ ਹਰ ਤਰ੍ਹਾਂ ਦੀਆਂ ਸਰਕਾਰੀ ਕੁਰਸੀਆਂ ਤੇ ਬੈਠੇ ਬਹੁਗਿਣਤੀ ਬੰਦਿਆਂ ਲਈ ਰੋਲ ਮਾਡਲ ਬਣਨ ਲੱਗੀ ਜੋ ਨੌਕਰਸ਼ਾਹੀ ਵਰਗੀ ਕਾਰਜਸ਼ੈਲੀ ਅਪਨਾਉਣ ਲੱਗੇ। ਅਫ਼ਸਰੀ ਦਾ ਮਤਲਬ ਤਾਂ ਨਿਗੂਣੀ ਦਫਤਰੀ ਮੁਣਸ਼ੀਗੀਰੀ ਸੀ। ਪਰ ਸਰਕਾਰੀ ਮੁਣਸ਼ੀਆਂ ਦਾ ਰੋਹਬ-ਦਾਬ ਤੇ ਪ੍ਰਭਾਵ ਦੇਖ ਕੇ ਰੀਸੋ ਰੀਸੀ ਸਰਕਾਰੀ ਡਾਕਟਰਾਂ ਨੂੰ ਮੈਡੀਕਲ ਅਫਸਰ ਹੋਣਾ ਚੰਗਾ ਲੱਗਾ। ਖੇਤੀ ਵਿਗਿਆਨੀ ਖੇਤੀਬਾੜੀ ਅਫਸਰ ਹੋ ਗਏ ਤੇ ਸਿੱਖਿਆ ਸ਼ਾਸਤਰੀ ਸਿੱਖਿਆ ਅਫਸਰ ਹੋ ਗਏ। ਇਸੇ ਤਰ੍ਹਾਂ ਇੰਜਨੀਅਰਿੰਗ ਅਤੇ ਦੇਸ਼ ਉਸਾਰੀ ਨਾਲ ਸਬੰਧਤ ਹੋਰ ਸਿਰਜਨਾਤਮਕ ਖੇਤਰਾਂ ਦਾ ਗੌਰਵ ਮੁਣਸ਼ੀਪੁਣੇ ਦੇ ਤਹਿਤ ਹੋ ਗਿਆ। ਇਸ ਤਰ੍ਹਾਂ ਨੌਕਰਸ਼ਾਹੀ ਨੇ ਇਕ ਜਮਾਤ ਨਾ ਰਹਿ ਕੇ ਸਮੁੱਚੇ ਸਰਕਾਰੀ ਤੰਤਰ ਵਿਚ ਫੈਲੇ ਭਿਆਨਕ ਕੋਹੜ ਦਾ ਰੂਪ ਧਾਰ ਲਿਆ। ਇਸ ਨੌਕਰਸ਼ਾਹੀ ਨੇ ਪੈਰੀ ਜੈਨਰੇ ਵਰਗੇ ਮਹਾਨ ਯੋਜਨਾਕਾਰ ਦੀਆਂ ਤਜਵੀਜ਼ਾਂ ਨੂੰ ਸਿਰੇ ਨਾ ਚੜ੍ਹਨ ਦਿੱਤਾ। ਇਹ ਨੌਕਰਸ਼ਾਹੇ ਜਨ ਪ੍ਰਤਿਨਿਧਾਂ ਨੂੰ ਆਪਣੀ ਚਾਟ ਤੇ ਲਾਉਣ ਵਿੱਚ ਸਫਲ ਹੋਣ ਲੱਗੀ। ਅੱਜ ਕੱਲ੍ਹ ਰਾਜ ਨੇਤਾਵਾਂ ਵਲੋਂ ਜਨਤਕ ਧੰਨ ਹੜੱਪਣ ਦੇ ਸਕੈਂਡਲ ਲੱਖਾਂ ਨੂੰ ਟੱਪ ਕੇ ਕਰੋੜਾਂ, ਕਰੋੜਾਂ ਤੋਂ ਅਰਬਾਂ ਅਤੇ ਹੁਣ ਖਰਬਾਂ ਨੂੰ ਛੁਹਣ ਲੱਗੇ ਹਨ, ਦੂਜੇ ਪਾਸੇ ਜਨਤਕ ਵਿਕਾਸ ਲਈ ਪੂੰਜੀ ਦੀ ਥੁੜ੍ਹ ਦੀ ਦੁਹਾਈ ਦਿੱਤੀ ਜਾ ਰਹੀ ਹੈ। ਪਰ ਨੌਕਰਸ਼ਾਹੀ ਦੀ ਅਜੇ 'ਢਕੀ ਰਿੱਝ' ਰਹੀ ਹੈ ਕਿਉਂਕਿ ਇਹਨਾਂ ਦੀ 'ਵਿਰੋਧੀ ਧਿਰ' ਪੈਦਾ ਨਹੀਂ ਹੋਈ।
ਅਜੇਹੇ ਰੁਝਾਨਾਂ ਦੇ ਸ਼ੁਰੂਆਤੀ ਲੱਛਣਾਂ ਨਾਲ ਹੀ ਕਵੀ ਨੂਰਪੁਰੀ ਦੀ ਰੂਹ ਕੁਰਲਾ ਉਠੀ। ਜਿਵੇਂ ਅੱਜ ਕੱਲ੍ਹ ਪੰਜਾਂ ਸਾਲਾਂ ਬਾਦ ਨਵੀਂ ਸਰਕਾਰ ਬਣਨ ਤੇ ਢੋਲ ਢਮੱਕੇ ਹੁੰਦੇ ਹਨ ਪਰ ਲੋਕਾਂ ਦੇ ਮਨਾਂ ਵਿੱਚ ਪੁੰਗਰੀਆਂ ਆਸਾਂ ਉਮੀਦਾਂ ਸਾਲ ਕੁ ਵਿੱਚ ਮੁਰਝਾ ਜਾਂਦੀਆਂ ਹਨ ਅਤੇ ਕੋਈ ਸਿਫਤੀ ਤਬਦੀਲੀ ਨਹੀਂ ਵਾਪਰਦੀ। ਐਨ ਇਸੇ ਤਰਾਂ ਲੰਮੇ ਸਮੇਂ ਦੀ ਗੁਲਾਮੀ ਤੋਂ ਬਾਅਦ ਆਈ ਅਜ਼ਾਦੀ ਨਾਲ ਨੂਰਪੁਰੀ ਦੇ ਮਨ ਵਿੱਚ ਖਿੜੇ ਚਾਅ ਨੇ ਡੇਢ ਦਹਾਕੇ ਮਗਰੋਂ ਮੁਰਝਾਉਣਾ ਸ਼ੁਰੂ ਕਰ ਦਿੱਤਾ। ਨੂਰਪੁਰੀ ਨੂੰ ਇਹ ਦੇਸ਼ ਆਪਣੇ ਸੁਪਨਿਆਂ ਦੇ ਦੇਸ਼ ਤੋਂ ਵੱਖਰੇ ਰਾਹ ਤੁਰਦਾ ਲੱਗਾ। ਉਸ ਨੇ ਸੋਚਿਆ ਹੋਵੇਗਾ ਦੇਸ਼ ਦੇ ਸਮੂਹਕ ਵਿਕਾਸ ਕਾਰਨ ਇਸ ਗੌਰਵਸ਼ਾਲੀ ਕਵੀ ਦੀ ਆਰਥਕ ਤੰਗੀ ਵੀ ਕੱਟੀ ਜਾਵੇਗੀ। ਪਰ ਅਜਿਹਾ ਨਾ ਹੋਇਆ। ਉਸ ਨੂੰ ਆਪਣੇ ਨਗਮੇ ਹੀ ਓਪਰੇ ਲੱਗਣ ਲੱਗੇ। ਇਹ ਨਗਮੇਂ ਉਸ ਦੀ ਆਤਮਾ ਲਈ ਅਸਰਾ ਬਣਨ ਦੀ ਥਾਂ ਉਸ ਦਾ ਮੂੰਹ ਚਿੜਾਉਣ ਲੱਗੇ। ਉਹ ਸ਼ਾਇਰ ਹੋਣ ਦੇ ਗੌਰਵ ਤੋਂ ਵਿਛੁੰਨਿਆਂ ਗਿਆ ਅਤੇ ਗਹਿਰੀ ਨਿਮੋਸ਼ੀ ਅਤੇ ਉਦਾਸੀ ਦੇ ਤਹਿਖਾਨਿਆਂ ਵਿਚ ਉਤਰਦਾ ਚਲਾ ਗਿਆ। ਸਮੂਹਿਕ ਖੁਸ਼ਹਾਲੀ ਦੀ ਲੋਚਾ ਕਰਨ ਵਾਲੇ ਨੂਰਪੁਰੀ ਨੂੰ ਉਸ ਦੀ ਸਮਾਜਿਕ ਅਤੇ ਆਰਥਿਕ ਮੰਦਹਾਲੀ ਨੇ ਢਾਹ ਲਿਆ। 13 ਮਈ 1966 ਦੀ ਸ਼ਾਮ ਨੂੰ ਉਸ ਨੇ ਆਪਣੇ ਪੁੱਤਰ ਸਤਿਕਰਤਾਰ ਨੂੰ ਆਪਣਾ ਨਵਾਂ ਲਿਖਿਆ ਗੀਤ 'ਚੱਲ ਚੱਲੀਏ' ਸੁਣਾਉਣ ਲਈ ਕਿਹਾ-
ਚੱਲ ਜੀਆ ਘਰ ਆਪਣੇ ਚੱਲਿਏ ਨਾ ਕਰ ਮੱਲਾ ਅੜੀਆਂ
ਇਹ ਪਰਦੇਸ ਦੇਸ਼ ਨਹੀਂ ਸਾਡਾ ਏਥੇ ਗੁੰਝਲ਼ਾਂ ਬੜੀਆਂ
ਨੂਰਪੁਰੀ ਸ਼ਾਇਦ ਪਹਿਲਾਂ ਸੋਚਦਾ ਸੀ ਕਿ ਲੋਕ ਰਾਜ ਵਿਚ ਸ਼ਾਇਰਾਂ ਨੇ ਚੰਗੇਰੇ ਰਾਜ ਪ੍ਰਬੰਧ, ਆਰਥਕ ਤਰੱਕੀ ਅਤੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਲੈਣੇ ਹੁੰਦੇ ਹਨ ਅਤੇ ਰਾਜ ਸ਼ਕਤੀ ਨੇ ਉਹਨਾਂ ਨੂੰ ਸਾਕਾਰ ਕਰਨ ਲਈ ਵਾਹ ਲਾਉਣੀ ਹੁੰਦੀ ਹੈ। ਦੋਵੇਂ ਇਕ ਦੂਸਰੇ ਦੇ ਪੂਰਕ ਹੁੰਦੇ ਹਨ। ਪਰ ਹੁਣ ਓਸ ਨੂੰੰ ਮਹਿਸੂਸ ਹੋਣ ਲੱਗਾ-
ਜ਼ੋਰਾਵਰਾਂ ਦੇ ਨਾਲ ਯਾਰਾਨਾ ਸਾਡਾ ਮੂਲ ਨਾ ਫੱਬੇ
ਹੱਥੀਂ ਪੈਰੀਂ ਪੈਸਣ ਬੀਬਾ ਤੇਰੇ ਬੇੜੀਆਂ ਕੜੀਆਂ
ਜਿਹੜਾ ਨੂਰਪੁਰੀ ਸੋਚਦਾ ਸੀ ਕਿ ਰਾਜਿਆਂ ਅਤੇ ਜਗੀਰਦਾਰਾਂ ਵਲੋਂ ਦੱਬੇ ਜਨਤਕ ਸਾਧਨਾਂ ਅਤੇ ਸਰਮਾਏ ਦੇ ਸਰਬ ਸਾਂਝਾ ਹੋਣ ਨਾਲ ਸਭ ਪਾਸੇ ਖੁਸ਼ਹਾਲੀ ਆ ਜਾਵੇਗੀ, ਸਭ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋਣਗੀਆਂ ਅਤੇ ਸਭ ਦਾ ਜੀਵਨ ਸੁਖਾਲ਼ਾ ਹੋ ਜਾਏਗਾ, ਅੱਜ ਪੈਸੇ ਪੈਸੇ ਲਈ ਮੁਥਾਜ਼ ਸੀ-
ਹੱਥੀਂ ਕੌਡੀ ਸਰੀ ਨਾ ਕੋਈ ਮੰਗਤੇ ਮੰਗਦੇ ਫਿਰਦੇ
ਕਿਹੜੇ ਵਹਿਣੀ ਮਿਲਖ ਜਗੀਰਾਂ ਓਏ ਸਰਦਾਰੋ ਹੜੀਆਂ
ਉਸ ਨੂੰ ਅਹਿਸਾਸ ਹੋਇਆ ਕਿ ਆਜ਼ਾਦੀ ਤੋਂ ਬਾਅਦ ਦੇਸੀ ਸਰਕਾਰ ਬਣਨ ਨਾਲ ਵੀ ਆਮ ਆਦਮੀ ਦੇ ਹਿੱਤ ਦੀ ਦ੍ਰਿਸ਼ਟੀ ਤੋਂ ਕੋਈ ਸਿਫਤੀ ਤਬਦੀਲੀ ਨਹੀਂ ਵਾਪਰੀ। ਚਿਹਰੇ ਬਦਲਣ ਨਾਲ ਰਾਜ ਦਾ ਖਾਸਾ ਨਹੀਂ ਬਦਲਦਾ-
ਇਹ ਤਾਂ ਝੂਠਾ ਜਗਤ ਤਮਾਸ਼ਾ ਅਦਲਣ ਬਦਲਣ ਰੁੱਤਾਂ
ਓਸ ਦੇਸ਼ ਦੀਆਂ ਠੰਡੀਆਂ ਛਾਵਾਂ ਸਾਵਣ ਲਾਈਆਂ ਝੜੀਆਂ
ਇਸ ਤਰ੍ਹਾਂ ਦੀ ਮਨੋਬਚਨੀ ਨਾਲ ਟਿਕੀ ਰਾਤੇ ਉਸ ਨੇ ਖੂਹ ਵਿਚ ਛਾਲ਼ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਿਸ ਨੂਰਪੁਰੀ ਨੇ ਕਦੇ ਲਿਖਿਆ ਸੀ-
ਏਥੋਂ ਉਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ
ਅੱਜ ਉਸ ਨੇ ਉਡ ਕੇ ਜਾਨ ਬਚਾਉਣ ਦੀ ਥਾਂ ਡੁੱਬ ਕੇ ਜਾਨ ਗੁਆ ਦਿੱਤੀ। । ਉਦੋਂ ਉਹ ਸੱਠਾਂ ਸਾਲਾਂ ਦਾ ਸੀ ਜਦ ਉਹ ਸਾਡੀ ਸਮਾਜਿਕ-ਆਰਥਿਕ ਵਿਵਸਥਾ ਅਤੇ ਰਾਜ ਪ੍ਰਬੰਧ ਦੀ ਕਰੂਕਤਾ ਤੋਂ ਸਤਿਆ ਨਿਰਾਸ਼ ਹੋਇਆ ਰੁੱਸ ਕੇ ਤੁਰ ਗਿਆ ਸੀ। ਉਸ ਦੀ ਮੌਤ ਨਾਲ ਪੰਜਾਬੀ ਕਵਿਤਾ ਅਤੇ ਰਾਜਨੀਤੀ ਦੇ ਸਬੰਧਾਂ ਵਿੱਚ ਇੱਕ turning point ਆਇਆ। ਉਸ ਦੀ ਮੌਤ ਤੋਂ ਪਹਿਲਾਂ ਪੰਜਾਬੀ ਕਵੀਆਂ ਦੀਆਂ ਨਹਿਰੂ ਤੇ ਸ਼ਾਸਤਰੀ ਬਾਰੇ ਕਈ ਪ੍ਰਸੰਸਾਮਈ ਰਚਨਾਵਾਂ ਮਿਲਦੀਆਂ ਹਨ। ਪਰ ਇਹਨਾਂ ਤੋਂ ਮਗਰੋਂ ਹੋਏ ਦਰਜਨ ਦੇ ਕਰੀਬ ਪ੍ਰਧਾਨ ਮੰਤਰੀਆਂ ਬਾਰੇ ਕਿਸੇ ਪੰਜਾਬੀ ਕਵੀ ਨੇ ਕੋਈ ਰਚਨਾ ਕਰਨ ਦੀ ਜ਼ਰੂਰਤ ਨਹੀਂ ਸਮਝੀ।
ਨੰਦ ਲਾਲ ਨੂਰਪੁਰੀ ਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ 'ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਸ਼ਾਇਦ ਤਰਲੇ ਨਹੀਂ ਮਾਰੇ ਹੋਣਗੇ। ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ 'ਪੰਜਾਬ ਬੋਲਿਆ' ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ। ਪਰ ਉਸਦੀ ਸ਼ਬਦ ਸ਼ਕਤੀ ਲੋਕ ਮਨਾਂ ਨੂੰ ਅਜੇ ਤੱਕ ਵਿੰਨ੍ਹ ਰਹੀ ਹੈ। ਅੱਜ ਜਦੋਂ ਪੇਂਡੂ ਵਿਕਾਸ ਪੁੱਠੇ ਪੈਰੀਂ ਮੁੜ ਤੁਰਿਆ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਬਿਜਲੀ ਉਤਪਾਦਨ ਜ਼ਰੂਰਤ ਨਾਲੋਂ ਅੱਧਾ ਹੈ, ਸਿੱਖਿਆ ਖੇਤਰ ਵਿਚ ਨਿਘਾਰ ਆ ਰਿਹਾ ਹੈ, ਰਾਜਨੀਤੀ ਵਿਚ ਸੇਵਾ ਦੀ ਥਾਂ ਮੁਨਾਫਾ ਤੇ ਲੁੱਟ ਪ੍ਰਧਾਨ ਹੋ ਰਹੇ ਹਨ, ਪੰਜਾਬੀ ਨੌਜਵਾਨ ਹਰ ਹੀਲੇ ਪੰਜਾਬ ਤੋ ਬਾਹਰ ਭੱਜਣਾ ਚਾਹੁੰਦਾ ਹੈ, ਕੁਦਰਤੀ ਸਾਧਨ ਅਤੇ ਵਾਤਾਵਰਨ ਦੂਸ਼ਿਤ ਹੋ ਰਹੇ ਹਨ, ਔਰਤ ਦੇ ਪੈਦਾ ਹੋਣ ਤੇ ਪਾਬੰਦੀ ਲੱਗ ਰਹੀ ਹੈ, ਮਨੋਰੰਜਨ ਦੇ ਨਾਂ ਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਧਰਮ ਜੀਵਨ ਜਾਚ ਦੀ ਬਜਾਏ ਤਿਜਾਰਤ ਬਣ ਰਿਹਾ ਹੈ ਤਾਂ ਇਹ ਵੇਲਾ ਨੰਦ ਲਾਲ ਨੂਰਪੁਰੀ ਦੀ ਸ਼ਾਇਰੀ, ਸ਼ਖ਼ਸੀਅਤ ਅਤੇ ਮੌਤ ਦਾ ਧਿਆਨ ਧਰਨ ਦਾ ਹੈ। ਨਾਲ ਹੀ ਵੇਲਾ ਹੈ ਆਪੋ ਆਪਣੇ ਹਿੱਸੇ ਦੀ ਸ਼ਰਮਿੰਦਗੀ ਦੇ ਸਨਮੁੱਖ ਹੋਣ ਦਾ।

ਆਉ ਜਿੰਦਗੀ ਨੂੰ ਨਿਖਾਰੀਏ (1)

ਆਉ ਜਿੰਦਗੀ ਨੂੰ ਨਿਖਾਰੀਏ (1)
-ਗੁਰਸ਼ਰਨ ਸਿੰਘ ਕੁਮਾਰ, ਮੁਹਾਲੀ-

''ਅੱਖਾਂ ਵਿਚ ਸੁਰਮਾ ਤਾਂ ਸਾਰੇ ਹੀ ਪਾ ਲੈਂਦੇ ਹਨ
ਪਰ ਮਟਕਾਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ।''
ਇੰਨ੍ਹਾਂ ਸ਼ਬਦਾਂ ਵਿਚ ਜਿੰਦਗੀ ਦੇ ਗੁੱਝੇ ਭੇਦ ਛੁਪੇ ਹੋਏ ਹਨ ਕਿਉਂਕਿ ਜਿੰਦਗੀ ਤਾਂ ਸਾਰੇ ਹੀ ਜੀਅ ਲੈਂਦੇ ਹਨ ਪਰ ਸਾਰਥਕ ਜਿੰਦਗੀ ਜਿਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਬਹੁਤ ਸਾਰੇ ਲੋਕ ਇਸ ਦੁਨੀਆਂ ਤੋਂ ਰੋਂਦੇ ਕਲਪਦੇ ਹੀ ਤੁਰ ਜਾਂਦੇ ਹਨ। ਉਨ੍ਹਾਂ ਦੀ ਸਾਰੀ ਜਿੰਦਗੀ ਦੂਜਿਆਂ ਨਾਲ ਗਿਲੇ ਸ਼ਿਕਵਿਆਂ ਅਤੇ ਝੋਰਿਆਂ ਵਿਚ ਹੀ ਬੀਤ ਜਾਂਦੀ ਹੈ। ਜਿਵੇਂ ਉਨ੍ਹਾਂ ਦਾ ਇਸ ਧਰਤੀ ਤੇ ਜਨਮ ਹੀ ਦੁੱਖ ਸਹਿਣ ਲਈ ਹੋਇਆ ਹੋਵੇ। ਰੱਬ ਨੇ ਉਨ੍ਹਾਂ ਨਾਲ ਬਹੁਤ ਜਿਆਦਤੀ ਕੀਤੀ ਹੋਵੇ। ਕੀ ਅਜਿਹੇ ਜੀਵਨ ਨੂੰ ਜਿੰਦਗੀ ਕਿਹਾ ਜਾ ਸਕਦਾ ਹੈ? ਜੇ ਕਿਧਰੇ ਕੋਈ ਨਰਕ ਹੈ ਤਾਂ ਅਜਿਹੀ ਜਿੰਦਗੀ ਨਰਕ ਦੀ ਜਿੰਦਗੀ ਹੀ ਕਹੀ ਜਾ ਸਕਦੀ ਹੈ। ----ਗੁਰਸ਼ਰਨ ਸਿੰਘ ਕੁਮਾਰ
****
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਕਿ ਜਿੰਦਗੀ ਕੀ ਹੈ। ਜਿਸ ਦਿਨ ਤੋਂ ਇਸ ਧਰਤੀ ਤੇ ਮਨੁੱਖ ਦਾ ਜਨਮ ਹੋਇਆ ਹੈ ਉਸੇ ਦਿਨ ਤੋਂ ਹੀ ਲਗਾਤਾਰ ਮੁਨੱਖ ਦੇ ਦਿਮਾਗ ਵਿਚ ਇਹ ਸਵਾਲ ਚੱਕਰ ਲਉਂਦਾ ਰਿਹਾ ਹੈ ਕਿ ਜਿੰਦਗੀ ਕੀ ਹੈ। ਅਲੱਗ ਅਲੱਗ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਹਾਲੀ ਤੱਕ ਮਨੁੱਖ ਦੀ ਪਿਆਸ ਨਹੀਂ ਬੁੱਝੀ ਕਿਉਂਕਿ ਸਾਡਾ ਆਲਾ ਦੁਆਲਾ ਅਤੇ ਸਾਡੀ ਜਿੰਦਗੀ ਲਗਾਤਾਰ ਬਦਲਦੀ ਰਹਿੰਦੀ ਹੈ। ਜਿੰਦਗੀ ਦੀ ਇਸ ਕ੍ਰਿਆਸ਼ੀਲਤਾ ਕਾਰਨ ਜਿੰਦਗੀ ਦੇ ਅਰਥ ਵੀ ਸਮੇਂ ਸਮੇਂ ਬਦਲਦੇ ਰਹਿੰਦੇ ਹਨ। ਮੋਟੇ ਤੋਰ ਤੇ ਸੋਚਿਆ ਜਾਵੇ ਤਾਂ ਸਾਡੀ ਜਿੰਦਗੀ ਸਾਡੇ ਜਨਮ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਹੀ ਖਤਮ ਹੁੰਦੀ ਹੈ। ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਫ਼ਰ ਹੀ ਜਿੰਦਗੀ ਹੈ।

ਕਈ ਲੋਕ ਕਾਲਪਨਿਕ ਨਰਕਾਂ ਅਤੇ ਸਵਰਗਾਂ ਦੇ ਡਰ ਕਾਰਨ ਹੀ ਇਸ ਜਿੰਦਗੀ ਨੂੰ ਨਰਕ ਬਣਾ ਲੈਂਦੇ ਹਨ। ਇਕ ਚੀਜ ਪੱਕੀ ਹੈ ਕਿ ਮੌਤ ਇਕ ਦਿਨ ਜਰੂਰ ਆਉਣੀ ਹੈ ਭਾਵ ਮੌਤ ਦਾ ਦਿਨ ਨਿਸਚਿਤ ਹੈ। ਉਸ ਦਿਨ ਸਾਨੂੰ ਕੋਈ ਨਹੀਂ ਬਚਾ ਸਕਦਾ (ਭਾਵ ਜਿੰਦਾ ਰੱਖ ਸਕਦਾ) ਅਤੇ ਉਸ ਸਮੇਂ ਤੋਂ ਪਹਿਲਾਂ ਸਾਨੂੰ ਕੋਈ ਮਾਰ ਨਹੀਂ ਸਕਦਾ। ਫਿਰ ਜਿੰਦਗੀ ਦਾ ਸਾਨੂੰ ਜਿਤਨਾ ਸਮਾਂ ਮਿਲਿਆ ਹੈ ਉਸਨੂੰ ਡਰ ਡਰ ਕੇ ਕਿਉਂ ਵਿਅਰਥ ਗੁਆਇਆ ਜਾਏ। ਕਿਉਂ ਨਾ ਜਿੰਦਗੀ ਨੂੰ ਭਰਪੂਰ ਅਨੰਦ ਨਾਲ ਜੀਵਿਆ ਜਾਵੇ। ਜਿੰਦਗੀ ਤਾਂ ਸਾਰੇ ਜਿਉਂਦੇ ਹਨ। ਕੋਈ ਹੱਸ ਕੇ ਜਿਉਂਦਾ ਹੈ ਅਤੇ ਕੋਈ ਰੋਣੇ ਧੋਣੇ ਵਿਚ ਹੀ ਗੁਜਾਰ ਦਿੰਦਾ ਹੈ। ਕਿਉਂ ਨਾ ਅਸੀ ਜਿੰਦਗੀ ਨੂੰ ਮਟਕਾ ਕੇ ਜੀਵੀਏ? ਕਿਊਂ ਨਾ ਅਸੀ ਆਪਣੀ ਜਿੰਦਗੀ ਨੂੰ ਨਿਖਾਰੀਏ?

ਜਿੰਦਗੀ ਇਕ ਕਲਾ ਹੈ। ਜਿੰਦਗੀ ਫੁੱਲਾਂ ਦੀ ਸੇਜ ਨਹੀਂ। ਜਿੰਦਗੀ ਦੇ ਰਸਤੇ ਟੇਡੇ ਮੇਡੇ ਅਤੇ ਕੰਡਿਆਂ ਭਰੇ ਹਨ। ਅਸੀ ਜਿੰਦਗੀ ਵਿਚਲੇ ਕੰਡਿਆਂ ਨੂੰ ਸਾਫ ਕਰਨਾ ਹੈ ਜਿੰਦਗੀ ਦੇ ਟੇਡੇ ਮੇਡੇ ਅਤੇ ਕਠਿਨ ਰਸਤਿਆਂ ਤੋਂ ਸਾਵਧਾਨੀ ਨਾਲ ਆਪਣਾ ਸਫਰ ਤਹਿ ਕਰਨਾ ਹੈ। ਜਿੰਦਗੀ ਵਿਚ ਸਾਵਧਾਨੀ ਨਹੀਂ ਵਰਤਾਂਗੇ ਤਾਂ ਠੇਡੇ ਖਾਂਦੇ ਰਹਾਂਗੇ, ਡਿਗ ਪਵਾਂਗੇ ਅਤੇ ਅਪਣੇ ਆਪ ਨੂੰ ਲਹੂ ਲੁਹਾਣ ਕਰ ਲਵਾਂਗੇ। ਇਸ ਲਈ ਜਿੰਦਗੀ ਨੂੰ ਇਕ ਲੈਅ ਵਿਚ ਚਲਾਉਣ ਲਈ ਨਿਰੰਤਰ ਸਾਵਧਾਨੀ ਦੀ ਲੋੜ ਹੈ।

ਦੁਨੀਆਂ ਵਿਚ ਲੋਕਾਂ ਦੀ ਭੀੜ ਹੀ ਭੀੜ ਹੈ। ਮੰਦਿਰ, ਮਸਜਿਦ, ਗੁਰਦੁਆਰੇ, ਹਸਪਤਾਲ, ਸ਼ਰਾਬਖਾਨੇ, ਜੁਏਖਾਨੇ ਅਤੇ ਪਾਗਲਖਾਨੇ ਸਭ ਲੋਕਾਂ ਨਾਲ ਭਰੇ ਪਏ ਹਨ। ਹਰ ਕੋਈ ਕਾਹਲ ਵਿਚ ਹੈ । ਕਿਸੇ ਨੂੰ ਦੂਸਰੇ ਦਾ ਧਿਆਨ ਨਹੀਂ। ਹਰ ਕੋਈ ਦੂਸਰੇ ਨਾਲੋਂ ਅੱਗੇ ਨਿਕਲਣਾ ਚਾਹੁੰਦਾ ਹੈ। ਦੁਨੀਆਂ ਦੀ ਇਸ ਭੀੜ ਵਿਚ ਹਰ ਇਨਸਾਨ ਆਪਣੇ ਆਪ ਵਿਚ ਇਕੱਲਾ ਹੈ। ਉਹ ਮੇਲੇ ਵਿਚ ਗੁਆਚੇ ਹੋਏ ਬੱਚੇ ਦੀ ਤਰਾਂ ਹੈ। ਅਸੀ ਇਸ ਤਮਾਸ਼ੇ ਦਾ ਹਿੱਸਾ ਨਹੀਂ ਬਣਨਾ। ਅਸੀ ਆਪਣੀ ਇਕ ਅਲੱਗ ਪਹਿਚਾਣ ਬਣਾਉਣੀ ਹੈ।

ਜੇ ਅਸੀਂ ਆਪਣੀ ਜਿੰਦਗੀ ਨੂੰ ਲੈਅ ਬਧ ਨਹੀਂ ਕਰਾਂਗੇ ਤਾਂ ਸਾਡੀ ਸਾਰੀ ਉਮਰ ਰੌਣਿਆਂ ਧੋਣਿਆਂ ਵਿਚ ਹੀ ਗੁਜਰ ਜਾਵੇਗੀ। ਜੇ ਅਸੀਂ ਆਪਣੀ ਜਿੰਦਗੀ ਨੂੰ ਥੋਹੜੀ ਜਹੀ ਤਰਤੀਬ ਦੇ ਲਈਏ ਤਾਂ ਸਾਡੀ ਜਿੰਦਗੀ ਸੰਵਰ ਸਕਦੀ ਹੈ । ਇਸ ਲਈ ਲੋੜ ਹੈ ਕੁਝ ਨੁਕਤਿਆਂ ਤੇ ਅਮਲ ਕਰਨ ਦੀ। ਹਰ ਇੰਨਸਾਨ ਮਨ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸੁਖ ਭਰੀ ਜਿੰਦਗੀ ਚਾਹੁੰਦਾ ਹੈ। ਪਰ ਇਸ ਚੀਜ ਦੀ ਪ੍ਰਾਪਤੀ ਲਈ ਸਾਡੇ ਯਤਨ ਸਾਰਥਿਕ ਨਹੀਂ ਹੁੰਦੇ, ਕੁਝ ਅਧੁਰੇ ਹੂੰਦੇ ਹਨ ਇਸ ਲਈ ਸਾਡੀ ਪ੍ਰਾਪਤੀ ਕੁਝ ਅਧੂਰੀ ਰਹਿ ਜਾਂਦੀ ਹੈ।

ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਣਾ ਮੁੱਲ ਆਪ ਪਾਉਣਾ ਸਿੱਖੋ। ਤੁਸੀਂ ਸੋਚੋ ਤੁਸੀਂ ਦੁਨੀਆ ਵਿਚ ਦੁੱਖ ਸਹਿਣ ਲਈ ਪੈਦਾ ਨਹੀਂ ਹੋਏ। ਤੁਸੀਂ ਪਰਮ ਪਿਤਾ ਪ੍ਰਮਾਤਮਾਂ ਦੀ ਔਲਾਦ ਹੋ । ਕੋਈ ਪਿਤਾ ਨਹੀਂ ਚਾਹੁੰਦਾ ਕਿ ਉਸਦੀ ਔਲਾਦ ਦੁਖੀ ਹੋਵੇ ਜਾਂ ਗਰੀਬੀ, ਤੰਗੀ ਤੁਰਸ਼ੀ ਅਤੇ ਰੌਣੇ ਧੋਣੇ ਵਿਚ ਉਮਰ ਕੱਟੇ। ਪ੍ਰਮਾਤਮਾ ਕੋਲ ਅਸੀਮ ਦੌਲਤਾਂ ਅਤੇ ਖੁਸ਼ੀਆਂ ਦੇ ਭੰਡਾਰ ਹਨ। ਇਹ ਭੰਡਾਰ ਉਸਨੇ ਆਪਣੀ ਔਲਾਦ ਲਈ ਹੀ ਰੱਖੇ ਹੋਏ ਹਨ। ਜਿਵੇਂ ਰੋਟੀ ਖਾਣ ਲਈ ਵੀ ਕੁਝ ਉੱਦਮ ਕਰਨਾ ਪੈਂਦਾ ਹੈ। ਸਾਹਮਣੇ ਰੋਟੀ ਦੀ ਥਾਲੀ ਪਈ ਹੋਵੇ ਤਾਂ ਵੀ ਸਾਨੂੰ ਆਪਣੇ ਹੱਥਾਂ ਨਾਲ ਗਰਾਹੀ ਤੋੜ ਕੇ ਮੁੰਹ ਵਿਚ ਪਾਣੀ ਪੈਂਦੀ ਹੈ। ਇਸੇ ਤਰਾਂ ਸਾਡੇ ਸਾਹਮਣੇ ਬੇਅੰਤ ਦੌਲਤਾਂ ਅਤੇ ਖੁਸ਼ੀਆਂ ਪਈਆਂ ਹਨ। ਇਨਾਂ ਨੂੰ ਹਾਸਲ ਕਰਨ ਲਈ ਸਾਨੂੰ ਕੁਝ ਤਾਂ ਉੱਦਮ ਕਰਨਾ ਹੀ ਪਵੇਗਾ।

ਅੱਜ ਤੋਂ ਹੀ ਫੈਸਲਾ ਕਰ ਲਉ ਕਿ ਅੱਗੇ ਤੋਂ ਤੁਸੀ ਰੌਣਿਆਂ ਧੋਣਿਆਂ ਦੀ ਜਿੰਦਗੀ ਨਹੀਂ ਗੁਜਾਰਨੀ। ਸਭ ਦੋਲਤਾਂ ਅਤੇ ਖੁਸ਼ੀਆਂ ਆਪਣੇ ਆਪ ਤੁਹਾਡੇ ਪਾਸ ਚਲੀਆਂ ਆਉਣਗੀਆਂ। ਤੁਸੀ ਕੋਈ ਪੱਥਰ ਨਹੀਂ, ਹੀਰਾ ਹੋ ਇਸ ਲਈ ਸਦਾ ਆਪਣੇ ਆਪ ਨੂੰ ਚਮਕਾ ਕਿ ਰੱਖੋ। ਜਦ ਕਿਸੇ ਜੌਹਰੀ ਦੀ ਨਜਰ ਪਈ ਤਾਂ ਦੇਖਣਾ ਕਿਵੇਂ ਤੁਹਾਡੀ ਕਦਰ ਪੈਂਦੀ ਹੈ।

ਫਿਰ ਤੁਸੀਂ ਸੋਚੋ ਕਿ ਤੁਸੀਂ ਸਮੇਂ ਦਾ ਸਦ-ਉਪਯੋਗ ਕਰਨਾ ਹੈ। ਸਮਾ ਬਹੁਤ ਕੀਮਤੀ ਹੈ ਇਸਨੂੰ ਬੇਕਾਰ ਨਹੀਂ ਗੁਆਉਣਾ। ਸਗੋਂ ਇਸ ਸਮੇਂ ਨੂੰ ਤੁਸੀਂ ਇਕ ਸ਼ਿਲਪਕਾਰ ਦੀ ਤਰਾਂ ਆਪਣੀ ਜਿੰਦਗੀ ਨੂੰ ਘੜਨ ਅਤੇ ਸੁਆਰਨ ਤੇ ਲਾਉਣਾ ਹੈ। ਆਲਸੀ ਮਨੁੱਖ ਧਰਤੀ ਤੇ ਸਰਾਪ ਹੂੰਦਾ ਹੈ। ਜੇ ਕੁਝ ਹਾਸਲ ਕਰਨਾ ਹੈ ਤਾਂ ਸਾਨੂੰ ਉੱਦਮ ਕਰਨਾ ਪਵੇਗਾ। ਜੇ ਮੰਜਲ ਤੇ ਪਹੁੰਚਣਾ ਹੈ ਤਾਂ ਸਾਨੂੰ ਤੁਰਨਾ ਹੀ ਪਵੇਗਾ। ਇਸੇ ਲਈ ਕਹਿੰਦੇ ਹਨ ''ਤੁਰਿਆਂ ਬਿਣਾ ਨਾ ਮੁਕਣੇ ਉਮਰਾਂ ਦੇ ਫਾਸਲੇ।'' ਇਸ ਉਦਮ ਨਾਲ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ।

ਹੁਣ ਸੁਆਲ ਉਠਦਾ ਹੈ ਕਿ ਦੁਨੀਆਂ ਵਿਚ ਤੁਸੀਂ ਵਿਚਰਨਾ ਕਿਵੇਂ ਹੈ। ਹਮੇਸ਼ਾਂ ਫੁੱਲ ਬਣ ਕੇ ਰਹੋ। ਫੁੱਲ ਜਿਵੇਂ ਪਾਣੀ ਤੇ ਤੈਰਦਾ ਹੈ ਕਿਸੇ ਨੂੰ ਕਸ਼ਟ ਨਹੀਂ ਦਿੰਦਾ। ਦੁਸਰਿਆਂ ਦੀ ਸਦਾ ਮੱਦਦ ਕਰੋ। ਦੁਸਰਿਆਂ ਨਾਲ ਐਸਾ ਵਿਉਹਾਰ ਕਰੋ ਜੈਸਾ ਤੁਸੀਂ ਉਨਾਂ ਤੋਂ ਆਪਣੇ ਲਈ ਚਾਹੰਦੇ ਹੋ। ਕਿਉਂਕਿ ਦੁਨੀਆ ਖੂਹ ਦੀ ਅਵਾਜ਼ ਹੈ ਜੈਸੀ ਅਵਾਜ਼ ਤੁਸੀਂ ਮੁੰਹ ਵਿਚੋਂ ਕਢੋਗੇ ਵੈਸੀ ਅਵਾਜ਼ ਹੀ ਗੂੰਜ ਕੇ ਤੁਹਾਡੇ ਪਾਸ ਵਾਪਿਸ ਆਵੇਗੀ। ਅੱਜ ਕੱਲ ਦੇ ਤਾਂ ਬੱਚੇ ਵੀ ਬਹੁਤ ਸਿਆਣੇ ਹਨ। ਉਨਾਂ ਦੀ ਮਾਨਸਿਕਤਾ ਨੂੰ ਸਮਝੋ। ਜੇ ਤੁਸੀਂ ਉਨਾਂ ਨੂੰ ਤੂੰ ਕਰਕੇ ਬੁਲਾਉਗੇ ਤਾਂ ਉਹ ਵੀ ਤੁਹਾਨੂੰ ਤੂੰ ਕਰਕੇ ਹੀ ਉੱਤਰ ਦੇਣਗੇ। ਜਰਾ ਲਿਹਾਜ ਨਹੀਂ ਕਰਨਗੇ। ਇਸ ਲਈ ਜੇ ਬੱਚਿਆਂ ਤੋਂ ਇੱਜ਼ਤ ਚਾਹੁੰਦੇ ਹੋ ਤਾਂ ਉਨਾਂ ਨਾਲ ਪਿਆਰ ਨਾਲ ਮਿੱਠਾ ਬੋਲੋ। ਮਾਂ ਬਾਪ ਅਤੇ ਬਜੁਰਗਾਂ ਨਾਲ ਹਮੇਸ਼ਾਂ ਆਦਰ ਨਾਲ ਬੋਲੋ। ਜੇ ਕਿਸੇ ਸਾਥੀ ਸੰਗੀ ਅਤੇ ਗੁਆਂਢੀ ਨਾਲ ਵੀ ਵਰਤਦੇ ਹੋ ਤਾਂ ਇਸ ਤਰਾਂ ਵਰਤੋ ਜਿਵੇਂ ਤੁਸੀ ਉਸਨੂੰ ਆਖਰੀ ਵਾਰ ਮਿਲ ਰਹੇ ਹੋਵੋ। ਜੁਬਾਨ ਹੀ ਸਾਨੂੰ ਰਾਜ ਕਰਾ ਦਿੰਦੀ ਹੈ ਅਤੇ ਜੁਬਾਨ ਹੀ ਸਾਨੂੰ ਦਰ ਦਰ ਦੀਆਂ ਠੋਹਕਰਾਂ ਖੁਆ ਦਿੰਦੀ ਹੈ। ਹਮੇਸ਼ਾਂ ਦੂਜਿਆਂ ਦੇ ਕੰਮ ਆਵੋ ਇਸ ਤਰਾਂ ਹੀ ਤੁਸੀ ਉਨਾਂ ਦੇ ਦਿਲ ਜਿੱਤ ਸਕੋਗੇ ਅਤੇ ਆਪਣੇ ਸਨੇਹੀਆਂ ਦਾ ਘੇਰਾ ਵਿਸ਼ਾਲ ਕਰ ਸਕੋਗੇ।

ਆਪਣੀ ਰੋਜ਼ਾਨਾ ਦੀ ਰਹਿਣੀ ਬਹਿਣੀ ਨਿਅਮਤ ਕਰੋ। ਸੋਹਣੇ ਕੱਪੜੇ ਪਾਵੋ। ਕੀ ਹੋਇਆ ਜੇ ਤੁਹਾਡੇ ਪਾਸ ਨਵੇਂ ਬੂਟ ਅਤੇ ਕੱਪੜੇ ਨਹੀਂ ਹਨ। ਤੁਸੀ ਪੁਰਾਣੇ ਬੂਟਾਂ ਨੂੰ ਹੀ ਸਾਫ ਕਰਕੇ ਚਮਕਾ ਸਕਦੇ ਹੋ। ਪੁਰਾਣੇ ਕੱਪੜੇ ਧੋ ਕੇ ਪ੍ਰੈਸ ਕਰਕੇ ਪਾ ਸਕਦੇ ਹੋ। ਆਪਣੀ ਦਿਖ ਸੁਧਾਰੋ। ਇਸ ਤਰਾਂ ਤੁਹਾਡੀ ਪ੍ਰਸਨੈਲਿਟੀ ਬਣੇਗੀ। ਤੁਹਾਡੀ ਦਿੱਖ ਨਿਖਰੇਗੀ। ਹਰ ਕੋਈ ਤੁਹਾਡੇ ਵੱਲ ਆਕਰਸ਼ਿਤ ਹੋਵੇਗਾ। ਤੁਹਨੂੰ ਮਿਲਣ ਵਿਚ ਆਪਣੀ ਖੁਸ਼ੀ ਸਮਝੇਗਾ।

ਸਵੇਰੇ ਅੰਮ੍ਰਿਤ ਵੇਲੇ ਉੱਠੋ। ਸਵੇਰ ਦੀ ਸੈਰ ਕਰੋ। ਨਹਾ ਧੋ ਕੇ ਆਪਣੀ ਸਰੀਰਕ ਸਫਾਈ ਕਰੋ। ਆਪਣੇ ਵਿਸ਼ਵਾਸ ਅਨੁਸਾਰ ਪੂਜਾ ਅਰਚਨਾ ਵੀ ਕਰੋ। ਅੱਜ ਦੇ ਦਿਨ ਦੇ ਕਰਨ ਵਾਲੇ ਕੰਮਾ ਦੀ ਇਕ ਸੂਚੀ ਬਣਾਉ। ਰਾਤ ਨੂੰ ਸੋਣ ਲੱਗਿਆਂ ਦੇਖੋ ਕਿ ਕੀ ਤੁਸੀਂ ਅੱਜ ਦੇ ਸਾਰੇ ਕੰਮ ਪੂਰੇ ਕਰ ਲਏ ਹਨ? ਫਿਰ ਇਹ ਵੀ ਦੇਖੋ ਕਿ ਤੁਸੀਂ ਅੱਜ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ। ਅੱਜ ਤਹਾਡੇ ਵਿਚ ਕੀ ਕਮੀ ਰਹਿ ਗਈ ਹੈ? ਜੇ ਐਸਾ ਹੈ ਤਾਂ ਅੱਗੇ ਤੋਂ ਇਹ ਕਮੀ ਦੂਰ ਕਰਨ ਦਾ ਨਿਸਚਾ ਕਰੋ।

ਇਹ ਸਾਡੀ ਬਦਨਸੀਬੀ ਹੈ ਕਿ ਅਸੀਂ ਧਰਮ ਨੂੰ ਗਰੀਬੀ ਨਾਲ ਜੋੜ ਲਿਆ ਹੈ। ਅਸੀਂ ਹੋਣੀ ਤੇ ਸਭ ਕੁਝ ਛੱਡ ਦਿੰਦੇ ਹਾਂ ਅਤੇ ਉੱਦਮ ਵੱਲੋਂ ਮੁੰਹ ਮੋੜ ਲੈਂਦੇ ਹਾਂ। ਇਸ ਲਈ ਸਭ ਕੁਝ ਕਿਸਮਤ ਤੇ ਜਾਂ ਪ੍ਰਮਾਤਮਾ ਤੇ ਨਾ ਛੱਡੋ। ਪ੍ਰਮਾਤਮਾ ਕਦੀ ਨਹੀਂ ਚਾਹੁੰਦਾ ਕਿ ਤੁਸੀਂ ਉੱਦਮ ਕਰਨਾ ਛੱਡ ਦਿਉ। ਆਪਣੇ ਕਰਮ ਨੂੰ ਪ੍ਰਾਪਤੀ ਨਾਲ ਜੋੜੋ। ਕਰਮ ਥਿਉਰੀ ਵਿਚ ਵਿਸ਼ਵਾਸ਼ ਰੱਖੋ ਕਿਉਂਕਿ ਕਰਮਾਂ ਤੇ ਹੀ ਹੋਣਗੇ ਨਿਬੇੜੇ। ਆਪਣੇ ਵਿਚ ਗੁਣ ਪੈਦਾ ਕਰੋ। ਰੱਬ ਨੇ ਤੁਹਾਨੂੰ ਮਾਣ ਕਰਨ ਲਈ ਬਹੁਤ ਕੁਝ ਦਿੱਤਾ ਹੈ। ਆਪਣੇ ਗੁਣਾ ਨੂੰ ਉਭਾਰੋ। ਤੁਹਾਡੀ ਸ਼ਖਸੀਅਤ ਮਿਕਨਾਤੀਸੀ ਬਣੇਗ ਅਤੇ ਲੋਕ ਆਪਣੇ ਆਪ ਤੁਹਾਡੇ ਵੱਲ ਖਿੱਚ੍ਹੇ ਤੁਰੇ ਆਉਣਗੇ।
ਪ੍ਰਸਿੱਧ ਵਿਦਵਾਨ 'ਸਵੇਟ ਮਾਰਡਨ' ਲਿਖਦਾ ਹੈ: ''ਸੰਸਾਰ ਸਦਾ ਜੇਤੁਆਂ ਦਾ ਸਨਮਾਨ ਕਰਦਾ ਹੈ। ਲੋਕ ਉਸੇ ਮਨੁੱਖ ਨੂੰ ਪਸੰਦ ਕਰਦੇ ਹਨ ਜਿਸਦੇ ਚਿਹਰੇ ਤੇ ਮੁਸਕਾਨ ਅਤੇ ਖੁਸ਼ੀ ਝਲਕਦੀ ਹੈ। ਜਿਸਦੇ ਸਾਹਮਣੇ ਆਉਣ ਨਾਲ ਰੂਹ ਖਿੜ ਜਾਂਦੀ ਹੈ।''
ਸੋ ਸਦਾ ਜਿੰਦਗੀ ਦੀ ਜੰਗ ਵਿਚ ਜੇਤੂ ਹੋ ਕੇ ਨਿੱਤਰੋ। ਸ਼ੁੱਭ ਕੰਮ ਲਈ ਸਾਰੇ ਸਮੇਂ ਹੀ ਸ਼ੁੱਭ ਹੁੰਦੇ ਹਨ। ਕਿਸੇ ਮਹੁਰਤ ਦੀ ਲੋੜ ਨਹੀਂ। ਆਪਣਾ ਨਿਸ਼ਾਨਾ ਹਮੇਸ਼ਾ ਉੱਚੇ ਤੋਂ ਉੱਚਾ ਰੱਖੋ। ਅਸਫਲਤਾ ਦਾ ਡਰ ਨਾ ਰੱਖੋ। ਜੇ ਅਸਫਲ ਹੋ ਵੀ ਗਏ ਤਾਂ ਫਿਰ ਤੋਂ ਸ਼ੁਰੂ ਕਰੋ। ਇਕ ਦਿਨ ਜਰੂਰ ਸਫਲ ਹੋਵੋਗੇ। ਐਡੀਸਨ ਦੁਨੀਆਂ ਦਾ ਮਹਾਨ ਸਾਇੰਸਦਾਨ ਹੋਇਆ ਹੈ। ਉਸਨੇ ਬਿਜਲੀ ਦੇ ਬਲਬ ਦੀ ਖੋਜ ਕੀਤੀ। ਸਾਰੀ ਦੁਨੀਆਂ ਨੂੰ ਨਵੀਂ ਰੌਸ਼ਨੀ ਦਿੱਤੀ। ਇਸ ਤੋਂ ਪਹਿਲਾਂ ਉਹ ਕੋਈ 200 ਵਾਰ ਅਸਫਲ ਹੋਇਆ। ਉਸਨੇ ਦਿਲ ਨਹੀਂ ਛੱਡਿਆ ਅੰਤ ਸਫਲ ਹੋਇਆ। ਉਸਨੇ ਕਿਹਾ ਕੇ ਮੇਰਾ ਪ੍ਰਯੋਗ 200 ਚਰਨਾ ਵਿਚ ਸਫਲ ਹੋਇਆ ਹੈ। ਸੋ ਅਸਫਲਤਾ ਦੀ ਪੌੜੀ ਹੀ ਸਾਨੂੰ ਸਫਲਤਾ ਦੀ ਟੀਸੀ ਤੇ ਬਿਠਾਉਂਦੀ ਹੈ। ਚੰਗੇ ਸੋਹਣੇ ਨਤੀਜੇ ਹਮੇਸ਼ਾਂ ਇਮਾਨਦਾਰ ਯਤਨਾ ਨਾਲ ਹੀ ਪ੍ਰਾਪਤ ਹੁੰਦੇ ਹਨ।

ਇਹ ਗੱਲਾਂ ਬੇੱਸ਼ਕ ਛੋਟੀਆਂ ਛੋਟੀਆਂ ਅਤੇ ਆਮ ਹਨ ਪਰ ਹਨ ਬਹੁਤ ਕੰਮ ਅਤੇ ਅਮਲ ਕਰਨ ਵਾਲੀਆਂ। ਜਿਹੜਾ ਸਮਾ ਬੀਤ ਗਿਆ ਸੋ ਬੀਤ ਗਿਆ। ਅੱਜ ਤੋਂ ਹੀ ਇਨਾਂ ਗਲਾਂ ਤੇ ਚੱਲਣ ਦਾ ਦ੍ਰਿੜ ਨਿਸਚਾ ਕਰ ਲਉ। ਜਲਦੀ ਹੀ ਤੁਹਾਨੂੰ ਇਨ੍ਹਾਂ ਦੇ ਜਾਦੂ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਇਸੇ ਤਰਾਂ ਹੀ ਤੁਸੀਂ ਆਪਣੀ ਜਿੰਦਗੀ ਨੂੰ ਨਿਖਾਰ ਸਕੋਗੇ। ਆਪਣੇ ਆਪ ਹੀ ਤੁਹਾਡੇ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋਣਗੇ।

***************

ਗੁਰਸ਼ਰਨ ਸਿੰਘ ਕੁਮਾਰ
#1183/ਫੇਜ਼-10 ਮੁਹਾਲੀ
ਮੁਬਾਇਲ:-098164-22335
094631-89432
 
(3 ਜੁਲਾਈ 2010)

ਸਫ਼ਰ-ਇ-ਜ਼ਿੰਦਗੀ Journey of Life

ਸਫ਼ਰ-ਇ-ਜ਼ਿੰਦਗੀ Journey of Life


ਜ਼ਿੰਦਗੀ ਇੱਕ ਸਫ਼ਰ ਹੈ ਜਿਸ ਵਿਚ ਅਸੀਂ ਕਈ ਲੋਕਾਂ ਨਾਲ ਮਿਲਦੇ ਹਾਂ ਤੇ ਕਈ ਲੋਕਾਂ ਤੋਂ ਵਿਛੜਦੇ ਵੀ ਹਾਂ। ਚੰਗਾ ਮੁਸਾਫ਼ਰ ਤਾਂ ਉਹ ਹੀ ਹੈ ਜੋ ਜ਼ਿੰਦਗੀ ਦਾ ਸਫ਼ਰ ਦੂਜਿਆਂ ਨਾਲ ਚੰਗਾ ਵਰਤਾਉ ਕਰਕੇ ਪੂਰਾ ਕਰਦਾ ਹੈ। ਜੀਵਨ ਸਫ਼ਰ ਵਿਚ ਤਿੰਨ ਗੱਲਾਂ ਦਾ ਧਿਆਨ ਰੱਖਕੇ ਅਸੀਂ ਇਸ ਨੂੰ ਖੁਸ਼ੀਆਂ ਭਰਿਆ ਬਣਾ ਸਕਦੇ ਹਾਂ।
੧. ਰੱਬ ਸਰਬ ਵਿਆਪਕ: ਗੁਰੂ ਗ੍ਰੰਥ ਸਾਹਿਬ ਵਿਚ ਇਹ ਬਚਨ ਦਰਜ ਹੈ ਕਿ ਸਾਰੇ ਜੀਵਾਂ ਵਿਚ ਰੱਬ ਹੀ ਵੱਸਦਾ ਹੈ।
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ Page 485
God is everything, God is everything. Without God, there is nothing at all.


ਜੇ ਕੋਈ ਰੱਬ ਨੂੰ ਮਿਲਣਾ ਚਾਹੇ ਪਰ ਨਾਲ ਹੀ ਰੱਬ ਦੇ ਘਰ ਨੂੰ ਢਾਹੁੰਦਾ ਵੀ ਜਾਵੇ ਤਾਂ ਉਹਨੂੰ ਰੱਬ ਕਦੇ ਵੀ ਨਹੀਂ ਮਿਲ ਸਕਦਾ। ਜੇ ਮਿਲ ਵੀ ਜਾਵੇ ਤਾਂ ਉਸ ਨੇ ਕਦੀ ਵੀ ਖੁਸ਼ ਨਹੀਂ ਹੋਣਾ। ਹਰ ਜੀਵ ਦਾ ਦਿਲ ਰੱਬ ਦਾ ਘਰ ਹੈ। ਜਿੰਨੇ ਵੀ ਜੀਵਾਂ ਦੇ ਦਿਲਾਂ ਨੂੰ ਅਸੀਂ ਤੋੜਦੇ ਹਾਂ, ਰੱਬ ਦੇ ਘਰ ਨੂੰ ਹੀ ਤੋੜਦੇ ਹਾਂ ਤਾਂ ਰੱਬ ਸਾਡੇ ਤੇ ਖੁਸ਼ ਕਿਵੇਂ ਹੋ ਸਕਦਾ ਹੈ?
 ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ Page 1384
Do not utter even a single harsh word; your True Lord and Master abides in all.

ਜਦੋਂ ਅਸੀਂ ਹਰ ਇਕ ਜੀਵ ਵਿਚੋਂ ਇੱਕ ਰੱਬ ਨੂੰ ਹੀ ਦੇਖਾਂਗੇ ਤਾਂ ਅਸੀਂ ਕਿਸ ਨੂੰ ਬੁਰਾ ਕਹਾਂਗੇ? ਕਿਸ ਨਾਲ ਕ੍ਰੋਧ ਕਰਾਂਗੇ ਤੇ ਕਿਸ ਦੇ ਸਾਹਮਣੇ ਹੰਕਾਰ ਕਰਾਂਗੇ? ਕਿਸਦੀ ਨਿੰਦਾ ਕਰਾਂਗੇ ਤੇ ਕਿਸ ਦਾ ਨੁਕਸਾਨ ਕਰਾਂਗੇ? ਕਿਸੇ ਦਾ ਨਹੀਂ ਕਿਉਂਕਿ ਹਰ ਜੀਵ ਵਿਚੋਂ ਉਹ ਰੱਬ ਹੀ ਸਾਨੂੰ ਬੋਲਦਾ ਤੇ ਰੱਬ ਹੀ ਵੇਖਦਾ ਨਜ਼ਰ ਆਵੇਗਾ।
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥ Page 428
He is always listening, and always watching over us;
the Word of His Shabad is all-pervading everywhere.
ਜਦੋਂ ਅਸੀਂ ਆਪਣੇ ਆਲੇ ਦੁਆਲੇ ਇੱਕ ਵੱਸਦੇ ਰੱਬ ਨਾਲ ਜੁੜ ਜਾਵਾਂਗੇ ਤਾਂ ਸਾਡਾ ਜੀਵਨ ਖੁਸ਼ੀਆਂ ਭਰਿਆ ਹੋ ਜਾਵੇਗਾ।
੨. ਸ਼ੁਕਰਾਨਾ: ਜੀਵਨ ਵਿਚ ਇਸ ਤਰ੍ਹਾਂ ਰੱਬ ਦਾ ਸ਼ੁਕਰਾਨਾ ਹੋਵੇ: ਐ ਮੇਰੇ ਪ੍ਰਭੂ! ਤੂੰ ਕਦਮ ਕਦਮ ਤੇ ਸਾਡਾ ਕਿੰਨਾ ਧਿਆਨ ਰੱਖਦਾ ਹੈਂ। ਤੂੰ ਮੈਨੂੰ ਜੋ ਕੁੱਝ ਦਿੱਤਾ ਹੈ, ਮੈਂ ਤਾਂ ਇਸ ਦੇ ਯੋਗ ਵੀ ਨਹੀਂ ਸੀ। ਜੇ ਤੂੰ ਮੇਰੇ ਅੱਜ ਦੇ ਗਲਤ ਕੰਮ ਦੇਖੇਂ ਤਾਂ ਮੈਨੂੰ ਅੱਜ ਰਾਤ ਨੂੰ ਦੋ ਰੋਟੀਆਂ ਵੀ ਨਾ ਦੇਵੇਂ। ਜੇ ਤੂੰ ਮੇਰੀ ਸਾਰੀ ਜ਼ਿੰਦਗੀ ਦੇ ਗਲਤ ਕੰਮ ਦੇਖੇਂ, ਤਾਂ ਜੋ ਕੁਝ ਮੈਂ ਕਰ ਚੁੱਕਿਆਂ ਹਾਂ, ਮੈਨੂੰ ਤਾਂ ਪੀਣ ਨੂੰ ਪਾਣੀ ਵੀ ਨਾ ਮਿਲੇ। ਪਰ ਤੂੰ ਕਿੰਨਾ ਦਿਆਲੂ ਹੈਂ, ਮੇਰੇ ਸਾਰੇ ਗੁਨਾਹ ਦੇਖ ਕੇ ਵੀ ਮੇਰੇ ਭੋਜਨ ਦੀ ਚਿੰਤਾ ਕਰਦਾ ਹੈਂ। ਮੈਨੂੰ ਸਾਹ ਦੇ ਕੇ ਹਰ ਪਲ ਜ਼ਿੰਦਗੀ ਦੇ ਰਿਹਾ ਹੈਂ। ਮੇਰੇ ਤੇ ਕਿਰਪਾ ਕਰ ਕਿ ਮੈਂ ਹਰ ਪਲ ਤੇਰਾ ਸ਼ੁਕਰ ਹੀ ਕਰਾਂ।
੩. ਚੰਗੇ ਕਰਮ: ਅੱਜ ਦਾ ਦਿਨ ਮੇਰੇ ਲਈ ਇੱਕ ਖਜ਼ਾਨੇ ਵਾਂਗ ਹੈ ਪਰ ਮੈਂ ਇਸ ਦਿਨ ਦੇ ਲੰਘਦੇ ਜਾਂਦੇ ਘੰਟੇ ਭੰਡਾਰ ਕਰਕੇ ਨਹੀਂ ਰੱਖ ਸਕਦਾ। ਮੈਂ ਹੁਣ ਪਿਛਲੀਆਂ ਗਲਤੀਆਂ ਤੇ ਅਫਸੋਸ ਪ੍ਰਗਟਾ ਕੇ ਜਾਂ ਭਵਿੱਖ ਦੀ ਚਿੰਤਾ ਕਰਕੇ ਇਸ ਦਿਨ ਨੂੰ ਗੁਆਉਣਾ ਨਹੀਂ ਚਾਹੁੰਦਾ। ਮੈਂ ਅੱਜ ਦੇ ਦਿਨ ਨੂੰ ਸੋਹਣੇ ਤਰੀਕੇ ਨਾਲ ਵਰਤ ਕੇ ਸਫ਼ਲ ਕਰਨਾ ਚਾਹੁੰਦਾ ਹਾਂ।
ਮੈਂ ਅੱਜ ਦੂਜਿਆਂ ਦੀ ਭਲਾਈ ਦੇ ਕੰਮ ਪਹਿਲਾਂ ਕਰਾਂਗਾ, ਫਿਰ ਆਪਣੇ ਲੋੜੀਂਦੇ ਕੰਮ ਕਰਾਂਗਾ। ਮੈਂ ਯਾਦ ਰੱਖਾਂਗਾ ਕਿ ਜਿੰਨਾ ਮੈਂ ਰੁੱਝਿਆ ਰਹਾਂਗਾ, ਉੰਨਾ ਹੀ ਮੇਰੇ ਅੱਜ ਦੇ ਦਿਨ ਦੇ ਸਮੇਂ ਦਾ ਘੱਟ ਨੁਕਸਾਨ ਹੋਵੇਗਾ। ਦੂਜਿਆਂ ਦੀ ਸੇਵਾ ਕਰਨ ਤੋਂ ਬਾਅਦ ਜਦੋਂ ਮੈਂ ਭੋਜਨ ਕਰਨ ਬੈਠਾਂਗਾ ਤਾਂ ਮੈਨੂੰ ਭੋਜਨ ਬੜਾ ਹੀ ਸੁਆਦਲਾ ਲੱਗੇਗਾ। ਮੈਨੂੰ ਬੜੀ ਮਿੱਠੀ ਨੀਂਦ ਆਵੇਗੀ ਅਤੇ ਮੈਂ ਬਹੁਤ ਹੀ ਸੰਤੁਸ਼ਟ ਰਹਾਂਗਾ। ਅੱਜ ਤੋਂ ਬਾਅਦ ਮੈਂ ਆਪਣੇ ਦੁਸ਼ਮਣਾਂ ਨੂੰ ਮੁਆਫ਼ੀ ਦੇ ਦੇਵਾਂਗਾ ਤੇ ਦੋਸਤਾਂ ਨੂੰ ਮੁਸਕਰਾਹਟਾਂ ਵੰਡਾਂਗਾ। ਇਸ ਤਰ੍ਹਾਂ ਮੇਰੇ ਜੀਵਨ ਵਿਚ ਕੋਈ ਵੀ ਦੁਸ਼ਮਣ ਨਹੀਂ ਰਹੇਗਾ, ਸਾਰੇ ਹੀ ਮੇਰੇ ਮਿੱਤਰ ਬਣ ਜਾਣਗੇ।
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ Page 671
I am a friend to all; I am everyone's friend.

ਅਖੀਰ ਵਿਚ ਮੈਂ ਆਪਣੇ ਆਪ ਨਾਲ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਬਾਦ ਮੇਰੀ ਜ਼ਿੰਦਗੀ ਬਦਲ ਜਾਵੇਗੀ।
ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ ਯੂ.ਕੇ. 

ਤੇਜਾਬੀ ਹਮਲੇ

ਤੇਜਾਬੀ ਹਮਲੇ


ਲੋੜ ਹੈ ਲੜਕੀਆਂ 'ਤੇ ਤੇਜਾਬੀ ਹਮਲੇ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ, ਪਰ ਮੰਤਰੀ ਸਖਤੀ ਕਰ ਰਹੇ ਨੇ ਤੇਜਾਬ ਰੱਖਣ, ਵੇਚਣ ਅਤੇ ਖਰੀਦਣ ਵਾਲਿਆਂ 'ਤੇ
ਡੇ ਦੇਸ਼ ਦੇ ਕਾਨੂੰਨ ਦੀ ਕਮਜੋਰੀ ਕਾਰਨ ਤੇਜਾਬੀ ਹਮਲੇ ਇੰਨੇ ਵੱਧ ਗਏ ਹਨ ਕਿ ਸਾਡੇ ਦੇਸ਼ ਦੀਆਂ ਅਦਾਲਤਾਂ ਨੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਜਿਸ ਕਾਰਨ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਤੇਜਾਬੀ ਹਮਲਿਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਦੇ ਮੱਦੇਨਜਰ ਤੇਜਾਬ ਅਤੇ ਹੋਰਨਾਂ ਜਹਿਰੀਲੇ ਮਾਦਿਆਂ (ਪਦਾਰਥਾਂ) ਦੀ ਵਿਕਰੀ ਨੂੰ ਨੇਮਬੰਦ ਕਰਨ ਦੇ ਢੁੱਕਵੇਂ ਕਦਮ ਚੁੱਕੇ ਗਏ ਹਨ
ਤੇਜਾਬ ਹਮਲੇ ਦੁਆਰ ਸਾਰੀ ਜ਼ਿੰਦਗੀ ਤਬਾਹ ਕਰ ਦਿੱਤੀ। ਤੇਜਾਬ ਸੁੱਟ ਕੇ ਉਸ ਨੂੰ ਬੇਸ਼ਕਲ ਕਰ ਦਿੱਤਾ ਜਾਂਦਾ।
ਸਾਡੇ ਸਮਾਜ ਵਿਚ ਆਏ ਦਿਨ ਔਰਤਾਂ ਵਿਰੁੱਧ ਅਪਰਾਧ ਵਧਦੇ ਹੀ ਜਾ ਰਹੇ ਹਨ, ਕਦੇ ਬਲਾਤਕਾਰ ਅਤੇ ਤੇਜਾਬ ਸੁੱਟਣ ਦੇ ਮਾਮਲੇ ਅਕਸਰ ਸੁਣਨ ਨੂੰ ਮਿਲਦੇ ਹਨ।
ਮਾਡਲ ਬਣ ਕੇ ਪਛਾਣ ਬਣਾਉਣਾ ਚਾਹੁੰਦੀ ਸੀ ਪਰ ਤੇਜਾਬ ਹਮਲੇ ਕਾਰਨ ਸੁਪਨਾ ਅਧੂਰਾ ਰਹਿ ਗਿਆ
ਦਹੇਜ ਨਾ ਮਿਲਣ ਤੇ ਤੇਜਾਬ ਸੁੱਟ ਕੇ ਪਤਨੀ ਨੂੰ ਜਲਾਉਣ ਵੱਲੇ ਪਤੀ ਤੋਂ ਅਦਾਲਤ ਨੇ ਪਤਨੀ ਨੂੰ ਦਿਵਾਇਆ ਤ੍ਲਾਕ਼ ਦਹੇਜ ਦੇ ਲਾਲਚ ਵਿੱਚ ਆਕੇ ਤੇਜਾਬ ਜਿਹੀ ਘਿਨਾਉਣੀ ਹਰਕਤ ਕਰਕੇ ਵੀ ਇਹ ਸੋਚਦੇ ਹਨ ਕਿ ਲੜਕੀ ਤਾਂ ਉਨ੍ਹਾਂ ਤੋਂ ਬਾਹਰ ਨਹੀਂ ਜਾ ਸਕਦੀ. ਸ਼ਾਇਦ ਡਰ ਦੇ ਕਾਰਨ।
ਇਕ ਤਰਫ਼ਾ ਪਿਆਰ ਕਰਦਾ ਸੀ ਅਤੇ ਰਾਜਵਿੰਦਰ ਉਸ ਦੀ ਅਣਦੇਖੀ ਕਰਦੀ ਸੀ। ਇਸ ਗੱਲ ਨੂੰ ਲੈ ਕੇ ਉਹ ਆਹਤ ਸੀ ਅਤੇ ਉਸ ਨੇ ਰਾਜਵਿੰਦਰ ਕੌਰ ਨੂੰ ਸਬਕ ਸਿਖਾਉਣ ਲਈ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਜਿਸ ਦੁਕਾਨਦਾਰ ਤੋਂ ਤੇਜ਼ਾਬ ਖਰੀਦਿਆ ਗਿਆ ਸੀ ਉਸ ਵਿਰੁੱਧ ਵੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਨਵੀਂ ਦਿੱਲੀ
ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਤੇਜ਼ਾਬ ਹਮਲਿਆਂ ਦੀਆਂ ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਉਸ ਨੇ ਤੇਜ਼ਾਬ ਅਤੇ ਹੋਰਨਾਂ ਜ਼ਹਿਰੀਲੇ ਮਾਦਿਆਂ ਦੀ ਪਰਚੂਨ ਵਿਕਰੀ ਨੂੰ ਨਿਯਮਤ ਕਰਨ ਲਈ ਮੌਜੂਦਾ ਕਾਨੂੰਨ ਤਹਿਤ ਨੇਮ ਤਿਆਰ ਕੀਤੇ ਹਨ। ਜਸਟਿਸ ਆਰ ਐਮ ਲੋਢਾ ਅਤੇ ਐਸ।ਜੇ। ਮੁੱਖੋਪਾਧਿਆ ਦੇ ਬੈਂਚ ਨੇ ਜ਼ਹਿਰਾਂ ਦੇ ਰੱਖ-ਰਖਾਓ ਅਤੇ ਵਿਕਰੀ ਨੇਮਾਂ-2013 ’ਤੇ ਨਜ਼ਰ ਮਾਰੀ ਜੋ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਰਸਾਇਣ ਅਤੇ ਖਾਦਾਂ ਬਾਰੇ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤੇ ਗਏ ਹਨ। ਉਂਜ, ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲਿਆਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਅਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਦੀ ਫੌਰੀ ਲੋੜ ਹੈ। ਬੈਂਚ ਨੇ ਕਿਹਾ ਕਿ ਨੇਮਾਂ ਦਾ ਖਰੜਾ ਪ੍ਰਵਾਨਗੀ ਲਈ ਰਾਜਾਂ ਨੂੰ ਭਿਜਵਾਉਣ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਵਿਚ ਸਮਾਂ ਲੱਗ ਸਕਦਾ ਹੈ। ‘‘ਇਸ ਮਾਮਲੇ ’ਤੇ ਆਪਸ ਵਿਚ (ਕੇਂਦਰ ਅਤੇ ਰਾਜ) ਵਿਚਾਰ-ਚਰਚਾ ਕਰਕੇ ਪਰਸੋਂ ਤਕ ਇਕ ਖਰੜਾ ਰਿਪੋਰਟ ਪੇਸ਼ ਕੀਤੀ ਜਾਵੇ।
ਸੁਣਵਾਈ ਦੌਰਾਨ ਕੇਂਦਰ ਸਰਕਾਰ ਤਰਫੋਂ ਪੇਸ਼ ਹੋਏ ਸਾਲਿਸਟਰ ਜਨਰਲ ਮੋਰਨ ਪ੍ਰਸਾਰਨ ਨੇ ਨਵੇਂ ਨੇਮਾਂ ਦੇ ਕੁਝ ਉਪਬੰਧਾਂ ਬਾਰੇ ਧਿਆਨ ਦਿਵਾਉਂਦਿਆਂ ਕਿਹਾ ਕਿ ਤੇਜ਼ਾਬੀ ਅਤੇ ਜ਼ਹਿਰਲੇ ਮਾਦਿਆਂ ਦੀ ਵਿਕਰੀ ਨੂੰ ਨੇਮਬੰਦ ਕਰਨ ਦੇ ਢੁਕਵੇਂ ਕਦਮ ਚੁੱਕੇ ਗਏ ਹਨ।

ਸਾਡੇ ਦੇਸ਼ ਨੇ ਹਰ ਖੇਤਰ ਵਿੱਚ ਤਰੱਕੀ ਦੇ ਨਾਲ-ਨਾਲ ਕਤਲ, ਡਾਕੇ, ਚੋਰੀਆਂ, ਭ੍ਰਿਸ਼ਟਾਚਾਰ, ਲੁੱਟਾਂ, ਖੋਹਾਂ, ਬਲਾਤਕਾਰਾਂ, ਮਾਦਾ ਭਰੂਣ ਹੱਤਿਆਵਾਂ ਆਦਿ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਉਸ ਅਨੁਸਾਰ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਕਾਨੂੰਨ ਬਣਾਉਣ ਵਿੱਚ ਸਾਡਾ ਦੇਸ਼ ਬਹੁਤ ਪਿੱਛੇ ਹੈ। ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਨਵੇਂ ਸਖਤ ਕਾਨੂੰਨ ਬਣਾਉਣ ਦੀ ਥਾਂ ਪੁਰਾਣੇ ਕਾਨੂੰਨਾਂ ਵਿੱਚ ਹੀ ਮਾਮੂਲੀ ਫੇਰ ਬਦਲ ਕਰਕੇ ਡੰਗ ਟਪਾਊ ਕੰਮ ਕੀਤਾ ਜਾਂਦਾ ਹੈ। ਪੁਰਾਣੇ ਕਾਨੂੰਨ ਮੁਤਾਬਿਕ ਨਵੇਂ ਅਪਰਾਧਾਂ ਲਈ ਕੋਈ ਸਜ਼ਾ ਹੀ ਨਹੀਂ ਹੈ। ਜਿਵੇਂਕਿ ਗੱਲ ਤੇਜਾਬੀ ਹਮਲਿਆਂ ਦੀ ਹੀ ਕਰ ਲਈਏ, ਇਸ ਵਿੱਚ ਸਾਡੇ ਦੇਸ਼ ਦੀ ਜਨਤਾ ਅਤੇ ਅਦਾਲਤਾਂ ਚਾਹੁੰਦਆਂਿ ਹਨ ਕਿ ਕਿਸੇ ਲੜਕੀ ਉੱਤੇ ਤੇਜਾਬ ਪਾਕੇ ਉਸਦੀ ਜਿੰਦਗੀ ਨੂੰ ਬਰਬਾਦ ਕਰਨ ਵਾਲੇ ਸਿਰ ਫਿਰੇ ਦੋਸ਼ੀਆਂ ਨੂੰ ਸਖਤ ਸਜਾ ਮਿਲੇ, ਪਰ ਸਾਡੀ ਸਰਕਾਰ ਤੇਜਾਬ ਦੇ ਰੱਖ ਰਖਾਅ ਅਤੇ ਵਿਕਰੀ ਲਈ ਕਾਨੂੰਨ ਬਣਾ ਰਹੀ ਹੈ ਅਤੇ ਇਸ ਨੂੰ ਜਹਿਰ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀਆਂ ਫਾਲਤੂ ਦੀਆਂ ਨੀਤੀਆਂ ਪੇਸ਼ ਕਰ ਰਹੀ ਹੈ। ਜਿਸ ਨਾਲ ਲੜਕੀਆਂ ਉੱਪਰ ਤੇਜਾਬ ਪਾਉਣ ਵਾਲੇ ਦੋਸ਼ੀਆਂ ਦੀ ਥਾਂ ਤੇਜਾਬ ਵੇਚਣ ਅਤੇ ਖਰੀਦਣ ਵਾਲੇ ਲੋੜਬੰਦਾਂ ਨੂੰ ਹੀ ਪ੍ਰੇਸ਼ਾਨੀਆਂ ਖੜੀਆਂ ਹੋਣਗੀਆਂ। ਕਿਉਂਕਿ ਤੇਜਾਬ ਰੱਖਣਾ ਅਤੇ ਵਰਤਣਾ ਆਮ ਜਨਤਾ ਦੀ ਜਰੂਰਤ ਹੈ, ਹਰ ਘਰ ਵਿੱਚ ਤੇਜਾਬ ਦੀ ਵਰਤੋਂ ਹੁੰਦੀ ਹੈ । ਹਰ ਖੁਸ਼ੀ ਗਮੀ ਦੇ ਸਮਾਗਮ ਵਿੱਚ ਵੀ ਤੇਜਾਬ ਵਰਤਿਆ ਜਾਂਦਾ ਹੈ। ਦੁੱਧ ਵਾਲੀਆਂ ਡੇਰੀਆਂ ਅਤੇ ਬੈਟਰੀਆਂ ਵਿੱਚ ਵੀ ਤੇਜਾਬ ਦੀ ਵਰਤੋਂ ਹੁੰਦੀ ਹੈ । ਇਸ ਤੋਂ ਸਪੱਸ਼ਟ ਹੈ ਕਿ ਤੇਜਾਬ ਦੀ ਰੋਜਾਨਾ ਯੋਗ ਵਰਤੋਂ ਕਰਨ ਵਾਲਿਆਂ ਲਈ ਵੱਡ ਸਮੱਸਿਆ ਖੜੀ ਹੋਵੇਗੀ । ਕਿਉਂਕਿ ਮੰਨ ਲਓ ਜੇਕਰ ਇੱਕ ਹਜਾਰ ਵਿਅਕਤੀ ਦੇ ਪਿੱਛੇ ਤੇਜਾਬ ਦੀ ਦੁਰਵਰਤੋਂ ਕਰਨ ਵਾਲਾ ਇੱਕ ਅਪਰਾਧੀ ਹੈ ਤਾਂ ਉਸਦੀ ਵਜ੍ਹਾ ਕਾਰਨ 999 ਵਿਅਕਤੀਆਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਤੇਜ਼ਾਬੀ ਹਮਲੇ ਬਹੁਤ ਵੱਡਾ ਖ਼ਤਰਾ - ਹਰਪ੍ਰੀਤ ਸਿੰਘ ਨੂਰਦੀ

ਤੇਜ਼ਾਬੀ ਹਮਲੇ ਬਹੁਤ ਵੱਡਾ ਖ਼ਤਰਾ - ਹਰਪ੍ਰੀਤ ਸਿੰਘ ਨੂਰਦੀ


ਤੇਜ਼ਾਬੀ ਹਮਲੇ ਇਕ ਅਜਿਹੀ ਮਾੜੀ ਕੁਰੀਤੀ ਹਨ, ਜੋ ਸਮਾਜ ਵਿਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ | ਤੇਜ਼ਾਬੀ ਹਮਲਿਆਂ ਕਾਰਨ ਬੇਕਸੂਰ ਲੜਕੀਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ | ਇਹ ਹਮਲੇ ਲੜਕੀਆਂ ਦੇ ਵਧਦੇ ਕਦਮਾਂ ਵਿਚ ਬਹੁਤ ਵੱਡੀ ਰੁਕਾਵਟ ਬਣ ਰਹੇ ਹਨ, ਜਿਸ ਨਾਲ ਉਹ ਨਾ ਮਰ ਹੀ ਸਕਦੀਆਂ ਹਨ ਅਤੇ ਨਾ ਜੀਅ ਸਕਦੀਆਂ ਹਨ |
ਤੇਜ਼ਾਬੀ ਹਮਲੇ ਲਈ ਜ਼ਿਆਦਾਤਰ ਸਮਾਜ ਹੀ ਜ਼ਿੰਮੇਵਾਰ ਹੈ, ਕਿਉਂਕਿ ਅਸੀਂ ਲੜਕੀਆਂ ਪ੍ਰਤੀ ਆਪਣੀ ਸੋਚ ਨੂੰ ਨਹੀਂ ਬਦਲਦੇ | ਤੇਜ਼ਾਬੀ ਹਮਲਿਆਂ ਲਈ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਦਰਸਾਇਆ ਜਾ ਸਕਦਾ ਹੈ, ਕਿਉਂਕਿ ਤੇਜ਼ਾਬ ਅਸਾਨੀ ਨਾਲ ਬਾਜ਼ਾਰਾਂ, ਗਲੀਆਂ ਵਿਚ ਮਿਲ ਜਾਂਦਾ ਹੈ | ਇਨ੍ਹਾਂ ਹਮਲਿਆਂ ਨਾਲ ਜਿਥੇ ਕਿਸੇ ਲੜਕੀ ਦਾ ਪੂਰਾ ਚਿਹਰਾ ਖਰਾਬ ਹੋ ਜਾਂਦਾ ਹੈ, ਉਥੇ ਨਾਲ ਹੀ ਕਿਸੇ ਦੀ ਅੱਖ ਜਾਂ ਹੱਥ-ਪੈਰ ਨੂੰ ਜਾਂ ਪੂਰਾ ਸਰੀਰ ਜਲਣ ਨਾਲ ਨੁਕਸਾਨ ਪਹੁੰਚਦਾ ਹੈ | ਜੇਕਰ ਲੜਕੀਆਂ ਉੱਪਰ ਇਸ ਤਰ੍ਹਾਂ ਤੇਜ਼ਾਬੀ ਹਮਲੇ ਵਧਦੇ ਰਹੇ ਤਾਂ ਭਰੂਣ-ਹੱਤਿਆ ਕਰਨ ਵਾਲਿਆਂ ਦੀਆਂ ਜੇਬਾਂ ਬਹੁਤ ਹੀ ਜਲਦ ਭਰਨ ਲੱਗ ਜਾਣਗੀਆਂ |
ਤੇਜ਼ਾਬੀ ਹਮਲੇ ਕਰਨ ਵਾਲੇ ਸੋਚਦੇ ਹੀ ਨਹੀਂ ਕਿ ਜਿਸ ਲੜਕੀ ਉੱਪਰ ਹਮਲਾ ਹੁੰਦਾ ਹੈ, ਉਸ ਦਾ ਸੁਪਨਾ ਕੀ ਹੈ? ਉਹੀ ਲੜਕੀ ਪੁਲਿਸ ਅਫਸਰ ਬਣ ਕੇ ਸਾਡੇ ਸਮਾਜ ਵਿਚ ਮਿਸਾਲ ਬਣ ਸਕਦੀ ਹੈ, ਨਾਲ ਹੋਰਾਂ ਲੜਕੀਆਂ ਲਈ ਇਕ ਪ੍ਰੇਰਨਾ ਵੀ ਜਾਂ ਉਹ ਲੜਕੀ ਡਾਕਟਰ, ਅਧਿਆਪਕ, ਵਕੀਲ ਜਾਂ ਹੋਰ ਕੋਈ ਮਹਿਕਮੇ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੀ ਹੈ ਪਰ ਸਮਾਜ ਵਿਚ ਕਈ ਲੋਕ ਆਪਣੀ ਹਵਸ ਪੂਰੀ ਕਰਨ ਲਈ ਜਾਂ ਲੜਕੀ ਵੱਲੋਂ ਕਿਸੇ ਗੱਲ ਤੋਂ ਨਾਂਹ ਕਰਨ ਦਾ ਬਦਲਾ ਲੈਣ ਲਈ ਤੇਜ਼ਾਬੀ ਹਮਲਾ ਕਰ ਦਿੰਦੇ ਹਨ |
ਸਵਾਲ ਹੈ ਕਿ ਤੇਜ਼ਾਬੀ ਹਮਲਾ ਕਰਨ ਵਾਲਿਆਂ ਦੀ ਸਜ਼ਾ ਸਿਰਫ 10 ਸਾਲ ਹੀ ਕਿਉਂ? ਉਨ੍ਹਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ | ਨਾਲ ਹੀ ਇਹ ਸਜ਼ਾ ਤੇਜ਼ਾਬੀ ਹਮਲੇ ਤੋਂ ਬਾਅਦ ਜਿੰਨੀ ਵੀ ਜਲਦੀ ਹੋ ਸਕੇ, ਬਹੁਤ ਵਧੀਆ ਹੋਵੇਗਾ, ਕਿਉਂਕਿ ਸਮਾਜ ਭਵਿੱਖ ਵਿਚ ਅਜਿਹੀ ਮਾੜੀ ਕੁਰੀਤੀ ਨਾ ਹੀ ਕਰੇ, ਨਾ ਹੀ ਕਰਨ ਬਾਰੇ ਸੋਚੇ |
ਲੋੜ ਅੱਜ ਹੀ ਸਾਨੂੰ ਆਪਣੀ ਸੋਚ ਬਦਲਣ ਦੀ ਹੈ, ਤਾਂ ਕਿ ਤੇਜ਼ਾਬੀ ਹਮਲੇ ਨਾ ਹੋਣ ਅਤੇ ਲੜਕੀਆਂ ਦੀ ਜ਼ਿੰਦਗੀ ਖਰਾਬ ਨਾ ਹੋਵੇ | ਤੇਜ਼ਾਬੀ ਹਮਲੇ ਤੋਂ ਬਾਅਦ ਲੜਕੀਆਂ ਦੀ ਹਾਲਤ ਕੀ ਹੁੰਦੀ ਹੈ, ਇਸ ਬਾਰੇ ਜਾਂ ਤਾਂ ਉਹ ਖੁਦ ਜਾਣਦੀਆਂ ਹਨ ਅਤੇ ਜਾਂ ਉਨ੍ਹਾਂ ਦੇ ਪਰਿਵਾਰ ਵਾਲੇ ਜਾਣਦੇ ਹਨ | ਅਜਿਹੇ ਹਮਲਿਆਂ ਨੂੰ ਰੋਕਣ ਲਈ ਸਾਨੂੰ ਲੜਕੀਆਂ ਪ੍ਰਤੀ ਸੋਚ ਬਦਲਣ ਦੀ ਸਖਤ ਲੋੜ ਹੈ |
-ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ (ਨੂਰਦੀ) | 

ਭਾਰਤ ਔਰਤਾਂ ਲਈ ਅਸੁਰੱਖਿਅਤ ਹੈ

ਭਾਰਤ ਔਰਤਾਂ ਲਈ ਅਸੁਰੱਖਿਅਤ ਹੈ


ਇਸ ਮੁਲਕ ਤੇ ਸ਼ਰਮ ਆਉਂਦੀ ਹੈ
ਔਰਤਾਂ ਦੇ ਕੱਪੜੇ ਉਤਾਰੇ ਜਾ ਰਹੇ ਹਨ, ਉਨ੍ਹਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ !! ਅਤੇ ਤੁਸੀ ਕਹਿੰਦੇ ਹੋ ਕਿ ਭਾਰਤ ਔਰਤਾਂ ਲਈ ਮਹਫੂਜ ਹੈ?? ਭਾਰਤ ਵਾਲਿਓ ਖਬਰਾਂ 'ਚ ਆਪਣਾ ਡਰਾਮਾ ਬੰਦ ਕਰੋ।
ਅਸੀ ਇਕ ਅਜਿਹੇ ਮੁਲਕ ਤੇ ਕਿਉਂ ਨਹੀਂ ਸ਼ਰਮਸਾਰ ਹੋ ਸਕਦੇ ਜਿਥੇ, ਥੋੜੇ ਦਿਨ ਹੋਏ, ਉੱਤਰ ਪ੍ਰਦੇਸ਼ ਵਿਚ ਇਕ ਔਰਤ ਨੂੰ ਨੰਗਾ ਕਰ ਦੀਤਾ ਗਿਆ ਅਤੇ ਉਲਟਿਆ ਲਟਕਾ ਦੀਤਾ ਗਿਆ, ਕਿਉਂਕਿ ਓਸਨੇ ਆਪਣੀ ਜ਼ਮੀਨ ਦੇਣ ਤੋਂ ਮਨਾ ਕਰ ਦੀਤਾ ਸੀ। ਜਦੋਂ ਇਸ ਔਰਤ ਨੇ ਇਕ ਮਕਾਮੀ ਪੁਲਿਸ ਸਟੇਸ਼ਨ ਵਿਚ ਇਸਦੀ ਸ਼ਿਕਾਇਤ ਕੀਤੀ, ਤਾਂ ਉਥੇ ਵੀ ਉਸ ਨਾਲ ਬਦਤਮੀਜੀ ਕੀਤੀ ਗਈ।

ਜਦੋਂ ਇਕ 13 ਸਾਲ ਦੀ ਕੁੜੀ ਦੇ ਮਰਣ ਅਤੇ ਉਸਦੀ ਮਾਂ ਦੇ ਗੰਭੀਰ ਰੂਪ ਤੋਂ ਜਖ਼ਮੀ ਹੋਣ ਦੀ ਖਬਰ ਮਿਲਦੀ ਹੈ ਤਾਂ ਅਸੀ ਕਿਵੇਂ ਰਾਹਤ ਦੀ ਸਾਹ ਲੈ ਸਕਦੇ ਹਾਂ, ਜੋ ਪੰਜਾਬ ਦੇ ਮੋਗੇ ਸ਼ਹਿਰ ਕੋਲ ਇਕ ਚਲਦੀ ਹੋਈ ਪ੍ਰਾਇਵੇਟ ਬਸ ਤੋਂ ਇਸਲਈ ਛਾਲ ਮਾਰ ਗਈਆਂ ਸੀ ਤਾਂਕਿ ਕੰਡਕਟਰ ਸਮੇਤ ਕੁਝ ਨੌਜਵਾਨਾਂ ਦੀ ਛੇੜਛਾੜ ਤੋਂ ਬੱਚ ਸਕਣ।
ਅਤੇ ਬਰਖਾ ਦੱਤ, ਮੁਲਕ ਦੀ ਇੱਜ਼ਤ ਬਚਾਂਦੇ ਹੋਏ, ਕਹਿ ਰਹੀ ਸੀ ਕਿ ਭਾਰਤ ਤੇ ‘ਔਰਤਾਂ ਲਈ ਅਸੁਰੱਖਿਅਤ’ ਹੋਣ ਦਾ ਤਮਗਾ ਨਹੀਂ ਲਾਉਣਾ ਚਾਹੀਦਾ ਹੈ। ਤੁਸੀ ਅਜਿਹਾ ਕਹਿ ਕੇ ਭਾਰਤ ਤੇ ਗਰਵ ਕਰਣ ਵਾਲੇ ਬਣ ਜਾਂਦੇ ਹੋ ਮਗਰ ਅਸੀ ਸ਼ਰਮਸਾਰ ਹੋਕੇ ਕਹਿੰਦੇ ਹਾਂ, “ਅਸੀ ਇਕ ਅਜਿਹੇ ਸਮਾਜ ਨਾਲ ਜੱਦੋਜਹਿਦ ਕਰ ਰਹੇ ਹਾਂ ਜੋ ਸੰਭੋਗ ਸੁਆਦ ਲੈਣ ਲਈ ਔਰਤਾਂ ਨੂੰ ਇਸਤੇਮਾਲ ਕਰਣ ਦੀ ਹਿਮਾਇਤ ਕਰਦਾ ਹੈ ਅਤੇ ਔਰਤਾਂ ਨੂੰ ਇਨ੍ਹਾਂ ਘਸਿਆਂ-ਠੁਕਿਆਂ ਹਾਲਾਤਾਂ ਵਿਚ ਕੈਦ ਰਖਦਾ ਹੈ।”

ਉਨ੍ਹਾਂ ਆਂਕੜਿਆਂ ਤੇ ਲਾਨਤ ਹੈ, ਭਾਰਤ ਵਿਚ ਬਲਾਤਕਾਰ ਦੇ ਅੱਧੇ ਤੋਂ ਜਿਆਦਾ ਮਸਲੇ ਤਾਂ ਦਰਜ ਵੀ ਨਹੀਂ ਕੀਤੇ ਜਾਂਦੇ
ਆਪਣੀ ਆਂਕੜਿਆਂ ਵਾਲੀ ਕਿਤਾਬ ਖੋਲ੍ਹੋ ਅਤੇ ਨਤੀਜਿਆਂ ਦਾ ਮੇਲ ਕਰੋ। ਤੁਹਾਡਾ ਤਮਾਸ਼ਾ ਕਾਬਿਲੇ-ਤਾਰੀਫ ਸੀ ਮਗਰ ਹਕੀਕਤ ਸ਼ਰਮਨਾਕ ਹੈ। ਇਹ ਵੇਖਕੇ ਸਦਮਾ ਲਗਿਆ, ਕਿ ਇਕ ਬਰਖਾ ਦੱਤ ਵਰਗੀ ਪੱਤਰਕਾਰ ਇੰਨਾ ਵੀ ਨਹੀਂ ਜਾਣਦੀ ਕਿ ਭਾਰਤ ਵਿਚ ਅੱਧੇ ਤੋਂ ਜਿਆਦਾ ਬਲਾਤਕਾਰ ਅਤੇ ਛੇੜਛਾੜ ਦੇ ਮਸਲੇ ਤਾਂ ਦਰਜ ਵੀ ਨਹੀਂ ਕੀਤੇ ਜਾਂਦੇ। ਇਸਲਈ, ਅਮਰੀਕਾ-ਬਰੀਟੇਨ ਨਾਲ ਭਾਰਤ ਦਾ ਮੇਲ ਕਰਣ ਵਾਲਾ ਪਖੰਡੀ ਤਮਾਸ਼ਾ ਬੰਦ ਕਰੋ।

ਇਹ ਹਕੀਕਤ ਸਵੀਕਾਰ ਕਰੋ ਕਿ ਸਾਡੇ ਮੁਲਕ ਦਾ ਕਾਨੂੰਨੀ ਤੰਤਰ ਘੱਟੀਆ ਹੈ। ਕਾਨੂੰਨੀ ਤੰਤਰ ਦੀ ਸੁਸਤੀ ਦੀ ਪੜਤਾਲ ਹੋਣੀ ਚਾਹੀਦੀ ਹੈ
ਭਾਰਤ ਔਰਤਾਂ ਲਈ ਅਸੁਰੱਖਿਅਤ ਹੈ ਅਤੇ ਤੁਹਾਨੂੰ ਵੀ ਇਹ ਮਲੂਮ ਹੈ !! ਪਖੰਡੀ ਬਣਨਾ ਬੰਦ ਕਰੋ।

Friday, 4 March 2016

ਪੰਜਾਬੀ ਫਿਲਮ ਸੰਗੀਤ ਦਾ ਚਾਨਣ ਮੁਨਾਰਾ ਸਰਦੂਲ ਕਵਾਤੜਾ

ਪੰਜਾਬੀ ਫਿਲਮ ਸੰਗੀਤ ਦਾ ਚਾਨਣ ਮੁਨਾਰਾ ਸਰਦੂਲ ਕਵਾਤੜਾ


ਇਹ ਗੱਲ 1950 ਦੀ ਹੈ ਜਦੋਂ ਦਾਦਰ ਮੇਲ ਨੂੰ ਅੰਬਾਲਾ ਸਟੇਸ਼ਨ ’ਤੇ ਭੀੜ ਨੇ ਬੇਨਤੀ ਕਰ ਕੇ ਰੁਕਵਾ ਲਿਆ। ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਗੱਡੀ ’ਤੇ ਇੱਕ ਉੱਭਰਦਾ ਸੰਗੀਤਕਾਰ ਸਫ਼ਰ ਕਰ ਰਿਹਾ ਹੈ। ਲੋਕ ਉਨ੍ਹਾਂ ਦਾ ਖ਼ੈਰ-ਮਕਦਮ ਕਰਨ ਲਈ ਬੇਤਾਬ ਸਨ। ਲੋਕਾਂ ਨੇ ਫਿਲਮ ‘ਪੋਸਤੀ’ ਦੇ ਸੰਗੀਤਮਈ ਛੱਤੇ ਦਾ ਸ਼ਹਿਦ ਚਖ਼ ਲਿਆ ਸੀ। ਪੰਜਾਬੀ ਲੋਕਾਂ ਦੀ ਜ਼ੁਬਾਨ ’ਤੇ ‘ਤੂੰ ਪੀਂਘ ਤੇ ਮੈਂ ਪਰਛਾਵਾਂ, ਤੇਰੇ ਨਾਲ ਹੁਲਾਰੇ ਖਾਵਾਂ, ਭੈੜਾ ਪੋਸਤੀ’, ‘ਗੋਰੀਏ ਗੰਨੇ ਦੀਏ ਪੋਰੀਏ ਨੀ’, ‘ਦੋ ਗੁੱਤਾਂ ਕਰ ਮੇਰੀਆਂ’, ‘ਮਾਹੀਆ ਵੇ ਮਾਹੀਆ’, ‘ਚਲੀ ਪਿਆਰ ਦੀ ਹਵਾ’, ‘ਕਜਰੇ ਦੀ ਪਾਨੀ ਆਂ ਤਾਰ’ ਆਦਿ ਗੀਤ ਚੜ੍ਹ ਚੁੱਕੇ ਸਨ ਅਤੇ ਇਨ੍ਹਾਂ ਗੀਤਾਂ ਦੇ ਰਚੇਤਾ ਸੰਗੀਤਕਾਰ ਸਰਦੂਲ ਕਵਾਤੜਾ ਇਸ ਗੱਡੀ ’ਤੇ ਸਫ਼ਰ ਕਰ ਰਹੇ ਸਨ।
ਕੁਝ ਸਮੇਂ ਬਾਅਦ ਦੂਸਰਾ ਛੱਤਾ ਟਪਕਣ ਲੱਗਾ ‘ਕੌਡੇ ਸ਼ਾਹ’ ਦੇ ਰੂਪ ਵਿੱਚ। ਰਹਿੰਦੀ ਕਸਰ ਇਸ ਨੇ ਪੂਰੀ ਕਰ ਦਿੱਤੀ। ‘ਕੌਡੇ ਸ਼ਾਹ’ ਦੇ ਗੀਤਾਂ ‘ਫ਼ਸਲਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ’, ‘ਤੁਣਕਾ-ਤੁਣਕਾ ਮਾਰ ਤੁਣਕਾ’, ‘ਗੱਲ ਵਿੱਚ ਪਾ ਕੇ ਪੱਲਾ ਸੱਜਣ ਤੈਨੂੰ ਦੁੱਖ ਦੱਸਦੀ’ ਨੇ ਰਿਕਾਰਡ ਤੋੜ ਦਿੱਤੇ। ‘ਕੌਡੇ ਸ਼ਾਹ’ ਪੰਜਾਬੀ ਦੀ ਸੁਪਰ ਹਿੱਟ ਫਿਲਮ ਸੀ। ਫਿਰ ਜਦੋਂ ‘ਵਣਜਾਰਾ’ ਫਿਲਮ ਰਿਲੀਜ਼ ਹੋਈ ਤਾਂ ਇਸ ਦੇ ਗਾਣੇ ਪੁਰਾਣੇ ਪੱਧਰ ਤੋਂ ਕਿਤੇ ਉੱਚੇ ਸਨ। ਸਾਰੇ ਗੀਤ ਲਤਾ ਮੰਗੇਸ਼ਕਰ ਨੇ ਗਾਏ। ‘ਸਾਡੇ ਪਿੰਡ ਵਿੱਚ ਪਾ ਕੇ ਹੱਟੀ’, ‘ਜਗ ਜਾ ਨੀ ਬੱਤੀਏ’, ‘ਮਾਰਾ ਕੰਧਾਂ ਉੱਤੇ ਲੀਕਾਂ’, ‘ਉੱਚੇ ਚੁਬਾਰੇ ਵਾਲੀਏ ਨੀ’ ਆਦਿ ਗੀਤ ਬਹੁਤ ਮਕਬੂਲ ਹੋਏ। ਰਾਜ ਕੁਮਾਰੀ ਤੇ ਤਲਤ ਮਹਿਮੂਦ ਦਾ ਗਾਇਆ ਗੀਤ ‘ਕੀ ਖੱਟਿਆ ਈ ਦਿਲ ਲਾ ਕੇ’ ਬਹੁਤ  ਮਕਬੂਲ ਹੋਇਆ।
ਇਨ੍ਹਾਂ  ਪੰਜਾਬੀ ਫਿਲਮਾਂ ਦੇ ਸੰਗੀਤ ਦੀ ਕਾਮਯਾਬੀ ਨੇ ਸਰਦੂਲ ਕਵਾਤੜਾ ਲਈ ਹਿੰਦੀ ਫਿਲਮਾਂ ਦੇ ਦੁਆਰ ਵੀ ਖੋਲ੍ਹ ਦਿੱਤੇ। 1958 ਵਿੱਚ ਸ਼ੰਮੀ ਕਪੂਰ ਤੇ ਸ਼ਿਆਮਾ ਦੀ ‘ਮਿਰਜ਼ਾ ਸਾਹਿਬਾਂ’ ਆਈ। ਇਹ ਫਿਲਮ ਬਾਕਸ ਆਫਿਸ ’ਤੇ ਵਧੇਰੇ ਕਮਾਲ ਤਾਂ ਨਾ ਦਿਖਾ ਸਕੀ, ਪਰ ਸੰਗੀਤ ਪੱਖੋਂ ਸੰਪੂਰਨ ਸੀ। ‘ਨਹੀਂ ਰੀਸ ਪੰਜਾਬ ਦੀ, ਵਿੱਚ ਪੈਂਦੀ ਲਹਿਰ ਚਨਾਬ ਦੀ’, ‘ਇਹ ਕੁੜੀਆਂ ਨੇ ਖੰਡ ਦੀਆਂ ਪੁੜੀਆਂ’, ‘ਤਬੀਅਤ ਠੀਕ ਥੀ ਔਰ ਦਿਲ ਭੀ ਬੇਕਰਾਰ ਨਾ ਥਾ’ ਗੀਤ ਅਤੇ ਸ਼ਮਿੰਦਰਜੀਤ ਚਹਿਲ ਦਾ ਗਾਇਆ ਮਿਰਜ਼ਾ ਬਹੁਤ ਮਕਬੂਲ ਹੋਏ। ਫਿਰ ਪੰਜਾਬੀ ‘ਬਿੱਲੋ’ ਫਿਲਮ ਦੇ ਗੀਤਾਂ ਨੇ ਧੂਮ ਮਚਾਈ। ਉਨ੍ਹਾਂ ਦਿਨਾਂ ਵਿੱਚ ਹੀ ‘ਹੀਰ ਸਿਆਲ’ ਆਈ ਜਿਸ ਵਿੱਚ ਮੁਬਾਰਿਕ ਬੇਗਮ ਦਾ ਦਿਲਕਸ਼ ਗੀਤ ‘ਟੁਰ ਗਈਆਂ ਬੇੜੀਆਂ ਤੇ ਲੰਘ ਗਈਓਂ ਦੂਰ ਵੇ…’ ਮਕਬੂਲ ਹੋਇਆ। ਇਸ ਦੇ ਨਾਲ-ਨਾਲ ਕੁਝ ਗ਼ੈਰ ਫਿਲਮੀ ਰਚਨਾਵਾਂ ਵੀ ਸਰਦੂਲ ਕਵਾਤੜਾ ਨੇ ਕੀਤੀਆਂ। ਇਨ੍ਹਾਂ ਵਿੱਚ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇ ਗੀਤ ‘ਅੜੀ ਵੇ ਅੜੀ’, ‘ਸਾਡੀ ਰੁੱਸ ਗਈ ਝਾਂਜਰਾਂ ਵਾਲੀ, ਮੌਜ ਸੁਨਿਆਰਾ ਲੈ ਗਿਆ’ ਆਦਿ ਸ਼ਾਮਲ ਸਨ। ਦਰਅਸਲ ਉਨ੍ਹਾਂ ਦਿਨਾਂ ਵਿੱਚ ਸਿਰਫ਼ ਫਿਲਮਾਂ ਹੀ ਮਨੋਰੰਜਨ ਦਾ ਸਾਧਨ ਹੁੰਦੀਆਂ। ਹਰ ਕਲਾਕਾਰ ਦੀ ਮਕਬੂਲੀਅਤ ਫਿਲਮਾਂ ਉਪਰ ਹੀ ਨਿਰਭਰ ਸੀ।
ਸੰਗੀਤਕਾਰ ਸਰਦੂਲ ਕਵਾਤੜਾ ਦਾ ਜਨਮ 13 ਅਪਰੈਲ 1929 ਨੂੰ ਸ਼ੇਖੂਪੁਰਾ (ਪਾਕਿਸਤਾਨ) ਵਿੱਚ ਸ੍ਰੀ ਗੁਰਦਿੱਤ ਸਿੰਘ ਦੇ ਘਰ ਹੋਇਆ। ਕਵਾਤੜਾ ਨੇ ਆਪਣਾ ਫਿਲਮੀ ਸਫ਼ਰ ਉੱਘੇ ਸੰਗੀਤਕਾਰ ਗੁਲਾਮ ਹੈਦਰ ਨਾਲ ਵਾਜਾ ਵਜਾਉਣ ਨਾਲ ਸ਼ੁਰੂ ਕੀਤਾ। ਬਾਅਦ ਵਿੱਚ ਉਹ ਮੁੰਬਈ ਆ ਕੇ ਮਾਸਟਰ ਹੰਸ ਰਾਜ ਬਹਿਲ ਦੇ ਸਹਾਇਕ ਬਣ ਗਏ। ਆਪਣੀ ਮਿਹਨਤ ਤੇ ਲਗਨ ਸਦਕਾ ਉਹ ਮਾਸਟਰ ਜੀ ਦੇ ਅਜ਼ੀਜ਼ ਬਣ ਗਏ। ਕਿਸਮਤ ਨੇ ਪਲਟੀ ਖਾਧੀ ਜਦੋਂ ਗੀਤਕਾਰ ਨਾਜ਼ਿਮ ਪਾਣੀਪਤੀ ਦਾ ਲਿਖਿਆ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’ ਦੀ ਰਿਕਾਰਡਿੰਗ ਨੇ ਰਾਤੋ ਰਾਤ ਕਵਾਤੜਾ ਨੂੰ ਸੰਗੀਤਕਾਰਾਂ ਦੀ ਪਹਿਲੀ ਸ਼੍ਰੇਣੀ ਵਿੱਚ ਪਹੁੰਚਾ ਦਿੱਤਾ। ‘ਪੋਸਤੀ’ ਦਾ ਨਿਰਮਾਣ ਸਰਦੂਲ ਕਵਾਤੜਾ ਦੇ ਆਪਣੇ ਬੈਨਰ ਕਵਾਤੜਾ ਫਿਲਮਜ਼ ਨੇ ਕੀਤਾ। ਇਸ ਫਿਲਮ ਵਿੱਚ ਚਾਂਦ ਪੰਡਿਤ ਦਾ ਲਿਖਿਆ ਗੀਤ ‘ਜਾ ਭੈੜਾ ਪੋਸਤੀ…’ ਨਿਹਾਇਤ ਮਕਬੂਲ ਹੋਇਆ। ਇਹ ਫਿਲਮ ਪਾਕਿਸਤਾਨ ਵਿੱਚ ਬਹੁਤ ਚੱਲੀ ਸੀ। ਲਾਹੌਰ ਦੇ ਨਿਸ਼ਾਤ ਸਿਨੇਮਾ ਹਾਲ ਵਿੱਚ ਅੱਜ ਵੀ ਸਰਦੂਲ ਕਵਾਤੜਾ ਦੀ ਲੱਗੀ ਫੋਟੋ ‘ਪੋਸਤੀ’ ਦੀ ਮਕਬੂਲੀਅਤ ਦੀ ਗਵਾਹ ਹੈ। ਪੰਜਾਬੀ ਸੰਗੀਤ ਦੇ ਸਫ਼ਰ ਨਾਲ ਹਿੰਦੀ ਫਿਲਮਾਂ ਵਿੱਚ ਵੀ ਸਫਰ ਜਾਰੀ ਰੱਖਿਆ। ਕਰੀਬ 50 ਹਿੰਦੀ ਫਿਲਮਾਂ ਦਾ ਸੰਗੀਤ ਤਿਆਰ ਕੀਤਾ। ‘ਗੂੰਜ’, ‘ਜਲਤੇ ਦੀਪ’, ‘ਖੇਲ ਮੁਕੱਦਰ ਕਾ’, ‘ਸ਼ਗੁਨ’, ‘ਕਾਲਾ ਚੋਰ’, ‘ਚਾਰ ਮੀਨਾਰ’, ‘ਤੀਸ ਮਾਰ ਖਾਂ’, ‘ਸਨ ਆਫ ਅਲੀਬਾਬਾ’, ‘ਦੇਖਾ ਜਾਏਗਾ’, ‘ਅਫਲਾਤੂਨ’, ‘ਜਿਪਸੀ ਗਰਲ’, ‘ਕਾਲਾ ਚਸ਼ਮਾ’ ਸਮੇਤ ਸਮੁੱਚੀ ਲਿਸਟ ਕਾਫ਼ੀ ਲੰਬੀ ਹੈ। ਇਨ੍ਹਾਂ ਵਿੱਚੋਂ ‘ਗੂੰਜ’ ਫਿਲਮ ਪ੍ਰਮੁੱਖ ਸੀ। ਸੁਰੱਈਆ ਨੇ ਆਪਣੇ ਜੀਵਨਕਾਲ ਦਾ ਬਿਹਤਰੀਨ ਗੀਤ ‘ਮੇਰੀ ਜ਼ਿੰਦਗੀ ਮੇਂ ਤੁਮ ਕਿਉਂ ਆਏ’ ਇਸ ਫਿਲਮ ਵਿੱਚ ਗਾਇਆ। ਸਰਦੂਲ ਕਵਾਤੜਾ ਨੇ ਆਪਣੇ ਸਮੇਂ ਦੇ ਉੱਭਰਦੇ ਕਲਾਕਾਰਾਂ ਨੂੰ ਪੰਜਾਬੀ ਵਿੱਚ ਗਾਉਣ ਦਾ ਮੌਕਾ ਦਿੱਤਾ। ਆਸ਼ਾ ਭੋਸਲੇ ਨੇ ‘ਪੋਸਤੀ’ ਫਿਲਮ ਦਾ ਗੀਤ ‘ਦੋ ਗੁੱਤਾਂ ਕਰ ਮੇਰੀਆਂ’ ਗੀਤ ਗਾਇਆ। ਲਤਾ ਤੋਂ ‘ਵਣਜਾਰਾ’ ਦੇ ਸਾਰੇ ਗੀਤ ਗਵਾਏ ਗਏ। ਤਲਤ ਮਹਿਮੂਦ ਤੇ ਰਾਜ ਕੁਮਾਰੀ ਨੂੰ ਮੌਕਾ ਦਿੱਤਾ। ਕੁਲਦੀਪ ਮਾਣਕ ਦਾ ਗਾਇਆ ਗੀਤ ‘ਯਾਰਾਂ ਦਾ ਟਰੱਕ ਬੱਲੀਏ’ ਸਰਦੂਲ ਕਵਾਤੜਾ ਦੇ ਸੰਗੀਤ ਦਾ ਕਮਾਲ ਸੀ। ‘ਦੋ ਪੋਸਤੀ’ ਫਿਲਮ ਵਿੱਚ ਉਨ੍ਹਾਂ ਅਨੁਰਾਧਾ ਪੌੜਵਾਲ ਤੇ ਮੁਹੰਮਦ ਅਜ਼ੀਜ਼ ਨੂੰ ਪੰਜਾਬੀ ਵਿੱਚ ਗਾਉਣ ਦਾ ਮੌਕਾ ਦਿੱਤਾ।
ਸਰਦੂਲ ਕਵਾਤੜਾ ਨੂੰ ‘ਸਰਤਾਜ-ਏ-ਮੌਸਿਕੀ’ ਦਾ ਖਿਤਾਬ ਗਗਨ ਪਾਕਿਸਤਾਨੀ ਵੱਲੋਂ ਦਿੱਤਾ ਗਿਆ। ਸ੍ਰੀਮਤੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ‘ਪਦਮ ਸ੍ਰੀ’ ਨਾਲ ਨਿਵਾਜਿਆ। ‘ਪੰਜਾਬੀ ਸੰਗੀਤ ਰਤਨ’ ਦਾ ਖਿਤਾਬ ਤਤਕਾਲੀਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਿੱਤਾ। ‘ਪੰਜਾਬੀ ਮਿਲੇਨੀਅਮ ਮਿਊਜ਼ਿਕ ਐਵਾਰਡ’ ਕੈਲੇਫੋਰਨੀਆ ਰਾਜ ਦੇ ਗਵਰਨਰ ਜੌਹਨ ਗਰਿਮ ਵੱਲੋਂ ਦਿੱਤਾ ਗਿਆ। ਆਪਣੇ ਸੰਗੀਤ ਨਿਰਦੇਸ਼ਨ ਹੇਠ ਉਨ੍ਹਾਂ ਨੇ ਆਖ਼ਰੀ ਗੀਤ ਰਾਧਾ ਸ਼ਰਮਾ ਦੀ ਸੁਰੀਲੀ ਆਵਾਜ਼ ਵਿੱਚ 2005 ਵਿੱਚ ਚਰਨਜੀਤ     ਅਹੂਜਾ ਦੇ ਦਿੱਲੀ ਸਥਿਤ ਸਟੂਡੀਓ ਵਿੱਚ ‘ਸੱਜਣਾ ਵੇ ਕਿਹੜੀ ਗੱਲੋਂ ਦੂਰ ਦੂਰ ਰਹਿਨਾ ਏ’ ਰਿਕਾਰਡ ਹੋਇਆ। 2006 ਵਿੱਚ ਉਹ ਇਸ ਜਹਾਨ ਤੋਂ ਵਿਦਾ ਹੋ ਗਏ। ਮੇਰਾ ਉਨ੍ਹਾਂ ਨਾਲ ਤਿੰਨ ਦਹਾਕਿਆਂ ਦਾ ਸਾਥ ਸਹਾਇਕ ਵਜੋਂ ਰਿਹਾ। ਉਨ੍ਹਾਂ ਦੀ ਸੰਗੀਤਕ ਦੇਣ ਇਸੇ ਲਈ ਮੇਰੇ ਵਾਸਤੇ ਵੱਧ ਯਾਦਗਾਰੀ ਹੈ।
ਨਰਿੰਦਰ ਸ਼ਰਮਾ, ਸੁਰੀਲੇ ਹੀਰੇ
ਸੰਪਰਕ: 099713-86238

Tuesday, 1 March 2016

ਪਰਿਵਾਰਕ ਰਿਸ਼ਤਿਆਂ ਦੀ ਬੁਨਿਆਦ ਹੈ ਸੁਆਣੀ - ਨੂਰ ਸੰਤੋਖਪੁਰੀ

ਪਰਿਵਾਰਕ ਰਿਸ਼ਤਿਆਂ ਦੀ ਬੁਨਿਆਦ ਹੈ ਸੁਆਣੀ - ਨੂਰ ਸੰਤੋਖਪੁਰੀ


ਸਾਡੇ ਸਮਾਜ ਦੀ ਬਣਤਰ ਅਜਿਹੀ ਹੈ ਕਿ ਇੱਥੇ ਹਰੇਕ ਪਰਿਵਾਰਕ ਰਿਸ਼ਤੇ-ਨਾਤੇ ਦੀ ਆਪੋ-ਆਪਣੀ ਪਛਾਣ ਅਤੇ ਅਹਿਮੀਅਤ ਹੈ। ਰਿਸ਼ਤਿਆਂ-ਨਾਤਿਆਂ ਤੋਂ ਬਿਨਾਂ ਸਾਡੇ ਸਮਾਜ ਵਿੱਚ ਕਿਸੇ ਪਰਿਵਾਰ ਦੀ ਹੋਂਦ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਅਤੇ ਇਸ ਹੋਂਦ ਨੂੰ ਕਾਇਮ ਰੱਖਣ ਵਿੱਚ ਭਾਰਤੀ ਅੌਰਤਾਂ ਸਭ ਤੋਂ ਵੱਧ ਭੂਮਿਕਾ ਨਿਭਾਉਂਦੀਆਂ ਹਨ। ਇਹ ਕਹਿਣ ਅਤੇ ਮੰਨਣ ’ਚ ਕੋਈ ਅਤਿਕਥਨੀ ਨਹੀਂ ਕਿ ਅੌਰਤਾਂ ਦੀ ਸੂਝ ਸਿਆਣਪ, ਲਗਨ ਅਤੇ ਮਿਹਨਤ ਉੱਪਰ ਹੀ ਪਰਿਵਾਰਕ ਘਰਾਂ ਦੀ ਹੋਂਦ ਟਿਕੀ ਹੋਈ ਹੁੰਦੀ ਹੈ। ਵਧੇਰੇ ਭਾਰਤੀ ਅੌਰਤਾਂ ਆਪੋ-ਆਪਣੇ ਪਰਿਵਾਰਾਂ ਪ੍ਰਤੀ ਬਹੁਤ ਸੁਹਿਰਦ ਤੇ ਸਮਰਪਿਤ ਹੁੰਦੀਆਂ ਹਨ । ਉਹ ਪਰਿਵਾਰਾਂ ਦੀ ਬੁਨਿਆਦ ਹੁੰਦੀਆਂ ਹਨ ਅਤੇ ਪਰਿਵਾਰਕ ਰਿਸ਼ਤਿਆਂ-ਨਾਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਆਪਣਾ ਸਾਰਾ ਜੀਵਨ ਲੇਖੇ ਲਾ ਦਿੰਦੀਆਂ ਹਨ ਅਤੇ ਘਰ ਦੀ ਬਿਹਤਰੀ ਲਈ ਆਪਣੀਆਂ ਰੀਝਾਂ, ਖ਼ੁਸ਼ੀਆਂ ਅਤੇ ਸੁੱਖ-ਆਰਾਮ ਦੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਦੀਆਂ। ਭਾਰਤੀ ਅੌਰਤਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਥੋੜ੍ਹੀ ਹੀ ਹੈ।
ਆਧੁਨਿਕਤਾ ਅਤੇ ਪੱਛਮੀ ਸੱਭਿਅਤਾ ਦੇ ਮਾਡ਼ੇ ਪ੍ਰਭਾਵ ਦੇ ਬਾਵਜੂਦ ਬੇਸ਼ੁਮਾਰ ਭਾਰਤੀ ਅੌਰਤਾਂ ਸਾਡੀ ਸੱਚੀ-ਸੁੱਚੀ ਤੇ ਸੁਚੱਜੀ ਸਭਿਅਤਾ ਨੂੰ ਪ੍ਰਣਾਈਆਂ ਹੋਈਆਂ ਹਨ। ਇਹ ਗੱਲ ਬਿਲਕੁਲ ਸਹੀ ਹੈ ਕਿ ਮਾਣ-ਮਰਿਯਾਦਾ ਦੇ ਦਾਇਰੇ ਅੰਦਰ ਰਹਿ ਕੇ ਜੇ ਪਰਿਵਾਰ ਦਾ ਹਰੇਕ ਜੀਅ ਹਰ ਤਰ੍ਹਾਂ ਦੇ ਰਿਸ਼ਤੇ ਨੂੰ ਨਿਭਾਵੇ ਅਤੇ ਪਰਿਵਾਰ ਦੀ ਧੁਰੀ ਅੌਰਤ ਦੇ ਸਮਰਪਣ ਤੇ ਤਿਆਗ ਦੀ ਕਦਰ ਕਰੇ ਤਾਂ ਪਰਿਵਾਰ ਹਮੇਸ਼ਾਂ ਚਡ਼੍ਹਦੀ ਕਲਾ ਵਿੱਚ ਰਹਿੰਦਾ ਹੈ ਅਤੇ ਵਿਹੜਾ ਖ਼ਸ਼ੀਆਂ-ਖੇੜਿਆਂ ਨਾਲ ਭਰਿਆ ਰਹਿੰਦਾ ਹੈ। ਜਿਹੜੇ ਲੋਕ ਅੌਰਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਦੁੱਖ-ਸੁੱਖ ਵਿੱਚ ਉੁਨ੍ਹਾਂ ਦਾ ਸਾਥ ਦਿੰਦੇ ਹਨ, ਉਹ ਲੋਕ ਵੀ ਤਾਰੀਫ਼ ਅਤੇ ਵਧਾਈ ਦੇ ਹੱਕਦਾਰ ਹਨ ਕਿਉਂਕਿ ਅੌਰਤਾਂ ਸਤਿਕਾਰ ਤੇ ਸਹਿਯੋਗ ਮਿਲਣ ’ਤੇ ਪਰਿਵਾਰਾਂ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸੁੱਖ-ਸ਼ਾਂਤੀ ਲਈ ਵਧੇਰੇ ਉਤਸ਼ਾਹ ਨਾਲ ਜੁਟਦੀਆਂ ਹਨ ਅਤੇ ਹਰ ਰਿਸ਼ਤੇ-ਨਾਤੇ ਨੂੰ ਨਿਭਾਉਣ ਵਿੱਚ ਕੋਈ ਅੌਖ ਮਹਿਸੂਸ ਨਹੀਂ ਕਰਦੀਆਂ।

ਮਰਦਾਂ ਨਾਲੋਂ ਅੌਰਤਾਂ ਵਧੇਰੇ ਸੰਵੇਦਨਸ਼ੀਲ ਤੇ ਭਾਵੁਕ ਹੁੰਦੀਆਂ ਹਨ। ਉਹ ਨਾਜ਼ੁਕ ਮਿਜਾਜ਼ ਦੀਆਂ ਮਾਲਕ ਹੁੰਦੀਆਂ ਹਨ ਅਤੇ ਭਾਵਨਾਵਾਂ ਵਿੱਚ ਜਲਦੀ ਵਹਿ ਜਾਂਦੀਆਂ ਹਨ। ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਦਾ ਵਧੇਰੇ ਖ਼ਿਆਲ ਰੱਖਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਨਰਮ ਦਿਲ ਅਤੇ ਨਾਜ਼ੁਕ ਸੁਭਾਅ ਵਾਲੀਆਂ ਸੁਆਣੀਆਂ ਦੀ ਕਦਰ ਸਮਾਜ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਦੂਜੇ ਪਾਸੇ ਕਠੋਰ ਸੁਭਾਅ ਵਾਲੀਆਂ ਤੁਨਕ ਮਿਜਾਜ਼ ਨਾਰਾਂ ਚੰਗੇ-ਭਲੇ ਰਿਸ਼ਤਿਆਂ ਦੀ ਫੁਲਵਾੜੀ ਵੀ ਉਜਾੜ ਕੇ ਬਹਿ ਜਾਂਦੀਆਂ ਹਨ। ਇਸ ਲਈ ਥਾਣਿਆਂ, ਕਚਹਿਰੀਆਂ ਵਿੱਚ ਖ਼ੁਦ ਵੀ ਰੁਲਦੀਆਂ ਹਨ ਅਤੇ ਆਪਣੇ ਰਿਸ਼ਤਿਆਂ ਨੂੰ ਵੀ ਰੋਲਦੀਆਂ ਹਨ।

ਇੱਕ ਸੁਘੜ ਸਿਆਣੀ ਆਪਣੇ ਪਰਿਵਾਰ ਦੀ ਆਰਥਿਕ ਤੇ ਸਮਾਜਿਕ ਤੌਰ ’ਤੇ ਹਾਲਤ ਸੁਆਰਨ ਵਾਸਤੇ ਬਹੁਤ ਮਿਹਨਤ ਕਰਦੀ ਹੈ। ਉਹ ਤੜਕੇ ਤੋਂ ਲੈ ਕੇ ਦੇਰ ਸ਼ਾਮ ਤਕ ਕੰਮ ਵਿੱਚ ਜੁਟੀ ਰਹਿੰਦੀ ਹੈ। ਰੀਝ ਨਾਲ ਹੱਥੀਂ ਭੋਜਨ ਤਿਆਰ ਕਰਕੇ ਹਰੇਕ ਜੀਅ ਨੂੰ ਮੋਹ ਤੇ ਪਿਆਰ ਨਾਲ ਛਕਾਉਂਦੀ ਹੈ। ਇਸ ਤਰ੍ਹਾਂ ਉਹ ਆਤਮਿਕ ਸੰਤੁਸ਼ਟੀ ਪ੍ਰਾਪਤ ਕਰਦੀ ਹੈ। ਕਈ ਅੌਰਤਾਂ ਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੇਤੀਬਾੜੀ, ਵਪਾਰਕ ਤੇ ਸਨਅਤੀ ਆਦਿ ਕੰਮ-ਧੰਦਿਆਂ ਵਿੱਚ ਵੀ ਹੱਥ ਵਟਾਉਂਦੀਆਂ ਹਨ। ਨੌਕਰੀਪੇਸ਼ਾ ਨਾਰੀਆਂ ਨੂੰ ਤਾਂ ਘਰ-ਬਾਹਰ ਦੋਵੇਂ ਥਾਵਾਂ ’ਤੇ ਆਪਣੀ ਸਰੀਰਕ, ਮਾਨਸਿਕ ਤੇ ਬੌਧਿਕ ਸ਼ਕਤੀ ਖ਼ਰਚਣੀ ਪੈਂਦੀ ਹੈ। ਇੱਕ ਸੁਆਣੀ ਹੀ ਮਕਾਨ ਜਾਂ ਕੋਠੀ ਨੂੰ ਖ਼ੂਬਸੂਰਤ ਘਰ ਵਿੱਚ ਤਬਦੀਲ ਕਰ ਸਕਦੀ ਹੈ। ਅਜਿਹੀ ਔਰਤ ਅੌਖੀ ਘੜੀ ਵਿੱਚ ਢਾਲ ਬਣ ਕੇ ਪਤੀ ਤੇ ਪਰਿਵਾਰ ਨਾਲ ਖੜ ਜਾਂਦੀ ਹੈ ਅਤੇ ਉਨ੍ਹਾਂ ਨੂੰ ਯੋਗ ਅਗਵਾਈ ਦੇਣ ਦੇ ਨਾਲ ਹੌਸਲਾ ਤੇ ਹੱਲਾਸ਼ੇਰੀ ਵੀ ਦਿੰਦੀ ਹੈ। ਸੱਚਮੁੱਚ ਇੱਕ ਸੁਆਣੀ ਪਰਿਵਾਰਕ ਰਿਸ਼ਤਿਆਂ-ਨਾਤਿਆਂ ਦੀ ਧੁਰੀ ਤੇ ਬੁਨਿਆਦ ਹੁੰਦੀ ਹੈ।




ਉੱਚੀਆਂ ਭਰਨ ਉਡਾਰੀਆਂ ਚਿੜੀਆਂ - ਸਾਧੂ ਸਿੰਘ ਪਨਾਗ

ਉੱਚੀਆਂ ਭਰਨ ਉਡਾਰੀਆਂ ਚਿੜੀਆਂ - ਸਾਧੂ ਸਿੰਘ ਪਨਾਗ


ਮਰਦ ਪ੍ਰਧਾਨ ਸਮਾਜ ਨੇ ਅੌਰਤ ਨੂੰ ਬਦਨਾਮ ਕਰਨ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ। ਦੁਨੀਆਂ ਦੇ ਹਰ ਸਮਾਜ ਵਿੱਚ ਉਸ ਨੂੰ ਕਮਜ਼ੋਰ, ਬੇਵਸ, ਬੇਸਹਾਰਾ ਅਤੇ ਵਿਚਾਰੀ ਬਣਾ ਕੇ ਪੇਸ਼ ਕੀਤਾ ਗਿਆ ਹੈ ਜਿਹੜੀ ਜੀਵਨ ਦੇ ਹਰ ਪੜਾਅ ’ਤੇ ਮਰਦ ਦਾ ਸਹਾਰਾ ਭਾਲਦੀ ਹੈ। ਉਸ ਨੂੰ ਨੀਮ ਬੁੱਧੀ ਦੀ ਮਾਲਕ ਦੱਸਿਆ ਗਿਆ ਹੈ। ਮਰਦਾਂ ਦੇ ਬਣਾਏ ਸਭਿਆਚਾਰ ਦੇ ਅਸੂਲਾਂ ਕਾਰਨ ਹੀ ਜੀਵਨ ਦੇ ਸਫ਼ਰ ਵਿੱਚ ਸਾਥ ਨਾ ਨਿਭਾ ਸਕਣ ਦੀ ਉਸ ਦੀ ਮਜਬੂਰੀ ਨੂੰ ਬੇਵਫ਼ਾਈ ਦਾ ਨਾਂ ਦਿੱਤਾ ਗਿਆ ਹੈ। ਸ਼ਾਇਰ ਪੀਲੂ ਨੇ ਕਿਹਾ ਕਿ ਅੌਰਤ ਦੀ ਅਕਲ ਸਿਰ ਵਿੱਚ ਨਹੀਂ, ਪੈਰਾਂ ਵਿੱਚ ਹੁੰਦੀ ਹੈ ਅਤੇ ਜੀਵਨ ਦੇ ਸਫ਼ਰ ਵਿੱਚ ਸਾਥ ਨਿਭਾਉਣ ਦਾ ਇਕਰਾਰ ਕਰ ਕੇ ਉਸ ਨੂੰ ਨਾ ਨਿਭਾਉਣਾ ਉਸ ਦੀ ਫ਼ਿਤਰਤ ਦਾ ਹਿੱਸਾ ਹੈ:
ਚੜ੍ਹਦੇ ਮਿਰਜ਼ੇ ਖ਼ਾਨ ਨੂੰ ਜੱਟ ਵੰਝਲ ਦਿੰਦਾ ਮੱਤ।
ਭੱਠ ਰੰਨਾਂ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ।
ਹੱਸ ਹੱਸ ਲਾਉਂਦੀਆਂ ਯਾਰੀਆਂ ਰੋ ਕੇ ਦਿੰਦੀਆਂ ਦੱਸ।
ਕੋਠੇ ਚੜ੍ਹਾ ਕੇ ਯਾਰ ਨੂੰ ਪੌੜੀ ਦਿੰਦੀਆਂ ਚੱਕ।
ਸਾਡੇ ਲੋਕ ਗੀਤ ਵੀ ਇਹੋ ਕਹਿੰਦੇ ਹਨ:
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ?
ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਕੀ ਏ?

ਹੁਣ ਵਕਤ ਨੇ ਕਰਵਟ ਲਈ ਹੈ। ਅੱਜ ਅੌਰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਬੁੱਧੀ ਦੇ ਪੱਖੋਂ ਕਿਸੇ ਤਰ੍ਹਾਂ ਵੀ ਮਰਦ ਨਾਲੋਂ ਘੱਟ ਨਹੀਂ। ਜਦੋਂ ਉਸ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਅਪਣੀ ਦਿਮਾਗੀ ਸ਼ਕਤੀ ਦੀ ਵਰਤੋਂ ਵਧੇਰੇ ਇਕਾਗਰਤਾ ਅਤੇ ਲਗਨ ਨਾਲ ਕਰਦੀ ਹੈ ਅਤੇ ਮਰਦ ਨਾਲੋਂ ਵੱਧ ਉੱਚੀਆਂ ਬੌਧਿਕ ਪ੍ਰਾਪਤੀਆਂ ਕਰ ਕੇ ਵਿਖਾ ਸਕਦੀ ਹੈ। ਸਾਡੇ ਸਕੂਲਾਂ ਕਾਲਜਾਂ ਦੇ ਇਮਤਿਹਾਨਾਂ ਦੇ ਨਤੀਜੇ ਇਸ ਦਾ ਪ੍ਰਤੱਖ ਪ੍ਰਮਾਣ ਹਨ। ਅੱਜ ਕੱਲ੍ਹ ਹਰ ਪ੍ਰੀਖਿਆ ਵਿੱਚ ਪਹਿਲੇ ਸਥਾਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੇ ਹਿੱਸੇ ਵਧੇਰੇ ਆ ਰਹੇ ਹਨ। ਅੱਜ ਜਦੋਂ ਔਰਤ ਨੂੰ ਗਿਆਨ ਪ੍ਰਾਪਤੀ ਦੇ ਮੌਕੇ ਵਧੇਰੇ ਮਿਲਣ ਲੱਗ ਪਏ ਹਨ, ਇਹੀ ਕਾਰਨ ਹੈ ਕਿ ਉਨ੍ਹਾਂ ਸਾਰੀਆਂ ਸੇਵਾਵਾਂ ਵਿੱਚ ਜਿੱਥੇ ਸਰੀਰਕ ਤਾਕਤ ਦਾ ਮਹੱਤਵ ਘੱਟ ਹੈ, ਅੌਰਤਾਂ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ। ਅਧਿਆਪਨ, ਦਫ਼ਤਰੀ ਤੇ ਡਾਕਟਰੀ ਸੇਵਾਵਾਂ, ਗੱਲ ਕੀ, ਕਿਸੇ ਵੀ ਅਜਿਹੇ ਖੇਤਰ ਦਾ ਨਾਂ ਲੈ ਲਵੋ ਜਿਸ ਵਿੱਚ ਸਰੀਰਕ ਬਲ ਦੀ ਵਰਤੋਂ ਦੀ ਅਹਿਮੀਅਤ ਘੱਟ ਹੈ, ਉਸ ਵਿੱਚ ਅੌਰਤਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਕਿਹਾ ਜਾ ਸਕਦਾ ਹੈ ਕਿ ਸਰੀਰਕ ਬਲ ਵਾਲੇ ਕੰਮਾਂ ਨੂੰ ਛੱਡ ਕੇ ਜਿਸ ਦਿਸ਼ਾ ਵੱਲ ਵੀ ਅੌਰਤਾਂ ਨੇ ਮੂੰਹ ਕੀਤਾ ਹੈ, ਉਹ ਮਰਦਾਂ ਨੂੰ ਮਾਤ ਦੇ ਰਹੀਆਂ ਹਨ।
ਅਸਲ ਵਿੱਚ ਔਰਤਾਂ ਜਦੋਂ ਕਿਸੇ ਪਾਸੇ ਤੁਰ ਪੈਣ ਤਾਂ ਵਧੇਰੇ ਸਮਰਪਣ ਅਤੇ ਇਕਾਗਰਤਾ ਨਾਲ ਉਸ ਪਾਸੇ ਕਦਮ ਪੁੱਟਦੀਆਂ ਜਾਂਦੀਆਂ ਹਨ। ਏਧਰ ਓਧਰ ਵੇਖ ਕੇ ਅਪਣਾ ਸਮਾਂ ਤੇ ਸ਼ਕਤੀ ਵਿਅਰਥ ਗੁਆਉਣ ਦੀ ਰੁਚੀ ਉਨ੍ਹਾਂ ਵਿੱਚ ਬਹੁਤ ਘੱਟ ਹੁੰਦੀ ਹੈ। ਅੱਜ ਦੀ ਔਰਤ ਸਾਹਿਤ ਦੇ ਖੇਤਰ ਵਿੱਚ ਨੋਬੇਲ ਪੁਰਸਕਾਰ, ਗਿਆਨਪੀਠ ਅਤੇ ਹੋਰ ਪੁਰਸਕਾਰਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋਣ ਦਾ ਸਬੂਤ ਦੇ ਚੁੱਕੀ ਹੈ। ਹਾਂ, ਅਜਿਹੇ ਪੁਰਸਕਾਰ ਜਿੱਤਣ ਵਾਲੀਆਂ ਅੌਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘੱਟ ਹੈ, ਪਰ ਨਾਲ ਇਹ ਵੀ ਵੇਖਣਾ ਬਣਦਾ ਹੈ ਕਿ ਮਰਦਾਂ ਦੇ ਮੁਕਾਬਲੇ ਕਿੰਨੀਆਂ ਅੌਰਤਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਮਿਲਿਆ ਹੈ। ਜਿਉਂ ਜਿਉਂ ਪੜ੍ਹੀਆਂ ਲਿਖੀਆਂ ਅੌਰਤਾਂ ਦੀ ਗਿਣਤੀ ਵਧਦੀ ਜਾਵੇਗੀ, ਅਜਿਹੀਆਂ ਪ੍ਰਾਪਤੀਆਂ ਕਰਨ ਵਾਲੀਆਂ ਅੌਰਤਾਂ ਦੀ ਗਿਣਤੀ ਵੀ ਵਧਦੀ ਜਾਵੇਗੀ। ਅੱਜ ਦੀ ਅੌਰਤ ਤਾਂ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਸ ਬਣ ਕੇ ਪੁਲਾੜ ਵਿੱਚ ਉਡਾਣ ਵੀ ਭਰਨ ਲੱਗ ਪਈ ਹੈ। ਕਿੰਨਾ ਵੱਡਾ ਅਨਿਆਂ ਕਰਦਾ ਰਿਹਾ ਹੈ ਇਹ ਸਮਾਜ ਉਸ ਨਾਲ ਜਦੋਂ ਉਸ ਨੂੰ ਬੌਧਿਕ ਵਿਕਾਸ ਦਾ ਕੋਈ ਮੌਕਾ ਨਹੀਂ ਦਿੱਤਾ ਤੇ ਉਸ ਦੇ ਮੱਥੇ ’ਤੇ ਕਲੰਕ ਮੜ੍ਹ ਦਿੱਤਾ ਬੁੱਧੀਹੀਣ ਹੋਣ ਦਾ। ਜ਼ਰਾ ਉਸ ਨੂੰ ਮਰਦ ਦੇ ਬਰਾਬਰ ਦੇ ਮੌਕੇ ਦੇ ਕੇ ਤਾਂ ਵੇਖੋ ਕਿ ਉਹ ਕੀ ਕੁਝ ਕਰਨ ਦੀ ਸਮਰੱਥਾ ਰੱਖਦੀ ਹੈ।

ਰਾਜਨੀਤਕ ਖੇਤਰ ਵਿੱਚ ਵੀ ਜਿਉਂ ਜਿਉਂ ਅੌਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਆਉਣ ਦੀ ਵਧੇਰੇ ਅਜ਼ਾਦੀ ਅਤੇ ਵਿਕਾਸ ਦੇ ਵਧੇਰੇ ਮੌਕੇ ਮਿਲ ਰਹੇ ਹਨ, ਉਸ ਦਾ ਯੋਗਦਾਨ ਵਧ ਰਿਹਾ ਹੈ। ਯੂ. ਕੇ., ਭਾਰਤ, ਸ਼੍ਰੀਲੰਕਾ, ਬਰਮਾ, ਬੰਗਲਾ ਦੇਸ਼ ਆਦਿ ਕਿੰਨੇ ਦੇਸ਼ਾਂ ਵਿੱਚ ਅੌਰਤ ਸਰਕਾਰ ਦੀ ਵਾਗ ਡੋਰ ਸੰਭਾਲ ਕੇ ਵਿਖਾ ਚੁੱਕੀ ਹੈ ਅਤੇ ਅਪਣੀ ਰਾਜਨੀਤਕ ਸੂਝ ਬੂਝ ਦਾ ਸਬੂਤ ਦੇ ਚੁੱਕੀ ਹੈ। ਹੋ ਸਕਦਾ ਹੈ ਕੁਝ ਲੋਕ ਰਾਜਨੀਤਕ ਖੇਤਰ ਵਿੱਚ ਔਰਤ ਦੀਆਂ ਗ਼ਲਤੀਆਂ ਵੱਲ ਇਸ਼ਾਰਾ ਕਰਨ, ਪਰ ਕੀ ਮਰਦ ਗ਼ਲਤੀਆਂ ਨਹੀਂ ਕਰਦੇ। ਦੁਨੀਆਂ ਦਾ ਇਤਿਹਾਸ ਮਰਦਾਂ ਦੀਆਂ ਰਾਜਨੀਤਕ ਗ਼ਲਤੀਆਂ ਨਾਲ ਭਰਿਆ ਪਿਆ ਹੈ। ਕਈ ਵਾਰ ਤਾਂ ਇਹ ਆਵਾਜ਼ ਵੀ ਉਠਾਈ ਜਾਂਦੀ ਹੈ ਕਿ ਜੇ ਅੌਰਤਾਂ ਨੂੰ ਦੁਨੀਆਂ ਦਾ ਪ੍ਰਬੰਧ ਚਲਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਇੱਕ ਵਧੇਰੇ ਖ਼ੂਬਸੂਰਤ ਦੁਨੀਆਂ ਸਿਰਜ ਸਕਣਗੀਆਂ। ਇਹ ਹੋ ਸਕਦਾ ਹੈ ਕਿਉਂਕਿ ਉਹ ਮਰਦਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ।

ਸਰੀਰਕ ਬਲ ਦੇ ਪੱਖੋਂ ਕੁਦਰਤ ਨੇ ਔਰਤ ਨੂੰ ਮਰਦ ਦੇ ਮੁਕਾਬਲੇ ਥੋੜ੍ਹੀ ਕਮਜ਼ੋਰ ਤਾਂ ਜ਼ਰੂਰ ਬਣਾਇਆ ਹੈ, ਪਰ ਉਹ ਏਨੀ ਕਮਜ਼ੋਰ ਵੀ ਨਹੀਂ ਕਿ ਉਸ ਨੂੰ ਬੇਵਸ ਜਾਂ ਬੇਸਹਾਰਾ ਆਖਿਆ ਜਾਵੇ। ਠੀਕ ਹੈ ਕੁਦਰਤ ਨੇ ਮਨੁੱਖੀ ਨਸਲ ਨੂੰ ਅੱਗੇ ਵਧਾਉਣ ਨਾਲ ਸਬੰਧਤ ਇੱਕ ਅਜਿਹੀ ਜ਼ਿੰਮੇਵਾਰੀ ਉਸ ਨੂੰ ਦਿੱਤੀ ਹੈ ਜਿਸ ਨੂੰ ਨਿਭਾਉਣ ਲਈ ਉਸ ਨੂੰ ਦੂਜੇ ਖੇਤਰਾਂ ਵਿੱਚ ਅਪਣੀਆਂ ਗਤੀਵਿਧੀਆਂ ਨੂੰ ਕੁਝ ਸੀਮਿਤ ਕਰਨਾ ਪੈਂਦਾ ਹੈ। ਇਹੋ ਕਾਰਨ ਹੈ ਕਿ ਉਸ ਨੂੰ ਅਾਪਣਾ ਵਧੇਰੇ ਸਮਾਂ ਘਰ ਅਤੇ ਬੱਚਿਆਂ ਦੀ ਸਾਂਭ ਸੰਭਾਲ ਵਿੱਚ ਲਾਉਣਾ ਪੈਂਦਾ ਹੈ। ਨਤੀਜੇ ਵਜੋਂ ਦੂਜੇ ਕੰਮਾਂ ਵਿੱਚ ਅਪਣੀ ਕਾਬਲੀਅਤ ਵਿਖਾਉਣ ਦਾ ਮੌਕਾ ਉਸ ਨੂੰ ਘੱਟ ਮਿਲਦਾ ਹੈ। ਇਹੀ ਕਾਰਨ ਹੈ ਕਿ ਪਰਿਵਾਰ, ਸਮਾਜ ਜਾਂ ਦੇਸ਼ ਦੀ ਰੱਖਿਆ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੇ ਕੰਮਾਂ ਵਿੱਚ ਉਸ ਦਾ ਹਿੱਸਾ ਘੱਟ ਰਿਹਾ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਮਰਦ ਹਮੇਸ਼ਾਂ ਉਸ ਨੂੰ ਸੰਪਤੀ ਸਮਝਦਾ ਰਿਹਾ ਹੈ ਅਤੇ ਇਸ ਸੰਪਤੀ ਦੇ ਕਿਸੇ ਹੋਰ ਦੇ ਕਬਜ਼ੇ ਵਿੱਚ ਆ ਜਾਣ ਦੇ ਡਰੋਂ ਉਸ ਨੇ ਉਸ ਨੂੰ ਸਦਾ ਹੀ ਇਨ੍ਹਾਂ ਕੰਮਾਂ ਤੋਂ ਪਰੇ ਰੱਖਿਆ ਹੈ, ਪਰ ਅੱਜ ਤਾਂ ਉਸ ਨੇ ਇਸ ਸੀਮਾ ਨੂੰ ਵੀ ਪਾਰ ਕਰ ਲਿਆ ਹੈ। ਭਾਰਤ ਵਰਗੇ ਦੇਸ਼ ਵਿੱਚ ਵੀ ਅੌਰਤਾਂ ਪੁਲੀਸ ਅਤੇ ਸੈਨਿਕ ਸੇਵਾਵਾਂ ਵਿੱਚ ਪ੍ਰਵੇਸ਼ ਕਰ ਚੁੱਕੀਆਂ ਹਨ। ਉਹ ਹਵਾਈ ਜਹਾਜ਼ ਉਡਾਉਣ ਲੱਗ ਪਈਆਂ ਹਨ। ਹੁਣ ਤਾਂ ਸਰਕਾਰ ਨੇ ਉਨ੍ਹਾਂ ਨੂੰ ਲੜਾਕੂ ਹਵਾਈ ਜਹਾਜ਼ ਉਡਾਉਣ ਦੀ ਅਤੇ ਹਵਾਈ ਯੁੱਧ ਵਿੱਚ ਹਿੱਸਾ ਲੈਣ ਦੇ ਕਾਬਲ ਵੀ ਮੰਨ ਲਿਆ ਹੈੈ। ਸ਼ਾਇਦ ਉਹ ਦਿਨ ਵੀ ਦੂਰ ਨਹੀਂ ਜਦੋਂ ਉਹ ਥਲ ਸੈਨਾ ਵਿੱਚ ਮਰਦ ਸਿਪਾਹੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੰਗੀ ਮੋਰਚੇ ਵਿੱਚ ਵੀ ਲੜਨ ਲੱਗ ਪੈਣਗੀਆਂ।

ਵਫ਼ਾ ਦੇ ਮਾਮਲੇ ਵਿੱਚ ਵੀ ਉਹ ਕਿਸੇ ਤਰ੍ਹਾਂ ਮਰਦਾਂ ਨਾਲੋਂ ਘੱਟ ਨਹੀਂ ਹਨ। ਸਭ ਜਾਣਦੇ ਹਨ ਕਿ ਅੌਰਤ ਜਦੋਂ ਪਿਆਰ ਦੇ ਮਾਮਲੇ ਵਿੱਚ ਬੇਵਫ਼ਾਈ ਕਰਦੀ ਹੈ ਤਾਂ ਉਸ ਦਾ ਕਾਰਨ ਵਧੇਰੇ ਕਰ ਕੇ ਉਸ ਦੀ ਮਜਬੂਰੀ ਹੁੰਦਾ ਹੈ। ਬਹੁਤ ਘੱਟ ਅੌਰਤਾਂ ਹੋਣਗੀਆਂ ਜੋ ਅਾਪਣੇ ਕਿਸੇ ਸੁਆਰਥ ਕਰਕੇ ਅਾਪਣੇ ਪ੍ਰੇਮੀ ਜਾਂ ਪਤੀ ਨਾਲ ਬੇਵਫ਼ਾਈ ਕਰਨ। ਇਸ ਦੇ ਉਲਟ ਉਨ੍ਹਾਂ ਮਰਦਾਂ ਦੀ ਗਿਣਤੀ ਕਿਤੇ ਵੱਧ ਹੋਵੇਗੀ ਜੋ ਪਿਆਰ ਦਾ ਵਿਖਾਵਾ ਕਰ ਕੇ ਔਰਤ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ ਅਤੇ ਫਿਰ ਉਸ ਨੂੰ ਛੱਡ ਕੇ ਕਿਸੇ ਹੋਰ ਦੇ ਬਣ ਬੈਠਦੇ ਹਨ। ਮਰਦਾਂ ਦਾ ਅੌਰਤ ਮੱਥੇ ਬੇਵਫ਼ਾਈ ਦਾ ਇਲਜ਼ਾਮ ਮੜ੍ਹਨਾ ਉਸੇ ਤਰ੍ਹਾਂ ਹੈ ਜਿਵੇਂ ਛਲਣੀ ਛੱਜ ਨੂੰ ਮਿਹਣਾ ਦੇ ਰਹੀ ਹੋਵੇ। ਅੌਰਤ ਦੀ ਸਭ ਤੋਂ ਵੱਡੀ ਮਜਬੂਰੀ ਜਿਹੜੀ ਉਸ ਨੂੰ ਅਜਿਹੀ ਬੇਵਫ਼ਾਈ ਕਰਨ ਲਈ ਮਜਬੂਰ ਕਰਦੀ ਰਹੀ ਹੈ ਉਸ ਦੀ ਆਰਥਿਕ ਅਸੁਰੱਖਿਆ ਅਤੇ ਮਰਦ ਉੱਤੇ ਨਿਰਭਰਤਾ ਹੁੰਦੀ ਸੀ। ਅੱਜ ਜਦੋਂ ਉਸ ਦੇ ਕਦਮ ਆਰਥਿਕ ਸਵੈ-ਨਿਰਭਰਤਾ ਵੱਲ ਵਧ ਰਹੇ ਹਨ, ਉਹ ਇਸ ਮਜਬੂਰੀ ਤੋਂ ਕਾਫ਼ੀ ਹੱਦ ਤਕ ਮੁਕਤ ਹੋ ਰਹੀ ਹੈ।

ਅੱਜ ਸਮਾਂ ਬਦਲ ਗਿਆ ਹੈ ਅਤੇ ਦਿਨੋਂ ਦਿਨ ਹੋਰ ਬਦਲ ਰਿਹਾ ਹੈ। ਅਜੋਕੀ ਅੌਰਤ ਮਰਦ ਦੇ ਹੱਥਾਂ ਵਿੱਚ ਨੱਚਣ ਵਾਲੀ ਕਠਪੁਤਲੀ ਨਹੀਂ ਰਹੀ। ਇਹ ਉਹ ਚਿੜੀ ਹੈ ਜਿਸ ਦੇ ਖੰਭ ਉੱਗ ਆਏ ਹਨ ਅਤੇ ਜਿਹੜੀ ਉਨ੍ਹਾਂ ਖੰਭਾਂ ਦੇ ਸਹਾਰੇ ਉੱਚੀਆਂ ਉਡਾਰੀਆਂ ਭਰਨ ਲੱਗ ਪਈ ਹੈ। ਅੱਜ ਇਹ ਚਿੜੀ ਵੰਗਾਰ ਕੇ ਮਰਦ ਨੂੰ ਇਹ ਕਹਿਣ ਲੱਗ ਪਈ ਹੈ:
ਦੱਸ ਕਿਹੜਾ ਨਹੀਂ ਉਹ ਕਰ ਕੰਮ ਸਕਦੀ ਜਿਹੜੀ ਤੈਨੂੰ ਜੰਮ ਸਕਦੀ।
ਇਨ੍ਹਾਂ ਉਡਾਰੀਆਂ ਨੂੰ ਹੁਣ ਕੋਈ ਰੋਕ ਨਹੀਂ ਸਕਦਾ, ਸਗੋਂ ਇਹ ਉਡਾਰੀਆਂ ਹਰ ਨਵੀਂ ਸਵੇਰ ਦੇ ਆਉਣ ਨਾਲ ਹੋਰ ਵਧੇਰੇ ਉੱਚੀਆਂ ਹੁੰਦੀਆਂ ਜਾਣਗੀਆਂ, ਪਰ ਇਸ ਚਿੜੀ ਨੂੰ ਵੀ ਇਹ ਯਾਦ ਰਹੇ ਕਿ ਅਜ਼ਾਦੀ ਦਾ ਅਰਥ ਸਭਿਅਤਾ ਅਤੇ ਸਭਿਆਚਾਰ ਦੇ ਨਿੱਗਰ ਅਤੇ ਸਿਹਤਮੰਦ ਅਸੂਲਾਂ ਦੇ ਖ਼ਿਲਾਫ਼ ਬਗ਼ਾਵਤ ਨਹੀਂ ਹੁੰਦਾ। ਜੇ ਇਸ ਨੇ ਉਨ੍ਹਾਂ ਕਦਰਾਂ ਕੀਮਤਾਂ ਨੂੰ ਤਿਆਗ ਦਿੱਤਾ ਤਾਂ ਇਹ ਅਾਪਣੀ ਕਬਰ ਆਪ ਪੁੱਟ ਰਹੀ ਹੋਵੇਗੀ। ਇਹ ਚਿੜੀਆਂ ਹੁਣ ਕੁਦਰਤ ਵੱਲੋਂ ਨਿਸ਼ਚਿਤ ਕੀਤੀਆਂ ਸੀਮਾਵਾਂ ਨੂੰ ਛੱਡ ਕੇ ਹੋਰ ਸਭ ਸੀਮਾਵਾਂ ਨੂੰ ਪਾਰ ਕਰ ਜਾਣਗੀਆਂ। ਆਓ, ਇਨ੍ਹਾਂ ਦੀ ਉੱਚੀ ਉਡਾਰੀ ’ਤੇ ਜ਼ੋਰ ਨਾਲ ਤਾੜੀਆਂ ਮਾਰ ਕੇ ਇਨ੍ਹਾਂ ਦਾ ਸਵਾਗਤ ਕਰੀਏ ਕਿਉਂਕਿ:-
ਰਹੀਆਂ ਨਹੀਂ ਵਿਚਾਰੀਆਂ ਚਿਡ਼ੀਆਂ,
ਉੱਚੀਆਂ ਭਰਨ ਉਡਾਰੀਆਂ ਚਿਡ਼ੀਆਂ।

ਜਿੰਦਗੀ ਦੇ ਸੁੱਚੇ ਮੋਤੀ ਹਨ ਮਿੱਠੇ ਬੋਲ

ਜਿੰਦਗੀ ਦੇ ਸੁੱਚੇ ਮੋਤੀ ਹਨ ਮਿੱਠੇ ਬੋਲ


ਬੰਦੇ ਦੀ ਅੰਦਰਲੀ ਜਿੰਦਗੀ ਤਾਂ ਭਾਵੇਂ ਅੰਤਰਜ਼ਾਮੀ ਵਾਹਿਗੁਰੂ ਜੀ ਹੀ ਜਾਣਦੇ ਹਨ ਪ੍ਰੰਤੂ ਫਿਰ ਵੀ ਮਿੱਠੇ ਬੋਲ ਅੰਦਰਲੀ ਸ਼ਖਸ਼ੀਅਤ ਦੀ ਪਹਿਲੀ ਝਲਕ ਅਤੇ ਜਿੰਦਗੀ ਦਾ ਅਸਲੀ ਸ਼ਿੰਗਾਰ ਹੁੰਦੇ ਹਨ। ਇਹ ਮਿੱਠੇ ਬੋਲ ਹੀ ਹਨ ਜਿਹਨਾਂ ਨਾਲ ਚਿੱਟੇ ਦੰਦਾਂ ਦੀ ਸੁੰਦਰਤਾ, ਸੋਹਣੇ ਨੈਣਾਂ ਦੀ ਪਿਆਰੀ ਨਜ਼ਰ ਅਤੇ ਹੱਸਦੇ ਚਿਹਰੇ ਦੀ ਰੌਣਕ ਵਿੱਚ ਦਸ ਗੁਣਾਂ ਵਾਧਾ ਹੋ ਜਾਂਦਾ ਹੈ। ਮਿੱਠੇ ਬੋਲਾਂ ਨਾਲ ਰਿਸਤਿਆਂ ਵਿੱਚ ਪਿਆਰ ਦੀ ਸਾਂਝ ਵੱਧਦੀ ਹੈ। ਮਿੱਠੇ ਬੋਲਾਂ ਵਿੱਚ ਦੁਸ਼ਮਣ ਨੂੰ ਵੀ ਮਿੱਤਰ ਬਨਾਉਣ ਦੀ ਸ਼ਕਤੀ ਹੁੰਦੀ ਹੈ। ਮਨੁੱਖ ਅੰਦਰ ਇਹ ਪਿਆਰਾ ਗੁਣ ਪੈਦਾ ਕਰਨ ਲਈ ਪਾਵਨ ਗੁਰਬਾਣੀ ਵਿੱਚ ਜਗਤ ਦੇ ਮਾਲਿਕ ਵਾਹਿਗੁਰੂ ਜੀ ਨੂੰ ʼਮਿੱਠ ਬੋਲੜਾʼ ਕਹਿ ਕੇ ਸਾਡੀ ਸਾਂਝ ਪਵਾਈ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ, "ਮੇਰੀ ਮੱਤ ਦੀਆਂ ਯਾਦਾਂ ਮੁਤਾਬਿਕ ਵਾਹਿਗੁਰੂ ਜੀ ਕਦੀ ਵੀ ਕੌੜਾ ਨਹੀਂ ਬੋਲੇ"। ਇਹ ਵੀ ਕਿਹਾ ਕਿ, "ਵਾਹਿਗੁਰੂ ਜੀ ਕਦੀ ਕੌੜਾ ਬੋਲਣ ਜਾਣਦੇ ਹੀ ਨਹੀਂ"।
ਗੁਰੂ ਸਾਹਿਬ ਜੀ ਨੇ ਸਮਾਜ ਅੰਦਰ ਮਨੁੱਖੀ ਰਿਸਤਿਆਂ ਦੀ ਸਾਂਝ ਅਤੇ ਆਪਸੀ ਵਰਤੋਂ ਵਿਵਹਾਰ ਦੇ ਵਰਤਾਰੇ ਵਿੱਚ ਮਿਠਾਸ ਭਰਨ ਲਈ ਹਮੇਸ਼ਾਂ ਮਿੱਠ ਬੋਲੜੇ ਵਾਹਿਗੁਰੂ ਜੀ ਦੀ ਪਿਆਰੀ ਯਾਦ ਤੇ ਸ਼ੁਕਰਾਨੇ ਵਿੱਚ ਜੀਵਨ ਜਿਉਣ ਦੀ ਜੁਗਤ ਦੱਸੀ । ਸਾਨੁੰ ਸਮਝਾਇਆ ਕਿ ਸਾਡੇ ਸਾਰਿਆਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਹੈ, ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ। ʼਆਤਮਾ ਦੀ ਆਵਾਜ਼ʼ ਜਾਂ ʼਜ਼ਮੀਰ ਦੀ ਆਵਾਜ਼ʼ ਹੀ ਵਾਹਿਗੁਰੂ ਜੀ ਦੀ ਆਵਾਜ਼ ਹੈ, ਜੋ ਹਰ ਵੇਲੇ ਬੁਰੇ ਕੰਮਾਂ ਤੋਂ ਰੋਕਦੀ ਹੈ ਅਤੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹੋ ਆਵਾਜ਼ ਹੀ ਸਾਡੇ ਕੰਨਾਂ ਵਿੱਚ ਮਾਪਿਆਂ, ਬਜ਼ੁਰਗਾਂ ਤੇ ਅਧਿਆਪਕਾਂ ਦੀਆਂ ਸਿਖਿਆਵਾਂ ਬਣ ਕੇ ਪਹੁੰਚਦੀ ਹੈ। ਗੁਰਬਾਣੀ ਦੀਆਂ ਸਿਖਿਆਵਾਂ ਤਾਂ ਸਪਸ਼ਟ ਰੂਪ ਵਿੱਚ ਹੀ ʼਵਾਹਿਗੁਰੂ ਜੀ ਦੀ ਆਵਾਜ਼ʼ ਹਨ। ਆਓ ! ਸੋਚੀਏ ਕਿ ਜੇ ਮਿੱਠ ਬੋਲੜੇ ਵਾਹਿਗੁਰੂ ਜੀ ਦੀ ਜੋਤ ਸਾਡੇ ਸਾਰਿਆਂ ਦੇ ਅੰੰਦਰ ਤੇ ਬਾਹਰ ਹਮੇਸ਼ਾਂ ਵਰਤ ਰਹੀ ਹੈ ਤਾਂ ਕੀ ਕਾਰਣ ਹਨ ਕਿ ਅਸੀਂ ਇਸ ਪਿਆਰੇ ਕੀਮਤੀ ਗੁਣ ਨੂੰ ਕਿਉਂ ਗਵਾ ਕੇ ਰੁੱਖੇ ਤੇ ਕੋੜੇ ਬੋਲਾਂ ਵਿੱਚ ਗੁਆਚ ਜਾਂਦੇ ਹਾਂ।
ਯਾਦ ਕਰੋ ! ਆਪਾਂ ਬਹੁਤ ਵਾਰੀ ਅੱਗ ਦੇ ਉੱਪਰ ਰੱਖੇ ਕਿਸੇ ਭਾਂਡੇ ਵਿੱਚ ਗਰਮ ਹੁੰਦੇ ਪਾਣੀ ਨੂੰ ਦੇਖਿਆ ਹੈ। ਉਸ ਦੀਆਂ ਗਰਮ ਹੋਣ ਦੀਆਂ ਅਵਸਥਾਵਾਂ ਵੀ ਦੇਖੀਆਂ ਹੋਣਗੇ। ਪਹਿਲੀ ਸਥਿਤੀ ਹੈ ਜਦੋਂ ਉਹ ਕੋਸਾ ਹੋਣਾ ਸ਼ੁਰੂ ਹੁੰਦਾ ਹੈ ਉਸ ਵਿੱਚ ਹਵਾ ਦੇ ਬੁਲਵਲੇ ਬਨਣ ਲੱਗ ਜਾਂਦੇ ਹਨ। ਦੂਜੀ ਸਥਿਤੀ ਹੁੰਦੀ ਹੈ ਜਦੋਂ ਫਿਰ ਉਹ ਹੋਰ ਗਰਮ ਹੋ ਜਾਂਦਾ ਹੈ ਤਾਂ ਉਹ ਹਵਾ ਦੇ ਬੁਲਵਲੇ ਭਾਫ ਬਣ ਕੇ ਬਾਹਰ ਨਿੱਕਲਣ ਲੱਗ ਜਾਂਦੇ ਹਨ। ਤੀਜੀ ਸਥਿਤੀ ਹੈ ਜਦੋਂ ਪਾਣੀ ਉੱਬਲ ਉੱਬਲ ਕੇ ਬਾਹਰ ਨੂੰ ਆਉਂਦਾ ਦੂਜਿਆਂ ਨੂੰ ਵੀ ਸਾੜਣਾ ਚਾਹੁੰਦਾ ਹੈ ਅਤੇ ਆਪ ਵੀ ਸੜ ਕੇ ਖਤਮ ਹੋਣ ਲਈ ਤਿਆਰ ਹੁੰਦਾ ਹੈ। ਇਸੇ ਤਰਾਂ ਸਾਡੇ ਮਨ ਦੀਆਂ ਵੀ ੩ ਅਵਸਥਾਵਾਂ ਹਨ। ਪਹਿਲੀ ਅਵਸਥਾ ਨਾ ਸੰਤੁਸ਼ਟੀ ਦੀ ਹੈ ਜਦੋਂ ਮਨ ਅੰਦਰੋਂ ਅੰਦਰੀਂ ਘੁੱਟਣ ਮਹਿਸੂਸ ਕਰਦਾ ਹੈ। ਦੂਸਰੀ ਅਵਸਥਾ ਵਿੱਚ ਚਿੜਣ ਲੱਗ ਜਾਂਦਾ ਹੈ ਅਤੇ ਤੀਸਰੀ ਅਵਸਥਾ ਵਿੱਚ ਕ੍ਰੋਧ ਦੀ ਅੱਗ ਵਿੱਚ ਆਪਣੇ ਅੰਦਰ ਗੁਣਾਂ ਨੂੰ ਬਾਹਰ ਪ੍ਰੇਮ ਨੂੰ ਸਾੜ ਬੈਠਦਾ ਹੈ। ਇਹ ਕੁੱਝ ਕੁ ਹੀ ਸਕਿੰਟਾਂ ਵਿੱਚ ਸਾਡੇ ਅੰਦਰ ਵਰਤ ਜਾਂਦਾ ਹੈ। ਇਸ ਲਈ ਸਾਨੂੰ ਪਤਾ ਹੀ ਨਹੀਂ ਚਲਦਾ ਕਿ ਕਦੋਂ ਸਾਡੇ ਅੰਦਰ ਹਉਮੈ ਦੀ ਅੱਗ ਵੀ ਭੜਕ ਪੈਂਦੀ ਹੈ। ਬੋਲਾਂ ਵਿੱਚੋਂ ਮਿਠਾਸ ਦਾ ਗੁਣ ਸੁੱਕ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਕਿ ਨਿਮਰਤਾ ਵਿਚੋਂ ਮਿਠਾਸ ਪੈਦਾ ਹੁੰਦੀ ਹੈ। ਨਿਮਰਤਾ ਵਿੱਚ ਜਿਉਣਾ ਹੀ ਸਭ ਤੋਂ ਚੰਗਾ ਗੁਣ ਹੈ।
ਸ੍ਰੀ ਗੁਰੁ ਨਾਨਕ ਦੇਵ ਸਾਹਿਬ ਜੀ ਨੇ ਆਸਾ ਰਾਗ ਵਿੱਚ ਉਚਾਰਣ ਕੀਤੀ ਵਾਰ ਵਿੱਚ ਇਹ ਉਪਦੇਸ਼ ਵੀ ਦਿੱਤਾ ਕਿ, "ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਭਾਵ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੁੱਖੇ ਬੋਲ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ʼਰੁੱਖੇ ਬੋਲਾਂ ਵਾਲਾʼ ਕਹਿ ਕੇ ਹੀ ਯਾਦ ਕਰਦੇ ਹਨ। ਰੁੱਖਾ ਮਨੁੱਖ ਭਾਵ ਪ੍ਰੇਮ ਤੋਂ ਸੱਖਣਾ ਮਨੁੱਖ ਵਾਹਿਗੁਰੂ ਦੀ ਦਰਗਾਹ ਤੋਂ ਫਿਟਕਾਰਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ ਭਾਵ ਫਿਟਕਾਰਾਂ ਪੈਂਦੀਆਂ ਹਨ। ਇਸ ਲਈ ਪ੍ਰੇਮ ਤੋਂ ਖਾਲੀ ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਭਾਵ ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ"। ਪ੍ਰੇਮ ਤੋਂ ਖਾਲੀ ਹੋਣਾ ਜਿੰਦਗੀ ਵਿੱਚ ਨਿਰਾਸ਼ਾ ਪੈਦਾ ਕਰਦਾ ਹੈ। ਫਿਰ ਦੂਸਰਿਆਂ ਦੇ ਔਗਣ ਦੇਖ ਕੇ ਚਰਚਾ ਜਾਂ ਨਿੰਦਾ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਆਪਣੇ ਔਗਣ ਦਿਖਾਈ ਨਹੀਂ ਦਿੰਦੇ ਅਤੇ ਹਰ ਇੱਕ ਵਿੱਚੋਂ ਹੀ ਔਗਣ ਦਿਸਣ ਲੱਗ ਜਾਂਦੇ ਹਨ। ਦੂਸਰਿਆਂ ਦੇ ਔਗਣ ਦੇਖਦਿਆਂ ਉਹਨਾਂ ਔਗਣਾਂ ਦੀ ਚਰਚਾ ਤੇ ਨਿੰਦਾ ਕਰਨ ਦੀ ਆਦਤ ਪੈਦਾ ਹੋ ਜਾਂਦੀ ਹੈ। ਇਸ ਆਦਤ ਕਰਕੇ ਹੀ ਮਨੁੱਖ ਆਪਣੇ ਅੰਦਰੋਂ ਹਮੇਸ਼ਾਂ ਹੀ ਨਾ-ਸੰਤੁਸ਼ਟ ਹੋ ਕੇ ਜਿਉਂਦਾ ਹੈ ਫਿਰ ਚਾਰ ਚੁਫੇਰੇ ਖੁਸ਼ਕ ਤੇ ਘਟੀਆਂ ਸਮਾਜ ਹੀ ਦਿਖਾਈ ਦਿੰਦਾ ਹੈ। ਜਿੰਦਗੀ ਦੇ ਅੰਦਰਲੇ ਮਾਨਸਿਕ ਵਾਤਾਵਰਣ ਵਿੱਚ ਖਿਝਣ ਤੇ ਚਿੜਣ ਦੇ ਬੀਜ ਬੀਜੇ ਜਾਂਦੇ ਹਨ। ਇਹਨਾਂ ਬੀਜਾਂ ਦਾ ਸਦਕਾ ਹੀ ਘਰ, ਸਮਾਜ, ਕੌਮ ਜਾਂ ਦੇਸ਼ ਵਿੱਚ ਕੁੜੱਤਣ ਵਾਲਾ ਮਹੌਲ ਸਿਰਜਿਆ ਜਾਂਦਾ ਹੈ। ਇਸ ਨੂੰ ਸਮਾਜਿਕ ਬੁਰਿਆਈ ਸਮਝ ਕੇ ਕੱੜਤਣ ਨੂੰ ਦੂਰ ਕਰਨ ਲਈ ਯਤਨ ਕੀਤੇ ਜਾਂਦੇ ਹਨ ਪ੍ਰੰਤੂ ਕੁੜਤਣ ਹੋਰ ਵਧਦੀ ਹੀ ਜਾਂਦੀ ਹੈ ਕਿਉਂ ਕਿ ਇਸ ਦੀ ਬੀਮਾਰੀ ਸਾਡੀ ਸੋਚ ਤੇ ਸੁਭਾਅ ਵਿੱਚ ਹੈ ਅਤੇ ਇਸ ਦਾ ਇਲਾਜ਼ ਵੀ ਗੁਰਬਾਣੀ ਦੀਆਂ ਸਿੱਖਿਆਵਾਂ ਦੇ ਗਿਆਨ ਨੂੰ ਜਿੰਦਗੀ ਵਿੱਚ ਧਾਰਣ ਕਰਨ ਨਾਲ ਹੀ ਹੋਵੇਗਾ।
ਰੁੱਖੇ ਬੋਲਾਂ ਦੀ ਕੁੜੱਤਣ ਭਰੇ ਸਮਾਜ ਵਿੱਚ ਸੁਧਾਰ ਪੈਦਾ ਕਰਨ ਲਈ ਪਹਿਲਾਂ ਆਪਣੀ ਨਿੱਜੀ ਜਿੰਦਗੀ ਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਵਰਤੋਂ ਵਿਵਹਾਰ ਵਿੱਚ ਮਿਠਾਸ ਭਰਿਆ ਮਹੌਲ ਸਿਰਜਣ ਦੀ ਸ਼ੁਰੂਆਤ ਕਰਨੀ ਪਵੇਗੀ। ਜਿੰਦਗੀ ਵਿੱਚ ਮਿਠਾਸ ਭਰਨ ਵਾਲੇ ਕੀਮਤੀ ਗੁਣਾਂ ਨੂੰ ਸ੍ਰੀ ਜਪੁ ਜੀ ਸਾਹਿਬ ਵਿੱਚ ਸਤਿਗੁਰੂ ਜੀ ਨੇ ʼਅਮੁੱਲ ਗੁਣʼ ਕਿਹਾ ਹੈ ਭਾਵ ਜੋ ਮੁੱਲ ਨਹੀਂ ਮਿਲ ਸਕਦੇ। ਇਹਨਾਂ ਕੀਮਤੀ ਅਨਮੋਲ ਗੁਣਾਂ ਦੇ ʼਅਮੁੱਲ ਖਜ਼ਾਨੇʼ ਦੀ ਗੱਲ ਕਰਦਿਆਂ ਸਾਨੂੰ ਅਨਮੋਲ ਗੁਣਾਂ ਦੇ ʼਅਮੁੱਲ ਵਾਪਾਰੀʼ ਬਨਣ ਦੀ ਪ੍ਰੇਰਨਾਂ ਵੀ ਦਿੱਤੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਆਦਤ ਬਣਾ ਲਈਏ ਕਿ ਜਿਸ ਵੱਲ ਵੀ ਦੇਖੀਏ ਉਸ ਵਿੱਚੋਂ ਕੇਵਲ ਗੁਣ ਹੀ ਦੇਖੀਏ। ਜੇ ਦੂਸਰਿਆਂ ਵਿੱਚੋਂ ਗੁਣ ਦੇਖਣ ਦੀ ਆਦਤ ਪ੍ਰਪੱਕ ਹੋ ਜਾਵੇ ਤਾਂ ਸਾਨੂੰ ਆਪਣੇ ਔਗਣ ਦੇਖਣ ਦੀ ਜੁਗਤ ਪ੍ਰਾਪਤ ਹੁੰਦੀ ਹੈ। ਜੇ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਇਹ ਆਦਤ ਬਣ ਜਾਵੇ ਤਾਂ ਵਾਹਿਗੁਰੂ ਜੀ ਦੇ ਪੈਦਾ ਕੀਤੇ ਜੀਵਾਂ ਵਿੱਚ ਚਾਰ ਚੇਫੇਰੇ ਵਰਤ ਰਹੇ ਗੁਣਾਂ ਦੇ ਵਰਤਾਰੇ ਦਿੱਸਣ ਲੱਗ ਜਾਣਗੇ। ਕੋਇਲ ਵਰਗੇ ਜਾਨਵਰ ਦੀ ਮਿੱਠੀ ਬੋਲੀ ਨੂੰ ਸੁਣ ਕੇ ਹਿਰਦਾ ਕਹੇਗਾ, "ਇਸ ਨੂੰ ਕਹਿੰਦੇ ਹਨ ਮਿੱਠੇ ਬੋਲ"।
ਸੱਚ ਜਾਣਿਓ ! ਫਿਰ ਹਿਰਦੇ ਵਿੱਚ ਅਰਦਾਸ ਨਿੱਕਲੇਗੀ ਕਿ "ਹੇ ਵਾਹਿਗੁਰੂ ਜੀ !! ਸਾਨੂੰ ਸਾਰਿਆਂ ਨੂੰ ਇਹ ਮਿਠੇ ਮਿੱਠੇ ਬੋਲਾਂ ਦੀ ਦਾਤ ਬਖਸ਼ੋ ਜੀ"। ਕੇਵਲ ਅਰਦਾਸ ਹੀ ਨਹੀਂ ਯਤਨ ਵੀ ਸ਼ੁਰੂ ਕਰਨੇ ਹੋਣਗੇ। ਆਪਣੇ ਆਪ ਨਾਲ ਵਾਅਦਾ ਕਰਨਾ ਹੋਵੇਗਾ ਕਿ ਹਮੇਸ਼ਾਂ ਮਿੱਠੇ ਬੋਲ ਹੀ ਬੋਲਣੇ ਹਨ। ਜਦੋਂ ਮਨ ਨਾ-ਸੰਤੁਸ਼ਟੀ ਵਿੱਚ ਖਿਝਿਆ ਹੋਵੇ ਜਾਂ ਫਿਰ ਨਫਰਤ, ਈਰਖਾਂ ਜਾਂ ਗੁੱਸੇ ਦੀ ਅੱਗ ਵਿੱਚ ਤਪਿਆ ਹੋਵੇ ਤਾਂ ਚੁੱਪ ਹੀ ਰਹਿਣਾ ਹੋਵੇਗਾ। ਜੇ ਸਾਡਾ ਮਨ ਕਦੀ ਜਿੰਦਗੀ ਵਿੱਚ ਰੁੱਖੇ ਜਾਂ ਕੌੜੇ ਬੋਲ ਬੋਲਣ ਦੀ ਗਲਤੀ ਕਰ ਬੈਠੇ ਤਾਂ ਅਰਦਾਸ ਕਰਕੇ ਵਾਹਿਗੁਰੂ ਜੀ ਤੋਂ ਮੁਆਫੀ ਮੰਗਣੀ ਹੋਵੇਗੀ ਕਿ "ਹੇ ਵਾਹਿਗੁਰੂ ਜੀ !! ਅੱਗੇ ਤੋਂ ਮੈਨੂੰ ਇਸ ਗਲਤੀ ਤੋਂ ਬਚਾ ਕੇ ਰੱਖਣਾ ਅਤੇ ਹਮੇਸ਼ਾਂ ਮਿੱਠੇ ਬੋਲਾਂ ਦੀ ਦਾਤ ਦੇ ਕੇ ਬਖਸ਼ੀ ਰੱਖਣਾ ਜੀ"। ਭਵਿੱਖ ਵਿੱਚ ਮਿੱਠੇ ਬੋਲ ਬੋਲਣ ਦਾ ਵਾਅਦਾ ਨਿਭਾਉਣ ਲਈ ਵਾਹਿਗੁਰੂ ਜੀ ਤੋਂ ਸਮਰੱਥਾ ਪ੍ਰਾਪਤ ਕਰਨ ਲਈ ਸੰਗਤ, ਗੁਰਬਾਣੀ ਦਾ ਪਾਠ-ਕੀਰਤਨ-ਕਥਾ, ਸੇਵਾ ਤੇ ਸਿਮਰਨ ਰਾਹੀਂ ਯਤਨ ਕਰਨੇ ਹੋਣਗੇ। ਇਹ ਅਭਿਆਸ ਇੱਕ ਦਿਨ ਬਖਸ਼ਿਸ਼ ਤੱਕ ਲੈ ਜਾਵੇਗਾ ਅਤੇ ਅਸੀਂ ਮਿੱਠ ਬੋਲੜੇ ਵਾਹਿਗੁਰੂ ਜੀ ਦੇ ਪੈਦਾ ਕੀਤੇ ਭੁੱਲੜ ਇਨਸਾਨ ਵੀ ʼਮਿੱਠਾਸ ਦੇ ਸਾਗਰʼ ਸਤਿਗੁਰੂ ਜੀ ਦੇ ਪਿਆਰੇ ਤੇ ਮਿੱਠੇ ਜੀਵਨ ਵਾਲੇ ਸਚਿਆਰੇ ਗੁਰਸਿੱਖ ਬਨਣ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ।

ਸੰਤੁਸ਼ਟੀ

ਸੰਤੁਸ਼ਟੀ


ਤਸੱਲੀ, ਨਿਸ਼ਾ, ਸੰਤੋਖ contented ਅਸ਼ੋਕ, ਸੁਖੀ, ਪ੍ਰਸੰਨ, ਰਾਜ਼ੀ, ਸੰਤੋਖੀ
satisfaction,  content,  gratification,  contentment
ਸੰਤੁਸ਼ਟੀ ਕੀ ਹੈ?

ਉਹ ਵਿਅਕਤੀ ਜੋ ਸਿਹਤਮੰਦ, ਤਾਜ਼ਾ ਤੇ ਨੌਜਵਾਨ ਮਹਿਸੂਸ ਕਰਦਾ ਹੈ, ਉਹੀ ਸਮਝ ਸਕੇਗਾ ਕਿ ਸੰਤੁਸ਼ਟੀ ਕੀ ਹੈ, ਨਹੀਂ ਤਾਂ ਤੁਸੀਂ ਕਦੇ ਨਹੀਂ ਸਮਝ ਸਕੋਗੇ ਕਿ ਸੰਤੁਸ਼ਟੀ ਕੀ ਹੁੰਦੀ ਹੈ। ਇਹ ਸਿਰਫ ਇਕ ਸ਼ਬਦ ਬਣਿਆ ਰਹੇਗਾ।
ਸੰਤੁਸ਼ਟੀ ਤੋਂ ਭਾਵ ਹੈ ਜੋ ਕੁਝ ਹੈ, ਸੁੰਦਰ ਹੈ। ਇਹ ਅਹਿਸਾਸ ਕਿ ਜੋ ਕੁਝ ਵੀ ਹੈ, ਸ੍ਰੇਸ਼ਠ ਹੈ। ਇਸ ਤੋਂ ਬਿਹਤਰ ਸੰਭਵ ਨਹੀਂ। ਇਕ ਡੂੰਘੀ ਮਨਜ਼ੂਰੀ ਦਾ ਅਹਿਸਾਸ ਹੈ ਸੰਤੁਸ਼ਟੀ।
ਆਮ ਤੌਰ 'ਤੇ ਮਨ ਕਹਿੰਦਾ ਹੈ—ਕੁਝ ਵੀ ਠੀਕ ਨਹੀਂ ਹੈ। ਮਨ ਲੱਭਦਾ ਹੀ ਰਹਿੰਦਾ ਹੈ। ਸ਼ਿਕਾਇਤਾਂ ਰਹਿੰਦੀਆਂ ਹਨ ਕਿ ਇਹ ਗਲਤ ਹੈ, ਉਹ ਗਲਤ ਹੈ। ਮਨ ਇਨਕਾਰ ਕਰਦਾ ਹੈ। ਉਹ ਨਾ ਕਹਿਣ ਵਾਲਾ ਹੁੰਦਾ ਹੈ। ਉਹ 'ਨਹੀਂ' ਆਸਾਨੀ ਨਾਲ ਕਹਿ ਦਿੰਦਾ ਹੈ। ਮਨ ਲਈ 'ਹਾਂ' ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਮਨ ਠਹਿਰ ਜਾਂਦਾ ਹੈ। ਉਸ ਵੇਲੇ ਮਨ ਨੂੰ ਕੋਈ ਲੋੜ ਨਹੀਂ ਹੁੰਦੀ।
ਕੀ ਤੁਸੀਂ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਜਦੋਂ ਤੁਸੀਂ 'ਨਹੀਂ' ਕਹਿੰਦੇ ਹੋ ਤਾਂ ਮਨ ਅੱਗੇ ਹੋਰ ਅੱਗੇ ਸੋਚ ਸਕਦਾ ਹੈ ਕਿਉਂਕਿ 'ਨਹੀਂ' 'ਤੇ ਅੰਤ ਨਹੀਂ ਹੁੰਦਾ। 'ਨਹੀਂ' ਦੇ ਅੱਗੇ ਕੋਈ ਫੁਲ ਸਟਾਪ ਨਹੀਂ, ਉਹ ਤਾਂ ਇਕ ਸ਼ੁਰੂਆਤ ਹੈ। 'ਨਹੀਂ' ਇਕ ਸ਼ੁਰੂਆਤ ਹੈ ਅਤੇ 'ਹਾਂ' ਅੰਤ ਹੈ।
ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਇਕ ਫੁਲ ਸਟਾਪ ਲੱਗ ਜਾਂਦਾ ਹੈ। ਹੁਣ ਮਨ ਕੋਲ ਸੋਚਣ ਲਈ ਕੁਝ ਨਹੀਂ ਰਹਿੰਦਾ। ਖਿਝਣ ਲਈ, ਸ਼ਿਕਾਇਤ ਕਰਨ ਲਈ ਕੁਝ ਨਹੀਂ ਰਹਿੰਦਾ। ਜਦੋਂ ਤੁਸੀਂ 'ਹਾਂ' ਕਹਿੰਦੇ ਹੋ ਤਾਂ ਮਨ ਠਹਿਰ ਜਾਂਦਾ ਹੈ ਅਤੇ ਮਨ ਦਾ ਇਹ ਠਹਿਰਨਾ ਹੀ ਸੰਤੁਸ਼ਟੀ ਹੈ।
ਸੰਤੁਸ਼ਟੀ ਕੋਈ ਦਿਲਾਸਾ ਨਹੀਂ, ਇਹ ਯਾਦ ਰੱਖੋ। ਅਸੀਂ ਬਹੁਤ ਸਾਰੇ ਲੋਕ ਦੇਖਦੇ ਹਾਂ ਜੋ ਸੋਚਦੇ ਹਨ ਕਿ ਉਹ ਸੰਤੁਸ਼ਟ ਹਨ ਕਿਉਂਕਿ ਉਹ ਤਸੱਲੀ ਦੇ ਰਹੇ ਹਨ ਖੁਦ ਨੂੰ। ਅਸਲ ਵਿਚ ਦਿਲਾਸਾ ਖੋਟਾ ਸਿੱਕਾ ਹੈ। ਜਦੋਂ ਤੁਸੀਂ ਖੁਦ ਨੂੰ ਦਿਲਾਸਾ ਦਿੰਦੇ ਹੋ ਤਾਂ ਸੰਤੁਸ਼ਟ ਨਹੀਂ ਹੁੰਦੇ।

ਸੰਤੁਸ਼ਟੀ ਦਾ ਪੁਰਸਕਾਰ


ਆਸਫ-ਉਦ-ਦੌਲਾ ਇਕ ਨੇਕ ਬਾਦਸ਼ਾਹ ਸੀ। ਜੋ ਵੀ ਉਸ ਦੇ ਸਾਹਮਣੇ ਹੱਥ ਫੈਲਾਉਂਦਾ, ਉਹ ਉਸ ਦੀ ਝੋਲੀ ਭਰ ਦਿੰਦਾ ਸੀ। ਇਕ ਦਿਨ ਉਸ ਨੇ ਇਕ ਫਕੀਰ ਨੂੰ ਗਾਉਂਦੇ ਸੁਣਿਆ—ਜਿਸ ਕੋ ਨਾ ਦੇ ਮੌਲਾ, ਉਸੇ ਦੇ ਆਸਫ-ਉਦ-ਦੌਲਾ। ਬਾਦਸ਼ਾਹ ਖੁਸ਼ ਹੋਇਆ। ਉਸ ਨੇ ਫਕੀਰ ਨੂੰ ਬੁਲਾ ਕੇ ਇਕ ਵੱਡਾ ਤਰਬੂਜ਼ ਦਿੱਤਾ। ਫਕੀਰ ਨੇ ਤਰਬੂਜ਼ ਲੈ ਲਿਆ ਪਰ ਉਹ ਦੁਖੀ ਸੀ। ਉਸ ਨੇ ਸੋਚਿਆ ਕਿ ਤਰਬੂਜ਼ ਤਾਂ ਕਿਤੇ ਵੀ ਮਿਲ ਜਾਵੇਗਾ, ਬਾਦਸ਼ਾਹ ਨੂੰ ਕੋਈ ਕੀਮਤੀ ਚੀਜ਼ ਦੇਣੀ ਚਾਹੀਦੀ ਹੈ। ਥੋੜ੍ਹੀ ਦੇਰ ਬਾਅਦ ਇਕ ਹੋਰ ਫਕੀਰ ਗਾਉਂਦਾ ਹੋਇਆ ਬਾਦਸ਼ਾਹ ਲਾਗਿਓਂ ਲੰਘਿਆ। ਉਸ ਦੇ ਬੋਲ ਸਨ—ਮੌਲਾ ਦਿਲਵਾਏ ਤੋ ਮਿਲ ਜਾਏ, ਮੌਲਾ ਦਿਲਵਾਏ ਤੋ ਮਿਲ ਜਾਏ। ਆਸਫ-ਉਦ-ਦੌਲਾ ਨੂੰ ਚੰਗਾ ਨਹੀਂ ਲੱਗਾ। ਉਸ ਨੇ ਫਕੀਰ ਨੂੰ ਬੇਮਨ ਨਾਲ 2 ਆਨੇ ਦਿੱਤੇ। ਫਕੀਰ ਨੇ 2 ਆਨੇ ਲਏ ਅਤੇ ਝੂਮਦਾ ਹੋਇਆ ਚੱਲ ਪਿਆ। ਦੋਵੇਂ ਫਕੀਰ ਰਸਤੇ ਵਿਚ ਮਿਲੇ।
ਉਨ੍ਹਾਂ ਇਕ-ਦੂਜੇ ਨੂੰ ਪੁੱਛਿਆ,''ਬਾਦਸ਼ਾਹ ਨੇ ਕੀ ਦਿੱਤਾ?''
ਪਹਿਲੇ ਨੇ ਨਿਰਾਸ਼ ਆਵਾਜ਼ ਵਿਚ ਕਿਹਾ,''ਸਿਰਫ ਇਹ ਤਰਬੂਜ਼ ਮਿਲਿਆ ਹੈ।''
ਦੂਜੇ ਨੇ ਖੁਸ਼ ਹੋ ਕੇ ਦੱਸਿਆ,''ਮੈਨੂੰ 2 ਆਨੇ ਮਿਲੇ ਹਨ।''
ਪਹਿਲੇ ਫਕੀਰ ਨੇ ਕਿਹਾ,''ਤੂੰ ਹੀ ਫਾਇਦੇ 'ਚ ਰਿਹਾ ਭਰਾ।''
ਦੂਜਾ ਫਕੀਰ ਬੋਲਿਆ,''ਜੋ ਰੱਬ ਨੇ ਦਿੱਤਾ, ਠੀਕ ਹੈ।''
ਪਹਿਲੇ ਫਕੀਰ ਨੇ ਉਹ ਤਰਬੂਜ਼ ਦੂਜੇ ਫਕੀਰ ਨੂੰ 2 ਆਨਿਆਂ ਵਿਚ ਵੇਚ ਦਿੱਤਾ। ਦੂਜਾ ਫਕੀਰ ਤਰਬੂਜ਼ ਲੈ ਕੇ ਬਹੁਤ ਖੁਸ਼ ਹੋਇਆ। ਉਸ ਨੇ ਤਰਬੂਜ਼ ਕੱਟਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਵਿਚ ਹੀਰੇ-ਜਵਾਹਰਾਤ ਭਰੇ ਸਨ। ਕੁਝ ਦਿਨ ਬਾਅਦ  ਪਹਿਲਾ ਫਕੀਰ ਫਿਰ ਆਸਫ-ਉਦ-ਦੌਲਾ ਕੋਲ ਖੈਰਾਤ ਮੰਗਣ ਗਿਆ।
ਬਾਦਸ਼ਾਹ ਨੇ ਫਕੀਰ ਨੂੰ ਪਛਾਣ ਲਿਆ। ਉਹ ਬੋਲਿਆ,''ਤੂੰ ਅਜੇ ਵੀ ਮੰਗਦਾ ਏਂ? ਉਸ ਦਿਨ ਤਰਬੂਜ਼ ਦਿੱਤਾ ਸੀ, ਉਹ ਕਿਹੋ ਜਿਹਾ ਨਿਕਲਿਆ?''
ਫਕੀਰ ਨੇ ਕਿਹਾ,''ਮੈਂ ਉਹ 2 ਆਨਿਆਂ ਵਿਚ ਵੇਚ ਦਿੱਤਾ।''
ਬਾਦਸ਼ਾਹ ਨੇ ਕਿਹਾ,''ਭਲੇ ਆਦਮੀ, ਉਸ ਵਿਚ ਮੈਂ ਤੇਰੇ ਲਈ ਹੀਰੇ-ਜਵਾਹਰਾਤ ਭਰੇ ਸਨ ਪਰ ਤੂੰ ਉਹ ਵੇਚ ਦਿੱਤਾ। ਤੇਰੀ ਸਭ ਤੋਂ ਵੱਡੀ ਕਮਜ਼ੋਰੀ ਇਹੋ ਹੈ ਕਿ ਤੇਰੇ ਕੋਲ ਸੰਤੁਸ਼ਟੀ ਨਹੀਂ ਹੈ। ਜੇ ਤੂੰ ਸੰਤੁਸ਼ਟ ਰਹਿਣ ਸਿੱਖਿਆ ਹੁੰਦਾ ਤਾਂ ਤੈਨੂੰ ਉਹ ਸਭ ਕੁਝ ਮਿਲ ਜਾਂਦਾ, ਜੋ ਤੂੰ ਸੋਚਿਆ ਵੀ ਨਹੀਂ ਸੀ ਪਰ ਤੈਨੂੰ ਤਰਬੂਜ਼ ਨਾਲ ਸੰਤੁਸ਼ਟੀ ਨਹੀਂ ਹੋਈ। ਤੂੰ ਹੋਰ ਦੀ ਆਸ ਰੱਖਣ ਲੱਗਾ, ਜਦੋਂਕਿ ਤੇਰੇ ਬਾਅਦ ਆਉਣ ਵਾਲੇ ਫਕੀਰ ਨੂੰ ਸੰਤੁਸ਼ਟੀ ਦਾ ਪੁਰਸਕਾਰ ਮਿਲਿਆ।''

ਮਨੁੱਖੀ ਦੇਹ ਵਿਚ ਮਨ ਦੀ ਖਾਸ ਥਾਂ ਹੈ ਕਿਉਂਕਿ ਮਨ ਵਿਚ ਜੇ ਸੰਤੁਸ਼ਟੀ ਹੈ ਤਾਂ ਸਾਰੀ ਦੁਨੀਆ ਸੰਤੁਸ਼ਟ ਨਜ਼ਰ ਆਉਂਦੀ ਹੈ ਅਤੇ ਮਨ ਦੇ ਅੰਦਰ ਪਿਆਰ ਹੈ ਤਾਂ ਸਾਰੀ ਦੁਨੀਆ ਹੱਸਦੀ-ਗਾਉਂਦੀ ਤੇ ਖੁਸ਼ ਨਜ਼ਰ ਆਉਂਦੀ ਹੈ। ਮਤਲਬ ਇਹ ਹੋਇਆ ਕਿ ਮਨ ਠੀਕ ਹੋਵੇ ਤਾਂ ਸਭ ਕੁਝ ਚੰਗਾ ਲੱਗਦਾ ਹੈ, ਨਹੀਂ ਤਾਂ ਸਭ ਕੁਝ ਬੁਰਾ ਜਾਪਦਾ ਹੈ। ਇਨਸਾਨ ਵਿਆਕੁਲ ਤੇ ਬੇਚੈਨ ਰਹਿੰਦਾ ਹੈ। ਉਸ ਨੂੰ ਨਾ ਤਾਂ ਘਰ ਵਿਚ ਚੈਨ ਆਉਂਦਾ ਹੈ ਅਤੇ ਨਾ ਹੀ ਬਾਹਰ ਜਾਣ ਦੀ ਇੱਛਾ ਹੁੰਦੀ ਹੈ ਕਿਉਂਕਿ ਮਨ ਠੀਕ ਨਹੀਂ।
ਮਨ ਦੇ ਅੰਦਰ ਈਰਖਾ, ਵੈਰ, ਵਿਰੋਧ, ਹਿੰਸਾ, ਜ਼ਾਲਮਪੁਣਾ ਤੇ ਆਪਣੇ ਪੂਰਵਜਾਂ ਦੇ ਸੰਸਕਾਰਾਂ ਦੀ ਛਾਪ ਬਣੀ ਰਹਿੰਦੀ ਹੈ। ਜਿਨ੍ਹਾਂ ਆਦਤਾਂ ਨੂੰ ਅਸੀਂ ਬਦਲ ਨਹੀਂ ਸਕਦੇ, ਉਹ ਲਹਿਰ ਬਣ ਕੇ, ਬੀਜ ਬਣ ਕੇ, ਸੰਸਕਾਰ ਬਣ ਕੇ ਕਰਮਾਂ ਵਿਚ ਨਜ਼ਰ ਆਉਂਦੀਆਂ ਹਨ। ਅਨੁਕੂਲ ਮਾਹੌਲ ਮਿਲਣ 'ਤੇ ਉਹ ਭਿਆਨਕ ਰੂਪ ਧਾਰ ਕੇ ਸਾਹਮਣੇ ਪ੍ਰਗਟ ਹੋ ਜਾਂਦੀਆਂ ਹਨ। ਇਸੇ ਕਾਰਨ ਇਨਸਾਨ ਨੂੰ ਦੁੱਖ ਭੋਗਣਾ ਪੈਂਦਾ ਹੈ।
ਮਨ ਵਿਚ ਦੱਬੀਆਂ ਇੱਛਾਵਾਂ ਆਦਤ ਬਣ ਕੇ ਹਮੇਸ਼ਾ ਸਾਹਮਣੇ ਆਉਂਦੀਆਂ ਹਨ। ਸੰਵੇਦਨਸ਼ੀਲ ਵਿਅਕਤੀ ਬਹੁਤ ਵਾਰ ਖੁਦ ਹੀ ਆਪਣੀ ਆਦਤ ਤੋਂ ਸ਼ਰਮਿੰਦਾ ਹੋ ਜਾਂਦਾ ਹੈ ਅਤੇ ਖੁਦ ਤੋਂ ਸ਼ਰਮਿੰਦਾ ਹੋਣਾ ਚੰਗੀ ਗੱਲ ਹੁੰਦੀ ਹੈ। ਇਹ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ।

ਖੁਦ ਨੂੰ ਤਸੱਲੀ

ਸੰਤੁਸ਼ਟੀ ਕੋਈ ਤਸੱਲੀ ਨਹੀਂ ਹੁੰਦੀ। ਬਹੁਤ ਸਾਰੇ ਲੋਕ ਦੇਖੇ ਗਏ ਹਨ, ਜੋ ਸੋਚਦੇ ਹਨ ਕਿ ਉਹ ਸੰਤੁਸ਼ਟ ਹਨ ਕਿਉਂਕਿ ਉਹ ਖੁਦ ਨੂੰ ਤਸੱਲੀ ਦੇ ਰਹੇ ਹਨ। ਤਸੱਲੀ ਇਕ ਖੋਟਾ ਸਿੱਕਾ ਹੈ। ਜਦੋਂ ਤੁਸੀਂ ਖੁਦ ਨੂੰ ਤਸੱਲੀ ਦਿੰਦੇ ਹੋ ਤਾਂ ਤੁਸੀਂ ਸੰਤੁਸ਼ਟ ਨਹੀਂ ਹੁੰਦੇ। ਅਸਲ ਵਿਚ ਸਾਡੇ ਅੰਦਰ ਬਹੁਤ ਡੂੰਘੀ ਅਸੰਤੁਸ਼ਟੀ ਹੁੰਦੀ ਹੈ ਪਰ ਇਹ ਸਮਝ ਕੇ ਕਿ ਅਸੰਤੁਸ਼ਟੀ ਨਾਲ ਚਿੰਤਾ ਦਾ ਜਨਮ ਹੁੰਦਾ ਹੈ, ਅਸੰਤੁਸ਼ਟੀ ਪ੍ਰੇਸ਼ਾਨੀ ਪੈਦਾ ਕਰਦੀ ਹੈ ਅਤੇ ਅਸੰਤੁਸ਼ਟੀ ਨਾਲ ਕੋਈ ਹੱਲ ਨਹੀਂ ਨਿਕਲਦਾ, ਅਸੀਂ ਬੌਧਿਕ ਤੌਰ 'ਤੇ ਖੁਦ ਨੂੰ ਸਮਝਾ-ਬੁਝਾ ਲੈਂਦੇ ਹਾਂ ਪਰ ਇਹ ਕੋਈ ਢੰਗ ਨਹੀਂ ਹੈ। ਤੁਸੀਂ ਇਕ ਝੂਠੀ ਸੰਤੁਸ਼ਟੀ ਦੀ ਚਾਦਰ ਲੈ ਲਈ ਹੈ। ਤੁਸੀਂ ਕਹਿੰਦੇ ਰਹਿੰਦੇ ਹੋ,''ਮੈਂ ਸੰਤੁਸ਼ਟ ਹਾਂ। ਮੈਂ ਸਿੰਘਾਸਨਾਂ ਦੇ ਪਿੱਛੇ ਨਹੀਂ ਭੱਜਦਾ, ਮੈਂ ਪੈਸੇ ਦੀ ਇੱਛਾ ਨਹੀਂ ਰੱਖਦਾ। ਮੈਂ ਕਿਸੇ ਗੱਲ ਦੀ ਆਸ ਨਹੀਂ ਰੱਖਦਾ।'' ਪਰ ਤੁਸੀਂ ਇੱਛਾਵਾਂ ਰੱਖਦੇ ਹੋ, ਨਹੀਂ ਤਾਂ ਇਹ ਆਸਾਂ ਨਾ ਰੱਖਣ ਦੀ ਗੱਲ ਕਿਥੋਂ ਆਉਂਦੀ? ਤੁਸੀਂ ਕਾਮਨਾਵਾਂ ਕਰਦੇ ਹੋ ਪਰ ਤੁਸੀਂ ਜਾਣ ਲੈਂਦੇ ਹੋ ਕਿ ਇਨ੍ਹਾਂ ਇੱਛਾਵਾਂ ਤੇ ਕਾਮਨਾਵਾਂ ਤਕ ਪਹੁੰਚ ਸਕਣਾ ਲੱਗਭਗ ਅਸੰਭਵ ਹੀ ਹੈ ਤਾਂ ਤੁਸੀਂ ਚਲਾਕੀ ਕਰਦੇ ਹੋ, ਤੁਸੀਂ ਹੁਸ਼ਿਆਰੀ ਕਰਦੇ ਹੋ। ਤੁਸੀਂ ਖੁਦ ਨੂੰ ਕਹਿੰਦੇ ਹੋ ਕਿ ਮੰਜ਼ਿਲ ਤਕ ਪਹੁੰਚ ਸਕਣਾ ਅਸੰਭਵ ਹੈ ਪਰ ਫਿਰ ਵੀ ਤੁਸੀਂ ਖੁਦ ਨੂੰ ਵਿਚਾਰਾ ਤੇ ਮਜਬੂਰ ਕਹਾਉਣਾ ਨਹੀਂ ਚਾਹੁੰਦੇ। ਤੁਸੀਂ ਇਕ ਬਹੁਤ ਚੰਗੀ ਕਹਾਣੀ ਸੁਣੀ ਹੋਵੇਗੀ। ਇਕ ਲੂੰਬੜੀ ਇਕ ਬਗੀਚੇ ਵਿਚ ਜਾਂਦੀ ਹੈ। ਉਹ ਉੱਪਰ ਦੇਖਦੀ ਹੈ। ਅੰਗੂਰਾਂ ਦੇ ਗੁੱਛੇ ਲਟਕ ਰਹੇ ਹਨ। ਉਹ ਉੱਚੀ ਛਾਲ ਮਾਰਦੀ ਹੈ ਪਰ ਉਥੋਂ ਤਕ ਪਹੁੰਚ ਨਹੀਂ ਸਕਦੀ। ਉਹ ਬਹੁਤ ਕੋਸ਼ਿਸ਼ ਕਰਦੀ ਹੈ ਪਰ ਪਹੁੰਚ ਨਹੀਂ ਸਕਦੀ। ਫਿਰ ਉਹ ਚਾਰੇ ਪਾਸੇ ਦੇਖਦੀ ਹੈ ਕਿ ਕਿਸੇ ਨੇ ਉਸ ਦੀ ਹਾਰ ਦੇਖੀ ਤਾਂ ਨਹੀਂ। ਫਿਰ ਉਹ ਆਕੜ ਕੇ ਤੁਰ ਪੈਂਦੀ ਹੈ। ਇਕ ਨਿੱਕਾ ਜਿਹਾ ਖਰਗੋਸ਼ ਝਾੜੀਆਂ ਵਿਚੋਂ ਬਾਹਰ ਆਉਂਦਾ ਹੈ ਅਤੇ ਪੁੱਛਦਾ ਹੈ,''ਮਾਸੀ, ਕੀ ਹੋਇਆ?'' ਉਸ ਨੇ ਦੇਖ ਲਿਆ ਕਿ ਲੂੰਬੜੀ ਹਾਰ ਗਈ। ਉਹ ਪਹੁੰਚ ਨਹੀਂ ਸਕੀ ਪਰ ਲੂੰਬੜੀ ਕਹਿੰਦੀ ਹੈ,''ਕੁਝ ਨਹੀਂ ਹੋਇਆ, ਅੰਗੂਰ ਖੱਟੇ ਹਨ।''

ਇਨਸਾਨ ਕੋਲ ਭਾਵੇਂ ਕਿੰਨਾ ਵੀ ਸੁੱਖ ਤੇ ਸਹੂਲਤਾਂ ਹੋ ਜਾਣ, ਉਸ ਨੂੰ ਘੱਟ ਹੀ ਲਗਦਾ ਹੈ ਅਤੇ ਜ਼ਿਆਦਾ ਦੀ ਭਾਲ ਬਣੀ ਰਹਿੰਦੀ ਹੈ। ਇਹੋ ਕਾਰਨ ਹੈ ਕਿ ਸੁੱਖ ਨਹੀਂ ਮਿਲਦਾ। ਜੇ ਜੀਵਨ ਵਿਚ ਸੁੱਖ ਚਾਹੀਦਾ ਹੈ ਤਾਂ ਸੰਤੁਸ਼ਟੀ ਦੀ ਭਾਵਨਾ 'ਚ ਆਉਣਾ ਹੀ ਪਵੇਗਾ, ਨਹੀਂ ਤਾਂ ਬਹੁਤ ਕੁਝ ਹੋਣ 'ਤੇ ਵੀ ਸੁੱਖ ਨਹੀਂ ਮਿਲੇਗਾ।

ਸੁੱਖ, ਸੰਤੁਸ਼ਟੀ ਤੇ ਸ਼ਾਂਤੀ ਦਾ ਨਾਂ ਹੈ ਸਫਲਤਾ


ਮਨ ਵਿਚ ਸਫਲਤਾ ਦੀ ਇੱਛਾ ਹੈ ਤਾਂ ਤੁਸੀਂ ਜ਼ਰੂਰ ਸਫਲ ਹੋਵੋਗੇ। ਹਰ ਕੰਮ ਦੇ 2 ਪੱਖ ਹੁੰਦੇ ਹਨ—ਨਾਂਹਪੱਖੀ ਤੇ ਹਾਂਪੱਖੀ। ਜੋ ਹਾਂਪੱਖੀ ਪੱਖ ਹੈ, ਉਸ 'ਤੇ ਮਨ ਨੂੰ ਟਿਕਾਉਣਾ ਚਾਹੀਦਾ ਹੈ। ਚੰਗਾ ਸੋਚਦੇ-ਸੋਚਦੇ ਹਿੰਮਤ ਜੁਟਾਉਣੀ ਅਤੇ ਅੱਗੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਾਂ ਤੇ ਮੌਕਾ ਹੱਥੋਂ ਨਿਕਲਣ ਨਾ ਦਿਓ। ਹਰ ਵਿਅਕਤੀ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਪਰ ਸਮਾਂ ਇਕੋ ਵਾਰ ਮਿਲਦਾ ਹੈ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਦਾ ਮੌਕਾ ਵੀ ਉਹੋ ਹੁੰਦਾ ਹੈ। ਜੇ ਉਡੀਕ ਕਰਦੇ ਰਹਾਂਗੇ, ਇਹ ਸੋਚਾਂਗੇ ਕਿ ਅਜੇ ਥੋੜ੍ਹੀ ਦੇਰ ਰੁਕ ਜਾਈਏ, ਫਿਰ ਕਰ ਲਵਾਂਗੇ ਤਾਂ ਉਹ ਗਲਤ ਹੈ। ਇਸ ਲਈ ਕੋਸ਼ਿਸ਼ ਜਾਰੀ ਰੱਖੋ, ਲਗਾਤਾਰ ਕੰਮ ਕਰਦੇ ਰਹੋ, ਇਹੋ ਸਫਲਤਾ ਵੱਲ ਤੁਹਾਡਾ ਪਹਿਲਾ ਕਦਮ ਹੈ। ਲੋਕ ਸਫਲਤਾ ਦਾ ਮਤਲਬ ਸਮਝਦੇ ਹਨ ਕਿ ਥੋੜ੍ਹਾ ਜਿਹਾ ਪੈਸਾ ਇਕੱਠਾ ਹੋ ਜਾਵੇ ਤਾਂ ਅਸੀਂ ਸਫਲ ਹਾਂ। ਕਈ ਲੋਕ ਕਹਿੰਦੇ ਹਨ ਕਿ ਥੋੜ੍ਹੀ ਸੱਤਾ ਸਾਨੂੰ ਮਿਲ ਜਾਵੇ ਤਾਂ ਅਸੀਂ ਸਫਲ ਹਾਂ। ਕੁਝ ਸੋਚਦੇ ਹਨ ਕਿ ਮਕਾਨ ਵਧੀਆ ਬਣਾ ਲਈਏ ਤਾਂ ਅਸੀਂ ਸਫਲ ਹਾਂ। ਕੁਝ ਸੋਚਦੇ ਹਨ ਕਿ ਜੇ ਸੰਗਠਨ ਮਜ਼ਬੂਤ ਹੋਵੇ ਤਾਂ ਅਸੀਂ ਸਫਲ ਹਾਂ। ਹੁਣ ਸਫਲਤਾ ਕਿਸ ਨੂੰ ਮੰਨਿਆ ਜਾਵੇ? ਅਸਲ ਵਿਚ ਸਫਲਤਾ ਉਹ ਚੀਜ਼ ਹੈ, ਜਿਸ ਨਾਲ ਤੁਹਾਡੀ ਜ਼ਿੰਦਗੀ ਵਿਚ ਸੁੱਖ, ਸੰਤੁਸ਼ਟੀ, ਸ਼ਾਂਤੀ ਤੇ ਖੁਸ਼ੀ ਬਣੀ ਰਹੇ ਅਤੇ ਤੁਸੀਂ ਭਵਿੱਖ ਨੂੰ ਸੁਖਦਾਇਕ ਸਥਿਤੀ ਵਿਚ ਮਹਿਸੂਸ ਕਰਨ ਲੱਗ ਪਵੋ।

ਦੀਨ-ਦੁਨੀਆਂ ਦੇ ਝੰਜਟਾਂ ਤੋਂ ਬੇਖ਼ਬਰ ਸੁੱਤੇ ਬੱਚੇ ਨੂੰ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ! ਉਸ ਦੇ ਚਿਹਰੇ ਤੇ ਕਿੰਨੀ ਸ਼ਾਂਤੀ ਹੁੰਦੀ ਹੈ। ਸਾਡਾ ਦਿਲ ਕਹਿੰਦਾ ਹੈ ਕਿ ਕਾਸ਼ ਅਸੀਂ ਵੀ ਇਸੇ ਤਰ੍ਹਾਂ ਨਿਸ਼ਚਿੰਤ ਹੋ ਕੇ ਪੂਰੀ ਸੰਤੁਸ਼ਟੀ ਨਾਲ ਜੀਵਨ ਜੀ ਸਕਦੇ। ਪਰ ਅੱਜ ਜ਼ਿੰਦਗੀ ਵਿਚ ਸੰਤੁਸ਼ਟੀ ਪਾਉਣੀ ਬਹੁਤ ਹੀ ਮੁਸ਼ਕਲ ਹੈ। ਜੇ ਮਿਲਦੀ ਵੀ ਹੈ, ਤਾਂ ਝੱਟ ਖ਼ਤਮ ਹੋ ਜਾਂਦੀ ਹੈ।
ਸੰਤੁਸ਼ਟੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਇਹ ਗੱਲ ਯਾਦ ਰੱਖੀਏ ਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਫਿਰ ਅਸੀਂ ਆਪਣੀਆਂ ਤੇ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਦੁਖੀ ਨਹੀਂ ਹੋਵਾਂਗੇ। ਸੰਤੁਸ਼ਟੀ ਪਾਉਣ ਲਈ ਪਹਿਲਾ ਕਦਮ ਹੈ ਕਿ ਅਸੀਂ ਆਪਣੀਆਂ ਕਮੀਆਂ ਨੂੰ ਪਛਾਣੀਏ।
ਇਹ ਇਕ ਅਸਲੀਅਤ ਹੈ ਕਿ ਹਰ ਚੀਜ਼ ਸਮੇਂ ਨਾਲ ਹੀ ਮਿਲਦੀ ਹੈ। ਪਰ ਕੀ ਤੁਸੀਂ ਦੇਖਿਆ ਹੈ ਕਿ ਜਦ ਸਾਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਹੈ ਤੇ ਆਸ ਤੋਂ ਉਲਟ ਸਾਨੂੰ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਹੈ, ਤਾਂ ਅਸੀਂ ਕਿੰਨੇ ਬੇਚੈਨ ਹੋਣ ਲੱਗ ਪੈਂਦੇ ਹਾਂ? ਜਾਂ ਜਦੋਂ ਕੋਈ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈਂਦੀ, ਤਾਂ ਅਸੀਂ ਕਾਹਲ ਮਹਿਸੂਸ ਕਰਨ ਲੱਗ ਪੈਂਦੇ ਹਾਂ? ਪਰ ਅਜਿਹੇ ਮੌਕਿਆਂ ਤੇ ਵੀ ਕਈ ਇਨਸਾਨ ਸਬਰ ਰੱਖਦੇ ਹੋਏ ਸੰਤੁਸ਼ਟ ਰਹੇ ਹਨ।

ਤੁਹਾਡੀ ਆਪਣੀ ਇਕ ਅਲੱਗ ਪਛਾਣ ਹੈ। ਇਕ ਅਖਾਣ ਮੁਤਾਬਕ “ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ,” ਯਾਨੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਇਕ ਉਂਗਲੀ ਦੀ ਦੂਜੀ ਉਂਗਲੀ ਨਾਲ ਤੁਲਨਾ ਕਰਨੀ ਮੂਰਖਤਾ ਹੈ। ਅਸੀਂ ਇਨਸਾਨ ਇਸ ਤਰ੍ਹਾਂ ਕਰਦੇ ਰਹਿੰਦੇ ਹਾਂ ਤੇ ਨਤੀਜੇ ਵਜੋਂ ਆਪਣੀ ਸੰਤੁਸ਼ਟੀ ਗੁਆ ਬੈਠਦੇ ਹਾਂ।   “ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉਪਰ ਮਾਣ ਕਰ ਸਕਦਾ ਹੈ।” ਇਸ ਦਾ ਮਤਲਬ ਹੈ ਕਿ ਸਾਨੂੰ ਅਜਿਹੇ ਟੀਚੇ ਰੱਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਫਿਰ ਸਾਨੂੰ ਪੂਰੀ ਵਾਹ ਲਾ ਕੇ ਕੰਮ ਕਰਨਾ ਚਾਹੀਦਾ ਹੈ। ਆਪਣੀ ਮੰਜ਼ਲ ਤੇ ਪਹੁੰਚਣ ਤੇ ਅਸੀਂ ਉਸ ਤੇ ‘ਮਾਣ ਕਰ ਸਕਾਂਗੇ’ ਅਤੇ ਇਸ ਤੋਂ ਸਾਨੂੰ ਸੰਤੁਸ਼ਟੀ ਹਾਸਲ ਹੋਵੇਗੀ।

ਸੰਤੁਸ਼ਟੀ

ਦਰੱਖਤ ਦੀ ਛਾਂ ਹੇਠ ਲੇਟ ਕੇ ਖਰਬੂਜੇ ਵੇਚ ਰਹੇ ਬਜ਼ੁਰਗ ਨੂੰ ਇਕ ਆਦਮੀ ਨੇ ਪੁੱਛਿਆ, “ਖਰਬੂਜੇ ਕਿਸ ਭਾਅ ਵੇਚੇ ਜਾ ਰਹੇ ਨੇ?”
ਬਜ਼ੁਰਗ ਨੇ ਲੇਟਿਆਂ ਹੀ ਉੱਤਰ ਦਿੱਤਾ, “ਪੰਜਾਹ ਪੈਸੇ ਦਾ ਇਕ ਐ, ਕੋਈ ਲੈ ਲਓ।”
ਉਹ ਆਦਮੀ ਬਹੁਤ ਹੈਰਾਨ ਹੋਇਆ। ਉਸ ਨੇ ਬਜ਼ੁਰਗ ਨੂੰ ਕਿਹਾ, “ਤੁਹਾਨੂੰ ਇਕ ਸਲਾਹ ਦਿਆਂ। ਤੁਸੀਂ ਖਰਬੂਜੇ ਬੈਠ ਕੇ ਵੇਚਿਆ ਕਰੋ।”
ਬਜ਼ੁਰਗ ਨੇ ਪੁੱਛਿਆ, “ਬੈਠ ਕੇ ਖਰਬੂਜੇ ਵੇਚਣ ਨਾਲ ਕੀ ਹੋਏਗਾ?”
ਆਦਮੀ ਬੋਲਿਆ, “ਬੈਠ ਕੇ ਖਰਬੂਜੇ ਧਿਆਨ ਨਾਲ ਵੇਚੋ ਤਾਂ ਇਨ੍ਹਾਂ ਵਿੱਚੋਂ ਕੁਝ ਇਕ ਰੁਪਏ ਦੇ ਤੇ ਕੁਝ ਇਸ ਤੋਂ ਵੀ ਵੱਧ ਦੇ ਵਿਕ ਸਕਦੇ ਹਨ। ਇਸ ਤਰ੍ਹਾਂ ਤੁਸੀਂ ਰੋਜ਼ ਬਹੁਤ ਪੈਸੇ ਕਮਾ ਸਕਦੇ ਹੋ ਤੇ ਇੱਥੇ ਇਕ ਪੱਕੀ ਦੁਕਾਨ ਖੜੀ ਕਰਨ ਦੇ ਯੋਗ ਹੋ ਸਕਦੇ ਹੋ।”
“ਗੱਲ ਤਾਂ ਤੇਰੀ ਠੀਕ ਐ। ਪਰ ਦੁਕਾਨ ’ਚ ਮੈਂ ਕੀ ਕਰਾਂਗਾ?”
“ਦੁਕਾਨ ’ਚ ਬਹਿ ਕੇ ਤੁਸੀਂ ਆਰਾਮ ਨਾਲ ਖਰਬੂਜੇ ਵੇਚ ਸਕੋਗੇ।”
ਬਜ਼ੁਰਗ ਕੁਝ ਦੇਰ ਉਸ ਆਦਮੀ ਦੇ ਚਿਹਰੇ ਵੱਲ ਵੇਖਦਾ ਰਿਹਾ ਤੇ ਫਿਰ ਬੋਲਿਆ, “ਫਿਰ ਆਰਾਮ ਕਿੱਥੇ ਰਹਿਣੈ। ਆਰਾਮ ਨਾਲ ਤਾਂ ਮੈਂ ਹੁਣ ਖਰਬੂਜੇ ਵੇਚ ਰਿਹੈਂ।”
–ਸੁਖਵੰਤ ਮਰਵਾਹਾ

ਸ਼ਾਂਤੀ ਤੇ ਸੰਤੁਸ਼ਟੀ ਆਸਾਨੀ ਨਾਲ ਮਿਲ ਸਕਦੀ ਹੈ


ਰੂਸ ਵਿਚ ਇਕ ਕਿਸਾਨ ਰਹਿੰਦਾ ਸੀ, ਜਿਸ ਦਾ ਇਕ ਛੋਟਾ ਜਿਹਾ ਪਲਾਟ ਸੀ। ਉਸ ਦੀ ਜ਼ਿੰਦਗੀ ਬੜੀ ਸ਼ਾਂਤੀ ਤੇ ਸੰਤੁਸ਼ਟੀ ਨਾਲ ਬੀਤ ਰਹੀ ਸੀ। ਇਕ ਦਿਨ ਉਸ ਨੂੰ ਆਪਣੀ ਪਤਨੀ ਦੇ ਅਮੀਰ ਜ਼ਿਮੀਂਦਾਰ ਭਰਾ ਨਾਲ ਈਰਖਾ ਹੋ ਗਈ। ਉਸ ਨੇ ਦੇਖਿਆ ਕਿ ਉਸ ਦਾ ਸਾਲਾ ਜ਼ਮੀਨ 'ਤੇ ਜ਼ਮੀਨ ਖਰੀਦੀ ਜਾ ਰਿਹਾ ਸੀ। ਜ਼ਮੀਨ ਖਰੀਦ ਕੇ ਉਹ ਕਿਰਾਏ 'ਤੇ ਦੇ ਦਿੰਦਾ। ਜਿਵੇਂ-ਜਿਵੇਂ ਉਹ ਅਮੀਰ ਹੁੰਦਾ ਗਿਆ, ਕਿਸਾਨ ਵਿਚ ਵੀ ਅਮੀਰ ਬਣਨ ਦੀ ਇੱਛਾ ਹੋਰ ਵਧਦੀ ਗਈ। ਉਸ ਨੇ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਜ਼ਮੀਨ ਖਰੀਦ ਸਕੇ।
ਜਦੋਂ ਕਿਸਾਨ ਕੋਲ ਕਾਫੀ ਪੈਸੇ ਜਮ੍ਹਾ ਹੋ ਗਏ ਤਾਂ ਉਸ ਨੇ ਜ਼ਮੀਨ ਲੱਭਣੀ ਸ਼ੁਰੂ ਕਰ ਦਿੱਤੀ। ਉਸ ਨੇ ਸੁਣਿਆ ਕਿ ਨੇੜਲੇ ਇਲਾਕੇ ਵਿਚ ਕੋਈ ਸਸਤੀ ਜ਼ਮੀਨ ਹੈ। ਉਹ ਜ਼ਮੀਨ ਦੇਖਣ ਪਹੁੰਚਿਆ ਤਾਂ ਦੇਖਿਆ ਕਿ ਉਸ ਥਾਂ 'ਤੇ ਰਹਿਣ ਵਾਲੇ ਲੋਕ ਖਾਨਾਬਦੋਸ਼ ਸਨ। ਇਲਾਕੇ ਦੇ ਮੁਖੀ ਲਈ ਕਿਸਾਨ ਨੇ ਕੁਝ ਸੌਗਾਤਾਂ ਖਰੀਦੀਆਂ।
ਮੁਖੀ ਨੇ ਸੌਗਾਤਾਂ ਲਈ ਉਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੈਦਲ ਚੱਲ ਕੇ ਜਿੰਨੀ ਵੀ ਜ਼ਮੀਨ ਸੂਰਜ ਛਿਪਣ ਤੋਂ ਪਹਿਲਾਂ ਤੱਕ ਨਾਪ ਲਵੇਗਾ, ਓਨੀ ਜ਼ਮੀਨ ਲੈ ਸਕਦਾ ਹੈ। ਕਿਸਾਨ ਇਸ ਗੱਲ ਤੋਂ ਫੁੱਲਿਆ ਨਾ ਸਮਾਇਆ।
ਉਸ ਨੇ ਬਹੁਤ ਤੇਜ਼ ਤੁਰਨਾ ਸ਼ੁਰੂ ਕੀਤਾ ਤਾਂ ਜੋ ਉਹ ਜ਼ਿਆਦਾ ਜ਼ਮੀਨ ਨਾਪ ਸਕੇ। ਕਿਸਾਨ ਭੋਜਨ-ਪਾਣੀ ਲਈ ਰੁਕ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ ਤਾਂ ਜੋ ਥੋੜ੍ਹੀ ਹੋਰ ਜ਼ਮੀਨ ਹਾਸਲ ਕਰਨ ਦਾ ਮੌਕਾ ਨਾ ਗੁਆ ਸਕੇ। ਉਸ ਦੇ ਪੈਰ ਥੱਕ ਗਏ ਪਰ ਉਸ ਨੇ ਕੁਝ ਪਲਾਂ ਲਈ ਵੀ ਆਰਾਮ ਨਾ ਕੀਤਾ।
ਅਖੀਰ ਸੂਰਜ ਛਿਪਣ ਵਾਲਾ ਸੀ। ਭੀੜ ਨੇ ਉਸ ਦੀ ਜਿੱਤ ਲਈ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਹੀ ਉਹ ਸ਼ੁਰੂਆਤ ਵਾਲੀ ਥਾਂ 'ਤੇ ਪਹੁੰਚਿਆ, ਪਿਆਸ ਤੇ ਥਕੇਵੇਂ ਨਾਲ ਉਹ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਉਥੇ ਹੀ ਡਿੱਗ ਪਿਆ।
ਟਾਲਸਟਾਏ ਵਲੋਂ ਲਿਖੀ ਇਹ ਦੁੱਖ ਭਰੀ ਕਹਾਣੀ ਧਰਤੀ 'ਤੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦੇ ਜੀਵਨ ਤੋਂ ਬਹੁਤੀ ਵੱਖਰੀ ਨਹੀਂ। ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਇਕ ਦੌੜ ਵਿਚ ਹੀ ਬਿਤਾ ਦਿੰਦੇ ਹਨ ਤਾਂ ਜੋ ਜਿੰਨਾ ਸੰਭਵ ਹੋ ਸਕੇ, ਓਨੇ ਪੈਸੇ ਜਮ੍ਹਾ ਕਰ ਸਕਣ, ਜਿੰਨਾ ਸੰਭਵ ਹੋ ਸਕੇ, ਓਨੀ ਜ਼ਮੀਨ-ਜਾਇਦਾਦ ਕਮਾ ਸਕਣ, ਨਾਂ ਤੇ ਪ੍ਰਸਿੱਧੀ ਜਾਂ ਸੱਤਾ ਕਮਾ ਸਕਣ ਪਰ ਉਹ ਅਖੀਰ ਵਿਚ ਦੇਖਦੇ ਹਨ ਕਿ ਇਹ ਦੌੜ ਉਨ੍ਹਾਂ ਦੀ ਮੌਤ ਨਾਲ ਹੀ ਖਤਮ ਹੋ ਜਾਂਦੀ ਹੈ।
ਲੋਕ ਸੋਚਦੇ ਹਨ ਕਿ ਇਕ ਵੇਲਾ ਆਏਗਾ, ਜਦੋਂ ਉਨ੍ਹਾਂ ਕੋਲ ਇੰਨਾ ਹੋਵੇਗਾ ਕਿ ਆਰਾਮ ਨਾਲ ਬੈਠ ਕੇ ਆਪਣੀ ਮਿਹਨਤ ਦੇ ਫਲ ਦਾ ਆਨੰਦ ਮਾਣ ਸਕਣਗੇ ਪਰ ਜ਼ਿਆਦਾਤਰ ਲੋਕ ਉਹ ਸ਼ਾਂਤੀ ਮਿਲਣ ਤੋਂ ਪਹਿਲਾਂ ਹੀ ਦੁਨੀਆ ਛੱਡ ਜਾਂਦੇ ਹਨ। ਇਹ ਦੁਨੀਆ ਇਕ ਦੌੜ ਵਾਂਗ ਹੈ।


ਜੀਵਨ 'ਚ ਸੰਤੁਸ਼ਟੀ ਨਾਲ ਹੀ ਆਨੰਦ ਆਉਂਦਾ ਹੈ

ਭਾਰਤੀ ਦਰਸ਼ਨ ਕਹਿੰਦਾ ਹੈ ਕਿ ਸਫਲਤਾ ਹੀ ਸਭ ਕੁਝ ਨਹੀਂ ਸਗੋਂ ਵਿਅਕਤੀ ਨੂੰ ਸੰਤੁਸ਼ਟੀ ਵੀ ਚਾਹੀਦੀ ਹੈ। ਸਫਲਤਾ ਦੇ ਬਾਵਜੂਦ ਜੀਵਨ ਵਿਚ ਅਸਫਲਤਾ ਦਾ ਅਹਿਸਾਸ ਬਣਿਆ ਰਹੇਗਾ ਕਿਉਂਕਿ ਜੀਵਨ ਵਿਚ ਸੰਤੁਸ਼ਟੀ ਨਾਲ ਹੀ ਆਨੰਦ ਆਉਂਦਾ ਹੈ। ਅਸੀਂ ਜੋ ਵੀ ਕਰਦੇ ਹਾਂ, ਉਹ ਕਿਰਿਆ ਹੋਣਾ ਚਾਹੀਦਾ ਹੈ। ਉਸ ਵਿਚ ਕਿਸੇ ਕੰਮ ਨੂੰ ਕਰਨ ਦੀ ਇੱਛਾ ਝਲਕਣੀ ਚਾਹੀਦੀ ਹੈ। ਜੇ ਅਸੀਂ ਕੋਈ ਕੰਮ ਪ੍ਰਤੀਕਰਮ ਲੈਣ ਲਈ ਕਰਦੇ ਹਾਂ ਤਾਂ ਜੀਵਨ ਨੂੰ ਨਰਕ ਬਣਾ ਲੈਂਦੇ ਹਾਂ। ਛੋਟੀ ਜਿਹੀ ਉਦਾਹਰਣ ਦੇਖੋ, ਅਸੀਂ ਗੁੱਡ ਈਵਨਿੰਗ ਕਿਉਂ ਕਹਿੰਦੇ ਹਾਂ? ਇਸ ਲਈ ਕਿ ਆਉਣ-ਜਾਣ ਵੇਲੇ ਅਸੀਂ ਮਿਲਦੇ ਹਾਂ ਤਾਂ ਇਕ-ਦੂਜੇ ਦਾ ਸਵਾਗਤ ਕਰਦੇ ਹਾਂ। ਤਾਂ ਕੀ ਇਹ ਇਕ ਰਸਮ ਹੀ ਹੈ? ਸ਼ਾਇਦ ਨਹੀਂ ਕਿਉਂਕਿ ਇਸ ਦਾ ਮਤਲਬ ਹੁੰਦਾ ਹੈ। ਮਤਲਬ ਹੈ ਕਿ ਸ਼ਾਮ ਚੰਗੀ ਹੈ ਅਤੇ ਜੇ ਚੰਗੀ ਨਹੀਂ ਤਾਂ ਅਸੀਂ ਇਸ ਨੂੰ ਚੰਗੀ ਬਣਾ ਸਕਦੇ ਹਾਂ ਪਰ ਜੇ ਅਸੀਂ ਸ਼ਬਦਾਂ ਬਾਰੇ ਸੋਚਦੇ ਨਹੀਂ ਅਤੇ ਉਨ੍ਹਾਂ ਨੂੰ ਬਸ ਉਚਾਰਦੇ ਜਾਂਦੇ ਹਾਂ ਤਾਂ ਜੀਵਨ ਵਿਚ ਹੈਰਾਨੀ ਤੇ ਆਨੰਦ ਨਹੀਂ ਰਹਿੰਦਾ। ਅਸੀਂ ਬਸ ਗੁੱਡ ਈਵਨਿੰਗ, ਗੁੱਡ ਮਾਰਨਿੰਗ ਕਹਿੰਦੇ ਹਾਂ ਪਰ ਸਾਡਾ ਮਤਲਬ ਸਵੇਰ ਤੇ ਸ਼ਾਮ ਨੂੰ ਚੰਗਾ ਬਣਾਉਣਾ ਨਹੀਂ ਹੁੰਦਾ। ਉਸ ਵੇਲੇ ਅਸੀਂ ਸਵੇਰ ਤੇ ਸ਼ਾਮ ਨੂੰ ਮਹਿਸੂਸ ਨਹੀਂ ਕਰ ਰਹੇ ਹੁੰਦੇ। ਅਸੀਂ ਪ੍ਰਤੀਕਰਮ ਵਜੋਂ ਗੁੱਡ ਮਾਰਨਿੰਗ ਕਹਿ ਰਹੇ ਹਾਂ ਪਰ ਗੁੱਡ ਮਾਰਨਿੰਗ ਦਾ ਮਤਲਬ ਸਾਨੂੰ ਪਤਾ ਨਹੀਂ। ਇਸ ਤਰ੍ਹਾਂ ਦੇ ਜੀਵਨ ਵਿਚ ਸਾਨੂੰ ਕਦੇ ਵੀ ਹੈਰਾਨੀ ਤੇ ਖੁਸ਼ੀ ਦਾ ਅਹਿਸਾਸ ਨਹੀਂ ਹੋ ਸਕਦਾ। ਜੀਵਨ ਵਿਚ ਜੇ ਆਨੰਦ ਹਾਸਿਲ ਕਰਨਾ ਹੈ ਤਾਂ ਸਾਵਧਾਨੀ ਨਾਲ, ਜਾਗਰੂਕਤਾ ਨਾਲ ਚੀਜ਼ਾਂ ਨੂੰ ਗ੍ਰਹਿਣ ਕਰਨਾ ਪਵੇਗਾ, ਮਹਿਸੂਸ ਕਰਨਾ ਪਵੇਗਾ। ਹਰ ਛੋਟੀ ਚੀਜ਼ ਵਿਚ ਆਨੰਦ ਮਹਿਸੂਸ ਕਰਨਾ ਪਵੇਗਾ। ਮਹਿਸੂਸ ਕਰਨ ਨਾਲ ਹੀ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ।


ਸੰਤੁਸ਼ਟੀ ਕਦੇ ਨਹੀਂ ਹੋਣੀ - ਪ੍ਰੋ: ਕੁਲਜੀਤ ਕੌਰ


ਸੰਤੁਸ਼ਟੀ ਜਾਂ ਸਬਰ ਸੰਤੋਖ ਮਨ ਨੂੰ ਠੰਢ ਪਾਉਣ ਵਾਲੇ ਸ਼ਬਦ ਹਨ ਪਰ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇਗਾ, ਜੋ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ, ਭਾਵੇਂ ਉਹ ਦੂਜਿਆਂ ਸਾਹਮਣੇ ਜ਼ਾਹਿਰ ਕਰੇ ਜਾਂ ਨਾ ਪਰ ਉਸ ਦੇ ਮਨ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਥੋੜ੍ਹੀ ਜਿਹੀ ਕਸਕ ਜ਼ਰੂਰ ਰਹਿ ਜਾਂਦੀ ਹੈ।

ਕਿਸੇ ਵੀ ਇਨਸਾਨ ਦੇ ਲਈ ਆਪਣੀ ਜ਼ਿੰਦਗੀ ਵਿਚ ਥੋੜ੍ਹੀਆਂ-ਬਹੁਤੀਆਂ ਸ਼ਿਕਾਇਤਾਂ ਹੋਣਾ ਸੁਭਾਵਿਕ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਨਾਕਾਮੀਆਂ ਦੇ ਬਾਰੇ ਸੋਚ ਕੇ ਨਿਰਾਸ਼ ਹੁੰਦੇ ਰਹੀਏ, ਸਗੋਂ ਸਾਨੂੰ ਹਰ ਗਲਤੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜ਼ਿੰਦਗੀ ਵੀ ਮੌਸਮ ਦੇ ਰੰਗਾਂ ਵਾਂਗ ਬਦਲਦੀ ਹੈ। ਜੇਕਰ ਜੀਵਨ ਦਾ ਕਠਿਨ ਜਾਂ ਮੁਸ਼ਕਿਲ ਦੌਰ ਆਏ ਤਾਂ ਇਹ ਸੋਚ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਕਿ ਖੁਸ਼ੀਆਂ ਦਾ ਦੌਰ ਵਾਪਸ ਆ ਜਾਵੇਗਾ।

ਛੋਟੀਆਂ-ਛੋਟੀਆਂ ਆਸਾਂ-ਉਮੀਦਾਂ ਦਾ ਸਹਾਰਾ ਲੈ ਕੇ ਚੱਲਣ ਨਾਲ ਜ਼ਿੰਦਗੀ ਦਾ ਮੁਸ਼ਕਿਲ ਸਫਰ ਵੀ ਆਸਾਨ ਹੋ ਜਾਂਦਾ ਹੈ। ਸੱਚਮੁੱਚ ਉਮੀਦ ਨਾਲ ਹੀ ਦੁਨੀਆ ਕਾਇਮ ਹੈ। ਜ਼ਰਾ ਸੋਚੋ, ਜੇਕਰ ਸਾਡੇ ਮਨ ਵਿਚ ਜਿਉਣ ਦਾ ਉਤਸ਼ਾਹ ਅਤੇ ਖੁਸ਼ੀਆਂ ਹਾਸਲ ਕਰਨ ਦਾ ਲਾਲਚ ਨਾ ਹੋਵੇ ਤਾਂ ਜ਼ਿੰਦਗੀ ਕਿੰਨੀ ਬੋਝਲ ਅਤੇ ਕਠਿਨ ਹੋ ਜਾਵੇਗੀ। ਭਾਵੇਂ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਾ ਹੋਣ, ਫਿਰ ਵੀ ਆਪਣੇ ਮਨ ਨੂੰ ਹੌਸਲਾ ਦਿੱਤਾ ਜਾ ਸਕਦਾ ਹੈ, ਦੁਬਾਰਾ ਕੋਸ਼ਿਸ਼ ਕਰਾਂਗੇ। ਸੰਤੁਸ਼ਟੀ ਜਾਂ ਸਬਰ-ਸੰਤੋਖ ਕਿਵੇਂ ਆਏ ਇਹ ਵੀ ਵਿਚਾਰਨ ਵਾਲੀ ਗੱਲ ਹੈ। ਜੇਕਰ ਸਾਡੇ ਮਨ ਵਿਚ ਸੁਪਨੇ ਸਾਕਾਰ ਕਰਨ ਦਾ ਜਜ਼ਬਾ ਨਾ ਹੋਵੇ ਤਾਂ ਸਾਡੀ ਜ਼ਿੰਦਗੀ ਵਿਚ ਠਹਿਰਾਓ ਆ ਜਾਵੇਗਾ। ਸਾਡੇ ਸਾਹਮਣੇ ਕੋਈ ਉਦੇਸ਼ ਨਹੀਂ ਹੋਵੇਗਾ ਤਾਂ ਵਿਹਲਾ ਮਨ ਸ਼ੈਤਾਨ ਦਾ ਘਰ ਬਣ ਜਾਵੇਗਾ। ਨਾਕਾਰਾਤਮਿਕ ਭਾਵਨਾਵਾਂ ਜਨਮ ਲੈਣਗੀਆਂ। ਦੁਨੀਆ ਵਿਚ ਅਜਿਹੇ ਬਹੁਤ ਲੋਕ ਹਨ, ਜਿਨ੍ਹਾਂ ਦੇ ਕੋਲ ਭੌਤਿਕ ਸੁਖ ਤਾਂ ਬਹੁਤ ਹਨ ਪਰ ਖਾਲੀ ਵਕਤ ਅਤੇ ਕਿਸੇ ਨਿਸ਼ਚਿਤ ਉਦੇਸ਼ ਦੀ ਕਮੀ ਕਾਰਨ ਉਨ੍ਹਾਂ ਨੂੰ ਆਪਣਾ ਜੀਵਨ ਨੀਰਸ ਤੇ ਅਕਾਊ ਲੱਗਣ ਲੱਗ ਪੈਂਦਾ ਹੈ। ਜੀਵਨ ਵਿਚ ਕੁਝ ਚੰਗੇ ਆਦਰਸ਼ ਹਾਸਲ ਕਰਨ ਦੀ ਇੱਛਾ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਇਸ ਦੀ ਪੂਰਤੀ ਲਈ ਸਾਕਾਰਾਤਮਿਕ ਸੋਚ ਹੋਣਾ ਬਹੁਤ ਜ਼ਰੂਰੀ ਹੈ।

ਜੇਕਰ ਤੁਹਾਨੂੰ ਜ਼ਿੰਦਗੀ ਨਾਲ ਕੋਈ ਗਿਲਾ ਜਾਂ ਸ਼ਿਕਾਇਤ ਹੈ ਤਾਂ ਨਿਰਾਸ਼ ਨਾ ਹੋਵੋ, ਸਗੋਂ ਛੋਟੀਆਂ-ਛੋਟੀਆਂ ਗੱਲਾਂ ਵੱਲ ਝਾਤ ਪਾਓ, ਜੋ ਜ਼ਿੰਦਗੀ ਵਿਚ ਖੁਸ਼ੀਆਂ ਦੇ ਸਕਦੀਆਂ ਹਨ-

• ਕਦੇ ਵੀ ਕਿਸੇ ਦੂਜੇ ਦੀ ਆਰਥਿਕ ਸਥਿਤੀ ਨਾਲ ਆਪਣੀ ਤੁਲਨਾ ਨਾ ਕਰੋ, ਖਾਸਕਰ ਆਪਣੇ ਤੋਂ ਅਮੀਰ ਤੇ ਆਰਥਿਕ ਤੌਰ 'ਤੇ ਖੁਸ਼ਹਾਲ ਪਰਿਵਾਰ ਨਾਲ ਤੁਰਨਾ ਕਰਕੇ ਝੂਰੋ ਨਾ, ਆਪਣੇ ਮਨ ਵਿਚ ਹੀਣ ਭਾਵਨਾ ਨਾ ਲਿਆਓ।

• ਜੇਕਰ ਕੋਈ ਸਮੱਸਿਆ ਆਵੇ ਤਾਂ ਉਸ ਨੂੰ ਆਪਣੇ ਲਈ ਇਕ ਵੰਗਾਰ ਸਮਝੋ, ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ।

• ਸਮੇਂ ਦੀ ਕਦਰ ਕਰਨਾ ਸਿੱਖੋ ਅਤੇ ਸਮੇਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰੋ।

• ਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰੋ, ਜੇਕਰ ਸਫਲਤਾ ਮਿਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਮਾਯੂਸ ਨਾ ਹੋਵੋ।

• ਆਪਣੀ ਕਿਸਮਤ 'ਤੇ ਝੂਰਨ ਨਾਲੋਂ ਯਤਨ ਕਰਨੇ ਜ਼ਰੂਰੀ ਹਨ। ਸਵਾਰ ਜਾਂ ਸੰਤੁਸ਼ਟੀ ਲਈ ਹਰ ਹਾਲਤ ਵਿਚ ਖੁਸ਼ ਰਹਿਣ ਦਾ ਯਤਨ ਕਰਨਾ ਪੈਂਦਾ ਹੈ।

ਮੁਸ਼ਕਿਲਾਂ ਅਤੇ ਸੰਘਰਸ਼ ਹੀ ਜਿਊਣਾ ਸਿਖਾਉਂਦੇ ਹਨ। ਸੰਤੁਸ਼ਟੀ ਜਾਂ ਸਬਰ ਸਹਿਜੇ-ਸਹਿਜੇ ਹੀ ਹਾਸਲ ਹੋ ਸਕਦਾ ਹੈ। ਇਸ ਲਈ ਭਟਕਣਾ ਅਤੇ ਬੇਕਾਰ ਦੀਆਂ ਚਿੰਤਾਵਾਂ ਨੂੰ ਛੱਡਣਾ ਪਵੇਗਾ। ਜ਼ਿੰਦਗੀ ਨਾਲ ਸ਼ਿਕਾਇਤ ਹੋਣਾ ਕੁਦਰਤੀ ਹੈ, ਕਿਉਂਕਿ ਕੋਈ ਵੀ ਮਨੁੱਖ ਪੂਰਨ ਤੌਰ 'ਤੇ ਸੰਤੁਸ਼ਟ ਨਹੀਂ ਹੋ ਸਕਦਾ ਪਰ ਆਸ, ਸੰਘਰਸ਼ ਅਤੇ ਮਿਹਨਤ ਦੇ ਬਲ 'ਤੇ ਸੰਤੁਸ਼ਟੀ ਅਤੇ ਸਬਰ ਦੀ ਮੰਜ਼ਿਲ ਹਾਸਲ ਹੋ ਸਕਦੀ ਹੈ। 

Monday, 29 February 2016

ਸ਼ੋਹਰਤ ਦੀ ਖ਼ੁਸ਼ਬੂ

ਸ਼ੋਹਰਤ ਦੀ ਖ਼ੁਸ਼ਬੂ


ਡਾ. ਹਰਚੰਦ ਸਿੰਘ ਸਰਹਿੰਦੀ
ਇਸ ਸੰਸਾਰ ਵਿੱਚ ਵਿਚਰਦਿਆਂ ਹਰ ਵਿਅਕਤੀ ਦੀਆਂ ਆਪੋ-ਆਪਣੀਆਂ ਕੁਝ ਇੱਛਾਵਾਂ ਹੁੰਦੀਆਂ ਹਨ ਪਰ  ਸ਼ੋਹਰਤ ਦੀ ਇੱਛਾ ਲਗਪਗ ਹਰ ਇਨਸਾਨ ਪਾਲਦਾ ਹੈ ਜਾਂ ਕਹਿ ਲਵੋ ਕਿ ਸ਼ੋਹਰਤ ਦੀ ਇੱਛਾ ਰੱਖਣੀ ਇਨਸਾਨ ਦੀ ਇੱਕ ਕਮਜ਼ੋਰੀ ਹੈ।
ਉਪਨਿਸ਼ਦਾਂ ਵਿੱਚ ਮਨੁੱਖ ਦੀਆਂ ਤਿੰਨ ਪ੍ਰਮੁੱਖ ਇੱਛਾਵਾਂ ਦਾ ਜ਼ਿਕਰ ਮਿਲਦਾ ਹੈ: ਵਿਤੇਸ਼ਨਾ, ਪੁੱਤੇਸ਼ਨਾ ਅਤੇ ਲੋਕੇਸ਼ਨਾ। ਇਸ ਦਾ ਭਾਵ: ਮਨੁੱਖ ਚਾਹੁੰਦਾ ਹੈ ਕਿ ਉਸ ਕੋਲ ਵਿੱਤ (ਮਾਇਆ) ਹੋਵੇ, ਉਸ ਦੇ ਘਰ ਪੁੱਤਰ ਹੋਵੇ ਅਤੇ ਲੋਕ ਉਸ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਆਦਰ-ਸਤਿਕਾਰ ਕਰਨ। ਜੀਵਨ ਤਜਰਬਾ ਵੀ ਇਹੋ ਦੱਸਦਾ ਹੈ ਕਿ ਧਨ-ਦੌਲਤ ਤੇ ਔਲਾਦ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਸ਼ੋਹਰਤ ਲਈ ਤਾਂਘਦਾ ਹੈ। ਆਪਣੀ ਇਸ ਇੱਛਾ ਦੀ ਪੂਰਤੀ ਲਈ ਉਹ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਇਸ ਸਬੰਧ ਵਿੱਚ ਇੱਕ ਚੋਣਵੀਂ ਮਿਸਾਲ ਇਹ ਹੈ: ਤੁਸੀਂ ਕਦੇ ਨਾ ਕਦੇ ਇਹ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਕਈ ਧਨਵਾਨ ਵਿਅਕਤੀ ਕੜਾਕੇ ਦੀ ਠੰਢ ਦੇ ਮੌਸਮ ਵਿੱਚ ਗ਼ਰੀਬ-ਗੁਰਬਿਆਂ, ਖ਼ਾਸਕਰ ਰੋਗਾਂ ਤੋਂ ਪੀੜਤ ਲੋਕਾਂ ਨੂੰ ਕੱਪੜੇ ਤੇ ਕੰਬਲ ਤਕਸੀਮ ਕਰਦੇ ਹਨ ਅਤੇ ਫਿਰ ਅਖ਼ਬਾਰਾਂ ਵਿੱਚ ਆਪਣੀ ਚਰਚਾ ਕਰਵਾਉਂਦੇ ਤੇ ਫ਼ੋਟੋਆਂ ਛਪਵਾਉਂਦੇ ਹਨ। …ਪਰ ਸ਼ੋਹਰਤ ਮੰਗਿਆਂ ਨਹੀਂ ਮਿਲਦੀ ਤੇ ਨਾ ਹੀ ਇਸ ਨੂੰ ਪੈਸੇ ਨਾਲ ਖ਼ਰੀਦਿਆ ਜਾ ਸਕਦਾ ਹੈ।
ਸ਼ੋਹਰਤ ਦੀ ਪ੍ਰਾਪਤੀ ਲਈ ਮਨੁੱਖ ਨੂੰ ਜੀਵਨ ਦੇ ਕਿਸੇ ਖੇਤਰ ਜਿਵੇਂ ਧਰਮ, ਰਾਜਨੀਤੀ, ਕਲਾ, ਸਾਹਿਤ, ਵਿਗਿਆਨ, ਖੇਡਾਂ, ਨਵੀਆਂ ਖੋਜਾਂ ਆਦਿ ਵਿੱਚ ਕੁਝ ਨਿਵੇਕਲਾ ਕਰ ਗੁਜ਼ਰਨ ਲਈ ਮਰ-ਮਿਟਣ ਵਾਲੇ ਜਜ਼ਬੇ ਨਾਲ ਕੰਮ ਕਰਨਾ ਪੈਂਦਾ ਹੈ। ਕਿਸੇ ਖੇਤਰ ਵਿੱਚ ਨਾਂ ਪੈਦਾ ਕਰਨ ਲਈ ‘ਬਿਖਮੁ ਮਾਰਗਿ ਚਲਣਾ’ ਦੀ ਕੁਠਾਲੀ ਵਿੱਚੋਂ ਲੰਘਣਾ ਪੈਂਦਾ ਹੈ। ਮਤਲਬ ਸ਼ੋਹਰਤ ਵੱਲ ਜਾਂਦਾ ਰਾਹ ‘ਏਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ।’ ਸੋ, ਨਾਂ, ਜੱਸ ਜਾਂ ਪ੍ਰਸਿੱਧੀ ਇੱਕ ਦਿਨ ਵਿੱਚ ਨਹੀਂ ਮਿਲਦੀ। ਇਹ ਤਾਂ ਲੰਮੀ ਜਦੋ-ਜਹਿਦ ਦਾ ਸਿੱਟਾ ਹੁੰਦਾ ਹੈ। ਇਸੇ ਜਦੋ-ਜਹਿਦ ਦਾ ਜ਼ਿਕਰ ਕਰਦਿਆਂ ਲਾਂਗਫੈਲੋ ਕਹਿੰਦਾ ਹੈ ਕਿ ਮਹਾਨ ਪੁਰਸ਼ ਮਹਾਨਤਾ ਦੀ ਸਿਖਰ ’ਤੇ ਕਿਸੇ ਅਚਾਨਕ ਉਡਾਰੀ ਦੁਆਰਾ ਇਕਦਮ ਨਹੀਂ ਪਹੁੰਚ ਗਏ ਹੁੰਦੇ, ਜਦੋਂ ਉਨ੍ਹਾਂ ਦੇ ਸਾਥੀ ਸੁੱਤੇ ਹੁੰਦੇ ਸਨ, ਉਦੋਂ ਉਹ ਜਗਰਾਤੇ ਕੱਟ-ਕੱਟ ਕੇ ਮਿਹਨਤਾਂ ਕਰਿਆ ਕਰਦੇ ਸਨ।
ਹੇਰਾ-ਫੇਰੀ ਜਾਂ ਪੈਸੇ ਦੇ ਜ਼ੋਰ ਨਾਲ ਹਾਸਲ ਕੀਤੀ ਸ਼ੋਹਰਤ ਛੇਤੀ ਹੀ ਸਮੇਂ ਦੀ ਧੂੜ ਹੇਠ ਦੱਬ ਕੇ ਰਹਿ ਜਾਂਦੀ ਹੈ। ਉਂਜ ਵੀ ਕਿਸੇ ਪ੍ਰਕਾਰ ਦਾ ਜੁਗਾੜ ਫਿੱਟ ਕਰ ਕੇ ਸ਼ੋਹਰਤ ਹਾਸਲ ਕਰਨੀ ਕੋਈ ਚੰਗੀ ਗੱਲ ਨਹੀਂ ਹੁੰਦੀ। ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ ਦੀ ਮਸ਼ਹੂਰ ਗ਼ਜ਼ਲ ਦੀਆਂ ਸਤਰਾਂ ਹਨ:

ਚਾਲ ਸਮੇਂ ਦੀ ਕਹਿੰਦੀ ਹੈ ਕੋਈ ਆਪਾਂ ਵੀ ‘ਵਲ-ਛਲ’ ਕਰੀਏ।
ਪਰ ਦਿਲ ਕਹਿੰਦੈ ਐ ਬੰਦੇ! ਕੋਈ ਬੰਦਿਆਂ ਵਾਲੀ ਗੱਲ ਕਰੀਏ।

ਦੋਸਤੋ! ਬੰਦਿਆਂ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਮਨੁੱਖ ਆਪਣੀ ਕਲਾ ਜਾਂ ਚੰਗੇ ਕੰਮਾਂ ਦੇ ਦਮ ’ਤੇ ਸ਼ੋਹਰਤ  ਖੱਟੇ। ਸ਼ੋਹਰਤ ਤੋਹਫ਼ਾ ਨਹੀਂ ਹੈ ਜੋ ਤੁਹਾਨੂੰ ਕੋਈ ਦੇ ਜਾਵੇਗਾ। ਇਹ ਤਾਂ ਕਮਾਉਣੀ ਪੈਂਦੀ ਹੈ, ਤੁਹਾਡੇ ਵੱਲੋਂ ਕੀਤੇ  ਬਹਾਦਰੀ ਦੇ ਕਾਰਨਾਮਿਆਂ ’ਚੋਂ ਆਪ-ਮੁਹਾਰੇ ਫੁੱਟਦੀ ਹੈ। ਸੁਕਰਾਤ ਸ਼ੋਹਰਤ ਨੂੰ ਇਨਸਾਨ ਦੇ ਚੰਗੇ ਕੰਮਾਂ ਦੀ ਖ਼ੁਸ਼ਬੂ ਦਾ ਨਾਂ ਦਿੰਦਾ ਹੈ। ਇਹੋ ਕਾਰਨ ਹੈ ਕਿ ਸ਼ੋਹਰਤ ਬੰਦੇ ਨੂੰ ਇੱਕ ਸੋਹਣਾ, ਪਿਆਰਾ ਤੇ ਮਹਿਕਦਾ ਇਨਸਾਨ ਬਣਾ ਦਿੰਦੀ ਹੈ। ਚੇਤੇ ਰਹੇ!  ਦੁਨੀਆਂ ਵਿੱਚ ਜੋ ਕੁਝ ਵੀ ਖ਼ੂਬਸੂਰਤ ਹੈ, ਉਹ ਅਜਿਹੇ ਲੋਕਾਂ ਦੀ ਬਦੌਲਤ  ਹੀ ਹੈ। ਸੋ, ਸਮਾਜ ਅੰਦਰ ਮਹਿਕਾਂ ਖਿਲਾਰਨ ਵਾਲੇ ਇਨ੍ਹਾਂ ਸਿਦਕੀ ਤੇ ਸਿਰੜੀ ਇਨਸਾਨਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਆਈਨ-ਏ-ਅਕਬਰੀ ਮੁਤਾਬਕ ਜਿਹੜਾ ਕਲਾਕਾਰ ਆਪਣੇ ਹੁਨਰ ਵਿੱਚ ਉੱਚਤਾ ਪ੍ਰਾਪਤ ਕਰ ਲੈਂਦਾ ਹੈ, ਉਸ ਉੱਤੇ ਅੱਲ੍ਹਾ ਮਿਹਰਬਾਨ ਹੁੰਦਾ ਹੈ। ਉਹਦਾ ਸਤਿਕਾਰ ਕਰਨਾ ਅੱਲ੍ਹਾ ਦੀ ਇਬਾਦਤ ਹੈ।
ਇਤਫ਼ਾਕਵੱਸ ਮੈਂ ਰਾਲਫ ਵਾਲਡੋ ਐਮਰਸਨ ਦੇ ਕਥਨ ‘ਪ੍ਰਸਿੱਧੀ ਇਸ ਗੱਲ ਦਾ  ਸਬੂਤ ਹੈ ਕਿ ਲੋਕ ਬੜੇ ਭੋਲੇ ਤੇ ਸਿੱਧੇ ਹਨ।’  ਨਾਲ ਸਹਿਮਤ ਨਹੀਂ ਹਾਂ। ਪੱਥਰਾਂ ਦਾ ਸੀਨਾ ਚੀਰ ਕੇ ਉੱਗਣ ਵਾਲੇ ਇਨ੍ਹਾਂ ਕਲਾਕਾਰਾਂ/ਕਰਮਯੋਗੀਆਂ ਬਾਰੇ ਐਮਰਸਨ ਦੀ ਇਹ ਟਿੱਪਣੀ ਇੱਕ ਬੇ-ਹਿੰਮਤੇ ਤੇ ਬੇਸ਼ੁਕਰੇ ਇਨਸਾਨ ਦੇ ਨਿਰਾਸ਼ ਮਨ ਦੀ ਆਵਾਜ਼ ਜਾਪਦੀ ਹੈ। ਗੱਲੀਬਾਤੀਂ ਨਾ ਤਾਂ ਕੋਈ ਵਿਅਕਤੀ ਸ਼ੋਹਰਤ ਹਾਸਲ ਕਰ ਸਕਦਾ ਹੈ ਤੇ ਨਾ ਹੀ ਉਹ ਇੱਕ ‘ਮਹਿਕਦਾ ਇਨਸਾਨ’ ਬਣ ਸਕਦਾ ਹੈ। ਇਸ ਦੇ ਉਲਟ, ਆਪਣੀ ਕਲਾ ਜਾਂ ਸ਼ੁਭ ਕਰਮਾਂ ਦੁਆਰਾ ਕਮਾਈ ਸ਼ੋਹਰਤ ਦੀ ਮਹਿਕ ਲੱਖ ਛੁਪਾਇਆਂ ਨਹੀਂ ਛੁਪਦੀ। ਭਾਈ  ਵੀਰ ਸਿੰਘ ਕਹਿੰਦੇ ਹਨ:
ਮੇਰੀ ਛਿਪੇ ਰਹਿਣ ਦੀ ਚਾਹ,
ਤੇ ਛਿਪ ਤੁਰ ਜਾਣ ਦੀ
ਪਰ ਅਗਲੀਆਂ ਹੀ ਸਤਰਾਂ ਵਿੱਚ  ਉਹ ਸੱਚ ਤੋਂ ਪਰਦਾ ਹਟਾਉਂਦਿਆਂ ਕਹਿੰਦੇ ਹਨ:
ਹਾਏ ਪੂਰੀ ਹੁੰਦੀ ਨਾ
ਮੈਂ ਤਰਲੇ ਲੈ ਰਿਹਾ
ਖ਼ੁਸ਼ਬੂ ਤੇ ਮਹਿਕ
ਛੁਪਾਇਆਂ ਵੀ ਨਹੀਂ ਛੁਪਦੀ।
ਦਰਅਸਲ, ਕਦਰਦਾਨ ਇਸ ਮਹਿਕ ਦੇ ਸਰੋਤ ਨੂੰ ਲੱਭ ਹੀ ਲੈਂਦੇ ਹਨ। ਉਂਜ ਵੀ ‘ਉੱਚੀਆਂ ਕੰਧਾਂ ਡੱਕ ਨਾ ਸਕਣ ਫੁੱਲਾਂ ਦੀ ਖ਼ੁਸ਼ਬੋ।’ ਜਿਨ੍ਹਾਂ ਇਨਸਾਨਾਂ ਨੇ ਜੀਵਨ ਦੇ ਕਿਸੇ ਖੇਤਰ ਵਿੱਚ ਜ਼ਿਕਰਯੋਗ ਮੱਲਾਂ ਮਾਰੀਆਂ ਹੁੰਦੀਆਂ  ਹਨ, ਲੋਕੀਂ ਉਨ੍ਹਾਂ ਦੇ ਥੜ੍ਹੇ ਪੂਜਦੇ ਰਹਿੰਦੇ ਹਨ। ਅਜਿਹੇ ਸ਼ਖ਼ਸ ਆਪਣੇ ਪਿੱਛੇ ਅਜਿਹੀ ਮਹਿਕ ਛੱਡ ਜਾਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਮਹਿਕਾਉਂਦੀ ਤੇ ਮੰਤਰ-ਮੁਗਧ ਕਰਦੀ ਰਹਿੰਦੀ ਹੈ।
ਵਿਆਪਕ ਸਮਾਜੀ ਪ੍ਰਵਾਨਗੀ ਹਾਸਲ ਹੋ ਜਾਣ ਉਪਰੰਤ ਮਨੁੱਖ ਨੂੰ ਆਪਣੀ ਸ਼ੋਹਰਤ ’ਤੇ ਬਹੁਤਾ ਅਭਿਮਾਨ ਨਹੀਂ ਕਰਨਾ ਚਾਹੀਦਾ ਸਗੋਂ ਸਤਿਕਾਰ ਤੇ ਪ੍ਰਸ਼ੰਸਾ ਦਾ ਪਾਤਰ ਬਣੇ ਰਹਿਣ ਲਈ ਆਪਣੇ ਖੇਤਰ ਵਿੱਚ ਉਸੇ ਗਰਮਜੋਸ਼ੀ ਨਾਲ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ। ਸੁਭਾਸ਼ ਗਰੋਵਰ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਉੱਚੇ ਹੋਣ ਦਾ ਮਾਣ ਨਾ ਕਰੋ। ਉਚਾਈ ਤੋਂ ਡਿੱਗਣ ਵਾਲਿਆਂ ਨੂੰ ਸੱਟ ਵੀ ਕੁਝ ਜ਼ਿਆਦਾ ਹੀ ਲੱਗਦੀ ਹੈ।
ਉਂਜ ਵੀ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਇਹ ਕਥਨ ਸਦਾ ਯਾਦ ਰੱਖੋ ਕਿ ਸ਼ੋਹਰਤ ਕੱਚੀ ਕੰਧ ਹੈ ਜਿਸ ਨੂੰ ਸਮਾਂ ਖੋਰ ਕੇ ਮਿੱਟੀ ਵਿੱਚ ਮਿਲਾ ਦਿੰਦਾ ਹੈ।

Saturday, 27 February 2016

ਭਾਰਤੀ ਸਮਾਜ ਵਿੱਚ ਗਾਹਲਾਂ ਕੱਢਣ ਦੀ ਪਰੰਪਰਾ

ਭਾਰਤੀ ਸਮਾਜ ਵਿੱਚ ਗਾਹਲਾਂ ਕੱਢਣ ਦੀ ਪਰੰਪਰਾ 

ਹਰ ਕੋਈ ਮੰਨਦਾ ਹੈ ਕਿ ਅੱਜ ਗਾਲਾਂ ਆਮ ਸੁਣਨ ਨੂੰ ਮਿਲਦੀਆਂ ਹਨ। ਕੁਝ ਨੌਜਵਾਨ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ ਸਕੂਲ ਵਿਚ ਸੁਣੀ ਹਰ ਗੰਦੀ ਗੱਲ ਲਈ ਇਕ ਰੁਪਇਆ ਮਿਲੇ, ਤਾਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਾਂ-ਬਾਪ ਨੂੰ ਸਾਰੀ ਉਮਰ ਨੌਕਰੀ ਕਰਨ ਦੀ ਲੋੜ ਨਹੀਂ ਪਵੇਗੀ। 
ਗਾਹਲਾਂ ਕੱਢਣ ਦੀ ਪਰੰਪਰਾ ਜਗੀਰਦਾਰੀ ਅਤੇ ਕਬੀਲਾ ਸਮਾਜ ਦੀ ਰਹਿੰਦ ਖੂੰਹਦ ਵਜੋਂ, ਅਜੇ ਵੀ ਸਾਡੇ ਭਾਰਤੀ ਸੁਭਾਅ ਵਿੱਚ ਸ਼ਾਮਲ ਹੈ। ਸਦੀਆਂ ਤੋਂ ਚੱਲੀ ਆ ਰਹੀ ਇਸ ਮਾੜੀ ਪਰੰਪਰਾ ਤੋਂ ਅਸੀਂ ਨਿਜਾਤ ਨਹੀਂ ਪਾ ਸਕੇ। ਭਾਰਤੀ ਸਮਾਜ ਤੋਂ ਪਲਾਇਨ ਕਰਕੇ ਪੱਛਮੀ ਸਮਾਜ ਵਿੱਚ ਜਾ ਕੇ ਜ਼ਿੰਦਗੀ ਜਿਉਣ ਵਾਲੇ ਲੋਕ ਵੀ ਗਾਹਲਾਂ ਵਾਲਾ ਮੋਹ ਛੱਡ ਨਹੀਂ ਸਕੇ। ਸਾਡੇ ਸਮਾਜ ਵਿੱਚ ਉਸ ਦੇ ਪਰਿਵਾਰ ਦੀਆਂ ਔਰਤਾਂ ਨੂੰ ਹੀ ਮੁੱਖ ਨਿਸ਼ਾਨਾ ਬਣਾਇਆ ਜਾਂਦਾ ਹੈ। ਅਸੀਂ ਉਹਨਾਂ ਮਾਸੂਮ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਹਾਂ ਜਿੰਨ੍ਹਾਂ ਦਾ ਅਸਲ ਵਿੱਚ ਕੋਈ ਵੀ ਕਸੂਰ ਨਹੀਂ ਹੁੰਦਾ।
ਅਸੀਂ ਆਪਣੇ ਤਾਕਤਵਰ ਦੁਸ਼ਮਣ ਦਾ, ਸਰੀਰਕ ਪੱਖੋਂ ਕੁਝ ਵਿਗਾੜਨ ਦੇ ਸਮਰੱਥ ਨਹੀਂ ਹੁੰਦੇ ਪਰ ਸਾਡੇ ਉੱਤੇ ਬਦਲੇ ਦੀ ਭਾਵਨਾ ਭਾਰੂ ਹੁੰਦੀ ਹੈ, ਤਾਂ ਅਸੀਂ ਉਸ ਦਾ ਨੁਕਸਾਨ ਕਰਨ ਦੀ ਮਨਸ਼ਾ ਨਾਲ ਉਸਦੇ ਰਾਹਾਂ ਵਿੱਚ ਟੂਣਾ ਕਰਦੇ ਹਾਂ। ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਇਸ ਤਰਾਂ ਕਰਨ ਨਾਲ ਦੁਸ਼ਮਣ ਦਾ ਜਰੂਰ ਹੀ ਨੁਕਸਾਨ ਹੋਵੇਗਾ ਅਤੇ ਦੁਸ਼ਮਣ ਤੋਂ ਬਦਲਾ ਲੈਣ ਦਾ ਸਾਡਾ ਮਕਸਦ ਪੂਰਾ ਹੋ ਜਾਵੇਗਾ।
ਟੂਣੇ ਵਾਂਗੂੰ ਹੀ ਗਾਹਲਾਂ ਕੱਢਣ ਦੀ ਸ਼ੁਰੂਆਤ ਵੀ ਉਸੇ ਹੀ ਮਾਨਸਿਕਤਾ ਨਾਲ ਸ਼ੁਰੂ ਹੋਈ ਪ੍ਰਤੀਤ ਹੁੰਦੀ ਹੈ। ਪੁਰਾਣੇ ਕਬੀਲਾਈ ਅਤੇ ਰਜਵਾੜਾ ਸ਼ਾਹੀ ਸਮਾਜ ਵਿੱਚ, ਜਦੋਂ ਜਰਵਾਣਿਆਂ ਵੱਲੋਂ, ਨਿਤਾਣਿਆਂ ਦੀਆਂ ਧੀਆਂ ਭੈਣਾਂ ਧੱਕੇ ਨਾਲ ਉਧਾਲ ਲਈਆਂ ਜਾਂਦੀਆਂ ਹੋਣਗੀਆਂ ਤਾਂ ਤਾਕਤਹੀਣ ਇਨਸਾਨ ਕੋਲ ਸਿਰਫ ਗਾਹਲਾਂ ਹੀ ਰਹਿ ਜਾਂਦੀਆਂ ਹੋਣਗੀਆਂ ਜਿੰਨ੍ਹਾਂ ਰਾਹੀਂ ਉਹ ਮਾਨਸਿਕ ਤੌਰ ਤੇ ਹੀ ਆਪਣੇ ਦੁਸ਼ਮਣ ਤੋਂ ਬਦਲਾ ਲੈ ਸਕਦਾ ਸੀ ਕਿਉਂਕਿ ਸਰੀਰਕ ਤੌਰ ਤੇ ਬਦਲਾ ਲੈਣ ਦੇ ਉਹ ਸਮਰੱਥ ਨਹੀਂ ਹੁੰਦਾ ਹੋਣਾ। ਉਹ ਦਿਲੋਂ ਤਾਂ ਚਾਹੁੰਦਾ ਹੋਵੇਗਾ ਕਿ ਆਪਣੀਆਂ ਔਰਤਾਂ ਨੂੰ ਬਚਾ ਕੇ, ਬਦਲਾ ਲੈਣ ਵਜੋਂ ਦੁਸ਼ਮਣ ਦੀਆਂ ਔਰਤਾਂ ਨੂੰ ਉਧਾਲ ਸਕੇ ਪਰ ਉਸ ਕੋਲ ਇੰਨੀ ਸਰੀਰਕ, ਸੰਗਠਨਾਤਮਕ ਅਤੇ ਰਾਜਸੀ ਤਾਕਤ ਨਹੀਂ ਹੁੰਦੀ ਹੋਵੇਗੀ ਕਿ ਉਹ ਇਸ ਤਰਾਂ ਕਰ ਸਕੇ ਅਤੇ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਸਕੇ। 
ਇਸ ਤਰਾਂ ਉਹ ਮਾਨਸਿਕ ਤੌਰ ਤੇ ਆਪਣੀ ਇੱਜ਼ਤ ਨੂੰ ਬਹਾਲ ਕਰਨ ਦਾ ਤਰੀਕਾ ਇਹੀ ਅਪਣਾਉਂਦਾ ਹੋਵੇਗਾ ਕਿ ਦੁਸ਼ਮਣ ਨੂੰ ਮਾਵਾਂ, ਭੈਣਾਂ ਜਾਂ ਧੀਆਂ ਦੀਆਂ ਗਾਹਲਾਂ ਕੱਢਦਾ ਹੋਵੇਗਾ ਤਾਂ ਕਿ ਉਹ ਦੁਸ਼ਮਣ ਦੀ ਇੱਜ਼ਤ ਨੂੰ ਉਵੇਂ ਹੀ ਮਿੱਟੀ ਵਿੱਚ ਰੋਲਣ ਵਾਲਾ ਟੀਚਾ ਪੂਰਾ ਕਰ ਸਕੇ ਜਿਵੇਂ ਕਿ ਦੁਸ਼ਮਣ ਨੇ ਉਸਦੀ ਆਪਣੀ ਇੱਜ਼ਤ ਨੂੰ ਲੀਰੋ ਲੀਰ ਕੀਤਾ ਹੁੰਦਾ ਸੀ। ਸ਼ਾਇਦ ਇਸ ਤਰਾਂ ਹੀ, ਦੁਸ਼ਮਣ ਦੀਆਂ ਔਰਤਾਂ ਦਾ ਅਪਮਾਨ ਕਰਨ ਵਾਲੇ ਸ਼ਬਦ ਘੜੇ ਗਏ ਹੋਣਗੇ ਜੋ ਕਿ ਗਾਹਲਾਂ ਦੇ ਰੂਪ ਵਿੱਚ ਅੱਜ ਤੱਕ ਸਾਡੇ ਬੋਲਚਾਲ ਦਾ ਹਿੱਸਾ ਬਣੇ ਹੋਏ ਹਨ।
ਇਸ ਲਈ ਅੱਜ ਤਾਂ ਭਾਵੇਂ ਬਹੁਤੇ ਲੋਕ ਕਿਸੇ ਆਦਤ ਤੋਂ ਮਜਬੂਰ ਹੀ ਗਾਹਲਾਂ ਕੱਢਦੇ ਹੋਣਗੇ ਪਰ ਇਹਨਾਂ ਦੀ ਸ਼ੁਰੂਆਤ ਜਰੂਰ ਹੀ ਕਿਸੇ ਹੀਣ ਭਾਵਨਾ ਤੋਂ ਹੀ ਹੋਈ ਹੋਵੇਗੀ। ਇਸ ਲਈ ਸ਼ੁਰੂਆਤੀ ਸਮੇਂ ਵਿੱਚ ਜਰੂਰ ਹੀ ਇਹ ਕਮਜ਼ੋਰਾਂ ਦਾ ਹੀ ਹਥਿਆਰ ਰਹੀਆਂ ਹੋਣਗੀਆਂ। ਇੱਕ ਨਤੀਜਾ ਇਹ ਵੀ ਨਿੱਕਲਦਾ ਹੈ ਕਿ ਜਿਹੜੇ ਸਮਾਜ ਵਿੱਚ ਔਰਤਾਂ ਪ੍ਰਤੀ ਵਿਤਕਰਾ ਵੱਧ ਹੁੰਦਾ ਹੈ ਉਥੋਂ ਦੀ ਬੋਲ ਚਾਲ ਦੀ ਭਾਸ਼ਾ ਵਿੱਚ ਵੀ, ਵਿਤਕਰੇ ਵਾਲੇ ਸ਼ਬਦ ਲੋਕ ਮਨਾਂ ਵਿੱਚ ਜੜ੍ਹਾਂ ਤੱਕ ਧਸ ਜਾਂਦੇ ਹਨ। ਔਰਤਾਂ ਦੀਆਂ ਗਾਹਲਾਂ ਵਿੱਚ ਵੀ, ਆਪਣੇ ਪਰਿਵਾਰ ਦੇ ਮਰਦਾਂ ਵੱਲੋਂ, ਬਿਗਾਨੇ ਪਰਿਵਾਰ ਦੀਆਂ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਵੇਂ ਕਿ ‘ਮੇਰੇ ਪਿਓ ਦਿਆ ਸਾਲਿਆ’ ਜਾਂ ‘ਮੇਰੇ ਭਰਾ ਦੀਏ ਰੰਨੇ’ ਆਦਿ।

ਨੌਜਵਾਨ ਪੁੱਛਦੇ ਹਨ . . .ਗਾਲਾਂ ਕੱਢਣ ਵਿਚ ਕੀ ਖ਼ਰਾਬੀ ਹੈ?

ਅੱਜਕਲ ਦੇ ਸਮੇਂ ਵਿੱਚ ਕੁਝ ਲੋਕਾਂ ਲਈ ਤਾਂ ਗਾਹਲਾਂ ਇੱਕ ਫੈਸ਼ਨ ਅਤੇ ਕਈਆਂ ਲਈ ਇੱਕ ਆਦਤ ਵੀ ਬਣ ਕੇ ਰਹਿ ਗਈਆਂ ਹਨ।
ਬੱਚੇ ਕਹਿੰਦੇ ਹਨ ਓਹ ਸਕੂਲ ਵਿਚ ਆਪਣੀਆਂ ਸਹੇਲੀਆਂ ਜਾਂ ਦੋਸਤਾਂ ਵਰਗੇ ਬਣਨਾ ਚਾਹੁੰਦੇ ਹਨ । ਸ਼ਾਇਦ ਇਸੇ ਕਰਕੇ ਗਾਲ ਕੱਢਣ ਦੀ ਆਦਤ ਪੈ ਗਈ ਜਾਂ ਪਾ ਲਈ। ਓਹਨਾਂ ਦਾ ਕਹਿਣਾ ਹੈ ਕਿ ਗਾਲ ਕੱਢਣੀ ਕੋਈ ਵੱਡੀ ਗੱਲ ਨਹੀਂ ਹੈ। ਸਕੂਲ ਵਿੱਚ ਸਾਰੇ ਗਾਲਾਂ ਕੱਢਦੇ ਹਨ ਅਤੇ ਘਰ ਵਿਚ ਵੀ ਓਹ ਗਾਲਾਂ ਸੁਣਨ ਦੇ ਆਦਿ ਹਨ
ਜਦ ਵੱਡੇ ਗਾਲਾਂ ਕੱਢਦੇ ਹਨ, ਤਾਂ ਅਕਸਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਰ ਜਦ ਛੋਟੇ ਇਸ ਤਰ੍ਹਾਂ ਕਰਦੇ ਹਨ, ਤਾਂ ਸਾਰੇ ਬੁਰਾ ਮੰਨਦੇ ਹਨ? ਕੀ ਗਾਲਾਂ ਕੱਢਣ ਲਈ ਸਾਨੂੰ ਕਿਸੇ ਉਮਰ ਦੇ ਹੋਣਾ ਚਾਹੀਦਾ ਹੈ? ਜੇ ਇੰਨੇ ਸਾਰੇ ਲੋਕ ਗੰਦੀਆਂ-ਮੰਦੀਆਂ ਗੱਲਾਂ ਕਹਿੰਦੇ ਹਨ ਅਤੇ ਵੱਡੇ ਵੀ ਇੱਦਾਂ ਹੀ ਕਰਦੇ ਹਨ, ਤਾਂ ਗਾਲਾਂ ਕੱਢਣ ਵਿਚ ਕੀ ਹਰਜ਼ ਹੈ?

ਗਾਹਲਾਂ ਮੁੱਖ ਤੌਰ ਤੇ ਸਾਡੇ ਮਨ ਦੀ ਇੱਕ ਭੜਾਸ ਹੀ ਹੁੰਦੀ ਹੈ। 

ਗੰਦੀਆਂ ਗਾਲਾਂ ਕੱਢਣ ਨਾਲ ਤੁਹਾਡੇ ਬਾਰੇ ਇਕ ਹੋਰ ਗੱਲ ਵੀ ਜ਼ਾਹਰ ਹੁੰਦੀ ਹੈ। ਭਾਸ਼ਾ ਦੀ ਵਰਤੋ ਦੇ ਮਾਹਰ, ਜੇਮਜ਼ ਓਕੌਂਨਰ ਦਾ ਕਹਿਣਾ ਹੈ: “ਗਾਲਾਂ ਕੱਢਣ ਵਾਲਿਆਂ ਦੀ ਅਕਸਰ ਕਿਸੇ ਨਾਲ ਨਹੀਂ ਬਣਦੀ। ਉਹ ਝਗੜਾਲੂ, ਗੁੱਸੇਖ਼ੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲੇ ਇਨਸਾਨ ਹੁੰਦੇ ਹਨ ਜੋ ਕਦੇ ਖ਼ੁਸ਼ ਨਹੀਂ ਹੁੰਦੇ।” ਮਿਸਾਲ ਲਈ, ਜਿਹੜੇ ਲੋਕ ਉਦੋਂ ਗਾਲਾਂ ਦਾ ਸਹਾਰਾ ਲੈਂਦੇ ਹਨ ਜਦ ਕੰਮ ਉਨ੍ਹਾਂ ਦੇ ਤਰੀਕੇ ਨਾਲ ਨਹੀਂ ਹੁੰਦਾ, ਤਾਂ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ ਹਰ ਗੱਲ ਵਿਚ ਆਪਣੀ ਮਰਜ਼ੀ ਪੁਗਾਉਣੀ ਚਾਹੁੰਦੇ ਹਨ। ਉਹ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਜਾਂ ਗ਼ਲਤੀਆਂ ਸਹਾਰ ਨਹੀਂ ਸਕਦੇ ਤੇ ਛੋਟੀ-ਛੋਟੀ ਗੱਲ ਤੇ ਭੜਕ ਉੱਠਦੇ ਹਨ। ਜੇਮਜ਼ ਓ ਕੌਂਨਰ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਗਾਲਾਂ ਨਹੀਂ ਕੱਢਦੇ ‘ਉਹ ਅਕਸਰ ਸ਼ਾਂਤ ਸੁਭਾਅ ਵਾਲੇ ਸਿਆਣੇ ਲੋਕ ਹੁੰਦੇ ਹਨ ਜੋ ਰੋਜ਼ਮੱਰਾ ਦੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰ ਪਾਉਂਦੇ ਹਨ।’ ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ?
ਜਿਸ ਇਨਸਾਨ ਨੂੰ ਅਸੀਂ ਧੀਆਂ ਭੈਣਾਂ ਦੀਆਂ ਗਾਹਲਾਂ ਕੱਢ ਰਹੇ ਹੁੰਦੇ ਹਾਂ, ਜੇਕਰ ਉਸੇ ਸਮੇਂ ਉਸ ਦੀਆਂ ਧੀਆਂ ਭੈਣਾਂ ਸਾਡੇ ਸਾਹਮਣੇ ਆ ਜਾਣ ਤਾਂ ਸ਼ਾਇਦ ਅਸੀਂ ਸ਼ਰਮ ਨਾਲ ਹੀ ਮਰ ਜਾਈਏ ਕਿ ਇਹਨਾਂ ਔਰਤਾਂ ਬਾਰੇ ਅਸੀਂ ਕਿੰਨਾ ਮੰਦਾ ਬੋਲ ਰਹੇ ਸੀ। 
ਉਂਜ ਤਾਂ ਗਾਹਲਾਂ ਆਹਮੋ ਸਾਹਮਣੀਆਂ ਹੀ ਕੱਢਣ ਦਾ ਰਿਵਾਜ਼ ਰਿਹਾ ਹੈ ਪਰ ਅੱਜਕਲ ਇੰਟਰਨੈੱਟ ਦੇ ਜ਼ਮਾਨੇ ਵਿੱਚ ਆਨਲਾਈਨ ਗਾਹਲਾਂ ਕੱਢਣ ਦਾ ਵੀ ਬੜਾ ਰੁਝਾਨ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਨੂੰ ਸ਼ਰੇਆਮ ਗਾਹਲਾਂ ਕੱਢੀਆਂ ਜਾ ਰਹੀਆਂ ਹਨ। 
ਫੇਸਬੁੱਕ ਅਤੇ ਟਵਿਟਰ ਉੱਤੇ ਚੰਗੇ ਭਲੇ, ਪੜ੍ਹੇ ਲਿਖੇ ਲੋਕ ਗਾਹਲਾਂ ਦਾ ਮੀਂਹ ਵਰਾਹੁੰਦੇ ਵੇਖੇ ਜਾ ਸਕਦੇ ਹਨ। ਇਸੇ ਤਰਾਂ ਕਿਸੇ ਅਖਬਾਰ ਦੀ ਆਨਲਾਈਨ ਖਬਰ ਉੱਤੇ ਆਈਆਂ ਟਿੱਪਣੀਆਂ ਵਿੱਚ ਬਹੁਤ ਨੀਵੇਂ ਪੱਧਰ ਦੀਆਂ ਗਾਹਲਾਂ ਪੜ੍ਹੀਆਂ ਜਾ ਸਕਦੀਆਂ ਹਨ। ਸਿਆਸੀ ਖਬਰਾਂ ਉੱਤੇ ਤਾਂ ਗਾਹਲਾਂ ਦੀ ਗੁੰਜਾਇਸ਼ ਹੋਰ ਵੀ ਵਧ ਜਾਂਦੀ ਹੈ। ਆਪਣੀ ਨਾਪਸੰਦ ਸਿਆਸੀ ਪਾਰਟੀ ਦੇ ਨੇਤਾ ਬਾਰੇ ਸਿਰੇ ਦੀ ਭੱਦੀ ਸ਼ਬਦਾਵਲੀ ਆਮ ਹੀ ਵੇਖੀ ਜਾ ਸਕਦੀ ਹੈ। ਬੇਸ਼ਕ ਇਹ ਇੱਕ ਸਿਰੇ ਦਾ ਮਾੜਾ ਰੁਝਾਨ ਹੈ ਪਰ ਇਸਦਾ ਅੰਤ ਅਜੇ ਨੇੜਲੇ ਭਵਿੱਖ ਵਿੱਚ ਨਜ਼ਰ ਨਹੀਂ ਆਉਂਦਾ।
ਗਾਲਾਂ ਕਰਦੀਆਂ ਤੁਹਾਡੀ ਬੇਇੱਜ਼ਤੀ। 
ਹੋਰਨਾਂ ਨੌਜਵਾਨਾਂ ਵਾਂਗ ਸ਼ਾਇਦ ਤੁਸੀਂ ਵੀ ਦੂਜਿਆਂ ਤੇ ਚੰਗਾ ਪ੍ਰਭਾਵ ਪਾਉਣ ਲਈ ਆਪਣੀ ਸ਼ਕਲ-ਸੂਰਤ ਵੱਲ ਕਾਫ਼ੀ ਧਿਆਨ ਦਿੰਦੇ ਹੋ। ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਸ਼ਕਲ-ਸੂਰਤ ਨਾਲੋਂ ਤੁਹਾਡੀ ਬੋਲੀ ਦਾ ਦੂਜਿਆਂ ਤੇ ਇਸ ਤੋਂ ਵੀ ਜ਼ਿਆਦਾ ਪ੍ਰਭਾਵ ਪੈਂਦਾ ਹੈ? ਸੱਚ ਤਾਂ ਇਹ ਹੈ ਕਿ ਤੁਹਾਡੀ ਜ਼ਬਾਨ ਤੋਂ ਲੋਕ ਇਹ ਤੈਅ ਕਰਦੇ ਹਨ ਕਿ ਉਹ
▪ ਤੁਹਾਡੇ ਨਾਲ ਦੋਸਤੀ ਪਾਉਣਗੇ ਕਿ ਨਹੀਂ।
▪ ਤੁਹਾਨੂੰ ਨੌਕਰੀ ਤੇ ਰੱਖਣਗੇ ਕਿ ਨਹੀਂ।
▪ ਤੁਹਾਡੀ ਕਿੰਨੀ ਕੁ ਇੱਜ਼ਤ ਕਰਨਗੇ।
ਇਹ ਸੱਚ ਹੈ ਕਿ ਜੇ ਕਿਸੇ ਨੇ ਸਾਨੂੰ ਦੇਖ ਕੇ ਸਾਡੇ ਬਾਰੇ ਕੁਝ ਚੰਗਾ ਕਿਹਾ ਵੀ ਹੋਵੇ, ਤਾਂ ਸਾਡੇ ਮੂੰਹ ਖੋਲ੍ਹਦਿਆਂ ਸਾਰ ਉਹ ਆਪਣੀ ਰਾਇ ਬਦਲ ਲੈਣਗੇ। ਜੇਮਜ਼ ਓ ਕੌਂਨਰ ਕਹਿੰਦਾ ਹੈ: “ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਤੁਹਾਡੀ ਗੰਦੀ ਜ਼ਬਾਨ ਕਾਰਨ ਤੁਸੀਂ ਕਿੰਨੀਆਂ ਦੋਸਤੀਆਂ ਪਾਉਣ ਦੇ ਮੌਕੇ ਹੱਥੋਂ ਖੋਹ ਦਿੰਦੇ ਹੋ ਜਾਂ ਕਿੰਨਿਆਂ ਦੇ ਦਿਲਾਂ ਵਿਚ ਤੁਹਾਡੇ ਲਈ ਇੱਜ਼ਤ-ਮਾਣ ਘੱਟ ਜਾਂਦਾ ਹੈ।” ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਇਹੋ ਕਿ ਗੰਦੀ ਬੋਲੀ ਵਰਤਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ।
ਜੇ ਗਾਲ ਕੱਢਣ ਦੀ ਤੁਹਾਡੀ ਆਦਤ ਪੱਕ ਚੁੱਕੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
ਪਹਿਲਾ ਕਦਮ: ਤੁਹਾਨੂੰ ਇਹ ਗੱਲ ਪਛਾਣਨ ਦੀ ਲੋੜ ਹੈ ਕਿ ਤੁਹਾਨੂੰ ਆਪਣੀ ਜ਼ਬਾਨ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਤੁਸੀਂ ਉੱਨਾ ਚਿਰ ਗੰਦੀ ਬੋਲੀ ਵਰਤੀ ਜਾਓਗੇ ਜਿੰਨਾ ਚਿਰ ਤੁਸੀਂ ਇਹ ਨਹੀਂ ਸਮਝਦੇ ਕਿ ਸੁਧਾਰ ਲਿਆਉਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ। ਪਹਿਲਾਂ ਇਹ ਸਾਬਤ ਕਰਨਾ ਹੋਵੇਗਾ ਕੇ ਕਿਹੜੇ ਕਾਰਨ ਕਰਕੇ ਤੁਸੀਂ ਆਪਣੇ ਆਪ ਨੂੰ ਗਾਲ ਕੱਢਣ ਤੋਂ ਰੋਕਣਾ ਚਾਹੁੰਦੇ ਹੋ?
□ ਦੂਜਿਆਂ ਤੋਂ ਇੱਜ਼ਤ-ਮਾਣ ਪਾਉਣ ਲਈ
□ ਆਪਣੀ ਭਾਸ਼ਾ ਨੂੰ ਬਿਹਤਰ ਬਣਾਉਣ ਲਈ
□ ਬਿਹਤਰ ਇਨਸਾਨ ਬਣਨ ਲਈ
ਦੂਜਾ ਕਦਮ: ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਉਂ ਗਾਲਾਂ ਕੱਢਦੇ ਹੋ। ਕੀ ਗਾਲ ਕੱਢ ਕੇ ਤੁਸੀਂ ਆਪਣੇ ਆਪ ਨੂੰ ਹਿੰਮਤ ਵਾਲੈ ਸਮਝਦੇ ਹੋ, ਅਤੇ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਤੁਆਹਾਨੂੰ ਕਮਜ਼ੋਰ ਸਮਝ ਕੇ ਤੁਹਾਡੇ ਉੱਤੇ ਰੋਹਬ ਜਮਾਵੇ। ਤੁਸੀਂ ਖੁਦ ਦੂਜਿਆਂ ਤੇ ਉਸੇ ਤਰ੍ਹਾਂ ਰੋਹਬ ਜਮਾਉਣਾ ਚਾਹੁੰਦੇ ਹੋ  ਜਿਸ ਤਰ੍ਹਾਂ ਤੁਹਾਡੇ ਦੋਸਤ ਜਾਂ ਸਹੇਲੀਆਂ ਜਮਾਉਂਦੀਆਂ ਹਨ।ਤੁਹਾਨੂੰ ਖ਼ੁਦ  ਆਪਣੀ ਇੱਜ਼ਤ ਕਰਨੀ ਸਿੱਖਣੀ ਚਾਹੀਦੀ ਹੈ। ਬਚਪਣਾ ਛੱਡਣ ਲਈ ਆਪਣੇ ਅਸੂਲਾਂ ਦੇ ਪੱਕੇ ਰਹਿਣਾ ਤੇ ਸਵੈ-ਮਾਣ ਰੱਖਣਾ ਜ਼ਰੂਰੀ ਹੈ। ਇਸ ਤਰ੍ਹਾਂ ਕਰ ਕੇ ਹੀ ਤੁਸੀਂ ਗਾਲ ਕੱਢਣ ਦੀ ਮਾੜੀ ਆਦਤ ਛੱਡ ਸਕੋਗੇ।
ਤੀਜਾ ਕਦਮ: ਆਪਣੇ ਜਜ਼ਬਾਤਾਂ ਨੂੰ ਜ਼ਾਹਰ ਕਰਨ ਦੇ ਹੋਰ ਤਰੀਕੇ ਭਾਲੋ। ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖਣਾ ਕਾਫ਼ੀ ਨਹੀਂ ਹੈ। ਇਸ ਮਾੜੀ ਆਦਤ ਨੂੰ ਬਦਲਣ ਲਈ ਨਵੀਂ ਸੋਚ ਅਪਣਾਓ ਫਿਰ ਤੁਸੀਂ ਆਪਣੇ ਆਪ ਨੂੰ ਕੰਟ੍ਰੋਲ ਵਿਚ ਰੱਖ ਸਕੋਗੇ। ਇਸ ਤੋਂ ਇਲਾਵਾ ਤੁਸੀਂ ਆਪਣੀ ਤੇ ਹੋਰਨਾਂ ਦੀ ਵੀ ਇੱਜ਼ਤ ਕਰਨੀ ਸਿੱਖੋਗੇ।